Sunday 16 September 2018

21st century and Sikhs - Maryaada - Part I


੨੧ਵੀਂ ਸਦੀ ਤੇ ਸਿੱਖ

ਮਰਯਾਦਾ

ਇਸ ਦਾ ਲਿਖਣ ਦਾ ਕਾਰਣ ਚੱਲ ਰਹੇ ਸਮੇਂ ਤੇ ਬੀਤੇ ਸਮੇਂ ਵਿੱਚੋਂ ਸਿੱਖੀ ਅਤੇ ਸਿੱਖੀ ਤੇ ਹੋਏ ਹਮਲੇ ਅਤੇ ਆਉਣ ਵਾਲੇ ਸਮੇਂ 'ਚ ਕੀ ਕੁੱਝ ਵਾਪਰ ਸਕਦਾ ਹੈ ਦੀ ਸ਼ਬਦਾਂ ਵਿੱਚ ਲਿਖੇ ਜਾਣ ਦੀ ਇਕ ਕੋਸ਼ਿਸ਼ ਹੈ ।
ਪਹਿਲਾ ਅਤੇ ਮੁੱਢਲਾ ਸਿਧਾਂਤ ਸਿੱਖੀ ਦਾ ਜੋ ਹੈ ਓਹ ਹੈ ਮਰਯਾਦਾ । ਗੁਰੂ ਸਾਹਿਬ ਨੇ ਸਿੱਖਾਂ ਲਈ ਕੁੱਝ ਅਸੂਲ ਬਣਾਏ ਸਨ ਜੋ ਸਿੱਖਾਂ ਦੀ ਜਿੰਦ-ਜਾਣ ਹਨ । ਮਰਯਾਦਾ ਤੋਂ ਬਿਨਾਂ ਇੱਕ ਸਿੱਖ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਇੱਕ ਅੰਨ੍ਹਾਂ ਇਨਸਾਨ। ਉਸਨੂੰ ਚਾਰੌਂ ਤਰਫ਼ ਹਨ੍ਹੇਰਾ ਹੀ ਨਜ਼ਰ ਆਉਂਦਾ ਹੈ । ਕੋਈ ਵੀ ਮਨੁੱਖ ਬਿਨਾਂ ਕਿਸੇ ਅਸੂਲਾਂ ਦੇ ਇਕ ਅੰਨ੍ਹਾਂ ਇਨਸਾਨ ਹੀ ਤਾਂ ਹੁੰਦਾ ਹੈ ਜਿਸਨੂੰ ਕੋਈ ਮੰਜ਼ਿਲ ਮਿਲਣੀ ਮੁਸ਼ਕਿਲ ਜਾਪਦੀ ਹੈ । ਪਰ ਅਸੂਲ ਉਸਨੂੰ ਕੋਈ ਰਾਸਤਾ ਦਿਖਾਉਂਦੇ ਹਨ, ਉਸ ਤੇ ਚੱਲਣ ਦੀ ਸਮਰੱਥਾ ਬਖ਼ਸ਼ਦੇ ਹਨ, ਤੇ ਉਸਨੂੰ ਆਉਣ ਵਾਲੀ ਰੁਕਾਵਟ ਸਹਿਜੇ ਹੀ ਹੱਲ ਹੁੰਦੀ ਨਜ਼ਰ ਆਉਂਦੀ ਹੈ । ਠੀਕ ਉਸੇ ਤਰ੍ਹਾਂ ਸਿੱਖਾਂ ਲਈ ਗੁਰੂ ਸਾਹਿਬਾਨਾਂ ਦੀ ਦਿੱਤੀ ਹੋਈ ਮਰਯਾਦਾ ਹੈ ਜੋ ਪ੍ਰਕਾਸ਼ ਹੋ ਕੇ ਸਿੱਖਾਂ ਦਾ ਮਾਰਗ ਦਰਸ਼ਕ ਕਰਦੀ ਹੈ ।
ਇਹ ਮਰਯਾਦਾ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਈ, ਫਿਰ ਦਸ ਸਰੂਪ ਹੋ ਕਰ ਨਵੇਂ ਅਸੂਲ ਸਿੱਖਾਂ ਦੀ ਜਮਾਤ ਵਿੱਚ ਪੜ੍ਹਾਏ ਜਾਣ ਲੱਗੇ । ਗੁਰੂ ਗੋਬਿੰਦ ਸਿੰਘ ਜੀ ਨੇ ਆਖਿਰ ਤੱਕ ਸਾਰੀ ਮਰਯਾਦਾ ਸਿੱਖਾਂ ਨੂੰ ਦੇ ਦਿੱਤੀ ਤੇ ਆਪਣੀ ਜੋਤਿ ਸਦਾ ਲਈ ਗੁਰਬਾਣੀ ਵਿੱਚ ਪ੍ਰਕਾਸ਼ ਕਰ ਦਿੱਤੀ । ਸਮੇਂ ਸਮੇਂ ਤੇ ਸਿੱਖਾਂ ਵੱਲੋਂ ਕੀਤੇ ਹੋਏ ਸਵਾਲਾਂ ਦੇ ਜਵਾਬ ਵੀ ਸਤਿਗੁਰੂ ਆਪ ਦੇਂਦੇ ਰਹੇ ਤੇ ਬਹੁਤ ਸਿੱਖਾਂ ਨੇ ਫਿਰ ਕਿਤਾਬਾਂ 'ਚ ਵੀ ਕਲਮਬੰਦ ਕੀਤੇ।
ਇਹ ਸਿੱਖਾਂ ਦੀ ਸਭ ਤੋਂ ਵਿਲੱਖਣ ਮਰਯਾਦਾ ਹੈ ਜੋ ਸਦਾ ਲਈ ਸਿੱਖਾਂ ਦੇ ਨਾਲ ਰਹੇਗੀ।
ਸੋ ਪਹਿਲਾ ਹਮਲਾ ਸਿੱਖਾਂ ਦੀ ਮਰਯਾਦਾ ਤੇ ਹੋਵੇਗਾ।
ਪੰਜ ਕਕਾਰ ਸਿੱਖਾਂ ਲਈ ਸਿਰਫ਼ ਕੋਈ ਬਾਹਰਲੀ ਪਹਿਰਾਵਾ ਹੀ ਨਹੀਂ ਬਲਕਿ ਸਿੱਖਾਂ ਦੇ ਅੰਗ ਹਨ। ਜਿੰਨੇ ਸਾਨੂੰ ਆਪਣੇ ਸ਼ਰੀਰਾਂ ਦੇ ਰੋਮ ਪਸੰਦ ਨੇ ਓਹਨੀ ਪਸੰਦ ਸਾਨੂੰ ਸ੍ਰੀ ਸਾਹਿਬ ਵੀ ਹੈ। ਜੋ ਯੋਧੇ-ਸੂਰਬੀਰਾਂ ਦੀ ਨਿਸ਼ਾਨੀ ਹੈ। ਇਸ ਕਰਕੇ ਹੀ ਸਿੱਖਾਂ ਨੇ ਬਹੁਤ ਵੱਡੇ ਹਿੱਸੇ ਤੱਕ ਆਪਣਾ ਰਾਜ ਸਥਾਪਿਤ ਕੀਤਾ। ਇਸ ਨੇ ਹੀ ਮੁਗ਼ਲਾਂ ਦੇ ਸਮੇਂ ਜਦ ਸਿੱਖਾਂ ਦੇ ਸਿਰਾਂ ਦੀ ਕੀਮਤ ੮੦ ਰੁਪਏ ਤੱਕ ਜਾ ਪੁੱਜੀ ਸੀ ਤਦ ਵੀ ਸਿੱਖਾਂ ਦੀ ਹੋਂਦ ਬਰਕਰਾਰ ਰੱਖੀ। ਇਕ ਕਹਾਵਤ ਵੀ ਹੈ ਕਿ 'ਮੈਂ ਤੇ ਮੇਰਾ ਭਾਈ ਇਕੱਲਾ, ਚੋਰ ਤੇ ਉਸਦੀ ਡਾਂਗ ਦੋ ਜਾਣੇ'
ਕੋਈ ਵੀ ਦੁਨੀਆਂ ਦੀ ਜੰਗ ਜਿਸ ਵਿੱਚ ਖ਼ੂਨ ਦੀ ਮੰਗ ਹੋਵੇ ਹਥਿਆਰਾਂ ਨਾਲ ਹੀ ਜਿੱਤੀ ਜਾਂਦੀ ਹੈ । ਦੁਨੀਆਂ 'ਚ ਬਹੁਤ ਦੇਸ਼ ਨੇ, ਹਰ ਇੱਕ ਦੀ ਆਪਣੀ ਫ਼ੌਜ਼ ਹੈ ਜੋ ਇਸਦੇ ਲੋਕਾਂ ਦੀ ਹਿਫ਼ਾਜਤ ਕਰਦੀ ਹੈ । ਭਾਰਤ, ਰੂਸ, ਰੋਮ, ਸਪੇਨ ਵਿੱਚ ਬਹੁਤ ਰਾਜੇ ਹੋਏ ਤੇ ਹਰ ਇਕ ਨੇ ਆਪਣੀ ਫ਼ੌਜ਼ 'ਚ ਵੱਡੇ-ਵੱਡੇ ਸੂਰਮੇ ਰੱਖੇ ਤਾਂ ਕਿ ਓਹਨਾਂ ਦੇ ਰਾਜ ਦੀ ਰਾਖੀ ਹੋ ਸਕੇ । ਬਾਬਰ ਸਿਰਫ਼ ੫੦੦ ਲੋਕਾਂ ਨੂੰ ਨਾਲ ਲਿਆ ਕੇ ਭਾਰਤ ਤੇ ਰਾਜ ਕਰ ਜਾਂਦਾ ਹੈ । ਭਾਰਤ 'ਚ ਕਿੰਨੇ ਧਰਮੀ ਰਾਜੇ ਹੋਏ, ਪਰ ਸਮੇਂ ਬਦਲਣ ਤੇ ਲੋਕਾਂ ਨੇ ਹਥਿਆਰ ਸੁੱਟ ਦਿੱਤੇ ਤੇ ਗ਼ੁਲਾਮੀ ਦੇ ਰਸਤੇ ਤੇ ਪੈ ਗਏ ।
ਕੋਈ ਵੀ ਦੁਨੀਆਂ ਦਾ ਸ਼ਾਸਕ ਕਿਉਂ ਨਾ ਹੋਵੇ ਉਸ ਲਈ ਦੋ ਮੁਸ਼ਕਲਾਂ ਬਹੁਤ ਹੀ ਜ਼ਿਆਦਾ ਤਕਲੀਫ਼ ਦੇ ਹੁੰਦੀਆਂ ਹਨ । ਇਕ ਹੈ ਓਹ ਲੋਕ ਜੋ ਆਪਣੀ ਜਿੰਦ-ਜਾਨ ਕੁਰਬਾਨ ਕਰਨ ਲਈ ਤਿਆਰ ਹੋ ਜਾਂਦੇ ਨੇ, ਜੋ ਦੁਨੀਆਂ ਦੇ ਤਖ਼ਤ ਪਲਟਣ ਦੇ ਜਨੂੰਨ ਨਾਲ ਅੱਗੇ ਵੱਧਦੇ ਨੇ, ਓਹ ਜੋ ਮੌਤ ਨੂੰ ਸੱਚ ਤੇ ਜ਼ਿੰਦਗੀ ਨੂੰ ਝੂਠ ਸਮਝਦੇ ਨੇ, ਜਿਨ੍ਹਾਂ ਨੇ ਆਪਣੇ ਮਨੋਬਲ ਕਰਕੇ ਦੁਨੀਆਂ ਦੇ ਕੋਨੇ ਕੋਨੇ ਤੱਕ ਨਾਂ ਚਮਕਾਉਣਾ ਹੁੰਦਾ ਹੈ ਆਪਣੀ ਬਹਾਦਰੀ ਨਾਲ, ਇਨ੍ਹਾਂ ਲੋਕਾਂ ਨੂੰ ਆਪਣੇ ਨਾਲ ਮਿਲਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ । ਇਹ ਲੋਕ ਸਿਰਫ਼ ਆਪਣੀ ਮੰਜ਼ਿਲ ਵੱਲ ਹੀ ਨਿਗਾਹਾਂ ਰੱਖਦੇ ਹਨ ਅਤੇ ਉਸ ਲਈ ਆਪਣਾ ਆਪ ਵੀ ਕੁਰਬਾਨ ਕਰਨ ਦੇ ਲਈ ਰਾਜ਼ੀ ਹੋ ਜਾਂਦੇ ਹਨ । ਹਥਿਆਰਬੰਦ ਲੋਕ ਹਰ ਇੱਕ ਸ਼ਾਸਕ ਲਈ ਖ਼ਤਰਾ ਹਨ।
ਦੂਜੇ ਓਹ ਲੋਕ ਹਨ ਜਿਨ੍ਹਾਂ ਨੇ ਆਪਣੀ ਕਲਮ ਨਾਲ ਲੋਕਾਂ 'ਚ ਇੱਕ ਅਜਿਹਾ ਜੋਸ਼ ਭਰਨਾ ਹੁੰਦਾ ਹੈ ਜੋ ਦੁਨੀਆ ਦੇ ਲੋਕਾਂ ਵਿੱਚ ਇਕ ਜਨੂੰਨ ਦੀ ਤਰ੍ਹਾਂ ਕੰਮ ਕਰਦਾ ਹੈ । ਇਸ ਲਈ ਇਹ ਕਿਹਾ ਜਾਂਦਾ ਹੈ ਕਿ ਕਲਮ ਤੇ ਹਥਿਆਰ ਦੁਨੀਆ ਬਦਲ ਸਕਦੇ ਹਨ । ਦੁਨੀਆ ਦੇ ਲੋਕਾਂ ਨੂੰ ਪ੍ਰੇਰ ਕੇ ਇਕ ਨਵਾਂ ਸਮਾਜ ਬਣਾ ਸਕਦੇ ਹਨ ਜਿਸ ਸਮਾਜ ਵਿੱਚ ਇਸ ਵੇਲੇ ਦੇ ਸ਼ਾਸਕ ਸ਼ਾਸਕ ਨਹੀਂ ਹੋਣਗੇ । ਇਹੀ ਚਿੰਤਾ 'ਚ ਬਹੁਤੇ ਸ਼ਾਸਕ ਡੁੱਬੇ ਹੋਏ ਹਨ ।
ਆਉ ਪਹਿਲਾਂ ਪਹਿਲੇ ਤਰ੍ਹਾਂ ਦੇ ਲੋਕਾਂ ਬਾਰੇ ਜਾਣੀਏ ।
ਸਮੇਂ ਦੇ ਸ਼ਾਸਕਾਂ ਨੂੰ ਸਿੱਖਾਂ ਦੇ ਕੇਸ ਰੱਖਣ ਜਾਂ ਕਛਹਿਰਾ ਪਾਉਣ ਜਾਂ ਕੰਘਾ ਰੱਖਣ ਜਾਂ ਕੜਾ ਪਾਉਣ 'ਚ ਕੋਈ ਵੀ ਸ਼ਿਕਾਇਤ ਨਹੀਂ ਹੋਈ । ਸ਼ਿਕਾਇਤ ਦਾ ਮੁੱਖ ਕਾਰਣ ਕ੍ਰਿਪਾਨ ਹੁੰਦੀ ਹੈ । ਹਥਿਆਰ ਹੁੰਦੇ ਨੇ । ਕਿਉਂਕਿ ਇਹ ਦੁਨੀਆਂ ਦੇ ਸ਼ਾਸਕਾਂ ਨੂੰ ਗੱਦੀ ਤੋਂ ਲਾਹ ਸਕਣ ਦੇ ਕਾਬਿਲ ਹੁੰਦੇ ਨੇ । ਇਕ ਹਥਿਆਰਬੰਦ ਸਿੱਖ ਲੱਖਾਂ ਲੋਕਾਂ ਦੀ ਭੀੜ 'ਚ ਵੀ ਆਪਣੇ ਆਪ ਨੂੰ ਨਿਰਭਉ ਜਾਣਦਾ ਹੈ । ਉਸਨੂੰ ਬਾਣੀ ਅਤੇ ਗੁਰੂ ਦੇ ਦਿੱਤੇ ਹੋਏ ਹਥਿਆਰਾਂ ਤੇ ਏਨਾ ਜ਼ਿਆਦਾ ਭਰੋਸਾ ਹੁੰਦਾ ਹੈ ਕਿ ਉਸਨੂੰ ਕੋਈ ਵੀ ਡਰ ਨਹੀਂ ਰਹਿ ਜਾਂਦਾ । ਓਹ ਸਦਾ ਹੀ ਗੁਰੂ ਨੂੰ ਆਪਣੇ ਅੰਗ ਸੰਗ ਜਾਣਦਾ ਹੈ । ਪਿਛੇ ਜਿਹੀ ਵਾਪਰੀ ਇੱਕ ਘਟਨਾ ਸਾਹਮਣੇ ਆਈ । ਜਿਸ ਵਿੱਚ ਇੱਕ ਸਿੰਘ ਕਾਰ ਰਾਹੀ ਆਪਣੀ ਮੰਜ਼ਿਲ ਵੱਲ ਜਾ ਰਿਹਾ ਹੁੰਦਾ ਹੈ ਤੇ ਲੋਕਾਂ ਦੇ ਚੱਲ ਰਹੇ ਅੰਦੋਲਨ ਵਿੱਚ ਫਸ ਜਾਂਦਾ ਹੈ । ਲੋਕ ਉਸਨੂੰ ਬੁਰਾ ਭਲਾ ਕਹਿਣ ਲੱਗ ਜਾਂਦੇ ਹਨ। ਧੂਹ ਕੇ ਜਦ ਸਿੰਘ ਚੰਡੀ ਦੇ ਦਰਸ਼ਨ ਕਰਾਉਂਦਾ ਹੈ ਤਾਂ ਸੌਆਂ ਦੀ ਗਿਣਤੀ ਦੇ ਲੋਕਾਂ ਦੇ ਸਾਹ ਸੁੱਕ ਜਾਂਦੇ ਨੇ ।
ਇਹ ਹੈ ਇਕ ਸ਼ਸ਼ਤਰ ਦੀ ਤਾਕਤ । ਇਹ ਹੈ ਗੁਰੂ ਦੀ ਬਖ਼ਸ਼ੀ ਹੋਈ ਸ੍ਰੀ ਸਾਹਿਬ ਦੀ ਤਾਕਤ ।
ਇਹ ਓਹ ਹੈ ਜਿਸਨੇ ਵੱਡੇ ਵੱਡੇ ਸ਼ਾਸਕ ਜ਼ਮੀਨ ਤੇ ਬਿਠਾ ਦਿੱਤੇ ।
ਇਹ ਓਹ ਹੈ ਜੋ ਜ਼ਾਲਮਾਂ ਦੇ ਨਾਸ਼ ਲਈ ਸਦਾ ਹੀ ਤਤਪਰ ਰਹਿੰਦੀ ਹੈ ।
ਇਹ ਓਹ ਹੈ ਜੋ ਸਦਾ ਲਈ ਸਿੱਖਾਂ ਦੇ ਅੰਗ ਸੰਗ ਰਹੇਗੀ ।

ਤਿੱਖੀ ਹੈ ਸ਼ਮਸ਼ੀਰ ਮੇਰੀ ਜ਼ਾਲਮਾਂ
ਲੰਘ ਨਾ ਜਾਈ ਮੇਰੇ ਕੋਲੋਂ ਜ਼ਾਲਮਾਂ
ਇਹ ਖੰਡਾ ਪਿਆਸਾ ਹੈ ਤੇਰੇ ਖ਼ੂਨ ਦਾ
ਨਾ ਦਈ ਇਸਨੂੰ ਮੌਕਾ ਤੈਨੂੰ ਮਾਰਨ ਦਾ
ਇਹ ਸਜਦੀ ਹੈ ਸਿੰਘ ਮਹਾਨ ਕੋਲੇ
ਜੋ ਪੂਜੇ ਇਸਨੂੰ ਗੁਰੂ ਦੇ ਕੋਲ ਖਲੋ ਕੇ
ਸਦਾ ਹੀ ਇਸਦੀ ਕ੍ਰਿਪਾ ਰਹੇ ਖਾਲਸੇ ਤੇ
ਹੋਰ ਕੀ ਆਸ ਰੱਖੇ 'ਅਨਪੜ੍ਹ ਬਾਬਾ' ਤੇਰੇ ਤੇ ।

ਕੁੱਝ ਸਮਾਂ ਪਹਿਲਾ ਦੀ ਹੀ ਗੱਲ ਹੈ ਕਿ ਇੱਕ ਵੀਡੀਉ 'ਚ ਇੱਕ ਬੀਬੀ ਨੂੰ ਕਹਿੰਦੇ ਹੋਏ ਸੁਣਿਆ ਕਿ ਹੁਣ ਤਾਂ ਹਥਿਆਰ ਰੱਖਣ ਦੀ ਲੋੜ੍ਹ ਨਹੀਂ ਹੈ । ਇਸਨੂੰ ਉਤਾਰ ਦੇਣਾ ਚਾਹੀਦਾ ਹੈ । ਹੁਣ ਤਾਂ ਜੀ ਫ਼ੌਜ਼ਾਂ ਮਹਾਨ ਨੇ ਦੇਸ਼ਾਂ ਦੀਆਂ । ਪੁਲਿਸ ਰਾਖੀ ਲਈ ਖੜ੍ਹੀ ਹੈ । ਇਕ ਇਹ ਹੀ ਕਾਰਣ ਮੁੱਢ ਬਣੇਗਾ ਆਉਣ ਵਾਲੇ ਸਮੇਂ 'ਚ ਜਦ ਸਿੱਖ ਆਪਣੇ ਪਹਿਨੇ ਹੋਏ ਕਕਾਰਾਂ ਨੂੰ ਉਤਾਰਨ ਬਾਰੇ ਸੋਚੇਗਾ । ਸਿਰਫ਼ ਇੱਥੇ ਤਕ ਸੀਮਤ ਨਾ ਰਹਿ ਕੇ ਇਹ ਕੇਸ, ਕਛਹਿਰੇ, ਕੰਘੇ ਅਤੇ ਕੜੇ ਵੀ ਆਪਣੇ ਵਿੱਚ ਸਮੇਟੇਗਾ ।
ਕਿਸੇ ਇਮਾਰਤ ਨੂੰ ਢਾਉਣ ਲਈ ਨੀਹਾਂ ਤੇ ਵਾਰ ਕਰਨਾ ਸਭ ਤੋਂ ਜ਼ਿਆਦਾ ਲਾਹੇਵੰਦ ਹੁੰਦਾ ਹੈ । ਮਰਯਾਦਾ ਸਿੱਖਾਂ ਦੀਆਂ ਓਹਨਾਂ ਨੀਹਾਂ ਵਿੱਚੋਂ ਹੈ ਜਿਨ੍ਹਾਂ ਨੇ ਬਹੁਤ ਹੀ ਮਜ਼ਬੂਤੀ ਨਾਲ ਸਿੱਖੀ ਨੂੰ ਆਪਣੇ ਉਪਰ ਖੜ੍ਹਾ ਕੀਤਾ ਹੋਇਆ ਹੈ । ਜਦ ਸਿੱਖਾਂ ਨੇ ਹਥਿਆਰ ਸੁੱਟ ਕੇ ਮਾਲਾਂ ਹੀ ਹੱਥ 'ਚ ਫੜ੍ਹ ਲਈਆਂ ਤਦ ਓਹ ਦਿਨ ਬਹੁਤ ਦੂਰ ਨਹੀਂ ਜਦ ਗ਼ੁਲਾਮੀ ਆ ਕਰ ਕੇ ਜ਼ੰਜੀਰਾਂ ਨੂੰ ਸਾਡੇ ਪੈਰਾਂ ਨਾਲ ਬੰਨ੍ਹ ਦੇਵੇਗੀ ।
ਸਿੰਘ ਗੁਰੂ ਦਾ ਆਪਣਾ ਰੂਪ ਹਨ । ਜੋ ਸ਼ਸ਼ਤਰਧਾਰੀ ਵੀ ਹਨ ਤੇ ਬਾਣੀ ਪੜ੍ਹਨ ਵਾਲੇ ਵੀ ਹਨ । ਜਦ ਗੁਰੂ ਸਾਹਿਬ ਨੇ ਜੰਗ ਦੇ ਨਾ-ਮਾਹੌਲ 'ਚ ਵੀ ਸ਼ਸ਼ਤਰ ਰੱਖੇ ਤਾਂ ਸਿਖਾਂ ਲਈ ਵੀ ਇਹ ਲਾਜ਼ਮੀ ਹੈ ਕਿ ਓਹ ਸ਼ਸ਼ਤਰਾਂ ਨੂੰ ਆਪਣੇ ਅੰਗ ਸੰਗ ਰੱਖਣ । ਇਹ ਕਦੇ ਵੀ ਨਹੀਂ ਹੋਵੇਗਾ ਕਿ ਦੇਸ਼ ਦੀ ਕੋਈ ਫ਼ੌਜ਼ ਜੰਗ ਨਾ ਹੋਣ ਦੇ ਹਾਲਤ 'ਚ ਹਥਿਆਰ ਸੁੱਟ ਦੇਵੇਗੀ, ਤੇ ਜਦ ਯੁੱਧ ਦਾ ਮਾਹੌਲ ਹੋਵੇ ਤਾਂ ਫਿਰ ਤੋਂ ਚੁੱਕ ਲਵੇਗੀ । ਖਾਲਸਾ ਤਾਂ ਹੈ ਹੀ ਕਾਲ ਪੁਰਖ ਕੀ ਫ਼ੌਜ਼, ਫੇਰ ਓਹ ਕਿਵੇਂ ਹਥਿਆਰ ਸੁੱਟ ਦੇਵੇਗਾ !?
ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੀਤੇ ਹੋਏ ਹੁਕਮਾਂ 'ਚ ਇਕ ਹੁਕਮ ਸ਼ਸ਼ਤਰ ਵਿੱਦਿਆ ਦਾ ਵੀ ਹੈ । ਓਸ ਨੂੰ ਕੀ ਕਰਾਂਗੇ ਫੇਰ ? ਕਹਿ ਦੇਵਾਂਗੇ ਕਿ ਹੁਣ ਲੋੜ ਨਹੀਂ ? ਕੀ ਗੁਰੂ ਦੇ ਦੱਸੇ ਹੋਏ ਨਿਯਮ ਹੁਣ ਮਾਇਣੇ ਨਹੀਂ ਰੱਖਦੇ ?
ਸੋ ਖਾਲਸਾ ਜੀ, ਓਹ ਸਮਾਂ ਬਹੁਤ ਦੂਰ ਨਹੀਂ ਜਦ ਸਾਨੂੰ ਕ੍ਰਿਪਾਨ ਦੀ ਮਹਾਨਤਾ ਭੁੱਲ ਜਾਂ ਭੁਲਾ ਦਿੱਤੀ ਜਾਵੇਗੀ ਤੇ ਅਸੀਂ ਹੱਥਾਂ 'ਚ ਮਾਲਾਂ ਫੜ੍ਹ ਕੇ ਬੈਠ ਜਾਵਾਂਗੇ ਇਸ ਇੰਤਜ਼ਾਰ 'ਚ ਕਿ ਕਦੋਂ ਕੋਈ ਆ ਕਰ ਕੇ ਜ਼ੁਲਮ ਕਰੇ ਸਾਡੇ ਤੇ ਅਤੇ ਸਾਨੂੰ ਆਪਣੀ ਕੀਤੀ ਹੋਈ ਭੁੱਲ ਯਾਦ ਆਵੇ ।
ਗੁਰੂ ਦਾ ਸਿੱਖ ਬਿਨਾਂ ਸ਼ਸ਼ਤਰਾਂ ਤੋਂ ਤਾਂ ਬਿਲਕੁੱਲ ਵੀ ਨਹੀਂ ਜਚਦਾ । ਗੁਰੂ ਦਾ ਸਿੱਖ ਇੱਕ ਯੋਧਾ ਹੈ ਜੋ ਸਦਾ ਲਈ ਹੀ ਗੁਰੂ ਸਾਹਿਬ ਦੇ ਦੱਸੇ ਹੋਏ ਨਿਯਮਾਂ ਤੇ ਚੱਲਦਾ ਹੈ ।
ਸ਼ਸ਼ਤਰ ਉਤਾਰਨ ਦੀ ਕੋਸ਼ਿਸ਼ ਬਿਨਾਂ ਕਿਸੇ ਕਾਰਨ ਦੇ ਨਹੀਂ ਹੋ ਸਕਦੀ । ਇਹ ਹੌਲੀ ਹੌਲੀ ਦਿਮਾਗ਼ ਦੇ ਵਿੱਚ ਪਾਇਆ ਜਾਵੇਗਾ । ਚਾਹੇ ਓਹ ਕਿਤਾਬਾਂ ਦੇ ਰਾਹੀ ਹੋਵੇ, ਜਾਂ ਫਿਰ ਮੀਡੀਆਂ ਦੇ ਰਾਹੀ, ਜਾਂ ਫਿਰ ਸਰਕਾਰਾਂ ਦੇ ਰਾਹੀ । ਗੁਰਬਾਣੀ ਜਦ ਤੱਕ ਆਪਣੇ ਹਿਰਦੇ 'ਚ ਵਸੀ ਹੋਈ ਹੈ ਤਦ ਤੱਕ ਕੋਈ ਕੁੱਝ ਨਹੀਂ ਕਰ ਸਕਦਾ । ਜਦ ਗੁਰਬਾਣੀ ਵਿਸਰ ਗਈ ਤਦ ਆਪਾਂ ਆਪਣਾ ਆਪ ਭੁੱਲ ਜਾਵਾਂਗੇ । ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਆਪਾਂ ਗੁਰ-ਇਤਿਹਾਸ ਅਤੇ ਗੁਰਬਾਣੀ ਦੇ ਨਾਲ ਜੁੜੇ ਰਹੀਏ । ਜਦ ਆਪਾਂ ਨੂੰ ਗੁਰਬਾਣੀ ਤੇ ਸ਼ੰਕਾ ਹੋਣ ਲੱਗਿਆ ਤਾਂ ਸਮਝ ਲੈਣਾ ਕਿ ਵਿਰੋਧੀ ਧਿਰ ਦੇ ਲੋਕਾਂ ਦੀਆਂ ਕੀਤੀਆਂ ਹੋਈਆਂ ਕੋਝੀਆਂ ਕੋਸ਼ਿਸ਼ਾਂ ਕਾਮਯਾਬ ਹੋ ਰਹੀਆਂ ਹਨ ।
ਇਹ ਵੀ ਹੋ ਸਕਦਾ ਹੈ ਕਿ ਸਿੱਖੀ ਸਰੂਪ 'ਚ ਭੇਖੀ ਲੋਕ ਕੁੱਝ ਐਹੋ ਜਿਹੀਆਂ ਗੱਲਾਂ ਜਾਂ ਕੰਮ ਕਰਨ ਜਿਸ ਨਾਲ ਸਿੱਖੀ ਦੇ ਅਕਸ ਤੇ ਕੋਈ ਅਸਰ ਪਵੇ ਤੇ ਫਿਰ ਓਹਨਾਂ ਘਟਨਾਵਾਂ ਨੂੰ ਲੈ ਕਰ ਕੇ ਸਿੱਖਾਂ ਖਿਲਾਫ਼ ਕੋਈ ਸਾਜ਼ਿਸ਼ ਰਚੀ ਜਾਵੇ । ਇਹ ਕੋਈ ਪਹਿਲੀ ਵਾਰ ਨਹੀਂ ਹੋਵੇਗਾ । ੮੦ ਤੇ ੯੦ ਦੇ ਦਹਾਕਿਆਂ 'ਚ ਬਹੁਤ ਵਾਰੀ ਸਿੱਖੀ ਸਰੂਪ 'ਚ ਸਰਕਾਰਾਂ ਦੇ ਬੰਦਿਆਂ ਨੇ ਮਾਸੂਮਾਂ ਨੂੰ ਮਾਰਿਆ ਤੇ ਸਿੱਖਾਂ ਦੇ ਗਲ ਮੜ੍ਹ ਦਿੱਤਾ । ਇਕ ਇਹੋ ਜਿਹੀ ਘਟਨਾ ਵਾਪਰ ਸਕਦੀ ਹੈ ਤਾਂ ਜੋ ਸਿੱਖਾਂ ਦੇ ਹਥਿਆਰ ਰੱਖਣ ਦੀ ਆਜ਼ਾਦੀ ਖੋਹ ਲਈ ਜਾਵੇ । ਪਰ ਗੁਰੂ ਦੇ ਸਿੱਖ ਸੀਸ ਦੇਣ ਲਈ ਤਿਆਰ ਹੋ ਜਾਣਗੇ ਪਰ ਸ਼ਸ਼ਤਰ ਨਹੀਂ ਤਿਆਗਣਗੇ ।
ਨਿਹੱਥੇ ਲੋਕਾਂ ਤੇ ਵਾਰ ਕਰਨਾ ਬਹੁਤ ਆਸਾਨ ਹੁੰਦਾ ਹੈ ਪਰ ਹਥਿਆਰਬੰਦ ਇਨਸਾਨ ਨਾਲ ਕੋਈ ਬਹੁਤ ਸੋਚ ਸਮਝ ਕੇ ਹੀ ਕੋਈ ਕੋਝੀ ਗੱਲ ਕਰੇਗਾ । ਗੁਰੂ ਸਾਹਿਬ ਨੇ ਐਵੇ ਹੀ ਨਹੀਂ ਸ਼ਸ਼ਤਰਾਂ ਨੂੰ ਪੀਰ ਕਹਿ ਦਿੱਤਾ । ਇਹ ਗੁਰੂ ਦੇ ਸਿੱਖਾਂ ਦੀ ਰਾਖੀ ਲਈ ਬਹੁਤ ਲਾਹੇਵੰਦ ਹੈ । ੧੯੮੪ ਦੇ ਸਿੱਖ-ਵਿਰੋਧੀ ਕਤਲੇਆਮ 'ਚ ਕਿੰਨੇ ਕੁ ਲੋਕਾਂ ਨੇ ਆਪਣੇ ਕੋਲ ਸ਼ਸ਼ਤਰ ਰੱਖੇ ਸੀ ? ਜੇਕਰ ਇੱਕ ਇੱਕ ਸ਼ਸ਼ਤਰ ਘਰੇ ਰੱਖਿਆ ਹੁੰਦਾ ਤਾਂ ਮਜਾਲ ਹੈ ਕਿ ਕੋਈ ਹੱਥ ਲਗਾ ਜਾਂਦਾ । ਤੇ ਜਿਨ੍ਹਾਂ ਨੇ ਆਪਣੇ ਘਰ ਸ਼ਸ਼ਤਰ ਰੱਖੇ ਸੀ ਓਨ੍ਹਾਂ ਨੇ ਫਿਰ ਭਜਾ ਭਜਾ ਕੇ ਨਿਖੇੜੇ ਓਹ ਲੋਕ ਜੋ ਸਿੱਖਾਂ ਦੇ ਖ਼ੂਨ ਦੇ ਪਿਆਸੇ ਬਣ ਚੁੱਕੇ ਸੀ ।
ਖਾਲਸਾ ਜੀਓ, ਸਮਾਂ ਬਹੁਤ ਭਿਆਨਕ ਆਉਣ ਵਾਲਾ ਹੈ । ਜੇਕਰ ਆਪਾਂ ਤਿਆਰ ਨਹੀਂ ਹੋਏ ਤਾਂ ਬਹੁਤ ਜ਼ਿਆਦਾ ਨੁਕਸਾਨ ਕਰਵਾ ਬੈਠਾਂਗੇ । ਨੁਕਸਾਨ ਸਿਰਫ਼ ਜਾਨੀ ਨਹੀਂ ਬਲਕਿ ਇਤਿਹਾਸਿਕ ਤੇ ਮਾਨਸਿਕ ਵੀ । ਮਾਨਸਿਕ ਨੁਕਸਾਨ ਬਹੁਤ ਹੀ ਨੁਕਸਾਨ ਦੇ ਹੁੰਦਾ ਹੈ ਜਿਸ 'ਚ ਇਨਸਾਨ ਇਕ ਉਲਝਣ 'ਚ ਕੈਦ ਹੋ ਕਰਕੇ ਆਪਣੇ ਆਪ ਨੂੰ ਓਸ ਰਸਤੇ ਤੇ ਲੈ ਜਾਣ ਲਈ ਪ੍ਰੇਰਦਾ ਹੈ ਜੋ ਸਿੱਖੀ ਤੋਂ ਬਹੁਤ ਦੂਰ ਹੈ । ਉਸਨੂੰ ਸਹੀਂ ਜਾ ਗ਼ਲਤ ਦਾ ਨਹੀਂ ਪਤਾ ਲੱਗਦਾ । ਇਕ ਖ਼ਾਸ ਮਾਹੌਲ ਰਾਹੀ ਸਿਰਜੇ ਹੋਏ ਵਾਤਾਵਰਣ 'ਚ ਓਹ ਨਾ ਸਿਰਫ਼ ਆਪਣੇ ਆਪ ਨੂੰ ਸਮਝਦਾਰ ਸਮਝਦਾ ਹੈ ਬਲਕਿ ਗੁਰ-ਇਤਿਹਾਸ ਤੇ ਗੁਰਬਾਣੀ 'ਤੇ ਕਿੰਤੂ ਪ੍ਰੰਤੂ ਵੀ ਕਰਨ ਲੱਗ ਜਾਂਦਾ ਹੈ । ਇਸ ਮਾਨਸਿਕ ਹਾਲਾਤ 'ਚ ਉਸਨੂੰ ਓਹ ਲੋਕ ਹੀ ਸਹੀਂ ਜਾਪਦੇ ਨੇ ਜੋ ਉਸਨੂੰ ਸਿੱਖੀ ਤੋਂ ਦੂਰ ਲੈ ਕਰ ਜਾਣ ਲਈ ਤਿਆਰ ਖੜ੍ਹੇ ਨੇ ।
ਇਹ ਗੱਲ ਸਮੇਂ ਦੀਆਂ ਸਰਕਾਰਾਂ ਅਤੇ ਲੋਕਾਂ ਤੇ ਵੀ ਢੁੱਕਦੀ ਹੈ ਜੋ ਸਿੱਖੀ ਰਹਿਤ 'ਚ ਰਹਿ ਰਹੇ ਇੱਕ ਸਿੱਖ ਨੂੰ ਸਿੱਖੀ ਤੋਂ ਦੂਰ ਹੋਇਆ ਜਾਣਦੇ ਹਨ । ਜੇਕਰ ਓਹ ਸਿੱਖੀ ਨੂੰ ਇੱਕ ਅਲੱਗ ਧਰਮ ਕਹਿ ਦੇਵੇ ਤਾਂ ਉਸਨੂੰ ਅਲੱਗ-ਅਲੱਗ ਨਾਵਾਂ ਨਾਲ ਪੁਕਾਰ ਕੇ ਇਹ ਸਿੱਧ ਕੀਤਾ ਜਾਂਦਾ ਹੈ ਕਿ ਓਹ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਨਹੀਂ ਚੱਲ ਰਿਹਾ । ਭੀੜ ਉਸ ਤੇ ਹਾਵੀ ਹੋਣ ਨੂੰ ਫਿਰਦੀ ਹੈ । ਅਗਰ ਉਸਦੇ ਹਿਰਦੇ 'ਚ ਗੁਰੂ ਦੀ ਬਾਣੀ ਹੈ ਤਾਂ ਉਸਨੂੰ ਦੁਨੀਆਂ ਦੀ ਕੋਈ ਵੀ ਤਾਕਤ ਨਹੀਂ ਹਿਲਾ ਸਕਦੀ । ਜੇਕਰ ਓਹ ਆਪਣੇ ਗੁਰੂ ਦੀ ਦੱਸੀ ਹੋਈ ਮਰਯਾਦਾ ਭੁੱਲ ਚੁੱਕਾ ਹੈ ਤਾਂ ਉਸ ਲਈ ਸਾਰਾ ਇਤਿਹਾਸ ਅਤੇ ਸਿੱਖੀ ਝੂਠੀ ਜਾਪਦੀ ਹੈ ।
ਕੁੱਝ ਸਮਾਂ ਪਹਿਲੇ ਪੜ੍ਹੀ ਹੋਈ ਇੱਕ ਘਟਨਾ ਸਾਹਮਣੇ ਆਈ । ਸ਼ਰਾਰਤੀ ਲੋਕਾਂ ਨੇ ਇੱਥੋਂ ਤੱਕ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਕ੍ਰਿਪਾਨ ਪਾਉਣੀ ਇੱਕ ਜਨੇਊ ਦੇ ਸਮਾਨ ਹੈ । ਜਿਵੇਂ ਕਿ ਪਹਿਲਾਂ ਹੀ ਦੱਸਿਆ ਜਾ ਚੁੱਕਾ ਹੈ ਕਿ ਲੋਕਾਂ ਨੇ ਕ੍ਰਿਪਾਨ ਲਵਾਉਣ ਲਈ ਬਹੁਤ ਸਾਰੀਆਂ ਵਿਉਂਤਾਂ ਬਣਾਈਆਂ ਹੋਈਆਂ ਹਨ । ਕ੍ਰਿਪਾਨ ਨੂੰ ਇਸ ਕਰਕੇ ਨਕਾਰ ਦੇਣਾ ਕਿ ਇਹ ਗੁਰੂ ਸਾਹਿਬ ਦੀ ਦੱਸੀ ਹੋਈ ਮਰਿਆਦਾ ਦੇ ਖ਼ਿਲਾਫ ਹੈ ਕਿਉਂਕਿ ਗੁਰੂ ਸਾਹਿਬ ਨੇ ਜਨੇਊ ਪਾਉਣ ਤੋਂ ਮਨ੍ਹਾਂ ਕੀਤਾ ਸੀ ਇੱਕ ਬਹੁਤ ਹੀ ਵੱਡੀ ਬੇਵਕੂਫੀ ਹੈ । ਕੀ ਗੁਰੂ ਸਾਹਿਬ ਨੇ ਕਿਹਾ ਸੀ ਕ੍ਰਿਪਾਨ ਪਾਉਣਾ ਜਨੇਊ ਪਾਉਣ ਦੇ ਸਮਾਨ ਹੈ ? ਕੀ ਗੁਰੂ ਸਾਹਿਬ ਨੇ ਕਿਹਾ ਸੀ ਕ੍ਰਿਪਾਨ ਕੁਝ ਕੁ ਸਮੇਂ ਲਈ ਪਹਿਨ ਲਵੋ ਫਿਰ ਉਤਾਰ ਦਿਉ ? ਨਹੀਂ । ਕਦੇ ਵੀ ਨਹੀਂ । ਸਿੱਖਾਂ ਦੇ ਦਿਮਾਗ਼ਾਂ 'ਚ ਇਹ ਚੀਜ਼ ਵਾੜੀ ਜਾ ਰਹੀ ਹੈ ਜੋ ਕਦੇ ਵੀ ਇਤਿਹਾਸ ਨਹੀਂ ਸੀ ।
ਬਹੁਤੇ ਏਹਨਾਂ 'ਚ ਓਹ ਲੋਕ ਹੁੰਦੇ ਨੇ ਜੋ ਸਿੱਖਾਂ ਦੀ ਅਲੱਗ ਹਸਤੀ ਮੰਨਣ ਤੋਂ ਇਨਕਾਰੀ ਹੁੰਦੇ ਨੇ । ਕੁਝ ਉਹ ਲੋਕ ਜੋ ਏਜੰਸੀਆਂ ਦੇ ਖਰੀਦੇ ਹੋਏ ਹਨ । ਇਨ੍ਹਾਂ ਦਾ ਸਿੱਖੀ ਤੇ ਹਮਲਾ ਜ਼ਿਆਦਾ ਮਾਨਸਿਕ ਤੌਰ ਤੇ ਹੁੰਦਾ ਹੈ ਜਿਸ ਦਾ ਮੁੱਖ ਮਕਸਦ ਸਿਖਾਂ ਦੀ ਨਵੀਂ ਪਨੀਰੀ ਨੂੰ ਸਿੱਖੀ ਤੋਂ ਪਰ੍ਹੇ ਕਰਨਾ ਹੈ । ਤੇ ਇਹ ਅੱਜ ਕੱਲ ਬਹੁਤ ਜ਼ੋਰਾ-ਸ਼ੋਰਾ ਨਾਲ ਚੱਲ ਰਿਹਾ ਹੈ । ਬਹੁਤੇ ਸੱਜਣ ਇੰਟਰਨੈੱਟ ਦਾ ਇਸਤਮਾਲ ਕਰਦੇ ਹੋਏ ਸਿੱਖੀ ਨੂੰ ਹਿੰਦੂਆਂ ਦਾ ਇੱਕ ਹਿੱਸਾ ਦੱਸਣ ਤੇ ਹੀ ਤੁਲੇ ਹੋਏ ਹਨ । ਉਨ੍ਹਾਂ ਨੂੰ ਸਿੱਖੀ ਅਲੱਗ ਕੌਮ ਕਹਿਣ ਤੋਂ ਬਹੁਤ ਪਰੇਸ਼ਾਨੀ ਹੁੰਦੀ ਜਾਪਦੀ ਹੈ । ਜਿਸਦਾ ਕਾਰਨ ਸਿੱਖਾਂ ਨੂੰ ਆਪਣੇ ਵਿੱਚ ਸਮੇਟਣਾ ਹੁੰਦਾ ਹੈ । ਸਿੱਖੀ ਨੂੰ ਆਪਣਾ ਹਿੱਸਾ ਦੱਸਣਾ ਸਿਰਫ਼ ਅੱਖਰੀ ਲਫ਼ਜ਼ਾਂ ਵਿੱਚ ਹੀ ਸੀਮਤ ਨਹੀਂ ਬਲਕਿ ਬਹੁਤ ਸਾਰਾ ਮਸਾਲਾ ਇਕੱਠਾ ਕਰ ਕੇ ਰੱਖਿਆ ਜਾ ਚੁੱਕਾ ਹੈ । ਚਾਹੇ ਓਹ ਇੱਕ ਰੱਬ ਦੀ ਗੱਲ ਹੋਵੇ, ਮਰਨ-ਜਨਮ ਦੀ, ਕਰਮ ਦੀ, ਜਾ ਗੁਰਬਾਣੀ ਦੀ । ਇਨ੍ਹਾਂ ਨੂੰ ਹਰ ਇੱਕ ਗੱਲ ਆਪਣੇ ਵੇਦਾਂ 'ਚੋ ਹੀ ਨਿਕਲੀ ਜਾਪਦੀ ਹੈ । ਓਹ ਭਲਿਓ ਲੋਕੋ ਜੇ ਗੁਰੂ ਸਾਹਿਬ ਨੇ ਵੇਦਾਂ ਦੀ ਹੀ ਨਕਲ ਕਰਨੀ ਸੀ ਤਾਂ ਫਿਰ ਗੁਰਬਾਣੀ ਉਚਾਰਨ ਦੀ ਕੀ ਲੋੜ ਸੀ ? ਵੇਦ ਤਾਂ ਪਹਿਲਾਂ ਹੀ ਸਨ । ਫਿਰ ਇਨ੍ਹਾਂ ਸਤਰਾਂ ਦਾ ਕੀ ਅਰਥ ਹੋਇਆ ?

ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥

ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥

ਖੈਰ ਇਹ ਗੱਲਾਂ ਕਿਸੇ ਹੋਰ ਲੇਖਾਂ 'ਚ ਲਿਖਾਂਗੇ ।
ਕ੍ਰਿਪਾਨ ਤੇ ਸੀਮਤ ਨਾ ਰਹਿ ਕੇ ਪ੍ਰਚਾਰਕਾਂ ਨੇ ਅੱਜ ਕੱਲ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਗੁਰਬਾਣੀ ਪੜ੍ਹਨ ਦਾ ਕੋਈ ਲਾਭ ਨਹੀਂ ਹੈ । ਇਹ ਤਾਂ ਸਿਰਫ਼ ਗਿਆਨ ਹੀ ਹੈ । ਹੋਰ ਕੁੱਝ ਵੀ ਨਹੀਂ । ਸਿਰੇ ਦੀ ਚੋਟੀ ਤੇ ਬੈਠ ਕੇ ਜੇ ਕੋਈ ਇਸਦਾ ਪ੍ਰਚਾਰ ਕਰ ਰਿਹਾ ਹੈ ਓਹ ਹੈ ਢੱਡਰੀਆਂ ਵਾਲਾ । ਕਾਫ਼ੀ ਸਿੱਖੀ ਦਾ ਪ੍ਰਚਾਰ ਕਰਨ ਤੋਂ ਬਾਅਦ ਐਸੀ ਮਤ ਵੱਜੀ ਕਿ ਅੱਜ ਤੱਕ ਸਹੀ ਰਸਤੇ ਤੇ ਨਹੀ ਬਹੁੜਿਆ ।
ਸਿੱਖਾਂ ਤੋਂ ਇਹ ਵੀ ਸੁਨਣ 'ਚ ਆਇਆ ਕਿ ਕੁੱਝ ਕੁ ਪ੍ਰਚਾਰਕਾਂ ਨੇ ਗੁਰੂ ਘਰਾਂ 'ਚ ਸਿੱਖਾਂ ਨੂੰ ਕ੍ਰਿਪਾਨ ਲਾਹ ਕੇ ਆਉਣ ਲਈ ਕਿਹਾ । ਇਹ ਕਿਸ ਤਰ੍ਹਾਂ ਦਾ ਪ੍ਰਚਾਰ ਹੈ ਜਿਸ 'ਚ ਸਿੱਖਾਂ ਦੇ ਕਕਾਰ ਲਵਾ ਕੇ ਅੰਦਰ ਆਉਣ ਦੀ ਇਜ਼ਾਜ਼ਤ ਦਿੱਤੀ ਜਾਂਦੀ ਹੈ ? ਆਪਾਂ ਤਾਂ ਬਾਹਰਲੇ ਲੋਕਾਂ ਨੂੰ ਕਹਿੰਦੇ ਨਹੀਂ ਥੱਕਦੇ ਕਿ ਓਹ ਸਿੱਖੀ ਦਾ ਘਾਣ ਕਰ ਰਹੇ ਨੇ, ਪਰ ਇੱਥੇ ਤਾਂ ਆਪਣੇ ਲੋਕ ਵੀ ਨੀ ਮਾਣ । ਜਾਂ ਫਿਰ ਇਹ ਕਹਿ ਲਵੋ ਕਿ ਇਹ ਲੋਕ ਆਪਣੇ ਹੈ ਹੀ ਨਹੀਂ ਬਲਕਿ ਸਿੱਖੀ ਸਰੂਪ 'ਚ ਲੁਕੇ ਹੋਏ ਓਹ ਬਹਿਰੂਪੀਏ ਨੇ ਜਿਨ੍ਹਾਂ ਨੇ ਸਿੱਖਾਂ ਦੀ ਜੜ੍ਹ ਰੂਪੀ ਮਰਯਾਦਾ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਹੈ । ਇੱਥੇ ਹੀ ਸੀਮਤ ਨਾ ਰਹਿ ਕੇ, ਇਹ ਲੋਕ ਖੁਦ ਸ਼ਸ਼ਤਰਧਾਰੀ ਹੋਣਗੇ, ਤੇ ਫਿਰ ਕ੍ਰਿਪਾਨ ਦਾ ਹੀ ਉਲਟ ਪ੍ਰਚਾਰ ਕਰਨਗੇ ।
ਬਹੁਤੇ ਲੋਕ ਜੋ ਅੱਜ ਅੰਮ੍ਰਿਤ ਦੀ ਮਰਯਾਦਾ ਦਾ ਰੌਲਾ ਪਾ ਰਹੇ ਹਨ ਇਹ ਖੁਦ ਪੰਜ ਬਾਣੀਆਂ ਪੜ੍ਹ ਕੇ ਅੰਮ੍ਰਿਤ ਛਕਣ ਵਾਲੇ ਹਨ । ਕੀ ਹੋ ਗਿਆ ਕਿ ਖੁਦ ਓਸ ਮਰਯਾਦਾ ਦੇ ਧਾਰਣੀ ਹੋਣ ਦੇ ਬਾਵਜੂਦ ਇਹ ਲੋਕ ਇਹ ਕਹਿ ਰਹੇ ਹਨ ਕਿ ਪਹਿਲੇ ੧੩ ਅੰਗ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਜਾਵੇ ? ਕੀ ਪਹਿਲਾਂ ਤਿਆਰ ਕੀਤਾ ਹੋਇਆ ਅੰਮ੍ਰਿਤ ਜੋ ਛਕਿਆ ਸੀ ਓਹ ਅੰਮ੍ਰਿਤ ਨਹੀਂ ਸੀ ? ਹੁਣ ਜ਼ਿਆਦਾ ਸੋਝੀ ਆ ਗਈ ਹੈ ? ਜਾ ਪੈਸੇ ਨੇ ਮੱਤ ਮਾਰ ਕੇ ਰੱਖ ਦਿੱਤੀ ਹੈ ? ਕੁੱਝ ਵੀ ਕਹਿ ਲਵੋ, ਇਨ੍ਹਾਂ ਲੋਕਾਂ ਦਾ ਮੁੱਖ ਮਕਸਦ ਗੁਰਬਾਣੀ, ਗੁਰ-ਇਤਿਹਾਸ ਅਤੇ ਮਰਯਾਦਾ ਨੂੰ ਬਦਲਣਾ ਹੈ । ਆਪਣੇ ਨਿੱਜ਼ੀ ਸੁਆਰਥਾਂ 'ਚ ਫਸੇ ਹੋਏ ਇਹ ਲੋਕ ਬਹੁਤੀ ਦੇਰ ਤੱਕ ਨਹੀਂ ਦੁਨੀਆਂ 'ਚ ਜਾਣੇ ਜਾਣਗੇ । ਇਨ੍ਹਾਂ ਨੂੰ ਵੀ ਓਨ੍ਹੀਂ ਕੁ ਇੱਜ਼ਤ ਮਿਲੇਗੀ ਇਤਿਹਾਸ 'ਚ ਜਿੰਨੀ ਕਾਲੇ ਅਫ਼ਗ਼ਾਨੇ ਅਤੇ ਭਸੌੜੀਆਂ ਨੂੰ ਮਿਲੀ ਹੈ । ਇਹ ਸ਼ੋਰ ਸ਼ਰਾਬਾਂ ਤਾਂ ਚੱਲਦਾ ਹੀ ਰਿਹਾ ਹੈ ਇਤਿਹਾਸ 'ਚ । ਪਰ ਕਿੰਨੇ ਕੁ ਸਿੱਖ ਇਸਦੀ ਭੇਟਾ ਚੜ੍ਹਨਗੇ ਇਹ ਆਉਣ ਵਾਲੇ ਦਿਨਾਂ 'ਚ ਹੀ ਪਤਾ ਚੱਲੇਗਾ ।
ਬਹੁਤੇ ਪ੍ਰਚਾਰਕ ਜੋ ਅੱਜ ਆਪਣੇ ਆਪ ਨੂੰ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਦੱਸਦੇ ਨੇ, ਚਾਹੇ ਓਹ ਢੱਡਰੀ ਹੋਵੇ, ਬਲਜੀਤ ਦਿੱਲੀ, ਧੂੰਦਾ, ਜਾਚਕ, ਜਾਂ ਕੋਈ ਏਹਨਾਂ ਦੀ ਟੋਲੀ ਦਾ ਕੋਈ ਸੱਜਣ, ਇਨ੍ਹਾਂ ਸਭਨਾ ਦਾ ਆਪਣਾ ਕੋਈ ਵੀ ਗੁਰਮੁਖਾਂ ਵਾਲਾ ਜੀਵਨ ਨਹੀਂ ਹੈ । ਸਿਰਫ਼ ਤਰਕ ਹੀ ਹਨ ਪੱਲੇ, ਜੋ ਭਗਤੀ ਮਾਰਗ ਤੋਂ ਕੋਹਾਂ ਦੂਰ ਨੇ । ਜੋ ਗੁਰਮੁੱਖ ਆਪ ਗੁਰਬਾਣੀ ਪੜ੍ਹਨ ਵਾਲਾ ਹੈ ਤੇ ਸਿਮਰਨ ਕਰਨ ਵਾਲਾ ਹੈ, ਉਹ ਹੀ ਇੱਕ ਚੰਗਾ ਪ੍ਰਚਾਰਕ ਕਹਾ ਸਕਦਾ ਹੈ ਕਿਉਂਕਿ ਉਸਨੂੰ ਪਤਾ ਹੈ ਕਿ ਸਿੱਖੀ ਹੈ ਕੀ, ਗੁਰਸਿੱਖੀ ਜੀਵਨ ਕੀ ਹੈ, ਓਸ ਪ੍ਰਮਾਤਮਾ ਨੂੰ ਕਿਵੇਂ ਪਾਈਦਾ ਹੈ, ਕਿਸ ਤਰ੍ਹਾਂ ਗੁਰਸਿੱਖੀ ਦੇ ਮਾਰਗ ਤੇ ਚੱਲਦੇ ਹੋਏ ਕਠਿਨਾਈਆਂ ਅਉਂਦੀਆਂ ਹਨ । ਦੂਜੀ ਤਰਫ਼, ਅਨਪੜ੍ਹ ਪ੍ਰਚਾਰਕਾਂ ਦਾ ਕੋਈ ਵੀ ਨਿਸ਼ਾਨਾ ਨਹੀਂ ਹੁੰਦਾ ਸਿੱਖੀ ਦਾ ਬਲਕਿ ਸੰਗਤ ਨੂੰ ਭਟਕਾਉਣਾ ਹੀ ਜੀਵਨ ਦਾ ਮੁੱਖ ਨਿਸ਼ਚਾ ਬਣ ਚੁੱਕਾ ਹੈ ।
ਉਹ ਗੁਰਸਿੱਖ ਜੋ ਸਤਿ-ਬਚਨ ਕਹਿ ਕੇ ਗੁਰੂ ਸਾਹਿਬ ਦਾ ਹੁਕਮ ਮੰਨ ਲੈਂਦੇ ਸਨ ਬਹੁਤ ਹੀ ਘੱਟ ਹੋਣਗੇ ਇਸ ਸਮੇਂ । ਹੁਣ ਤਾਂ ਜੇਕਰ ਗੁਰੂ ਸਾਹਿਬ ਆ ਵੀ ਜਾਣ ਤਾਂ ਵੀ ਅਨਪੜ੍ਹ ਪ੍ਰਚਾਰਕਾਂ ਨੇ ਤਰਕ ਕਰਨਾ ਸ਼ੁਰੂ ਕਰ ਦੇਣਾ ਹੈ ਕਿ ਇਹ ਗੁਰੂ ਨਹੀਂ ਹੈ, ਗੁਰਬਾਣੀ ਗੁਰਬਾਣੀ ਨਹੀਂ ਹੈ, ਰੱਬ ਕੁੱਝ ਵੀ ਨਹੀਂ । ਇੱਥੋਂ ਤੱਕ ਹੀ ਨਹੀਂ, ਗੁਰੂ ਸਾਹਿਬ ਨੇ ਜੇਕਰ ਮੂਹੌ ਬਚਨ ਕਰ ਦਿੱਤਾ ਕਿ ਜਨਮ-ਮਰਨ ਹੁੰਦਾ ਹੈ, ੮੪ ਲੱਖ ਜੂਨ 'ਚ ਜੀਵ ਆਉਂਦਾ ਹੈ, ਫਿਰ ਵੀ ਮੂਰਖ ਲੋਕਾਂ ਨੇ ਇਹ ਕਹਿ ਕੇ ਨਕਾਰ ਦੇਣਾ ਹੈ ਕਿ ਗੁਰੂ ਸਾਹਿਬ ਝੂਠ ਬੋਲਦੇ ਹਨ, ਏਦਾਂ ਦਾ ਕੁੱਝ ਵੀ ਨਹੀਂ ਹੁੰਦਾ । ਸਾਇੰਸ ਨਹੀਂ ਮੰਨਦੀ ਇਹ ਸਭ ਕੁੱਛ । ਵਿਗਿਆਨ ਹੀ ਰੱਬ ਹੈ । ਇਸ ਬਾਰੇ ਵੀ ਇੱਕ ਅਲੱਗ ਅਧਿਆਇ ਲਿਖੇ ਜਾਣ ਦੀ ਸੰਭਾਵਨਾ ਹੈ ਕਿਉਂਕਿ ਬਹੁਤੇ ਲੋਕ ਇਸ ਸਦੀ ਦੇ ਇਸ ਲਈ ਨਾਸਤਕ ਹਨ ਕਿਉਂਕਿ ਸਾਇੰਸ ਦੀ ਖੋਜ਼ ਰੱਬ ਦੀ ਹੋਂਦ ਨੂੰ ਨਕਾਰਦੀ ਹੈ ।
ਸਰੋਵਰਾਂ ਦੀ ਮਰਿਯਾਦਾ ਵੀ ਹੈ ਜੋ ਗੁਰੂ ਸਾਹਿਬਾਨਾਂ ਨੇ ਚਲਾਈ ਸੀ । ਪਰ ਲੋਕਾਂ ਨੇ ਹਿੰਦੂਵਾਦ ਕਹਿ ਕੇ ਇਸਦਾ ਵੀ ਭੰਡੀ ਪ੍ਰਚਾਰ ਬਹੁਤ ਕੀਤਾ ਹੈ । ਦਰਅਸਲ 'ਚ ਜੇ ਦੇਖਿਆ ਜਾਵੇ ਤਾਂ ਇਹ ਸਿੱਧ ਹੁੰਦਾ ਹੈ ਕਿ ਸਿੱਖੀ ਦੇ ਅਸੂਲ ਹਿੰਦੂਵਾਦ ਕਹਿ ਕਿ ਹੀ ਨਕਾਰੇ ਜਾਂਦੇ ਹਨ ਜਾਂ ਜਾਣਗੇ । ਬਹੁਤੇ ਲੋਕਾਂ ਦੀ ਇਤਿਹਾਸ ਦੇ ਪੱਖੋਂ ਕੋਈ ਪੜ੍ਹਾਈ ਨਹੀਂ ਹੈ, ਸੋ ਓਹ ਲੋਕ ਜ਼ਲਦੀ ਹੀ ਲੋਕਾਂ ਦੇ ਲਿਖੇ ਹੋਏ ਸਿੱਖ-ਵਿਰੋਧੀ ਲਿਖਤਾਂ ਦੇ ਹੱਥੀ ਚੜ੍ਹ ਜਾਂਦੇ ਹਨ । ਮੈਨੂੰ ਵੀ ਖੋਜ਼ ਕਰਦੇ ਨੂੰ ਕੋਈ ਬਾਹਲਾ ਸਮਾਂ ਨਹੀਂ ਹੋਇਆ ਪਰ ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸਮੇਂ ਤੋਂ ਸ਼ੌਂਕ ਸੀ, ਸ਼ਾਇਦ ਇਸ ਰੁਚੀ ਨੇ ਹੀ ਮੈਨੂੰ ਇਸ ਰਸਤੇ ਤੇ ਤੋਰਿਆ । ਬਾਕੀ ਗੁਰੂ ਦੀ ਕ੍ਰਿਪਾ ਅਤੇ ਲੋਕਾਂ ਦੇ ਹੌਸਲੇ ਨੇ ਅੱਗੇ ਵਧਣ ਲਈਂ ਵੀ ਪ੍ਰੇਰਿਆ ।
ਗੱਲ ਆਪਾਂ ਕਰਦੇ ਪਏ ਸੀ ਸਰੋਵਰਾਂ ਦੀ । ਮੈਨੂੰ ਇਤਿਹਾਸ ਦੀ ਕਥਾ 'ਚ ਇਕ ਸਾਖੀ ਸੁਣਨ ਨੂੰ ਮਿਲੀ ਜਿਸ 'ਚ ਦੱਸਿਆ ਗਿਆ ਸੀ ਕਿ ਗੁਰੂ ਅਰਜਨ ਦੇਵ ਜੀ ਨੇ ਸਿੱਖਾਂ ਨੂੰ ਕਿਹਾ ਸੀ ਕਿ ਪਹਿਲਾਂ ਇਸ਼ਨਾਨ ਬਾਹਰ ਕਰਨਾ ਹੈ, ਫਿਰ ਸਰੋਵਰ ਦੇ ਵਿੱਚ । ਇਹ ਸਰੋਵਰ ਦੀ ਪਵਿੱਤਰਤਾ ਨੂੰ ਮੁੱਖ ਰੱਖ ਕੇ ਕਿਹਾ ਗਿਆ ਸੀ । ਅੱਜ ਬਹੁਤਿਆਂ ਨੂੰ ਤਾਂ ਇਸ ਦਾ ਪਤਾ ਵੀ ਨਹੀਂ ਹੋਵੇਗਾ ਕਿ ਸਰੋਵਰਾਂ ਦੀ ਵੀ ਕੋਈ ਮਰਯਾਦਾ ਹੁੰਦੀ ਹੈ । ਇਹ ਵੀ ਸੁਣਨ 'ਚ ਆਇਆ ਸੀ ਕਿ ਪਹਿਲਾ ਇੱਕ ਖੂਹ ਹੁੰਦਾ ਸੀ ਜਿਸ ਤੇ ਇਸ਼ਨਾਨ ਕੀਤਾ ਜਾਂਦਾ ਸੀ, ਫਿਰ ਸਰੋਵਰ 'ਚ । ਸ਼ਾਇਦ ਇਹ ਓਹ ਖੂਹ ਹੀ ਹੈ ਜੋ ਅਕਾਲ ਤਖ਼ਤ ਦੇ ਥੱਲੇ ਹੈ, ਜਿਸਦੇ ਦਰਸ਼ਨ ਮੈਂ ਖੁੱਦ ਕੀਤੇ ਨੇ । ਹੁਣ ਦੀ ਜੇ ਗੱਲ ਕਰੀਏ, ਲੋਕਾਂ ਨੇ ਇਸ਼ਨਾਨ ਤਾਂ ਕੀ ਕਰਨਾ ਹੈ ਪਹਿਲਾਂ ਟੂਟੀਆਂ ਤੇ, ਹੱਥ ਮੂੰਹ ਵੀ ਨਹੀਂ ਧੋਂਦੇ, ਤੇ ਸਿੱਧਾ ਹੀ ਸਰੋਵਰ 'ਚ ਚਲੇ ਜਾਂਦੇ ਨੇ । ਸੋ ਖਾਲਸਾ ਜੀਓ, ਮਰਯਾਦਾ ਬਹੁਤ ਹੀ ਜ਼ਰੂਰੀ ਹੈ ਆਪਣੇ ਲਈ । ਬਿਨਾਂ ਮਰਯਾਦਾ ਤੋਂ ਆਪਾਂ ਕੁੱਝ ਵੀ ਨਹੀਂ ।
ਬਾਕੀ ਰਹੀ ਸਰੋਵਰਾਂ ਤੇ ਇਸ਼ਨਾਨ ਕਰਨ ਦੀ ਤੁਲਨਾ ਹਿੰਦੂ ਧਰਮ ਦੇ ਤੀਰਥ ਅਸਥਾਨਾਂ ਨਾਲ ਤਾਂ ਸਿੱਖ ਇਸ ਲਈ ਇਸ਼ਨਾਨ ਕਰਨਾ ਚੰਗਾ ਸਮਝਦੇ ਨੇ ਕਿਉਂਕਿ ਓਥੇ ਬਹੁਤ ਜ਼ਿਆਦਾ ਪਾਠ ਹੁੰਦਾ ਹੈ । ਇਹ ਹੀ ਕਾਰਨ ਹੈ ਕਿ ਸਿੱਖ ਪਾਠ ਕਰਨ ਸਮੇਂ ਜਲ ਨੂੰ ਕੋਲ ਰੱਖਦੇ ਹਨ । ਸਿੰਘਾਂ ਪਾਸੋਂ ਇਹ ਵੀ ਸੁਣਿਆ ਹੈ ਕਿ 'ਬ੍ਰਹਮ ਕਵਚ' ਦਾ ਪਾਠ ਕਰਨ ਲੱਗੇ ਜਲ ਨੂੰ ਜ਼ਰੂਰ ਕੋਲ ਰੱਖਣਾ ਚਾਹੀਦਾ ਹੈ । ਗੁਰਬਾਣੀ ਹੀ ਇਕ ਚੀਜ਼ ਹੈ ਜੋ ਜਲ ਨੂੰ ਅੰਮ੍ਰਿਤ ਬਣਾ ਦੇਂਦੀ ਹੈ । ਬਹੁਤੇ ਸੱਜਣ ਜੋ ਇਹ ਕਹੇ ਸੁਣੇ ਜਾਂਦੇ ਨੇ ਕਿ ਗੁਰਬਾਣੀ ਹੀ ਅੰਮ੍ਰਿਤ ਹੈ, ਜਿਹੜਾ ਲੋਕਾਂ ਨੇ ਖੰਡੇ ਬਾਟੇ ਦੀ ਪਾਹੁਲ ਨੂੰ ਅੰਮ੍ਰਿਤ ਕਿਹਾ ਹੈ ਓਹ ਗ਼ਲਤ ਹੈ । ਪਰ ਇਨ੍ਹਾਂ ਲੋਕਾਂ ਨੂੰ ਜੇ ਪੁੱਛਿਆ ਜਾਵੇ ਕਿ ਜੇਕਰ ਪੰਜ ਪਿਆਰੇ ਇਕੱਲਾ ਖੰਡਾ ਫੇਰੀ ਜਾਣ ਜਲ ', ਕੀ ਓਹ ਅੰਮ੍ਰਿਤ ਬਣ ਜਾਵੇਗਾ ? ਨਹੀਂ । ਗੁਰਬਾਣੀ ਹੀ ਹੈ ਜੋ ਗੁਰੂ ਸਾਹਿਬਾਨ ਨੇ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਸੀ । ਹਰਿਮੰਦਰ ਸਾਹਿਬ 'ਚ ਵੀ ਕਿੰਨਾ ਸਮਾਂ ਗੁਰਬਾਣੀ ਦਾ ਕੀਰਤਨ ਹੁੰਦਾ ਹੈ । ਇਹੀ ਕਾਰਣ ਹੈ ਕਿ ਓਥੇ ਸਿੱਖ ਇਸ਼ਨਾਨ ਕਰਨਾ ਚੰਗਾ ਸਮਝਦੇ ਹਨ ।
ਬਹੁਤੇ ਸੱਜਣ ਇਹ ਕਹਿੰਦੇ ਵੀ ਸੁਣੇ ਗਏ ਹਨ ਕਿ ਮਰਯਾਦਾ ਤਾਂ ੧੯੪੦ ਦੇ ਲਾਗੇ-ਛਾਗੇ ਤਿਆਰ ਹੋਈ ਹੈ, ਸੋ ਇਹ ਗੁਰੂ ਸਾਹਿਬਾਨਾਂ ਨੇ ਨਹੀਂ ਦੱਸੀ । ਇਨ੍ਹਾਂ 'ਚ ਗੁਰਚਰਨ ਸਿੰਘ ਜਿਉਣਵਾਲੇ ਨੇ ਬਾਹਲੀ ਅੱਤ ਚੁੱਕੀ ਹੋਈ ਹੈ । ਤੇ ਇਹਦੇ ਨਾਲ ਦੇ ਸਾਥੀ ਉਸ ਤੋਂ ਵੀ ਜ਼ਿਆਦਾ ਮੂਰਖ । ਭਲਾ ਕੋਈ ਪੁੱਛਣ ਵਾਲਾ ਹੋਵੇ ਕਿ ਗੁਰੂ ਸਾਹਿਬਾਨ ਦੇ ੧੬੯੯ ਈ: ਦੇ ਅੰਮ੍ਰਿਤ ਛਕਾਉਣ ਤੋਂ ਬਾਅਦ ਕਿਸੇ ਨੇ ਵੀ ਅੰਮ੍ਰਿਤ ਤਿਆਰ ਨਹੀਂ ਕੀਤਾ ? ਉਸ ਤੋਂ ਬਾਅਦ ਸਿਰਫ਼ ੧੯੪੦ ਦੇ ਕਰੀਬ ਅੰਮ੍ਰਿਤ ਤਿਆਰ ਹੋਇਆ ? ਕਮਾਲ ਹੋ ਗਈ ਮੂਰਖਪੁਣੇ ਦੀ । ਨਾਲੇ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ੧੬੯੯ ਵਾਲੀ ਵਿਸਾਖੀ ਨੂੰ ਹਜ਼ਾਰਾਂ ਦੇ ਕਰੀਬ ਸਿੱਖਾਂ ਨੇ ਅੰਮ੍ਰਿਤ ਛਕਿਆ । ਓਹ ਫਿਰ ਕਿਸ ਤਰ੍ਹਾਂ ਹੋ ਪਾਇਆ ?
ਲੋਕਾਂ ਨੇ ਸਿੱਖਾਂ ਨੂੰ ਇਕ ਅਜਿਹੀ ਘੁੰਮਣਘੇਰੀ 'ਚ ਪਾਇਆ ਕਿ ਸਿੱਖ ਆਪਣੀ ਹੀ ਮਰਯਾਦਾ ਨੂੰ ਛੱਡਣ ਲਈ ਤਿਆਰ ਹੋਏ ਫਿਰਦੇ ਨੇ । ਇਸ ਸਮੇਂ ਲੋੜ੍ਹ ਹੈ ਗੁਰਬਾਣੀ ਉੱਤੇ ਭਰੋਸਾ ਰੱਖਣ ਦੀ ਅਤੇ ਨਾਮ ਸਿਮਰਨ ਦੀ, ਜਿਸ ਕਾਰਨ ਸਹਿਜੇ ਸਹਿਜੇ ਆਪਣੇ ਆਪ ਸੋਝੀ ਆਉਣੀ ਸ਼ੁਰੂ ਹੋ ਜਾਂਦੀ ਹੈ । ਸਿੱਖ ਅਤੇ ਮਰਯਾਦਾ ਦਾ ਰਿਸ਼ਤਾ ਇੰਝ ਕਹਿ ਲਵੋ ਕਿ ਜਿਦਾ ਪੱਤੇ ਤੇ ਟਾਹਣੇ ਦਾ ਹੁੰਦਾ ਹੈ । ਪੱਤਾ ਜਦ ਟਾਹਣੇ ਤੋਂ ਟੁੱਟ ਜਾਂਦਾ ਹੈ ਤਾਂ ਉਸਦਾ ਕੋਈ ਵਜੂਦ ਨਹੀਂ ਰਹਿੰਦਾ ।
ਮਰਯਾਦਾ ਨੂੰ ਭੰਡਣ ਦਾ ਪ੍ਰਚਾਰ ਸਿਰਫ਼ ਵਿਕੇ ਹੋਏ ਪ੍ਰਚਾਰਕਾਂ ਤੇ ਸੀਮਤ ਨਾ ਰਹਿ ਕੇ, ਮੀਡੀਆ, ਅਖ਼ਬਾਰਾਂ, ਕਿਤਾਬਾਂ, ਏਜੰਸੀਆਂ, ਸਿੱਖ-ਵਿਰੋਧੀ ਦੂਜੇ ਧਰਮਾਂ ਦੀਆਂ ਸੰਪਰਦਾਵਾਂ, ਸ਼ੋਸਲ ਮੀਡੀਆ, ਇਤਿਆਦਿ, ਤੇ ਹੋ ਰਿਹਾ ਹੈ । ਇਹ ਫੈਲਾਅ ਬਹੁਤੇ ਵੱਡੇ ਪੱਧਰ ਤੇ ਫੈਲਿਆ ਹੋਇਆ ਹੈ, ਜੋ ਮੈਂ ਤੁਹਾਡੇ ਸਾਰਿਆਂ ਨਾਲ ਇਨ੍ਹਾਂ ਲੇਖਾਂ ਰਾਹੀ ਸਾਂਝਾ ਕਰਨ ਦਾ ਯਤਨ ਕਰਾਂਗਾ ।
ਪਹਿਲਾਂ ਪਹਿਲ ਮੈਂ ਸੋਚਦਾ ਹੁੰਦਾ ਸੀ ਕਿ ਇਹ ਸਭ ਮਨ ਦੇ ਵਹਿਮ ਹਨ ਕਿ ਕੋਈ ਸਿੱਖ ਵਿਰੋਧੀ ਕੰਮ ਵੱਡੇ ਪੱਧਰ ਤੇ ਚਲ ਰਹੇ ਹਨ । ਸ਼ਾਇਦ ਓਹ ਲੋਕ ਗ਼ਲਤ ਨੇ ਜੋ ਇਹ ਸੋਚਦੇ ਨੇ । ਸ਼ਾਇਦ ਇਹ ਸਿੱਖ-ਵਿਰੋਧੀ ਕਤਲੇਆਮ ਤੋਂ ਬਾਅਦ ਦੀ ਮਾਨਸਿਕਤਾ ਹੋਵੇ ਜੋ ਸਿੱਖਾਂ ਤੇ ਹਾਵੀ ਹੋ ਗਈ ਹੋਵੇ । ਜਾਂ ਕੁੱਝ ਕੁ ਸਿੱਖ ਦੂਸਰੇ ਸਿੱਖਾਂ ਨੂੰ ਭੜਕਾ ਰਹੇ ਹੋਣ । ਜਾਂ ਕੁੱਝ ਵੀ ਹੋਵੇ ਜੋ ਸਿੱਖਾਂ ਨੂੰ ਇਕ ਸੱਚਾਈ ਦੇ ਤੌਰ ਤੇ ਜਾਪੇ ਪਰ ਓਹ ਇਕ ਧੋਖਾ ਹੋਵੇ । ਮੈਂ ਏਦਾਂ ਦਾ ਕੁੱਝ ਸਮਝਦਾ ਸਾ ਪਹਿਲਾ । ਪਰ ਹੁਣ ਵਡੇਰੀ ਉਮਰ ਹੋਣ ਕਰਕੇ ਬਹੁਤ ਸਾਰੇ ਲੋਕਾਂ ਨਾਲ ਮਿਲਣਾ ਜੁਲਣਾ ਹੁੰਦਾ ਹੈ, ਬਹੁਤ ਤਰ੍ਹਾਂ ਦੇ ਲੋਕਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ, ਕਿਤਾਬਾਂ ਦੇ ਢੇਰ ਲੱਗੇ ਹੋਏ ਨੇ, ਬਹੁਤ ਸਾਰੀਆਂ ਵੀਡੀਓ ਤੇ ਲੇਖ ਇੰਟਰਨੈੱਟ ਤੇ ਪੜ੍ਹ ਚੁੱਕਾ ਹਾਂ … ਇਹ ਸਾਰੀਆਂ ਗੱਲਾਂ ਹੀ ਮੈਨੂੰ ਮੇਰੀ ਪਹਿਲੀ ਸੋਚਣੀ ਨੂੰ ਗ਼ਲਤ ਸਿੱਧ ਕਰਨ ਲਈ ਪ੍ਰੇਰਦੀਆਂ ਹਨ ।
ਇਨ੍ਹਾਂ ਲੇਖਾਂ 'ਚ ਮਰਯਾਦਾ ਤੇ ਹੀ ਨਹੀਂ ਬਲਕਿ ਰਾਸ਼ਟਰਵਾਦ, ਨਾਸਤਿਕਤਾ, ਪ੍ਰਚਾਰਕਾਂ, ਲੇਖਕਾਂ, ਵਿਗਿਆਨ, ਗੁਰਬਾਣੀ, ਪੂੰਜੀਵਾਦ, ਹਿੰਦੂਵਾਦ, ਅਤੇ ਬਹੁਤ ਸਾਰੀਆਂ ਗੱਲਾਂ ਕਰਨ ਜਾ ਰਹੇ ਹਾਂ । ੨੧ਵੀਂ ਸਦੀ 'ਚ ਆਪਣੇ ਲਈ ਇਹ ਜਾਨਣਾ ਬਹੁਤ ਜ਼ਰੂਰੀ ਹੋ ਗਿਆ ਹੈ ਕਿ ਸਿੱਖਾਂ ਨੂੰ ਕਿਸ ਤਰੀਕੇ ਨਾਲ ਪ੍ਰਭਾਵਿਤ ਕੀਤਾ ਜਾ ਰਿਹਾ ਹੈ ਜਾਂ ਕੀਤਾ ਜਾਵੇਗਾ ।
ਜਦ ਵੀ ਮੈਂ ਏਨਾ ਗੱਲਾ ਨੂੰ ਵਿਚਾਰਦਾ ਹਾਂ ਤਾਂ ਇਕ ਗੱਲ ਹੋਰ ਸਾਹਮਣੇ ਨਿਕਲ ਕੇ ਆਉਂਦੀ ਹੈ, ਓਹ ਹੈ ਕਿ ਇਹ ਸਿਰਫ਼ ਸਿੱਖਾਂ ਤੇ ਸੀਮਤ ਨਾ ਰਹਿ ਕੇ ਹਿੰਦੂਆਂ, ਮੁਸਲਮਾਨਾਂ ਤੇ ਹੋਰ ਕੌਮਾਂ ਤੇ ਵੀ ਢੁੱਕਦੀ ਹੈ ਕਿਉਂਕਿ ਓਹ ਲੋਕ ਵੀ ਇਹ ਗੱਲ ਕਹਿੰਦੇ ਦੇਖੇ ਜਾ ਸਕਦੇ ਹਨ ਕਿ 'ਸਾਡੀ ਕੌਮ ਖ਼ਤਰੇ 'ਚ ਹੈ' ਜਿਸਦਾ ਕਾਰਨ ਕੀ ਹੋ ਸਕਦਾ ਹੈ ਇਹ ਤਾਂ ਓਹ ਜੀ ਜਾਨਣ । ਇਹ ਗੱਲ ਤਾਂ ਤੈਅ ਹੈ ਕਿ ਜਿਸ ਤਰੀਕੇ ਨਾਲ ਵਿਕੇ ਹੋਏ ਪ੍ਰਚਾਰਕਾਂ ਨੇ ਸਿੱਖੀ ਦਾ ਘਾਣ ਕਰਨ ਦਾ ਸੋਚਿਆ ਹੈ ਓਹ ਸ਼ਾਇਦ ਹੋਰ ਕੌਮਾਂ 'ਚ ਨਾ ਹੋਵੇ । ਕਿੰਨੇ ਕੁ ਪੰਡਿਤ/ਮੌਲਵੀ ਇਹ ਕਹਿੰਦੇ ਸੁਣੇ ਗਏ ਹਨ ਕਿ ਓਨ੍ਹਾਂ ਦੇ ਧਰਮ ਗ੍ਰੰਥ ਗ਼ਲਤ ਹਨ, ਓਨ੍ਹਾਂ ਦੇ ਧਰਮ ਗ੍ਰੰਥ ਹੋਰ ਕੌਮਾਂ ਨੇ ਲਿਖ ਛੱਡੇ ਹਨ, ਓਨ੍ਹਾਂ ਦੇ ਗ੍ਰੰਥਾਂ ਦੀ ਮਰਯਾਦਾ ਗ਼ਲਤ ਹੈ, ਆਦਿ? ਕੋਈ ਹੋਰ ਧਰਮ ਦਾ ਬੰਦਾ ਸਿੱਖੀ ਬਾਰੇ ਕੁੱਝ ਉਲਟਾ ਬੋਲੇ ਤਾਂ ਇਹ ਸਮਝਿਆ ਜਾ ਸਕਦਾ ਹੈ ਕਿ ਉਸਨੂੰ ਇਸ ਧਰਮ ਬਾਰੇ ਨਹੀਂ ਪਤਾ, ਪਰ ਜਦ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਹੀ ਮਰਯਾਦਾ ਤੇ ਗੁਰਬਾਣੀ ਨੂੰ ਝੁਠਲਾਉਣ ਲੱਗ ਜਾਣ ਤਾਂ ਸੋਚਣਾ ਬਣਦਾ ਹੈ ਕਿ ਇਸ ਪਿਛੇ ਕੀ ਕਾਰਨ ਹੋ ਸਕਦੇ ਹਨ ।
ਤੇ ੧੯੮੦ ਦੇ ਦਹਾਕਿਆਂ ਦੌਰਾਨ ਦੀਆਂ ਹੀ ਇਹ ਕੋਈ ਗੱਲਾਂ ਨਹੀਂ, ਉਸ ਤੋਂ ਵੀ ਪਹਿਲਾਂ ਦੀਆਂ ਬਹੁਤ ਘਟਨਾਵਾਂ ਹਨ ਜੋ ਇਤਿਹਾਸ 'ਚ ਪੜ੍ਹੀਆਂ ਜਾ ਸਕਦੀਆਂ ਹਨ । ਚਾਹੇ ਓਹ ਕੁਝ ਕੁ ਹਿੰਦੂ/ਮੁਸਲਮਾਨ ਹੋਣ, ਜਾਂ ਹਕੂਮਤ, ਬੁੱਧੀਜੀਵੀ ਲੋਕ, ਚਾਪਲੂਸੀ ਕਰਨ ਵਾਲੇ, ਧਰਮਾਂ ਦੇ ਠੇਕੇਦਾਰ, ਇਨ੍ਹਾਂ ਸਾਰਿਆ ਨੇ ਹੀ ਸਿੱਖੀ ਤੇ ਬਹੁਤ ਹਮਲੇ ਕੀਤੇ ਹਨ । ਪਰ ਸਿੱਖੀ ਬਚ ਗਈ ਅਤੇ ਹਮੇਸ਼ਾ ਬਚੀ ਰਹੇਗੀ । ਇਸਨੂੰ ਖ਼ਤਮ ਕਰਨ ਵਾਲੇ ਨਹੀਂ ਰਹੇ ।
ਗੁਰਬਾਣੀ ਸਾਡੀ ਮਤ ਨੂੰ ਸਾਫ਼ ਕਰਨ ਵਾਲੀ ਹੈ । ਇਸਨੂੰ ਬਹੁਤ ਹੀ ਗ਼ਲਤ ਤਰੀਕੇ ਨਾਲ ਪ੍ਰਯੋਗ ਕੀਤਾ ਜਾ ਰਿਹਾ ਹੈ । ਬਹੁਤਾ ਵਿਸਤਾਰ 'ਚ ਨਾ ਜਾਂਦੇ ਹੋਏ ਮੈਂ ਕੁੱਝ ਕੁ ਦਿਨਾਂ ਪਹਿਲਾ ਵਾਪਰੀ ਘਟਨਾ ਦਾ ਜ਼ਿਕਰ ਕਰਦਾ ਹਾਂ । ਢੱਡਰੀ ਨੇ ਆਪਣੀ ਵੀਚਾਰ ਕਰਦੇ ਹੋਏ ਕਿਹਾ ਕਿ ਜੇ ਗੁਰਬਾਣੀ ਨੇ ਕੁੱਝ ਦੁੱਖ ਦਰਦ ਦੂਰ ਕਰਨਾ ਹੁੰਦਾ ਤਾਂ ਗੁਰੂ ਸਾਹਿਬਾਨਾਂ ਦੇ ਦੁੱਖ ਦੂਰ ਨਾ ਹੋ ਜਾਂਦੇ । ਬ੍ਰਹਮ ਕਵਚ ਦੇ ਉੱਤੇ ਉਸਦਾ ਸਿੱਧਾ ਕਿੰਤੂ ਪ੍ਰੰਤੂ ਸੀ । ਅਖੇ ਬ੍ਰਹਮ ਕਵਚ ਗੁਰੂ ਸਾਹਿਬ ਨੇ ਕਿਉਂ ਨਹੀਂ ਪੜ੍ਹਿਆ ? ਜਿਹੜੇ ਇਨਸਾਨ ਨੂੰ ਗੁਰੂ ਸਾਹਿਬ ਤੇ ਹੀ ਭਰੋਸਾ ਨਾ ਰਿਹਾ, ਓਹ ਵਿਚਾਰਾ ਇਕ ਪਾਗ਼ਲ ਦਾ ਰੂਪ ਹੋ ਜਾਂਦਾ ਹੈ । ਇੱਕ ਸਿੰਘ ਨੇ ਜਵਾਬ 'ਚ ਕਿਹਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਤੀਰ ਦਸ ਹਜ਼ਾਰ 'ਚੋ ਲੰਘਾਇਆ ਸੀ ਓਹ ਕਿਹੜਾ ਮੰਨ ਲਿਆ ਲੋਕਾਂ ਨੇ । ਜਿਹੜਾ ਗੁਰੂ ਸਾਹਿਬ ਨੇ ਲਿਖਿਆ ਕਿ ਇਸ ਦੁਨੀਆਂ 'ਚ ਆਉਣ ਤੋਂ ਪਹਿਲਾ ਤਪ ਕੀਤਾ ਓਹ ਵੀ ਲੋਕਾਂ ਨੇ ਕਿੰਨਾ ਕੁ ਮੰਨ ਲਿਆ ?
ਪਿਛਲੇ ਕੁਝ ਕੁ ਸਾਲਾਂ ਤੋਂ ਹਨ੍ਹੇਰ ਜ਼ਿਆਦਾ ਚੱਲਿਆ ਹੋਇਆ ਹੈ । ਦਰਸ਼ਨ ਸਿੰਘ ਦੇ ਗੁਰ-ਨਿੰਦਕ ਬਨਣ ਤੋਂ ਬਾਅਦ, ਕਾਫ਼ੀ ਹੱਦ ਤੱਕ ਕੁੱਝ ਅਖੌਤੀ ਸਿੱਖਾਂ ਨੇ ਦੱਬ ਕੇ ਗੁਰਬਾਣੀ ਤੇ ਕਿੰਤੂ ਪ੍ਰੰਤੂ ਕੀਤਾ । ਇਹ ਸਭ ਹਨ੍ਹੇਰ ਟਲ ਗਿਆ ਕੁੱਝ ਸਮੇਂ ਲਈ । ਬਾਬਾ ਹਰਨਾਮ ਸਿੰਘ ਹੋਣਾ ਵੱਲੋਂ ਕਰਾਏ ਗਏ ਸੈਮੀਨਾਰ, ਪ੍ਰੋਫੈਸਰਾਂ ਵੱਲੋਂ ਦਿੱਤੀਆਂ ਸਪੀਚਾਂ ਅਤੇ ਲਿਖੀਆਂ ਹੋਈਆਂ ਕਿਤਾਬਾਂ, ਸਿੰਘਾਂ ਵੱਲੋਂ ਇੰਟਰਨੈੱਟ ਰਾਹੀ ਸਵਾਲਾਂ ਦੇ ਜਵਾਬ ਦੇ ਕਰ ਕੇ ਇਨ੍ਹਾਂ ਲੋਕਾਂ ਦੇ ਮੂੰਹ ਬੰਦ ਕਰਵਾਏ । ਇਹ ਸਾਰੇ ਹੀ ਯੋਧੇ ਸ਼ਲਾਘਾਯੋਗ ਕੰਮ ਕਰ ਰਹੇ ਹਨ । ਇਸਦਾ ਜੋ ਨੁਕਸਾਨ ਪੰਥ ਦੋਖੀਆਂ ਨੂੰ ਹੋਇਆ ਓਹ ਇਹ ਸੀ ਕਿ ਜਿਹੜੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ਤੋਂ ਰੋਕਿਆ ਜਾ ਰਿਹਾ ਸੀ ਓਹ ਸਿੰਘਾਂ ਨੇ ਪੜ੍ਹਨੀ ਸ਼ੁਰੂ ਕਰ ਦਿੱਤੀ । ਆਪਣੇ ਨੇਮ 'ਚ ਉਨ੍ਹਾਂ ਨੇ ਚੰਡੀ ਚਰਿਤ੍ਰ, ਉਗ੍ਰਦੰਤੀ, ਸ਼ਸ਼ਤਰ ਨਾਮ ਮਾਲਾ, ਅਤੇ ਹੋਰ ਅਨੇਕਾਂ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ ਸ਼ਾਮਿਲ ਕਰ ਲਈਆਂ । ਇਹ ਚਾਲ ਉਨ੍ਹਾਂ ਤੇ ਉਲਟੀ ਪਈ । ਜਿਹੜੇ ਕੰਮ ਨੂੰ ਹਟਾਉਣਾ ਸੀ, ਓਹ ਸਿੱਖਾਂ ਨੇ ਜ਼ੋਰਾਂ ਸ਼ੋਰਾਂ ਨਾਲ ਸ਼ੁਰੂ ਕਰ ਦਿੱਤਾ ।
ਇਹ ਸਿਲਸਿਲਾ ਠੰਢਾ ਪਿਆ ਤੇ ਢੱਡਰੀ ਨੂੰ ਖ਼ਰੀਦ ਲਿਆ ਗਿਆ ਕਿਉਂਕਿ ਦਸਮ ਦਾ ਪੱਤਾ ਖੇਡਣ 'ਚ ਏਜੰਸੀਆਂ ਬਹੁਤ ਹੀ ਜ਼ਿਆਦਾ ਅਸਫਲ ਰਹੀਆਂ । ਪਿਛਲੇ ਕੁੱਝ ੨-੪ ਸਾਲਾਂ ਦੀ ਹੀ ਗੱਲ ਹੋਵੇਗੀ ਜਦ ਢੱਡਰੀ ਦੀ ਮਤ ਵੱਜੀ ਸੀ । ਜਦੋਂ ਇਸਨੂੰ 'ਗਿਆਨ' ਹੋਇਆ ਸੀ ਓਦੋਂ ਤੋਂ ਹੀ ਇਸਨੇ ਗੁਰਬਾਣੀ ਅਤੇ ਗੁਰ-ਇਤਿਹਾਸ ਤੇ ਆਵਾਜ਼ ਚੁੱਕਣੀ ਸ਼ੁਰੂ ਕੀਤੀ । ਹੁਣ ਦੇਖਣਾ ਇਹ ਹੋਵੇਗਾ ਕਿ ਕਿੰਨੇ ਸਮੇਂ ਤਕ ਇਹ ਇਸ ਤਰ੍ਹਾਂ ਦਾ ਪ੍ਰਚਾਰ ਕਰਦਾ ਹੈ ।
ਇਨ੍ਹਾਂ ਸਾਰਿਆਂ 'ਚ ਇੱਕ ਗੱਲ ਹੈ । ਇਹ ਸਾਰੇ ਗੁਰ-ਨਿੰਦਕ ਨੇ । ਇਤਿਹਾਸ ਦੇ ਵੀ ਅਤੇ ਗੁਰਬਾਣੀ ਦੇ ਵੀ । ਇਨ੍ਹਾਂ ਦੀ ਪਹਿਚਾਣ ਕਰਨੀ ਬਹੁਤ ਹੀ ਆਸਾਨ ਹੈ । ਜਿਸ ਤਰ੍ਹਾਂ ਗੁਰੂ ਸਾਹਿਬਾਨ ਨੇ ਸਿੱਖਾਂ ਦੀ ਇਹੋ ਜਿਹੀ ਪਹਿਚਾਣ ਬਣਾ ਦਿੱਤੀ ਕਿ ਇਕ ਸਿੱਖ ਲੱਖਾਂ ਦੀ ਭੀੜ 'ਚ ਵੀ ਪਛਾਣਿਆ ਜਾ ਸਕਦਾ ਹੈ, ਓਸੇ ਤਰ੍ਹਾਂ ਇਹ ਨਿੰਦਕ ਵੀ ਆਪਣੇ ਪ੍ਰਚਾਰ ਤੋਂ ਪਹਿਚਾਣੇ ਜਾ ਸਕਦੇ ਹਨ । ਹੁਣ ਤੱਕ ਕਾਫ਼ੀ ਲੇਖ ਅਤੇ ਵੀਡੀਓ ਹਨ ਆਪਣੇ ਕੋਲ ਜੋ ਇਨ੍ਹਾਂ ਨਿੰਦਕਾਂ ਨੂੰ ਪਹਿਚਾਨਣ ਵਿੱਚ ਸਹਾਈ ਹੋ ਸਕਦੀਆਂ ਹਨ ।
ਵੀਰੋ, ਸੋਚੋ ਕਦੇ ਤਾਂ ਵਿਹਲੇ ਹੋ ਕੇ ਕਿ ਆਪਾਂ ਨੂੰ ਕਿੱਧਰ ਨੂੰ ਤੋਰਿਆ ਜਾ ਰਿਹਾ ਹੈ ਇਸ ਤਰ੍ਹਾਂ ਦੇ ਪ੍ਰਚਾਰ ਨਾਲ । ਆਪਣੇ ਵਿਰਸੇ ਤੋਂ ਅਣਜਾਣ ਲੋਕ ਇਨ੍ਹਾਂ ਲੋਕਾਂ ਦੇ ਅੜਿੱਕੇ ਚੜ੍ਹ ਜਾਂਦੇ ਹਨ । ਬਹੁਤੇ ਇਨ੍ਹਾਂ 'ਚ ਓਹ ਲੋਕ ਨੇ ਜਿਨ੍ਹਾਂ ਨੇ ਕਦੇ ਕੋਈ ਇਤਿਹਾਸਿਕ ਗ੍ਰੰਥ ਤਕ ਦੇ ਦਰਸ਼ਨ ਵੀ ਨੀ ਕੀਤੇ, ਪੜ੍ਹਨਾ ਤਾਂ ਬਹੁਤ ਦੂਰ ਦੀ ਗੱਲ ਹੈ । ਇਨ੍ਹਾਂ ਨੂੰ ਨਿਤਨੇਮ ਵੀ ਕੰਠ ਨਹੀਂ ਹੋਵੇਗਾ, ਅਰਥ ਤਾਂ ਬਹੁਤ ਦੂਰ ਦੀ ਗੱਲ ਹੈ । ਆਪਣੀ ਨਿਆਰੀ ਸਿੱਖੀ ਨੂੰ ਜੋ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਕਦੇ ਵੀ ਪੂਰੀ ਨਹੀਂ ਹੋਵੇਗੀ । ਲੋਕਾਂ ਨੇ ਤਾਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਕੇ ਵੀ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ । ਜਦ ਪਤਾ ਲੱਗਾ ਕਿ ਇਹ ਸਿੰਘ ਏਦਾਂ ਨਹੀਂ ਖ਼ਤਮ ਹੋਣੇ ਤਾਂ ਸਿੱਖੀ ਰੂਪ 'ਚ ਬਹਿਰੂਪੀਏ ਪਾ ਦਿੱਤੇ ਗਏ ਜਿਨ੍ਹਾਂ ਬਾਰੇ ਆਪਾਂ ਪਹਿਲਾ ਹੀ ਪੜ੍ਹ ਚੁੱਕੇ ਹਾਂ । ਮੈਂ ਤਾਂ ਸਗੋਂ ਇਨ੍ਹਾਂ ਨਿੰਦਕਾਂ ਨੂੰ ਇਹ ਕਹੂੰਗਾ ਕਿ ਜੇਕਰ ਬੰਦੇ ਘੱਟ ਲਗਦੇ ਨੇ ਤਾਂ ਹੋਰ ਰਲਾ ਲਵੋ, ਫਿਰ ਵੀ ਸਿੱਖੀ ਨੂੰ ਕੋਈ ਬਦਲ ਨਹੀਂ ਸਕਦਾ । ਤੁਸੀਂ ਆਪ ਹੀ ਦੇਖ ਲਵੋ ਕਿ ਕਿੰਨੇ ਹਿੰਦੂਆਂ ਨੇ ਰਟ ਲਾਈ ਹੋਈ ਆ ਸਿੱਖਾਂ ਨੂੰ ਹਿੰਦੂ ਸਾਬਿਤ ਕਰਨ ਦੀ, ਪੂਰੀ ਤਾਂ ਓਹ ਨਹੀਂ ਹੋਈ, ਇਹ ਘੱਗੇ, ਦਰਸ਼ੂ ਤੇ ਢੱਡਰੀ ਵਰਗੇ ਕੀ ਕਰ ਲੈਣਗੇ ।
ਫਿਰ ਗੁਰਦੁਆਰਿਆਂ ਦੀ ਗੱਲ ਆ ਜਾਂਦੀ ਹੈ । ਕਾਲੇ ਅਫ਼ਗ਼ਾਨੇ ਨੇ ਤਾਂ ਆਪਣੀ ਕਿਤਾਬ 'ਚ ਇਹ ਲਿੱਖ ਛੱਡਿਆ ਹੈ ਕਿ ਸਿੱਖਾਂ ਨੇ ਬਿਨਾਂ ਸਮਝੇ ਗੁਰਦੁਆਰੇ ਬਣਾ ਦਿੱਤੇ । ਉਸਦਾ ਲਿਖਣ ਦਾ ਇਹ ਕਾਰਣ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਵਿਆਹਾਂ ਨੂੰ ਗ਼ਲਤ ਸਾਬਿਤ ਕਰਨਾ ਹੈ । ਇਕ ਕਿਸੇ ਲੇਖਕ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਕਿ ਹਰਿਮੰਦਰ ਸਾਹਿਬ 'ਚ ਝੋਨਾ ਬੀਜ ਦੇਣਾ ਚਾਹੀਏ । ਗੁਰਦੁਆਰਿਆਂ ਦੀ ਮਰਯਾਦਾ ਵੀ ਰੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਪੁੱਠੀ ਮਤ ਦੇ ਧਾਰਨੀ ਲੋਕਾਂ ਨੇ ਇਹ ਵੀ ਕਿਹਾ ਕਿ ਗੁਰਦੁਆਰਿਆਂ ਦੀ ਜਗ੍ਹਾਂ ਤੇ ਹਸਪਤਾਲ ਤੇ ਸਕੂਲ ਖੋਲਣੇ ਚਾਹੀਦੇ ਹਨ । ਸਿੰਘਾਂ ਨੇ ਜ਼ਵਾਬ 'ਚ ਕਿਹਾ ਸੀ ਜਿਹੜਾ ਕੰਮ ਗੁਰਦੁਆਰਾ ਸਾਹਿਬ 'ਚ ਹੁੰਦਾ ਹੈ ਓਹ ਸਕੂਲਾਂ 'ਚ ਨਹੀਂ ਹੁੰਦਾ । ਕਿਹੜੇ ਸਕੂਲ 'ਚ ਗੁਰਬਾਣੀ ਦੀ ਸੰਥਿਆ ਦਿੱਤੀ ਜਾਊ ? ਕਿਹੜੇ ਸਕੂਲ 'ਚ ਕੀਰਤਨ ਸਿਖਾਇਆ ਜਾਊ ? ਦਰਅਸਲ ਇਨ੍ਹਾਂ ਲੋਕਾਂ ਦੀ ਬਿਰਤੀ ਸਿੱਖੀ ਦਾ ਘਾਣ ਕਰਨ ਦੀ ਹੈ ਜੋ ਇਨ੍ਹਾਂ ਦੀਆਂ ਦਲੀਲਾਂ ਤੋਂ ਸਾਫ਼ ਜਾਹਿਰ ਹੋ ਜਾਂਦਾ ਹੈ ।
ਇੱਕ ਸਿੱਖ ਜਿਸਨੇ ਗੁਰਦੁਆਰਾ ਸਾਹਿਬ ਜਾ ਕਰ ਕੇ ਅੰਮ੍ਰਿਤ ਰੂਪ ਬਾਣੀ ਸੁਣਨੀ ਹੁੰਦੀ ਹੈ, ਸੇਵਾ ਕਰਨੀ ਹੁੰਦੀ ਹੈ, ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹੁੰਦੇ ਹਨ, ਓਹ ਇਹ ਬਿਲਕੁੱਲ ਵੀ ਨਹੀਂ ਸੁਣ ਸਕਦੇ ਗੁਰਦੁਆਰਿਆਂ ਦੇ ਸੰਬੰਧ 'ਚ । ਸਿੱਧੇ ਜਾਂ ਅਸਿੱਧੇ ਤੌਰ ਤੇ ਮੂਲ ਕਾਰਨ ਸਿੱਖਾਂ ਦੀਆਂ ਭਾਵਨਾਵਾਂ ਨੂੰ ਵਲੂੰਧਰ ਕੇ ਰੱਖਣਾ ਹੈ । ਆਏ ਦਿਨ ਕੋਈ ਨਾ ਕੋਈ ਪ੍ਰਚਾਰਕ ਸਿੱਖ ਮਰਯਾਦਾ ਬਾਰੇ ਅਪਸ਼ਬਦ ਵਰਤਦਾ ਰਹਿੰਦਾ ਹੈ । ਚਾਹੀਏ ਤਾਂ ਇਹ ਕਿ ਇਨ੍ਹਾਂ ਲੋਕਾਂ ਨੂੰ ਸਟੇਜ਼ਾਂ ਹੀ ਨਾ ਦਿੱਤੀਆਂ ਜਾਣ । ਪਰ ਇਸ ਤੋਂ ਬਿਲਕੁੱਲ ਉਲਟ ਕੰਮ ਹੋ ਰਿਹਾ ਹੈ ਪੈਸੇ ਦੇ ਵੱਸ ਆ ਕਰਕੇ । ਜਦ ਧਰਮ ਨੂੰ ਇੱਕ ਵਪਾਰ ਦੀ ਤਰ੍ਹਾਂ ਦੇਖਿਆ ਜਾਣ ਲਗਦਾ ਹੈ ਤਾਂ ਲੋਕਾਂ ਦੀ ਸ਼ਰਧਾ ਘੱਟ ਜਾਂਦੀ ਹੈ । ਇਕ ਸਿੰਘ ਨੇ ਵੀ ਵੀਡੀਉ ਪਾ ਕਰਕੇ ਦਿਖਾਇਆ ਸੀ ਕਿ ਇੱਕ ਗੁਰ ਘਰ ਦੀ ਕਮੇਟੀ ਦਾ ਮੈਂਬਰ ਇਹ ਕਹਿ ਰਿਹਾ ਸੀ ਕਿ ਇੱਕ ਖ਼ਾਸ ਪ੍ਰਚਾਰਕ ਨੂੰ ਬੁਲਾਇਆ ਜਾਵੇ ਤਾਂ ਕਿ ਸੰਗਤ ਜ਼ਿਆਦਾ ਆਵੇ ਤੇ ਗੋਲਕਾਂ ਭਰ ਜਾਣ । ਕੀ ਇਹੀ ਸਿੱਖੀ ਹੈ ?
ਕਿੰਨੀਆਂ ਕੁਰਬਾਨੀਆਂ ਦੇ ਕਰ ਕੇ ਆਪਾਂ ਇੱਥੇ ਪਹੁੰਚੇ ਆ, ਪਰ ਅੱਜ ਆਪਾਂ ਗੁਰੂ ਸਾਹਿਬ ਵੱਲ ਪਿੱਠ ਕਰਕੇ ਖੜ੍ਹੇ ਹੋ ਗਏ ਹਾਂ । ਗੁਰਬਾਣੀ ਅਤੇ ਮਰਯਾਦਾ ਦੀ ਕਦਰ ਸਾਨੂੰ ਸ਼ਾਇਦ ਭੁੱਲ ਗਈ ਹੈ । ਜਿਸਨੇ ਆਪਣਾ ਤਨ, ਮਨ ਤੇ ਧਨ ਗੁਰੂ ਨੂੰ ਅਰਪਣ ਕਰਨਾ ਸੀ ਓਹ ਅੱਜ ਗੁਰੂ ਸਾਹਿਬ ਤੇ ਹੀ ਕਿੰਤੂ ਪ੍ਰੰਤੂ ਕਰ ਰਿਹਾ ਹੈ । ਕਈ ਸਿੱਖ ਤਾਂ ਮਸੰਦਾਂ ਵਾਲੇ ਕੰਮ ਸ਼ੁਰੂ ਕਰਨ 'ਚ ਬਿਲਕੁੱਲ ਵੀ ਸੰਕੋਚ ਨਹੀਂ ਕਰਦੇ । ਓਨ੍ਹਾਂ ਦੀ ਮਾਨਸਿਕਤਾ ਨੂੰ ਇਸ ਤਰੀਕੇ ਨਾਲ ਤਬਦੀਲ ਕੀਤਾ ਗਿਆ ਹੈ ਜਾਂ ਕੀਤਾ ਜਾ ਰਿਹਾ ਹੈ ਕਿ ਓਹ ਸੋਚਣ ਸਮਝਣ 'ਚ ਅਸਮਰਥ ਪਏ ਜਾਪਦੇ ਹਨ । ਇਸਦਾ ਮੁੱਢਲਾ ਕਾਰਨ ਲੋਕਾਂ ਤੋਂ ਪ੍ਰਭਾਵਿਤ ਹੋਣਾ ਹੈ ।
ਅੱਜ ਦੀ ਤਰੀਕ 'ਚ ਬਹੁਤ ਸਾਰੇ ਸੋਮੇ ਹਨ ਪ੍ਰਭਾਵਿਤ ਹੋਣ ਲਈ । ਪਰ ਜੋ ਸੋਮਾ ਬਹੁਤ ਵਿਲੱਖਣ ਹੈ ਓਹ ਹੈ ਗੁਰਮੁਖਾਂ ਦੀ ਸੰਗਤ । ਸਤਿਸੰਗ 'ਚ ਪ੍ਰਮਾਤਮਾ ਦਾ ਨਿਵਾਸ ਹੁੰਦਾ ਹੈ । ਦੂਜੀ ਤਰਫ਼ ਮਨਮੁਖਾਂ ਦੀ ਗੱਲ ਹੈ, ਜਿਨ੍ਹਾਂ ਤੋਂ ਬਹੁਤੇ ਲੋਕ ਆਪਣੀ ਜਾਣਕਾਰੀ ਲੈਂਦੇ ਹਨ । ਓਹ ਜਾਣਕਾਰੀ ਨਾ ਕੇਵਲ ਕਈ ਵਾਰੀ ਗ਼ਲਤ ਹੁੰਦੀ ਹੈ ਬਲਕਿ ਓਨ੍ਹਾਂ ਨੂੰ ਸਿੱਖੀ ਤੋਂ ਦੂਰ ਲਿਜਾਣ 'ਚ ਵੀ ਸਹਾਈ ਹੁੰਦੀ ਹੈ । ਜੋ ਲੋਕ ਗੁਰੂ ਵੱਲੋਂ ਦਿੱਤੀ ਹੋਈ ਮਰਯਾਦਾ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਹੀ ਅਭੱਦੀ ਸ਼ਬਦਾਵਲੀ ਨਾਲ ਸੰਬੋਧਿਤ ਕਰਨ ਲੱਗ ਜਾਂਦੇ ਹਨ ਅਤੇ ਇਹ ਕਹਿੰਦੇ ਹਨ ਕਿ ਅਸੀਂ ਸਹੀ ਹਾਂ, ਇਹ ਲੋਕ ਹੀ ਸਿੱਖੀ ਰੂਪ 'ਚ ਬਹਿਰੂਪੀਏ ਹਨ । ਸਿੱਖ ਸੰਗਤ ਬਹੁਤ ਹੀ ਭੋਲੀ ਭਾਲੀ ਹੈ । ਬਹੁਤੇ ਬਿਨਾਂ ਕੋਈ ਸੰਥਿਆ ਜਾਂ ਇਤਿਹਾਸ ਸੁਣੇ ਇਨ੍ਹਾਂ ਗੁਰ-ਨਿੰਦਕਾਂ ਦੇ ਮਗਰ ਲੱਗ ਕੇ ਆਪਣਾ ਜੀਵਨ ਖ਼ਰਾਬ ਕਰ ਲੈਂਦੇ ਹਨ । ਗੁਰ-ਨਿੰਦਕਾਂ ਦੀਆਂ ਗੱਲਾਂ ਏਨੀ ਜ਼ਿਆਦਾ ਹਾਵੀ ਹੋ ਜਾਂਦੀਆਂ ਹਨ ਕਿ ਸੱਚ ਕੋਰਾ ਝੂਠ ਲੱਗਣ ਲੱਗ ਜਾਂਦਾ ਹੈ ।
ਇਤਿਹਾਸ 'ਚ ਝਾਤੀ ਮਾਰਨ ਨਾਲ ਬਹੁਤ ਕੁੱਝ ਲੱਭ ਜਾਂਦਾ ਹੈ । ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਕਾਫ਼ੀ ਦੇਰ ਤੱਕ ਸੰਗਤਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਗੁਰਗੱਦੀ ਗੁਰੂ ਤੇਗ ਬਹਾਦਰ ਜੀ ਕੋਲ ਹੈ । ਕਿੰਨੇ ਹੀ ਪਾਖੰਡੀ ਲੋਕਾਂ ਨੇ ਆਪਣੇ ਆਪ ਨੂੰ ਗੁਰੂ ਕਹਿਣਾ ਸ਼ੁਰੂ ਕਰ ਦਿੱਤਾ । ਇੱਥੋਂ ਤੱਕ ਕੇ ਗੁਰੂ ਸਾਹਿਬਾਨ ਦੇ ਆਪਣੇ ਘਰ ਵਿੱਚੋਂ ਵੀ ਇੱਕ ਸੱਜਣ ਉੱਠ ਕੇ ਗੁਰੂ ਕਹਾਉਣ ਲੱਗ ਗਿਆ । ਨਾ ਕੇਵਲ ਆਪਣੇ ਆਪ ਨੂੰ ਗੁਰੂ ਅਖਵਾਇਆ ਬਲਕਿ ਗੁਰੂ ਤੇਗ ਬਹਾਦਰ ਜੀ ਉੱਤੇ ਗੋਲੀ ਵੀ ਚਲਵਾਈ । ਚੌਧਰ ਦੀ ਭੁੱਖ ਹੀ ਐਸੀ ਹੈ । ਆਪਣੇ ਇਤਿਹਾਸ ਨੂੰ ਪੜ੍ਹ ਕੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਸਾਹਮਣੇ ਆ ਜਾਂਦੀਆਂ ਨੇ ਜੋ ਅੱਜ ਕੱਲ ਦੇ ਸਮੇਂ ਨਾਲ ਕਾਫ਼ੀ ਹੱਦ ਤੱਕ ਮਿਲਦੀਆਂ ਨੇ । ਮੈਂ ਇਹ ਵੀ ਇੱਥੇ ਦੱਸਣਾ ਚਾਹੁੰਦਾ ਹਾਂ ਕਿ ਜੋ ਲੋਕਾਂ ਨੇ ਇਹ ਬੀੜਾ ਚੁਕਿਆ ਹੋਇਆ ਵਾ ਗੁਰੂ ਤੇਗ ਬਹਾਦਰ ਜੀ ਦੀ ਭਗਤੀ ਨੂੰ ਨਕਾਰਨ ਦਾ ਓਹ ਸ਼ਾਇਦ ਇਸ ਗੱਲ ਤੋਂ ਅਣਜਾਣ ਨੇ ਕਿ ਬਾਬੇ ਬਕਾਲੇ ਕਿੰਨੇ ਪਾਖੰਡੀ ਆ ਕਰ ਬੈਠ ਗਏ ਸਨ । ਜੇਕਰ ਗੁਰੂ ਸਾਹਿਬ ਭਗਤੀ ਨਾ ਕਰ ਰਹੇ ਹੁੰਦੇ ਤਾਂ ਸਿੱਖਾਂ ਨੂੰ ਤਾਂ ਓਦੋਂ ਹੀ ਪਤਾ ਲੱਗ ਜਾਣਾ ਸੀ ਕਿ ਗੁਰਗੱਦੀ ਕਿਸ ਕੋਲ ਹੈ, ਪਰ ਏਦਾਂ ਦਾ ਤਾਂ ਨਹੀਂ ਕੁੱਝ ਹੋਇਆ । ਨਾਲੇ ਜੋ ਇਹ ਕਹਿੰਦੇ ਹਨ ਕਿ ਭਗਤੀ ਕੁੱਝ ਨਹੀਂ ਸਿਰਫ਼ ਪਖੰਡ ਹੈ ਓਹ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸ ਤੇ ਵੀ ਉਂਗਲ ਚੁੱਕਦੇ ਨੇ ਤੇ ਦੂਜੀ ਤਰਫ਼ ਇਹ ਵੀ ਕਹਿੰਦੇ ਨੇ ਕਿ ਗੁਰੂ ਸਾਹਿਬ ਨੇ ਫਿਰ ਨਾਮ ਕਿਉਂ ਨਹੀਂ ਜਪਿਆ । ਕਿੰਨੀ ਵੱਡੀ ਮੂਰਖਤਾ ਹੈ ਇਹ ।
ਬਾਕੀ ਅਭਿਮਾਨ ਅਕਸਰ ਆ ਹੀ ਜਾਂਦਾ ਹੈ ਜਦ ਬਹੁਤ ਲੋਕ ਸੁਨਣ ਲੱਗ ਜਾਂਦੇ ਹਨ । ਸਰਸੇ ਵਾਲੇ ਨੂੰ ਵੀ ਤਾਂ ਇਹੀ ਅਭਿਮਾਨ ਸੀ । ਅੱਜ ਜੇਲ੍ਹ 'ਚ ਬੈਠਾ ਵਾ । ਓਹੀ ਹਾਲ ਦਰਸ਼ੂ ਦਾ ਤੇ ਢੱਡਰੀ ਦਾ ਹੈ । ਆਪਾਂ ਸਾਰਿਆਂ ਨੂੰ ਇਹ ਵਿਚਾਰਨਾ ਵੀ ਚਾਹੀਦਾ ਹੈ ਕਿ ਇਹ ਸਿੱਖ-ਵਿਰੋਧੀ ਸੰਸਥਾਵਾਂ ਕਿੰਨੀਆਂ ਕੁ ਵੱਡੀਆਂ ਹਨ ਕਿ ਇਨ੍ਹਾਂ ਨੇ ਅਕਾਲ ਤਖ਼ਤ ਦੇ ਪੁਰਾਣੇ ਜੱਥੇਦਾਰ ਨੂੰ ਖ਼ਰੀਦ ਲਿਆ । ਨਾਲੇ ਆਪਣੇ ਆਪ ਨੂੰ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਵਿਕ ਵੀ ਗਏ । ਕਿੰਨੀ ਕੁ ਵੱਡੀ ਰਕਮ ਦੀ ਪੇਸ਼ਕਸ਼ ਹੋਈ ਹੋਵੇਗੀ ਦਰਸ਼ੂ ਨੂੰ ? ਤੇ ਢੱਡਰੀ ਨੂੰ ? ਢੱਡਰੀ ਬਾਰੇ ਤਾਂ ਬਹੁਤ ਹੀ ਕੁੱਝ ਪਿਆ ਵਾ ਇੰਟਰਨੈੱਟ ਤੇ ਤੇ ਮਨ ਵੀ ਸੰਕੋਚ ਕਰਦਾ ਹੈ ਓਹ ਸਾਰੀਆਂ ਗੱਲਾਂ ਲਿਖਣ ਨੂੰ ।
ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰਫ਼ ਇੱਕ ਸਿੱਖਿਆ ਦੇਣ ਵਾਲੀ ਕਿਤਾਬ ਦਾ ਦਰਜ਼ਾ ਵੀ ਬਹੁਤ ਜਲਦੀ ਦੇ ਦਿੱਤਾ ਜਾਵੇਗਾ । ਸਿਰਫ਼ ਗਿਆਨ ਹੀ ਗੁਰੂ ਹੈ ਇੱਥੇ ਤਾਂ ਆ ਕਰ ਕੇ ਟਿੱਕ ਗਏ ਨੇ, ਪਰ ਕਿਤਾਬ ਦਾ ਰੁਤਬਾ ਕਦੋਂ ਦਿੱਤਾ ਜਾਵੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ । ਨਾਲੇ ਸਭ ਤੋਂ ਵੱਡੀ ਗੱਲ ਜੇ ਗ੍ਰੰਥ ਨੂੰ ਗੁਰੂ ਨਹੀਂ ਮੰਨਣਾ ਫਿਰ ਪ੍ਰਕਾਸ਼ ਕਿਉਂ ਕੀਤਾ ਜਾਂਦਾ ਹੈ ਇਨ੍ਹਾਂ ਦੇ ਦੀਵਾਨਾ '? ਗਿਆਨ ਦੇਣ ਵਾਲੀਆਂ ਤਾਂ ਹੋਰ ਵੀ ਬਹੁਤ ਪੁਸਤਕਾਂ ਹਨ ਜਿਵੇਂ ਕੁਰਾਨ, ਬਾਈਬਲ, ਵੇਦ, ਆਦਿ, ਇਨ੍ਹਾਂ ਦਾ ਪ੍ਰਕਾਸ਼ ਕਿਉਂ ਨਹੀਂ ਕਰ ਲੈਂਦੇ ?
ਇਤਿਹਾਸ 'ਚ ਇਹ ਸੁਨਣ ਨੂੰ ਮਿਲਿਆ ਸੀ ਕਿ ਕਿਸ ਤਰ੍ਹਾਂ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨੂੰ ਡੰਡਿਆਂ ਨਾਲ ਦੂਰ ਕੀਤਾ ਗਿਆ ਸੀ । ਸਮਾਂ ਪਾ ਕਰ ਕੇ ਸ਼ਾਇਦ ਇਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਨਾਲ ਕੀਤਾ ਜਾਵੇ । ਮਾਹੌਲ ਤਾਂ ਸਿਰਜ ਦਿੱਤਾ ਗਿਆ ਹੈ । ਰੁਮਾਲਾ ਸਾਹਿਬ ਦੇਣ, ਚੌਰ ਸਾਹਿਬ ਕਰਨ ਬਾਰੇ ਤਾਂ ਕੂੜ ਪ੍ਰਚਾਰ ਹੋ ਹੀ ਗਿਆ ਹੈ । ਲੋੜ ਹੈ ਇਕ ਖ਼ਾਸ ਸਮੇਂ ਦੀ ਜਦ ਗੁਰੂ ਗ੍ਰੰਥ ਸਾਹਿਬ ਨੂੰ ਇਕ ਆਮ ਕਿਤਾਬ ਦੀ ਤਰ੍ਹਾਂ ਰੱਖਿਆ ਜਾਵੇਗਾ । ਤੇ 'ਪ੍ਰੋਬੈਛਰ ਛਾਬ' ਜਾਂ 'ਛੰਤਾਂ' ਦੀਆਂ ਗੱਲਾਂ ਹੀ ਮੁੱਖ ਰੱਖੀਆਂ ਜਾਣਗੀਆਂ ।
ਇਹ ਕੇਵਲ ਇੱਥੇ ਨਾ ਰੁੱਕ ਕੇ ਅੰਮ੍ਰਿਤ ਵੇਲਾ, ਗੁਰੂ ਸਾਹਿਬ ਦਾ ਸਤਿਕਾਰ, ਗੁਰਦੁਆਰਿਆਂ ਦੀ ਮਹਾਨਤਾ, ਗੁਰਬਾਣੀ ਦਾ ਫਲ, ਗੁਰਦੁਆਰਿਆਂ ਦਾ ਇਤਿਹਾਸ, ਪ੍ਰਮਾਤਮਾ ਦੀ ਹੋਂਦ, ਸੁੱਚਮਤਾ, ਸੰਥਿਆ, ਆਦਿ ਬਹੁਤ ਸਾਰੀਆਂ ਗੱਲਾਂ ਆਪਣੇ ਵਿੱਚ ਸਮੇਟ ਕਰਕੇ ਸਿੱਖੀ ਦੀ ਮਰਯਾਦਾ ਤੇ ਸੱਟ ਮਾਰੀ ਜਾਵੇਗੀ ।

ਭੈਣੋ ਅਤੇ ਵੀਰੋ, ਮੈਂ ਸੁਨੇਹਾ ਲੈ ਕੇ ਆਇਆ ਹਾਂ
ਪੰਥ 'ਚ ਜੋ ਅਖੌਤੀ ਨੇ ਓਹ ਦਿਖਲਾਵਣ ਆਇਆ ਹਾਂ
ਗੁਰੂ ਸਾਹਿਬ ਦੀ ਗੁਰਬਾਣੀ ਦੀ ਰੋਸ਼ਨੀ '
ਮੈਂ ਤੁਹਾਨੂੰ ਸਮਝਾਵਣ ਆਇਆ ਹਾਂ ।
ਸੁਣੋ ਮੇਰੀਆਂ ਕੁੱਝ ਗੱਲਾਂ ਵੀਰੋ
ਜੋ ਵਿਚਾਰਨ ਵਾਲੀਆਂ ਨੇ ਧੀਰਜ ਨਾਲ
ਕਿੰਨਾ ਵੱਡਾ ਇਤਿਹਾਸ ਹੈ ਆਪਣਾ ਵੀਰੋ
ਕਦ ਪੜ੍ਹਾਂਗੇ ਆਪਾ ਬਹਿ ਕੇ ਪਿਆਰ ਨਾਲ ।
ਇਹ ਕੂੜ ਪ੍ਰਚਾਰ ਨਹੀਂ ਰੁਕਣਾ ਇਤਿਹਾਸ ਤੇ
ਇਹ ਲੈ ਸਮੇਟੇਗਾ ਗੁਰਬਾਣੀ ਨੂੰ ਵੀ
ਕੀ ਕਰਾਂਗੇ ਬਿਨ ਇਨ੍ਹਾਂ ਤੋਂ ਆਪਾਂ
ਜਦ ਭੁੱਲ ਹੀ ਗਏ ਵਿਰਾਸਤ ਆਪਣੀ ।
ਸਮਾਂ ਹੁਣ ਹੈ ਸਮਝਣ ਦਾ
ਬਹਿ ਕੇ ਵਿਚਾਰਾਂ ਕਰਨ ਦਾ
ਫੋਕੇ ਤੀਰ ਛੱਡ ਕੇ
ਕੁੱਝ ਨਹੀਂ ਹੋਣਾ ਪੰਥ ਦਾ ।
ਇਥੇ ਪਤਾ ਨੀ ਕਿੰਨੇ ਸੌ ਅਨਮਤੀਏ ਬੈਠੇ ਆ
ਬੰਨ ਕੇ ਨੀਲੀਆਂ ਦਸਤਾਰਾ ਵੇ
ਭੁੱਲ ਭੁਲੇਖੇ ਆਪਾ ਵੀ
ਨਾ ਰਲ ਜਾਈਏ ਇਨ੍ਹਾਂ ਬਹਾਰਾਂ ਦੇ ।
ਮਰਯਾਦਾ, ਗੁਰਬਾਣੀ ਅਤੇ ਇਤਿਹਾਸ
ਇਹੀ ਹੈ ਜੋ ਹੈ ਆਪਣੇ ਪਾਸ
ਜੇ ਆਪਾਂ ਇਨ੍ਹਾਂ ਨੂੰ ਹੀ ਛੱਡ ਤਾ
ਕੀ ਰਹਿ ਜਾਊ ਆਪਣੇ ਹੱਕ ਦਾ ।
ਹੱਥ ਬੰਨ ਕੇ ਬੇਨਤੀ ਨੌਜਵਾਨੋ ਤੁਹਾਨੂੰ
ਇਹ ਮਸਲਾ ਬਹੁਤ ਗੰਭੀਰ ਹੈ
ਲੋੜ ਹੈ ਤੁਹਾਡੀ ਪੰਥ ਨੂੰ
'ਅਨਪੜ੍ਹ ਬਾਬਾ' ਨਹੀਂ ਕੋਈ ਚੀਜ਼ ਹੈ ।