ਕੁਝ ਦਿਨ ਪਹਿਲਾਂ ਨਾਮਧਾਰੀ ਬਾਬੇ ਦੀ ਇਕ ਇੰਟਰਵਿਊ ਆਈ ਜਿਸ ਵਿਚ ਉਸਨੇ ਕਈ ਗੱਲਾਂ ਕੀਤੀਆਂ । ਇਸਦੇ ਨਾਲ ਹੀ ਇਕ ਬੰਦਾ, ਜੋ ਸ਼ਾਇਦ ਨਾਮਧਾਰੀ ਸੰਪਰਦਾ ਨਾਲ ਜੁੜਿਆ ਹੋਇਆ ਸੀ, ਉਸਨੇ ਕੁਝ ਵਿਚਾਰ ਰੱਖੇ, ਲਿਖ ਕੇ, ਕਿ ਕਿਵੇਂ ਨੀਲਾ ਜਾਂ ਕਾਲਾ ਰੰਗ ਪਾਉਣਾ ਵਿਵਰਜਿਤ ਹੈ । ਨਾਮਧਾਰੀ ਚਿੱਟਾ ਰੰਗ ਪਾਉਂਦੇ ਨੇ, ਇਸ ਲਈ ਉਸਨੇ ਇਹ ਵਿਚਾਰ ਰੱਖੇ ।
ਇਹ ਆਮ ਜਿਹੀ ਗੱਲ ਹੀ ਬਣ ਗਈ ਹੈ ਕਿ ਜੋ ਵੀ ਸਿੱਖ ਧਰਮ ਦੇ ਲੋਕ ਮੰਨਦੇ ਨੇ, ਉਸ ਖ਼ਿਲਾਫ਼ ਉਹ ਗੱਲਾਂ ਲਿਖੋ ਜੋ ਉਹ ਲੋਕ ਕਰਦੇ ਨੇ । ਇਹ ਕਈ ਕਹਿੰਦੇ-ਕਹਾਉਂਦੇ ਸਿੱਖਾਂ ਅਤੇ ਗੈਰ-ਸਿੱਖਾਂ ਵੱਲੋਂ ਕੀਤਾ ਜਾਂਦਾ ਹੈ ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਮੁਗਲਾਂ ਦੇ ਸਮੇਂ ਤੇ ਮੁਸਲਮਾਨ ਨੀਲਾ ਰੰਗ ਪਹਿਨਦੇ ਸਨ । ਜੇਕਰ ਇਸਨੂੰ ਇਹ ਸਮਝ ਲਿਆ ਜਾਵੇ ਕਿ ਨੀਲਾ ਰੰਗ ਪਾਉਣ ਨਾਲ ਤੁਸੀਂ ਮੁਸਲਮਾਨ ਬਣ ਜਾਵੋਗੇ ਤਾਂ ਇਹ ਮੂਰਖ਼ਤਾ ਹੈ । ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਨੀਲਾ ਰੰਗ ਪਾਇਆ ਸੀ, ਕੀ ਉਹ ਮੁਸਲਮਾਨ ਬਣ ਗਏ ? ਭਾਈ ਗੁਰਦਾਸ ਜੀ ਲਿਖਦੇ ਨੇ:
ਬਾਬਾ ਫਿਰਿ ਮਕੇ ਗਇਆ ਨੀਲ ਬਸਤ੍ਰ ਧਾਰੇ ਬਨਵਾਰੀ ।[1]
ਇਹ ਲੋਕਾਂ ਦੀ ਮੂਰਖ਼ਤਾ ਹੀ ਕਹੀ ਜਾ ਸਕਦੀ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਨੇ ਕਿਸੇ ਨੂੰ ਸਮਝਾਉਣ ਦੇ ਲਈ ਉਹ ਕੰਮ ਕਰ ਲਏ ਜੋ ਕੋਈ ਹਿੰਦੂ ਕਰਦਾ ਸੀ ਤਾਂ ਝੱਟ ਕਹਿ ਦਿੰਦੇ ਨੇ ਕਿ ਗੁਰੂ ਨਾਨਕ ਦੇਵ ਜੀ ਹਿੰਦੂ ਸਨ, ਕਿਉਂਕਿ ਹਿੰਦੂਆਂ ਵਾਲੇ ਕਪੜੇ ਪਹਿਨੇ । ਪਰ ਜੇਕਰ ਕਿਸੇ ਨੂੰ ਸਮਝਾਉਣ ਦੇ ਲਈ ਨੀਲੇ ਕਪੜੇ ਪਾ ਲਏ ਤਾਂ ਬਿਲਕੁਲ ਇਹ ਨਹੀਂ ਕਹਿਣਗੇ ਕਿ ਉਹ ਮੁਸਲਮਾਨ ਸਨ । ਲੋਕ ਇਹ ਸਮਝਣ ਦੇ ਵਿਚ ਅਸਮਰਥ ਨੇ ਕਿ ਉਹ ਦੋਨਾਂ ਦੇ ਗੁਰੂ ਸੀ, ਦੋਨੋਂ ਉਸਨੂੰ ਪੂਜਦੇ ਸਨ, ਪਰ ਗੁਰੂ ਸਾਹਿਬ ਨਾ ਹਿੰਦੂ ਸਨ ਨਾ ਮੁਸਲਮਾਨ ।
ਕਈਆਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਨੀਲੀ ਪੁਸ਼ਾਕ ਤਾਂ ਅੰਗਰੇਜਾਂ ਦੀ ਦੇਣ ਹੈ । ਕਈਆਂ ਨੇ ਕਿਹਾ ਕਿ ਟਕਸਾਲ ਦੇ ਸਿੰਘ ਨੀਲੀ ਦਸਤਾਰ ਸਿੰਘ ਸਭਾ ਤੋਂ ਬਾਅਦ ਸਜਾਉਣ ਲੱਗੇ । ਇਸ ਬਾਰੇ ਗੱਲ ਕਰਨੀ ਬਹੁਤ ਜ਼ਰੂਰੀ ਹੈ, ਅਤੇ ਜਿਵੇਂ ਮੈਂ ਪਹਿਲਾਂ ਕਈ ਵਾਰ ਕਿਹਾ ਹੈ ਕਿ ਜਦ ਵੀ ਕੋਈ ਸਵਾਲ ਹੋਵੇ ਤਾਂ ਇਤਿਹਾਸ ਵੱਲ ਝਾਤ ਜ਼ਰੂਰ ਮਾਰੋ, ਸਿੱਖਾਂ ਦਾ ਇਤਿਹਾਸ ਬਹੁਤ ਸਾਰੇ ਸਵਾਲਾਂ ਦੇ ਉੱਤਰ ਦੇਣ ਵਿਚ ਸਹਾਈ ਹੋ ਸਕਦਾ ਹੈ, ਚਾਹੇ ਉਹ ਸਿੱਖੀ ਨਾਲ ਸੰਬੰਧਤ ਹੋਣ ਜਾਂ ਫਿਰ ਦੁਨੀਆਦਾਰੀ ਨਾਲ ।
ਹੇਠ ਲਿਖੇ ਇਤਿਹਾਸਿਕ ਪ੍ਰਮਾਣਾਂ ਨੂੰ ਦੋ ਹਿੱਸਿਆਂ ਦੇ ਵਿਚ ਵੰਡਿਆ ਗਿਆ ਹੈ । ਪਹਿਲਾਂ ਸਿੱਖਾਂ ਦੇ ਪੁਰਾਤਨ ਇਤਿਹਾਸਿਕ ਗ੍ਰੰਥ ਨੇ, ਦੂਜੇ ਤੇ ਉਹ ਲੋਕ ਜਿਨ੍ਹਾਂ ਨੇ ਸਿੱਖਾਂ ਨੂੰ 18ਵੀਂ ਜਾਂ 19ਵੀਂ ਸਦੀ ਦੇ ਵਿਚ ਦੇਖਿਆ ਸੀ ਜਾਂ ਉਨ੍ਹਾਂ ਬਾਰੇ ਲਿਖਿਆ ਸੀ ।
ਪੁਰਾਤਨ ਸਿੱਖ ਇਤਿਹਾਸਕ ਸ੍ਰੋਤ
ਮਹਿਮਾ ਪ੍ਰਕਾਸ਼, 1776[2]:
ਤਵ ਤਨ ਪੰਥ ਮਿਰਜਾਦ ਭਰ ਧਰੇ ਕਲਕੀ ਧਰਮੁ ਪ੍ਰਕਾਸ ।
ਸੀਸ ਕੇਸ ਨਾਲ ਅੰਬਰੀ[i] ਸਿੰਘ ਸੰਙਿਆ ਤੇਜ ਨਿਵਾਸ ।
ਭਾਈ ਗੁਰਦਾਸ ਜੀ, ਦੂਜੇ, 18ਵੀਂ ਸਦੀ[3]:
ਜਬ ਸਹਿਜੇ ਪ੍ਰਗਟਇ ਜਗਤ ਮੈਂ ਗੁਰੁ ਜਾਪ ਅਪਾਰਾ
ਯਂ ਉਪਜੇ ਸਿੰਘ ਭੁਜੰਗੀਏ ਨੀਲੰਬਰ ਧਾਰਾ ।
ਤੁਰਕ ਦੁਸਟ ਸਭ ਛੈ ਕੀਏ ਹਰਿਨਾਮ ਉਚਾਰਾ ।
ਉਗ੍ਰਦੰਤੀ[ii]/ਬੰਸਾਵਲੀਨਾਮਾ, 18ਵੀਂ ਸਦੀ[4]:
ਕਰਹੁ ਖਾਲਸਾ ਪੰਥ ਤੀਸਰਾ ਪ੍ਰਵੇਸਾ । ਗਜਹਿੰ ਸਿੰਘ ਜੋਧੇ ਧਰਹਿ ਨੀਲ ਭੇਸਾ ।
ਸਕਲ ਤੁਰਕਨ ਕਉ ਪਕੜ ਕੈ ਖਪਾਵੈਂ । ਸਭੋ ਜਗਤ ਮੈ ਧੁਨ ਫਤੇ ਕੀ ਬੁਲਾਵੈਂ ।
ਭੱਟ ਵਹੀਆਂ, 18ਵੀਂ ਸਦੀ:
ਗੁਰੂ ਗੋਬਿੰਦ ਸਿੰਘ ਜੀ, ਮਹਲ ਦਸਮਾਂ ... ਸਾਲ ਸਤਰਾਂ ਸੈ ਪਚਾਵਨ ਬੈਸਾਖੀ ਦੇ ਦਿਹੁ ਪਾਂਚ ਸਿਖੋ ਕੋ ਖਾਂਡੇ ਕੀ ਪਾਹੁਲ ਦੀ, ਸਿੰਘ ਨਾਊਂ ਰਾਖਾ । ਪ੍ਰਥਮੇਂ ਦੰਮਾ ਰਾਮ ਸੋਫਤੀ ਸਿੰਘ ਬਨਾਂ । ਸਬ ਕੋ ਨੀਲ ਅੰਬਰ ਪਹਿਨਾਏ । ਵੁਹੀ ਬੇਸ ਅਪਨਾ ਕੀਆ ।[5]
ਗੁਰੂ ਗੋਬਿੰਦ ਸਿੰਘ ਜੀ ਮਹਲ ਦਸਮਾ, ਬੇਟਾ ਗੁਰੂ ਤੇਗ ਬਹਾਦਰ ਜੀ ਕਾ ਸਾਲ ਸਤਰਾਂ ਸੌ ਪਚਾਵਨ ਮੰਗਲਵਾਰ ਵੈਸਾਖੀ ਕੇ ਦਿੰਹੁ ਪਾਂਚ ਸਿਖੋਂ ਕੋ ਖਾਂਡੇ ਕੀ ਪਾਹੁਲ ਦੀ, ਸਿੰਘ ਨਾਮ ਰਾਖਾ । ਪ੍ਰਿਥਮੈ ਦੈਆਰਾਮ ਸੋਪਤੀ ਖਤਰੀ ਬਾਸੀ ਲਾਹੌਰ ਖਲਾ ਹੂਆ, ਪਾਛੈ ਮੋਹਕਮ ਚੰਦ ਛੀਪਾ ਬਾਸੀ ਦਵਾਰਕਾ, ਸਾਹਿਬ ਚੰਦ ਨਾਈ ਬਾਸੀ ਬਿਦਰ (ਜਫਰਾਬਾਦ), ਧਰਮਚੰਮ ਜਵੰਦਾ ਜਾਟ ਵਾਸੀ ਹਸਤਨਾਪੁਰ, ਹਿੰਮਤਚੰਦ ਝੀਵਰ ਵਾਸੀ ਜਗਨਨਾਥ ਬਾਰੋ ਬਾਰੀ ਖਲੇ ਹੂਏ, ਸਬ ਕੋ ਨੀਲ ਅੰਬਰ ਪਹਿਨਾਇਆ । ਵਹੀ ਵੇਸ ਅਪਨਾ ਕੀਆ ।[6]
ਗੁਰ ਕੀਆਂ ਸਾਖੀਆਂ, 1790[7]:
ਤੁਮ੍ਹੇ ਪਾਹੁਲ ਦੇਨੇ ਸੇ ਪਹਿਲੇ – ਹਮੋਂ ਪਾਂਚ ਕਕਾਰ ਦੀਏ ਹੈਂ – ਇਨ੍ਹੇ ਭੂਲ ਕੇ ਬਦਨ ਸੇ ਜੁਦਾ ਨਹੀਂ ਕਰਨਾ । ਪ੍ਰਿਥਮੇ ਤੁਸਾਂ ਕੋ ਨੀਲੀ ਰਾਂਗ ਕੀ ਕੇਸਕੀ, ਕੰਘਾ, ਕ੍ਰਿਪਾਨ, ਸਰਬਲੋਹ ਕਾ ਕੜਾ ਤੇ ਸਫੈਦ ਰੰਗ ਕਾ ਕਛਹਿਰਾ ਦੀਆ ਹੈ ।
ਹੋਰ ਇਤਿਹਾਸਿਕ ਲੇਖਾਂ/ਪੁਸਤਕਾਂ ਵਿਚੋਂ
ਅਨੰਦ ਰੂਪ, 1768-69[8]:
ਜਿਹੜਾ ਕੋਈ ਵਿਅਕਤੀ ਉਨ੍ਹਾਂ ਦਾ ਮਜ਼੍ਹਬ ਇਖਤਿਆਰ ਕਰਦਾ ਹੈ, ਉਹ ਉਸ ਨੂੰ ਬਹੁਤ ਗੌਰਵ ਵਾਲਾ ਜਾਣਦੇ ਹਨ । ਉਨ੍ਹਾਂ ਦੇ ਮਜ਼੍ਹਬ ਅਨੁਸਾਰ ਨੀਲੇ ਕੱਪੜੇ ਪਹਿਨਣ ਨੂੰ ਉਹ ਬਹੁਤ ਵਡਿਆਈ ਵਾਲੀ ਗੱਲ ਸਮਝਦੇ ਹਨ । ਦਰਅਸਲ ਨਾ ਉਹ ਹਿੰਦੂਆਂ ਵਿੱਚੋਂ ਹਨ ਤੇ ਨਾ ਮੁਸਲਮਾਨਾਂ ‘ਚੋਂ ।
ਕਰਨਲ ਏ. ਐਲ. ਐਚ. ਪੋਲੀਅਰ 1776 ਵਿਚ ਲਿਖਦਾ ਹੈ[9]:
ਉਨ੍ਹਾਂ ਦੀ ਪੁਸ਼ਾਕ ਬਹੁਤ ਥੋੜ੍ਹੀ ਹੈ, ਨੀਲੇ ਰੰਗ ਦੇ ਕਛਹਿਰੇ, ਕੁਝ ਸ਼ਰੀਰ ਦਾ ਉਪਰਲੇ ਹਿੱਸੇ ਤੇ ਅਤੇ ਮੋਢੇ ਤੇ ਕਪੜਾ, ਇਕ ਨੀਲੇ ਰੰਗ ਦੀ ਦਸਤਾਰ ਹੀ ਉਨ੍ਹਾਂ ਦੀ ਫੌਜੀ ਵਰਦੀ ਸੀ ।
ਜੇਮਸ ਬਰਾਉਨੀ 1787 ਵਿਚ ਲਿਖਦਾ ਹੈ[10]:
ਬਹੁਤ ਸਾਰੇ ਸਿਪਾਹੀਆਂ ਕੋਲ ਦੋ ਜਾਂ ਤਿੰਨ ਘੋੜੇ ਹੁੰਦੇ ਨੇ, ਜੋ ਤੇਜੀ ਨਾਲ ਹਮਲਾ ਕਰਨ ਦੇ ਵਿਚ ਸਹਾਈ ਹੁੰਦੇ ਨੇ, ਇਨ੍ਹਾਂ ਦੀਆਂ ਫੌਜਾਂ 50 ਤੋਂ 120 ਮੀਲ ਇਕ ਦਿਨ ਵਿਚ ਤੈਅ ਕਰਦੀਆਂ ਨੇ, ਇਨ੍ਹਾਂ ਦੀ ਪੁਸ਼ਾਕ ਗੂੜੀ ਨੀਲੀ ਹੈ ਜੋ ਗੁਰੂ ਗੋਬਿੰਦ (ਸਿੰਘ) ਨੇ ਪਾਉਣ ਲਈ ਕਿਹਾ ਸੀ ।
ਜੌਨ ਗ੍ਰੀਫਥ ਨੇ 1794 ਵਿਚ ਲਿਖਿਆ[11]:
ਉਹ ਕਦੇ ਵੀ ਸਿਰ ਅਤੇ ਮੂੰਹ ਨਹੀਂ ਮੁਨਾਉਂਦੇ । ਕਦੇ-ਕਦੇ ਉਹ ਕੇਸਰੀ/ਪੀਲਾ[iii] ਰੰਗ ਪਾਉਂਦੇ ਨੇ, ਪਰ ਜ਼ਿਆਦਾਤਰ ਉਹਨਾਂ ਦੀ ਪੁਸ਼ਾਕ ਦਾ ਰੰਗ ਗੂੜਾ ਨੀਲਾ ਹੁੰਦਾ ਹੈ । ਉਹ ਆਪਣੀਆਂ ਦਸਤਾਰਾਂ ਬਹੁਤ ਵੱਡੀਆਂ ਸਜਾਉਂਦੇ ਨੇ, ਜਿਸ ਉੱਤੇ ਉਹ ਬਹੁਤੀ ਵਾਰ ਲੋਹੇ ਦੀ ਸੰਗਲੀ ਜੋ ਮੁੜ ਸਕਦੀ ਹੈ ਜਾਂ ਜਾਲ ਪਾਉਂਦੇ ਨੇ ।
ਜੌਨ ਮਾਲਕਮ, 1812[12]:
ਗੁਰੂ ਗੋਬਿੰਦ (ਸਿੰਘ ਜੀ) ਦੇ ਸਿੱਖ ਹਥਿਆਰਾਂ ਨੂੰ ਪੂਜਦੇ ਹਨ, ਉਹ ਹਮੇਸ਼ਾ ਕਿਸੇ ਨਾ ਕਿਸੇ ਪ੍ਰਕਾਰ ਦਾ ਲੋਹਾ ਆਪਣੇ ਕੋਲ ਰੱਖਦੇ ਹਨ, ਨੀਲੀ ਪੁਸ਼ਾਕ ਪਾਉਂਦੇ ਹਨ, ਆਪਣੇ ਕੇਸਾਂ ਨੂੰ ਨਹੀਂ ਕੱਟਦੇ, ਅਤੇ ਜਦੋਂ ਵੀ ਆਪਸ ਵਿਚ ਮਿਲਦੇ ਹਨ ਤਾਂ ‘ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ’ ਬੁਲਾਉਂਦੇ ਨੇ ।
ਇਥੇ ਹੋਰ ਕਈ ਕਿਤਾਬਾਂ ਦੇ ਹਵਾਲੇ ਦਿੱਤੇ ਜਾ ਸਕਦੇ ਨੇ । ਸੋ ਇਹ ਕਹਿਣਾ ਕਿ ਨੀਲਾ ਰੰਗ ਚੰਗਾ ਨਹੀਂ ਸਮਝਿਆ ਗਿਆ ਗੁਰਬਾਣੀ ਵਿਚ ਜਾਂ ਮੁਸਲਮਾਨਾਂ ਦਾ ਸਮਝਿਆ ਜਾਂਦਾ ਹੈ ਤਾਂ ਕਰਕੇ ਨਹੀਂ ਪਾਉਣਾ, ਇਹ ਮੂਰਖਤਾ ਹੈ । ਇਨ੍ਹਾਂ ਲੋਕਾਂ ਦਾ ਅਜੇ ਦਿਮਾਗ਼ ਚੱਲਿਆ ਨਹੀਂ ਹੈ, ਜੇਕਰ ਸੱਜੇ-ਪੱਖੇ ਹਿੰਦੂਆਂ ਵੱਲ ਝੁਕੀ ਹੋਈ ਇਹ ਸੰਪਰਦਾ, ਜੋ ਗੱਲ-ਗੱਲ ਵਿਚ ਹਿੰਦੂ ਹੋਣ ਦਾ ਜਾਂ ਅਵਤਾਰਾਂ ਦੀ ਪੂਜਾ ਕਰਨ ਦਾ ਪੱਖ ਪੂਰਦੀ ਹੈ, ਇਹ ਸੋਚਦੀ ਕਿ ਕ੍ਰਿਸ਼ਨ ਜੀ ਦਾ ਰੰਗ ਵੀ ਕਈ ਨੀਲਾ ਕਹਿੰਦੇ ਨੇ, ਤਾਂ ਇਨ੍ਹਾਂ ਲੋਕਾਂ ਨੇ ਝੱਟ ਮੰਨ ਜਾਣਾ ਸੀ ਕਿ ਨੀਲਾ ਰੰਗ ਵਧੀਆ ਹੈ ।
ਇਕ ਗੱਲ ਹੋਰ । ਇਸ ਨਾਮਧਾਰੀ ਨੇ ਭਾਈ ਕਾਨ੍ਹ ਸਿੰਘ ਜੀ ਨਾਭਾ ਦਾ ਹਵਾਲਾ ਦੇ ਕੇ ਇਹ ਕਿਹਾ ਕਿ ਉਨ੍ਹਾਂ ਨੇ ਨੀਲ ਦਾ ਅਰਥ ਗੰਦਾ ਅਤੇ ਭੱਦਾ ਕੀਤਾ ਹੈ, ਪਰ ਇਹ ਨਹੀਂ ਕਿਹਾ ਕਿ ਇਕ ਅਰਥ ‘ਨੀਲੇ ਰੰਗ ਦਾ’ ਵੀ ਕੀਤਾ ਹੈ । ਇਕ ਸ਼ਬਦ ਦੇ ਕਈ ਅਰਥ ਹੋ ਸਕਦੇ ਨੇ, ਪ੍ਰਕਰਣ ਦੇ ਅਨੁਸਾਰ । ਇਹ ਬਸ ਓਹੀ ਸੱਜੇਪੱਖੀ ਹਿੰਦੂਆਂ ਵਾਲੀ ਮਾਨਸਿਕਤਾ ਹੈ ਕਿ ਵਾਹਿਗੁਰੂ ਲਈ ਗੁਰਬਾਣੀ ਵਿਚ ਵਰਤਿਆ ਰਾਮ ਸ਼ਬਦ ਰਾਮਾਇਣ ਵਾਲਾ ਰਾਮਚੰਦਰ ਹੈ ।
ਸੋ ਨੀਲਾ ਰੰਗ ਪਾਉਣ ਦਾ ਰਿਵਾਜ ਨਾ ਤਾਂ ਸਿੰਘ ਸਭਾ ਵੱਲੋਂ ਚਲਾਇਆ ਗਿਆ, ਅਤੇ ਨਾ ਹੀ ਅੰਗਰੇਜ਼ਾਂ ਵੱਲੋਂ, ਇਸਦੀ ਹੋਂਦ ਗੁਰੂ ਸਾਹਿਬ ਦੇ ਸਮੇਂ ਤੋਂ ਹੈ, ਅਤੇ ਨਾ ਕੇਵਲ ਸਿੱਖ ਬਲਕਿ ਉਸ ਸਮੇਂ ਦੇ ਅਸਿੱਖ ਲੋਕਾਂ ਨੇ ਵੀ ਇਸ ਬਾਰੇ ਇਹੀ ਲਿਖਿਆ ਹੈ ।
[1] ਵਾਰਾਂ ਭਾਈ ਗੁਰਦਾਸ ਜੀ, ਵਾਰ 1, ਪਉੜੀ 32
[2] ਮਹਿਮਾ ਪ੍ਰਕਾਸ਼, ਭਾਗ ਦੂਜਾ, ਸਰੂਪ ਦਾਸ ਭੱਲਾ, ਸੰਪਾਦਕ ਡਾ ਉਤਮ ਸਿੰਘ ਭਾਟੀਆ, ਪੰਨਾ 799, 2003
[3] ਵਾਰਾਂ ਭਾਈ ਗੁਰਦਾਸ ਸਟੀਕ, ਗਿਆਨੀ ਹਜ਼ਾਰਾ ਸਿੰਘ/ਭਾਈ ਵੀਰ ਸਿੰਘ, ਪਉੜੀ 15ਵੀਂ, ਪੰਨਾ 641, 2012
[4] ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ, ਭਾਈ ਕੇਸਰ ਸਿੰਘ ਛਿੱਬਰ, ਸੰਪਾਦਕ ਪਿਆਰਾ ਸਿੰਘ ਪਦਮ, ਪੰਨਾ 263, 2005
[5] ਗਿਆਨੀ ਗਰਜਾ ਸਿੰਘ ਦੀ ਇਤਿਹਾਸਕ ਖੋਜ, ਸੰਪਾਦਕ ਗੁਰਮੁਖ ਸਿੰਘ, ਭੱਟ ਵਹੀ ਮੁਲਤਾਨੀ ਸਿੰਧੀ, ਪੰਨਾ 18
[6] ਗੁਰੂ ਕੀਆਂ ਸਾਖੀਆਂ, ਭਾਈ ਸ੍ਵਰੂਪ ਸਿੰਘ ਕੌਸ਼ਿਸ਼, ਸੰਪਾਦਕ ਪਿਆਰਾ ਸਿੰਘ ਪਦਮ, ਭੱਟ ਵਹੀ ਭਾਦਸੋਂ ਪਰਗਣਾ ਥਾਨੇਸਰ, ਪੰਨਾ 16, 2008
[7] ਗੁਰੂ ਕੀਆਂ ਸਾਖੀਆਂ, ਭਾਈ ਸ੍ਵਰੂਪ ਸਿੰਘ ਕੌਸ਼ਿਸ਼, ਸੰਪਾਦਕ ਪਿਆਰਾ ਸਿੰਘ ਪਦਮ, ਪੰਨਾ 123, 2008
[8] ਸਿੱਖ ਇਤਿਹਾਸ ਦੀ ਫ਼ਾਰਸੀ ਇਤਿਹਾਸਕਾਰੀ, ਡਾ ਬਲਵੰਤ ਸਿੰਘ ਢਿੱਲੋਂ, ਮੀਜ਼ਾਨ-ਏ-ਦਾਨਿਸ਼, ਪੰਨਾ 289-90, 2022
[9] Early European Accounts of the Sikhs, edited by Ganda Singh, Page 63, 1962
[10] Early European Accounts of the Sikhs, edited by Ganda Singh, Page 17, 1962
[11] Early European Accounts of the Sikhs, edited by Ganda Singh, Page 92, 1962
[12] Sketch of the Sikhs, Lieutenant-Colonel Malcolm, Page 48, 1812
[i] ਇਹ ਸ਼ਬਦ ਸ਼ਾਇਦ ਨੀਲੰਬਰੀ ਜਾਂ ਨੀਲਅੰਬਰੀ ਹੈ, ਨਾਕਿ ‘ਨਾਲ ਅੰਬਰ’ ।
[ii] ਕਈ ਸਿੰਘ ਇਹ ਮੰਨਦੇ ਨੇ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਨਹੀਂ ਹੈ, ਪਰ ਕਈਆਂ ਦਾ ਇਹ ਮੰਨਣਾ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ । ਨਾਮਧਾਰੀ ਇਸਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਦੇ ਨੇ, ਫਿਰ ਇਹ ਕਿਵੇਂ ਨੀਲੇ ਰੰਗ ਤੋਂ ਮੁਨਕਰ ਹੋ ਸਕਦੇ ਨੇ ? ਜੇਕਰ ਇਨ੍ਹਾਂ ਦੀ ਸੰਪਰਦਾ ਚਿੱਟੇ ਰੰਗ ਪਾਉਂਦੀ ਹੈ ਤਾਂ ਮੁਬਾਰਕ, ਪਰ ਇਤਿਹਾਸ ਅਤੇ ਗੁਰਬਾਣੀ ਦੇ ਅਰਥ ਆਪਣੀ ਗੱਲ ਪੁਗਾਉਣ ਲਈ ਕਰਨੇ ਮਨਮਤ ਹੈ ਜੋ ਸਿੱਖੀ ਸਿਧਾਂਤੇ ਦੇ ਖ਼ਿਲਾਫ਼ ਹੋਵੇ ।
[iii] ਲੇਖਕ ਨੇ yellow ਰੰਗ ਲਿਖਿਆ ਹੈ, ਜੇਕਰ ਇਸਦਾ ਇਹੀ ਅਨੁਵਾਦ ਕਰਨਾ ਹੋਵੇ ਤਾਂ ਪੀਲਾ ਰੰਗ ਹੋਵੇਗਾ । ਪਰ ਕਈ ਕੇਸਰੀ ਨੂੰ ਵੀ yellow ਲਿੱਖ ਦਿੰਦੇ ਨੇ, ਸੋ ਤਾਂ ਕਰਕੇ ਇਸਦਾ ਅਨੁਵਾਦ ਦੋਨੋਂ ਰੰਗ ਕੀਤੇ ਨੇ ।