Saturday 2 February 2019

21st Century and Sikhs - Atheism - Part 4


੪.
ਨਾਸਤਿਕਤਾ

ਪਰਮਾਤਮਾ ਦੀ ਹੋਂਦ ਨੂੰ ਲੈ ਕਰ ਬਹੁਤ ਸਮੇਂ ਤੋਂ ਵਾਰਤਾਲਾਪਾਂ ਚੱਲ ਰਹੀਆਂ ਹਨ । ਇਹ ਕੋਈ ਅੱਜ ਦੀ ਹੀ ਗੱਲ ਨਹੀਂ ਹੈ ਕਿ ਉਸ ਪਰਮਾਤਮਾ ਨੂੰ ਲੈ ਕੇ ਲੋਕਾਂ ਨੇ ਸਵਾਲ ਖੜ੍ਹੇ ਕੀਤੇ ਹੋਏ ਹਨ । ਇਹ ਕਾਫ਼ੀ ਸਮੇਂ ਤੋਂ ਚੱਲਿਆ ਆ ਰਿਹਾ ਹੈ । ਜਿਵੇਂ ਜਿਵੇਂ ਮਨੁੱਖ ਦੇ ਮਨ ਦਾ ਵਿਕਾਸ ਹੋਇਆ ਉਵੇਂ ਹੀ ਉਸਦੀ ਦਿਲਚਸਪੀ ਦੁਨੀਆਂ ਨੂੰ ਜਾਨਣ ਦੀ ਵੱਧਦੀ ਗਈ । ਇਸ ਦਿਲਚਸਪੀ ਦੇ ਵਿਚੋਂ ਉਸਨੂੰ ਜਾਨਣ ਦੀ ਵੀ ਚਾਹਤ ਪੈਦਾ ਹੋਈ ਜਿਸ ਬਾਰੇ ਕਈ ਧਰਮਾਂ ਦੇ ਲੋਕਾਂ ਨੇ ਉਸਨੂੰ ਸਵੀਕਾਰਿਆ ਹੋਇਆ ਹੈ ।
ਜੋ ਪ੍ਰਮੁੱਖ ਚਿੰਨ੍ਹ ਚਾਹੀਦਾ ਹੈ ਉਸ ਦੀ ਹੋਂਦ ਨੂੰ ਸਵੀਕਾਰ ਕਰਨ ਲਈ ਉਹ ਹੈ ਉਸਨੂੰ ਦੇਖਣਾ । ਤੇ ਉਹ ਪਰਮਾਤਮਾ ਜਿਸਨੇ ਪੂਰੀ ਦੁਨੀਆਂ ਬਣਾਈ ਹੈ ਉਹ ਬਸ ਏਨਾ ਕਹਿਣ ਨਾਲ ਨਹੀਂ ਦਿੱਖ ਪਵੇਗਾ ਕਿ ਜੇਕਰ ਕੋਈ ਪਰਮਾਤਮਾ ਹੈ ਤਾਂ ਉਹ ਪ੍ਰਗਟ ਹੋਵੇ । ਉਸ ਲਈ ਬਹੁਤ ਕੁਝ ਕਰਨਾ ਪੈਂਦਾ ਹੈ । ਬਿਨਾਂ ਕੁਝ ਕੀਤੇ ਉਹ ਮਹਾਨ ਸ਼ਕਤੀ ਨੂੰ ਮਿਲਣਾ ਕਦੇ ਵੀ ਮੁਮਕਨ ਨਹੀਂ ਹੋ ਸਕਦਾ । ਇਹ ਉਹ ਕਠਿਨ ਰਸਤਾ ਹੈ ਜਿਸ 'ਤੇ ਚੱਲਿਆਂ ਬਗੈਰ ਉਸਨੂੰ ਮਿਲਿਆ ਨਹੀਂ ਜਾ ਸਕਦਾ । ਇਹੀਓ ਕਾਰਣ ਹੈ ਕਿ ਜੋ ਪਰਮਾਤਮਾ ਦੀ ਹੋਂਦ ਤੋਂ ਮੁਨਕਰ ਹੈ ਉਹ ਇਸ ਰਸਤੇ ਤੇ ਚੱਲਣਾ ਨਹੀਂ ਚਾਹੁੰਦਾ । ਉਸਨੂੰ ਬਿਨਾਂ ਕੁਝ ਕੀਤੇ ਹੀ ਉਹ ਪਰਮਾਤਮਾ ਦੀ ਪ੍ਰਾਪਤੀ ਚਾਹੀਦੀ ਹੈ ਜੋ ਸਰਬ ਸ਼ਕਤੀਮਾਨ ਹੈ ।
ਪੱਛਮੀ ਦੇਸ਼ਾਂ ਦੇ ਲੋਕਾਂ ਦੇ ਵਿਚ ਇਸਦੀ ਬਹੁਤ ਜ਼ਿਆਦਾ ਗੰਭੀਰਤਾ ਨਾਲ ਵਿਚਾਰ ਕੀਤੀ ਜਾਂਦੀ ਹੈ । ਹੌਲੀ-ਹੌਲੀ ਇਹ ਪੱਛਮੀ ਤੇ ਯੂਰਪੀ ਦੇਸ਼ਾਂ ਤੋਂ ਹੁੰਦਾ ਹੋਇਆ ਏਸ਼ੀਆ ਦੇ ਵਿਚ ਵੀ ਆ ਗਿਆ ਹੈ । ਮੇਰਾ ਇਹ ਭਾਵ ਨਹੀਂ ਕਿ ਇਸ ਤੋਂ ਪਹਿਲਾ ਏਸ਼ੀਆਈ ਦੇਸ਼ਾਂ ਦੇ ਵਿਚ ਇਹ ਨਹੀਂ ਸੀ । ਪਰ ਜੋ ਵਿਚਾਰ ਬਾਕੀ ਦੇਸ਼ਾਂ ਦੇ ਵਿਚ ਸ਼ੁਰੂ ਹੋਈ ਉਹ ਵਿਚਾਰਧਾਰਾ ਦਾ ਸਿੱਟਾ ਭਾਰਤ ਵਰਗੇ ਦੇਸ਼ਾਂ ਦੇ ਵਿਚ ਵੀ ਦੇਖਣ ਨੂੰ ਮਿਲਦਾ ਹੈ ਜਿਥੇ ਕਾਫ਼ੀ ਸਦੀਆਂ ਤੋਂ ਪਰਮਾਤਮਾ ਨੂੰ ਪੂਜਿਆ ਜਾ ਰਿਹਾ ਹੈ ।
ਕਈਆਂ ਦਾ ਪਰਮਾਤਮਾ ਦੇ ਵਿਚ ਵਿਸ਼ਵਾਸ ਨਾ ਕਰਨ ਦਾ ਕਾਰਨ ਇਹ ਹੁੰਦਾ ਹੈ ਕਿ ਉਸ ਇਨਸਾਨ ਨੇ ਬਹੁਤ ਸਾਰਾ ਸਮਾਂ ਕਠਿਨਾਈਆਂ ਦੇ ਵਿਚ ਗੁਜ਼ਾਰਿਆ ਹੁੰਦਾ ਹੈ । ਕਦੇ ਕੋਈ ਮੰਗ ਜੋ ਪਰਮਾਤਮਾ ਨੇ ਪੂਰੀ ਨਹੀਂ ਕੀਤੀ, ਜਾਂ ਬਹੁਤ ਹੀ ਕਰੀਬੀ ਦਾ ਚਲੇ ਜਾਣਾ, ਜਾਂ ਘਰ-ਬਾਰ ਤੇ ਨੌਕਰੀ ਦੇ ਵਿਚ ਆਉਣ ਵਾਲੀਆਂ ਤਕਲੀਫ਼ਾਂ, ਕੁਝ ਵੀ ਹੋਵੇ ਬਹੁਤਾਤ ਦੇ ਵਿਚ ਲੋਕ ਉਹ ਨਾਸਤਿਕਪੁਣੇ ਦੇ ਵੱਲ ਜਾਂਦੇ ਨੇ ਜੋ ਕਿਸੇ ਵਿਸ਼ੇਸ਼ ਕਾਰਣ ਕਰਕੇ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਨੇ ਤੇ ਦੁਨੀਆਂ ਦੇ ਇਸ ਝੰਜਟ ਦੇ ਵਿਚ ਇਸ ਤਰ੍ਹਾਂ ਫੱਸ ਜਾਂਦੇ ਨੇ ਕਿ ਨਿਕਲਣਾ ਨਾ-ਮੁਮਕਿਨ ਹੋ ਜਾਂਦਾ ਹੈ । ਉਨ੍ਹਾਂ ਦੀ ਬੇੜੀ ਖੜ੍ਹ ਜਾਂਦੀ ਹੈ ਜਿਥੇ ਕੋਈ ਵੀ ਰਸਤਾ ਦਿਖਾਉਣ ਵਾਲਾ ਵੀ ਨਜ਼ਰ ਨਹੀਂ ਆਉਂਦਾ । ਇਨ੍ਹਾਂ ਪ੍ਰਮੁੱਖ ਕਾਰਣਾਂ ਕਰਕੇ ਲੋਕ ਧਰਮ ਅਤੇ ਪਰਮਾਤਮਾ ਤੋਂ ਉੱਕੇ ਹੀ ਦੂਰ ਹੋ ਜਾਂਦੇ ਨੇ । ਉਨ੍ਹਾਂ ਦੀ ਨਰਾਜ਼ਗੀ ਪਰਮਾਤਮਾ ਦੀ ਹੋਂਦ ਨੂੰ ਨਾ ਲੈ ਕੇ ਪਰ ਇਸ ਗੱਲ ਤੇ ਹੁੰਦੀ ਹੈ ਕਿ ਉਨ੍ਹਾਂ ਦੀ ਜ਼ਿੰਦਗੀ ਦੇ ਵਿਚ ਪਰਮਾਤਮਾ ਨੇ ਕਾਲੇ ਦਿਨ ਕਿਉਂ ਦਿਖਾਏ, ਹੌਲੀ-ਹੌਲੀ ਉਹ ਫਿਰ ਪਰਮਾਤਮਾ ਦੀ ਹੋਂਦ ਤੋਂ ਮੁਨਕਰ ਹੋਣ ਵੱਲ ਰੁਖ ਕਰਦੇ ਹਨ ।
ਬਹੁਤ ਸਾਰੇ ਲੋਕਾਂ ਨੇ ਖੁੱਲ ਕੇ ਆਪਣੇ ਵਿਚਾਰ ਕੀਤੇ ਸੋਸ਼ਲ ਮੀਡਿਏ ਤੇ ਕਿ ਕਿਸ ਤਰ੍ਹਾਂ ਉਨ੍ਹਾਂ ਦੀ ਮਾਂ ਜਾਂ ਪਿਉ ਆਖਰੀ ਸਾਹ ਲੈ ਰਹੇ ਸੀ ਤੇ ਉਹ ਉਸ ਪਰਮਾਤਮਾ ਦੇ ਅੱਗੇ ਹੱਥ ਜੋੜ੍ਹ ਕੇ ਅਰਜੋਈ ਕਰ ਰਹੇ ਸੀ ਕਿ ਕਿਸੇ ਤਰੀਕੇ ਨਾਲ ਉਹ ਬਚ ਜਾਣ, ਜਾਂ ਕਈਆਂ ਨੇ ਆਪਣੇ ਪਿਉ ਦੇ ਬੁਰੇ ਕੰਮਾਂ ਨੂੰ ਸਾਹਮਣੇ ਰੱਖ ਕੇ ਕਿਹਾ ਕਿ ਜਦ ਉਹ ਉਨ੍ਹਾਂ ਦੀ ਮਾਂ ਨੂੰ ਮਾਰ ਰਿਹਾ ਹੁੰਦਾ ਹੈ ਜਾਂ ਉਸ ਨਾਲ ਬਦਸਲੂਕੀ ਕਰ ਰਿਹਾ ਹੁੰਦਾ ਹੈ ਓਦੋਂ ਕਿਥੇ ਲੁੱਕ ਜਾਂਦਾ ਹੈ ਇਹ ਪਰਮਾਤਮਾ । ਦੁਨੀਆਂ ਦੇ ਵਿਚ ਇੰਨੇ ਬੇ-ਗੁਨਾਹ ਲੋਕ ਮਰ ਗਏ ਹਨ ਜਾਂ ਮਾਰੇ ਜਾ ਰਹੇ ਹਨ, ਓਦੋਂ ਕਿਥੇ ਚਲਾ ਜਾਂਦਾ ਹੈ ਇਹ ਪਰਮਾਤਮਾ ।
ਪਰ ਇਨ੍ਹਾਂ ਸਾਰਿਆਂ ਦਾ ਪ੍ਰਭਾਵ ਜਾਂ ਫਿਰ ਤਰਕ ਸਿੱਖਾਂ ਲਈ ਕਾਫ਼ੀ ਨਹੀਂ ਸੀ । ਹਾਲਾਂਕਿ ਇਹ ਕੁਝ ਕੁ ਸਿੱਖਾਂ ਨੂੰ ਨਾਸਤਿਕ ਜ਼ਰੂਰ ਬਣਾ ਰਿਹਾ ਹੈ । ਪਰ ਸਿੱਖਾਂ ਨੂੰ ਨਾਸਤਿਕ ਬਣਾਉਣ ਲਈ ਜੋ ਵੱਡੇ ਪੱਧਰ ਤੇ ਕੰਮ ਚਲਾਇਆ ਜਾ ਰਿਹਾ ਹੈ ਉਹ ਹੈ ਗੁਰਬਾਣੀ ਦਾ ਹਵਾਲਾ ਦੇ ਕਰ ਉਲਟ ਰਸਤੇ ਤੇ ਤੋਰਨਾ । ਅਰਥਾਂ ਦੇ ਅਨਰਥ ਕਰਨਾ ਤੇ ਇਸਨੂੰ ਸਹੀ ਸਾਬਿਤ ਕਰਨਾ । ਸਿੱਖ ਵਿਰੋਧੀਆਂ ਨੂੰ ਪਤਾ ਹੈ ਕਿ ਸਿੱਖ ਕਿਸ ਤਰੀਕੇ ਨਾਲ ਕਾਬੂ ਕੀਤੇ ਜਾ ਸਕਦੇ ਹਨ । ਸਿੱਖਾਂ ਨੂੰ ਗੁਰਬਾਣੀ ਨਾਲੋਂ ਤੋੜਨ ਦੀਆਂ ਕੋਸ਼ਿਸ਼ਾਂ ਨਾ-ਕਾਮਯਾਬ ਸਾਬਿਤ ਹੋਈਆਂ ਨੇ । ਪਰ ਉਹ ਕੋਸ਼ਿਸ਼ਾਂ ਵੀ ਇਨ੍ਹਾਂ ਨੇ ਰੋਕੀਆਂ ਨਹੀਂ ਕਿਉਂਕਿ ਜੇ ਕੋਈ ਇਕ ਦੋ ਸਿੱਖ, ਜਿਨ੍ਹਾਂ ਨੂੰ ਗੁਰਬਾਣੀ ਦਾ ਜ਼ਿਆਦਾ ਪਤਾ ਨਹੀਂ, ਆ ਜਾਂਦੇ ਨੇ ਤਾਂ ਇਨ੍ਹਾਂ ਲਈ ਇਹ ਇਕ ਮੀਲ ਸਟੋਨ ਸਾਬਿਤ ਹੋਣ ਤੋਂ ਘੱਟ ਨਹੀਂ ਹੈ । ਸੋ ਇਨ੍ਹਾਂ ਨੂੰ ਰੋਕੇ ਬਿਨਾਂ ਇਕ ਨਾਲ ਦੀ ਨਾਲ ਹੋਰ ਕੰਮ ਸ਼ੁਰੂ ਕੀਤਾ ਗਿਆ । ਸਿੱਖਾਂ ਨੂੰ ਰੱਬ ਦੀ ਹੋਂਦ ਤੋਂ ਮੁਨਕਰ ਕਰਨ ਦਾ ।
ਸਭ ਤੋਂ ਬੁਰਾ ਪ੍ਰਭਾਵ ਜੋ ਗੁਰਬਾਣੀ ਦੇ ਗ਼ਲਤ ਅਰਥਾਂ ਦਾ ਪੈਂਦਾ ਹੈ ਉਸ ਨਾਲ ਇੱਕ ਸਿੱਖ ਦੇ ਮਨ ਦੇ ਵਿਚ ਇਹ ਵਿਚਾਰ ਸਥਾਈ ਤੌਰ ਤੇ ਇਕ ਸਥਾਨ ਬਣਾ ਲੈਂਦੇ ਨੇ ਜੋ ਉਸਨੂੰ ਸਿੱਖੀ ਤੋਂ ਦੂਰ ਲੈ ਕਰ ਜਾਂਦੇ ਨੇ । ਇਨ੍ਹਾਂ ਵਿਚਾਰਾਂ ਦੇ ਰਾਹੀਂ ਉਹ ਸਭ ਕੁਝ ਦੇਖਣ ਲੱਗ ਪੈਂਦਾ ਹੈ । ਉਸਨੂੰ ਉਸ ਸ਼ਬਦ ਦੇ ਪੂਰਨ ਤੌਰ ਤੇ ਤਾ ਅਰਥ ਨਹੀਂ ਮਲੂਮ ਹੁੰਦੇ, ਪਰ ਇੱਕਾ ਦੁੱਕਾ ਪੰਕਤੀਆਂ ਦੇ ਅਰਥ ਰਾਹੀਂ ਉਹ ਆਪਣੀ ਫ਼ਿਲਾਸਫ਼ੀ ਬਣਾਉਂਦਾ ਹੈ । ਉਹ ਇਕ ਅਜਿਹੀ ਖਾਈ ਦੇ ਵਿਚ ਡਿਗ ਚੁੱਕਾ ਹੁੰਦਾ ਹੈ ਕਿ ਉੱਥੇ ਬੈਠੇ ਉਸਨੂੰ ਸਿਰਫ਼ ਤੇ ਸਿਰਫ਼ ਹਨ੍ਹੇਰਾ ਹੀ ਚਾਨਣ ਦੀ ਤਰ੍ਹਾਂ ਲੱਗਦਾ ਹੈ । ਸਹੀ ਅਰਥਾਂ ਦੇ ਪੁੱਜਣ ਤੋਂ ਪਹਿਲਾਂ ਉਸਨੂੰ ਗ਼ਲਤ ਅਰਥਾਂ ਦੀ ਬਹੁਤਾਤ ਮਿਲਗੀ ਜਿਸ ਨੂੰ ਉਹ ਗਿਆਨ ਸਮਝਣ ਲੱਗ ਗਿਆ ।
ਇਹ ਇਕ ਬਹੁਤ ਹੀ ਖ਼ਤਰਨਾਕ ਤਰੀਕਾ ਹੈ ਕਿਸੇ ਨੂੰ ਸਿੱਖੀ ਤੋਂ ਤੋੜਨ ਦਾ । ਇਸ ਵਿਚ ਕਿਸੇ ਨੂੰ ਗੁਰਬਾਣੀ ਦੇ ਅਰਥਾਂ ਤੋਂ ਵਾਂਝੇ ਰੱਖ ਕੇ ਸਿਰਫ਼ ਦਲੀਲਾਂ ਨਾਲ ਹੀ ਪ੍ਰਭਾਵਿਤ ਕੀਤਾ ਜਾਂਦਾ ਹੈ । ਇਸ ਵਿਚ ਨਾ ਕੇਵਲ ਗੁਰਬਾਣੀ ਸਗੋਂ ਕਈ ਵਾਰੀ ਇਤਿਹਾਸ ਦੇ ਕਈ ਹਵਾਲੇ ਦੇ ਕਰ ਇਹ ਸਿੱਧ ਕੀਤਾ ਜਾਂਦਾ ਹੈ ਕਿ ਕਿਸ ਤਰ੍ਹਾਂ ਜੋ ਗੱਲ ਪ੍ਰਵੱਕਤਾ ਕਹਿ ਰਿਹਾ ਹੈ ਉਹ ਸਹੀ ਹੈ । ਉਹ ਸਿੱਖ ਸਿਰਫ਼ ਤੇ ਸਿਰਫ਼ ਉਸ ਪ੍ਰਵੱਕਤਾ ਨੂੰ ਹੀ ਸੁਨਣਾ ਪਸੰਦ ਕਰਦਾ ਹੈ । ਉਸਨੂੰ ਹੁਣ ਬਾਕੀ ਦੇ ਸਾਰੇ ਪ੍ਰਚਾਰਕ ਗ਼ਲਤ ਲੱਗਣ ਲੱਗ ਜਾਂਦੇ ਨੇ । ਉਹ ਨਾ ਕੇਵਲ ਉਨ੍ਹਾਂ ਪ੍ਰਚਾਰਕਾਂ ਨੂੰ ਮੰਦਾ ਬੋਲਦਾ ਹੈ ਬਲਕਿ ਉਸ ਬਾਰੇ ਜਿੰਨੀਆਂ ਭੀ ਉਲਟ ਗੱਲਾਂ ਇੰਟਰਨੈੱਟ ਤੇ ਨੇ ਉਹ ਵੀ ਬਹੁਤ ਖ਼ੂਬੀ ਨਾਲ ਸ਼ੇਅਰ ਕਰਦਾ ਹੈ ।
ਇਨ੍ਹਾਂ ਸਾਰਿਆਂ ਪ੍ਰਚਾਰਕਾਂ ਦਾ, ਜੋ ਸਿੱਖੀ ਤੋਂ ਉਲਟ ਪ੍ਰਚਾਰ ਕਰ ਰਹੇ ਨੇ, ਜਿਨ੍ਹਾਂ ਨੇ 'ਲੌਜਿਕ' ਨੂੰ ਹੀ ਧਰਮ ਦਾ ਇਕ ਲੈਨਜ਼ ਬਣਾ ਲਿਆ ਹੈ, ਇਕ ਖ਼ਾਸ ਗਰੁੱਪ ਨਾਲ ਸੰਬੰਧ ਨਹੀਂ ਹੁੰਦਾ । ਜਿਵੇਂ ਕਿ ਸਿਰਫ਼ ਮਿਸ਼ਨਰੀ ਨਹੀਂ ਜੋ ਪੈਸੇ ਜਾਂ ਕਿਸੇ ਹੋਰ ਕਾਰਨ ਕਰਕੇ ਸੰਗਤਾਂ ਨੂੰ ਗੁਮਰਾਹ ਕਰ ਰਹੇ ਨੇ । ਦੇਸ਼ਾਂ ਵਿਦੇਸ਼ਾਂ ਦੇ ਵਿਚ ਬੈਠ ਕੇ ਕਈ ਨਵੀਆਂ ਸੰਸਥਾਵਾਂ ਬਣ ਚੁੱਕੀਆਂ ਨੇ ਜੋ ਕਦੇ ਕਦਾਈਂ ਮਿਸ਼ਨਰੀਆਂ ਨੂੰ ਵੀ ਗਾਲ੍ਹਾਂ ਕੱਢ ਦਿੰਦੇ ਨੇ । ਤੇ ਕਈ ਸਿੱਖ ਜੋ ਮਿਸ਼ਨਰੀਆਂ ਦੇ ਨਾਂ ਤੋਂ ਹੀ ਨਫ਼ਰਤ ਕਰਦੇ ਨੇ ਉਹ ਇਨ੍ਹਾਂ ਸੰਸਥਾਵਾਂ ਨੂੰ ਪੂਜਣ ਲੱਗ ਜਾਂਦੇ ਨੇ । ਇਹ ਵੀ ਇਕ ਤਰ੍ਹਾਂ ਦਾ ਜਾਲ ਹੁੰਦਾ ਹੈ ਜੋ ਉਨ੍ਹਾਂ ਨੂੰ ਸਿੱਖੀ ਤੋਂ ਦੂਰ ਕਰ ਦਿੰਦਾ ਹੈ । ਇਸ ਗਰੁੱਪ ਜਾਂ ਸੰਸਥਾ ਦਾ ਕੋਈ ਇਕ ਨਾਂ ਨਾ ਹੋਣ ਕਰਕੇ ਇਸ ਸੰਸਥਾ ਦੇ ਲੋਕਾਂ ਨੂੰ ਮਨਮੱਤੀਏ ਕਿਹਾ ਜਾਂਦਾ ਹੈ, ਜਿਸਦੀ ਗੁਰਬਾਣੀ ਕਾਫ਼ੀ ਜਗ੍ਹਾ ਤੇ ਗੱਲ ਕਰਦੀ ਹੈ ।
੧.     ਅੰਧੁਲੈ ਨਾਮੁ ਵਿਸਾਰਿਆ ਮਨਮੁਖਿ ਅੰਧ ਗੁਬਾਰੁ ॥ – ਅੰਗ ੧੯
੨.     ਗੁਰਮੁਖਿ ਚਾਨਣੁ ਜਾਣੀਐ ਮਨਮੁਖਿ ਮੁਗਧੁ ਗੁਬਾਰੁ ॥ – ਅੰਗ ੨੦
੩.     ਚਾਰੇ ਕੁੰਡਾ ਭਵਿ ਥਕੇ ਮਨਮੁਖ ਬੂਝ ਨ ਪਾਇ ॥ – ਅੰਗ ੩੭
ਮਨਮੁਖ ਦੇ ਜੇ ਸਰਲ ਅਰਥ ਕਰਨੇ ਹੋਣ ਤਾਂ ਇੰਝ ਕਹਿ ਸਕਦੇ ਹਾਂ ਉਹ ਲੋਕ ਜੋ ਗੁਰੂ ਤੋਂ ਦੂਰ ਨੇ, ਜੋ ਗੁਰੂ ਦੀ ਗੱਲ ਨਹੀਂ ਮੰਨਦੇ ।
ਅੱਜ ਦੇ ਯੁੱਗ ਦੇ ਵਿਚ ਮਨਮੁਖਾਂ ਨਾਲ ਹੀ ਸੰਸਾਰ ਭਰਿਆ ਪਿਆ ਹੈ । ਵਿਰਲੇ ਹੀ ਹਨ ਜੋ ਗੁਰਮੁੱਖ ਹਨ । ਬਿਨਾਂ ਗੁਰਬਾਣੀ ਦੀ ਵਿਚਾਰ ਕੀਤੇ, ਇਤਿਹਾਸ ਪੜ੍ਹੇ, ਗੁਰਬਾਣੀ ਨਾਲ ਪਿਆਰ ਤੋਂ ਬਿਨਾਂ, ਗੁਰੂ ਦੀ ਸਿੱਖਿਆਵਾਂ ਤੇ ਚੱਲੇ ਬਿਨਾਂ ਕਿਵੇਂ ਕੋਈ ਗੁਰਮੁਖ ਹੋ ਸਕਦਾ ਹੈ ? ਇਥੇ ਤਾਂ ਬਸ ਵੇਖਾ-ਵੇਖੀ ਦੇ ਵਿਚ ਹੀ ਕਈ ਸਾਲ ਨਿੱਕਲ ਜਾਂਦੇ ਨੇ । ਤੇ ਸਭ ਤੋਂ ਵੱਡੀ ਚੀਜ਼ ਜੋ ਮੈਨੂੰ ਚੁੱਭਦੀ ਹੈ ਉਹ ਇਹ ਕਿ ਲੋਕਾਂ ਨੇ ਗੁਰਬਾਣੀ ਤੇ ਹੀ ਖੋਜ ਕਰਨੀ ਸ਼ੁਰੂ ਕਰਤੀ । ਗੁਰਬਾਣੀ ਨੂੰ ਪੜ੍ਹਨਾ ਘੱਟ ਕਰਤਾ । ਗੁਰਬਾਣੀ ਦੀਆਂ ਸਿੱਖਿਆਵਾਂ ਤੇ ਚੱਲਣਾ ਤੇ ਬਹੁਤ ਦੂਰ, ਕਈ ਤਾਂ ਗੁਰਬਾਣੀ ਨੂੰ ਬਸ ਸਮਾਜ ਦੇ ਵਿਚ ਕਿਸ ਤਰੀਕੇ ਨਾਲ ਵਿਚਰਨਾ ਹੈ ਇਥੋਂ ਤੱਕ ਹੀ ਸੀਮਤ ਕਰਕੇ ਬੈਠ ਗਏ ਨੇ । ਇਹ ਥੋੜ੍ਹੀ ਜੀ ਖੋਲ ਕੇ ਦੇਖਣ ਵਾਲੀ ਗੱਲ ਹੈ ।
ਹਰ ਇਕ ਧਰਮ ਸੰਸਾਰ ਦੇ ਵਿਚ ਵਿਚਰਨ ਦੀ ਜੀਵਣ ਜਾਂਚ ਦੀ ਗੱਲ ਰੂਰ ਕਰਦਾ ਹੈ । ਇਸ ਤੋਂ ਹੀ ਕਈ ਮਰਯਾਦਾਵਾਂ ਨਿੱਕਲ ਕੇ ਸਾਹਮਣੇ ਆਉਂਦੀਆਂ ਹਨ । ਪਰ ਨਿਰ੍ਹਾਂ ਇਸ ਗੱਲ ਵੱਲ ਹੀ ਧਿਆਨ ਦੇਣਾ ਨਾਸਤਿਕਪੁਣੇ ਦੀ ਨਿਸ਼ਾਨੀ ਹੈ । ਜੇਕਰ ਪਰਮਾਤਮਾ ਹੀ ਵਿਸਰ ਗਿਆ ਤਾਂ ਇਹ ਜੀਵਣ ਜਾਂਚ ਕਿਸ ਕੰਮ ਦੀ ? ਚੰਗਾ ਇਨਸਾਨ ਬਨਣਾ ਕੋਈ ਗ਼ਲਤ ਗੱਲ ਨਹੀਂ । ਇਸ ਸੰਸਾਰ ਦੇ ਵਿਚ ਚੰਗੇ ਲੋਕਾਂ ਦੀ ਬਹੁਤ ਲੋੜ ਹੈ ਜੋ ਦੂਜਿਆਂ ਦੇ ਦੁਖ ਦਰਦ ਨੂੰ ਵੀ ਸਮਝਦੇ ਹੋਣ । ਪਰ ਇਸਨੂੰ ਹੀ ਧਰਮ ਮੰਨ ਲੈਣਾ ਬੇਵਕੂਫ਼ੀ ਹੈ । ਉਹ ਪਰਮਾਤਮਾ ਦਾ ਨਾਂ ਜਪਣਾ ਤੇ ਉਸ ਨਾਲ ਇਕ ਮਿਕ ਹੋਣਾ ਜ਼ਿੰਦਗੀ ਦਾ ਮਨੋਰਥ ਹੈ । ਆਪਣੇ ਕਈ ਪ੍ਰਚਾਰਕ ਬਸ ਇਸ ਗੱਲ ਤੱਕ ਹੀ ਸੀਮਤ ਰਹਿੰਦੇ ਨੇ ਕਿ ਇਕ ਚੰਗਾ ਇਨਸਾਨ ਬਣੋ ।
ਮੈਂ ਇਹ ਵੀ ਦੇਖਿਆ ਹੈ ਕਿ ਈਸਾਈ ਧਰਮ ਦੇ ਲੋਕਾਂ ਵਾਲੇ ਗੁਣ ਸਿੱਖਾਂ ਦੇ ਵਿਚ ਆ ਰਹੇ ਨੇ । ਉਨ੍ਹਾਂ ਦੇ ਕਈ ਲੋਕ ਜੋ ਪਹਿਲਾਂ ਧਰਮ ਦੇ ਵਿਚ ਵਿਸ਼ਵਾਸ ਕਰਦੇ ਸੀ ਹੁਣ ਇਹ ਕਹਿਣ ਲੱਗ ਗਏ ਨੇ ਕਿ ਬਾਈਬਲ ਇਕ ਚੰਗੀ ਜੀਵਣ ਜਾਂਚ ਦੀ ਗੱਲ ਜ਼ਰੂਰ ਕਰਦੀ ਹੈ ਪਰ ਹਰ ਇਕ ਪਹਿਲੂ ਇਸ ਵਿਚ ਲਿਖਿਆ ਸਹੀ ਨਹੀਂ ਹੋ ਸਕਦਾ । ਤੇ ਉਹ ਉਸਨੂੰ ਇਕ ਅਲੱਗ ਨਜ਼ਰੀਏ ਨਾਲ ਦੇਖਣ ਲੱਗ ਜਾਂਦੇ ਨੇ । ਉਨ੍ਹਾਂ ਦੀ ਵਿਆਖਿਆ ਈਸਾਈ ਧਰਮ ਦੇ ਅਸੂਲਾਂ ਦੇ ਬਿਲਕੁਲ ਉਲਟ ਹੁੰਦੀ ਹੈ । ਇਹੀ ਪ੍ਰੰਪਰਾ ਸਿੱਖਾਂ ਦੇ ਵਿਚ ਸਥਾਈ ਤੌਰ ਤੇ ਆਪਣਾ ਘਰ ਬਣਾ ਰਹੀ ਹੈ । ਇਹੀ ਰਸਤੇ ਤੇ ਚੱਲ ਕੇ ਸਿੱਖ ਗੁਰਬਾਣੀ ਤੇ ਗੁਰ-ਇਤਿਹਾਸ ਤੇ ਕਿੰਤੂ ਪ੍ਰੰਤੂ ਕਰਨ ਲੱਗ ਜਾਂਦੇ ਨੇ ।
ਇਸ ਸੰਸਾਰ ਨੂੰ ਭਵਸਾਗਰ ਐਸੇ ਕਰਕੇ ਕਹਿੰਦੇ ਹਨ ਕਿਉਂਕਿ ਪਰਮਾਤਮਾ ਨੂੰ ਮਿਲਣ ਲਈ ਇਹ ਕੋਈ ਸਿੱਧਾ ਰਸਤਾ ਨਹੀਂ ਹੈ । ਇਸ ਸੰਸਾਰ ਦੇ ਵਿਚ ਬਹੁਤ ਸਾਰੇ ਲੋਕ ਵਿਚਰ ਰਹੇ ਨੇ । ਕਈ ਧਰਮਾਂ ਦੇ, ਕਈ ਸਭਿਆਚਾਰਾਂ ਦੇ, ਜੋ ਸਮੇਂ ਸਮੇਂ ਅਨੁਸਾਰ ਸਾਹਮਣੇ ਆ ਕਰ ਸਿੱਖਾਂ ਨੂੰ ਗ਼ਲਤ ਮਾਰਗ ਤੇ ਤੋਰਨ ਦੇ ਲਈ ਤਿਆਰ ਬਰ ਤਿਆਰ ਰਹਿੰਦੇ ਨੇ । ਰਹਿਤਨਾਮਿਆਂ ਦੇ ਵਿਚ ਸ਼ਾਇਦ ਇਸ ਕਰਕੇ ਹੀ ਕਿਹਾ ਗਿਆ ਹੈ ਕਿ ਗੁਰਬਾਣੀ ਇਕ ਗੁਰਸਿੱਖ ਤੋਂ ਪੜ੍ਹੀ ਜਾਵੇ । ਆਪਣੇ ਧਰਮ ਦੇ ਵਿਚ ਤਾਂ ਬਹੁਤਿਆਂ ਨੇ ਕਦੇ ਕੋਈ ਸੰਥਿਆ ਵੀ ਨਹੀਂ ਲਿੱਤੀ ਹੁੰਦੀ, ਅਰਥ ਤਾਂ ਬਹੁਤ ਦੂਰ ਦੀ ਗੱਲ ਹੈ । ਇਨ੍ਹਾਂ ਰਹਿਤਨਾਮਿਆਂ ਨੂੰ ਜੇਕਰ ਗਹੁ ਨਾਲ ਦੇਖਿਆ ਜਾਵੇ ਤਾਂ ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਗੁਰੂ ਸਾਹਿਬਾਨਾਂ ਨੂੰ ਪਤਾ ਸੀ ਕਿ ਆਉਣ ਵਾਲਾ ਸਮਾਂ ਕਿਵੇਂ ਦਾ ਹੋਵੇਗਾ, ਇਸੇ ਕਰਕੇ ਆਪਾਂ ਨੂੰ ਪਹਿਲਾਂ ਹੀ ਦੱਸ ਦਿੱਤਾ ਕਿ ਗੁਰਬਾਣੀ ਹਮੇਸ਼ਾਂ ਇਕ ਗੁਰਸਿੱਖ ਤੋਂ ਪੜ੍ਹੋ ।
ਮੈਂ ਇਹ ਸੋਚਦਾ ਹੁੰਨਾ ਕਿ ਨਾਸਤਿਕਪੁਣਾ ਸਿੱਖਾਂ ਦੇ ਵਿਚ ਲਿਆ ਕੇ ਸਿੱਖ-ਵਿਰੋਧੀ ਲੋਕਾਂ ਨੂੰ ਕੀ ਹਾਸਿਲ ਹੋਵੇਗਾ । ਜੋ ਕਾਰਣ ਇਸਦਾ ਮੈਨੂੰ ਭਾਸਦਾ ਹੈ ਉਹ ਇਹ ਹੈ ਕਿ ਜੋ ਵੀ ਸ਼ਕਤੀ ਕਿਸੇ ਸਾਸ਼ਕ ਨਾਲ ਲੜ੍ਹਨ ਦੀ ਚਾਹੀਦੀ ਹੁੰਦੀ ਹੈ, ਉਹ ਧਰਮ ਦੇ ਵਿਚੋਂ ਉਪਜਦੀ ਹੈ । ਹਾਲਾਂਕਿ ਇਸਦੇ ਹੋਰ ਕਈ ਕਾਰਣ ਵੀ ਹੋ ਸਕਦੇ ਨੇ । ਪਰ ਜੇਕਰ ਆਪਾਂ ਸਿਖ ਇਤਿਹਾਸ ਦੀ ਗੱਲ ਕਰੀਏ ਤਾਂ ਕੋਈ ਵਿਰਲਾ ਹੀ ਨਾਂ ਹੋਵੇਗਾ ਜਿਸਨੇ ਗੁਰੂ ਦੀ ਬਾਣੀ ਨਾਲ ਪਿਆਰ ਕੀਤੇ ਬਿਨਾਂ ਸ਼ਹੀਦੀ ਦਿੱਤੀ ਹੋਵੇਗੀ ਪੰਥ ਲਈ । ਧਰਮ ਸ਼ਕਤੀ ਦਾ ਉਹ ਸੋਮਾ ਹੈ ਜਿਸ ਵਿਚ ਬਹੁਤਾਤ ਦੇ ਵਿਚ ਸਭ ਤਰ੍ਹਾਂ ਦੇ ਭੰਡਾਰ ਹਨ । ਗੁਰੂ ਦਾ ਥਾਪੜਾ ਲੈ ਕਰ, ਗੁਰੂ ਤੇ ਭਰੋਸਾ ਰੱਖ ਕਰ, ਸਿੱਖ ਤੁਫਾਨਾਂ ਦੇ ਅੱਗੇ ਖੜ੍ਹੇ ਹੋ ਜਾਂਦੇ ਨੇ । ਜਦੋਂ ਇਹ ਸੋਮਾ ਹਟਾ ਦਿੱਤਾ ਜਾਂਦਾ ਹੈ ਤਾਂ ਉਹ ਸਥਿਰ ਨਹੀਂ ਰਹਿੰਦੇ । ਪੰਥ ਦੀ ਗੱਲ ਉਨ੍ਹਾਂ ਦੇ ਮਨਾਂ ਦੇ ਵਿਚੋਂ ਵਿਸਰ ਜਾਂਦੀ ਹੈ ਤੇ ਹਉਮੈ ਪ੍ਰਧਾਨ ਹੋ ਜਾਂਦੀ ਹੈ । ਫਿਰ ਪੈਸੇ ਦੇ ਲਾਲਚ ਕਾਰਣ ਜਾਂ ਵੱਡੇ ਅਹੁਦੇ ਦੇ ਕਾਰਣ ਉਹ ਡਾਵਾਂਡੋਲ ਹੋ ਜਾਂਦਾ ਹੈ ।
ਦੁਨੀਆਂ ਦੇ ਵਿਚ ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ ਦੀਆਂ ਕਹਾਣੀਆਂ ਮੌਜੂਦ ਹਨ ਜਿਸ ਵਿਚ ਇਹ ਕਿਹਾ ਜਾਂਦਾ ਹੈ ਕਿ ਕੁਝ ਕੁ ਲੋਕਾਂ ਦਾ ਇਹ ਕੰਮ ਰਿਹਾ ਹੈ ਕਿ ਉਹ ਲੋਕਾਂ ਨੂੰ ਧਰਮ ਤੋਂ ਦੂਰ ਕਰਣ । ਪਰਮਾਤਮਾ ਦੀ ਹੋਂਦ ਤੋਂ ਮੁਨਕਰ ਹੋ ਜਾਣ । ਇਸ ਤਰ੍ਹਾਂ ਦੇ ਰਸਤੇ ਤੇ ਚੱਲ ਕੇ ਉਸਨੂੰ ਸਹੀ ਗ਼ਲਤ ਦਾ ਅੰਦਾਜ਼ਾ ਹੀ ਨਹੀਂ ਰਹਿੰਦਾ । ਉਹ ਬਸ ਆਪਣੇ ਲਈ ਜਿਉਂਦਾ ਹੈ ਤੇ ਆਪਣੇ ਲਈ ਮਰਦਾ ਹੈ । ਉਸਨੂੰ ਦੁਨੀਆਂ ਦੀ ਕੋਈ ਵੀ ਪਰਵਾਹ ਨਹੀਂ ਹੁੰਦੀ । ਕੁਝ ਕੁ ਹੱਦ ਤੱਕ ਦੇਸ਼-ਭਗਤੀ ਤੇ ਰਾਸ਼ਟਰਵਾਦ ਵੀ ਧਰਮ ਤੋਂ ਦੂਰ ਹੋਣ ਦਾ ਕਾਰਣ ਬਣਦਾ ਹੈ ।
ਕਈ ਲੋਕ ਇਸ ਲਈ ਪਰਮਾਤਮਾ ਦੀ ਹੋਂਦ ਤੋਂ ਮੁਨਕਰ ਹੁੰਦੇ ਨੇ ਕਿਉਂਕਿ ਕਰਾਮਾਤਾਂ ਨੂੰ ਸਮਝਣਾ ਉਨ੍ਹਾਂ ਲਈ ਮੁਸ਼ਕਲ ਹੋ ਜਾਂਦਾ ਹੈ । ਅੱਜ ਦੇ ਸਮੇਂ ਦੇ ਵਿਚ ਕਈ ਪ੍ਰਚਾਰਕ ਇਹ ਜ਼ਿਆਦਾ ਜ਼ੋਰ ਨਾਲ ਕਹਿ ਰਹੇ ਨੇ ਕਿ ਕਰਾਮਾਤਾਂ ਤਾਂ ਹੁੰਦੀਆਂ ਹੀ ਨਹੀਂ । ਇਸ ਰਸਤੇ ਤੇ ਚੱਲ ਕੇ ਉਹ ਇਕ ਮਨੁੱਖ ਦੀ ਬੁੱਧੀ ਤੇ ਜ਼ੋਰ ਦੇ ਕੇ ਸਭ ਕੁਝ ਨਿਕਾਰ ਦਿੰਦੇ ਨੇ । ਮਨੁੱਖੀ ਬੁੱਧੀ ਉਨ੍ਹਾਂ ਹੀ ਸਮਝ ਸਕਦੀ ਹੈ ਜਿਸਦੀ ਇਸਦੀ ਸ਼ਕਤੀ ਹੈ । ਜਦੋਂ ਅਭਿਆਸ ਰਾਹੀ ਸਭ ਕੁਝ ਦਿੱਖਣ ਲੱਗ ਜਾਂਦਾ ਹੈ ਤਾਂ ਕਰਾਮਾਤਾਂ ਨੂੰ ਸਮਝਣਾ ਕੋਈ ਔਖਾ ਨਹੀਂ ਹੁੰਦਾ । ਜੇਕਰ ਬਿਨਾਂ ਅੱਖਾਂ ਖੋਲ੍ਹੇ ਹੀ ਉਸਦੀ ਸ਼ਕਤੀ ਨੂੰ ਸਮਝਣਾ ਹੈ ਤਾਂ ਇਹ ਪਾਣੀ ਦੇ ਵਿਚ ਮਧਾਣੀ ਪਾਉਣ ਤੋਂ ਇਲਾਵਾ ਕੁਝ ਵੀ ਨਹੀਂ । ਇਹ ਕਰਾਮਾਤਾਂ ਨੂੰ ਨਿਕਾਰਨਾ ਹੀ ਪਰਮਾਤਮਾ ਦੀ ਹੋਂਦ ਤੋਂ ਮੁਨਕਰ ਹੋਣ ਦਾ ਇਕ ਕਾਰਣ ਬਣਦਾ ਹੈ ।
ਸ਼ੁਰੂਆਤ ਦੇ ਵਿਚ ਇਹ ਸਭ ਕੁਝ ਸੱਚ ਜਾਪਦਾ ਹੈ । ਇਨਸਾਨ ਨੂੰ ਲੱਗਦਾ ਹੈ ਕਿ ਇਹ ਤਾਂ ਲੋਕਾਂ ਨੇ ਬਿਨਾਂ ਸੋਚੇ ਸਮਝੇ ਹੀ ਕਰਾਮਾਤਾਂ ਦੀਆਂ ਕਹਾਣੀਆਂ ਬਣਾ ਛੱਡੀਆਂ ਨੇ । ਉਹ ਸੱਚਾਈ ਨੂੰ ਜਾਨਣ ਦੇ ਲਈ ਆਪਣੇ ਦਿਮਾਗ਼ ਤੇ ਜ਼ਿਆਦਾ ਜ਼ੋਰ ਦਿੰਦਾ ਹੈ । ਕਈ ਸਿੱਖ ਤਾਂ ਇਹ ਵੀ ਕਹਿ ਰਹੇ ਨੇ ਕਿ ਇਹ ਸਾਰੀਆਂ ਕਹਾਣੀਆਂ ਬਾਹਮਣਾਂ ਨੇ ਲਿਖ ਛੱਡੀਆਂ ਨੇ । ਜਦੋਂ ਵੀ ਕੋਈ ਧਾਰਮਿਕ ਗ੍ਰੰਥ ਦੀ ਗੱਲ ਹੁੰਦੀ ਹੈ ਜਾਂ ਇਤਿਹਾਸਿਕ ਸਰੋਤ ਦੀ ਤਾਂ ਕੁਝ ਕੁ ਅਖੌਤੀ ਸਿੱਖਾਂ ਨੂੰ ਬਾਹਮਣ ਦਿਖਣ ਲੱਗ ਜਾਂਦੇ ਨੇ । ਇਸ ਵਿਚ ਕੋਈ ਵੀ ਸ਼ੱਕ ਨਹੀਂ ਕਿ ਬਾਹਮਣਾਂ ਦਾ ਵੀ ਬਹੁਤ ਵੱਡਾ ਰੋਲ ਰਿਹਾ ਹੈ ਸਿੱਖੀ ਨੂੰ ਆਪਣੇ ਵਿਚ ਰਲਾਉਣ ਦਾ । ਇਨ੍ਹਾਂ ਦੀ ਸਾਲਾਂ ਬੱਧੀ ਕੋਸ਼ਿਸ਼ ਵੀ ਕਿਸੇ ਸਿੱਟੇ ਤੇ ਨਹੀਂ ਪਹੁੰਚੀ । ਪਰ ਹਰ ਗੱਲ ਦੇ ਵਿਚ ਬਾਹਮਣਾਂ ਨੂੰ ਘਸੀਟਣਾ ਸਿੱਖੀ ਤੇ ਆਪ ਹਮਲਾ ਕਰਨ ਦੇ ਬਰਾਬਰ ਹੈ ।
ਜਦੋਂ ਇਕ ਸਿੱਖ ਕਰਾਮਾਤਾਂ ਤੋਂ ਇਨਕਾਰੀ ਹੋ ਜਾਂਦਾ ਹੈ ਤਾਂ ਉਹ ਭੇਡ-ਪੁਣੇ ਦੇ ਵਿਚ ਚਲਾ ਜਾਂਦਾ ਹੈ । ਉਸਨੂੰ ਇਹ ਪਤਾ ਵੀ ਨਹੀਂ ਲੱਗਦਾ ਕਿ ਉਹ ਸਿੱਖੀ ਤੋਂ ਦੂਰ ਹੋ ਰਿਹਾ ਹੈ । ਇਸ ਭੇਡ-ਪੁਣੇ ਦਾ ਸ਼ਿਕਾਰ ਹੋਣ ਤੋਂ ਬਾਅਦ ਉਹ ਗੁਰਬਾਣੀ ਤੋਂ ਵੀ ਦੂਰ ਹੋ ਜਾਂਦਾ ਹੈ । ਬਹੁਤ ਪ੍ਰਚਾਰਕ ਜੋ ਕਰਾਮਾਤਾਂ ਤੋਂ ਦੂਰ ਭੱਜਦੇ ਨੇ ਇਹ ਕਹਿੰਦੇ ਸੁਣੇ ਜਾਂਦੇ ਨੇ ਕਿ ਗੁਰਬਾਣੀ ਆਪ ਪੜ੍ਹੋ । ਮੈਨੂੰ ਆਏ ਜਾਪਦਾ ਹੈ ਕਿ ਇਹ ਗੁਰਬਾਣੀ ਆਪ ਪੜ੍ਹਨ ਦਾ ਪ੍ਰਚਾਰ ਤਾਂ ਜ਼ਰੂਰ ਕਰਦੇ ਨੇ ਪਰ ਇਨ੍ਹਾਂ ਦਾ ਕੋਈ ਅਸਰ ਨਹੀਂ ਹੁੰਦਾ ਸੁਨਣ ਵਾਲੇ ਤੇ ਕਿਉਂਕਿ ਜੇਕਰ ਭੇਡ-ਪੁਣੇ ਦਾ ਸ਼ਿਕਾਰ ਹੋਏ ਲੋਕ ਗੁਰਬਾਣੀ ਪੜ੍ਹਦੇ ਤਾਂ ਇਹ ਇਸ ਭੇਡ-ਪੁਣੇ ਵਿਚੋਂ ਜ਼ਰੂਰ ਨਿਕਲ ਆਉਂਦੇ । ਦੂਜੇ ਪਾਸੇ ਜਦੋਂ ਕੋਈ ਗੁਰਬਾਣੀ ਦੇ ਅਰਥ ਕਰਨ ਵਾਲਾ ਇਹ ਪ੍ਰਚਾਰ ਕਰਦਾ ਹੈ ਕਿ ਗੁਰਬਾਣੀ ਪੜ੍ਹੋ, ਉਸਦਾ ਅਸਰ ਹੀ ਕੁਝ ਹੋਰ ਹੁੰਦਾ ਹੈ । ਅੱਜ ਦੇ ਸਮੇਂ ਦੇ ਵਿਚ ਧੁੰਦਾ, ਢੱਡਰੀ, ਪੰਥਪ੍ਰੀਤ, ਬਲਜੀਤ ਦਿੱਲੀ ਤੇ ਹੋਰ ਵੀ ਇਨ੍ਹਾਂ ਦੀ ਜੁੰਡਲੀ ਦੇ ਜੋ ਲੋਕ ਨੇ ਇਹ ਕਿੰਨੀ ਕੁ ਵਾਰੀ ਗੁਰਬਾਣੀ ਦੇ ਅਰਥ ਕਰ ਚੁੱਕੇ ਨੇ ? ਹਾਂ ਇਹ ਜ਼ਰੂਰ ਹੈ ਕਿ ਇਹ ਆਪਣੀ ਗੱਲ ਸਿੱਧ ਕਰਨ ਦੇ ਲਈ ਗੁਰਬਾਣੀ ਦੀਆਂ ਤੁਕਾਂ ਦਿੰਦੇ ਨੇ, ਪਰ ਕਿੰਨੀਆਂ ਬਾਣੀਆਂ ਦੇ ਅਰਥ ਕਰ ਦਿੱਤੇ ਗਏ ਨੇ ਇਨ੍ਹਾਂ ਵੱਲੋਂ ?
ਜੋ ਮਾਰਗ ਗੁਰਬਾਣੀ ਦੇ ਅਰਥ ਕਰਕੇ ਜਾਂ ਪੜ੍ਹ ਕੇ ਪ੍ਰਾਪਤ ਹੁੰਦਾ ਹੈ ਉਹ ਇਨ੍ਹਾਂ ਦੀਆਂ ਗੱਲਾਂ ਸੁਣ ਕੇ ਨਹੀਂ ਹੁੰਦਾ । ਇਨ੍ਹਾਂ ਦਾ ਪ੍ਰਚਾਰ ਇਕ ਸਿੱਖ ਨੂੰ ਸਿੱਖੀ ਦੇ ਮਾਰਗ ਤੋਂ ਭਟਕਾਉਣ ਤੋਂ ਇਲਾਵਾ ਕੁਝ ਨਹੀਂ ਹੁੰਦਾ । ਸੂਝਵਾਨ ਲੋਕਾਂ ਨੇ ਇਹ ਖ਼ਦਸ਼ਾ ਪ੍ਰਗਟ ਕੀਤਾ ਹੈ ਜਿਸ ਨਾਲ ਮੈਂ ਪੂਰਾ ਸਹਿਮਤ ਹਾਂ, ਉਹ ਇਹ ਕਿ ਇਨ੍ਹਾਂ ਲੋਕਾਂ ਦੇ ਪ੍ਰਚਾਰ ਕਾਰਨ ਨੌਜਵਾਨ ਸਿੱਖੀ ਦੇ ਮਾਰਗ ਨੂੰ ਛੱਡ ਕੇ ਨਾਸਤਿਕਪੁਣੇ ਵੱਲ ਜਾ ਰਹੇ ਨੇ । ਜੋ ਵੀ ਗੁਰਬਾਣੀ ਅਤੇ ਇਤਿਹਾਸ ਨੂੰ ਪੜ੍ਹਦਾ ਹੈ, ਉਹ ਹਮੇਸ਼ਾ ਲਈ ਇਨ੍ਹਾਂ ਲੋਕਾਂ ਨੂੰ ਛੱਡ ਕੇ ਗੁਰੂ ਵਾਲਾ ਬਣ ਜਾਂਦਾ ਹੈ । ਉਸ ਲਈ ਕਰਾਮਾਤ ਕੋਈ ਵੱਡੀ ਗੱਲ ਨਹੀਂ ਹੁੰਦੀ । ਜਿਸ ਦਾ ਗੁਰੂ ਹੀ ਏਨਾਂ ਵੱਡਾ ਹੋਵੇ, ਉਹ ਕਿਵੇਂ ਕਰਾਮਾਤ ਤੋਂ ਇਨਕਾਰੀ ਹੋ ਸਕਦਾ ਹੈ ।
ਕਈ ਵਾਰੀ ਆਪਾਂ ਨੂੰ ਇੰਝ ਲੱਗਦਾ ਹੈ ਕਿ ਅਸੀਂ ਤਾਂ ਪਰਮਾਤਮਾ ਦੀ ਹੋਂਦ ਤੋਂ ਮੁਨਕਰ ਨਹੀਂ ਹਾਂ, ਪਰ ਆਪਾਂ ਨੂੰ ਇਹ ਭੁੱਲ ਜਾਂਦਾ ਹੈ ਕਿ ਜੇਕਰ ਆਪਾਂ ਪਰਮਾਤਮਾ ਦੀ ਹੋਂਦ ਨੂੰ ਮੰਨਦੇ ਹਾਂ, ਤਾਂ ਕਿੰਨੀ ਵਾਰੀ ਵਾਹਿਗੁਰੂ ਵਾਹਿਗੁਰੂ ਕਹਿੰਦੇ ਹਾਂ ਦਿਨ ਦੇ ਵਿਚ ? ਆਪਣੇ 'ਚੋਂ ਬਹੁਤ ਸਾਰੇ ਲੋਕ ਕੰਮਾਂ ਕਾਰਾਂ ਵੇਲੇ ਹੋਣਗੇ । ਕਈ ਵਾਰੀ ਇਹ ਕੰਮ ਕਾਰ ਵੀ ਆਪਾਂ ਨੂੰ ਸਿੱਖੀ ਦੇ ਮਾਰਗ ਤੋਂ ਦੂਰ ਕਰਨ ਲਈ ਸਹਾਈ ਹੁੰਦੇ ਨੇ । ਗੁਰੂ ਨਾਨਕ ਦੇਵ ਜੀ ਨੇ ਤਿੰਨ ਅਸੂਲਾਂ ਤੇ ਬਹੁਤ ਜ਼ੋਰ ਦਿੱਤਾ ਸੀ ਜੋ ਆਮ ਪ੍ਰਸਿੱਧ ਹੈ: ਨਾਮ ਜਪਣਾ, ਕ੍ਰਿਤ ਕਰਨੀ, ਤੇ ਵੰਡ ਕੇ ਛਕਣਾ । ਕ੍ਰਿਤ ਕਰਨ ਦੇ ਵਿਚ ਆਪਾਂ ਸਭ ਤੋਂ ਮੋਹਰੀ ਹਾਂ, ਤੇ ਕਦੇ ਕਦਾਈ ਗ਼ਰੀਬਾਂ ਤੇ ਲੋੜਵੰਦਾਂ ਦੀ ਸਹਾਇਤਾ ਵੀ ਕਰ ਦਿੰਦੇ ਹਾਂ, ਪਰ ਨਾਮ ਜਪਨ ਦੇ ਵਿਚ ਕਿੰਨੇ ਕੁ ਮਗਨ ਹਾਂ ? ਹੁਣ ਤਾਂ ਪ੍ਰਚਾਰ ਇਸ ਤਰ੍ਹਾਂ ਦਾ ਹੋ ਗਿਆ ਹੈ ਕਿ ਨਾਮ ਸਿਮਰਨ ਨੂੰ ਹੀ ਤੋਤਾ ਰਟਣ ਕਹਿ ਦਿੱਤਾ ਜਾਂਦਾ ਹੈ । ਜੋ ਵੀ ਚੀਜ਼ ਪਰਮਾਤਮਾ ਦੇ ਨੇੜੇ ਲਿਆਉਣ ਲਈ ਲਾਜ਼ਮੀ ਹੈ, ਉਹ ਤੇ ਜ਼ੋਰ ਦੇ ਕਰ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ ।
ਕਈ ਸਿੱਖ ਲਾਲਚ ਦੇ ਵੱਸ ਹੋ ਕਰ ਨਾਸਤਿਕਪੁਣੇ ਦਾ ਪ੍ਰਚਾਰ ਕਰਨ ਲੱਗ ਜਾਂਦੇ ਨੇ । ਪੈਸਾ ਤੇ ਤਾਕਤ ਬਹੁਤ ਹੀ ਖ਼ਤਰਨਾਕ ਚੀਜ਼ਾਂ ਨੇ । ਵੱਡੇ ਵੱਡੇ ਲੋਕ ਇਸ ਕਰਕੇ ਆਪਣਾ ਸਭ ਕੁਝ ਛੱਡ ਦਿੰਦੇ ਨੇ । ਇਹ ਸਮਾਂ ੨੧ਵੀਂ ਸਦੀ ਦਾ ਬਹੁਤ ਹੀ ਮੁਸ਼ਕਿਲ ਸਮਾਂ ਹੈ । ਇਸ ਵਿਚ ਜਿੰਨਾ ਹੋ ਸਕੇ ਗੁਰਬਾਣੀ ਤੇ ਇਤਿਹਾਸ ਨਾਲ ਜੁੜੀਏ ਕਿਉਂਕਿ ਜਦੋਂ ਆਪਾਂ ਇਨ੍ਹਾਂ ਨੂੰ ਛੱਡ ਜਾਨੇ ਹਾਂ ਤਾਂ ਸੁਭਾਵਕ ਹੀ ਨਾਸਤਿਕ ਬਣ ਜਾਂਦੇ ਹਾਂ ।

ਇਸ ਦੁਨੀਆਂ ਦੇ ਝਮੇਲਿਆਂ ਦੇ ਵਿਚ
ਰਹਿਣਾ ਬਣ ਕੇ ਸਿਖ ਅਸੀਂ ਨੇ ।
ਇਨ੍ਹਾਂ ਨਾਸਤਿਕ ਲੋਕਾਂ ਦੀਆਂ ਚਾਲਾਂ
ਇਸ ਸੰਸਾਰ ਦੇ ਵਿਚ ਬਲੀ ਨੇ ।
ਜੋ ਰਹਿੰਦਾ ਇਨ੍ਹਾਂ ਤੋਂ ਬਚ ਕੇ ਸਦਾ
ਉਹ ਪਾਰ ਭਵਸਾਗਰ ਹੋ ਜਾਂਦਾ ।
ਬਾਕੀ ਜੋ ਇਹ ਮਾਰਗ ਫੜਦਾ
ਮਨ-ਮਰਜੀ ਦੇ ਵੱਸ ਹੋ ਜਾਂਦਾ ।
ਇਹ ਰੀਤ ਦੁਨੀਆਂ ਦੀ ਵਿਲੱਖਣ ਹੈ
ਜੋ ਕਰਾਉਂਦੀ ਪੁੱਠੇ ਕੰਮ ਲੋਕਾਂ ਤੋਂ ।
ਬਹਿੰਦੇ ਜੋ ਇਸ ਵਹਾਅ ਦੇ ਵਿਚ ਹੈ
ਬਚ ਕੇ ਰਹਿਣਾ ਸਦਾ ਉਨ੍ਹਾਂ ਤੋਂ ।
ਸਿਖਾਂ ਨੂੰ ਸਿੱਖੀ ਤੋਂ ਦੂਰ ਕਰਨ ਦੀ
ਇਹ ਰੀਤ ਬਹੁਤ ਪੁਰਾਣੀ ਹੈ ।
ਪੜ੍ਹ ਕੇ ਦੇਖ ਲੋ ਤਵਾਰੀਕਾਂ ਵੀ
ਕਿਸ ਤਰ੍ਹਾਂ ਦੀ ਇਹ ਕਹਾਣੀ ਹੈ ।
ਕਿਤਾਬਾਂ ਤੇ ਇਤਿਹਾਸ ਗੁਰੂਆਂ ਦਾ
ਇਸ ਕਰਕੇ ਹੀ ਜ਼ਰੂਰੀ ਹੈ ।
ਇਹਨਾਂ ਤੋਂ ਬਿਨਾਂ ਨਾ ਸਮਝ ਹੋਣਾ
ਗੁਰੂ-ਦੋਖੀਆਂ ਦੀ ਕੀ ਮਜ਼ਬੂਰੀ ਹੈ ।
ਰਾਜ-ਭਾਗ, ਪੈਸੇ ਤੇ ਤਾਕਤ ਵੱਸ
ਇਹ ਸਾਰਾ ਭਾਣਾ ਵਰਤਦਾ ਹੈ ।
ਬਿਨਾਂ ਗੁਰਮਤਿ ਤੋਂ ਕਿਸੇ ਵੱਸ
ਕੋਈ ਨਾ ਹੋਰ ਕੋਈ ਚਾਰਾ ਹੈ ।
ਆਉ ਕਰੀਏ ਹੁਣ ਤੋਂ ਬੰਦਗੀ
ਤੇ ਕਿਸ ਤਰ੍ਹਾਂ ਸਿਖ ਸਭ ਇਹ ਦੇਖੇ ।
'ਅਨਪੜ੍ਹ ਬਾਬੇ' ਦੀ ਵੀ ਜ਼ਿੰਦਗੀ
ਸ਼ਾਇਦ ਲੱਗ ਜੇ ਕੌਮ ਦੇ ਲੇਖੇ ।

2 comments:

  1. Guru sahib literally predicted Babur's expedition in 1521 and Humayun leaving India in 1540 in baburvani. How come nobody is talking about this?

    ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ang 723 tilang raag

    ReplyDelete
    Replies
    1. And I also feel as if everyone is trying the absolute best to ignore it.

      Delete

Please note there are couple of articles on different topics on this blog. There are very good chances that what you're going to bring in the comment section has already been discussed. And your comment will not be published if it has the same arguments/thoughts.

Kindly read this page for more information: https://sikhsandsikhi.blogspot.com/p/read-me.html

Or read the footer of any article: 'A request to the readers!'