Friday 14 August 2020

Sikh, Devi-Devte ate Ninda

ਸਿੱਖ, ਦੇਵੀ-ਦੇਵਤੇ ਅਤੇ ਨਿੰਦਾ

 

ਇਹ ਕਹਿਣਾ ਬਹੁਤ ਮਾੜੀ ਗੱਲ ਹੋਵੇਗੀ ਕਿ ਸਿੱਖ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਹਨ । ਸਿੱਖ ਗੁਰੂਆਂ ਨੇ ਸਿਰਫ਼ ਇੱਕ ਦੀ ਗੱਲ ਕੀਤੀ ਹੈ । ਗੁਰੂ ਸਾਹਿਬਾਨਾਂ ਨੇ ਇਹ ਨਹੀ ਕਿਹਾ ਕਿ ਦੇਵੀ-ਦੇਵਤੇ ਨਹੀਂ ਹਨ । ਗੁਰੂ ਸਾਹਿਬ ਉਨ੍ਹਾਂ ਦੀ ਹੋਂਦ ਤੋਂ ਮੁਨਕਰ ਨਹੀਂ ਹਨ ।  ਉਹ ਇਹ ਕਹਿੰਦੇ ਹਨ ਕਿ ਇਨ੍ਹਾਂ ਦੀ ਆਪਣੀ ਵੱਖਰੀ ਹੋਂਦ ਨਹੀਂ ਹੈ । ਉਹ ਹੈ ਤਾਂ ਹਨ, ਪਰ ਪਰਮਾਤਮਾ ਦੀ ਜੋਤਿ ਤੋਂ ਬਿਨਾਂ ਕੁਝ ਨਹੀਂ ਹਨ । ਉਹ ਪਰਮਾਤਮਾ ਕਰਕੇ ਹੀ ਹਨ, ਜਦੋਂ ਪਰਮਾਤਮਾ ਨੇ ਆਪਣੀ ਜੋਤਿ ਖਿੱਚ ਲਈ ਫਿਰ ਉਨ੍ਹਾਂ ਵਿੱਚ ਕੁਝ ਵੀ ਨਹੀਂ ਹੈ ।

ਇਹ ਸਿੱਖੀ ਵਿੱਚ ਸਭ ਤੋਂ ਮਹੱਤਵਪੂਰਨ ਵਿਸ਼ਾ ਹੈ । ਇਥੋਂ ਦੋ ਤਰ੍ਹਾਂ ਦੇ ਸਿੱਖ ਨਿਕਲ ਕੇ ਸਾਹਮਣੇ ਆਉਂਦੇ ਨੇ ਜੋ ਸਿੱਖੀ ਤੋਂ ਪਰ੍ਹੇ ਦੀ ਗੱਲ ਕਰਦੇ ਨੇ ।

ਪਹਿਲੇ ਉਹ ਸਿੱਖ ਨੇ ਜੋ ਆਪਣਾ ਬਹੁਤ ਸਾਰਾ ਸਮਾਂ ਦੇਵੀ-ਦੇਵਤਿਆਂ ਦੀ ਨਿੰਦਾ ਵਿੱਚ ਗੁਜ਼ਾਰ ਦਿੰਦੇ ਨੇ । ਉਨ੍ਹਾਂ ਲਈ ਇਹ ਬਹੁਤ ਜ਼ਰੂਰੀ ਬਣ ਜਾਂਦਾ ਹੈ ਕਿ ਉਹ ਦੇਵੀ-ਦੇਵਤਿਆਂ ਦੇ ਉਪਾਸ਼ਕਾਂ ਨੂੰ ਨੀਵਾਂ ਦਿਖਾਉਣ । ਇਹ ਉਨ੍ਹਾਂ ਲਈ ਆਪਣੇ ਆਪ ਵਿਚ ਆਈ ਹੋਈ ਗੱਲ ਨਹੀਂ ਹੁੰਦੀ ਬਲਕਿ ਦੂਜੇ ਲੋਕਾਂ ਦੇ ਉਕਸਾਉਣ ਨਾਲ ਉਹ ਇਹ ਸਭ ਕਰਦੇ ਹਨ । ਮੇਰਾ ਇਹ ਮੰਨਣਾ ਹੈ ਕਿ ਸਿੱਖਾਂ ਦੇ ਮਨਾਂ ਦੇ ਵਿਚ ਕੋਈ ਵੀ ਕਿਸੇ ਪ੍ਰਤੀ ਨਿੰਦਾ ਆਪਣੇ ਆਪ ਨਹੀਂ ਬਣਦੀ । ਇਸ ਪਿੱਛੇ ਬਹੁਤ ਸਾਰੇ ਕਾਰਣ ਕੰਮ ਕਰ ਰਹੇ ਹੁੰਦੇ ਨੇ । ਇਨ੍ਹਾਂ ਕਾਰਣਾਂ ਵਿਚ ਹੀ ਹੁੰਦੀ ਹੈ ਉਨ੍ਹਾਂ ਦੇ ਆਪਣੇ ਮਨ ਵਿਚ ਬੈਠੀ ਉਹ ਠੇਸ ਜੋ ਦੂਜੇ ਧਰਮ ਦੇ ਲੋਕਾਂ ਵੱਲੋਂ ਦਿੱਤੀ ਗਈ, ਜੋ ਇਸ ਨੁਕਤੇ ਵਿੱਚ ਹਿੰਦੂ ਹਨ ।

ਹਿੰਦੂਆਂ ਦੀ ਇਹ ਕਈ ਸਾਲਾਂ ਦੀ ਤਮੰਨਾ ਰਹੀ ਹੈ ਕਿ ਉਹ ਸਿੱਖਾਂ ਨੂੰ ਆਪਣੇ ਵਿਚ ਰਲਾ ਕੇ ਉਨ੍ਹਾਂ ਦੀ ਆਪਣੀ ਵੱਖਰੀ ਹੋਂਦ ਖ਼ਤਮ ਕਰ ਦੇਣ । ਇਸ ਲਈ ਉਹ ਚਾਹੇ ਸਿੱਖਾਂ ਦਾ ਇਤਿਹਾਸ ਚੁੱਕਣ ਜਾਂ ਗੁਰਬਾਣੀ ਦੇ ਗ਼ਲਤ ਅਰਥ ਕਰਨ, ਉਹ ਥੋੜ੍ਹੀ ਵੀ ਸ਼ਰਮ ਮਹਿਸੂਸ ਨਹੀਂ ਕਰਦੇ । ਇਹ ਸਿੱਖਾਂ ਦਾ ਇਤਿਹਾਸ ਦੱਸਦਾ ਹੈ ਕਿ ਗੁਰੂ ਸਾਹਿਬਾਨਾਂ ਦੇ ਸਮੇਂ ਤੇ ਇਨ੍ਹਾਂ ਨੇ ਕਈ ਪ੍ਰਕਾਰ ਦੀਆਂ ਖੇਡਾਂ ਖੇਡੀਆਂ ਸਿੱਖ ਤੇ ਸਿੱਖ-ਗੁਰੂਆਂ ਖ਼ਿਲਾਫ਼ । ਗੁਰੂ-ਸਾਹਿਬਾਨਾਂ ਦੇ ਸਮੇਂ ਤੋਂ ਬਾਅਦ ਵੀ ਇਨ੍ਹਾਂ ਦਾ ਵਰਤਾਰਾ ਇਹੀਓ ਰਿਹਾ, ਜੋ ਹੁਣ ਤੱਕ ਚੱਲ ਰਿਹਾ ਹੈ । ਇਸ ਵਰਤਾਰੇ ਵਿੱਚੋਂ ਹੀ ਉਹ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਹਨ ਜੋ ਸਿੱਖਾਂ ਨੂੰ ਚੁੱਭਦੀਆਂ ਹਨ ਜਿਵੇਂ ਸਿੱਖ-ਗੁਰੂਆਂ ਨੂੰ ਹਿੰਦੂ ਕਹਿਣਾ, ਗੁਰਬਾਣੀ ਨੂੰ ਵੇਦਾਂ ਵਿਚੋਂ ਆਈ ਕਹਿਣਾ, ਸਿੱਖਾਂ ਨੂੰ ਹਿੰਦੂਆਂ ਦਾ ਇਕ ਅੰਗ ਕਹਿਣਾ, ਸਿੱਖ ਸ਼ਹੀਦਾਂ ਨੂੰ ਭੰਡਣਾ, ਗੁਰਬਾਣੀ ਦੇ ਗ਼ਲਤ ਅਰਥ ਕਰਨੇ, ਇਤਿਆਦਿ ।

ਇਨ੍ਹਾਂ ਕਾਰਣਾਂ ਕਰਕੇ ਹੀ ਸਿੱਖ ਦੇਵੀ-ਦੇਵਤਿਆਂ ਦੇ ਦੁਸ਼ਮਣ ਬਣ ਜਾਂਦੇ ਹਨ । ਇਸ ਦੁਸ਼ਮਣੀ ਵਿੱਚੋਂ ਹੀ ਫਿਰ ਉਨ੍ਹਾਂ ਦੀ ਨਿੰਦਾ ਨਿਕਲਦੀ ਹੈ । ਉਹ ਇੰਨੇ ਗ੍ਰਸ ਜਾਂਦੇ ਨੇ ਨਿੰਦਾ ਦੇ ਵਿੱਚ ਕਿ ਸਹੀ-ਗ਼ਲਤ ਦੀ ਵੀ ਸੁਝ ਨਹੀਂ ਰਹਿੰਦੀ । ਸੋ ਉਨ੍ਹਾਂ ਸਾਰੇ ਵੀਰਾਂ ਤੇ ਭੈਣਾਂ ਨੂੰ ਬੇਨਤੀ ਹੈ ਕਿ ਨਿੰਦਾ ਕਿਸੇ ਦੀ ਵੀ ਨਾ ਕਰੋ ਜਾਣਬੁਝ ਕੇ । ਤੁਸੀਂ ਆਪਣੇ ਵਿਚਾਰ ਬਹੁਤ ਵਧੀਏ ਤਰੀਕੇ ਨਾਲ ਰੱਖ ਸਕਦੇ ਹੋ, ਜਿਸ ਵਿੱਚ ਨਿੰਦਾ ਨਹੀਂ ਹੋਵੇਗੀ ਤੇ ਲੋਕਾਂ ਦੇ ਉੱਤਰ ਵੀ ਦਿੱਤੇ ਜਾ ਸਕਣਗੇ ।

ਦੂਜੇ ਤੇ ਉਹ ਲੋਕ ਆਉਂਦੇ ਨੇ ਜੋ ਡਰ ਜਾਂਦੇ ਨੇ ਕਿ ਗੁਰਬਾਣੀ ਦੇਵੀ-ਦੇਵਤਿਆਂ ਦਾ ਜ਼ਿਕਰ ਕਰਦੀ ਹੈ ਅਤੇ ਇਸ ਡਰ ਕਰਕੇ ਉਹ ਗੁਰਬਾਣੀ ਦੇ ਗ਼ਲਤ ਅਰਥ ਕਰ ਦਿੰਦੇ ਨੇ ਜੋ ਪ੍ਰਕਰਣ ਅਨੁਸਾਰ ਬਿਲਕੁਲ ਵੀ ਸਹੀ ਨਹੀਂ ਬਣਦੇ । ਇਹ ਸ਼ਾਇਦ ਮੋਦੀ ਦੇ ਇਕ ਭਾਸ਼ਣ ਦੇ ਸੰਦਰਭ ਵਿੱਚ ਸੀ । ਜਾਂ ਇਸ ਤੋਂ ਵੀ ਪਹਿਲੇ ਸਮੇਂ ਤੋਂ ਹੋਵੇ । ਹੁਣ ਆਪਾਂ ਰਮਾਇਣ ਦੀ ਹੀ ਗੱਲ ਕਰ ਲੈਂਦੇ ਹਾਂ । ਭਾਈ ਗੁਰਦਾਸ ਜੀ ਵੀ ਰਮਾਇਣ ਦੀ ਗੱਲ ਕਰਦੇ ਨੇ ਅਤੇ ਗੁਰੂ ਗੋਬਿੰਦ ਸਿੰਘ ਜੀ ਵੀ ਨੇ ਰਾਮਾ ਅਵਤਾਰ ਲਿਖਿਆ ਹੈ ।  ਕਈਆਂ ਨੇ ਇਹ ਵਿਚਾਰ ਰੱਖੇ ਕਿ ਇਹ ਜੋ ਰਮਾਇਣ ਦੀ ਗੱਲ ਹੋਈ ਹੈ ਇਹ ਕੋਈ ਰਾਮ ਚੰਦਰ ਦੀ ਗੱਲ ਨਹੀਂ ਹੈ ।

ਮੈਂ ਸਮਝਦਾ ਹਾਂ ਕਿ ਜੇਕਰ ਤੁਸੀਂ ਪ੍ਰਕਰਣ ਅਨੁਸਾਰ ਅਰਥ ਨਹੀਂ ਕਰਦੇ ਤਾਂ ਅਰਥਾਂ ਦੇ ਅਨਰਥ ਬਨਣ ਵਿੱਚ ਕੋਈ ਜ਼ਿਆਦਾ ਸਮਾਂ ਨਹੀਂ ਲੱਗੇਗਾ । ਇਹ ਠੀਕ ਹੈ ਕਿ ਤੁਸੀਂ ਡੂੰਗੇ ਅਰਥ ਕਰਨੇ ਚਾਹੁੰਦੇ ਹੋ ਸਕਦੇ ਹੋ ਪਰ ਇਸ ਨਾਲ ਗੁਰਬਾਣੀ ਦੇ ਵਿੱਚ ਆਪਸੀ ਵਿਰੋਧਤਾ ਨਹੀਂ ਦੇਖਣ ਨੂੰ ਮਿਲਣੀ ਚਾਹੀਦੀ । ਇਹ ਅਰਥਾਂ ਦੇ ਅਨਰਥ ਕਰਨੇ, ਜਾਂ ਫਿਰ ਹਰ ਜਗ੍ਹਾ ਦੇ ਵਿੱਚ ਮਨ, ਚਿੱਤ, ਹੁਕਮ ਹੀ ਕਰੀ ਜਾਣਾ ਧਰਮ ਸਿੰਘ ਵਾਂਙੂੰ, ਪੂਰੀ ਗੁਰਬਾਣੀ ਦੇ ਅਰਥ ਵਿਗਾੜ ਦਿੰਦੇ ਨੇ । ਇਹ ਅਰਥ ਕੋਈ ਗੂੜੇ ਗਿਆਨ ਵਿੱਚੋਂ ਨਹੀਂ ਨਿਕਲੇ ਬਲਕਿ ਇਕ ਡਰ ਵਿੱਚੋਂ ਨਿਕਲੇ ਹਨ ਕਿ ਕਿਤੇ ਜੇ ਅਸੀਂ ਰਾਮ ਚੰਦਰ ਦੀ ਗੱਲ ਕਰ ਦਿੱਤੀ ਤੇ ਕਿਤੇ ਅਸੀਂ ਹਿੰਦੂ ਨਾ ਬਣ ਜਾਈਏ । ਜੇ ਕਿਤੇ ਕ੍ਰਿਸ਼ਨ ਦੀ ਗੱਲ ਕਰ ਦਿੱਤੀ ਤਾਂ ਸਾਨੂੰ ਵੈਸ਼ਨਵ ਮੱਤ ਵਾਲੇ ਨਾ ਕਹਿ ਦੇਣ । ਇਹ ਕੋਈ ਫੋਕਾ ਜਿਹਾ ਡਰ ਨਹੀਂ ਹੈ ।

ਨਾਮਧਾਰੀ ਇਸ ਗੱਲ ਦਾ ਗਵਾਹ ਹਨ ਕਿ ਇਹ ਹਿੰਦੂ-ਪੱਖੀ ਮੋੜ ਕਿਵੇਂ ਲਿੱਤਾ ਜਾ ਸਕਦਾ ਹੈ । ਕੁਝ ਸਮਾਂ ਪਹਿਲਾਂ ਇੱਕ ਵੀਡੀਉ ਦੇਖਣ ਨੂੰ ਮਿਲੀ ਜਿਸ ਵਿੱਚ ਇਕ ਬੰਦਾ, ਜੋ ਨਾਮਧਾਰੀ ਲੱਗਦਾ ਸੀ ਦੇਖਣ ਵਿੱਚ, ਅਰਥਾਂ ਦੇ ਅਨਰਥ ਕਰ ਰਿਹਾ ਸੀ ਇਸ ਗੱਲ ਤੋਂ ਨਕਾਰਿਆ ਨਹੀਂ ਜਾ ਸਕਦਾ ਕਿ ਕਈ ਲੋਕ ਜਾਣਬੁਝ ਕੇ ਇਸਦਾ ਫ਼ਾਇਦਾ ਚੁੱਕ ਰਹੇ ਹਨ । ਪਰ ਇਸਦਾ ਇਹ ਮਤਲਬ ਨਹੀਂ ਕਿ ਆਪਾਂ ਨੂੰ ਅਧਿਕਾਰ ਮਿਲ ਗਿਆ ਹੈ ਕਿ ਆਪਾਂ ਕੁਝ ਵੀ ਕਰੀਏ ਗੁਰਬਾਣੀ ਦੇ ਅਰਥ । ਆਉ ਭਾਈ ਗੁਰਦਾਸ ਜੀ ਦੀ ਬਾਣੀ ਦੀ ਗੱਲ ਕਰੀਏ ।

1.   ਭਲਾ ਬੁਰਾ ਸੈਸਾਰ ਵਿਚਿ ਜੋ ਆਇਆ ਤਿਸੁ ਸਰਪਰ ਮਰਣਾ ।

ਰਾਵਣ ਤੈ ਰਾਮਚੰਦ ਵਾਂਗਿ ਮਹਾਂ ਬਲੀ ਲੜਿ ਕਾਰਣੁ ਕਰਣਾ ।

ਜਰੁ ਜਰਵਾਣਾ ਵਸਿ ਕਰਿ ਅੰਤਿ ਅਧਰਮ ਰਾਵਣਿ ਮਨ ਧਰਣਾ ।

ਰਾਮਚੰਦੁ ਨਿਰਮਲੁ ਪੁਰਖੁ ਧਰਮਹੁ ਸਾਇਰ ਪਥਰ ਤਰਣਾ ।

ਬੁਰਿਆਈਅਹੁ ਰਾਵਣੁ ਗਇਆ ਕਾਲਕ ਟਿਕਾ ਪਰਤ੍ਰਿਅ ਹਰਣਾ ।

ਰਾਮਾਇਣੁ ਜੁਗਿ ਜੁਗਿ ਅਟਲੁ ਸੇ ਉਧਰੇ ਜੋ ਆਏ ਸਰਣਾ ।

ਜਸ ਅਪਜਸ ਵਿਚਿ ਨਿਡਰ ਡਰਣਾ ।।18।। - ਵਾਰ 31ਵੀਂ, ਪਉੜੀ 18ਵੀਂ

ਕਈਆਂ ਨੇ ਕਿਹਾ ਕਿ ਇਥੇ ਅਯੁਧਿਆ ਵਾਲੇ ਰਾਮ ਦੀ ਗੱਲ ਨਹੀਂ ਹੋ ਰਹੀ । ਪਰ ਜੇ ਆਪਾਂ ਪਰਕਰਣ ਦੇਖੀਏ ਤਾਂ ਇਹ ਉਸ ਰਾਮਚੰਦ ਵੱਲ ਹੀ ਇਸ਼ਾਰਾ ਕਰਦੀ ਹੈ ਪਉੜੀ । ਜੋ ਸਵਾਲ ਚੁਕਿਆ ਗਿਆ ਸੀ ਉਹ ਛੇਵੀਂ ਸਤਰ ਤੇ ਸੀ ਕਿ ਇਹ ਜੁਗ-ਜੁਗ ਅਟੱਲ ਕਿਉਂ ਲਿਖਿਆ ਗਿਆ ਹੈ ਜੇਕਰ ਇਹ ਰਾਮਚੰਦਰ ਦੀ ਗੱਲ ਕਰ ਰਹੀ ਹੈ ਪਉੜੀ । ਕੀ ਰਾਮਾਇਣ ਵੀ ਅਟੱਲ ਹੈ ? ਕਈ ਲੋਕਾਂ ਨੇ ਇਹ ਮੰਨ ਲਿਆ ਹੈ ਜੇਕਰ ਆਪਾਂ ਰਾਮਾਇਣ ਨੂੰ ਅਟੱਲ ਕਹਿ ਦਿੱਤਾ ਤਾਂ ਕਿਤੇ ਆਪਾਂ ਨਿਉਣੇ ਨਾ ਰਹਿ ਜੀਏ । ਦੇਖੋ ਰਾਮਾਇਣ ਦਾ ਬਿਰਤਾਂਤ ਤ੍ਰੇਤੇ ਦਾ ਹੈ । ਇਹ ਉਦੋਂ ਤੋਂ ਲੈ ਕੇ ਬਹੁਤ ਲੋਕਾਂ ਨੇ ਲਿਖੀ ਹੈ । ਇਹ ਇਸ ਲਈ ਅਟੱਲ ਕਹੀ ਗਈ ਹੈ ।

ਇਕ ਥਾਈਂ (ਵਾਰ 12ਵੀਂ, ਪਉੜੀ 8ਵੀਂ) ਜ਼ਿਕਰ ਜੰਗਾਂ-ਯੁੱਧਾਂ ਕਰਕੇ ਵੀ ਆਇਆ ਹੈ ਕਿ ਜੰਗ ਹੋਇਆ ਸੀ । ਤੇ ਦੂਜੀ ਥਾਈਂ (ਵਾਰ 23ਵੀਂ, ਪਉੜੀ 8ਵੀਂ) ਇਸ ਦੇ ਅਰਥ ਪਰਮਾਤਮਾ ਦਾ ਘਰ ਵੀ ਕੀਤੇ ਹਨ । ਪਰ ਜੋ ਟੀਕਾ ਗਿਆਨੀ ਹਜ਼ਾਰਾ ਸਿੰਘ ਹੋਣਾ ਨੇ ਕੀਤਾ ਹੈ ਅਤੇ ਭਾਈ ਵੀਰ ਸਿੰਘ ਜੀ ਨੇ ਭਾਵ ਅਰਥ ਕੀਤੇ ਹਨ ਉਸ ਵਿੱਚ 31ਵੀਂ ਵਾਰ ਦੀ 18ਵੀਂ ਪਉੜੀ ਦੇ ਵਿੱਚ ਆਏ ਰਾਮਾਇਣ ਦਾ ਅਰਥ ਰਾਮਚੰਦਰ ਦਾ ਕਹਾਣੀ ਕੀਤਾ ਹੈ । ਸ਼ਾਇਦ ਇਹ ਇਸ ਲਈ ਹੈ ਕਿਉਂਕਿ ਉਪਰਲੀਆਂ ਸਤਰਾਂ ਦੇ ਅਰਥਾਂ ਮੁਤਾਬਕ ਉਹ ਸਹੀ ਅਰਥ ਬਨਣਗੇ । 31ਵੀਂ ਵਾਰ ਦੀ 20ਵੀਂ ਪਉੜੀ ਦੇ ਭਾਵ-ਅਰਥਾਂ ਵਿੱਚ ਲਿਖਿਆ ਹੈ:

19, 20 ਪਉੜੀ ਵਿਚ ਰਾਮ ਰਾਵਣ ਦੀ ਕਥਾ ਭੀ ਇਕਾਂਗੀ ਦ੍ਰਿਸ਼ਟਾਂਤ ਹੈ, ਰਾਵਣ ਦਾ ਪਰਤ੍ਰਿਯ ਹਰਨ ਦਾ ਕਲੰਕ ਅਰ ਰਾਮ ਚੰਦਰ ਦਾ ਨ੍ਯਾਇਸ਼ੀਲ ਨੇਕ ਰਾਜ ਕਰਨ ਦਾ ਜਸ ਦੱਸਕੇ ਇਹ ਸਿੱਧਾਂਤ ਸਮਝਾਉਣ ਤੋਂ ਭਾਵ ਹੈ ਕਿ ਮਰਨਾ ਤਾਂ ਸਭ ਨਾ ਹੈ, ਪਰ ਸਫਲ ਮਰਨਾ ਉਨ੍ਹਾਂ ਦਾ ਹੈ ਜੋ ਨੇਕੀ ਕਰਕੇ ਨੇਕੀ ਖੱਟ ਲੈ ਗਏ ਹਨ, ਅਰ ਸਾਧ ਸੰਗ ਕਰਕੇ ਜਿਨ੍ਹਾਂ ਦੁਰਮਤਿ ਦੂਰ ਕੀਤੀ ਤੇ ਨਾਮ ਜਪਿਆ ਹੈ ।

ਪਰ ਕੀ ਸੇ ਉਧਰੇ ਜੋ ਆਏ ਸਰਣਾ ਮਤਲਬ ਇਹ ਹੋਇਆ ਕਿ ਰਾਮ ਚੰਦਰ ਜੀ ਦੀ ਸ਼ਰਨ ਵਿੱਚ ਜਾਣਾ ਹੈ ? ਨਹੀਂ ਇਸਦਾ ਇਹ ਮਤਲਬ ਨਹੀਂ ਹੈ । ਇਸ ਦਾ ਭਾਵ ਇਹ ਹੈ ਕਿ ਜੋ ਪਰਮਾਤਮਾ ਦੀ ਸ਼ਰਨ ਦੇ ਵਿੱਚ ਆਉਂਦੇ ਹਨ । ਜੇ ਤੁਸੀਂ ਪੂਰੀ ਪਉੜੀ ਪੜ੍ਹਦੇ ਹੋ ਤਾਂ ਇਹ ਪਤਾ ਲੱਗਦਾ ਹੈ ਕਿ ਗੱਲ ਭਲੇ ਤੇ ਬੁਰੇ ਦੀ ਹੋ ਰਹੀ ਹੈ । ਇਕ ਪਾਸੇ ਚੰਗਿਆਈਆਂ ਹਨ ਤੇ ਦੂਜੇ ਪਾਸੇ ਬੁਰਾਈਆਂ । ਦੂਜੇ ਪਾਸੇ ਇਹ ਵੀ ਗੱਲ ਦਰੁਸਤ ਹੋਵੇਗੀ ਕਿ ਰਾਮ ਚੰਦਰ ਜੀ ਕੋਲ ਬਹੁਤ ਲੋਕ ਆਏ ਸਨ ਤੇ ਉਨ੍ਹਾਂ ਨੇ ਉਨ੍ਹਾਂ ਦੀ ਮਦਦ ਵੀ ਕੀਤੀ । ਜੇ ਆਪਾਂ ਇਹ ਅਰਥ ਕਰ ਦੇਈਏ ਕਿ ਰਾਮ ਚੰਦਰ ਜੀ ਦੀ ਸ਼ਰਨ ਵਿਚ ਜਾਣਾ ਹੈ ਤਾਂ ਫਿਰ ਭਾਈ ਗੁਰਦਾਸ ਜੀ ਇਹ ਨੀ ਲਿਖਦੇ ਅਵਤਾਰਾਂ ਬਾਰੇ ਕਾਮ ਕਰੋਧ ਨ ਸਾਧਿਓ ਲੋਭੁ ਮੋਹ ਅਹੰਕਾਰੁ ਨ ਮਾਰੇ (ਵਾਰ 12ਵੀਂ, ਪਉੜੀ 8ਵੀਂ)

ਇਸ ਤੋਂ ਇਲਾਵਾ ਇਕ ਸ਼੍ਰੋਮਣੀ ਸਟੀਕ ਹੈ ਦਸਮ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਵੀ ਦੇਖਣਯੋਗ ਹੈ । ਜਦੋਂ ਹੇਠਲੀ ਸਤਰ ਆਉਂਦੀ ਹੈ ਬਾਣੀ ਵਿੱਚ:

2.   ਜੋ ਇਹ ਕਥਾ ਸੁਨੈ ਅਰੁ ਗਾਵੈ ।। ਦੂਖ ਪਾਪ ਤਿਹੱ ਨਿਕਟ ਨ ਆਵੈ ।।

ਆਵੈ ਤੇ ੳ ਲਿਖ ਕੇ ਹੇਠਾਂ ਇਕ ਲੰਬੀ ਟੂਕ ਦਿੱਤੀ ਹੈ:

ਇਸ ਕਥਾ ਨੂੰ ਸੁਨਣ ਪੜਨ ਵਾਲੇ ਦੇ ਦੁਖ ਤੇ ਪਾਪ ਕਿਉਂ ਨਹੀਂ ਦੂਰ ਹੋਵਣਗੇ ? ਜਦ ਦੁਖ ਪਾਪ ਦਾ ਤਆਲੱਕ ਗੁਣਾਂ ਤੇ ਅਵਗੁਣਾਂ ਨਾਲ ਹੈ । ਇਸ ਕਥਾ ਵਿਚ ਗੁਣਾਂ ਦੀ ਪ੍ਰਧਾਨਤਾ ਹੈ, ਜਿਹੜੇ ਪੜੇ ਸੁਣੇਗਾ ਉਹ ਅਵਗੁਣ ਛੱਡ ਕੇ ਗੁਣ ਗ੍ਰਹਿਣ ਕਰੇਗਾ । ਗੁਰਬਾਣੀ ਦਾ ਪਾਵਨ ਬਚਨ ਹੈ ਕਿ ਜੇਕਰ ਗੁਣਾਂ ਦੀ ਵਾਸਨਾ ਵਾਲਾ ਬਰਤ ਹੱਥ ਆ ਜਾਏ ਤਾਂ ਸੰਕੋਚ ਨ ਕਰੇ ਹੱਥ ਪਾ ਕੇ ਕੱਢ ਲਉ ।

1.  ਗੁਣਾਂ ਕਾ ਹੋਵੈ ਵਾਸੁਲਾ ਕਢਿ ਬਾਸੁ ਲਈਐ । ਜੇ ਗੁਣ ਹੋਵਨਿ ਸਾਜਨਾ ਮਿਲਿ ਸਾਂਝ ਕਰੀਜੈ ।

ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗੁਣ ਚਲੀਐ । ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜ ਮੈ ਲੀਐ ।

ਅੰਗ 765-66 ।। ਮ: 1

ਭਾਵ ਅਵਗੁਣਾਂ ਨੂੰ ਛੱਡਕੇ ਗੁਣਾਂ ਦੇ ਸ਼ੁੱਧ ਪਵਿੱਤ੍ਰ ਰੇਸੀ ਬਸਤਈ ਪਹਿਨਕੇ ਸੰਸਾਰ ਰੁਖੀ ਖੇਡ ਮੈਦਾਨ ਮਲ ਲਈਏ । ਤਾਂ ਪ੍ਰਸ਼ਨ ਉਠਦਾ ਹੈ ਕਿ ਉਹ ਗੁਣ ਕੇਹੜੇ ਹਨ ਜੋ ਮਾਇਤ੍ਰੀ ਭਾਵ ਦੇ ਪੂਰਕ ਹਨ ਜੋ ਗੁਰਮਤ ਵਿਚ ਪ੍ਰਵਾਨਤ ਹਨ । ਲਉ ਜੀ ਹੁਣ ਇਹੋ ਵਿਚਾਰ ਕਰ ਲਉ ।

1.  ਰਾਮ ਦੇ ਨਾਮ ਦੇ ਮੰਤ੍ਰ ਮਾਲਾ ਸਵਾਸਾਂ ਦੇ ਨਾਲ ਫੇਰਨੀ ।

2. ਧਿਆਨ ਇਹ ਹੈ ਕਿ ਹਰੀ ਪ੍ਰਭੂ ਨੂੰ ਸਰਵ ਵਿਆਪੀ ਸਰਵ ਥਾਂ (ਸਰਵ ਜੋਤਿ ਤੇਰੀ ਪਸਰ ਰਹੀ) ਮੰਨਣਾ ।

3. ਗਿਆਨ ਇਹ ਕਿ ਦੁਖ-ਸੁਖ ਨੂੰ ਦਾਤੇ ਦੀ ਦਾਤ ਜਾਣੇ ਸਮਾਨ ਸਮਝਣਾ, ਜੁਗਤੀ ਨਿਰਮਲ ਤੇ ਨਿਰਵੈ ਹੋਣੀ । ਹਰ ਏਕ ਜੀਵ ਤੇ ਦਇਆ ਕਰਣੀ ਪੰਜ ਦੋਖੀ ਦੁਸਮਨ ਕਮਾਦਿ ਤੋਂ ਬਚਕੇ ਰਹਿਣਾ ।

4. ਭਜਨ ਪ੍ਰਭੂ ਜਸ ਦੀ ਖੁਰਾਕ ਖਾਣੀ ਜਾਇਜ ਆਪਣੇ ਹੱਕ ਦੀ ਮਾਇਆ ਵਰਤਣੀ ਇਸ ਨਾਲ ਚੰਬੜੇ ਨਾ । ਜਿਵੇਂ ਕੰਵਲ ਫੁਲ ਜਲ ਤੋਂ ਬਾਹਰ ਤਾਂ ਨਹੀਂ ਨਿਕਲਦਾ ਪਰ ਉਸ ਵਿਚ ਡੋਬਦਾ ਨਹੀਂ ।

5. ਸ੍ਰੇਸ਼ਟ ਵਿਚਾਰ ਜੋ ਭਗਤ ਭਾਵਨੀ ਵਾਲੇ ਹੋਣ ਦੁਸ਼ਮਨ ਤੇ ਮਿਤਰ ਦੋਹਾਂ ਦਾ ਭਲਾ ਚਾਹੁਣ ।

6.  ਪ੍ਰਾਇਆ ਧਨ ਪਰਾਈ ਇਸਤ੍ਰੀ ਪਰਾਈ ਨਿੰਦਾ ਨਾ ਕਰੇ ਨਾ ਸੁਣੇ ਨਾ ਇਹਨਾਂ ਤੇ ਮੇਰ ਕਰੇ, ਆਪ ਮਿਟਾਕੇ ਚਰਣ ਧੂੜੀ ਹੋ ਕੇ ਵਰਤੇ । ਪਰ ਇਹ ਰਸਤਾ ਬੜਾ ਕਠਿਨ ਹੈ ਪਰ ਹੈ ਪ੍ਰਵਾਨਤ । ਜਿਸ ਨੂੰ ਗੁਰੂ ਜੀ ਇਉਂ ਦਸਦੇ ਨੇ ।

1.  ਮੰਤ੍ਰੰ ਰਾਮ ਰਾਮ ਨਾਮੰ D´wnμ ਸਰਬਤ ਪੂਰਨਹ । g´wnμ ਸਮ ਦੁਖ ਸੁਖੰ ਜੁਗਤਿ ਨਿਰਮਲ ਨਿਰਵੈਰਣਹ ।। ਦਯਾਲੰ ਸਰਬਤ੍ਰ ਜੀਆ ਪੰਚ ਦੋਖ ਬਿਵਰਜਿਤਹ । ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਤਹ । ਉਪਦੇਸੰ ਸਮਮਿਤ੍ਰ ਸਤ੍ਰਹ ਭਗਵੰਤ ਭਗਤਿ ਭਾਵਨੀ । ਪਰ ਨਿੰਦਾ ਨਾ ਸ੍ਰੋਤਿ ਸ੍ਰਵਣੰ ਆਪੁ iq´wig ਸਗਲ ਰੇਣੁਕਹ । ਖਟ lK´x ਪੂਰਨੰ ਪੁਰਖਹ । ਨਾਨਕ ਨਾਮ ਸਾਧ ਸ੍ਵਜਨਹ ।।40।। ਅੰਗ 1357 ।। ਮ: 5 ।।

ਜਦੋਂ ਅਸੀਂ ਨਿਰਪੱਖ ਹੋ ਕੇ ਸ਼ੁਧ ਨਿਗਾਹ ਨਾਲ ਵੇਖਾਂਗੇ ਤਾਂ ਸਾਨੂੰ ਰਾਮਚੰਦ ਸੀਤਾ ਦੇ ਜੀਵਨ ਵਿਚ ਅਤੇ ਰਾਮਾਇਣ ਦੇ ਸਮੁੱਚੇ ਉਲੇਖਾ ਦੇ ਵਿਚ ਇਹ ਛੇ ਲਛਮਣ ਤਾਰਿਆਂ ਵਾਂਗ ਚਮਕਦੇ ਡਲਕਾਂ ਮਾਰਦੇ ਵਿਖਾਈ ਦੇਣਗੇ ।[1]

ਇਸ ਦ੍ਰਿਸ਼ਟੀ ਨਾਲ ਦੇਖਣਾ ਕੁਝ ਗ਼ਲਤ ਨਹੀਂ ਹੋਵੇਗਾ । ਜੇ ਰਾਮ ਚੰਦਰ ਜੀ ਦੀ ਜੀਵਨੀ ਵਿਚੋਂ ਕੁਝ ਸਿਖ ਲਿਆ ਤਾਂ ਮਾੜਾ ਨਹੀਂ ਹੋਇਆ । ਧਰਮ ਸਿੰਘ ਵਾਂਙੂੰ ਇਕ ਤਰ੍ਹਾਂ ਦੇ ਹੀ ਅਰਥ ਕਰਨ ਨਾਲ ਇਨ੍ਹਾਂ ਗੱਲਾਂ ਦਾ ਪਤਾ ਨਹੀਂ ਲੱਗਦਾ ।

ਕੋਈ ਏਂਦੇ ਵਿੱਚ ਘਬਰਾਉਣ ਵਾਲੀ ਗੱਲ ਵੀ ਨਹੀਂ ਹੈ ਕਿ ਜੇਕਰ ਕੋਈ ਦੇਵੀ ਦੇਵਤੇ ਦਾ ਜ਼ਿਕਰ ਆ ਵੀ ਗਿਆ ਗੁਰਬਾਣੀ ਦੇ ਵਿੱਚ । ਗੁਰਬਾਣੀ ਇਹ ਨਹੀਂ ਕਹਿੰਦੀ ਕਿ ਇਨ੍ਹਾਂ ਦੇਵੀ-ਦੇਵਤਿਆਂ ਦੀ ਉਸਤਤ ਕਰਨ ਲੱਗ ਜਾਉ । ਗੁਰਬਾਣੀ ਇਨ੍ਹਾਂ ਨੂੰ ਪਰਮਾਤਮਾ ਦੀ ਕ੍ਰਿਤ ਦੱਸਦੀ ਹੈ, ਜੋ ਪਰਮਾਤਮਾ ਦੇ ਹੁਕਮ ਵਿੱਚ ਕੰਮ ਕਰਦੇ ਨੇ । ਹਾਂ, ਗੁਰੂ ਸਾਹਿਬ ਨੇ ਇਨ੍ਹਾਂ ਦੀਆਂ ਜੀਵਨੀਆਂ ਵੀ ਲਿਖੀਆਂ ਨੇ, ਪਰ ਉਸ ਵਿੱਚ ਇਨ੍ਹਾਂ ਦੀ ਉਸਤਤ ਨਹੀਂ ਕੀਤੀ ਗਈ । ਸਗੋਂ ਇਨ੍ਹਾਂ ਦੇ ਜੰਗਾਂ-ਯੁੱਧਾਂ ਦਾ ਵਰਨਣ ਹੈ, ਤੇ ਇਨ੍ਹਾਂ ਦੇ ਜੀਵਨ ਵਿੱਚੋਂ ਸੇਧਾਂ ਵੀ ਮਿਲ ਸਕਦੀਆਂ ਨੇ ।



[1] ਇਸ ਨੂੰ ਪੈਰਿਆਂ ਦੇ ਵਿਚ ਲਿਖਿਆ ਗਿਆ ਹੈ ਤਾਂ ਜੋ ਪੜ੍ਹਨ ਦੇ ਵਿਚ ਅਸਾਨੀ ਹੋਵੇ, ਪਰ ਵਾਸਤਵ ਦੇ ਵਿਚ ਇਹ ਇਕ ਪਹਿਰੇ ਦੇ ਵਿਚ ਹੀ ਹੈ ।