Tuesday 26 February 2019

Kaala Afghana - Part III


ਕਾਲੇ ਅਫ਼ਗ਼ਾਨੇ ਦੇ ਕਾਲੇ ਲੇਖ – ਭਾਗ ੧
੩.

ਦੁਨੀਆਂ ਵਿੱਚ ਪਰਮਾਤਮਾ ਦੇ ਬਹੁਤ ਹੀ ਨਾਮ ਹਨ । ਮੇਰੇ ਹਿਸਾਬ ਨਾਲ ਪਰਮਾਤਮਾ ਦੇ ਨਾਵਾਂ ਦਾ ਅੰਤ ਹੀ ਨੀ ਪਾਇਆ ਜਾ ਸਕਦਾ । ਇਹ ਸਿਰਫ਼ ਸਿੱਖ ਕੌਮ ਵਿੱਚ ਹੀ ਨਾ ਰਹਿ ਕੇ ਬਾਕੀ ਦੀਆਂ ਕੌਮਾਂ ਵਿੱਚ ਵੀ ਬਹੁਤ ਹਨ । ਮੁਸਲਮਾਨਾਂ, ਹਿੰਦੂਆਂ, ਤੇ ਹੋਰ ਜਿੰਨੇ ਵੀ ਧਰਮ ਹਨ ਇਨ੍ਹਾਂ ਸਾਰਿਆਂ ਵਿੱਚ ਪਰਮਾਤਮਾ ਦੇ ਬਹੁਤ ਨਾਂ ਮਿਲਦੇ ਹਨ । ਕਈ ਵਾਰ ਤਾਂ ਨਾਂ ਇੰਨੇ ਜ਼ਿਆਦਾ ਮਿਲਦੇ-ਜੁਲਦੇ ਹੁੰਦੇ ਨੇ ਕਿ ਲੱਗਦਾ ਹੈ ਦੋਵੇਂ ਇਕੋ ਹੀ ਨੇ । ਜਿਵੇਂ ਰਾਮ । ਕਈ ਗੁਰਮਤਿ ਤੋਂ ਅਣਜਾਣ ਲੋਕਾਂ ਨੇ ਪਰਮਾਤਮਾ ਲਈ ਆਏ ਨਾਮ ਨੂੰ ਰਾਮਚੰਦਰ ਹੀ ਸਮਝ ਲਿਆ ਹੈ ਤੇ ਉਸਦਾ ਹੀ ਪ੍ਰਚਾਰ ਕਰ ਰਹੇ ਨੇ । ਕਈ ਵਾਰੀ ਸਮਝਾਉਣ ਤੇ ਵੀ ਉਨ੍ਹਾਂ ਦੀ ਮੱਤ ਤੋਂ ਪਰਦਾ ਨਹੀਂ ਹਟਦਾ ਜਿਸਦਾ ਮੁੱਖ ਕਾਰਣ ਕਿਸੇ ਠੋਸ ਮਤਲਬ ਅਧੀਨ ਹੋ ਕਰ ਸਿੱਖੀ ਤੇ ਹਮਲਾ ਹੁੰਦਾ ਹੈ । ਇਨ੍ਹਾਂ ਲੋਕਾਂ ਤੇ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੋਧੀਆਂ ਵਿੱਚ ਕੋਈ ਜ਼ਿਆਦਾ ਫ਼ਰਕ ਨਹੀਂ ਹੁੰਦਾ । ਦੋਨਾਂ ਦਾ ਮਕਸਦ ਗੁਰਬਾਣੀ ਤੇ ਚੋਟ ਕਰਨਾ ਹੁੰਦਾ ਹੈ ।
ਇਹ ਹਮਲਾ ਬਹੁਤ ਹੀ ਸੋਚੀ ਸਮਝੀ ਸਾਜ਼ਿਸ਼ ਦੇ ਅਧੀਨ ਕੀਤਾ ਜਾਂਦਾ ਹੈ । ਹੋ ਸਕਦਾ ਹੈ ਕਿ ਜੇਕਰ ਕਿਸੇ ਨੂੰ ਸਮਝਾ ਦਿੱਤਾ ਜਾਵੇ ਗੁਰਬਾਣੀ ਦੇ ਸਹੀ ਅਰਥਾਂ ਬਾਰੇ ਤੇ ਉਹ ਫਿਰ ਤੋਂ ਓਹੀ ਗ਼ਲਤੀ ਕਰੇ ? ਕਦੇ ਵੀ ਨਹੀਂ । ਪਰ ਜੋ ਲੋਕ ਵਿੱਕ ਚੁੱਕੇ ਨੇ ਜਾਂ ਫਿਰ ਜਿਨ੍ਹਾਂ ਦਾ ਮੁੱਖ ਮਕਸਦ ਸਿੱਖਾਂ ਦੀ ਆਸਥਾ ਤੇ ਸੱਟ ਮਾਰਨਾ ਹੁੰਦਾ ਹੈ ਉਹ ਕਦੇ ਵੀ ਬਾਜ ਨਹੀਂ ਆਉਂਦੇ ਇਹੋ ਜਿਹੀਆਂ ਗੱਲਾਂ ਦੁਹਰਾਉਣ ਤੋਂ । ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਸਾਰੇ ਸ਼ੰਕਾਵਾਧੀਆਂ ਦੇ ਪ੍ਰਸ਼ਨ ਲਫ਼ਜ਼ਾਂ ਨੂੰ ਲੈ ਕਰ ਹੁੰਦੇ ਨੇ । ਉਨ੍ਹਾਂ ਦੇ ਅਰਥ ਗੁਰਬਾਣੀ ਤੋਂ ਉਲਟ ਕਰਕੇ ਦਰਸਾਏ ਜਾਂਦੇ ਨੇ ਤਾਂ ਜੋ ਸਿੱਖਾਂ ਵਿੱਚ ਇਕ ਛਵੀ ਪੈਦਾ ਕੀਤੀ ਜਾ ਸਕੇ ਕਿ ਇਹ ਗ੍ਰੰਥ ਕਿਸ ਤਰ੍ਹਾਂ ਗੁਰਬਾਣੀ ਦੇ ਅਨੁਕੂਲ ਨਹੀਂ ਹੈ । ਇਹ ਉਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਇਹ ਕਹਿਣਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਲਫ਼ਜ਼ ਰਾਮ ਦਾ ਮਤਲਬ ਰਾਮਚੰਦਰ ਹੈ । ਇਸੇ ਤਰ੍ਹਾਂ ਕਈ ਲਫ਼ਜ਼ ਜਿਸ ਤਰ੍ਹਾਂ ਮਹਾਂਕਾਲ, ਭਗਉਤੀ, ਕਾਲ, ਆਦਿ ਦੇ ਅਰਥਾਂ ਨੂੰ ਕਿਸੇ ਦੇਵੀ-ਦੇਵਤੇ ਨਾਲ ਜੋੜਨਾ ਗੁਰਮਤਿ ਦੇ ਉਲਟ ਹੋਣ ਦੀ ਨਿਸ਼ਾਨੀ ਹੈ ।
ਇਸ ਅਧਿਆਇ ਵਿੱਚ ਆਪਾਂ ਕਾਲ ਸ਼ਬਦ ਦੇ ਬਾਰੇ ਚਰਚਾ ਕਰਨ ਜਾ ਰਹੇ ਹਾਂ ।

ਕਾਲ ਜੀ ਦੀ ਪੂਜਾ: ਸ਼ੁਰੂਆਤ ਦੇ ਵਿੱਚ ਕਾਲੇ ਨੇ ਇਹ ਲਿਖਿਆ ਕਿ ਗੁਰੂ ਸਾਹਿਬ ਨੇ ਜੋ ਸ਼ਬਦਾਂ ਰਾਹੀ ਪਰਮਾਤਮਾ ਦਾ ਸਰੂਪ ਵਰਣਨ ਕੀਤਾ ਹੈ ਓਹੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਵਿਚ ਹੈ । ਪਰ ਝੱਟ ਹੀ ਆਪਣਾ ਦੋਗਲਾਪਣ ਦਿਖਾਉਣ ਵਿਚ ਮਾਹਿਰ ਅਨਪੜ੍ਹ ਕਾਲੂ ਜੀ ਨੇ ਬਿਨਾਂ ਸੋਚੇ ਵਿਚਾਰੇ ਇਹ ਲਿਖ ਦਿੱਤਾ ਕਿ ਗੁਰੂ ਸਾਹਿਬ ਨੇ ਜੋ ਛੰਦ ੧੮ ਵਿਚ ਤੇ ਅੱਗੇ ਲਿਖਿਆ ਹੈ ਉਹ ਸ਼ਿਵਜੀ ਦੇ ਲਈ ਹੈ । ਇਹ ਇਥੇ ਹੀ ਸੀਮਤ ਨਾ ਰਹਿ ਕੇ ਇਥੋਂ ਅੱਗੇ ਜਾਂਦਾ ਹੈ ਤੇ ਕੋਈ ਸ਼ਿਵ ਪੁਰਾਣ ਨਾਮੀ ਪੁਸਤਕ ਦਾ ਹਵਾਲਾ ਦੇ ਕੇ ਇਹ ਸਿੱਧ ਕਰਦਾ ਹੈ ਕਿ ਇਹ ਓਹੀ ਕਾਲ ਹੈ ਜਿਸਦਾ ਵਰਣਨ ਇਨ੍ਹਾਂ ਛੰਦਾਂ ਦੇ ਵਿਚ ਹੈ । ਉਪਰ ਕੀਤੀ ਥੋੜ੍ਹੇ ਸ਼ਬਦਾਂ ਦੀ ਵਿਚਾਰ ਵਿਚ ਇਹ ਗੱਲ ਨਿਕਲ ਕੇ ਸਾਹਮਣੇ ਜ਼ਰੂਰ ਆਉਂਦੀ ਹੈ ਕਿ ਜੇਕਰ ਗੁਰਬਾਣੀ ਦੇ ਅਰਥ ਹਿੰਦੂ ਧਾਰਮਿਕ ਗ੍ਰੰਥਾਂ ਦੇ ਦੇਵੀ ਦੇਵਤਿਆਂ ਦੀ ਉਸਤਤ ਵਿਚ ਕੀਤੇ ਸ਼ਬਦਾਂ ਨੂੰ ਵਾਚ ਕੇ ਕੀਤੇ ਜਾਣ ਤਾਂ ਗੁਰਬਾਣੀ ਦੇ ਅਰਥਾਂ ਦੇ ਅਨਰਥ ਹੋ ਜਾਂਦੇ ਨੇ, ਜੋ ਕਈ ਲੋਕ ਬਹੁਤ ਸਮੇਂ ਤੋਂ ਕਰਦੇ ਆਏ ਨੇ । ਉਪਰੋਕਤ ਉਦਾਹਰਣ ਰਾਮ ਬਾਰੇ ਕਾਫ਼ੀ ਹੈ ।
ਬਹੁਤੇ ਲੋਕਾਂ ਨੇ ਆਪਣਾ ਸਮਾਂ ਕਾਲ ਸ਼ਬਦ ਜਾਂ ਫਿਰ ਮਹਾਂਕਾਲ ਸ਼ਬਦ ਦੇ ਉਲਟ ਅਰਥ ਕਰਨ ਲਈ ਬਰਬਾਦ ਕੀਤਾ ਹੈ । ਜੋ ਵੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦਾ ਵਿਰੋਧੀ ਹੈ ਉਹ ਇਨ੍ਹਾਂ ਦੇ ਗ਼ਲਤ ਅਰਥ ਨਾ ਕਰੇ ਏਦਾਂ ਨਹੀਂ ਹੋ ਸਕਦਾ । ਗੁਰਬਾਣੀ ਤੋਂ ਸਿੱਖਾਂ ਨੂੰ ਤੋੜਨ ਦੇ ਦੋ ਤਰੀਕੇ ਹੀ ਹਨ । ਪਹਿਲਾਂ ਇਹ ਕਹਿਣਾ ਕਿ ਇਹ ਗੁਰਬਾਣੀ ਨਹੀਂ, ਤੇ ਦੂਜਾ ਗੁਰਬਾਣੀ ਦੇ ਗ਼ਲਤ ਅਰਥ ਕਰਨੇ । ਤੇ ਇਹ ਦੋਨੋਂ ਹੀ ਗੁਰ-ਨਿੰਦਕਾਂ ਨੇ ਅਪਣਾਏ ਹੋਏ ਨੇ । ਪਰ ਇਹ ਸਮਾਂ ਵੀ ਬੀਤ ਜਾਣਾ ਹੈ । ਨਾ ਖਾਲਸੇ ਪੰਥ ਨੂੰ ਕੋਈ ਹਲਾ ਸਕਿਆ ਹੈ ਨਾ ਕੋਈ ਹਲਾ ਸਕੂਗਾ । ਇਹ ਕੀੜੇ ਮਕੌੜੇ ਸਿਖਾਂ ਵਿਚ ਆ ਕਰ ਸੰਗਤ ਨੂੰ ਗੁੰਮਰਾਹ ਕਰਨ ਲਈ ਆਉਂਦੇ ਹੀ ਰਹਿੰਦੇ ਹਨ ।
ਆਓ ਪਹਿਲਾਂ ਇਨ੍ਹਾਂ ਛੰਦਾਂ ਦੀਆਂ ਹੀ ਕੁਝ ਕੁ ਸਤਰਾਂ ਸਾਹਮਣੇ ਰੱਖੀਏ ।
੧. ਮਹਾਂ ਦਾੜ ਦਾੜੰ ਸੁ ਸੋਹੰ ਅਪਾਰੰ ॥ ਜਿਨੈ ਚਰਬੀਯੰ ਜੀਵ ਜਗਿਯੰ ਹਜਾਰੰ ॥੧੮॥
ਡਮਾਡੰਮ ਡਉਰੂ ਸਿਤਾਸੇਤ ਛੱਤ੍ਰੰ ॥ ਹਾਹਾ ਹੂਹ ਹਾਸੰ ਝਮਾ ਝੱਮ ਅੰਤ੍ਰੰ
ਮਹਾਂ ਘੋਰ ਸਬਦੰ ਬਜੇ ਸੰਖ ਐਸੰ ॥ ਪ੍ਰਲੈਕਾਲ ਕੇ ਕਾਲ ਕੀ ਜ੍ਵਾਲ ਜੈਸੰ ੧੯॥
ਇਨ੍ਹਾਂ ਸਤਰਾਂ ਰਾਹੀ ਗੁਰ-ਨਿੰਦਕ ਇਹ ਦ੍ਰਿਸ਼ ਪੇਸ਼ ਕਰਦੇ ਹਨ ਕਿ ਇਹ ਤਾਂ ਕੋਈ ਦੇਵਤਾ ਹੀ ਹੋਵੇਗਾ ਜੋ ਹੱਸ ਰਿਹਾ ਹੈ ਤੇ ਸਾਕਾਰ ਰੂਪ ਦੇ ਵਿਚ ਹੈ । ਜੋ ਲੋਕ ਗੁਰਬਾਣੀ ਤੋਂ ਸੱਖਣੇ ਹਨ ਉਨ੍ਹਾਂ ਨੂੰ ਇਸ ਗੱਲ ਦਾ ਨਹੀਂ ਪਤਾ ਕਿ ਪਰਮਾਤਮਾ ਆਕਾਰ ਰਹਿਤ ਰੂਪ ਦੇ ਵਿਚ ਵੀ ਹੋ ਸਕਦਾ ਹੈ ਤੇ ਸਾਕਾਰ ਰੂਪ ਦੇ ਵਿਚ ਵੀ । ਉਹ ਸ਼ਰੀਰ ਵਾਲਾ ਵੀ ਹੈ ਤੇ ਬਿਨਾਂ ਸ਼ਰੀਰ ਤੋਂ ਵੀ । ਉਸਦੇ ਨੈਣ ਵੀ ਹਨ ਤੇ ਨੈਣਾਂ ਤੋਂ ਬਗ਼ੈਰ ਵੀ । ਉਹ ਸਰਗੁਣ ਵੀ ਹੈ ਤੇ ਨਿਰਗੁਣ ਵੀ ।
੨. ਆਪਿ ਅਕਾਰੁ ਆਪਿ ਨਿਰੰਕਾਰੁ ॥ ਘਟ ਘਟ ਘਟਿ ਸਭ ਘਟ ਆਧਾਰੁ ॥੩॥ – ਅੰਗ ੮੬੩
੩. ਨਿਰਗੁਨੁ ਆਪਿ ਸਰਗੁਨੁ ਭੀ ਓਹੀ ॥ ਕਲਾ ਧਾਰਿ ਜਿਨਿ ਸਗਲੀ ਮੋਹੀ ॥ – ਅੰਗ ੨੮੮
੪. ਨਿਰਗੁਣੁ ਸਰਗੁਣੁ ਆਪੇ ਸੋਈ ॥ – ਅੰਗ ੧੨੮
੫. ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ ॥ – ਅੰਗ ੬੬੩
ਸੋ ਇਸ ਤੋਂ ਇਹ ਗੱਲ ਤਾ ਸਾਬਿਤ ਹੋ ਗਈ ਕਿ ਪਰਮਾਤਮਾ ਜੋ ਰੂਪ ਚਾਹੇ ਉਹ ਧਾਰ ਸਕਦਾ ਹੈ । ਮੈਨੂੰ ਯਾਦ ਹੈ ਇਕ ਗੁਰਬਾਣੀ ਤੋਂ ਹੀਣੇ ਇਨਸਾਨ ਨੇ ਇਹ ਕਿਹਾ ਕਿ ਜੋ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ੧੦੮੨ ਅੰਗ ਤੇ ਹੈ, ਜਿਸਦੇ ਅਰਥਾਂ ਦੇ ਬਹੁਤੇ ਅਨਰਥ ਕੀਤੇ ਜਾਂਦੇ ਨੇ, ਜੇਕਰ ਉਹ ਪਰਮਾਤਮਾ ਦੇ ਨਾਂ ਹਨ ਨਾ ਕੇ ਵਿਸ਼ਨੂੰ ਦੇ ਤਾਂ ਉਸ ਵਿਚ ਅੱਲ੍ਹਾ ਦਾ ਨਾਂ ਕਿਉਂ ਨਹੀਂ ਹੈ । ਕਾਲੇ ਦਾ ਵੀ ਕੁਝ ਉਸ ਤਰ੍ਹਾਂ ਦਾ ਹੀ ਤਰਕ ਹੈ । ਗੁਰੂ ਸਾਹਿਬਾਨ ਨੇ ਕਈ ਸ਼ਬਦ ਇਹੋ ਜਿਹੇ ਉਚਾਰੇ ਨੇ ਜਿਸ ਵਿਚ ਸਿਰਫ਼ ਉਹ ਹੀ ਸ਼ਬਦ ਨੇ ਜੋ ਮੁਸਲਮਾਨ ਜ਼ਿਆਦਾ ਵਰਤਦੇ ਸੀ, ਤਾਂ ਕੀ ਇਸਦਾ ਇਹ ਮਤਲਬ ਹੋਇਆ ਕਿ ਗੁਰੂ ਸਾਹਿਬ ਉਨ੍ਹਾਂ ਦੇ ਰੱਬ ਦੀ ਗੱਲ ਕਰ ਰਹੇ ਨੇ ? ਨਹੀਂ । ਗੁਰਬਾਣੀ ਦੇ ਵਿਚ ਸਿਰਫ਼ ਤੇ ਸਿਰਫ਼ ਉਸ ਪਰਮਾਤਮਾ ਦੀ ਹੀ ਗੱਲ ਹੈ ਜਿਸਦੇ ਬੇਅੰਤ ਨਾਂ ਹਨ । ਇਸੇ ਤਰ੍ਹਾਂ ਪਰਮਾਤਮਾ ਦਾ ਇਥੇ ਰੂਪ ਵਰਣਨ ਕੀਤਾ ਗਿਆ ਹੈ । ਇਸਨੂੰ ਹੋਰ ਤਰੀਕੇ ਨਾਲ ਸਮਝਣ ਦੇ ਲਈ ਹੇਠ ਲਿਖੀਆਂ ਤੁਕਾਂ ਪੜ੍ਹੀਆਂ ਜਾ ਸਕਦੀਆਂ ਨੇ ਜੋ 'ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼੍ਰੋਮਣੀ ਸਟੀਕ' ਦੇ ਵਿਚ ਲਿਖੀਆਂ ਗਈਆਂ ਨੇ ।
'ਜਿੱਥੇ ਪਰਮ ਸ਼ਕਤੀ ਕੁਦਰਤ ਤੇ ਕੁਦਰਤ ਦੇ ਮਾਲਿਕ ਦਾ ਬੇਅੰਤ ਉਹ ਪ੍ਰਤਾਪ ਵਿਖਾਇਆ ਹੈ ਜਿਸ ਦੇ ਪਰਭਾਵ ਹੇਠ ਇਹ ਅਨੇਕ ਸੰਸਾਰ, ਅਨੇਕਾਂ ਰੰਗ-ਬਿਰੰਗੀਆਂ ਖੇਡਾਂ ਖੇਡਦੇ ਹਨ ਤੇ ਉਸ ਵਾਹਿਗੁਰੂ ਦੇ ਅਨੇਕ ਪ੍ਰਕਾਰੀ ਗੁਣ ਗਾਉਂਦੇ ਹਨ, ਖੁਸ਼ੀਆਂ ਮਾਣਦੇ ਤੇ ਵਾਜੇ ਵਜਾਉਂਦੇ ਹਨ; ਪ੍ਰਭੂ ਜੀ ਆਪਣੀ ਰਚਨਾ ਨੂੰ ਵੇਖ-ਵੇਖ ਕੇ ਪ੍ਰਸੰਨ ਹੁੰਦੇ ਹਨ । ਜਦੋਂ ਸੁੱਖਾਂ ਦੇ ਸਮੂਹ ਵੇਖ ਕੇ ਅਸੀਂ ਸੁੱਖਾਂ ਵਿਚ ਮਦ-ਮਸਤ ਹੋ ਕੇ ਅਸੀਂ ਪਾਪ ਕਰਨ ਤੇ ਧੋਖੇਸ਼ਾਹੀ, ਬੇਇਨਸਾਫੀ, ਜੀਵਾਂ 'ਤੇ ਜ਼ੁਲਮ ਕਰਕੇ ਰੱਬ ਤੋਂ ਨਾਮੁਕਰ ਹੋ ਕੇ ਆਪ ਹੁਦਰੇ ਗੁਰੂ ਦੀ ਦੱਸੀ ਪਟੜੀ ਤੋਂ ਉੱਤਰ ਕੇ ਆਪਣੇ ਉਲੀਕੇ ਰਾਹ 'ਤੇ ਕੁਰਾਹੇ ਪੈ ਜਾਂਦੇ ਹਾਂ ਅਤੇ ਸੰਸਾਰੀ ਆਗੂ ਗਊ ਦਾ ਰੂਪ ਬਦਲ ਕੇ ਬਘਿਆੜ ਦਾ ਰੂਪ ਧਾਰਨ ਕਰ ਲੈਂਦੇ ਹਨ । ਪਰਜਾ ਦੇ ਰਾਖੇ ਪਰਜਾ ਦੀ ਚਮੜੀ ਨੋਚਣ ਲੱਗ ਜਾਂਦੇ ਹਨ, ਵੇਦ ਸਾਸ਼ਤਰ ਦੀ ਗੱਲ ਥੱਕ ਜਾਂਦੀ ਹੈ ਪਰਜਾ ਗੁਰੂ ਦੀ ਕ੍ਰਿਪਾ ਤੋਂ ਮੂੰਹ ਫੇਰ ਲੈਂਦੀ ਹੈ । ਗੁਰੂ ਦੇ ਸ਼ਬਦ ਨੂੰ ਵਿਸਾਰ ਕੇ ਗੰਦੇ ਖੂਹ ਵਿਚ ਜਾ ਡਿਗਦੀ ਹੈ ਤੇ ਪੁੱਠੇ ਕੰਮ ਪ੍ਰਜਵਲਤਾ ਹੋ ਜਾਂਦੇ ਹਨ ਤਾਂ ਠੀਕ ਰਾਹ ਦਿਸਣੋਂ ਹਟ ਜਾਂਦਾ ਹੈ । … ਜਦੋਂ ਇਹੋ ਜਿਹੀ ਦਸ਼ਾ ਸੰਸਾਰੀ ਪੁਰਸ਼ਾਂ ਦੀ ਹੋ ਜਾਂਦੀ ਹੈ ਉਸ ਵੇਲੇ ਉਹਨਾਂ ਦੇ ਮਾਲਿਕ ਦੀ ਵੀ ਨਿਗਾਹ ਦੇ ਨਾਲ ਸ਼ਕਤ-ਸੂਰਤ ਵੀ ਬਦਲ ਜਾਂਦੇ ਹੈ, ਉਸ ਵੇਲੇ ਪਹਿਲੀ ਸ਼ਕਲ ਬਦਲ ਕੇ ਨਾਥ ਦਾ ਕਿਹੜਾ ਰੂਪ ਹੁੰਦਾ ਹੈ ? ਕਰੋ ਦਿਦਾਰੇ ਅੱਗੇ ਪੜ੍ਹ ਕੇ ।'
ਇਹ ਸਤਰਾਂ ਕੋਈ ਸ਼ਿਵਜੀ ਦਾ ਰੂਪ ਬਿਆਨ ਨਹੀਂ ਕਰਦੀਆਂ ਜਿਸਦਾ ਆਸਰਾ ਕਈ ਅਨਪੜ੍ਹ ਲਿਖਾਰੀਆਂ ਨੇ ਲਿੱਤਾ ਹੋਇਆ ਹੈ । ਇਹ ਨਾ ਸਿਰਫ਼ ਕਾਲ ਨੂੰ ਬਲਕਿ ਮਹਾਂਕਾਲ ਨੂੰ ਵੀ ਕਿਸੇ ਦੇਵਤੇ ਨਾਲ ਜੋੜ ਕੇ ਗੁਰਬਾਣੀ ਬਾਰੇ ਸ਼ੰਕੇ ਖੜ੍ਹੇ ਕਰ ਰਹੇ ਨੇ । ਇਸ ਲਫ਼ਜ਼ ਦਾ ਨਿਰਣਾ ਚਰਿਤ੍ਰੋਪਾਖਿਆਣ ਦੇ ੨੬੬ਵੇਂ ਚਰਿਤ੍ਰ ਦੇ ਵਿਚ ਉਭਰ ਕੇ ਸਾਹਮਣੇ ਆਉਂਦਾ ਹੈ । ਕਈਆਂ ਨੇ ਇਸ ਚਰਿਤ੍ਰ ਬਾਰੇ ਬਹੁਤ ਰੌਲਾ ਪਾਇਆ ਹੈ ਕਿ ਇਹ ਚਰਿਤ੍ਰ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਜੇਕਰ ਮਹਾਂਕਾਲ ਦਾ ਸਿੱਖ ਬਨਣਾ ਹੈ ਤਾਂ ਸ਼ਰਾਬ ਤੇ ਭੰਗ ਪੀਓ । ਇਹੋ ਜਿਹੀਆਂ ਸਿੱਖਿਆਵਾਂ ਲੈਣ ਵਾਲੇ ਕਿਥੋਂ ਸਮਝ ਲੈਣਗੇ ਚਰਿਤ੍ਰਾਂ ਦੇ ਉਸ ਫ਼ਲਸਫ਼ੇ ਨੂੰ ਜੋ ਮੂੰਹ ਬੋਲਦੀ ਤਸਵੀਰ ਪੇਸ਼ ਕਰਦੇ ਹਨ ਇਸ ਸੰਸਾਰ ਦੇ ਵਿਚ ਵਿਚਰ ਰਹੇ ਲੋਕਾਂ ਦੀ । ਇਨ੍ਹਾਂ ਨੂੰ ਤਾਂ ਹਜੇ ਤੱਕ ਮੋਟੇ ਮੋਟੇ ਲਫ਼ਜ਼ਾਂ ਦੇ ਅਰਥ ਨਹੀਂ ਪਤਾ, ਚਰਿਤ੍ਰ ਤਾਂ ਬਹੁਤ ਹੀ ਦੂਰ ਨੇ ।
੨੬੬ਵੇਂ ਚਰਿਤ੍ਰ ਦਾ ਸੰਖੇਪ ਜਿਹਾ ਵਰਣਨ ਇਸ ਪ੍ਰਕਾਰ ਹੈ ।
ਇਕ ਰਾਜਕੁਮਾਰੀ ਆਪਣੇ ਭਰਾਵਾਂ ਨਾਲ ਪੜ੍ਹਨ ਲਈ ਕਿਸੇ ਪੰਡਿਤ ਕੋਲ ਜਾਂਦੀ ਹੈ । ਇਕ ਦਿਨ ਉਹ ਜ਼ਲਦੀ ਪਹੁੰਚ ਜਾਂਦੀ ਹੈ ਤੇ ਉਸਦੇ ਭਰਾ ਨਹੀਂ ਹੁੰਦੇ । ਉਹ ਬਹੁਤ ਹੀ ਧਿਆਨ ਨਾਲ ਪੰਡਿਤ ਨੂੰ ਸਾਰੀਆਂ ਪੂਜਾ ਦੀਆਂ ਕਿਰਿਆਵਾਂ ਕਰਦੀ ਦੇਖਦੀ ਹੈ ਤੇ ਮੁਸਕਰਾਉਂਦੀ ਹੈ । ਪੰਡਿਤ ਇਹ ਦੇਖਣ ਤੋਂ ਬਾਅਦ ਉਸ ਤੋਂ ਇਸਦਾ ਕਾਰਣ ਪੁੱਛਦਾ ਹੈ । ਇਥੋਂ ਇਨ੍ਹਾਂ ਦੀ ਚਰਚਾ ਸ਼ੁਰੂ ਹੁੰਦੀ ਹੈ । ਰਾਜਕੁਮਾਰੀ ਇਹ ਦੱਸਣ ਦਾ ਯਤਨ ਕਰਦੀ ਹੈ ਕਿ ਜਿਹੜੀਆਂ ਮੂਰਤੀਆਂ ਜਾਂ ਸ਼ਿਵਲਿੰਗ ਦੀ ਪੂਜਾ ਤੂੰ ਕਰਦਾ ਹੈ ਇਸਦਾ ਕੋਈ ਵੀ ਫੱਲ ਨਹੀਂ ਮਿਲਣਾ । ਪਰਮਾਤਮਾ ਕਣ ਕਣ ਦੇ ਵਿਚ ਵਿਆਪਕ ਹੈ ਤੇ ਤੂੰ ਉਸਨੂੰ ਸਿਰਫ਼ ਇਕ ਪੱਥਰ ਦੀ ਮੂਰਤੀ ਦੇ ਵਿਚ ਵਿਦਮਾਨ ਸਮਝ ਲਿਆ ਹੈ । ਨਾ ਕੇਵਲ ਉਹ ਉਸਨੂੰ ਉਪਦੇਸ਼ ਦਿੰਦੀ ਹੈ ਬਲਕਿ ਇਹ ਵੀ ਦੱਸਦੀ ਹੈ ਕਿ ਕਿਸ ਤਰੀਕੇ ਨਾਲ ਇਹ ਲੋਕ ਭੋਲੇ ਭਾਲੇ ਲੋਕਾਂ ਨੂੰ ਆਪਣੀਆਂ ਗੱਲਾਂ ਦੇ ਵਿਚ ਫਸਾ ਕੇ ਲੁੱਟ ਲੈਂਦੇ ਨੇ । ਇਨ੍ਹਾਂ ਗੱਲਾਂ ਨੂੰ ਸੁਣਕੇ ਪੰਡਿਤ ਅੱਗ ਵਾਙੂੰ ਬਲਣ ਲੱਗ ਜਾਂਦਾ ਹੈ ਤੇ ਦੱਸਦਾ ਹੈ ਕਿ ਇਹ ਦੇਵਤਿਆਂ ਦੀ ਪੂਜਾ ਜ਼ਰੂਰ ਕਰਨੀ ਚਾਹੀਏ । ਜਦ ਬਹੁਤਾ ਸਮਝਾਉਣ ਤੇ ਵੀ ਪੰਡਿਤ ਨਹੀਂ ਸਮਝਦਾ ਤਾਂ ਉਹ ਉਸਦਾ ਓਸੇ ਸ਼ਿਵਲਿੰਗ ਨਾਲ ਮੂੰਹ ਭੰਨਦੀ ਹੈ ਜਿਸਦੀ ਉਹ ਪੂਜਾ ਕਰਦਾ ਸੀ ਤੇ ਉਸਨੂੰ ਗੋਤੇ ਲਵਾਉਂਦੀ ਹੈ ਨਹਿਰ ਦੇ ਵਿਚ । ਇਸ ਚਰਿਤ੍ਰ ਦੇ ਵਿਚੋਂ ਕੁਝ ਕੁ ਸਤਰਾਂ ਇਸ ਪ੍ਰਕਾਰ ਨੇ ਜੋ ਪੜ੍ਹਨ ਨਾਲ ਹੀ ਸਾਰੇ ਸ਼ੰਕੇ ਨਿਕਲ ਜਾਂਦੇ ਨੇ ।
੬. ਏਕੈ ਮਹਾਂ ਕਾਲ ਹਮ ਮਾਨੈ ॥ ਮਹਾਂ ਰੁੱਦ੍ਰ ਕਹੱ ਕਛੂ ਨ ਜਾਨੈ
ਬ੍ਰਹਮ ਬਿਸਨ ਕੀ ਸੇਵ ਨ ਕਰਹੀ ॥ ਤਿਨ ਤੇ ਹਮ ਕਬਹੂੰ ਨਹਿ ਡਰਹੀ ॥੯੬॥
ਅਰਥ ਸਪਸ਼ਟ ਨੇ ਇਨ੍ਹਾਂ ਸਤਰਾਂ ਦੇ । ਜੇਕਰ ਸ਼ਿਵਜੀ ਹੀ ਅਰਥ ਕਰਨੇ ਨੇ ਜਿਥੇ ਵੀ ਮਹਾਂ ਕਾਲ ਆਉਂਦਾ ਹੈ ਤਾਂ ਪਹਿਲੀਆਂ ਦੋ ਸਤਰਾਂ ਦੇ ਕੋਈ ਅਰਥ ਸਿੱਧ ਨਹੀਂ ਹੋਣਗੇ । ਇਸਦਾ ਤਾਂ ਇਹ ਭਾਵ ਹੋ ਜਾਊਗਾ ਕਿ ਮੈਂ ਸ਼ਿਵਜੀ ਨੂੰ ਮੰਨਦੀ ਹਾਂ ਤੇ ਮੈਂ ਸ਼ਿਵਜੀ ਨੂੰ ਕੁਝ ਨਹੀਂ ਜਾਣਦੀ ।
ਸੋ ਖਾਲਸਾ ਜੀ, ਜੇਕਰ ਗੁਰਬਾਣੀ ਦੇ ਸ਼ਬਦਾਂ ਦੇ ਅਰਥ ਹੀ ਸਹੀ ਨਹੀਂ ਨੇ ਤਾਂ ਕੁਝ ਵੀ ਸਿੱਧ ਕੀਤਾ ਜਾ ਸਕਦਾ ਹੈ, ਜੋ ਗੁਰਮਤਿ ਤੋਂ ਉਲਟ ਹੋਵੇਗਾ ।
ਇੱਕ ਗੱਲ ਹੋਰ ਜੋ ਅਨਪੜ੍ਹ ਲਾਣਾ ਕਰਦਾ ਹੈ ਉਹ ਇਹ ਕਿ ਸਾਨੂੰ ਕੋਈ ਸ਼ਕਤੀ ਨੂੰ ਪੂਜਣ ਦੀ ਲੋੜ ਨਹੀਂ, ਜਾਂ ਫਿਰ ਜਿਵੇਂ ਕਾਲੂ ਨੇ ਕਿਹਾ ਕਿ ਤਲਵਾਰ ਆਪਣੇ ਆਪ ਵਿਚ ਕੁਝ ਨਹੀਂ ਕਰ ਸਕਦੀ ਤੇ ਇਸਨੂੰ ਮਾਰਨ ਵਾਲੀ ਸ਼ਕਤੀ ਕਹਿਣਾ ਗ਼ਲਤ ਹੈ । ਪਰ ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਓਹ ਪਰਮਾਤਮਾ ਆਪ ਹੀ ਸ਼ਕਤੀ ਰੂਪ ਹੋ ਕਰ ਵਿਚਰ ਰਿਹਾ ਹੈ ।
੭. ਆਪੇ ਸਕਤੀ ਸਬਲੁ ਕਹਾਇਆ ਆਪੇ ਸੂਰਾ ਅਮਰੁ ਚਲਾਇਆ ਅੰਗ ੧੦੮੧
ਮਹਾਨ ਕੋਸ਼ ਦਾ ਹਵਾਲਾ ਦੇ ਕੇ ਕਾਲੂ ਨੇ ਇਹ ਵੀ ਸਿੱਧ ਕਰਨਾ ਚਾਹਿਆ ਕਿ ਕਾਲ ਦੇ ਅਰਥ ਪਰਮਾਤਮਾ ਨਹੀਂ ਬਣਦੇ । ਉਸਨੇ ਨਾ ਹੀ ਮਹਾਨ ਕੋਸ਼ ਚੱਜ ਨਾਲ ਪੜ੍ਹਿਆ ਹੈ ਤੇ ਨਾ ਹੀ ਗੁਰਬਾਣੀ । ਇਹੀ ਕਾਰਣ ਹੈ ਕਿ ਇਸਨੂੰ ਹਾਲੇ ਤੱਕ ਮੋਟੇ ਮੋਟੇ ਨੁੱਕਤੇ ਨਹੀਂ ਪਤਾ ਲੱਗੇ ਗੁਰਬਾਣੀ ਦੇ । ਹਾਲਾਂਕਿ ਕਾਲੇ ਨੇ ਬਹੁਤ ਸਾਰੇ ਹਿੰਦੂ ਧਾਰਮਿਕ ਗ੍ਰੰਥਾਂ ਦੀਆਂ ਕਹਾਣੀਆਂ ਨਾਲ ਆਪਣੀਆਂ ਕਿਤਾਬਾਂ ਨੂੰ ਭਰਿਆ ਹੋਇਆ ਹੈ ਤਾਂ ਜੋ ਇਹ ਸਿੱਧ ਕੀਤਾ ਜਾ ਸਕੇ ਕਿ ਇਹ ਬਾਣੀ ਕੋਈ ਬਾਹਮਣ ਨੇ ਲਿਖੀ ਹੈ । ਜੋ ਲਿਖਣ ਦਾ ਢੰਗ ਕਾਲੇ ਨੇ ਅਪਣਾਇਆ ਹੈ ਉਸ ਤੋਂ ਸਹਿਜੇ ਹੀ ਇਹ ਅਹਿਸਾਸ ਹੋਣ ਲੱਗ ਜਾਂਦਾ ਹੈ ਕਿਸੇ ਆਮ ਬੰਦੇ ਨੂੰ ਕਿ ਇਹ ਸ਼ਾਇਦ ਗੁਰੂ ਸਾਹਿਬਾਨ ਨੇ ਬਾਣੀ ਨਹੀਂ ਲਿਖੀ । ਪਰ ਜਦੋਂ ਓਹੀ ਬੰਦਾ ਕਿਸੇ ਵਿਦਵਾਨ ਸਿੰਘ ਕੋਲ ਬੈਠ ਕੇ ਅਰਥ ਪੜ੍ਹਦਾ ਹੈ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਪੈਸੇ ਖਾਣੇ ਲਿਖਾਰੀਆਂ ਨੂੰ ਕਿੰਨਾ ਕੁ ਪਤਾ ਹੈ ਗੁਰਬਾਣੀ ਦਾ । ਇਨ੍ਹਾਂ ਨੂੰ ਬਸ ਉਨ੍ਹਾਂ ਹੀ ਪਤਾ ਹੈ ਜਿੰਨਾ ਇਨ੍ਹਾਂ ਦੇ ਉੱਤੇ ਬੈਠੇ ਮਾਲਕਾਂ ਨੇ ਇਨ੍ਹਾਂ ਨੂੰ ਦੱਸਿਆ ਹੈ । ਇਨ੍ਹਾਂ ਦੀ ਆਪਣੀ ਕੋਈ ਖੋਜ ਨਹੀਂ ਹੈ ।
ਆਉ ਹੁਣ ਕਾਲੇ ਵੱਲੋਂ ਲਿਖੇ ਮਹਾਨ ਕੋਸ਼ ਦੇ ਹਵਾਲੇ ਦਾ ਹੀ ਹਵਾਲਾ ਦੇ ਕਰ ਦੇਖੀਏ ਕਿ ਭਾਈ ਕਾਨ੍ਹ ਸਿੰਘ ਨਾਭਾ ਕੀ ਅਰਥ ਕਰਦੇ ਨੇ ਕਾਲ ਦੇ।
'੫. ਮਹਾਕਾਲ. ਜੋ ਸਾਰੀ ਵਿਸ਼੍ਵ ਨੂੰ ਲੈ ਕਰਦਾ ਹੈ. "ਕਾਲ ਕ੍ਰਿਪਾਲੁ ਹਿਯੈ ਨ ਚਿਤਰ੍ਯੋ" (੩੩ ਸਵੈਯੇ)'
ਇਥੇ ਸਪਸ਼ਟ ਰੂਪ ਦੇ ਵਿਚ ਕਾਲ ਦੇ ਅਰਥ ਮਹਾਕਾਲ ਕੀਤੇ ਨੇ । ਆਉ ਹੁਣ ਭਾਈ ਕਾਨ੍ਹ ਸਿੰਘ ਨਾਭਾ ਨੂੰ ਪੁੱਛੀਏ ਕਿ ਇਹ ਮਹਾਕਾਲ ਪਰਮਾਤਮਾ ਹੋ ਸਕਦਾ ਹੈ ਜਾਂ ਨਹੀਂ ।
'ਸੰਗ੍ਯਾ – ਕਾਲ ਦਾ ਭੀ ਕਾਲ ਕਰਨ ਵਾਲਾ. ਯਮ ਸ਼ਿਵ ਆਦਿ ਜਗਤ ਦਾ ਅੰਤ ਕਰਨ ਵਾਲੇ ਭੀ ਜਿਸ ਵਿੱਚ ਲੈ ਹੋ ਜਾਂਦੇ ਹਨ. ਵਾਹਗੁਰੂ. ਪਾਰਬ੍ਰਹਮ. "ਮਹਾਕਾਲ ਰਖਵਾਰ ਹਮਾਰੋ." (ਕ੍ਰਿਸਨਾਵ)'
ਬਹੁਤਿਆਂ ਨੂੰ ਸ਼ਾਇਦ ਇਸ ਗੱਲ ਦਾ ਵੀ ਆਭਾਸ ਹੋ ਸਕਦਾ ਹੈ ਕਿ ਇਥੇ ਤਾਂ ਸ਼ਿਵ ਲਿਖਤਾ ਸੋ ਇਹ ਸ਼ਿਵਜੀ ਹੀ ਹੋ ਸਕਦਾ ਹੈ । ਉਨ੍ਹਾਂ ਲਈ ਆਪਾਂ ਸ਼ਿਵ ਦੇ ਅਰਥ ਵੀ ਵਾਚ ਲੈਨੇ ਆ ਕਿ ਸ਼ਿਵ ਦੇ ਅਰਥ ਪਰਮਾਤਮਾ ਹੋ ਸਕਦੇ ਨੇ ਯਾ ਨਹੀਂ ।
'ਸਿਵ: ੧੦. ਪਾਰਬ੍ਰਹਮ. ਕਰਤਾਰ. "ਜਹਿ ਦੇਖਾ ਤਹਿ ਰਵਿ ਰਹੇ ਸਿਵ ਸਕਤੀ ਕਾ ਮੇਲ." (ਸ੍ਰੀ ਮ: ੧)'
ਸੋ ਚਾਹੇ ਸਿਵ ਹੋਵੇ ਜਾਂ ਕਾਲ ਜਾਂ ਮਹਾਂਕਾਲ ਜਾਂ ਰਾਮ ਜਾਂ ਕੋਈ ਵੀ ਹੋਰ ਨਾਂ ਹੋਵੇ, ਉਹ ਪਰਮਾਤਮਾ ਲਈ ਵਰਤੇ ਗਏ ਹਨ । ਇਨ੍ਹਾਂ ਨੂੰ ਇਹ ਕਹਿ ਕੇ ਨਿਕਾਰ ਦੇਣਾ ਕਿ ਇਹ ਤਾਂ ਕੋਈ ਦੇਵਤਿਆਂ ਦੇ ਨਾਮ ਨੇ ਇਹ ਬਹੁਤ ਵੱਡੀ ਬੇਵਕੂਫ਼ੀ ਹੋਵੇਗੀ । ਕਈ ਵਿਦਵਾਨਾਂ ਤੋਂ ਸੁਣਿਆ ਸੀ ਕਿ ੨੦ਵੀਂ ਸਦੀ ਦੇ ਵਿਚ ਕਈ ਲੋਕਾਂ ਨੇ ਇਹ ਰੌਲਾ ਵੀ ਪਾਇਆ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਵਿਚ ਜਿਥੇ ਵੀ ਰਾਮ, ਮੁਰਾਰੀ, ਗੋਬਿੰਦ, ਆਦਿ ਸ਼ਬਦ ਆਏ ਨੇ ਇਨ੍ਹਾਂ ਦੀ ਥਾਂ ਵਾਹਿਗੁਰੂ ਕਰ ਦੇਣਾ ਚਾਹੀਦਾ ਹੈ । ਇਹੀ ਤਰੀਕਾ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪ੍ਰਤੀ ਵਰਤਿਆ ਜਾ ਰਿਹਾ ਹੈ । ਇਹ ਆਮ ਕਹਾਵਤ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ । ਜੋ ਕੁਝ ਵੀ ਵਾਪਰ ਚੁੱਕਾ ਹੈ ਜੇਕਰ ਆਪਾਂ ਪੜ੍ਹ ਲਈਏ ਤਾਂ ਜੋ ਕੁਝ ਹੁਣ ਵਾਪਰ ਰਿਹਾ ਹੈ ਉਹ ਜਾਨਣ ਦੇ ਵਿਚ ਕੋਈ ਪ੍ਰੇਸ਼ਾਨੀ ਨਹੀਂ ਆਉਂਦੀ । ਓਹੀ ਚੀਜ਼ਾਂ ਜੋ ਆਪਣੇ ਪੁਰਖਿਆਂ ਨੇ ਦੇਖੀਆਂ ਹੋਣਗੀਆਂ ਕੁਝ ਕੁ ਮੂਰਖ਼ ਸਿੱਖਾਂ ਦੀਆਂ ਓਹੀ ਆਪਾਂ ਹੁਣ ਦੇਖ ਰਹੇ ਹਾਂ । ਕੋਈ ਖ਼ਾਸ ਅੰਤਰ ਮੈਨੂੰ ਨਹੀਂ ਲੱਗਦਾ ਪੁਰਾਣੇ ਮੂਰਖ਼ਾਂ ਦੇ ਵਿਚ ਤੇ ਹੁਣ ਦੇ ਮੂਰਖ਼ਾਂ ਦੇ ਵਿਚ ।
ਜਿੰਨੇ ਵੀ ਪਰਮਾਤਮਾ ਦੇ ਨਾਂ ਆਏ ਨੇ ਗੁਰਬਾਣੀ ਦੇ ਵਿਚ ਉਨ੍ਹਾਂ ਦੇ ਅਰਥ ਵਾਚੇ ਬਿਨਾਂ ਇਨਸਾਨ ਬਹੁਤ ਭੰਬਲਭੂਸੇ ਦੇ ਵਿਚ ਪੈ ਜਾਂਦਾ ਹੈ । ਕੁਝ ਲੋਕ ਇਹ ਜਾਣ ਬੁੱਝ ਕੇ ਕਰਦੇ ਨੇ । ਕਈਆਂ ਨੂੰ ਇਸਦਾ ਪਤਾ ਹੀ ਨਹੀਂ ਹੁੰਦਾ, ਜਾਂ ਇਹ ਕਹਿ ਲਵੋ ਕਿ ਜਿੱਧਰ ਨੂੰ ਮੋੜ ਦਿੱਤਾ ਜਾਂਦਾ ਹੈ ਓਧਰ ਨੂੰ ਹੀ ਮੁੜ ਜਾਂਦੇ ਨੇ ਬਿਨਾਂ ਗੁਰਬਾਣੀ ਜਾਂ ਇਤਿਹਾਸ ਪੜ੍ਹੇ । ਜਿਵੇਂ ਸ਼ਬਦ ਰਾਮ ਹੈ । ਰਾਮ ਦਾ ਅਰਥ ਹੁੰਦਾ ਹੈ ਰਮਇਆ ਹੋਇਆ । ਉਹ ਪਰਮਾਤਮਾ ਜੋ ਕਣ ਕਣ ਦੇ ਵਿਚ ਵਿਦਮਾਨ ਹੈ, ਉਹ ਪਰਮਾਤਮਾ ਦਾ ਨਾਮ ਰਾਮ ਹੈ । ਨਿਰਵੈਰ । ਪਰਮਾਤਮਾ ਦਾ ਨਾਂ ਨਿਰਵੈਰ ਵੀ ਹੈ ਕਿਉਂਕਿ ਉਸਦਾ ਕਿਸੇ ਨਾਲ ਵੈਰ ਨਹੀਂ ਹੈ । ਕਈ ਲੋਕ ਜੋ 'ਅਪਗ੍ਰੇਡ ਮਹਿਕਮੇ' ਦੇ ਵਿਚ ਆਉਂਦੇ ਨੇ ਉਨ੍ਹਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਜੇਕਰ ਗੁਰਬਾਣੀ ਜਾਂ ਸ਼ਬਦ ਦੇ ਵਿਚ ਏਨੀ ਸ਼ਕਤੀ ਹੁੰਦੀ ਤਾਂ ਗੁਰੂ ਸਾਹਿਬ ਨੇ ਕਿਉਂ ਨਹੀਂ ਵਰਤੀ । ਇਹ ਓਹੀ ਲੋਕ ਨੇ ਜੋ ਗੁਰੂ ਸਾਹਿਬਾਨ ਦੀਆਂ ਕੀਤੀਆਂ ਹੋਈਆਂ ਕਲਾਵਾਂ ਨੂੰ ਗ਼ਲਤ ਸਿੱਧ ਕਰਦੇ ਨੇ । ਜੋ ਗੁਰੂ ਸਾਹਿਬਾਨ ਨੇ ਕਰ ਦਿੱਤਾ ਉਹ ਕਿਹੜਾ ਇਨ੍ਹਾਂ ਲੋਕਾਂ ਨੇ ਮੰਨ ਲਿਆ । ਸੋ ਪਰਮਾਤਮਾ ਦਾ ਕਿਸੇ ਨਾਲ ਵੈਰ ਨਹੀਂ ਪਰ ਜੋ ਇਨਸਾਨ ਕਰਮਾ-ਬੱਝਾ ਆਉਂਦਾ ਹੈ ਉਸਨੂੰ ਦੁੱਖ ਸੁੱਖ ਭੋਗਣੇ ਹੀ ਪੈਂਦੇ ਨੇ । ਪਰ ਇਨ੍ਹਾਂ ਲੋਕਾਂ ਨੇ ਗੁਰੂ ਸਾਹਿਬਾਨਾਂ ਨੂੰ ਵੀ ਕਰਮਾ-ਬੱਝਾਂ ਜਾਣਿਆ ਹੋਇਆ ਹੈ ਤਾਂਈਓਂ ਇਹ ਗੁਰੂ ਨੂੰ ਆਪਣੀ ਛੋਟੀ ਬੁੱਧੀ ਰਾਹੀ ਸਮਝਣ ਦੀ ਕੋਸ਼ਿਸ਼ ਦੇ ਵਿਚ ਲੱਗੇ ਹੋਏ ਨੇ ।
ਇਸੇ ਤਰ੍ਹਾਂ ਪਰਮਾਤਮਾ ਦਾ ਨਾਂ ਕਾਲ ਵੀ ਹੈ । ਕਾਲ ਕਿਉਂ ਹੈ ? ਇਸਦਾ ਮਤਲਬ ਕੀ ਹੈ ? ਇਸਦਾ ਉੱਤਰ ਵੀ ਗੁਰੂ ਸਾਹਿਬਾਨ ਨੇ ਆਪਾਂ ਨੂੰ ਗੁਰਬਾਣੀ ਦੇ ਵਿਚ ਦੇ ਦਿੱਤਾ ਹੈ । ਪਰ ਆਪਾਂ ਉਨ੍ਹਾਂ ਅਰਥਾਂ ਨੂੰ ਪੜ੍ਹਨ ਦੀ ਬਜਾਏ ਕਾਲੂ ਦੇ ਅਰਥਾਂ ਨੂੰ ਜ਼ਿਆਦਾ ਪੜ੍ਹਨ ਲੱਗ ਜਾਨੇ ਹਾਂ । ਇਸ ਤੋਂ ਨਾ ਕੇਵਲ ਆਪਾਂ ਨੂੰ ਗ਼ਲਤ ਅਰਥ ਦਿੱਤੇ ਜਾਂਦੇ ਨੇ ਬਲਕਿ ਸਹੀ ਅਰਥਾਂ ਤੋਂ ਵੀ ਦੂਰ ਰੱਖਿਆ ਜਾਂਦਾ ਹੈ ।
੮. ਅੰਤ ਕਰਤ ਸਭ ਜਗ ਕੌ ਕਾਲਾ ॥ ਨਾਮੁ ਕਾਲ ਤਾ ਤੇ ਜਗ ਡਾਲਾ
ਸਮੈ ਸੰਤ ਪਰ ਹੋਤ ਸਹਾਈ ॥ ਤਾ ਤੇ ਸੰਖਯਾ ਸੰਤ ਸੁਨਾਈ ॥੯॥ – ਚੌਬੀਸ ਅਉਤਾਰ
ਇਥੇ ਗੁਰੂ ਸਾਹਿਬਾਨ ਨੇ ਸਾਫ਼ ਸਾਫ਼ ਲਿੱਖਤਾ ਕਿ ਕਾਲ ਉਹ ਹੈ ਜੋ ਆਖ਼ਿਰ ਨੂੰ ਸਭ ਨੂੰ ਮਾਰ ਦਿੰਦਾ ਹੈ, ਇਹੀਓ ਕਾਰਣ ਹੈ ਕਿ ਉਸਦਾ ਨਾਂ ਕਾਲ ਰੱਖਿਆ ਗਿਆ ਹੈ । ਜਿਸ ਤਰ੍ਹਾਂ ਪਿਛੇ ਕੁਝ ਉਦਾਹਰਣਾਂ ਵੀ ਦੇ ਦਿੱਤੀਆਂ ਗਈਆਂ ਨੇ । ਪਰ ਸ਼ਾਇਦ ਕੁਝ ਕੁ ਸਿੱਖਾਂ ਨੂੰ ਅਜੇ ਵੀ ਕੋਈ ਭਰਮ ਹੋਵੇ ਕਿ ਇਹ ਸ਼ਿਵ ਜੀ ਦੀ ਗੱਲ ਹੋਵੇ, ਉਨ੍ਹਾਂ ਲਈ ਹੇਠ ਲਿਖੀਆਂ ਸਤਰਾਂ ਕਾਫ਼ੀ ਹਨ ।
. ਔਰ ਸੁ ਕਾਲ ਸਭੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ ੮੪॥ ਬਚਿੱਤ੍ਰ ਨਾਟਕ
ਇਕ ਉਹ ਪਰਮਾਤਮਾ ਹੀ ਹੈ ਜੋ ਸਮੇਂ ਦੇ ਅਧੀਨ ਨਹੀਂ ਹੈ, ਜੋ ਅਕਾਲ ਹੈ, ਉਸਦਾ ਨਾਂ ਹੀ ਕਾਲ ਹੈ ।
ਹੋਰ ਕੋਈ ਵਿਚਾਰ ਕਰਨ ਤੋਂ ਪਹਿਲਾਂ ਕਾਲੇ ਅਫ਼ਗ਼ਾਨੇ ਦੇ ਸੱਚੇ ਆਸ਼ਕ ਜਿਉਣਵਾਲੇ ਦੀ ਵੀ ਇਕ ਦਲੀਲ ਦੀ ਗੱਲ ਇਥੇ ਕਰ ਲਈ ਜਾਵੇ ਕਿਉਂਕਿ ਉਹ ਆਪਣੇ ਹਰ ਇਕ ਭਰਮ ਪੈਦਾ ਕਰਨ ਵਾਲੇ ਲੈਕਚਰ ਦੇ ਵਿਚ ਇਹ ਗੱਲ ਜ਼ਰੂਰ ਲੈ ਕਰ ਆਉਂਦਾ ਹੈ । ਕਾਲੂ ਦੇ ਦੱਸੇ ਹੋਏ ਮਾਰਗ ਤੇ ਚੱਲਦੇ ਹੋਏ, ਅੱਖਾਂ ਤੇ ਪੱਟੀ ਬੰਨ੍ਹ ਕੇ ਜਿਉਣਵਾਲਾ ਇਹ ਕਹਿੰਦਾ ਹੈ ਕਿ ਸਾਨੂੰ ਕਿਸੇ ਮਹਾਂਕਾਲ ਦੀ ਪੂਜਾ ਨਹੀਂ ਕਰਨੀ ਚਾਹੀਦੀ, ਤੇ ਫਿਰ ਉਹ ਗੁਰਬਾਣੀ ਦੇ ਵਿਚੋਂ ਉਦਾਹਰਣ ਦਿੰਦਾ ਹੈ ।
੧੦.  ਜਪਿ ਗੋਬਿੰਦੁ ਗੋਪਾਲ ਲਾਲੁ ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਖਾਈ ਮਹਾ ਕਾਲੁ ੧॥ ਅੰਗ ੮੮੫
ਇਸ ਸਤਰ ਦੇ ਵਿਚ ਆਏ ਮਹਾਂਕਾਲ ਦੇ ਅਰਥ ਨੇ ਯਮਰਾਜ ਜਾਂ ਫਿਰ ਕਹਿ ਲੋ ਆਵਾਗਵਣ । ਜੋ ਲੋਕ ਪਰਮਾਤਮਾ ਨੂੰ ਯਾਦ ਕਰਨੇ ਨੇ, ਸਿਮਰਨ ਕਰਦੇ ਨੇ, ਉਹ ਕਦੇ ਵੀ ਜਨਮ ਮਰਨ ਦੇ ਚੱਕਰ ਦੇ ਵਿਚ ਨਹੀਂ ਪੈਂਦੇ, ਭਾਵ ਕੇ ਇਸ ਦੁਨੀਆਂ ਤੋਂ ਜਾਣ ਤੋਂ ਬਾਅਦ ਜਦ ਧਰਮਰਾਇ ਲੇਖਾ ਮੰਗੇਗਾ ਤਾਂ ਫਿਰ ਉਸਦਾ ਕੋਈ ਵੀ ਲੇਖਾ ਹੀ ਨਹੀਂ ਹੋਵੇਗਾ ਕਿਉਂਕਿ ਉਸਨੇ ਉਸ ਪਰਮਾਤਮਾ ਦਾ ਸਿਮਰਨ ਕਰ ਕਰ ਕੇ ਆਪਣੇ ਸਾਰੇ ਪਾਪ ਨਸ਼ਟ ਕਰ ਦਿੱਤੇ ਨੇ ।
੧੧. ਧਰਮਰਾਇ ਜਬ ਲੇਖਾ ਮਾਗੈ ਕਿਆ ਮੁਖੁ ਲੈ ਕੈ ਜਾਹਿਗਾ ॥ – ਅੰਗ ੧੧੦੬
੧੨. ਸਿਮਰਤ ਨਾਮੁ ਕਿਲਬਿਖ ਸਭਿ ਕਾਟੇ ॥ ਧਰਮਰਾਇ ਕੇ ਕਾਗਰ ਫਾਟੇ ॥ – ਅੰਗ ੧੩੪੮
ਜੇਕਰ ਇਥੇ ਅਰਥ ਮਹਾ ਕਾਲ ਦੇ ਸ਼ਿਵ ਜੀ ਕਰਨੇ ਹੋਣ ਤਾਂ ਇਸ ਤੁਕ ਦਾ ਕੋਈ ਅਰਥ ਨਹੀਂ ਨਿਕਲੇਗਾ । ਜੇਕਰ ਕੋਈ ਉਸ ਪਰਮਾਤਮਾ ਨੂੰ ਯਾਦ ਕਰਦਾ ਹੈ ਫਿਰ ਉਸਨੂੰ ਸ਼ਿਵ ਜੀ ਨਹੀ ਕੁਝ ਕਹਿੰਦਾ । ਇਸਦਾ ਕੋਈ ਮਤਲਬ ਨਹੀਂ ਹੈ । ਇਸਦਾ ਮਤਲਬ ਉਸ ਪਰਮਾਤਮਾ ਦੇ ਦਰਬਾਰ ਦੇ ਵਿਚ ਰਹਿੰਦੇ ਧਰਮ ਰਾਜੇ ਨਾਲ ਹੈ ਜੋ ਸਭ ਦਾ ਲੇਖਾ-ਜੋਖਾ ਕਰਦਾ ਹੈ । ਕਿਉਂਕਿ ਪਰਮਾਤਮਾ ਦੇ ਸਿਮਰਨ ਨਾਲ ਜਦੋਂ ਸਾਰੇ ਪਾਪ ਹੀ ਕੱਟੇ ਗਏ ਫਿਰ ਕੁਝ ਵੀ ਨਹੀਂ ਰਹਿੰਦਾ ਲੇਖਾ-ਜੋਖਾ ਕਰਨ ਦੇ ਲਈ ।
ਅੱਜ ਸਿੱਖ ਕੌਮ ਦੇ ਵਿਚ ਅਜਿਹੇ ਧ੍ਰੋਹ ਕਮਾਉਣ ਵਾਲੇ ਸਿਖ ਵੀ ਪੈਦਾ ਹੋ ਗਏ ਨੇ ਜੋ ਧਰਮਰਾਇ ਨੂੰ ਵੀ ਇਕ ਹਿੰਦੂ ਸਾਬਿਤ ਕਰਨ ਤੇ ਤੁਰੇ ਹੋਏ ਨੇ । ਨਾ ਧਰਮਰਾਇ ਸਿਰਫ਼ ਹਿੰਦੂਆਂ ਦਾ ਹੀ ਲੇਖਾ-ਜੋਖਾ ਕਰਦਾ ਹੈ ? ਬਾਕੀਆਂ ਦਾ ਕਰਨ ਦੇ ਲਈ ਕੋਈ ਹੋਰ ਰੱਖਿਆ ਹਊ ? ਧਰਮਰਾਇ ਨੂੰ ਹਿੰਦੂ ਸਾਬਿਤ ਕਰਨ ਵਾਲੇ ਜਾਂ ਉਸਦੀ ਹੋਂਦ ਤੋਂ ਮੁਨਕਰ ਹੋਣ ਵਾਲੇ ਉਹ ਲੋਕ ਨੇ ਜੋ ਪਰਮਾਤਮਾ ਦਾ ਸਿਮਰਨ ਕਰਨ ਦੇ ਵੀ ਵਿਰੋਧੀ ਨੇ । ਪਰਮਾਤਮਾ ਦਾ ਸਿਮਰਨ ਹਟਾਉਣ ਲਈ ਜੋ ਚਾਲ ਇਨ੍ਹਾਂ ਦੀ ਹੈ ਉਹ ਇਹ ਕਿ ਪਹਿਲਾਂ ਇਹ ਸਾਬਿਤ ਕੀਤਾ ਜਾਵੇ ਕੇ ਮਰਨ ਤੋਂ ਬਾਅਦ ਕੁਝ ਨਹੀਂ ਹੁੰਦਾ । ਜਦ ਇਹ ਸਾਬਿਤ ਕਰਤਾ ਤਾਂ ਫਿਰ ਧਰਮਰਾਇ ਆਪਣੇ ਆਪ ਦੇ ਵਿਚ ਕੁਝ ਨਹੀਂ ਰਹੇਗਾ । ਬਸ ਫਿਰ ਗੱਲ ਜੀਵਣ ਜਾਂਚ ਤੇ ਲੈ ਆਉ, ਕਿ ਗੁਰਬਾਣੀ ਤਾਂ ਸਿਰਫ਼ ਇਹ ਦੱਸਦੀ ਹੈ ਕਿ ਦੁਨੀਆਂ ਦੇ ਵਿਚ ਕਿਵੇਂ ਵਿਚਰਨਾ ਹੈ, ਇਸਦਾ ਕੋਈ ਸੰਬੰਧ ਨਹੀਂ ਹੈ ਕਰਾਮਾਤ ਜਾਂ ਫਿਰ ਭਗਤੀ ਨਾਲ । ਅੱਜ ਦੇ ਸਮੇਂ ਦੇ ਵਿਚ ਕੁਝ ਮੈਂ ਦੇਖੇ ਨੇ ਨੌਜਵਾਨ ਜੋ ਇਸ ਉਲਝਣ ਦੇ ਵਿਚ ਫੱਸ ਕੇ ਇਹ ਮੰਨੀ ਬੈਠੇ ਨੇ । ਇਹ ਤਾਂ ਬੱਸ ਜੇਕਰ ਉਸ ਪਰਮਾਤਮਾ ਦੀ ਨਦਰ ਹੋਏ ਤਾਂ ਹੀ ਉਹ ਸਮਝ ਸਕਦੇ ਨੇ ।
ਜੋ ਹਿੰਦੂ ਇਹ ਮੰਨੀ ਬੈਠੇ ਨੇ ਕਿ ਗੁਰਬਾਣੀ ਉਨ੍ਹਾਂ ਦੇ ਦੇਵੀ ਦੇਵਤਿਆਂ ਦੀ ਹੀ ਉਸਤਤ ਕਰਦੀ ਹੈ, ਉਹੀ ਵਿਚਾਰਧਾਰਾ ਕਾਲੇ ਤੇ ਉਸਦੇ ਸਮਰਥਕਾਂ ਨੇ ਬਣਾਈ ਹੋਈ ਹੈ । ਇੰਦੀ ਕੁੰਢੀ ਮਹਾਂਕਾਲ ਤੇ ਖੜ੍ਹ ਗਈ ਹੈ ਤੇ ਇਸ ਲਫ਼ਜ ਨੂੰ ਸ਼ਿਵ ਪੁਰਾਣ ਜਾਂ ਫਿਰ ਕਹਿ ਲੋ ਸ਼ਿਵ ਜੀ ਨਾਲ ਜੋੜ੍ਹ ਕੇ ਦੇਖਣ ਲੱਗ ਗਿਆ ਹੈ । ਇਹੀਓ ਫ਼ਿਲਾਸਫ਼ੀ ਆਪਾਂ ਰਾਮ ਸ਼ਬਦ ਦੇ ਉੱਤੇ ਲੈ ਆਉਣੇ ਹਾਂ ਤੇ ਫਿਰ ਆਪਾਂ ਦੇਖਾਂਗੇ ਕਿ ਜੋ ਕੁਝ ਭੁੱਲੜ ਹਿੰਦੂ ਮੰਨੀ ਬੈਠੇ ਨੇ ਆਪਾਂ ਵੀ ਉਹੀ ਮੰਨੀ ਜਾਵਾਂਗੇ । ਸੋ ਇਹ ਇਕ ਬਹੁਤ ਹੀ ਬੇਵਕੂਫ਼ੀ ਵਾਲੀ ਗੱਲ ਹੈ ਕਿ ਉਸ ਪਰਮਾਤਮਾ ਦੇ ਨਾਂ ਜੋ ਗੁਰਬਾਣੀ ਦੇ ਵਿਚ ਆਏ ਨੇ ਉਸਨੂੰ ਕੋਈ ਦੇਵੀ ਦੇਵਤਾ ਮੰਨੀ ਜਾਣਾ । ਇਸ ਤੋਂ ਇਲਾਵਾ ਅਨਪੜ੍ਹ ਕਾਲੂ ਜੀ ਕਹਿੰਦੇ ਨੇ ਕਿ ਉਸਨੂੰ ਪੰਜ ਅਜਿਹੇ ਸ਼ਬਦ ਚਾਹੀਦੇ ਨੇ ਜੋ ਮਹਾਂਕਾਲ ਨੂੰ ਅਕਾਲ ਪੁਰਖ ਸਾਬਿਤ ਕਰੇ । ਛੇਵੇਂ ਨੰਬਰ ਤੇ ਇਕ ਉਦਾਹਰਣ ਦਿੱਤੀ ਜਾ ਚੁੱਕੀ ਹੈ । ਆਉ ਬਾਕੀ ਦੀਆਂ ਚਾਰ ਉਦਾਹਰਣਾਂ ਗੁਰੂ ਸਾਹਿਬ ਦੀ ਗੁਰਬਾਣੀ ਤੋਂ ਲਈਏ ।
੧੩. ਤਹ ਹਮ ਅਧਿਕ ਤਪੱਸਿਆ ਸਾਧੀ ॥ ਮਹਾਂਕਾਲ ਕਾਲ ਕਾ ਅਰਾਧੀ ॥੨॥ – ਬਚਿੱਤ੍ਰ ਨਾਟਕ
੧੪. ਮਹਾਕਾਲ ਰਖਵਾਰ ਹਮਾਰੋ ॥ – ਚੌਬੀਸ ਅਵਤਾਰ
੧੫. ਮਹਾਂ ਕਾਲ ਕਹੱ ਕਰਤ ਪ੍ਰਹਾਰਾ ॥ – ਚਰਿਤ੍ਰੋਪਾਖਿਆਣ, ੪੦੫ਵਾਂ ਚਰਿਤ੍ਰ
੧੬. ਮਹਾਂਕਾਲ ਕੀ ਜੇ ਸਰਨਿ ਪਰੇ ਸੁ ਲਏ ਬਚਾਇ ॥ - ਚਰਿਤ੍ਰੋਪਾਖਿਆਣ, ੪੦੫ਵਾਂ ਚਰਿਤ੍ਰ
੨੬੬ਵੇਂ ਤੇ ੪੦੫ਵੇਂ ਚਰਿਤ੍ਰ ਦੇ ਵਿਚ ਮਹਾਕਾਲ (ਮਹਾਂ ਕਾਲ) ਦਾ ਬਹੁਤ ਜ਼ਿਆਦਾ ਵਾਰੀ ਇਸਤਮਾਲ ਹੋਇਆ ਹੈ ਤੇ ਇਥੇ ਇਸਦਾ ਅਰਥ ਉਸ ਪਰਮਾਤਮਾ ਤੋਂ ਹੈ ਨਾ ਕੇ ਕੋਈ ਦੇਵਤੇ ਤੋਂ । ਸੋ ਜੇਕਰ ਥੋੜ੍ਹਾ ਜਿਹਾ ਅਕਲ ਨੂੰ ਹੱਥ ਮਾਰ ਲਿੱਤਾ ਜਾਵੇ ਕਲਮ ਚੁੱਕਣ ਤੋਂ ਪਹਿਲਾਂ ਤਾਂ ਕੋਈ ਨੁਕਸਾਨ ਦੇ ਨਹੀਂ ਹੈ ।
ਕਾਲੂ ਨੇ ਆਪਣੀ ਲੇਖਣੀ ਦੇ ਵਿਚ ਇਹ ਵੀ ਸਾਫ਼ ਲਿਖਿਆ ਹੈ ਕਿ 'ਨਿਰ-ਅਕਾਰ ਵਾਹਿਗੁਰੂ ਦੇ ਜਿਹੜੇ ਗੁਣ ਗੁਰਬਾਣੀ ਵਿਚ ਹਨ, ਸ਼ਿਵ ਪੁਰਾਣ ਵਿਚ ਉਹੀ ਗੁਣ ਬ੍ਰਹਮਾਂ ਦੀ ਜ਼ਬਾਨੀ, ਸਦਾ-ਸ਼ਿਵ ਮਹਾਂਕਾਲ ਵਿਚ ਦਰਾਸਾਏ ਹੋਏ ਹਨ ।' ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜੇਕਰ ਸ਼ਿਵ ਨੂੰ ਵਾਹਿਗੁਰੂ ਦੇ ਗੁਣਾ ਵਾਲਾ ਦੱਸਿਆ ਗਿਆ ਹੈ ਤਾਂ ਉਹ ਪਰਮਾਤਮਾ ਹੀ ਹੈ । ਆਉ ਇਸਨੂੰ ਥੋੜ੍ਹਾ ਜਾ ਹੋਰ ਖੋਲ੍ਹ ਕੇ ਦੇਖੀਏ ।
ਸਿਰਫ਼ ਨਾਵਾਂ ਕਰਕੇ ਹੀ ਸਿਵ (ਇਥੇ ਸ਼ਿਵ ਪਰਮਾਤਮਾ ਲਈ ਕਿਹਾ ਜਾ ਰਿਹਾ ਹੈ ਨਾ ਕਿ ਸ਼ਿਵਜੀ ਲਈ) ਨੂੰ ਜੇਕਰ ਬੁਰਾ ਭਲਾ ਕਹਿਣਾ ਹੈ ਤਾਂ ਇਹ ਕੋਈ ਸਿਆਣੀ ਗੱਲ ਨਹੀਂ ਹੈ । ਪਰਮਾਤਮਾ ਦੇ ਨਾਵਾਂ ਦੇ ਵਿਚੋਂ ਇਕ ਨਾਂ ਸ਼ਿਵ ਵੀ ਹੈ, ਜਿਸਦਾ ਅਰਥ ਕਲਿਆਣ ਸਰੂਪ ਹੈ । ਮਹਾਨ ਕੋਸ਼ ਦੇ ਵਿਚੋਂ ਇਹ ਪਹਿਲਾਂ ਹੀ ਦਿਖਾਇਆ ਜਾ ਚੁੱਕਾ ਹੈ । ਜਦੋਂ ਆਪਾ ਗੁਰਬਾਣੀ ਦੀ ਗੱਲ ਕਰਦੇ ਹਾਂ ਤਾਂ ਗੁਰਬਾਣੀ ਦੇ ਵਿਚ ਵੀ ਕਈ ਵਾਰੀ ਸਿਵ ਪਰਮਾਤਮਾ ਲਈ ਆਇਆ ਹੈ ।
੧੭. ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ ॥੧॥ – ਅੰਗ ੨੦੭
੧੮. ਸਿਵ ਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ ॥ – ਅੰਗ ੩੬੦
ਕੀ ਹੁਣ ਇਥੇ ਵੀ ਇਹ ਕਹਿ ਦਿੱਤਾ ਜਾਵੇ ਕਿ ਇਹ ਕੋਈ ਦੇਵਤੇ ਦੀ ਗੱਲ ਹੈ ? ਦਰਅਸਲ ਦੇ ਵਿਚ ਇਨ੍ਹਾਂ ਨੇ ਗੁਰਬਾਣੀ ਦੇ ਵਿਚ ਆਏ ਸਾਰੇ ਨਾਵਾਂ ਨੂੰ ਹੀ ਕੱਟਣਾ ਹੈ, ਦਸਮ ਗੁਰੂ ਗ੍ਰੰਥ ਸਾਹਿਬ ਜੀ ਵਿਚ ਆਏ ਨਾਂ ਤਾਂ ਇਕ ਬਹਾਨਾ ਹੈ ਇਹ ਸਾਰਾ ਕੁਝ ਕਰਨ ਦਾ । ਪਰ ਇਨ੍ਹਾਂ ਲੋਕਾਂ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੰਥ ਖਾਲਸਾ ਨਹੀਂ ਹਿਲਿਆ । ਇਨ੍ਹਾਂ ਨੇ ਆਪਣੀ ਕਲਮ ਦੇ ਨਾਲ ਬਹੁਤ ਕੁਝ ਲਿਖਿਆ ਤੇ ਇਸਦਾ ਅਸਰ ਆਮ ਸੰਗਤ ਤੇ ਵੀ ਹੋਇਆ ਪਰ ਇਹ ਪੰਥ ਦੀ ਮਰਯਾਦਾ ਨਹੀਂ ਬਦਲ ਸਕੇ, ਜੋ ਇਨ੍ਹਾਂ ਦਾ ਮੁੱਖ ਮਕਸਦ ਸੀ । ਚਾਹੇ ਗੁਰਬਾਣੀ ਹੋਵੇ ਜਾਂ ਇਤਿਹਾਸ, ਇਸਦਾ ਸਿੱਧਾ ਅਸਰ ਪੰਥ ਦੀ ਮਰਯਾਦਾ ਨਾਲ ਹੈ ਜੋ ਕਈ ਸੌ ਸਾਲਾਂ ਤੋਂ ਚੱਲੀ ਆਈ ਹੈ । ਇਸਨੂੰ ਬਦਲ ਕੇ ਇਹ ਸਿੱਖਾਂ ਨੂੰ ਬਾਹਮਣਾਂ ਵਰਗਾ ਬਣਾ ਦੇਣਾ ਚਾਹੁੰਦੇ ਹਨ । ਜਿਸ ਤੋਂ ਗੁਰੂ ਸਾਹਿਬਾਨ ਨੇ ਮਨਾਹੀ ਕੀਤੀ ਸੀ, ਇਨ੍ਹਾਂ ਦਾ ਪ੍ਰਯੋਜਨ ਓਸੇ ਖਾਈ ਦੇ ਵਿਚ ਧੱਕਾ ਦੇਣ ਦਾ ਹੈ ।
ਇਸ ਤੋਂ ਅੱਗੇ ਇਕ ਬਹੁਤ ਹੀ ਮਹੱਤਵਪੂਰਨ ਗੱਲ ਕਰਨ ਜਾ ਰਹੇ ਹਾਂ । ਕੁਝ ਸਮਾਂ ਪਹਿਲਾਂ ਇੰਟਰਨੈੱਟ ਤੇ ਇਹ ਦੇਖਣ ਨੂੰ ਮਿਲਿਆ ਕਿ ਬ੍ਰਾਹਮਣੀ ਮੱਤ ਦੇ ਹਿੰਦੂਆਂ ਨੇ ਇਹ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਵਿਸ਼ਨੂੰ ਦੀ ਭਗਤੀ ਦੀ ਗੱਲ ਹੈ ਤੇ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਸ਼ਿਵਜੀ ਦੀ ਭਗਤੀ ਦੀ ਗੱਲ ਹੈ । ਇਸਦਾ ਪ੍ਰਮੁੱਖ ਕਾਰਣ ਜੋ ਜਾਪਦਾ ਹੈ ਉਹ ਇਹ ਕਿ ਗੁਰੂ ਗ੍ਰੰਥ ਸਾਹਿਬ ਜੀ ਸ਼ਾਂਤਮਈ ਬਾਣੀ ਰਾਹੀ ਸਿੱਖਾਂ ਨੂੰ ਸੰਤ ਬਣਾ ਰਹੇ ਨੇ, ਤੇ ਦਸਮ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਨੂੰ ਸਿਪਾਹੀ ਬਣਾ ਰਹੇ ਨੇ । ਇਸਦਾ ਜੋ ਸਿੱਧਾ ਲਿੰਕ ਬਾਹਮਣੀ ਮੱਤ ਦੇ ਹਿੰਦੂਆਂ ਤੇ ਕੁਝ ਅਖੌਤੀ ਲੇਖਕਾਂ ਨੇ ਦੇਖਿਆ ਹੈ ਉੁਹ ਇਹ ਕਿ ਵਿਸ਼ਨੂੰ ਭਗਤਾਂ ਦੀ ਰੱਖਿਆ ਕਰਦਾ ਦਿਖਾਇਆ ਗਿਆ ਹੈ ਤੇ ਸ਼ਿਵ ਜੀ ਦੇ ਹਿਸੇ ਲੋਕਾਂ ਨੂੰ ਮਾਰਨ ਦਾ ਹੁਕਮ ਹੈ । ਇਹੀ ਕਾਲੂ ਸਾਬਿਤ ਕਰਨ ਤੇ ਤੁਰਿਆ ਹੋਇਆ ਹੈ । ਇਨ੍ਹਾਂ ਨੇ ਇਹ ਤਾਂ ਸਾਬਿਤ ਕਰਨ ਤੇ ਜ਼ੋਰ ਲਗਾਇਆ ਹੈ ਕਿ ਕਾਲ ਜਾਂ ਫਿਰ ਮਹਾਂਕਾਲ ਸ਼ਿਵ ਜੀ ਦੇ ਨਾਂ ਹਨ, ਹੌਲੀ-ਹੌਲੀ ਇਨ੍ਹਾਂ ਨੇ ਇਹ ਵਿਸ਼ਨੂੰ ਵਾਲੀ ਗੱਲ ਵੀ ਗੁਰੂ ਗ੍ਰੰਥ ਸਾਹਿਬ ਜੀ ਤੇ ਲਾਗੂ ਕਰਨੀ ਹੈ ।
ਹੁਣ ਆਪਾਂ ਦੇਖੀਏ ਕਿ ਕੀ ਗੁਰੂ ਸਾਹਿਬਾਨ ਨੇ ਸ਼ਿਵ ਜੀ ਨੂੰ ਪਰਮਾਤਮਾ ਮੰਨਿਆ ਹੈ ਕਿ ਨਹੀਂ । ਕਾਲੇ ਨੇ ਆਪਣੀ ਕਿਤਾਬ ਦੇ ਵਿਚ ਇਹ ਤਾਂ ਲਿਖਤਾ ਕਿ ਰਾਮ, ਕ੍ਰਿਸਨ ਦਾ ਤਾਂ ਸਾਫ਼ ਹੀ ਖੰਡਣ ਹੈ ਦਸਮ ਗੁਰੂ ਗ੍ਰੰਥ ਸਾਹਿਬ ਜੀ ਵਿਚ । ਪਰ ਇਸ ਅੰਨ੍ਹੇ ਨੂੰ ਸ਼ਿਵ ਜੀ ਬਾਰੇ ਨਹੀਂ ਕੁਝ ਮਿਲਿਆ । ਦਰਅਸਲ ਦੇ ਵਿਚ ਜੇ ਕਾਲਾ ਆਪਣਾ ਨਿਤਨੇਮ ਵੀ ਚੱਜ ਨਾਲ ਕਰਦਾ ਤਾਂ ਇਸਨੂੰ ਗੁਰਬਾਣੀ ਦੀਆਂ ਸਤਰਾਂ ਮਿਲ ਜਾਣੀਆਂ ਸੀ । ਖੈਰ, ਆਉ ਹੁਣ ਦਰਸ਼ਨ ਕਰੀਏ ਕੁਝ ਸਤਰਾਂ ਦੇ ਜੋ ਕਾਲੂ ਨੇ ਜਾਣ ਬੁਝ ਕੇ ਨਹੀ ਲਿਖੀਆਂ ਆਪਣੀ ਕਿਤਾਬ ਦੇ ਵਿਚ ।
੧੯. ਬ੍ਰਹਮ ਮਹੇਸਰ ਬਿਸਨ ਸਚੀਪਤ ਅੰਤ ਫਸੇ ਜਮ ਫਾਸ ਪਰੈਗੇ ॥ – ਅਕਾਲ ਉਸਤਤ (ਤ੍ਵਪ੍ਰਸਾਦਿ ਸ੍ਵਯੇ)
੨੦. ਮਹਾਂਦੇਵ ਕੌ ਕਹਤ ਸਦਾ ਸਿਵ ॥ ਨਿਰੰਕਾਰ ਕਾ ਚੀਨਤ ਨਹਿ ਭਿਵ ॥੩੯੨॥ – ਚਰਿਤ੍ਰੋਪਾਖਿਆਣ (ਚੌਪਈ ਸਾਹਿਬ)
੨੧. ਕਾਲ ਹੀ ਪਾਇ ਭਯੋ ਬ੍ਰਹਮਾ ਸਿਵ ਕਾਲ ਹੀ ਪਾਇ ਭਯੋ ਜੁਗੀਆ ਹੈ ॥ – ਬਚਿਤ੍ਰ ਨਾਟਕ
੨੨. ਮਹਾਦੇਵ ਅਚੁੱਤ ਕਹਵਾਯੋ ॥ ਬਿਸਨ ਆਪ ਹੀ ਕੋ ਠਹਿਰਾਯੋ
ਬ੍ਰਹਮਾ ਆਪ ਪਾਰਬ੍ਰਹਮ ਬਖਾਨਾ ॥ ਪ੍ਰਭ ਕੋ ਪ੍ਰਭੂ ਨ ਕਿਨਹੂੰ ਜਾਨਾ ॥੮॥ – ਬਚਿਤ੍ਰ ਨਾਟਕ
ਇਥੇ ਹੀ ਬਸ ਨਹੀਂ । ਜਦੋਂ ਚੌਬੀਸ ਅਵਤਾਰ ਦੀ ਗੱਲ ਆਉਂਦੀ ਹੈ, ਖਾਸ ਕਰ ਕ੍ਰਿਸਨਾ ਅਵਤਾਰ ਦੀ, ਤਾਂ ਓਦੋਂ ਖੜਗ ਸਿੰਘ ਦਾ ਯੁੱਧ ਹੁੰਦਾ ਹੈ ਕ੍ਰਿਸ਼ਨ ਨਾਲ, ਤੇ ਜਦੋਂ ਕ੍ਰਿਸ਼ਨ ਬੇਵਸ ਹੋ ਜਾਂਦਾ ਹੈ ਤਾਂ ਓਦੋਂ ਉਹ ਸ਼ਿਵਜੀ ਨੂੰ ਬੁਲਾਉਂਦਾ ਹੈ । ਤੇ ਸ਼ਿਵਜੀ, ਜਿਸਨੂੰ ਕਾਲੂ ਇਹ ਕਹਿ ਰਿਹਾ ਹੈ ਕਿ ਗੁਰੂ ਸਾਹਿਬਾਨ ਨੇ ਇਸਨੂੰ ਪਰਮਾਤਮਾ ਮੰਨਿਆ ਹੈ, ਵੀ ਲੜ ਕੇ ਥੱਕ ਜਾਂਦਾ ਹੈ ਤੇ ਫਿਰ ਭੱਜ ਜਾਂਦਾ ਹੈ ਮੈਦਾਨ ਛੱਡ ਕੇ । ਕੀ ਏਦਾਂ ਹੋ ਸਕਦਾ ਹੈ ਕਿ ਗੁਰੂ ਸਾਹਿਬਾਨ ਸ਼ਿਵਜੀ ਨੂੰ ਕਾਲ ਜਾਂ ਪਰਮਾਤਮਾ ਮੰਨਣ ਤੇ ਫਿਰ ਇਹ ਦਿਖਾਉਣ ਕਿ ਉਹ ਇਕ ਰਾਜੇ ਨਾਲ ਲੜ ਵੀ ਨਹੀਂ ਸਕਿਆ ? ਹੋਰ ਤਾਂ ਹੋਰ ਦੁਰਗਾ ਵੀ, ਜਿਸਨੂੰ ਕਾਲੂ ਆਪਣੀ ਮੱਤ ਅਨੁਸਾਰ ਇਹ ਸਾਬਿਤ ਕਰਨ ਤੇ ਤੁਲਿਆ ਹੋਇਆ ਹੈ ਕਿ ਇਹ ਵੀ ਕਾਲ ਦੇ ਵੱਸ ਨਹੀਂ, ਗੁਰੂ ਸਾਹਿਬਾਨ ਨੇ ਉਸਨੂੰ ਵੀ ਪਰਮਾਤਮਾ ਦੀ ਸਾਜੀ ਹੋਈ ਦੱਸਿਆ ਹੈ ਨਾ ਕਿ ਕੋਈ ਸਦਾ ਰਹਿਣ ਵਾਲੀ ਚੀਜ਼ ।
੨੩. ਜਬ ਸਿਵ ਜੂ ਕਛੁ ਸੰਗਿਆ ਪਾਈ ॥ ਭਾਜਿ ਗਯੋ ਤਜ ਦਈ ਲਰਾਈ
ਅਉਰ ਸਗਲ ਡਰ ਕੈ ਗਨ ਭਾਗੈ ॥ ਐਸੋ ਕੋ ਭਟ ਆਵੈ ਆਗੈ ॥੧੫੨੮॥ – ਚੌਬੀਸ ਅਵਤਾਰ, ਕ੍ਰਿਸਨਾ ਅਵਤਾਰ
੨੪. ਤੈਹੀ ਦੁਰਗਾ ਸਾਜਿ ਕੈ ਦੈਤਾ ਦਾ ਨਾਸੁ ਕਰਾਇਆ ॥  - ਵਾਰ ਸ੍ਰੀ ਭਗਉਤੀ ਜੀ ਕੀ
ਬਹੁਤ ਸਾਰੇ ਹਿੰਦੂ ਮੱਤ ਦੇ ਲੋਕ ਜੋ ਗੁਰਬਾਣੀ ਦੇ ਆਪਣੀ ਮਰਜ਼ੀ ਨਾਲ ਅਰਥ ਕਰਨ ਤੇ ਤੁਲੇ ਹੋਏ ਨੇ ਉਨ੍ਹਾਂ ਦੇ ਵਿਚ ਤੇ ਇਹ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਨਿੰਦਿਆ ਕਰਨ ਵਾਲਿਆਂ ਦੇ ਵਿਚ ਕੋਈ ਫਰਕ ਨਹੀਂ ਹੈ । ਇਨ੍ਹਾਂ ਦੋਨਾਂ ਧਿਰਾਂ ਨੇ ਇਹੋ ਜਿਹੀਆਂ ਸਤਰਾਂ ਚੁਕਣੀਆਂ ਹੁੰਦੀਆਂ ਹਨ ਜੋ ਕਿਸੇ ਨੂੰ ਭੁਲੇਖਾਪਾਊ ਹੋਣ ਤੇ ਬਾਕੀ ਦੀਆਂ ਸਤਰਾਂ ਜਿਸ ਵਿਚ ਸਾਫ਼ ਸਾਫ਼ ਇਨ੍ਹਾਂ ਲੋਕਾਂ ਦੇ ਅਰਥਾਂ ਦਾ ਖੰਡਣ ਹੁੰਦਾ ਹੈ ਉਹ ਸਤਰਾਂ ਦਿਖਾਈਆਂ ਨਹੀਂ ਜਾਂਦੀਆਂ । ਜਿਉਣਵਾਲੇ ਨੇ ਆਪਣੀਆਂ ਕਈ ਵੀਡੀਉਆਂ ਦੇ ਵਿਚ ਇਹ ਦਿਖਾਇਆ ਹੈ ਕਿ ਇਹ ਸਤਰਾਂ ਤਾਂ ਭੁਲੇਖਾਪਾਊ ਨੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਮੇਲ ਕੇ ਪਾਈਆਂ ਗਈਆਂ ਨੇ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ । ਇਕ ਪਾਸੇ ਇਹ ਕਿਹਾ ਜਾਂਦਾ ਹੈ ਕਿ ਇਹ ਗੁਰਬਾਣੀ ਦੇ ਅਨੁਕੂਲ ਨਹੀਂ ਹੈ ਤੇ ਦੂਜੇ ਪਾਸੇ ਜੇ ਕੁਝ ਇਨ੍ਹਾਂ ਨੂੰ ਗੁਰਬਾਣੀ ਦੇ ਅਨੁਕੂਲ ਲੱਗਦਾ ਹੈ ਤਾਂ ਉਹ ਦਾ ਵੀ ਖੰਡਣ । ਕੋਈ ਇਕ ਜਗ੍ਹਾ ਤਾਂ ਟਿਕ ਜਾਵੋ । ਇਨ੍ਹਾਂ ਦਾ ਤਾਂ ਕੋਈ ਦੀਨ ਮਾਣ ਹੀ ਨਹੀਂ ਹੈ ।
ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਰੀ ਬਾਣੀ ਦੇਵੀ ਦੇਵਤਿਆਂ ਨੂੰ ਨਾ-ਪੂਜਣ ਲਈ ਪ੍ਰੇਰਦੀ ਹੈ । ਪਰ ਇਨ੍ਹਾਂ ਲੋਕਾਂ ਨੇ ਪਤਾ ਨਹੀਂ ਕਿਹੜੀਆਂ ਐਨਕਾਂ ਲਗਾਈਆਂ ਨੇ ਜਿਸ ਵਿਚੋਂ ਕੁਝ ਹੋਰ ਹੀ ਦਿਖਣ ਲੱਗ ਜਾਂਦਾ ਹੈ ਇਨ੍ਹਾਂ ਨੂੰ । ਇਹ ਸ਼ੁਰੂ ਹੀ ਇਸ ਲਈ ਕੀਤਾ ਗਿਆ ਸੀ ਕਿ ਸਿੱਖ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਛੱਡ ਜਾਣ, ਤੇ ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਤਾਂ ਹਮਲਾ ਸੌਖਾ ਹੀ ਹੋ ਜਾਊਗਾ ਕਿਉਂਕਿ ਬਾਹਮਣਾਂ ਦਾ ਕੰਮ ਹੀ ਇਹ ਰਿਹਾ ਹੈ । ਤੁਸੀਂ ਖ਼ੁਦ ਦੇਖ ਸਕਦੇ ਹੋ ਕਿ ਜਿੰਨੇ ਵੀ ਬਾਹਮਣ ਗੁਰੂ ਸਾਹਿਬਾਨਾਂ ਦੀ ਬਾਣੀ ਦੇ ਉਲਟ ਅਰਥ ਕਰਦੇ ਨੇ ਉਹ ਹਮੇਸ਼ਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੁੰਦੀ ਹੈ । ਕਿਸੇ ਨੂੰ ਤੁਸੀਂ ਦੇਖਿਆ ਹੈ ਜੋ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅਰਥ ਕਰਦਾ ਹੋਵੇ ? ਨਹੀਂ । ਕਿਉਂ ? ਕਿਉਂਕਿ ਇਥੇ ਇਨ੍ਹਾਂ ਤੋਂ ਰਾਮ ਲਈ ਰਾਮਚੰਦਰ ਨਹੀਂ ਹੋਣਾ, ਇਥੇ ਤਾਂ ਸਿੱਧੇ ਤੌਰ ਤੇ ਲਿਖਿਆ ਹੈ ਕਿ ਕੋਈ ਕ੍ਰਿਸ਼ਨ ਤੇ ਬਿਸ਼ਨ ਨੂੰ ਨਹੀਂ ਮੰਨਣਾ, ਤੇ ਨਾ ਹੀ ਬ੍ਰਹਮੇ ਤੇ ਸ਼ਿਵਜੀ ਜਾਂ ਕੋਈ ਹੋਰ ਦੇਵੀ ਦੇਵਤੇ ਨੂੰ । ਜੇਕਰ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਛੱਡਤੀ ਤੇ ਫਿਰ ਬਾਹਮਣਾਂ ਦਾ ਕੰਮ ਸੌਖਾ ਹੋਜੂ । ਹਾਂ ਕਦੇ ਕਦੇ ਜਦੋਂ ਚੰਡੀ ਚਰਿਤ੍ਰ ਦੀ ਗੱਲ ਚੱਲ ਪੈਂਦੀ ਹੈ ਤਾਂ ਬਾਹਮਣ ਭੱਜੇ ਭੱਜੇ ਆਉਂਦੇ ਇਹ ਸਿੱਧ ਕਰਨ ਲਈ ਕਿ ਇਹ ਸਾਡੇ ਦੇਵੀ ਦੇਵਤਿਆਂ ਦੀਆਂ ਗੱਲਾਂ ਨੇ । ਉਸਦਾ ਮਕਸਦ ਇਨ੍ਹਾਂ ਨੂੰ ਹਜੇ ਵੀ ਸਮਝ ਨਹੀਂ ਲੱਗਿਆ ।
ਇਹ ਸਿਰਫ਼ ਬਾਹਮਣਾਂ ਤੱਕ ਹੀ ਸੀਮਤ ਨਹੀਂ ਹੈ । ਮੈਨੂੰ ਇਹੋ ਜੇ ਸਿੱਖ ਵੀ ਦੇਖਣ ਨੂੰ ਮਿਲੇ ਨੇ ਜੋ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਇਸੇ ਕਰਕੇ ਨਹੀਂ ਮੰਨਦੇ ਕਿਉਂਕਿ ਉਹ ਰਾਮਚੰਦਰ ਜਾਂ ਫਿਰ ਕ੍ਰਿਸ਼ਨ ਦੇ ਉਪਾਸ਼ਕ ਨੇ । ਗੋਪਾਲ, ਰਾਮ, ਮੁਰਾਰੀ ਦੇ ਅਰਥ ਇਨ੍ਹਾਂ ਨੇ ਵਿਸ਼ਨੂੰ ਕਰ ਹੀ ਦਿੱਤੇ ਨੇ, ਪਰ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਨ੍ਹਾਂ ਨੂੰ ਬਹੁਤ ਰੜਕਦੀ ਹੈ । ਇਹ ਇਨ੍ਹਾਂ ਦੇ ਅਰਥਾਂ ਦਾ ਸਿੱਧੇ ਤੌਰ ਤੇ ਖੰਡਣ ਕਰਦੀ ਹੈ । ਸੋ ਇਹ ਲੋਕ ਇਹ ਤਾਂ ਕਹਿ ਨਹੀਂ ਸਕਦੇ ਕਿ ਅਸੀਂ ਗ਼ਲਤ ਹਾਂ, ਸਾਡੀ ਦੇਵੀ ਦੇਵਤਿਆਂ ਦੀ ਕੀਤੀ ਹੋਈ ਪੂਜਾ ਗ਼ਲਤ ਹੈ, ਸੋ ਇਹ ਇਸ ਸਿੱਟੇ ਤੇ ਪਹੁੰਚਦੇ ਨੇ ਕਿ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹੀ ਖੰਡਣ ਕੀਤਾ ਜਾਵੇ । ਫਿਰ ਇਸ ਤਰ੍ਹਾਂ ਵੀ ਨਹੀਂ ਹੈ ਕਿ ਇਨ੍ਹਾਂ ਨੇ ਬਾਣੀ ਪੂਰੀ ਪੜ੍ਹੀ ਹੈ । ਇਨ੍ਹਾਂ ਕੋਲ ਬਸ ਕੁਝ ਕੁ ਪ੍ਰੋਫੈਸਰ ਹੁੰਦੇ ਨੇ ਜਿਨ੍ਹਾਂ ਨੇ ਕਈ ਕਿਤਾਬਾਂ ਲਿਖ ਛੱਡੀਆਂ ਨੇ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉਲਟ । ਉਨ੍ਹਾਂ ਦੇ ਨਾਂ ਦੇ ਕੇ ਇਹ ਫਿਰ ਆਪਣੀ ਗੱਲ ਸਿੱਧ ਕਰਦੇ ਨੇ ਕਿ ਦੇਖੋ ਜੀ ਏਨੇ ਵੱਡੇ ਪ੍ਰੋਫੈਸਰਾਂ ਨੇ ਜਦੋਂ ਇਹ ਕਹਿਤਾ ਕਿ ਇਹ ਗੁਰਬਾਣੀ ਨਹੀਂ ਫਿਰ ਅਸੀਂ ਕਿਵੇਂ ਮੰਨ ਲਈਏ । ਪਰ ਜੇਕਰ ਇਹੀ ਪ੍ਰੋਫੈਸਰ ਇਹ ਕਹਿ ਦੇਣ ਕਿ ਇਹ ਗੁਰਬਾਣੀ ਹੈ, ਤਾਂ ਵੀ ਇਨ੍ਹਾਂ ਨੇ ਨਹੀਂ ਮੰਨਣਾ ਕਿਉਂਕਿ ਇਹ ਇਨ੍ਹਾਂ ਦੀ ਆਸਥਾ, ਜੋ ਦੇਵੀ ਦੇਵਤਿਆਂ ਨਾਲ ਜੁੜੀ ਹੋਈ ਹੈ, ਤੇ ਇਕ ਭਾਰੀ ਸੱਟ ਹੋਵੇਗੀ ।
ਬਚਿਤ੍ਰ ਨਾਟਕ ਦੀ ਹੀ ਬਾਣੀ ਦੇ ਵਿਚ ਗੁਰੂ ਸਾਹਿਬਾਨ ਨੇ ਲਿਖਿਆ ਹੈ ਕਿ ਵਿਸ਼ਨੂੰ, ਬ੍ਰਹਮਾ ਤੇ ਸ਼ਿਵ ਜੀ ਦੀ ਆਰਾਧਨਾ ਕਰਨ ਨਾਲ ਕੁਝ ਨਹੀਂ ਹੋਣਾ ਤੇ ਨਾ ਹੀ ਇਨ੍ਹਾਂ ਨੇ ਮਰਨ ਤੋਂ ਬਾਅਦ ਬਚਾਉਣਾ ਹੈ । ਇਹ ਕਾਲੇ ਨੇ ਵੀ ਸਤਰਾਂ ਦੇ ਕਰ ਲਿਖਿਆ ਹੈ । ਪਰ ਹੁਣ ਇਥੇ ਸਿੱਧ ਹੁੰਦਾ ਹੈ ਕਿ ਸ਼ਿਵ ਜੀ ਕੁਝ ਵੀ ਨਹੀਂ ਤਾਂ ਕਾਲੇ ਨੇ ਆਪਣੇ ਮਾਲਕ, ਜੋ ਕੇ ਏਜੰਸੀਆਂ ਨੇ, ਨੂੰ ਖੁਸ਼ ਕਰਨ ਲਈ ਲਿਖਤਾ 'ਸਿੱਖਾਂ ਨੂੰ ਜ਼ਹਿਰ ਖੁਵਾਉਣ ਲਈ, ਖੰਡ ਦਾ ਬੜਾ ਮੋਟਾ ਕੋਟ ਚਾੜ੍ਹਿਆ ਗਿਆ ਹੈ' । ਮੈਨੂੰ ਕਾਫ਼ੀ ਸਾਲ ਹੋ ਗਏ ਨੇ ਦਸਮ ਗੁਰੂ ਗ੍ਰੰਥ ਸਾਹਿਬ ਜੀ ਨਾਲ ਸੰਬੰਧਿਤ ਪੁਸਤਕਾਂ ਪੜ੍ਹਦੇ, ਚਾਹੇ ਉਹ ਵਿਰੋਧ ਦੇ ਵਿਚ ਹੋਣ ਜਾਂ ਫਿਰ ਪੱਖ ਦੇ ਵਿਚ । ਪਰ ਫਿਰ ਵੀ ਇਨ੍ਹਾਂ ਲੋਕਾਂ ਦੇ ਦਿਮਾਗ਼ ਦਾ ਪਤਾ ਨਹੀਂ ਚੱਲਿਆ । ਆਉ ਦੇਖੀਏ ਗੁਰੂ ਸਾਹਿਬ ਕੀ ਕਹਿ ਰਹੇ ਨੇ ਇਨ੍ਹਾਂ ਦੇਵੀ ਦੇਵਤਿਆਂ ਦੀ ਪੂਜਾ ਬਾਰੇ ।
੨੫. ਕ੍ਰਿਸਨ ਅਉ ਬਿਸਨ ਜਪੇ ਤੁਹਿ ਕੋਟਿਕ ਰਾਮ ਰਹੀਮ ਭਲੀ ਬਿਧਿ ਧਿਆਯੋ
ਬ੍ਰਹਮ ਜਪਿਓ ਅਰੁ ਸੰਭ ਥਪਿਓ ਤਿਹਤੇ ਤੁਹਿ ਕੋ ਕਿਨਹੂੰ ਨਾ ਬਚਾਯੋ
ਕੋਟ ਕਰੀ ਤਪਸਾ ਦਿਨ ਕੋਟਿਕ ਕਾਹੂ ਨ ਕੌਡੀ ਕੋ ਕਾਮ ਕਢਾਯੋ
ਕਾਮਕਾ ਮੰਤ੍ਰ ਕਸੀਰੇ ਕੇ ਕਾਮ ਨ ਕਾਲ ਕੋ ਘਾਉ ਕਿਨਹੂੰ ਨ ਬਚਾਯੋ ॥੯੭॥ – ਬਚਿਤ੍ਰ ਨਾਟਕ
ਇਸ ਤੋਂ ਅੱਗੇ ਗੁਰੂ ਸਾਹਿਬਾਨ ਫਿਰ ਦੱਸਦੇ ਨੇ ਕਿ ਕਿਸਨੂੰ ਯਾਦ ਕਰਨਾ ਹੈ ।
੨੬. ਚੇਤ ਰੇ ਚੇਤ ਅਜੋ ਜੀਅ ਮੈ ਜੜ ਕਾਲ ਕ੍ਰਿਪਾ ਬਿਨੁ ਕਾਮ ਨ ਐਹੈ ॥੯੮॥ – ਬਚਿਤ੍ਰ ਨਾਟਕ
ਹੁਣ ਜੇਕਰ ਕਾਲ ਸ਼ਿਵਜੀ ਹੁੰਦਾ ਤਾਂ ਫਿਰ ਪਹਿਲੇ ਛੰਦ ਦੇ ਵਿਚ ਇਹ ਕਿਉਂ ਲਿਖਿਆ ਕਿ ਸ਼ਿਵਜੀ ਦੀ ਤਪੱਸਿਆ ਦਾ ਕੋਈ ਫਲ ਨਹੀਂ ਤੇ ਉਸਨੇ ਕੁਝ ਵੀ ਕਰ ਨਹੀਂ ਸਕਣਾ ? ਕੀ ਇਹ ਸਾਬਿਤ ਨਹੀਂ ਕਰਦਾ ਕਿ ਕਾਲ ਤੇ ਸ਼ਿਵਜੀ ਅਲੱਗ ਅਲੱਗ ਨੇ ? ਜਾਂ ਫਿਰ ਜਾਣ ਬੁਝ ਕੇ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸ਼ਿਵਜੀ ਹੀ ਕਾਲ ਹੈ ਜਾਂ ਫਿਰ ਮਹਾਂਕਾਲ ? ਕੀ ਕਾਲੇ ਦਾ ਬੁਢਾਪਾ ਉਸਦੀ ਸੋਚਣ ਸਮਝਣ ਦੀ ਸ਼ਕਤੀ ਵੀ ਲੈ ਡੁੱਬਾ ਸੀ ?
ਗੁਰਬਾਣੀ ਦਾ ਭਾਵ ਦੱਸਣ ਦੇ ਲਈ ਬਹੁਤ ਸਾਰੇ ਟੀਕੇ ਕੀਤੇ ਹੋਏ ਮਿਲ ਜਾਂਦੇ ਨੇ । ਕਈ ਟੀਕੇ ਸੰਤ ਮਹਾਤਮਾ ਵੱਲੋਂ ਕੀਤੇ ਗਏ ਨੇ, ਤੇ ਕੁਝ ਪ੍ਰੋਫੈਸਰਾਂ ਵੱਲੋਂ ਜੋ ਵਿਆਕਰਣ ਦੇ ਆਧਾਰ ਤੇ ਸਭ ਕੁਝ ਦੱਸਣ ਦਾ ਯਤਨ ਕਰਦੇ ਨੇ । ਕਈ ਵਾਰੀ ਗੂੰਝ ਭਾਵ ਜੋ ਹੁੰਦੇ ਨੇ ਉਹ ਰਹਿ ਜਾਂਦੇ ਨੇ ਜਾਂ ਫਿਰ ਸਹੀ ਤਰੀਕੇ ਦੇ ਨਾਲ ਸਮਝ ਵਿਚ ਕੁਝ ਚੀਜ਼ਾਂ ਨਹੀਂ ਆਉਂਦੀਆਂ । ਮਿਸਾਲ ਦੇ ਤੌਰ ਤੇ ਕਾਲੂ ਨੇ ਲਿਖਿਆ ਕਿ ਬਚਿਤ੍ਰ ਨਾਟਕ ਦੇ ਵਿਚ ਲਿਖਿਆ ਹੈ ਕਿ ਪਰਮਾਤਮਾ ਹੰਕਾਰ ਛੱਡਿਆ ਵੀ ਨਹੀਂ ਮਿਲਦਾ ਜੋ ਗੁਰਬਾਣੀ ਦੇ ਆਸ਼ੇ ਦੇ ਵਿਰੁੱਧ ਹੈ । ਇਸਦਾ ਜੋ ਕਾਰਣ ਹੈ ਉਹ ਇਹ ਕਿ ਜੋ ਅਰਥ ਗਿਆਨੀ ਨਰੈਣ ਸਿੰਘ ਜੀ ਨੇ ਕੀਤੇ ਨੇ ਉਸ ਤੋਂ ਇਹੀਉ ਭਾਸਦਾ ਹੈ ਕਿ ਹੰਕਾਰ ਛੱਡਣ ਨਾਲ ਵੀ ਪਰਮਾਤਮਾ ਨਹੀਂ ਮਿਲਦਾ । ਆਉ ਪਹਿਲਾਂ ਸਤਰਾਂ ਦੇ ਦਰਸ਼ਨ ਕਰੀਏ ਫੇਰ ਗਿਆਨੀ ਨਰੈਣ ਸਿੰਘ ਜੀ ਵਲੋਂ ਕੀਤੇ ਅਰਥ ਦੇਖੀਏ ।
੨੭. ਮੋਨ ਭਜੇ ਨਹੀ ਮਾਨ ਤਜੇ ਨਹੀ ਭੇਖ ਸਜੇ ਨਹੀ ਮੂੰਡ ਮੁਡਾਏ ॥ – ਬਚਿਤ੍ਰ ਨਾਟਕ
'ਮੋਨ ਧਾਰਨ ਕੀਤਿਆਂ, ਹੰਕਾਰ ਛਡਿਆਂ, ਕਿਸੇ ਭੇਖ ਧਾਰਿਆਂ ਤੇ ਸਿਰ ਮੂੰਹ ਮੁੰਨਾਇਆਂ ਪ੍ਰਭੂ ਨਹੀਂ ਮਿਲਦਾ ।' ਇਨ੍ਹਾਂ ਅਰਥਾਂ ਤੋਂ ਇਲਾਵਾ ਗਿਆਨੀ ਨਰੈਣ ਸਿੰਘ ਜੀ ਨੇ ਬਹੁਤ ਕੁਝ ਲਿਖਿਆ ਹੈ ਆਪਣੇ ਟੀਕੇ ਵਿਚ । ਕਾਲੂ ਨੇ ਖੜਗ ਦੇ ਅਰਥ ਤਲਵਾਰ ਲੈ ਕੇ ਤੇ ਹੋਰ ਅਰਥ ਜੋ ਇਸਨੂੰ ਚਾਹੀਦੇ ਸੀ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਲਈ ਉਹ ਵਰਤ ਕੇ ਬਾਕੀ ਸਭ ਕੁਝ ਛੱਡਤਾ । ਜਦੋਂ ਸ੍ਰੀ ਕਾਲ ਜੀ ਦੀ ਉਸਤਤ ਸਮਾਪਤ ਹੁੰਦੀ ਹੈ ਬਚਿਤ੍ਰ ਨਾਟਕ ਦੇ ਇਸ ਅਧਿਆਇ ਦੇ ਵਿਚ ਤਾਂ ਗਿਆਨੀ ਜੀ ਇਸ ਤਰ੍ਹਾਂ ਲਿਖਦੇ ਨੇ ।
'ਬਚਿਤ੍ਰ ਨਾਟਕ ਦੇ ਇਹ ਪਹਿਲੇ ਅਧਿਆਇ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਅਕਾਲ ਪੁਰਖ ਦੀ ਉਸਤਤ ਕੀਤੀ ਹੈ । ਅਕਾਲ ਪੁਰਖ ਦੀ ਉਸਤਤ ਦੇ ਨਾਲ ਹੀ ਆਪ ਨੇ ਸ਼ਸਤਰਾਂ ਦੀ ਮਹਿਮਾਂ ਵੀ ਵਰਣਨ ਕੀਤੀ ਹੈ । ਸਤਿਗੁਰੂ ਜੀ ਨੇ ਪ੍ਰਭੂ ਨੂੰ ਇਕ ਬਹਾਦਰ ਸੂਰਮੇ, ਖੜਗਧਾਰੀ ਤੇ ਧਨੁਸ਼ਧਾਰੀ ਦੇ ਰੂਪ ਵਿਚ ਚਿਤਰਿਆ ਹੈ । ਜ਼ਾਲਮ ਰਾਜ ਦੀਆਂ ਜੜ੍ਹਾਂ ਕੱਟਣ ਲਈ ਆਪ ਸ਼ਸਤਰ ਸ਼ਕਤੀ ਦੀ ਵਰਤੋਂ ਨੂੰ ਹੀ ਸਭ ਸਾਧਨਾਂ ਤੋਂ ਉੱਤਮ ਸਾਧਨ ਗਿਣਦੇ ਸਨ । ਆਪ ਨੇ ਖਾਲਸਾ ਪੰਥ ਦੀ ਰਚਨਾ ਕਰਕੇ ਸਿੰਘਾਂ ਨੂੰ ਸ਼ਸਤ੍ਰਧਾਰੀ, ਸੰਤ ਸਿਪਾਹੀ, ਬਣਨ ਦਾ ਹੁਕਮ ਦਿੱਤਾ । ਸਤਿਗੁਰੂ ਜੀ ਸ਼ਸਤਰਾਂ ਨੂੰ ਆਪਣਾ ਇਸ਼ਟ ਮੰਨਕੇ ਸਭ ਸ਼ਸਤਰਾਂ ਨੂੰ ਨਮਸ਼ਕਾਰ ਕਰਦੇ ਹਨ: ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰ ਤੀਰ ॥ ਸੈਫ ਸਰੋਹੀ ਸੈਹਥੀ ਯਹੀ ਹਮਾਰੇ ਪੀਰ ॥'
ਸ਼ਸਤਰਾਂ ਬਾਰੇ ਪਹਿਲਾਂ ਹੀ ਕਿਹਾ ਜਾ ਚੁੱਕਾ ਹੈ । ਮੇਰਾ ਇਥੇ ਇਹ ਲਿਖਣ ਦਾ ਕਾਰਣ ਇਹ ਹੈ ਕਿ ਆਪਣੇ ਟੀਕੇ ਦੇ ਵਿਚ, ਜਿਸਦਾ ਕਾਲੂ ਆਸਰਾ ਲੈ ਰਿਹਾ ਹੈ, ਗਿਆਨੀ ਜੀ ਨੇ ਕਿਤੇ ਨਹੀਂ ਲਿਖਿਆ ਕਿ ਕਾਲ ਕੋਈ ਸ਼ਿਵਜੀ ਹੈ । ਸਾਫ਼ ਸਾਫ਼ ਉਨ੍ਹਾਂ ਨੇ ਅਕਾਲ ਪੁਰਖ ਦੀ ਵਰਤੋਂ ਕੀਤੀ ਹੈ ਆਪਣੀਆਂ ਸਤਰਾਂ ਦੇ ਵਿਚ । ਫਿਰ ਕੀ ਕਾਰਣ ਹੈ ਕਿ ਕਾਲੂ ਨੂੰ ਇਹ ਨਹੀਂ ਦਿਖਿਆ ? ਇਕ ਟੀਕਾਕਾਰ ਦੀ ਸਾਰੀ ਮਿਹਨਤ ਦਾ ਨਿਚੋੜ ਕੱਢਣਾ ਚਾਹੀਏ, ਚਾਹੇ ਉਹ ਕਿਸੇ ਦਾ ਪੱਖ ਪੂਰਦੀ ਹੋਵੇ ਜਾਂ ਫਿਰ ਉਸਦੇ ਉਲਟ ਹੋਵੇ । ਐਵੇ ਇੱਕਾ ਦੁੱਕਾ ਪੰਕਤੀਆਂ ਲੈ ਕਰ ਸਿੱਖਾਂ ਨੂੰ ਗੁੰਮਰਾਹ ਕਰਨਾ ਬੰਦ ਹੋਣਾ ਚਾਹੀਦਾ ਹੈ । ਇਨ੍ਹਾਂ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਰੋਧੀਆਂ ਨੇ ਇਹ ਇਕ ਹਊਆ ਬਣਾਇਆ ਹੋਇਆ ਹੈ ਕਿ ਕਾਲ ਜਾਂ ਫਿਰ ਮਹਾਂਕਾਲ ਕੋਈ ਸ਼ਿਵ ਜੀ ਹੈ, ਇਹ ਤਾਂ ਜੀ ਕੋਈ ਦੇਵਤਾ ਹੈ, ਜਦ ਕਿ ਸੱਚ ਇਸਦੇ ਬਿਲਕੁਲ ਉਲਟ ਹੈ । ਕਾਲ ਪਰਮਾਤਮਾ ਨੂੰ ਇਸ ਕਰਕੇ ਕਹਿੰਦੇ ਨੇ ਕਿਉਂਕਿ ਉਹ ਹਰ ਇਕ ਨੂੰ ਆਖ਼ਿਰਕਾਰ ਮਾਰ ਦਿੰਦਾ ਹੈ, ਸਣੇ ਬ੍ਰਹਮਾ, ਵਿਸ਼ਨੂੰ ਤੇ ਸ਼ਿਵਜੀ ।
ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਿੰਨੇ ਹੀ ਸਿੱਖ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਪਾਠ ਕਰਦੇ ਆ ਰਹੇ ਨੇ । ਕੀ ਉਨ੍ਹਾਂ 'ਚੋਂ ਕਿਸੇ ਇਕ ਨੇ ਵੀ ਕਿਹਾ ਹੈ ਕਿ ਕਾਲ ਜਾਂ ਫਿਰ ਮਹਾਂਕਾਲ ਦੇ ਅਰਥ ਸ਼ਿਵਜੀ ਨੇ ? ਜੋ ਸਤਿਗੁਰਾਂ ਦੀ ਬਾਣੀ ਨਾਲ ਪਿਆਰ ਕਰਦੇ ਨੇ ਤੇ ਬਾਣੀ ਤੇ ਬਾਣੇ ਦੇ ਧਾਰਨੀ ਹਨ, ਉਹ ਕਦੇ ਵੀ ਇਸ ਤਰ੍ਹਾਂ ਦੇ ਅਰਥ ਨਹੀਂ ਕਰਨਗੇ । ਇਹ ਤਾਂ ਫਿਰ ਉਹੀ ਗੱਲ ਹੋ ਗਈ ਕਿ ਸਿੱਖ ਰਾਮ ਨੂੰ ਰਮਿਆ ਹੋਇਆ ਪਰਮਾਤਮਾ ਕਹਿ ਰਹੇ ਨੇ ਤੇ ਹਿੰਦੂ ਰਾਮਚੰਦਰ । ਕੀ ਹੁਣ ਰਾਮਚੰਦਰ ਕਹਿਣ ਨਾਲ ਰਾਮ ਰਾਮਚੰਦਰ ਬਣ ਜੂ ? ਓਵੇਂ ਹੀ ਇਨ੍ਹਾਂ ਦਸਮ ਦੀ ਬਾਣੀ ਦੇ ਵਿਰੋਧੀਆਂ ਦੇ ਕਹਿਣ ਨਾਲ ਕਾਲ ਜਾਂ ਫਿਰ ਮਹਾਂਕਾਲ ਕੋਈ ਸ਼ਿਵਜੀ ਨਹੀ ਬਣ ਜਾਣਾ । ਜਿਵੇਂ ਵਿਚਾਰੇ ਬਾਹਮਣ ਕਈ ਸਾਲਾਂ ਤੋਂ ਰਾਮ ਤੇ ਗੋਪਾਲ ਨੂੰ ਵਿਸ਼ਨੂੰ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਵਿਚ ਲੱਗੇ ਹੋਏ ਨੇ ਉਸੇ ਤਰ੍ਹਾਂ ਇਨ੍ਹਾਂ ਦਸਮ ਦੇ ਵਿਰੋਧੀਆਂ ਨੇ ਇਹ ਹੁਣ ਬੀੜਾ ਚੁੱਕਿਆ ਹੋਇਆ ਹੈ, ਜਿਸਦਾ ਸਿੱਟਾ ਇਹ ਨਿਕਲਣਾ ਹੈ ਕਿ ਪੰਥ ਖਾਲਸੇ ਨੂੰ ਕੋਈ ਵੀ ਨਹੀਂ ਹਲਾ ਸਕਣਾ । ਜਿੰਨਾ ਮਰਜ਼ੀ ਕੋਈ ਜ਼ੋਰ ਲਗਾ ਲਵੇ ।
ਜੋ ਟੀਕਾ 'ਗਿਆਨੀ ਈਸ਼ਰ ਸਿੰਘ ਰਾਮਗੜੀਆ' ਨੇ ਕੀਤਾ ਹੈ, ਤੇ ਜੋ 'ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼੍ਰੋਮਣੀ ਸਟੀਕ' ਨਾਲ ਪ੍ਰਸਿੱਧ ਹੈ, ਆਉ ਹੁਣ ਦੇਖੀਏ ਉਸ ਵਿਚ ਕੀ ਅਰਥ ਕੀਤੇ ਹੋਏ ਨੇ ੨੭ਵੇਂ ਨੰਬਰ ਤੇ ਆਈ ਸਤਰ ਦੇ ।
'ਜ਼ੁਬਾਨ ਨੂੰ ਗੰਦ-ਮੰਦ ਬੋਲਣ ਤੋਂ ਵੱਸ ਵਿਚ ਨਹੀਂ ਕੀਤਾ, ਤੇ ਹੰਕਾਰ ਨੂੰ ਨਾ ਸਮਝ ਕੇ ਤਿਆਗਿਆ ਨਹੀਂ । ਫੇਰ ਤੇਰੇ ਇਹ ਭੇਖ ਧਾਰਨੇ ਜਾਂ ਮੁੰਡ ਸਿਰ ਮਨਾਉਣ ਨਾਲ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਜਾਣੀ । ਮੋਨ ਧਾਰ ਕੇ ਨਿਮਰਤਾ ਹਾਸਿਲ ਕਰਕੇ ਵੀ ਬਿਨਾਂ ਭਜਨ ਭਗਵਾਨ ਕੁਝ ਨਹੀਂ ਸਰਨਾ ।'
ਮੈਨੂੰ ਯਾਦ ਹੈ ਕਿ ਛੋਟੇ ਹੁੰਦੇ ਮੈਂ ਇਕ ਕਿਤਾਬ ਦੇ ਵਿਚ ਇਹ ਪੜ੍ਹਿਆ ਸੀ ਕਿ ਜਦੋਂ ਜਪੁ ਜੀ ਸਾਹਿਬ ਜੀ ਦੇ ਵਿਚ ਸਤਰ ਆਉਂਦੀ ਹੈ 'ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥' ਉਥੇ ਇਹ ਅਰਥ ਕੀਤੇ ਹੋਏ ਨੇ ਕਿ ਕਈ ਸੀਤਾਵਾਂ ਬੈਠੀਆਂ ਨੇ ਜਦਕਿ ਇਸਦਾ ਅਰਥ ਸੀਤੇ ਹੋਏ ਮਨਾਂ ਤੋਂ ਹੈ ਜਾਂ ਫਿਰ ਸੀਤਲਤਾ ਤੋਂ। ਹਾਂ ਜੇਕਰ ਸੀਤਾ ਦੀ ਨਿਆਈਂ ਕਰਕੇ ਅਰਥ ਕਰਨੇ ਹੋਣ ਉਹ ਵੀ ਸਹੀਂ ਹੋ ਸਕਦੇ ਨੇ, ਪਰ ਜੇਕਰ ਕੱਲਾ ਸੀਤਾ ਹੀ ਲਿੱਖਤਾ ਤਾਂ ਫਿਰ ਬਹੁਤ ਭੁਲੇਖਾ ਪੈ ਸਕਦਾ ਹੈ । ਇਸੇ ਤਰ੍ਹਾਂ ਇਥੇ ਹੋਇਆ ਜਾਪਦਾ ਹੈ ਕਾਲੂ ਨੂੰ । ਸੋ ਸਭ ਤੋਂ ਵਧੀਆ ਤਰੀਕਾ ਹੀ ਇਹ ਹੈ ਕਿ ਜਦੋਂ ਵੀ ਕੋਈ ਪ੍ਰਸ਼ਨ ਮਨ ਦੇ ਵਿਚ ਆਵੇ ਤਾਂ ਸਿੱਧਾ ਸਿੰਘਾਂ ਕੋਲ ਜਾ ਕਰ ਆਪਣੇ ਸ਼ੰਕੇ ਦੂਰ ਕਰੋ, ਆਵੇਂ ਵਿਹਲੇ ਰਹਿ ਕੇ ਜੱਭਲੀਆਂ ਮਾਰਨ ਨਾਲ ਕੁਝ ਨਹੀਂ ਹੋਣਾ ।
ਗੁਰੂ ਸਾਹਿਬ ਦੀ ਬਾਣੀ ਦੀ ਸ਼ੈਲੀ ਦਾ ਜਿਸਨੂੰ ਗਿਆਨ ਨਹੀਂ ਹੈ ਉਹ ਲੋਕ ਗੁਰੂ ਸਾਹਿਬਾਨ ਦੀ ਬਾਣੀ ਤੇ ਕਿੰਤੂ ਕਰ ਰਹੇ ਨੇ । ਜਿਨ੍ਹਾਂ ਨੇ ਕਦੇ ਕੋਈ ਦੋਹਰੇ ਜਾਂ ਫਿਰ ਕਬਿੱਤ ਦੀ ਚਾਲ ਨਹੀਂ ਪੜ੍ਹੀ, ਪਿੰਗਲ ਤਾਂ ਬਹੁਤ ਦੂਰ ਹੈ, ਉਹ ਲੋਕ ਹੁਣ ਗੁਰੂ ਸਾਹਿਬਾਨ ਦੀ ਬਾਣੀ ਨੂੰ ਲੈ ਕਰ ਸੰਗਤਾਂ ਨੂੰ ਭੰਬਲਭੂਸੇ ਦੇ ਵਿਚ ਪਾ ਰਹੇ ਨੇ । ਅਗਲੀ ਗੱਲ ਜੋ ਕਾਲੇ ਦੀ ਲਿਖੀ ਹੋਈ ਕਿਤਾਬ ਦੇ ਵਿਚ ਮਿਲਦੀ ਹੈ ਉਹ ਹੈ ਲਫ਼ਜ਼ 'ਲਾਂਡ' ਨੂੰ ਲੈ ਕਰ । ਗੁਰਪ੍ਰੀਤ ਸਿੰਘ ਕੈਲੀਫੋਰਨੀਆਂ ਦੀ ਜਦੋਂ ਚਰਚਾ ਹੋਈ ਸੀ ਸਿੱਖਾਂ ਦੇ ਨਾਲ ਕਾਨਪੁਰ ਦੇ ਵਿਚ, ਓਦੋਂ ਵੀ ਉਥੇ ਕਿਸੇ ਨੇ ਇਹ ਪ੍ਰਸ਼ਨ ਉਠਾਇਆ ਸੀ । ਇਸ ਲਫ਼ਜ਼ ਨੂੰ ਵੀ ਬਹੁਤ ਲੋਕਾਂ ਨੇ ਆਪਣੀ ਬੁੱਧੀ ਦਾ ਇਸਤੇਮਾਲ ਕਰਦੇ ਹੋਏ ਲਿਖਿਆ ਹੈ ਕਿ ਗੁਰੂ ਸਾਹਿਬਾਨ ਨੇ ਇਥੇ ਸੁੰਨਤ ਸ਼ਬਦ ਕਿਉਂ ਨਹੀਂ ਵਰਤਿਆ । ਗੁਰੂ ਸਾਹਿਬਾਨ ਨੇ ਕਿਉਂ ਨਹੀ ਵਰਤਿਆ ਇਹ ਤਾਂ ਗੁਰੂ ਸਾਹਿਬ ਹੀ ਜਾਨਣ, ਮੇਰੀ ਇੰਨੀ ਬੁੱਧੀ ਨਹੀਂ ਕਿ ਮੈਂ ਹਰ ਇਕ ਗੱਲ ਜਾਣ ਸਕਾ ਜੋ ਗੁਰੂ ਸਾਹਿਬਾਨ ਨੇ ਕੀਤੀ ਹੈ ।
ਆਪਣੀ ਬੁੱਧੀ ਦਾ ਹੀ ਇਸਤੇਮਾਲ ਕਰਕੇ ਕੋਈ ਇਹ ਵੀ ਕਹਿ ਸਕਦਾ ਹੈ ਕਿ ਗੁਰੂ ਸਾਹਿਬਾਨ ਨੇ ਕੋਈ ਖ਼ਾਸ ਲਫ਼ਜ਼ ਕਿਉਂ ਨਹੀ ਲਿਖਿਆ ਮੂਲ ਮੰਤਰ ਦੇ ਵਿਚ । ਜਾਂ ਫਿਰ ਕਿਸੇ ਸ਼ਬਦ ਦੇ ਵਿਚ ਇਹ ਕਿਉਂ ਲਿਖਿਆ ਉਹ ਕਿਉਂ ਨਹੀਂ ਲਿਖਿਆ । ਇਹ ਸਿਰਫ਼ ਉਪਰ ਦਿੱਤੇ ਹੋਏ ਲਫ਼ਜ਼ ਦੀ ਹੀ ਗੱਲ ਨਹੀਂ ਹੈ । ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿਚ ਵੀ ਬਹੁਤ ਕੁਝ ਇਨ੍ਹਾਂ ਅਖੌਤੀ ਲੋਕਾਂ ਨੂੰ ਮਿਲਣਾ ਹੈ ਜੋ ਆਉਣ ਵਾਲੇ ਸਮੇਂ ਦੇ ਵਿਚ ਇਸਤੇਮਾਲ ਹੋਵੇਗਾ । ਮਿਸਾਲ ਦੇ ਤੌਰ ਤੇ ਹੇਠ ਲਿਖੀਆਂ ਸਤਰਾਂ ਪੜ੍ਹੀਆਂ ਜਾ ਸਕਦੀਆਂ ਹਨ ।
੨੮. ਜੋ ਲਉਡਾ ਪ੍ਰਭਿ ਕੀਆ ਅਜਾਤਿ ॥ ਤਿਸੁ ਲਉਡੇ ਕਉ ਕਿਸ ਕੀ ਤਾਤਿ ॥੩॥ - ਅੰਗ ੩੭੬
੨੯. ਟਟਾ ਬਿਕਟ ਘਾਟ ਘਟ ਮਾਹੀ ॥ - ਅੰਗ ੩੪੧
ਕੀ ਹੁਣ ਇਥੇ ਇਹ ਕਹਿਣਾ ਵਾਜਿਬ ਹੈ ਕਿ ਗੁਰੂ ਸਾਹਿਬਾਨ ਨੇ ਲਉਡਾ ਜਾਂ ਫਿਰ ਟਟਾ ਸ਼ਬਦ ਕਿਉਂ ਲਿਖਿਆ ਕੋਈ ਹੋਰ ਕਿਉਂ ਨਹੀਂ ਲਿਖਿਆ ? ਇਹ ਸਮੇਂ ਦੀ ਹੀ ਗੱਲ ਹੈ । ਕੁਝ ਸਮਾਂ ਰੁਕ ਜੋ, ਤੁਸੀਂ ਖ਼ੁਦ ਦੇਖੋਗੇ ਇਹ ਲੋਕ ਇਨ੍ਹਾਂ ਸਤਰਾਂ ਬਾਰੇ ਕੂੜ ਬੋਲਦੇ ਹੋਏ ।
ਹੋਣਾ ਤਾਂ ਇਹ ਚਾਹੀਏ ਕਿ ਗੁਰੂ ਸਾਹਿਬਾਨ ਦੀ ਦਿੱਤੀ ਹੋਈ ਗੁਰਬਾਣੀ ਨੂੰ ਆਪਾਂ ਪੜ੍ਹੀਏ ਤੇ ਵੀਚਾਰੀਏ ਤੇ ਆਪਣਾ ਸਮਾਂ ਸਿਮਰਨ ਦੇ ਵਿਚ ਲਗਾਈਏ । ਪਰ ਆਪਾਂ ਨੂੰ ਗੁਰ-ਦੋਖੀਆਂ ਨੇ ਹੋਰ ਹੀ ਕੰਮਾਂ ਦੇ ਵਿਚ ਲਾ ਛੱਡਿਆ ਹੈ । ਗੁਰਬਾਣੀ ਵੱਲੋਂ ਆਪਣਾ ਧਿਆਨ ਹਟਾ ਕੇ ਇਸ ਪਾਸੇ ਲਗਾਇਆ ਜਾ ਰਿਹਾ ਹੈ ਕਿ ਇਹ ਗੁਰਬਾਣੀ ਹੈ ਕਿ ਨਹੀਂ ।
ਇਕ ਹੋਰ ਚੀਜ਼ ਜੋ ਮੈਂ ਬੁੱਧੀ ਦਾ ਜ਼ਿਆਦਾ ਪ੍ਰਯੋਗ ਕਰਨ ਵਾਲੇ ਲਿਖਾਰੀਆਂ ਦੇ ਵਿਚ ਦੇਖੀ ਹੈ ਉਹ ਇਹ ਕਿ ਉਹ ਗੁਰੂ ਸਾਹਿਬਾਨ ਨੂੰ ਇਕ ਆਮ ਇਨਸਾਨ ਹੀ ਸਮਝਦੇ ਨੇ । ਜਿਵੇਂ ਕਾਲੂ ਨੇ ਕਿਹਾ ਕਿ ਗੁਰੂ ਸਾਹਿਬਾਨ ਨੇ ਕੋਈ ਪੰਜਾਬੀ ਦਾ ਲਫ਼ਜ਼ ਕਿਉਂ ਨਹੀਂ ਲਿਖਿਆ ਜਦ ਕਿ ਬਹੁਤ ਸਮਾਂ ਉਨ੍ਹਾਂ ਨੇ ਪੰਜਾਬ ਦੇ ਵਿਚ ਬਤੀਤ ਕੀਤਾ । ਹਾਲਾਂਕਿ 'ਚੰਡੀ ਦੀ ਵਾਰ' ਪੰਜਾਬੀ ਦੇ ਵਿਚ ਹੀ ਹੈ, ਜੋ ਇਨ੍ਹਾਂ ਨੇ ਕਿਸੇ ਹੋਰ ਕਾਰਨ ਕਰਕੇ ਰੱਦ ਕਰ ਦੇਣੀ ਹੈ । ਇਵੇਂ ਹੀ ਡਾ. ਕਿਰਪਾਲ ਸਿੰਘ ਨੇ ਆਪਣੀ ਪੁਸਤਕ 'ਸ੍ਰੀ ਗੁਰ ਨਾਨਕ ਪ੍ਰਕਾਸ਼: ਇਤਿਹਾਸਕ ਪਰਿਪੇਖ' ਵਿਚ ਇੰਝ ਲਿਖਿਆ, 'ਪਟੀ ਦੀ ਰਚਨਾ ਬਾਰੇ ਇਕ ਗੱਲ ਬੜੀ ਸਪੱਸ਼ਟ ਜਾਪਦੀ ਹੈ ਕਿ ਪਟੀ ਦਾ ਉਚਾਰਣ ਛੋਟੀ ਅਵਸਥਾ ਵਿਚ ਹੋਇਆ ਨਹੀਂ ਜਾਪਦਾ । ਇਸ ਦੀ ਰਚਨਾ ਵਡੇਰੀ ਉਪਰ ਵਿਚ ਹੋਈ ਲੱਗਦੀ ਹੈ, ਕਿਉਂਕਿ ਇਸ ਵਿਚ ਜ਼ਿੰਦਗੀ ਦੇ ਭਰਪੂਰ ਤਜਰਬੇ ਦਾ ਕਥਨ ਹੈ ।'
ਭਾਈ ਵੀਰ ਸਿੰਘ ਵੱਲੋਂ ਲਿਖੇ 'ਸ੍ਰੀ ਗੁਰੂ ਨਾਨਕ ਚਮਤਕਾਰ' ਵਿਚਲੀ ਗੱਲ ਪੜ੍ਹਨ ਯੋਗ ਹੈ ਜੋ ਅੱਜ ਦੇ ਲਿਖਾਰੀਆਂ ਤੇ ਲਾਗੂ ਹੁੰਦੀ ਹੈ ।
'ਅਸਲ ਵਿਚ ਰਾਜਸੀ ਇਤਿਹਾਸਕਾਰ 'ਰੱਬੀ ਵਜੂਦ' ਦੇ ਇਤਿਹਾਸ ਵੇਲੇ ਘਾਬਰਦੇ ਹਨ ਕਿ ਦੁਨੀਆਂ ਦੇ ਉਸਤਾਦਾਂ ਬਿਨਾਂ ਓਹ ਪੜ੍ਹੇ ਕੀਕੂੰ? ਤੇ ਰੂਹਾਨੀ ਇਤਿਹਾਸਕਾਰ ਘਾਬਰਦੇ ਹਨ ਕਿ ਜੇ ਉਨ੍ਹਾਂ ਕਿਸੇ ਤੋਂ ਵਿਦ੍ਯਾ ਪਾਈ ਤਾਂ ਉਨ੍ਹਾਂ ਦੀ 'ਰੂਹਾਨੀ ਸੁੰਦਰਤਾ' ਘਟ ਜਾਏਗੀ ਪਰ ਅਸਲ ਗੱਲ ਇਹ ਹੈ ਕਿ ਭਾਵੇਂ ਓਹ ਸੰਸਾਰਕ ਇਲਮ ਕਿਸੇ ਤੋਂ ਪੜ੍ਹੇ ਭਾਵੇਂ ਨਾ ਪੜ੍ਹੇ ਦੋਇ ਗੱਲਾਂ ਉਹਨਾਂ ਦੇ ਰੂਹਾਨੀ ਔਜ ਨੂੰ ਵਧਾ ਘਟਾ ਨਹੀਂ ਸਕਦੀਆਂ । ਆਪਣੀ 'ਕਰਤੇ ਦੀ ਵਿਦ੍ਯਾ' ਯਾ ਅਰਸ਼ੀ ਇਲਮ ਤੇ ਰੂਹਾਨੀ ਵਿਗ੍ਯਾਨ ਦੇ ਗੁਰੂ ਦਾ ਪਤਾ ਉਹਨਾਂ ਨੇ ਆਪ ਦੇ ਦਿਤਾ ਹੈ: 'ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰ ਮਿਲਿਆ ਸੋਈ ਜੀਉ ॥੫॥' (ਸੋਰਠਿ ਮ:੧-੧੧) ਇਹ ਨਿਯਮ ਹੈ ਕਿ ਜਿਸ ਵਿਚ ਰਬੀ ਵਿਦ੍ਯਾ ਕਰਤੇ ਦੀ ਹੈ, ਜਿਸ ਦਾ ਗੁਰੂ ਆਪ ਪਰਮੇਸਰੁ ਹੈ ਉਸਦੇ ਅੱਗੇ ਸੰਸਾਰਕ ਦ੍ਰਿਸ਼ਟਿਮਾਨ ਦੀਆਂ ਵਿਦ੍ਯਾ ਪਾਣੀਹਾਰ ਹਨ, ਜੇ ਪੜ੍ਹ ਲਈਆਂ ਤਾਂ ਘਟਦਾ ਕੁਝ ਨਹੀਂ ਜੇ ਨਾ ਪੜ੍ਹੀਆਂ ਤਾਂ ਵਧਦਾ ਕੁਝ ਨਹੀਂ ।'
ਇਸ ਪੂਰੇ ਅਧਿਆਇ ਦੇ ਵਿਚ ਗੁਰੂ ਸਾਹਿਬਾਨ ਨੇ ਉਸ ਪਰਮਾਤਮਾ ਦੀ ਹੀ ਸਿਫ਼ਤ ਸਲਾਹ ਕੀਤੀ ਹੈ । ਜਦ ਗੁਰੂ ਨੇ ਸਾਫ਼ ਕਹਿ ਦਿੱਤਾ ਕਿ ਉਹ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦੇ ਤਾਂ ਫਿਰ ਜਾਣ ਬੁਝ ਕੇ ਅਰਥਾਂ ਦੇ ਅਨਰਥ ਕਰਕੇ ਸਿੱਖਾਂ ਨੂੰ ਗੁੰਮਰਾਹ ਨਹੀਂ ਕਰਨਾ ਚਾਹੀਦਾ । ਕਾਲੂ ਨੇ ਜਾਣ ਬੁਝ ਕੇ ਅਰਥਾਂ ਦੇ ਅਨਰਥ ਕੀਤੇ ਤੇ ਫਿਰ ਮਹਾਨ ਕੋਸ਼ ਦਾ ਹਵਾਲਾ ਦੇ ਕਰਕੇ ਵੀ ਸਹੀ ਮਾਇਨੇ ਦੇ ਵਿਚ ਜੋ ਅਰਥ ਬਣਦੇ ਨੇ ਉਹ ਨਹੀ ਦਿੱਤੇ । ਸੋ ਖਾਲਸਾ ਜੀ, ਇਨ੍ਹਾਂ ਲੋਕਾਂ ਤੋਂ ਜਿੰਨਾ ਸਾਵਧਾਨ ਹੋ ਸਕਦੇ ਹਾਂ ਆਪਾਂ ਓਨਾਂ ਹੋਈਏ ਕਿਉਂਕਿ ਅਖ਼ੀਰ ਤੇ ਗੁਰਬਾਣੀ ਨੇ ਹੀ ਕੰਮ ਆਉਣਾ ਹੈ । ਇਹਨੂੰ ਵਿਸਾਰ ਕੇ ਆਪਣਾ ਕੁਝ ਨਹੀਂ ਸਵਰਨਾ ।
ਕੁਝ ਦਿਨ ਪਹਿਲਾਂ ਕਾਲੂ ਦੀ ਮੌਤ ਹੋ ਗਈ ਹੈ ਤੇ ਇਹ ਫ਼ੈਸਲਾ ਵੀ ਹੋ ਗਿਆ ਹੋਣਾ ਹੁਣ ਤੱਕ ਕਿ ਕਿਹੜੇ ਨਰਕ ਦੇ ਵਿਚ ਜਾਊਗਾ ਉਹ, ਤੇ ਨਾਲ ਦੀ ਨਾਲ ਇਹ ਵੀ ਪਤਾ ਲੱਗ ਗਿਆ ਹਊ ਕਿ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਾਣੀ ਹੈ ਜਾਂ ਨਹੀਂ । ਜੋ ਇਸ ਗੁਰ-ਨਿੰਦਕ ਦੀ ਜੁੰਡਲੀ ਦੇ ਲੋਕ ਨੇ ਉਨ੍ਹਾਂ ਲਈ ਹੇਠਲੇ ਪ੍ਰਸ਼ਨ ਹਨ । ਜੇਕਰ ਉਹ ਉੱਤਰ ਦੇ ਕਰ ਨਿਰ-ਉੱਤਰ ਕਰ ਦੇਣ ਤਾਂ ਬਹੁਤ ਹੀ ਵਧੀਆ ਗੱਲ ਹੋਵੇਗੀ ।
੧. ਕਾਲੂ ਨੇ ਜਾਣ ਬੁਝ ਕੇ ਕਾਲ/ਮਹਾਂਕਾਲ ਦੇ ਅਰਥ ਸ਼ਿਵ ਜੀ ਕਿਉਂ ਕੀਤੇ ਜਦ ਕਿ ਮਹਾਨ ਕੋਸ਼ ਦੇ ਵਿਚ ਇਸਨੂੰ ਪਰਮਾਤਮਾ ਲਿਖਿਆ ਗਿਆ ਹੈ ?
੨. ਗੁਰਬਾਣੀ ਪਰਮਾਤਮਾ ਦੇ ਸਰਗੁਣ ਨੇ ਨਿਰਗੁਣ ਦੋਵੇਂ ਸਰੂਪ ਵਰਨਣ ਕਰਦੀ ਹੈ, ਫਿਰ ਕਾਲੂ ਨੂੰ ਇਥੇ ਕੁਝ ਛੰਦਾਂ ਦੇ ਵਿਚ ਖੁਰਕ ਕਿਉਂ ਹੋਈ ?
੩. ਜੋ ਗੁਰਬਾਣੀ ਦੇ ਅਨੁਕੂਲ ਸ਼ਬਦ ਕਾਲੂ ਨੂੰ ਦਿਸੇ ਉਹ ਉਸਨੇ ਜਾਣ ਬੁਝ ਕੇ ਸਿੱਖਾਂ ਨੂੰ ਉਲਝਾਉਣ ਲਈ ਕੁਝ ਖ਼ਾਸ ਸ਼ਬਦ ਕਿਉਂ ਵਰਤੇ ?
੪. ਕੀ ਕਾਲੂ ਗੁਰੂ ਸਾਹਿਬ ਨੂੰ ਇਕ ਆਮ ਇਨਸਾਨ ਸਮਝਦਾ ਸੀ ?
੫. ਕਾਲੂ ਨੇ ੨੬੬ਵੇਂ ਤੇ ੪੦੫ਵੇਂ ਚਰਿਤ੍ਰ ਦੇ ਵਿਚ ਲਿਖੇ ਮਹਾਂਕਾਲ ਦੇ ਅਰਥਾਂ ਨੂੰ ਕਿਉਂ ਨਹੀਂ ਪੜ੍ਹਿਆ ?

ਕਾਲ ਮਹਾਂਕਾਲ ਨਾ ਕੋਈ ਸ਼ਿਵਜੀ ।
ਜੋ ਆਪਣੇ ਆਪ ਵਿਚ ਨ ਕੁਝ ਵੀ ।
ਜੋ ਹੈ ਖ਼ੁਦ ਇਸ ਮਾਇਆ ਦੇ ਅੰਦਰ ।
ਕਿਸ ਕਾਰਣ ਉਹ ਵਸੇ ਹਰਿਮੰਦਰ ।
ਗੁਮਰਾਹ ਹਰ ਰੋਜ ਸਿੱਖਾਂ ਨੂੰ ਜੋ ਕਰਦੇ ।
ਸਿੱਖ ਚੁੱਕ ਕਲਮਾਂ ਉਨ੍ਹਾਂ ਦੇ ਧਰਦੇ ।
ਇਹ ਸਦਾ ਰਹਿਣੀ ਰੀਤ ਜਗ ਅੰਦਰ ।
ਤਾਂ ਜੋ ਭੁਲੇਖਾ ਪਵੇ ਸਿੱਖ ਕੌਮ ਅੰਦਰ ।
ਨਾ ਪੜ੍ਹਨੀ ਗੁਰਬਾਣੀ ਨਾ ਪੜ੍ਹਨ ਦੇਣੀ ।
ਇਹੀਉ ਨਕਲੀ ਸਿੱਖਾਂ ਦੀ ਪੰਥ ਨੂੰ ਦੇਣੀ ।
ਫਿਰਦੇ ਇਹ ਬਣ ਕੇ ਮਹਾਨ ਸੋਝੀਵਾਨ ।
ਅੰਦਰੋਂ ਇਹ ਸਭ ਕੂੜੇ ਦੀ ਦੁਕਾਨ ।
ਨਾ ਲੱਭਿਆ ਹਰਿ ਅੰਦਰ ਨਾ ਬਾਹਰ ।
ਬਸ ਬੁੱਧੀ ਚੁੱਕੀ ਫਿਰਦੇ ਇਹ ਮਾਹਰ ।
ਕਿੰਨੇ ਵਿੱਕ ਚੁੱਕੇ ਕਿੰਨੇ ਹੋਰ ਵਿਕਣਗੇ ।
ਇਹ ਤਾਂ ਬਸ ਖ਼ੁਦ ਖ਼ੁਦਾ ਜਾਨਣਗੇ ।
ਨਾ ਗੁਰੂ ਨੇ ਪੂਜਿਆ ਕੋਈ ਦੇਵਤਾ ।
ਨਾ ਹੀ ਸਿਖ ਕਰੇ ਇਹ ਖੇਚਲਤਾ ।
ਸਾਡਾ ਗੁਰੂ ਸਾਡੇ ਲਈ ਹੈ ਖ਼ੁਦਾ ।
ਕਿਉਂ ਫਿਰ ਅਸੀਂ ਰਹੀਏ ਜੁਦਾ ।
ਨਾ ਅਸੀਂ ਮੰਨੀਏ ਕਿਸੇ ਦੇਵਤੇ ਨੂੰ ।
ਨਾ ਭੰਡੀਏ ਕਿਸੇ ਦੇਵੀ ਨੂੰ ।
ਸਾਡਾ ਧਰਮ ਸਿਰਫ਼ ਇਕ ਨੂੰ ਮੰਨੇ ।
ਤੁਹਾਡੇ ਵਾਙੂੰ ਨਹੀਂ ੩੩ ਕਰੋੜ ਮੰਨੇ ।
ਬਸ ਗੁਰੂ ਦੀ ਕ੍ਰਿਪਾ ਹੋਜੇ ਮੇਰੇ ਤੇ ।
'ਅਨਪੜ੍ਹ ਬਾਬਾ' ਕਰੇ ਅਰਦਾਸ ਦਰ ਤੇਰੇ ਤੇ ।