Sunday 23 February 2020

'Hum Hindu Hain' Da Khandan - Part 2

ਭਾਗ ੨


ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਯੋਗ ਹੈ?
ਨਿਰਾਲੇ ਦਾ ਇਹ ਪ੍ਰਸ਼ਨ ਹੈ ਆਪਾਂ ਪਹਿਲੇ ਭਾਗ ਦੇ ਵਿਚ ਦੇਖ ਆਏ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗੱਦੀ ਦਿੱਤੀ ਸੀ ਇਸ ਦੇ ਨਾਲ ਦੋ ਪ੍ਰਸ਼ਨਾਂ ਦੇ ਉੱਤਰ ਮਿਲ ਗਏ ਪਹਿਲਾ ਇਹ ਕਿ ਗੁਰੂ ਸਾਹਿਬ ਨੇ ਕਿਸੇ ਇਕ ਸ਼ਰੀਰ ਨੂੰ ਗੁਰੂ ਨਹੀਂ ਥਾਪਿਆ ਹਾਂ, ਪੰਜਾਂ ਪਿਆਰਿਆਂ ਦੇ ਰੂਪ ਦੇ ਵਿਚ ਪੰਜ ਸਿੰਘ ਗੁਰੂ ਹਨ ਪਰ ਕੋਈ ਇਕ ਖ਼ਾਸ ਇਨਸਾਨ ਗੁਰੂ ਨਹੀਂ ਹੈ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਦੂਸਰੀ ਮਿੱਥ ਨਾਮਧਾਰੀਆਂ ਦੀ ਵੀ ਟੁੱਟਦੀ ਹੈ ਕਿ ਗੁਰੂ ਸਾਹਿਬ ਨੇ ਕਿਸੇ ਹੋਰ ਨੂੰ ਗੱਦੀ ਦਿੱਤੀ ਤੇ ਇਸ ਤਰ੍ਹਾਂ ਫਿਰ ਇਨ੍ਹਾਂ ਦੇ ਹੋਰ ਗੁਰੂ ਬਣਦੇ ਚਲੇ ਗਏ
ਹੁਣ ਗੱਲ ਕਰਦੇ ਹਾਂ ਆਪਾਂ ਗੁਰੂ ਅਰਜਨ ਦੇਵ ਜੀ ਦੀ ਇਤਿਹਾਸ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਗੁਰੂ ਸਾਹਿਬ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਵਾ ਦਿੱਤੀ ਸੀ ਓਦੋਂ ਗੁਰੂ ਸਾਹਿਬ ਗ੍ਰੰਥ ਸਾਹਿਬ ਜੀ ਨੂੰ ਉੱਪਰ ਸੀ ਤੇ ਆਪ ਭੁੰਜੇ ਸੌਂਦੇ ਸਨ ਅੱਜ ਵੀ ਆਪਾਂ ਅਕਾਲ ਤਖ਼ਤ ਸਾਹਿਬ ਤੇ ਇਹ ਦੇਖ ਸਕਦੇ ਹਾਂ ਕਿ ਇਕ ਕੱਪੜਾ ਹੇਠਾਂ ਵਿਛਾਇਆ ਜਾਂਦਾ ਹੈ ਸੋ ਇਹ ਉਵੇਂ ਹੀ ਮਰਯਾਦਾ ਤੁਰੀ ਆਉਂਦੀ ਹੈ ਗੁਰੂ ਸਾਹਿਬ ਨੇ ਆਪ ਹੀ ਇੰਨਾਂ ਸਤਿਕਾਰ ਦਿੱਤਾ ਆਦਿ ਗ੍ਰੰਥ ਸਾਹਿਬ ਜੀ ਨੂੰ ਸ਼ਾਇਦ ਇਹ ਇਕ ਇਸ਼ਾਰਾ ਹੀ ਸੀ ਕਿ ਆਦਿ ਗ੍ਰੰਥ ਸਾਹਿਬ ਜੀ ਆਉਣ ਵਾਲੇ ਸਮੇਂ ਦੇ ਵਿਚ ਗੁਰੂ ਗ੍ਰੰਥ ਸਾਹਿਬ ਜੀ ਹੋਣਗੇ ਅਸੀਂ ਕੁਝ ਸਮੇਂ ਦੇ ਲਈ ਸ਼ਰੀਰ ਹੋਰ ਧਾਰਾਂਗੇ ਫਿਰ ਗੁਰਤਾਗੱਦੀ ਆਦਿ ਗ੍ਰੰਥ ਸਾਹਿਬ ਜੀ ਨੂੰ ਦੇ ਦੇਵਾਂਗੇ
ਨਿਰਾਲੇ ਦਾ ਇਹ ਕਹਿਣਾ ਹੈ ਕਿ ਗੁਰਤਾਗੱਦੀ ਚੇਲੇ ਦੀ ਵਸਤੂ ਹੁੰਦੀ ਹੈ ਮੈਂ ਇਸ ਨਾਲ ਸਹਿਮਤ ਨਹੀਂ ਹਾਂ ਗੁਰਤਾਗੱਦੀ ਉਸਦੀ ਹੁੰਦੀ ਹੈ ਜੋ ਪਹਿਲਾਂ ਗੁਰੂ ਸਾਹਿਬਾਨ ਦੇ ਵਿਚ ਅਭੇਦ ਹੋ ਗਿਆ ਹੋਵੇ ਭਾਈ ਲਹਿਣਾ ਜੀ ਨੂੰ ਗੁਰਤਾਗੱਦੀ ਦੇ ਬਾਅਦ ਅੰਗਦ ਨਾਮ ਮਿਲਿਆ ਸੀ ਇਹ ਅਭੇਦਤਾ ਦਾ ਹੀ ਅੰਸ਼ ਸੀ ਗੁਰੂ ਸਾਹਿਬ ਕੋਈ ਹੋਰ ਨਾਂ ਵੀ ਦੇ ਸਕਦੇ ਸਨ ਪਰ ਨਹੀਂ ਨਾਂ ਉਹ ਦਿੱਤਾ ਗਿਆ ਜੋ ਇਹ ਦਰਸਾਂਦਾ ਸੀ ਕਿ ਭਾਈ ਲਹਿਣਾ ਜੀ ਤੇ ਗੁਰੂ ਨਾਨਕ ਦੇਵ ਜੀ ਦੇ ਵਿਚ ਕੋਈ ਅੰਤਰ ਨਹੀਂ ਹੈ ਜੋਤਿ ਸ਼ਰੀਰ ਬਦਲਦੀ ਰਹੀਂ ਤੇ ਅੰਤ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਭੇਦ ਹੋ ਗਈ ਹੋਰ ਤਾਂ ਹੋਰ, ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਹਰਿਕ੍ਰਿਸ਼ਨ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਛੋਟੀ ਉਮਰ ਦੇ ਵਿਚ ਗੁਰਤਾਗੱਦੀ ਮਿਲੀ ਅਜਿਹੀਆਂ ਕਿੰਨੀਆਂ ਕੁ ਘਟਨਾਵਾਂ ਦਾ ਆਪਾਂ ਜ਼ਿਕਰ ਕਰ ਸਕਦੇ ਹਾਂ ਕਿ ਇਹ ਸਤਿਗੁਰ ਆਪਣੇ ਪਿਤਾ ਗੁਰੂ ਦੇ ਚੇਲੇ ਸਨ ਤੇ ਉਹ ਸਭ ਕੰਮ ਕੀਤੇ ਜੋ ਦੂਜੇ, ਤੀਜੇ ਤੇ ਚੌਥੇ ਸਤਿਗੁਰਾਂ ਨੇ ਕੀਤੇ ਸਨ ਤੇ ਫਿਰ ਜਾ ਕਰ ਗੁਰਤਾਗੱਦੀ ਮਿਲੀ?
ਤੀਜੇ ਸਤਿਗੁਰਾ ਦੇ ਬਚਨ ਤੇ ਗੁਰੂ ਸਾਹਿਬਾਨ ਦੀ ਅੰਸ਼ ਹੋਣ ਕਰਕੇ, ਗੁਰਤਾਗੱਦੀ ਦੇ ਮਾਲਿਕ ਹੋਣ ਨਾਤੇ, ਗੁਰੂ ਸਾਹਿਬਾਨਾਂ ਨੇ ਇਨ੍ਹਾਂ ਨੂੰ ਗੁਰੂ ਥਾਪਿਆ ਗੁਰੂ ਤੇ ਚੇਲੇ ਦੀ ਵੀ ਗੱਲ ਆਉਂਦੀ ਹੈ ਗੁਰੂ ਤੇ ਚੇਲੇ ਦੀ ਪ੍ਰਥਾ ਵੀ ਸਿੱਖੀ ਦੇ ਵਿਚ ਹੈ ਕਿ ਭਾਈ ਗੁਰੂ ਦੀ ਆਗਿਆ ਦਾ ਪਾਲਣ ਕਰਨਾ ਹੈ ਸਿੱਖਾਂ ਨੇ ਹੁਣ ਦੇ ਸਮੇਂ ਦੇ ਵਿਚ ਗੁਰਬਾਣੀ ਗੁਰੂ ਹੈ ਤੇ ਸਿੱਖ ਚੇਲੇ, ਤੇ ਗੁਰਬਾਣੀ ਦਾ ਉਪਦੇਸ਼ ਧਾਰਨਾ ਹੀ ਸਿੱਖਾਂ ਦਾ ਮੁੱਢਲਾ ਫਰਜ਼ ਹੋਣਾ ਚਾਹੀਦਾ ਹੈ ਭਾਈ ਗੁਰਦਾਸ ਜੀ ਦੂਜਿਆਂ ਨੇ ਆਪਣੀ ਵਾਰ ਦੇ ਵਿਚ ਗੁਰੂ ਤੇ ਚੇਲੇ ਬਾਰੇ ਗੱਲ ਵੀ ਕੀਤੀ ਹੈ ਪਰ ਉਸ ਵਿਚ ਵੀ ਤੁਸੀਂ ਦੇਖੋਗੇ ਕਿ ਗੁਰੂ ਤੇ ਚੇਲੇ ਦੀ ਅਭੇਦਤਾ ਦਾ ਜ਼ਿਕਰ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਸਾਜਿਆ, ਫਿਰ ਉਨ੍ਹਾਂ ਤੋਂ ਅੰਮ੍ਰਿਤ ਛਕਿਆ ਪੰਜ ਸਿੰਘ ਜੋ ਪਹਿਲਾਂ ਚੇਲੇ ਸਨ ਉਹ ਹੁਣ ਪੰਜਾਂ ਪਿਆਰਿਆਂ ਦੇ ਰੂਪ ਦੇ ਵਿਚ ਗੁਰੂ ਹੋ ਗਏ, ਅਤੇ ਗੁਰੂ ਸਾਹਿਬਾਨ ਜੋ ਗੁਰੂ ਹਨ ਉਨ੍ਹਾਂ ਨੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛੱਕ ਕੇ ਚੇਲੇ ਹੋਣ ਦੀ ਨਿਸ਼ਾਨੀ ਦਿੱਤੀ ਦੁਨੀਆਂ ਦੇ ਵਿਚ ਕੋਈ ਹੋਰ ਅਜਿਹਾ ਧਰਮ ਨਹੀਂ ਹੋਵੇਗਾ ਜਿਸ ਵਿਚ ਇਕ ਗੁਰੂ ਨੇ ਆਪਣੇ ਜਿਉਂਦੇ ਜੀ ਦੂਜੇ ਨੂੰ ਗੁਰੂ ਬਣਾ ਕਰ ਆਪ ਚੇਲੇ ਹੋਣ ਦੀ ਰੀਤ ਚਲਾਈ ਹੋਵੇ ਤੇ ਫਿਰ ਚਮਕੌਰ ਦੀ ਜੰਗ ਵੇਲੇ ਪੰਜਾਂ ਪਿਆਰਿਆਂ ਦੀ ਬੇਨਤੀ ਮੰਨ ਕੇ ਇਹ ਸਿੱਧ ਕਰ ਦਿੱਤਾ ਕਿ ਪੰਜਾਂ ਪਿਆਰਿਆਂ ਦੀ ਕਿੰਨੀ ਅਹਿਮੀਅਤ ਹੈ
ਗੁਰ ਸੰਗਤਿ ਕੀਨੀ ਖਾਲਸਾ ਮਨਮੁਖੀ ਦੁਹੇਲਾ
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ

ਬਾਣੀ ਤੇ ਗੁਰੂ ਇਕ ਹਨ
ਆਪਾਂ ਪਹਿਲੇ ਅਧਿਆਇ ਦੇ ਵਿਚ ਇਸਦਾ ਜ਼ਿਕਰ ਕਰ ਆਏ ਹਾਂ, ਪਰ ਥੋੜ੍ਹੀ ਜੀ ਵਿਚਾਰ ਇਸ ਤੇ ਹੋਰ ਬਣਦੀ ਹੈ
ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਸਾਹਿਬ ਦਾ ਹੀ ਰੂਪ ਹਨ ਜੋ ਜੋਤਿ ਗੁਰੂ ਨਾਨਕ ਦੇਵ ਜੀ ਵਿਚ ਸੀ, ਉਹ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਿਰਾਲੇ ਦਾ ਇਹ ਪ੍ਰਸ਼ਨ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਹੱਥ, ਪੈਰ, ਅੱਖਾਂ, ਆਦਿ ਨਹੀਂ ਹਨ, ਸੋ ਫਿਰ ਗੁਰੂ ਗ੍ਰੰਥ ਸਾਹਿਬ ਵਿਚ ਆਏ ਗੁਰੂ ਪਦ ਦੇ ਲਫ਼ਜ਼ਾਂ ਦੇ ਅਰਥ ਕਿਵੇਂ ਲਵਾਂਗੇ ਆਉ ਇਸ ਵੱਲ ਥੋੜ੍ਹੀ ਜੀ ਝਾਤ ਮਾਰੀਏ
ਗੁਰੂ ਸਾਹਿਬਾਨ ਨੇ ਜੋ ਬਾਣੀ ਉਚਾਰੀ ਉਹ ਆਪਣੇ ਗੁਰੂ ਨੂੰ ਮੁੱਖ ਰੱਖ ਕੇ ਉਚਾਰੀ ਗੁਰੂ ਨਾਨਕ ਦੇਵ ਜੀ ਦੇ ਗੁਰੂ ਵਾਹਿਗੁਰੂ ਜੀ ਸਨ, ਜੋ ਉਨ੍ਹਾਂ ਦੀ ਬਾਣੀ ਤੋਂ ਪ੍ਰਗਟ ਹੁੰਦਾ ਹੈ
1.     ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ ੧੧ - ਅੰਗ ੫੯੯
ਇਸੇ ਤਰ੍ਹਾਂ ਗੁਰੂ ਅੰਗਦ ਦੇਵ ਜੀ ਨੇ ਪਹਿਲੇ ਸਤਿਗੁਰਾ ਨੂੰ ਗੁਰੂ ਮੰਨਿਆ ਤੀਜਿਆਂ ਨੇ ਪਹਿਲੇ ਦੋਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲੇ ਨੌਹਾਂ ਸਤਿਗੁਰਾਂ ਨੂੰ ਗੁਰੂ ਮੰਨਿਆਂ ਗੁਰੂ ਸਾਹਿਬ ਜੀ ਦੀ ਬਾਣੀ ਤੇ ਅਰਦਾਸ ਦੇ ਵਿਚ ਇਸਦਾ ਜ਼ਿਕਰ ਮਿਲਦਾ ਹੈ ਕਿ ਗੁਰੂ ਸਾਹਿਬ ਪਹਿਲੇ ਨੌ ਗੁਰਾਂ ਦੇ ਨਾਂਵਾਂ ਦਾ ਧਿਆਨ ਧਰਦੇ ਹਨ ਹਾਲਾਂਕਿ ਕਈਆਂ ਨੇ ਇਸ ਪਉੜੀ ਦੇ ਕੁਝ ਹੋਰ ਹੀ ਅਰਥ ਕੀਤੇ ਹਨ, ਪਰ ਪੰਥ ਇਹ ਹੀ ਸਮਝਦਾ ਹੈ ਕਿ ਪਹਿਲੇ ਗੁਰੂਆਂ ਨੂੰ ਧਿਆਉਣਾ ਹੀ ਇਸਦਾ ਮੁੱਖ ਮਕਸਦ ਹੈ
ਪਰਮਾਤਮਾ ਦਾ ਨਾਂ ਲੈਣਾ ਬਹੁਤ ਹੀ ਮਹੱਤਵਪੂਰਨ ਹੈ ਇਸ ਨੂੰ ਸਮਝਣ ਦੇ ਲਈ ਪਰਮਾਤਮਾ ਨਿਰੰਕਾਰ ਹੈ ਉਸਦਾ ਕੋਈ ਰੂਪ ਰੰਗ ਨਹੀਂ ਹੈ ਪਰ ਗੁਰਬਾਣੀ ਦੇ ਵਿਚ ਕਈ ਥਾਈਂ ਇਹ ਲਿਖਿਆ ਹੈ ਕਿ ਉਸਦਾ ਵੀ ਇਕ ਸਰੂਪ ਹੈ ਬਹੁਤੀ ਦੂਰ ਨਾ ਜਾਂਦੇ ਹੋਏ ਆਪਾਂ ਰਹਿਰਾਸ ਸਾਹਿਬ ਜੀ ਦੀ ਬਾਣੀ ਦੀ ਹੀ ਗੱਲ ਕਰ ਲੈਂਦੇ ਹਾਂ ਜੋ ਆਪਾਂ ਸਾਰਿਆਂ ਨੇ ਪੜ੍ਹੀ ਵੀ ਹੋਵੇਗੀ
2.    ਸਭਿ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ - ਅੰਗ ੧੦
ਇਥੇ ਹੁਣ ਹੱਥਾਂ ਦਾ ਜ਼ਿਕਰ ਆ ਗਿਆ ਹੁਣ ਕੀ ਕਰਾਂਗੇ ਆਪਾਂ? ਪਰਮਾਤਮਾ ਤਾਂ ਨਿਰੰਕਾਰ ਸੀ!
ਇਸਨੂੰ ਸਮਝਣ ਦੇ ਲਈ ਮੈਂ ਦੋ ਨੁਕਤੇ ਰੱਖਾਂਗਾ ਪਹਿਲਾਂ ਇਹ ਕਿ ਇਸ ਤੁਕ ਦੇ ਵਿਚ ਹੱਥਾਂ ਦਾ ਜ਼ਿਕਰ ਜ਼ਰੂਰ ਆਇਆ ਹੈ ਪਰ ਇਸ ਦਾ ਭਾਵ ਇਹ ਹੈ ਕਿ ਸਭ ਕੁਝ ਪਰਮਾਤਮਾ ਦੇ ਵੱਸ ਹੈ ਇਸਦਾ ਇਹ ਭਾਵ ਨਹੀਂ ਕਿ ਪਰਮਾਤਮਾ ਦੇ ਦੋ ਹੱਥ ਹਨ ਦੂਜਾ, ਹਾਂ, ਉਸਦੇ ਹੱਥ ਵੀ ਹੋ ਸਕਦੇ ਹਨ ਕਿਉਂਕਿ ਪਰਮਾਤਮਾ ਸਰਗੁਣ ਸਰੂਪ ਵੀ ਹੈ ਤੇ ਨਿਰਗੁਣ ਸਰੂਪ ਵੀ ਉਸ ਦੀਆਂ ਅੱਖਾਂ ਵੀ ਹੋ ਸਕਦੀਆਂ ਹਨ ਤੇ ਨਹੀਂ ਵੀ, ਉਸ ਦੀਆਂ ਅਨੇਕ ਮੂਰਤਾਂ ਵੀ ਹੋ ਸਕਦੀਆਂ ਹਨ ਤੇ ਇਕ ਵੀ ਨਹੀਂ, ਉਨ੍ਹਾਂ ਦੇ ਅਨੇਕਾਂ ਪੈਰ ਹੋ ਸਕਦੇ ਹਨ ਤੇ ਕੋਈ ਵੀ ਨਹੀਂ, ਇਤਿਆਦਿ
ਇਸ ਦਾ ਇਹ ਭਾਵ ਨਹੀਂ ਕਿ ਇਹ ਵਿਰੋਧੀਭਾਸ ਵਾਲੀਆਂ ਗੱਲਾਂ ਹਨ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਵਿਚ ਇਕ ਦਿਸ਼ਾ ਨਹੀਂ ਹੈ ਬਹੁਤ ਸਾਰੇ ਲੋਕ ਜੋ ਗੁਰਬਾਣੀ ਦੇ ਵਿਚ ਖ਼ਾਮੀਆਂ ਲੱਭਦੇ ਫਿਰਦੇ ਹਨ ਉਹ ਅਜਿਹੀਆਂ ਉਦਾਹਰਣਾਂ ਲੈ ਕਰ ਪੰਥ ਤੇ ਹਮਲਾ ਕਰਦੇ ਰਹਿੰਦੇ ਹਨ ਗੁਰਬਾਣੀ ਤਾਂ ਇਹ ਦੱਸ ਰਹੀ ਹੈ ਕਿ ਪਰਮਾਤਮਾ ਦੇ ਦੋਵੇਂ ਰੂਪ ਹਨ, ਨਿਰਗੁਨ ਤੇ ਸਰਗੁਨ ਇਸ ਨੂੰ ਸਮਝਣ ਦੇ ਲਈ ਆਪਾਂ ਪਾਣੀ ਦੀ ਉਦਾਹਰਣ ਲੈ ਲੈਂਦੇ ਹਾਂ ਪਾਣੀ ਤਰਲ ਵੀ ਹੁੰਦਾ ਹੈ, ਜੋ ਆਪਾਂ ਪੀਨੇ ਹਾਂ ਪਾਣੀ ਠੋਸ ਵੀ ਹੁੰਦਾ ਹੈ, ਜਿਵੇਂ ਕਿ ਬਰਫ਼ ਪਹਾੜਾਂ ਤੇ ਕਿੰਨੀ ਹੀ ਬਰਫ਼ ਹੁੰਦੀ ਹੈ ਹੋਰ ਤਾਂ ਹੋਰ ਅੰਟਾਰਟਿਕਾ ਦੇ ਵਿਚ ਤਾਂ ਬਰਫ਼ ਦੇ ਪਹਾੜ ਹੀ ਸਮਝ ਲਵੋ ਇਸੇ ਤਰ੍ਹਾਂ ਪਾਣੀ ਦੀ ਭਾਫ਼ ਵੀ ਬਣ ਜਾਂਦੀ ਹੈ ਹੁੰਦਾ ਉਹ ਪਾਣੀ ਹੀ ਹੈ ਪਰ ਭਾਫ਼ ਦੇ ਰੂਪ ਦੇ ਵਿਚ ਕੀ ਹੁਣ ਆਪਾਂ ਇਹ ਕਹਿ ਸਕਦੇ ਹਾਂ ਕਿ ਇਹ ਗ਼ਲਤ ਹੈ, ਇਹ ਕਿੱਦਾਂ ਹੋ ਸਕਦਾ ਹੈ ਕਿ ਪਾਣੀ ਦੇ ਤਿੰਨ ਰੂਪ ਹੋ ਜਾਣ? ਨਹੀਂ, ਕਿਉਂਕਿ ਇਹ ਆਪਾਂ ਆਪਣੀ ਨਿੱਜੀ ਜ਼ਿੰਦਗੀ ਦੇ ਵਿਚ ਦੇਖ ਸਕਦੇ ਹਾਂ
ਉਵੇਂ ਹੀ ਪਰਮਾਤਮਾ ਦੇ ਸਰਗੁਨ ਤੇ ਨਿਰਗੁਨ ਦੋਵੇਂ ਹੀ ਰੂਪ ਹੁੰਦੇ ਹਨ ਜਿਵੇਂ ਪਹਾੜਾਂ ਤੇ ਪਾਣੀ ਬਰਫ਼ ਦੇ ਰੂਪ ਦੇ ਵਿਚ ਹੁੰਦਾ ਹੈ ਤੇ ਨਹਿਰਾਂ ਦਰਿਆਵਾਂ ਦੇ ਵਿਚ ਪਾਣੀ ਦੇ ਰੂਪ ਵਿਚ, ਉਵੇਂ ਹੀ ਜੋ ਜੋਤਿ ਆਪਣੇ ਵਿਚ ਹੈ ਪਰਮਾਤਮਾ ਦੀ ਉਸਦਾ ਕੋਈ ਰੂਪ ਨਹੀਂ ਹੈ ਪਰ ਉਸਨੇ ਇਕ ਸ਼ਰੀਰ ਦੇ ਵਿਚ ਵਾਸ ਕੀਤਾ ਹੋਇਆ ਹੈ ਇਸਨੂੰ ਚਲਾਉਣ ਦੇ ਲਈ, ਸੋ ਉਹ ਸ਼ਰੀਰ ਉਸਦਾ ਰੂਪ ਬਣ ਗਿਆ ਇੰਝ ਵੀ ਕਹਿ ਸਕਦੇ ਹਾਂ ਕਿ ਉਹ ਜੋਤਿ ਕੋਈ ਵੀ ਰੂਪ ਧਾਰ ਸਕਦੀ ਹੈ ਚਾਹੇ ਉਹ ਜੋਤਿ-ਰੂਪੀ ਅਕਾਰ ਹੀ ਕਿਉਂ ਨਾ ਹੋਵੇਂ ਆਪਾਂ ਕੀਰਤਨ ਸੋਹਿਲਾ ਸਾਹਿਬ ਜੀ ਦੇ ਵਿਚ ਇਸਨੂੰ ਦੇਖ ਸਕਦੇ ਹਾਂ
3.    ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ quohI
ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ
ਸਭ ਮਹਿ ਜੋਤਿ ਜੋਤਿ ਹੈ ਸੋਇ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ - ਅੰਗ ੧੩
ਇਸੇ ਤਰ੍ਹਾਂ ਹੀ ਗੁਰੂ ਸਾਹਿਬ ਜੀ ਹਨ ਉਨ੍ਹਾਂ ਦਾ ਨਿਰਗੁਨ ਸਰੂਪ ਹੈ, ਜੋ ਪਰਮਾਤਮਾ ਖ਼ੁਦ ਹਨ ਉਨ੍ਹਾਂ ਦਾ ਸਰਗੁਨ ਸਰੂਪ ਵੀ ਹੈ, ਜੋ ਉਨ੍ਹਾਂ ਨੇ ਧਰਤੀ ਤੇ ਪ੍ਰਕਾਸ਼ ਕਰਕੇ ਸਰੂਪ ਧਾਰੇ ਉਨ੍ਹਾਂ ਦਾ ਸ਼ਬਦ ਸਰੂਪ ਵੀ ਹੈ ਭਾਈ ਨੰਦ ਲਾਲ ਜੀ ਦਾ ਹਵਾਲਾ ਆਪਾਂ ਪਹਿਲੇ ਅਧਿਆਇ ਦੇ ਵਿਚ ਦੇ ਆਏ ਹਾਂ ਜਿਸ ਵਿਚ ਗੁਰੂ ਸਾਹਿਬ ਨੇ ਆਪਣੇ ਤਿੰਨ ਰੂਪਾਂ ਦਾ ਜ਼ਿਕਰ ਕੀਤਾ ਹੈ ਨਾਲ ਹੀ ਨਾਲ ਮਹਿਮਾ ਪ੍ਰਕਾਸ਼ ਦਾ ਵੀ ਆਪਾਂ ਹਵਾਲਾ ਦਿੱਤਾ ਹੈ ਜਿਸ ਵਿਚ ਸੰਗਤ ਪੁੱਛਦੀ ਹੈ ਕਿ ਹੁਣ ਅਸੀਂ ਦਰਸ਼ਨ ਕਿਵੇਂ ਕਰਾਂਗੇ ਤਾਂ ਗੁਰੂ ਸਾਹਿਬ ਕਹਿੰਦੇ ਹਨ ‘ਜੋ ਦਸ ਸਰੂਪ ਹਮਾਰੇ ਪੂਰਨ ਭਏ ਅਬ ਮੇਰੀ ਜਾਹਗਾ ਗੁਰੂ ਗਿਰੰਥ ਸਾਹਿਬ ਕੋ ਜਾਨਨਾ ’ ਸੋ ਇਹ ਤਾਂ ਸਾਫ਼ ਹੀ ਹੈ ਕਿ ਗੁਰੂ ਸਾਹਿਬ ਤੋਂ ਬਾਅਦ ਕੋਈ ਹੋਰ ਇਕ ਖ਼ਾਸ ਗੁਰੂ ਨਹੀਂ ਹੋਵੇਗਾ
ਰਹੀ ਗੱਲ ਕਿ ਕੋਈ ਹੱਥ, ਪੈਰ, ਚਿਹਰਾ, ਇਤਿਆਦਿ, ਦਾ ਧਿਆਨ ਕਿਵੇਂ ਧਰੇਗਾ ਕਿਉਂਕਿ ਗੁਰਬਾਣੀ ਉਸਦੀ ਗੱਲ ਕਰਦੀ ਹੈ ਉਸਦਾ ਉੱਤਰ ਹਨ ਗੁਰੂ ਗ੍ਰੰਥ ਸਾਹਿਬ ਜੀ ਤੇ ਜੋ ਗੁਰੂ ਸਾਹਿਬਾਨਾਂ ਨੇ ਸਰੂਪ ਧਾਰੇ ਸਨ ਹੁਣ ਜਿਵੇਂ ਗੁਰੂ ਅੰਗਦ ਦੇਵ ਜੀ ਗੁਰੂ ਸਨ ਤੇ ਉਨ੍ਹਾਂ ਦੇ ਗੁਰੂ ਗੁਰੂ ਨਾਨਕ ਦੇਵ ਜੀ ਜਦੋਂ ਜੋਤਿ ਦੇ ਵਿਚ ਜੋਤਿ ਰਲੀ, ਕੀ ਗੁਰੂ ਅੰਗਦ ਦੇਵ ਜੀ ਕਿਸੇ ਹੋਰ ਗੁਰੂ ਦੀ ਭਾਲ ਦੇ ਵਿਚ ਚਲੇ ਗਏ ਸਨ? ਉਹ ਗੁਰੂ ਸਨ, ਪਰ ਉਨ੍ਹਾਂ ਦੇ ਵੀ ਗੁਰੂ ਸਨ, ਉਨ੍ਹਾਂ ਦੀ ਬਾਣੀ ਤੇ ਜੀਵਨ ਤੋਂ ਇਹ ਭਲੀ-ਭਾਂਤ ਪਤਾ ਚੱਲ ਜਾਂਦਾ ਹੈ ਫਿਰ ਉਨ੍ਹਾਂ ਨੇ ਕੀ ਕੀਤਾ? ਧਿਆਨ ਕੀਤਾ ਗੁਰੂ ਸਾਹਿਬ ਦਾ ਉਨ੍ਹਾਂ ਨੇ ਇਹ ਨਹੀਂ ਕਿਹਾ ਕਿ ਮੈਂ ਹੁਣ ਗੁਰੂ ਸਾਹਿਬ ਦਾ ਸਰੂਪ ਕਿਵੇਂ ਦੇਖਾਂਗਾ ਕਿਉਂਕਿ ਗੁਰੂ ਸਾਹਿਬ ਜੋਤੀ ਜੋਤਿ ਸਮਾ ਗਏ ਹਨ ਜੇ ਨਾਮ ਸਿਮਰਨ ਦੇ ਵਿਚ ਅਜੇ ਮਨ ਨਹੀਂ ਲੱਗਦਾ ਤਾਂ ਇਤਿਹਾਸ ਪੜ੍ਹੋ, ਫਿਰ ਤੁਹਾਡੇ ਸਾਹਮਣੇ ਗੁਰੂ ਸਾਹਿਬ ਦਾ ਚਿਹਰਾ, ਹੱਥ, ਪੈਰ, ਤੇ ਸਰੂਪ ਆਪਣੇ ਆਪ ਆਉਣ ਲੱਗ ਜਾਵਣਗੇ ਇਤਿਹਾਸ ਤੋਂ ਪਹਿਲਾਂ ਦੇ ਲੋਕ ਕੀ ਕਰਦੇ ਹੋਣਗੇ ਜਦੋਂ ਸੂਰਜ ਪ੍ਰਕਾਸ਼ ਵਰਗਾ ਵੱਡ-ਅਕਾਰੀ ਗ੍ਰੰਥ ਹੋਂਦ ਦੇ ਵਿਚ ਨਹੀਂ ਆਇਆ ਸੀ? ਉਹ ਓਦੋਂ ਸਿਮਰਨ ਕਰਦੇ ਸਨ ਉਨ੍ਹਾਂ ਕੋਲ ਓਦੋਂ ਗੁਰਬਾਣੀ ਸੀ, ਜੋ ਹੁਣ ਵੀ ਹੈ, ਕੋਈ ਉਸਦਾ ਵੀ ਧਿਆਨ ਧਰ ਸਕਦਾ ਹੈ ਫਿਰ ਜਦੋਂ ਗੁਰੂ ਸਾਹਿਬ ਦਰਸ਼ਨ ਦੇਣ ਉਦੋਂ ਉਹ ਚਾਹਤ ਵੀ ਪੂਰੀ ਹੋ ਜਾਵੇਗੀ ਜਿਸ ਵਿਚ ਉਨ੍ਹਾਂ ਦਾ ਸੰਸਾਰੀ ਸਰੂਪ ਦੇਖਣਾ ਹੋਵੇ ਇਹ ਗੱਲਾਂ ਕਿ ਹੱਥਾਂ-ਪੈਰਾਂ ਦਾ ਕਿਵੇਂ ਕਰਾਂਗੇ ਬਿਲਕੁਲ ਨਿਰਮੂਲ ਜਿਹੀਆਂ ਗੱਲਾਂ ਹਨ
ਇਹ ਸਭ ਨਿਰਾਲੇ ਦੇ ਇਕ ਨੁਕਤੇ ਦਾ ਉੱਤਰ ਸੀ ਆਉ ਹੁਣ ਕੁਝ ਹੋਰ ਪ੍ਰਸ਼ਨਾਂ ਵੱਲ ਤੁਰੀਏ
ਨਿਰਮੂਲ ਸਵਾਲਾਂ ਦੇ ਉੱਤਰ:
1.     ਗੁਰਬਾਣੀ ਆਪਣੇ ਆਪ ਦੇ ਵਿਚ ਉਪਦੇਸ਼ ਦੇਣ ਦੇ ਸਮਰਥ ਹੈ ਪਰ ਨਿਰਾਲਾ ਇਹ ਨਹੀਂ ਮੰਨਦਾ ਉਹ ਸਮਝਦਾ ਹੈ ਕਿ ਇਸ ਲਈ ਉਪਦੇਸ਼ਟਾ ਦਾ ਹੋਣਾ ਜ਼ਰੂਰੀ ਹੈ ਆਪਾਂ ਬਹੁਤ ਦੂਰ ਨਹੀਂ ਜਾਂਦੇ ਤੁਸੀਂ ਆਪਣੇ ਆਪ ਤੋਂ ਪੁਛੋ
1.     ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਹੋ ਤਾਂ ਉਹ ਤੁਹਾਡੇ ਅੰਦਰ ਨਹੀਂ ਵੱਸਦੀ?
2.    ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਹੋ ਤਾਂ ਤੁਹਾਨੂੰ ਉਪਦੇਸ਼ ਨਹੀਂ ਮਿਲਦਾ?
3.    ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਹੋ ਤਾਂ ਤੁਹਾਡਾ ਮਨ ਪਰਮਾਤਮਾ ਨਾਲ ਨਹੀਂ ਜੁੜ੍ਹਦਾ?
4.    ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਹੋ ਤਾਂ ਤੁਹਾਡਾ ਮਨ ਭਗਤੀ ਕਰਨ ਨੂੰ ਨਹੀਂ ਕਰਦਾ?
5.    ਕੀ ਗੁਰਬਾਣੀ ਤੁਹਾਨੂੰ ਉਪਦੇਸ਼ ਨਹੀਂ ਦਿੰਦੀ ਕਿ ਗੁਰੂ ਸਾਹਿਬ ਵਲੋਂ ਕੀਤਾ ਉਪਦੇਸ਼ ਸੱਚ ਹੈ ਤੇ ਜੋ ਅਸੀਂ ਕਰ ਰਹੇ ਹਾਂ, ਜੋ ਵੀ ਗ਼ਲਤ ਕਰ ਰਹੇ ਹਾਂ, ਉਹ ਨਹੀਂ ਕਰਨਾ ਚਾਹੀਦਾ?
ਫਿਰ ਕੀ ਕਾਰਣ ਹੈ ਕਿ ਇਹ ਬੇਵਕੂਫ਼ੀ ਭਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ? ਨਿਰਾਲੇ ਵਰਗਾ ਮੂਰਖ਼ ਇਹ ਕਹਿ ਦੇਵੇ ਕਿ ਮੈਨੂੰ ਇਕ ਮਨੁੱਖੀ ਗੁਰੂ ਦੀ ਜ਼ਰੂਰਤ ਹੈ, ਮੈਨੂੰ ਗੁਰਬਾਣੀ ਸਮਝ ਨਹੀਂ ਪੈਂਦੀ, ਫਿਰ ਤਾਂ ਸਮਝ ਵੀ ਲੱਗਦਾ ਹੈ ਕਿ ਉਸਨੇ ਇਹ ਕਿਤਾਬ ਕਿਉਂ ਲਿਖੀ ਪਰ ਆਪਣੇ ਥੋਥੇ ਤਰਕ ਤੇ ਸਵਾਲ ਪੂਰੇ ਪੰਥ ਤੇ ਥੋਪਣੇ ਕੋਈ ਸੋਝੀ ਵਾਲੀ ਗੱਲ ਨਹੀਂ ਹੈ ਇਸਦੀ ਇਹ ਮੂਰਖ਼ਤਾ ਦੇਖੋ ਕਹਿੰਦਾ ਹੈ ਕਿ ਗੁਰਬਾਣੀ ‘ਆਪਣੇ ਆਪ ਸਿੱਖ ਦੇ ਹਿਰਦੇ ਵਿਚ ਦਾਖਿਲ ਹੋ ਕੇ ਉਸ ਦਾ ਉਧਾਰ ਕਰਨ ਵਿਚ ਸਮ੍ਰੱਥ ਨਹੀਂ ਹੈ ਇਨ੍ਹਾਂ ਵਰਗਿਆਂ ਕਰਕੇ ਆਮ ਸੰਗਤ ਭੰਬਲਭੂਸੇ ਦੇ ਵਿਚ ਪੈ ਜਾਂਦੀ ਹੈ
ਕਿੰਨੇ ਹੀ ਅਜਿਹੇ ਸਿੱਖ ਦੇਖੇ ਜਾ ਸਕਦੇ ਹਨ, ਸਿਰਫ਼ ਪੰਜਾਬ ਦੇ ਵਿਚ ਰਹਿਣ ਵਾਲੇ ਨਹੀਂ ਬਲਕਿ ਬਾਕੀ ਮੁਲਕਾਂ ਦੇ ਵਿਚ ਵੀ ਜਿਨ੍ਹਾਂ ਦਾ ਪਹਿਲਾਂ ਧਰਮ ਕੁਝ ਹੋਰ ਸੀ, ਜਿਨ੍ਹਾਂ ਦਾ ਗੁਰਬਾਣੀ ਨੇ ਕਿੰਨਾ ਕੁਝ ਸੰਵਾਰਿਆ ਹੈ - ਉਨ੍ਹਾਂ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਕੀ ਉਨ੍ਹਾਂ ਨੂੰ ਕਹਿੰਦੇ ਸੁਣਿਆ ਹੈ ਕਿ ਸਾਨੂੰ ਹੱਥ-ਪੈਰ ਕਿਵੇਂ ਦਿਖਣਗੇ?
2.    ਪਿਛਲੇ ਅਧਿਆਇ ਦੇ ਵਿਚ ਆਪਾਂ ਦੇਖ ਆਏ ਹਾਂ ਕਿ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗੱਦੀ ਦਿੱਤੀ ਸੀ ਇਹ ਅਭੇਦਤਾ ਹੀ ਤਾਂ ਸੀ ਜੋ ਗੁਰੂ ਸਾਹਿਬ ਨੇ ਦਿਖਾਈ ਹੁਣ ਫਿਰ ਮੈਂ ਉਹੀ ਗੱਲ ਦੁਹਰਾਊਂਗਾ ਕਿ ਗੁਰੂ ਸਾਹਿਬ ਨੇ ਕਿਹਾ ਸੀ ਕਿ ਉਨ੍ਹਾਂ ਦਾ ਤੇ ਸ਼ਬਦ ਦਾ ਕੋਈ ਭੇਦ ਨਹੀਂ ਹੈ ਫਿਰ ਨਿਰਾਲਾ ਕਿਉਂ ਕਹਿ ਰਿਹਾ ਹੈ ਕਿ ਅਭੇਦ ਨਹੀਂ ਹਨ ਗੁਰੂ ਤੇ ਗੁਰਬਾਣੀ? ਕੀ ਉਸਨੇ ਭਾਈ ਨੰਦ ਲਾਲ ਜੀ ਵੀ ਨਹੀਂ ਪੜ੍ਹੇ? ਨਿਰਾਲੇ ਨੂੰ ਇਕ ਬਿਮਾਰੀ ਇਹ ਵੀ  ਹੈ ਕਿ ਇਹ ਕੋਈ ਹੋਰ ਇਤਿਹਾਸਿਕ ਗ੍ਰੰਥ ਦਾ ਹਵਾਲਾ ਨਹੀਂ ਲੈਣਾ ਚਾਹੁੰਦਾ ਤਾਂ ਫਿਰ ਗੁਰਬਾਣੀ ਵਿਚੋਂ ਹੀ ਹਵਾਲਾ ਲੈ ਲੈਂਨੇ ਹਾਂ ਇਹ ਦਰਸਾਉਣ ਦੇ ਲਈ ਕਿ ਗੁਰੂ ਤੇ ਬਾਣੀ ਇਕ ਹਨ, ਦੋ ਨਹੀਂ
1.     ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ - ਅੰਗ ੯੮੨
2.    ਸ੍ਰਵਣ ਸ੍ਰੋਤ ਰਜੇ ਗੁਰਬਾਣੀ ਜੋਤੀ ਜੋਤਿ ਮਿਲਾਈ ਹੇ ੧੪ - ਅੰਗ ੧੦੨੩
ਸੋ ਗੁਰੂ ਹੀ ਬਾਣੀ ਹੈ ਤੇ ਬਾਣੀ ਹੀ ਗੁਰੂ ਹੈ ਇਹ ਵੀ ਹੈ ਕਿ ਗੁਰਬਾਣੀ ਸੁਨਣ ਨਾਲ ਬੰਦਾ ਰੱਜ ਜਾਂਦਾ ਹੈ ਤੇ ਇਸ ਵਿਚ ਹੀ ਪਰਮਾਤਮਾ ਨੇ ਆਪਣੀ ਜੋਤਿ ਮਿਲਾਈ ਹੋਈ ਹੈ ਗੁਰਬਾਣੀ ਪ੍ਰਤੀ ਬਹੁਤ ਸਾਰੇ ਸ਼ਬਦ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਕਈ ਥਾਈਂ ਤਾਂ ਇਹ ਵੀ ਜ਼ਿਕਰ ਆਇਆ ਹੈ ਕਿ ਗੁਰਬਾਣੀ ਨੂੰ ਹੀ ਗਾਇਆ ਜਾਏ ਤੇ ਗੁਰਬਾਣੀ ਨੂੰ ਹੀ ਮੰਨਿਆ ਜਾਏ ਇਹ ਕੋਈ ਆਮ ਬਾਣੀ ਨਹੀਂ, ਇਹ ਉਹ ਹੈ ਜੋ ਅਕਾਲ ਪੁਰਖੁ ਵਲੋਂ ਆਈ ਹੋਈ ਹੈ, ਜਿਸ ਵਿਚ ਪਰਮਾਤਮਾ ਦਾ ਆਪਣਾ ਨਿਵਾਸ ਹੈ
ਇਸ ਤੋਂ ਬਾਅਦ ਨਿਰਾਲੇ ਨੇ ਉਨ੍ਹਾਂ ਸ਼ਬਦਾਂ ਦਾ ਜ਼ਿਕਰ ਕੀਤਾ ਹੈ ਜਿਸ ਵਿਚ ਸਤਿਗੁਰ ਲੱਭਣ ਦੀ ਗੱਲ ਕੀਤੀ ਹੋਈ ਹੈ ਪਰ ਸਿੱਖਾਂ ਕੋਲ ਤਾਂ ਪਹਿਲਾਂ ਹੀ ਸਤਿਗੁਰ ਹਨ: ਦਸ ਪਾਤਸ਼ਾਹੀਆਂ ਤੇ ਗੁਰੂ ਗ੍ਰੰਥ ਸਾਹਿਬ ਜੀ ਫਿਰ ਸਿੱਖ ਕਿਉਂ ਭਾਲਣ ਜਾਣ? ਨਾਲੇ ਜੋ ਸ਼ਬਦ ਨਿਰਾਲੇ ਨੇ ਦਿੱਤੇ ਹਨ ਉਸ ਵਿਚ ਇਕ ਤਾਂ ਸਤਿਗੁਰ ਦੇ ਲੱਛਣ ਦੱਸਦਾ ਹੈ ਕਿ ਸਤਿਗੁਰ ਉਹ ਹਨ ਜੋ ਬ੍ਰਹਮ ਦੀ ਕਥਾ ਕਰਦੇ ਹਨ ਕੀ ਗੁਰੂ ਨਾਨਕ ਦੇਵ ਜੀ ਨੇ ਬ੍ਰਹਮ ਦੀ ਗੱਲ ਨਹੀਂ ਕੀਤੀ? ਕੀ ਬਾਕੀ ਗੁਰੂਆਂ ਨੇ ਬ੍ਰਹਮ ਦੀ ਗੱਲ ਨਹੀਂ ਕੀਤੀ? ਛੇਵੇਂ, ਸੱਤਵੇਂ ਤੇ ਅੱਠਵੇਂ ਗੁਰਾਂ ਨੇ ਬਾਣੀ ਨਹੀਂ ਰਚੀ ਪਰ ਫਿਰ ਵੀ ਉਨ੍ਹਾਂ ਨੇ ਬ੍ਰਹਮ ਦੀ ਗੱਲ ਕੀਤੀ ਇਹ ਲੱਛਣ ਹੀ ਤਾਂ ਹਨ ਜੋ ਗੁਰੂ ਸਾਹਿਬਾਨਾਂ ਨੂੰ ਸਤਿਗੁਰ ਦਾ ਦਰਜ਼ਾ ਦਿੰਦੇ ਹਨ
ਮੈਂ ਇਕ ਗੱਲ ਹੋਰ ਇਥੇ ਰੱਖਣਾ ਚਾਹੁੰਦਾ ਹਾਂ ਉਹ ਇਹ ਕਿ ਜੇਕਰ ਨਿਰਾਲੇ ਨੇ ਸਿਰਫ਼ ਤੇ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਹੀ ਗੱਲ ਕਰਨੀ ਹੈ, ਭਾਈ ਗੁਰਦਾਸ ਜੀ, ਭਾਈ ਨੰਦ ਲਾਲ ਜੀ, ਤੇ ਹੋਰ ਜਿੰਨੇ ਵੀ ਗ੍ਰੰਥ ਹਨ ਇਤਿਹਾਸ ਦੇ, ਜੇਕਰ ਉਨ੍ਹਾਂ ਦਾ ਹਵਾਲਾ ਹੀ ਨਹੀਂ ਦੇਣਾ ਤਾਂ ਕੀ ਇਹ ਇਹ ਸਿੱਧ ਕਰ ਸਕਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਕਿ ਛੇਵੇਂ, ਸੱਤਵੇਂ, ਅੱਠਵੇਂ ਤੇ ਦਸਵੇਂ ਗੁਰਾਂ ਦਾ ਨਾਂ ਕੀ ਸੀ? ਜਦੋਂ ਗੁਰਮਤਿ ਵਿਰੋਧੀ ਗੱਲਾਂ ਕਰਨੀਆਂ ਹੋਣ ਤਾਂ ਭੱਜ ਕੇ ਜੱਫ਼ੀ ਪਾਉਂਦੇ ਆ ਇਤਿਹਾਸਿਕ ਗ੍ਰੰਥਾਂ ਨੂੰ ਤਾਂ ਜੋ ਉਨ੍ਹਾਂ ਵਿਚਲੀਆਂ ਕੁਝ ਗੁਰ ਆਸ਼ੇ ਦੇ ਵਿਰੁੱਧ ਗੱਲਾਂ ਜੋ ਹਨ ਉਹ ਵਰਤੀਆਂ ਜਾ ਸਕਣ ਜਦੋਂ ਕੋਈ ਹੋਰ ਇਨਸਾਨ ਇਤਿਹਾਸਿਕ ਗ੍ਰੰਥਾਂ ਦੀ ਗੱਲ ਕਰਦਾ ਹੈ ਤਾਂ ਉਹ ਪ੍ਰਵਾਨ ਨਹੀਂ ਆਪਾਂ ਇਸ ਕਿਤਾਬਚੇ ਦੇ ਵਿਚ ਸਭ ਕੁਝ ਹੀ ਵਰਤਾਂਗੇ ਤਾਂ ਜੋ ਇਨ੍ਹਾਂ ਮੰਦਬੁਧੀਆਂ ਨੂੰ ਨੰਗਾ ਕੀਤਾ ਜਾ ਸਕੇ
3.    ਏ ਮਨ ਐਸਾ ਸਤਿਗੁਰੁ ਖੋਜਿ ਲਹੁ ਜਿਤੁ ਸੇਵਿਐ ਜਨਮ ਮਰਣ ਦੁਖੁ ਜਾਇ ਸਹਸਾ ਮੂਲਿ ਨ ਹੋਵਈ ਹਉਮੈ ਸਬਦਿ ਜਲਾਇ - ਅੰਗ ੫੯੧
ਇਸ ਵਿਚ ਗੁਰੂ ਅਮਰਦਾਸ ਜੀ ਕਹਿੰਦੇ ਹਨ ਉਹ ਸਤਿਗੁਰ ਲੱਭੋ ਜਿਸਦੀ ਸੇਵਾ ਨਾਲ ਜਨਮ ਮਰਨ ਦਾ ਦੁਖ ਚਲਾ ਜਾਵੇ ਸ਼ਬਦ ਨਾਲ, ਗੁਰੂ ਦੇ ਉਪਦੇਸ਼ ਨਾਲ, ਫਿਰ ਹਊਮੈ ਰੂਪੀ ਮੈਲ ਜਲ ਜਾਂਦੀ ਹੈ ਤੇ ਕੋਈ ਸੰਸਾ ਨਹੀਂ ਹੋਵੇਗਾ ਇਸ ਸ਼ਬਦ ਦੇ ਵਿਚ ਵੀ ਗੁਰੂ ਸਾਹਿਬ ਸਤਿਗੁਰ ਦੀਆਂ ਵਿਸ਼ੇਸ਼ਤਾਈਆਂ ਦੱਸ ਰਹੇ ਹਨ ਕਿ ਇਕ ਗੁਰੂ ਕਿਹੋ ਜਿਹਾ ਹੁੰਦਾ ਹੈ ਨਾਲੇ ਆਪਣੇ ਸਤਿਗੁਰਾਂ ਦੇ ਵਿਚ ਇਹ ਸਭ ਹਨ ਫਿਰ ਆਪਾਂ ਕਿਉਂ ਲੱਭਣ ਜਾਈਏ?

ਸ਼ਬਦ ਗੁਰੂ ਹੈ
ਪਹਿਲੇ ਅਧਿਆਇ ਦਾ ਇਹ ਹੀ ਮਕਸਦ ਸੀ ਕਿ ਜਿਸ ਕੰਧ ਤੇ ਨਿਰਾਲੇ ਵਲੋਂ ਮਨਘੜਤ ਗੱਲਾਂ ਘੜੀਆਂ ਗਈਆਂ ਨੇ ਉਹ ਸਮਝ ਸਕੀਏ ਹੁਣ ਜੇਕਰ ਗੁਰੂ ਸਾਹਿਬ ਸ਼ਬਦ ਨੂੰ ਗੁਰੂ ਨਹੀਂ ਮੰਨਦੇ ਸਨ ਤਾਂ ਗੁਰਤਾਗੱਦੀ ਕਿਉਂ ਦਿੱਤੀ? ਤੇ ਫਿਰ ਗੁਰਬਾਣੀ ਵੀ ਇਸ ਗੱਲ ਦਾ ਪ੍ਰਮਾਣ ਹੈ ਕਿ ਬਾਣੀ ਹੀ ਗੁਰੂ ਹੈ, ਗੁਰੂ ਹੀ ਬਾਣੀ ਹੈ ਪਰ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾ ਸਾਬਤ ਕਰਨ ਦੇ ਲਈ ਸਭ ਤੋਂ ਪਹਿਲਾਂ ਜੋ ਚੀਜ਼ ਚਾਹੀਦੀ ਹੈ ਉਹ ਹੈ ਪੁਰਾਣੇ ਸਮਿਆਂ ਦੇ ਵਿਚ ਬਾਣੀ ਹੋਣੀ ਤੇ ਫਿਰ ਇਹ ਕਹਿ ਦੇਣਾ ਕਿ ਪੁਰਾਣੇ ਸਮਿਆਂ ਦੇ ਵਿਚ ਵੀ ਬਾਣੀ ਸੀ ਫਿਰ ਬਾਣੀ ਗੁਰੂ ਕਿਵੇਂ ਹੋ ਸਕਦੀ ਹੈ ਇਹ ਹਾਲ ਹੈ ਆਪਣੇ ਨਿਰਾਲੇ ਦਾ ਆਉਂ ਇਸਨੂੰ ਉੱਤਰ ਦੇਈਏ ਇਸਦੇ ਕੁਝ ਸ਼ਬਦਾਂ ਦਾ ਜੋ ਇਸਨੇ ਇਸ ਲਈ ਰੱਖੇ ਨੇ
1.    ਆਖਣੁ ਵੇਖਣੁ ਬੋਲਣਾ ਸਬਦੇ ਰਹਿਆ ਸਮਾਇ ਬਾਣੀ ਵਜੀ ਚਹੁ ਜੁਗੀ ਸਚੋ ਸਚੁ ਸੁਣਾਇ - ਅੰਗ ੩੫
ਇਹ ਸ਼ਬਦ ਗੁਰੂ ਅਮਰਦਾਸ ਜੀ ਦਾ ਹੈ ਗੁਰਸਿੱਖਾਂ ਦੀ ਬੇਨਤੀ ਸੁਣਕੇ ਕਿ ਕਿਹੜਾ ਸਮਾਂ ਸਹੀ ਹੈ ਪਰਮਾਤਮਾ ਦੇ ਸਿਮਰਨ ਦੇ ਲਈ ਗੁਰੂ ਸਾਹਿਬ ਨੇ ਇਹ ਸ਼ਬਦ ਉਚਾਰਿਆ ਇਸ ਸ਼ਬਦ ਦੀ ਸ਼ੁਰੂਆਤ ਹੁੰਦੀ ਹੈ ‘ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ ਕਿ ਜੇਕਰ ਸਮਾਂ ਹੀ ਵਿਚਾਰਦੇ ਰਹੇ ਤਾਂ ਭਗਤੀ ਕਿਵੇਂ ਹੋਵੇਗੀ ਇਸ ਵਿਚ ਗੁਰੂ ਸਾਹਿਬ ਨੇ ਬਹੁਤ ਸਾਰੀਆਂ ਵਿਚਾਰਾਂ ਕੀਤੀਆਂ ਹਨ ਫਿਰ ਇਸ ਗੱਲ ਵਾਲੇ ਪਾਸੇ ਵੀ ਧਿਆਨ ਦਿਵਾਉਂਦੇ ਨੇ ਕਿ ਗੁਰਮੁਖਾਂ ਦਾ ਕਹਿਆ ਤਾਂ ਹੀ ਸਫ਼ਲ ਹੈ ਜੇ ਸ਼ਬਦ ਦੇ ਵਿਚ ਸੁਰਤਿ ਜੁੜ੍ਹੀ ਹੋਈ ਹੈ ਤੇ ਉਨ੍ਹਾਂ ਦੀ ਬਾਣੀ, ਉਹਨਾਂ ਦਾ ਉਪਦੇਸ਼, ਸਾਰੇ ਸੰਸਾਰ ਵਿਚ ਸੁਣਿਆ ਜਾਂਦਾ ਹੈ, ਜਾਂ ਫਿਰ ਕਹਿ ਲਵੋ ਕਿ ਚਾਰੇ ਜੁਗਾਂ ਦੇ ਵਿਚ ਸੱਚ ਹੋਇਆ ਹੈ
ਕੀ ਇਸ ਦਾ ਇਹ ਭਾਵ ਹੈ ਕਿ ਗੁਰਬਾਣੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਵੀ ਮੌਜੂਦ ਸੀ ਤੇ ਉਹ ਵੀ ਗੁਰੂ ਹੈ? ਇਸ ਦਾ ਉੱਤਰ ਥੋੜ੍ਹਾ ਜਿਹਾ ਠਹਿਰ ਕੇ ਦੇਵਾਂਗੇ
2.    ਸੁਥਾਉ ਸਚੁ ਮਨੁ ਨਿਰਮਲੁ ਹੋਇ ਸਚਿ ਨਿਵਾਸੁ ਕਰੇ ਸਚੁ ਸੋਇ ਸਚੀ ਬਾਣੀ ਜੁਗ ਚਾਰੇ ਜਾਪੈ ਸਭੁ ਕਿਛੁ ਸਾਚਾ ਆਪੇ ਆਪੈ - ਅੰਗ ੧੫੮
ਸਾਧਸੰਗਤ ਦੇ ਵਿਚ ਬੈਠਣ ਨਾਲ ਮਨ ਨਿਰਮਲ ਹੋ ਜਾਂਦਾ ਹੈ, ਸੱਚ ਦਾ ਨਿਵਾਸਾ ਹੋ ਜਾਂਦਾ ਹੈ (ਪਰਮਾਤਮਾ ਤਾਂ ਹੈ ਸ਼ਰੀਰ ਦੇ ਵਿਚ, ਸਾਧਸੰਗਤ ਦੇ ਵਿਚ ਬੈਠਣ ਨਾਲ, ਨਾਮ ਜਪਣ ਨਾਲ, ਉਸ ਦੀ ਪ੍ਰਾਪਤੀ ਹੋ ਜਾਂਦੀ ਹੈ, ਉਸ ਦੀ ਸਮਝ ਲੱਗ ਜਾਂਦੀ ਹੈ ) ਇਹ ਸੱਚੀ ਬਾਣੀ ਚਾਰੇ ਜੁਗਾਂ ਦੇ ਵਿਚ ਜਪੀ ਜਾਵੇਗੀ ਜਾਂ ਇਹ ਬਾਣੀ ਸੱਚ ਨੂੰ ਪ੍ਰਗਟ ਕਰਨ ਵਾਲੀ ਚਾਰੇ ਜੁਗਾਂ ਦੇ ਵਿਚ ਜਾਣੀ ਜਾਂਦੀ ਹੈ
3.    ਸਤਿਗੁਰੁ ਸੇਵਹਿ ਤਿਨ ਕੀ ਸਚੀ ਬਾਣੀ ਜੁਗੁ ਜੁਗੁ ਭਗਤੀ ਆਖਿ ਵਖਾਣੀ ਅਨਦਿਨੁ ਜਪਹਿ ਹਰਿ ਸਾਰੰਗਪਾਣੀ ਨਾਨਕ ਨਾਮਿ ਰਤੇ ਨਿਹਕੇਵਲ ਨਿਰਬਾਣੀ - ਅੰਗ ੧੬੧
ਇਹ ਸ਼ਬਦ ਸ਼ੁਰੂ ਹੁੰਦਾ ਹੈ ‘ਗੁਰ ਸੇਵਾ ਜੁਗ ਚਾਰੇ ਹੋਈ ’ ਭਾਵ ਕਿ ਗੁਰਾ ਦੀ ਸੇਵਾ ਚਾਰੇ ਜੁਗਾਂ ਦੇ ਵਿਚ ਹੁੰਦੀ ਆਈ ਹੈ ਇਸ ਸ਼ਬਦ ਦਾ ਭਾਵ ਇਹ ਹੈ ਕਿ ਸਤਿਗੁਰ ਦੀ ਸੇਵਾ ਨਾਲ ਹੀ ਸਭ ਕੁਝ ਮਿਲਦਾ ਹੈ ਉਸ ਦੀ ਸੇਵਾ ਨਾਲ ਹੀ ਮੁਕਤੀ ਮਿਲਦੀ ਹੈ, ਨਾਮ ਹਿਰਦੇ ਵਿਚ ਵੱਸਦਾ ਹੈ, ਹਉਮੈ ਵੀ ਇਸ ਨਾਲ ਹੀ ਮਰਦੀ ਹੈ, ਆਦਿ ਸਤਿਗੁਰ ਦੀ ਸੇਵਾ ਜੋ ਕਰਦੇ ਨੇ ਉਨ੍ਹਾਂ ਦੇ ਬਚਨ ਸੱਚੇ ਹੁੰਦੇ ਹਨ, ਜਾਂ ਇਹ ਕਹਿ ਲਵੋ ਕਿ ਉਨ੍ਹਾਂ ਦੇ ਮੁਖ ਵਿਚ ਸੱਚਾ ਪਰਮੇਸ਼ਰ ਦਾ ਨਾਂਅ ਵੱਸ ਜਾਂਦਾ ਹੈ ਚਾਰੇ ਜੁਗਾਂ ਦੇ ਭਗਤਾਂ ਨੇ ਇਹ ਗੱਲ ਆਖੀ ਹੈ ਜੋ ਉਸ ਪਰਮੇਸ਼ਰ ਨੂੰ ਜਪਦੇ ਹਨ ਤੇ ਨਾਮ ਦੇ ਵਿਚ ਰੱਤੇ ਰਹਿੰਦੇ ਹਨ ਉਹ ਸ਼ੁੱਧ ਚਿਤ ਵਾਲੇ ਹਨ, ਬੰਧਨਾਂ ਤੋਂ ਮੁਕਤ ਹਨ
ਇਸ ਤੋਂ ਇਲਾਵਾ ਨਿਰਾਲੇ ਨੇ ਦੋ ਹੋਰ ਸ਼ਬਦਾਂ ਦਾ ਹਵਾਲਾ ਦਿੱਤਾ ਹੈ ਆਪਣਾ ਨੁਕਤਾ ਰੱਖਣ ਦੇ ਲਈ
ਉੱਪਰ ਦਿੱਤੇ ਹੋਏ ਸ਼ਬਦਾਂ ਦੇ ਵਿਚ ਤੁਹਾਨੂੰ ਕਿਤੇ ਇਹ ਲੱਗਿਆ ਹੋਵੇ ਕਿ ਗੁਰਬਾਣੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਵੀ ਸੀ? ਇਹ ਉਹ ਲੋਕ ਜ਼ਰੂਰ ਕਹਿ ਸਕਦੇ ਨੇ ਜਿਨ੍ਹਾਂ ਨੇ ਬਸ ‘ਸੱਚੀ ਬਾਣੀ’ ਜਾਂ ‘ਜੁਗ ਜੁਗ’ ਅੱਖਰ ਦੇਖ ਲਏ ਹੋਣਗੇ ਪਰ ਗੁਰੂ ਸਾਹਿਬ ਕਿਤੇ ਇਹ ਨਹੀਂ ਕਹਿ ਰਹੇ ਕਿ ਭਾਈ ਗੁਰਬਾਣੀ ਪਹਿਲਾਂ ਵੀ ਸੀ ਹਾਂ, ਪੁਰਾਣੇ ਸਮਿਆਂ ਦੇ ਵਿਚ ਲੋਕ ਦੂਜੇ ਗੁਰੂਆਂ ਤੋਂ ਗਿਆਨ ਜ਼ਰੂਰ ਲੈਂਦੇ ਸਨ ਜੋ ਵੀ ਮਿਲਦਾ ਸੀ ਉਸਨੂੰ ਕਮਾਉਂਦੇ ਸਨ ਇਹ ਵੀ ਹੈ ਕਿ ਬਾਕੀ ਦੇ ਧਾਰਮਿਕ ਗ੍ਰੰਥਾਂ ਦੇ ਵਿਚ ਬਹੁਤ ਕੁਝ ਸੱਚ ਵੀ ਹੈ ਆਪਾਂ ਵੇਦਾਂ ਦੀ ਹੀ ਗੱਲ ਕਰ ਲੈਂਦੇ ਹਾਂ ਅਨੰਦੁ ਸਾਹਿਬ ਜੀ ਵਿਚ ਆਪਾਂ ਹਰ ਰੋਜ਼ ਪੜ੍ਹਦੇ ਹਾਂ
1.     ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ - ਅੰਗ ੯੧੯
ਨਾਮ ਦਾ ਜ਼ਿਕਰ ਵੇਦਾਂ ਦੇ ਵਿਚ ਵੀ ਮਿਲਦਾ ਹੈ ਪਰ ਵੇਦਾਂ ਦਾ ਪੁਜਾਰੀ ਸਿੱਖ ਇਸ ਲਈ ਨਹੀਂ ਬਣਿਆਂ ਕਿਉਂਕਿ ਇਹ ਤਿੰਨ ਗੁਣਾਂ ਨਾਲ ਭਰਪੂਰ ਨੇ ਗੁਰਬਾਣੀ ਸਿਰਫ਼ ਬ੍ਰਹਮ ਦੀ ਗੱਲ ਹੈ, ਇਸ ਵਿਚ ਕੋਈ ਦੇਵੀ ਦੇਵਤੇ ਦੀ ਪੂਜਾ ਨਹੀਂ ਕੁਝ ਲੋਕ ਜਿਨ੍ਹਾਂ ਨੂੰ ਰਾਮ, ਹਰਿ, ਗੋਬਿੰਦ, ਮੁਰਾਰ, ਇਤਿਆਦਿ, ਨਾਵਾਂ ਦਾ ਨਹੀਂ ਪਤਾ ਉਹ ਇਨ੍ਹਾਂ ਨੂੰ ਦੇਵਤਿਆਂ ਨਾਲ ਜੋੜ੍ਹ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਗੁਰੂ ਸਾਹਿਬਾਨਾਂ ਨੇ ਦੇਵੀ-ਦੇਵਤਿਆਂ ਦੀ ਹੀ ਉਸਤਤ ਕੀਤੀ ਹੈ ਜੇਕਰ ਇਨ੍ਹਾਂ ਨੂੰ ਪੁੱਛਿਆ ਜਾਵੇ ਕਿ ਰਾਮ ਦਾ ਮਤਲਬ ਕੀ ਹੈ ਇਸਨੂੰ ਛੱਡ ਕੇ ਇਹ ਰਾਮ ਨੂੰ ਰਾਮਚੰਦਰ ਨਾਲ ਜੋੜ੍ਹਨ ਲੱਗ ਜਾਂਦੇ ਨੇ ਜਿਨ੍ਹਾਂ ਚਿੱਕਰ ਆਪਾਂ ਨੂੰ ਸ਼ਬਦਾਂ ਦੇ ਅਰਥਾਂ ਦਾ ਨਹੀਂ ਪਤਾ, ਉਨ੍ਹਾਂ ਚਿੱਕਰ ਆਪਾਂ ਇਨ੍ਹਾਂ ਘੁੰਮਣਘੇਰੀਆਂ ਦੇ ਵਿਚ ਹੀ ਪਏ ਰਵਾਂਗੇ
ਜੋ ਚੀਜ਼ ਵੱਲ ਆਪਣਾ ਵਿਸ਼ੇਸ਼ ਧਿਆਨ ਜਾਣਾ ਚਾਹੀਦਾ ਹੈ ਉਹ ਇਹ ਕਿ ਜੇਕਰ ਪਹਿਲਾਂ ਗੁਰਬਾਣੀ ਹੈਗੀ ਸੀ, ਜਾਂ ਸੱਚੀ ਬਾਣੀ ਸੀ, ਤਾਂ ਗੁਰੂ ਸਾਹਿਬ ਨੂੰ ਗੁਰਬਾਣੀ ਰਚਣ ਦੀ ਕੀ ਲੋੜ ਸੀ, ਕਹਿ ਦਿੰਦੇ ਕਿ ਭਾਈ ਆਹਾ-ਆਹਾ ਸੱਚੀ ਬਾਣੀ ਏਸ ਗ੍ਰੰਥ ਦੇ ਵਿਚ ਹੈ ਉਹ ਪੜ੍ਹ ਲਵੋ ਜਾ ਕੇ ਇਸ ਨੂੰ ਬਹੁਤ ਸਮਝਣ ਦੀ ਲੋੜ ਹੈ ਹਿੰਦੂ ਧਾਰਮਿਕ ਬਿਰਤੀ ਵਾਲੇ ਲੋਕ ਹਜ਼ਾਰਾਂ ਸਾਲਾਂ ਤੋਂ ਦੇਵੀ-ਦੇਵਤਿਆਂ ਦੇ ਹੀ ਪੁਜਾਰੀ ਰਹੇ ਹਨ ਜਿਨ੍ਹਾਂ ਨੇ ਰਿਗਵੇਦ ਪੜ੍ਹਿਆ ਹੈ, ਜੋ ਚਾਰ ਵੇਦਾਂ ਵਿਚੋਂ ਇਕ ਹੈ, ਉਨ੍ਹਾਂ ਨੂੰ ਪਤਾ ਹੈ ਕਿ ਇਸ ਵਿਚ ਦੇਵਤਿਆਂ ਦੀ ਕਿੰਨੀ ਜ਼ਿਆਦਾ ਉਸਤਤ ਹੈ ਮੰਨੂ ਸਿਮ੍ਰਤੀ ਵਰਗੀਆਂ ਕਿਤਾਬਾਂ ਨੇ ਕਿੰਨੇ ਸਾਲ ਹਿੰਦੂ ਮਾਨਸਿਕਤਾ ਨੂੰ ਜ਼ੰਜੀਰਾਂ ਦੇ ਵਿਚ ਜਕੜ ਕੇ ਰੱਖਿਆ, ਪੁਰਾਣਾਂ ਵਿਚਲੀਆਂ ਗੱਲਾਂ ਦਾ ਤਾਂ ਕੋਈ ਅੰਤ ਹੀ ਨਹੀਂ ਹੈ - ਹਰ ਇਕ ਦੇਵਤੇ ਦੀ ਉਸਤਤ ਦੇ ਲਈ ਇਕ ਅਲੱਗ ਪੁਰਾਣ ਇਨ੍ਹਾਂ ਦੇਵੀ-ਦੇਵਤਿਆਂ ਦੀ ਉਸਤਤ ਨਾਲ ਭਰਪੂਰ ਗ੍ਰੰਥਾਂ ਵਿਚ ਕਿਵੇਂ ਗੁਰੂ ਸਾਹਿਬ ਨਿਸ਼ਾਨੀਆਂ ਲਗਾ ਕੇ ਦੇ ਸਕਦੇ ਸਨ? ਉਸ ਬ੍ਰਹਮ ਨੂੰ ਮਿਲਣ ਦੇ ਲਈ ਇਹ ਕਾਫ਼ੀ ਨਹੀਂ ਸਨ ਇਸ ਦੇ ਲਈ ਤਾਂ ਇਕ ਨਿਰੋਲ ਗ੍ਰੰਥ ਦੀ ਜ਼ਰੂਰਤ ਸੀ ਜਿਸ ਵਿਚ ਸਿਰਫ਼ ਬ੍ਰਹਮ ਹੀ ਬ੍ਰਹਮ ਹੋਵੇ
ਫਿਰ ਉਹ ਲੋਕ ਜੋ ਇਹ ਕਹਿੰਦੇ ਨੇ ਕਿ ਗਿਆਨ ਹੀ ਗੁਰੂ ਹੈ ਉਨ੍ਹਾਂ ਲਈ ਇਹ ਪ੍ਰਸ਼ਨ ਹੈ ਕਿ ਗਿਆਨ ਤਾਂ ਦੁਨੀਆਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਦੇ ਵਿਚ ਹੈ, ਫਿਰ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਗੁਰਤਾਗੱਦੀ ਕਿਉਂ ਨਹੀਂ ਦਿੱਤੀ? ਇਹ ਇੱਕ ਬਹੁਤ ਵੱਡਾ ਪ੍ਰਸ਼ਨ ਹੈ ਕਈ ਲੋਕ ਇਹ ਕਹਿੰਦੇ ਨਹੀਂ ਥੱਕਦੇ ਕਿ ਗੁਰੂ ਸਾਹਿਬ ਨੇ ਵੇਦਾਂ ਵਿਚੋਂ ਹੀ ਗੁਰਬਾਣੀ ਕੱਢੀ ਹੈ ਜਾਂ ਉਪਨਿਸ਼ਦਾਂ ਵਿਚੋਂ ਗੁਰਬਾਣੀ ਕੱਢੀ ਹੈ ਉਹ ਇਹ ਦੱਸਣ ਕਿ ਗੁਰੂ ਸਾਹਿਬ ਨੇ ਇਸਦਾ ਜ਼ਿਕਰ ਕਿਉਂ ਨਹੀਂ ਕੀਤਾ ਕਿ ਇਹ ਅਸੀਂ ਇਨ੍ਹਾਂ ਪੁਸਤਕਾਂ ਵਿਚੋਂ ਲੈ ਰਹੇ ਹਾਂ? ਜਦੋਂ ਵੀ ਇਹ ਗੱਲ ਆਉਂਦੀ ਹੈ ਕਿ ਇਹ ਗੁਰਬਾਣੀ ਕਿਥੋਂ ਆ ਰਹੀ ਹੈ, ਉਸ ਵੇਲੇ ਗੁਰੂ ਸਾਹਿਬ ਵਾਹਿਗੁਰੂ ਵੱਲ ਹੀ ਕਿਉਂ ਇਸ਼ਾਰਾ ਕਰਦੇ ਨੇ? ਫਿਰ ਗੁਰਤਾਗੱਦੀ ਉਪਨਿਸ਼ਦਾਂ ਨੂੰ ਦੇ ਦਿੰਦੇ, ਉਹ ਵੀ ਨਹੀਂ ਕੀਤਾ ਫਿਰ ਕਿਥੇ ਹੈ ਉਹ ‘ਜੁਗ ਜੁਗ’ ਵਾਲੀ ਗੁਰਬਾਣੀ, ਜੋ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਇਸ ਸੰਸਾਰ ਦੇ ਵਿਚ ਮੌਜੂਦ ਸੀ, ਜਿਸਦਾ ਨਿਰਾਲਾ ਜ਼ਿਕਰ ਕਰ ਰਿਹਾ ਹੈ? ਇਸ ਨੂੰ ਵੀ ਸਮਝਣਾ ਆਪਣੇ ਲਈ ਬਹੁਤ ਜ਼ਰੂਰੀ ਹੈ ਕਿ ਗੁਰਬਾਣੀ ਹਮੇਸ਼ਾ ਦੇ ਲਈ ਹੀ ਸੀ, ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਵੀ ਜਦੋਂ ਵਾਹਿਗੁਰੂ ਜੀ ਨੇ ਸੰਸਾਰ ਦੇ ਵਿਚ ਗੁਰੂ ਨਾਨਕ ਦੇਵ ਜੀ ਦੇ ਰੂਪ ਦੇ ਵਿਚ ਆਉਣਾ ਕੀਤਾ ਓਦੋਂ ਇਹ ਗੁਰਬਾਣੀ ਇਸ ਸੰਸਾਰ ਦੇ ਵਿਚ ਪ੍ਰਕਾਸ਼ ਹੋਈ ਗੁਰੂ ਸਾਹਿਬ ਜੀ ਦੇ ਮੂੰਹੋਂ ਜਦੋਂ ਇਹ ਦੁਨੀਆਂ ਨਹੀਂ ਰਹੇਗੀ, ਗੁਰਬਾਣੀ ਫਿਰ ਵੀ ਰਹੇਗੀ ਸੱਚਖੰਡ ਵਿਚ ਪਰ ਵੇਦਾਂ ਜਾਂ ਹੋਰ ਪੁਸਤਕਾਂ ਨੇ ਸਦਾ ਨਹੀਂ ਰਹਿਣਾ, ਜਦ ਦੁਨੀਆਂ ਖ਼ਤਮ ਹੋਵੇਗੀ ਇਹ ਵੀ ਖ਼ਤਮ ਹੋ ਜਾਣਗੇ ਸਣੇ ਸਾਰੀਆਂ ਦੇਵਤਿਆਂ ਵਾਲੀਆਂ ਪੁਰੀਆਂ ਦੇ
2.    ਸਾਸਤ ਸਿੰਮ੍ਰਿਤਿ ਬਿਨਸਹਿਗੇ ਬੇਦਾ - ਅੰਗ ੨੩੭
ਪੁਰਾਣੇ ਸਮਿਆਂ ਦੇ ਵਿਚ ਜੋ ਵੀ ਹਿੰਦੂ ਕਰਦੇ ਆਏ ਇਹ ਸਭ ਕਲਜੁਗ ਦੇ ਵਿਚ ਨਹੀਂ ਚੱਲਣਾ ਗੁਰੂ ਸਾਹਿਬ ਨੇ ਇਹ ਸਾਫ਼ ਲਿਖ ਦਿੱਤਾ ਹੈ ਕਿ ਕਰਮ ਕਾਂਡਾਂ ਨਾਲ ਕੁਝ ਨਹੀਂ ਸਵਰਨਾ, ਨਾਮ ਸਿਮਰਨ ਕਰਨਾ ਹੀ ਪੈਣਾ ਹੈ ਦੇਵੀ-ਦੇਵਤਿਆਂ ਦੀ ਉਸਤਤ ਨਾਲ ਕੁਝ ਨਹੀਂ ਹੋਣਾ ਜੇ ਕੀਤੀ ਵੀ ਫਿਰ ਇਸ ਸੰਸਾਰ ਦੇ ਵਿਚ ਆਉਣਾ ਹੀ ਪੈਣਾ ਹੈ ਭਾਈ ਬਾਲੇ ਵਾਲੀ ਸਾਖੀ ਦੇ ਵਿਚ ਇਹ ਲਿਖਿਆ ਹੈ:
ਜੋ ਅਵਤਾਰ ਦੀ ਪੂਜਾ ਕਰਦੇ ਹਨ ਸੋ ਭਾਵੇ ਕੇਹਾ ਭਗਤ ਹੋਵੈ ਅਤੇ ਬਾਛਨਾ ਕਾਈ ਨਹੀ ਉਠਦੀ ਤਾ ਭੀ ਫੇਰ ਜਨਮ ਆਵਦਾ ਹੈ ਅਤੇ ਨਿਰਗੁਣੀ ਭਗਤ ਹੋਵੈ ਅਤੇ ਬਾਛਨਾ ਕਾਈ ਉਠਦੀ ਪਰਮੇਸ਼ਰ ਬਿਨਾ ਤਾਂ ਭੀ ਜਨਮ ਲਜਾਵਦੀ ਹੈ ਅਤੇ ਜੋ ਇਕ ਨਿਰੰਕਾਰ ਦੀ ਬਾਛਨਾ ਕਰਦਾ ਹੈ ਓਹ ਨਿਰੰਕਾਰ ਹੀ ਬਾਸਨਾ ਸਮਾਵਦੀ ਹੈ ਨਿਰੰਕਾਰੀ ਜੋ ਹੈਨ ਨਿਰੰਕਾਰ ਹੀ ਦੀ ਬਾਛਨਾ ਕਰਦੇ ਹੈਨ ਉਨਾ ਅਤੇ ਨਿਰੰਕਾਰ ਵਿਚ ਭੇਦ ਕੁਝ ਨਾਂਹੀ ਅਤੇ ਅਵਤਾਰਾਂ ਦਾ ਸਿਮਰਨ ਕਰੇ ਅਤੇ ਬਾਛਨਾ ਕਾਈ ਨਾਂ ਕਰੇ ਤਾ ਭੀ ਚੌਰਾਸੀ ਭੋਗੇਗਾ
ਇਨ੍ਹਾਂ ਅਵਤਾਰਾਂ ਨੇ ਕੋਈ ਪਰਮਾਤਮਾ ਦਾ ਨਾਂ ਨਹੀਂ ਜਪਾਇਆ ਗੁਰੂ ਗੋਬਿੰਦ ਸਿੰਘ ਜੀ ਆਪਣੀ ਬਾਣੀ ਦੇ ਵਿਚ ਲਿਖਦੇ ਨੇ ਕਿ ਇਨ੍ਹਾਂ ਸਭ ਨੇ ਆਪਣੇ-ਆਪਣੇ ਨਾਂ ਜਪਾਏ ਸੋ ਉਹ ਸੱਚੀ ਬਾਣੀ ਜੋ ਗੁਰੂ ਰਾਹੀਂ ਪ੍ਰਗਟ ਹੁੰਦੀ ਹੈ ਉਹੀ ਗਾਉਣੀ ਪੈਣੀ ਹੈ
ਜਿਨ੍ਹਾਂ ਨੇ ਗੁਰਬਾਣੀ ਪੜ੍ਹੀ ਹੈ ਉਨ੍ਹਾਂ ਨੂੰ ਪਤਾ ਹੈ ਕਿ ਇਸ ਵਿਚ ਭਗਤਾਂ ਤੇ ਭੱਟਾਂ ਦੀ ਬਾਣੀ ਵੀ ਦਰਜ਼ ਹੈ ਬਾਬਾ ਫਰੀਦ ਜੀ ਤੇ ਭਗਤ ਨਾਮਦੇਵ ਜੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੋਏ ਸਨ ਗੁਰੂ ਸਾਹਿਬ ਨੇ ਇਨ੍ਹਾਂ ਦੀ ਬਾਣੀ ਵੀ ਦਰਜ਼ ਕੀਤੀ ਹੈ ਇਨ੍ਹਾਂ ਦੀ ਬਾਣੀ ਗੁਰੂ ਇਸ ਲਈ ਹੀ ਕਹਾਈ ਕਿਉਂਕਿ ਗੁਰੂ ਸਾਹਿਬ ਨੇ ਇਹ ਪ੍ਰਵਾਣ ਕੀਤੀ ਹੈ ਗੁਰੂ ਸਾਹਿਬ ਨੇ ਅਭੇਦਤਾ ਵੀ ਦਰਸਾਈ ਹੈ ਕਿ ਇਨ੍ਹਾਂ ਦੀ ਬਾਣੀ ਤੇ ਸਾਡੀ ਬਾਣੀ ਵਿਚ ਕੋਈ ਭੇਦ ਨਹੀਂ ਜਾਨਣਾ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੇ ਕਾਨ੍ਹਾ, ਪੀਲੋ, ਆਦਿ ਭਗਤ ਵੀ ਆਏ ਸਨ ਜੋ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਕਰਾਉਣਾ ਚਾਹੁੰਦੇ ਸਨ ਪਰ ਗੁਰੂ ਸਾਹਿਬ ਨੇ ਉਨ੍ਹਾਂ ਦੀ ਬਾਣੀ ਨੂੰ ਪ੍ਰਵਾਨ ਨਹੀਂ ਕੀਤਾ ਕਈ ਮੂਰਖ਼ ਜੋ ਦਿਹ ਕਹਿੰਦੇ ਨੇ ਕਿ ਗੁਰੂ ਸਾਹਿਬ ਨੇ ਵੇਦਾਂ ਵਿਚੋਂ ਜਾਂ ਕਿਸੇ ਹੋਰ ਪੁਸਤਕ ਦੇ ਵਿਚੋਂ ਬਾਣੀ ਕੱਢੀ ਹੈ, ਇਨ੍ਹਾਂ ਨੂੰ ਕਾਨ੍ਹਾ ਤੇ ਪੀਲੋ ਵਾਲੇ ਪ੍ਰਸੰਗਾਂ ਦਾ ਨਹੀਂ ਪਤਾ ਕਿ ਗੁਰੂ ਸਾਹਿਬ ਕੋਈ ਐਵੇਂ ਹੀ ਨਹੀਂ ਬਾਣੀ ਚੜ੍ਹਾ ਰਹੇ ਸਨ ਜੇਕਰ ਕੁਝ ਉਨ੍ਹਾਂ ਦੇ ਸਿਧਾਂਤ ਦੇ ਖ਼ਿਲਾਫ਼ ਸੀ ਉਹ ਗੁਰੂ ਗ੍ਰੰਥ ਸਾਹਿਬ ਵਿਚ ਨਹੀਂ ਲਿਖਿਆ
ਭਗਤਾਂ ਦੀ ਬਾਣੀ, ਜੋ ਗੁਰੂ ਸਾਹਿਬ ਤੋਂ ਪਹਿਲਾਂ ਹੋਏ ਹਨ, ਇਸ ਲਈ ਹੀ ਗੁਰੂ ਅਖਵਾਈ ਕਿਉਂਕਿ ਗੁਰੂ ਸਾਹਿਬ ਨੇ ਇਨ੍ਹਾਂ ਰਚਨਾਵਾਂ ਨੂੰ ਦਰਜ਼ ਕੀਤਾ ਸੀ ਜੇਕਰ ਇਹ ਬਾਣੀ ਦਰਜ਼ ਨਾ ਹੁੰਦੀ ਤਾਂ ਇਹ ਪ੍ਰੇਰਨਾ ਸ੍ਰੋਤ ਤਾ ਕਹੀ ਜਾ ਸਕਦੀ ਸੀ ਪਰ ਗੁਰੂ ਨਹੀਂ ਗੁਰੂ ਓਹੀ ਹੈ ਜੋ ਗੁਰੂ ਸਾਹਿਬ ਨੇ ਆਪ ਲਿਖਿਆ ਜਾਂ ਦਰਜ਼ ਕਰਵਾਇਆ ਬਿਨਾਂ ਗੁਰੂ ਸਾਹਿਬ ਦੀ ਮਰਜ਼ੀ ਤੋਂ ਕੋਈ ਬਾਣੀ ਗੁਰੂ ਨਹੀਂ ਕਹੀ ਜਾ ਸਕਦੀ

ਨਿਰਮੂਲ ਪ੍ਰਸ਼ਨਾਂ ਦੇ ਉੱਤਰ:
ਇਹ ਲਿਖਣ ਤੋਂ ਬਾਅਦ ਕਿ ਗੁਰੂ ਸਾਹਿਬ ਦੇ ਸਮੇਂ ਤੋਂ ਪਹਿਲਾਂ ਵੀ ਸੱਚੀ ਬਾਣੀ ਸੀ ਤੇ ਇਸ ਕਰਕੇ ਬਾਣੀ ਨੂੰ ਗੁਰੂ ਨਹੀਂ ਕਹਿਆ ਜਾ ਸਕਦਾ, ਨਿਰਾਲੇ ਨੇ ੧੨ ਪ੍ਰਸ਼ਨ ਕੀਤੇ ਹਨ, ਜਿਨ੍ਹਾਂ ਦਾ ਪ੍ਰਯੋਜਨ ਇਹ ਹੈ ਕਿ ਗੁਰਬਾਣੀ ਗੁਰੂ ਨਹੀਂ ਹੈ ਆਉ ਇਸ ਵੱਲ ਵੀ ਝਾਤ ਮਾਰ ਲਈਏ
1.    ਪ੍ਰਸ਼ਨ: ਗੁਰਬਾਣੀ ਦੇ ਇਹਨਾਂ ਹਵਾਲਿਆਂ ਅਨੁਸਾਰ ‘ਬਾਣੀ’ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਵੀ ਮੌਜੂਦ ਸੀ ਅਤੇ ਉਹ ਗੁਰੂ ਦਾ ਕਰਤਵ ਪਾਲਨ ਵਿਚ ਸਮਰਥ ਤੇ ਬੇਮੁਥਾਜ ਸੀ ਤਾਂ ਫਿਰ ਦੇਹਧਾਰੀ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਅਵਤਰ ਧਾਰਨ ਦੀ ਕਿਉਂ ਲੋੜ ਪਈ?
ਗੁਰੂ ਨਾਨਕ ਦੇਵ ਜੀ ਨੂੰ ਅਵਤਾਰ ਇਸ ਲਈ ਧਾਰਨਾ ਪਿਆ ਉਨ੍ਹਾਂ ਤੋਂ ਪਹਿਲਾਂ ਬਾਣੀ ਦੇ ਹੁੰਦਿਆਂ ਵੀ ਕਿਉਂਕਿ ਦੁਨੀਆਂ ਦੇ ਵਿਚ ਹਾਹਾਕਾਰ ਮਚੀ ਹੋਈ ਸੀ ਸਾਰੇ ਲੋਕ ਅੰਧਵਿਸ਼ਵਾਸਾਂ ਦੇ ਵਿਚ ਫਸੇ ਹੋਏ ਸਨ ਰਾਜ ਕਰਨ ਵਾਲੇ ਲੋਕਾਂ ਨੂੰ ਨੋਚ-ਨੋਚ ਕੇ ਖਾ ਰਹੇ ਸਨ ਇਹ ਗੁਰੂ ਨਾਨਕ ਦੇਵ ਜੀ ਦੀ ਆਪਣੀ ਬਾਣੀ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਤੋਂ ਵੀ ਸਾਬਤ ਹੁੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਦੇ ਵਿਚ ਜ਼ਿਕਰ ਕੀਤਾ ਹੈ ਪੁਰਾਣੇ ਸਮਿਆਂ ਦੇ ਵਿਚ ਬੇਦੀਆਂ ਤੇ ਸੋਢੀਆਂ ਦੇ ਵਿਚ ਬਚਨ-ਬਿਲਾਸ ਹੋਏ ਸਨ
1.     ਚਾਰਿ ਵਰਨ ਚਾਰਿ ਮਜਹਬਾ ਜਗ ਵਿਚਿ ਹਿੰਦੂ ਮੁਸਲਮਾਣੇ
ਖੁਦੀ ਬਖੀਲਿ ਤਕਬਰੀ ਖਿੰਚੋਤਾਣ ਕਰਨਿ ਧਿਙਾਣੇ
ਗੰਗ ਬਨਾਰਸਿ ਹਿੰਦੂਆਂ ਮਕਾ ਕਾਬਾ ਮੁਸਲਮਾਣੇ
ਸੁੰਨਤਿ ਮੁਸਲਮਾਣ ਦੀ ਤਿਲਕ ਜੰਞੂ ਹਿੰਦੂ ਲੋਭਾਣੇ
ਰਾਮ ਰਹੀਮ ਕਹਾਇਦੇ ਇਕੁ ਨਾਮੁ ਦੁਇ ਰਾਹ ਭੁਲਾਣੇ
ਬੇਦ ਕਤੇਬ ਭੁਲਾਇਕੈ ਮੋਹੇ ਲਾਲਚ ਦੁਨੀ ਸੈਤਾਣੇ
ਸਚੁ ਕਿਨਾਰੇ ਰਹਿ ਗਇਆ ਖਹਿ ਮਰਦੇ ਬਾਹਮਣ ਮਉਲਾਣੇ
ਸਿਰੋ ਨ ਮਿਟੇ ਆਵਣ ਜਾਣੇ ੨੧ - ਭਾਈ ਗੁਰਦਾਸ ਜੀ, ਵਾਰ ਪਹਿਲੀ, ੨੧ਵੀਂ ਪਉੜੀ
ਰਹੀ ਗੱਲ ਪਹਿਲਾਂ ਦੀ ਬਾਣੀ ਦੀ, ਉਹ ਅਜੇ ਗੁਰ-ਪ੍ਰਵਾਣ ਨਹੀਂ ਹੋਈ ਸੀ ਇਸ ਕਰਕੇ ਗੁਰੂ ਦਾ ਦਰਜ਼ਾ ਨਹੀਂ ਸੀ ਮਿਲਿਆ ਨਿਰਾਲੇ ਨੇ ਵਿਸ਼ਨੂੰ ਜਾਂ ਕਈ ਹੋਰ ਬੇਫ਼ਜ਼ੂਲ ਗੱਲਾਂ ਵੀ ਕੀਤੀਆਂ ਹਨ ਜਿਨ੍ਹਾਂ ਦਾ ਜ਼ਿਕਰ ਆਪਾਂ ਅੱਗੇ ਜਾ ਕੇ ਕਰਾਂਗੇ ਆਉ ਹੁਣ ਇਸਦੀ ਹੀ ਕਾਪੀ ਦਾ ਇਕ ਪੇਜ ਲੈ ਕਰ ਇਸ ਨੂੰ ਉੱਤਰ ਦਈਏ
ਨਿਰਾਲਾ ਕਹਿੰਦਾ ਹੈ ਕਿ ਚਾਰੇ ਜੁਗਾਂ ਦੇ ਵਿਚ ਬਾਣੀ ਸੀ, ਉਸਨੇ ਇਸਦਾ ਜ਼ਿਕਰ ਵੀ ਕੀਤਾ ਆਪਾਂ ਵੀ ਇਸ ਬਾਰੇ ਗੱਲ ਕਰ ਆਏ ਹਾਂ ਜੇਕਰ ਪਹਿਲਾਂ ਬਾਣੀ ਹੈਗੀ ਸੀ ਤਾਂ ਫਿਰ ਕ੍ਰਿਸ਼ਨ ਤੇ ਰਾਮ ਜੀ ਨੂੰ ਆਉਣ ਦੀ ਕੀ ਲੋੜ ਪਈ ਸੀ? ਵੇਦ ਤੇ ਹੋਰ ਗ੍ਰੰਥ ਤਾਂ ਕਹਿੰਦੇ ਆ ਬਹੁਤ ਪਹਿਲਾਂ ਦੇ ਹੀ ਸਨ ਫਿਰ ਕ੍ਰਿਸ਼ਨ ਜੀ ਨੂੰ ਗੀਤਾ ਉਚਾਰਨੀ ਕਿਉਂ ਪਈ? ਵੇਦਾਂ ਵਿਚੋਂ ਹੀ ਗਿਆਨ ਦੇ ਦਿੰਦੇ? ਜਿਵੇਂ ਨਿਰਾਲਾ ਕਰ ਰਿਹਾ ਹੈ ਸਿੱਖ ਗੁਰੂਆਂ ਨਾਲ, ਉਵੇਂ ਕ੍ਰਿਸ਼ਨ ਤੇ ਰਾਮ ਜੀ ਨਾਲ ਵੀ ਕਰ ਸਕਦਾ ਹੈ ਕਿ ਨਹੀਂ? ਕਿ ਇਹੋ ਜਿਹੀਆਂ ਗੱਲਾਂ ਸਿਰਫ਼ ਸਿੱਖਾਂ ਲਈ ਹੀ ਰੱਖੀਆਂ ਹਨ? ਥੋੜ੍ਹਾ ਜਾ ਧਿਆਨ ਰਾਮ ਕ੍ਰਿਸ਼ਨ ਜੀ ਵੱਲ ਵੀ ਮਾਰੋ ਤੇ ਉੱਤਰ ਦਿਓ ਇਨ੍ਹਾਂ ਪ੍ਰਸ਼ਨਾਂ ਦੇ
2.    ਪ੍ਰਸ਼ਨ: ਜੇਕਰ ਸੰਪ੍ਰਦਾ ਇਕ ਪਹਿਲੂ ਦੇ ਵਿਚਾਰ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਇਸ ਬਹਿਸ ਨਾਲੋਂ ਵੱਖਰਾ ਵੀ ਕਰ ਦਿੱਤਾ ਜਾਵੇ ਅਰ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਹੀ ਗੁਰਬਾਣੀ ਪ੍ਰਵਾਨ ਕੀਤਾ ਜਾਏ ਤਾਂ ਉਸ (ਗੁਰਬਾਣੀ) ਦੀ ਮੌਜੂਦਗੀ ਵਿਚ ਸ੍ਰੀ ਲਹਿਣਾ ਜੀ ਦੇਹਧਾਰੀ ਨੂੰ ਗੁਰੂ ਥਾਪਣ ਦੀ ਕੀ ਲੋੜ ਸੀ?
ਗੁਰੂ ਨਾਨਕ ਦੇਵ ਜੀ ਨੂੰ ਗੁਰਬਾਣੀ ਦੇ ਹੁੰਦਿਆਂ ਭਾਈ ਲਹਿਣਾ ਜੀ ਨੂੰ ਗੁਰਤਾਗੱਦੀ ਇਸ ਲਈ ਦਿੱਤੀ ਗਈ ਸੀ ਕਿਉਂਕਿ ਗੁਰੂ ਸਾਹਿਬ ਦਾ ਮਨੋਰਥ ਅਜੇ ਬਾਕੀ ਸੀ ਗੁਰੂ ਨਾਨਕ ਦੇਵ ਜੀ ਨੇ ਬਹੁਤ ਥਾਂਵਾਂ ਤੇ ਵਿਚਰ ਕੇ ਲੋਕਾਂ ਨੂੰ ਸਿੱਧੇ ਰਾਹ ਪਾਇਆ, ਗੁਰਬਾਣੀ ਦੇ ਰਾਹੀਂ ਉਪਦੇਸ਼ ਦਿੱਤਾ ਪਰ ਅਜੇ ਬਹੁਤ ਵੱਡੇ ਕੰਮ ਬਾਕੀ ਸਨ ਸਿੱਖਾਂ ਨੂੰ ਬਹੁਤ ਕੁਝ ਦੱਸਣਾ ਬਾਕੀ ਸੀ ਇਹ ੨੩੯ ਸਾਲਾਂ ਦਾ ਸਫ਼ਰ ਸੀ ਜੋ ਗੁਰੂ ਸਾਹਿਬਾਨ ਨੇ ਕੀਤਾ ਇਸ ਵਿਚ ਸਭ ਕੁਝ ਸਿੱਖਾਂ ਨੂੰ ਦੇ ਦਿੱਤਾ
3.    ਪ੍ਰਸ਼ਨ: ਕੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਸਿੱਖ ਗੁਰਬਾਣੀ ਨੂੰ ‘ਗੁਰੂ’ ਨਹੀਂ ਮੰਨਦੇ ਸਨ? ਜੇਕਰ ਮੰਨਦੇ ਸਨ, ਤਾਂ ਉਹਨਾਂ ਦੇ ਨਾਲ ਹੀ ਗੁਰੂ ਅੰਗਦ ਜੀ ਨੂੰ ਬਾਣੀ ਦੀ ਮੌਜੂਦਗੀ ਵਿਚ ‘ਗੁਰੂ’ ਕਿਉਂ ਮੰਨਿਆ?
ਇਹ ਕਹਿਣਾ ਔਖਾ ਹੋਵੇਗਾ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੇ ਸਿੱਖ ਗੁਰਬਾਣੀ ਨੂੰ ਗੁਰੂ ਮੰਨਦੇ ਸਨ ਗੁਰਬਾਣੀ ਦਾ ਆਦਰ ਜ਼ਰੂਰ ਕਰਦੇ ਸਨ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੇ ਗੁਰੂ ਸਾਹਿਬ ਨੇ ਜੋਤੀ ਜੋਤਿ ਸਮਾਉਣ ਤੋਂ ਪਹਿਲਾਂ ਹੀ ਭਾਈ ਲਹਿਣਾ ਜੀ ਨੂੰ ਗੁਰਤਾਗੱਦੀ ਦੇ ਦਿੱਤੀ ਸੀ ਇਸਨੂੰ ਕੀ ਮੰਨੋਗੇ? ਕਿ ਦੋ ਗੁਰੂ ਇਕੋ ਸਮੇਂ ਤੇ? ਪਰ ਇਹ ਜ਼ਿਕਰ ਕਿਤੇ ਨਹੀਂ ਪੜ੍ਹਿਆ ਕਿ ਭਾਈ ਲਹਿਣਾ ਜੀ ਤੇ ਗੁਰੂ ਨਾਨਕ ਦੇਵ ਜੀ ਦੋਨਾਂ ਨੂੰ ਸਿੱਖ ਸੰਗਤ ਗੁਰੂ ਕਰਕੇ ਮੰਨਦੀ ਸੀ ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਦੇ ਰੂਪ ਦੇ ਵਿਚ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਪ੍ਰਗਟ ਹੋਏ
ਇਵੇਂ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਰਚਨਾ ਕੀਤੀ ਤੇ ਗੁਰੂ ਸਾਹਿਬ ਨੇ ਗੁਰੂ ਤੇ ਚੇਲੇ ਦੀ ਫਿਰ ਤੋਂ ਅਭੇਦਤਾ ਦਰਸਾਈ ਪੰਜਾਂ ਪਿਆਰਿਆਂ ਨੂੰ ਗੁਰੂ ਬਣਾ ਆਪ ਫਿਰ ਅੰਮ੍ਰਿਤ ਛਕਿਆ ਕੀ ਫਿਰ ਇਸ ਵਿਚ ਛੇ ਗੁਰੂ ਹੋ ਗਏ ਇਕੋ ਸਮੇਂ ਤੇ? ਮਤਲਬ ਕਿ ਕੁਝ ਵੀ ਲਿਖਦੋ ਕਿਹੜਾ ਕਿਸੇ ਕਿ ਕੁਝ ਧਿਆਨ ਦੇਣਾ ਹੈ ਨਹੀਂ, ਗੁਰੂ ਇਕ ਹੀ ਸੀ ਅੰਮ੍ਰਿਤ ਛਕਾਉਣ ਵੇਲੇ ਪੰਜ ਸਿੰਘ ਗੁਰੂ ਰੂਪ ਹਨ
4.    ਪ੍ਰਸ਼ਨ: ਜੇਕਰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਮੌਜੂਦਗੀ ਵਿਚ ਦੇਹਧਾਰੀ ਗੁਰੂ ਅੰਗਦ ਦੀ ਲੋੜ ਪਈ ਤਾਂ ਬਾਣੀ ਗੁਰੂ ਵਾਲੇ ਸਿਧਾਂਤ ਨੂੰ ਕਿਵੇਂ ਮੰਨਿਆ ਜਾ ਸਕਦਾ ਹੈ?
ਬਾਣੀ ਗੁਰੂ ਵਾਲੇ ਸਿਧਾਂਤ ਨੂੰ ਇਸ ਲਈ ਮੰਨਿਆ ਜਾ ਸਕਦਾ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਸਨੂੰ ਗੁਰਤਾਗੱਦੀ ਦਿੱਤੀ ਇਹ ਤਾਂ ਉਸ ਗੱਲ ਦੀ ਤਰ੍ਹਾਂ ਹੈ ਕਿ ਜੇਕਰ ਭਾਈ ਲਹਿਣਾ ਜੀ ਪਹਿਲਾਂ ਹੀ ਸਨ ਤਾਂ ਓਦੋਂ ਗੁਰੂ ਕਿਉਂ ਨਹੀਂ ਮੰਨਿਆ ਕਿੰਨਾ ਬੇਮਤਲਬੀ ਜਾ ਸਵਾਲ ਹੈ ਇਹ ਭਾਈ, ਭਾਈ ਲਹਿਣਾ ਜੀ ਇਸ ਲਈ ਗੁਰੂ ਨਹੀਂ ਸਨ ਮੰਨੇ ਗਏ ਕਿਉਂਕਿ ਉਹ ਗੁਰੂ ਸਾਹਿਬ ਨੂੰ ਨਹੀਂ ਮਿਲੇ ਸਨ, ਉਨ੍ਹਾਂ ਦੀ ਪ੍ਰੀਖਿਆ ਨਹੀਂ ਸੀ ਹੋਈ, ਜਦ ਗੁਰੂ ਨਾਨਕ ਦੇਵ ਜੀ ਨੇ ਪਰਖ ਕੀਤੀ, ਫਿਰ ਜਾ ਕਰ ਗੁਰਤਾਗੱਦੀ ਮਿਲੀ
ਹਾਲਾਂਕਿ ਕਈ ਸਿੰਘ ਇਸ ਤਰ੍ਹਾਂ ਦੇ ਅਨੁਮਾਨ ਲਗਾਉਣ ਦੇ ਹੱਕ ਵਿਚ ਨਹੀਂ ਹਨ ਕਿਉਂਕਿ ਜੋ ਹੋਇਆ ਉਹ ਉਵੇਂ ਹੀ ਹੋਣਾ ਸੀ ਪਰ ਨਿਰਾਲੇ ਵਰਗੇ ਮੂਰਖ਼ਾਂ ਨੂੰ ਸਮਝਾਉਣ ਦੇ ਲਈ ਇਹ ਸਭ ਕੁਝ ਲਿਖਣਾ ਪੈਂਦਾ ਹੈ, ਇਸ ਲਈ ਮੈਂ ਮਹਾਨ ਸਿੰਘਾਂ ਤੋਂ ਮੁਆਫ਼ੀ ਮੰਗਦਾ ਹਾਂ
5.    ਪ੍ਰਸ਼ਨ: ਕੀ ਇਹੋ ਪ੍ਰਸ਼ਨ:- ਸਾਰਿਆਂ ਗੁਰੂਆਂ ਤਕ ਹਰ ਇਕ ਦੇ ਸੰਬੰਧ ਵਿਚ ਨਹੀਂ ਉਠ ਸਕਦਾ?
ਚੌਥੇ ਪ੍ਰਸ਼ਨ ਦਾ ਉੱਤਰ ਪੜ੍ਹਿਆ ਜਾਵੇ
6.    ਸ੍ਰੀ ਗੁਰੂ ਰਾਮਦਾਸ ਜੀ ਨੇ ਜਦ ਇਹ ਵਾਕ ਉਚਾਰਣ ਕੀਤਾ ਕਿ -
ਬਾਣੀ ਗੁਰੂ ਗੁਰੂ ਹੇ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ
ਗੁਰੁਬਾਣੀ ਕਹੈ ਸੇਵਕੁ ਜਨੁ ਮਾਨੈ, ਪਰਤਖਿ ਗੁਰੂ ਨਿਸਤਾਰੇ
ਤਾਂ ਉਹਨਾਂ ਦੇ ਪਿਛੋਂ ਗੁਰਿਆਈ ਦੀ ਗੱਦੀ ਦੇਹਧਾਰੀ ਮਹਾਪੁਰਸ਼ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਦੇਣ ਦਾ ਕੀ ਪ੍ਰਯੋਜਨ?
ਦੂਜੇ ਪ੍ਰਸ਼ਨ ਦਾ ਉੱਤਰ ਪੜ੍ਹੋ
ਇਸਦੇ ਨਾਲ ਹੀ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਨਿਰਾਲੇ ਇਕ ਪਾਸੇ ਤਾਂ ਬਾਣੀ ਨੂੰ ਗੁਰੂ ਨਹੀਂ ਮੰਨ ਰਿਹਾ ਦੂਜੇ ਪਾਸੇ ਇਹ ਸਤਰਾਂ ਦੇ ਰਿਹਾ ਹੈ ਕਿ ਪੰਜਵੇਂ ਗੁਰਾ ਨੂੰ ਗੁਰਤਾਗੱਦੀ ਕਿਉਂ ਦਿੱਤੀ ਇਥੇ ਇਹ ਇਹ ਸਤਰਾਂ ਜ਼ਰੂਰ ਵਰਤ ਰਿਹਾ ਹੈ ਜਿਸ ਵਿਚ ਗੁਰਬਾਣੀ ਨੂੰ ਗੁਰੂ ਕਿਹਾ ਜਾ ਰਿਹਾ ਹੈ ਜੇਕਰ ਇਥੇ ਬਾਣੀ ਗੁਰੂ ਦੇ ਰੂਪ ਦੇ ਵਿਚ ਕਹੀ ਜਾ ਰਹੀ ਹੈ, ਫਿਰ ਇਹ ਗੁਰਬਾਣੀ ਨੂੰ ਗੁਰੂ ਮੰਨਣ ਦੇ ਵਿਚ ਸੰਗ ਕਿਉਂ ਮਹਿਸੂਸ ਕਰ ਰਿਹਾ ਹੈ?
ਭਾਈ ਗੁਰਦਾਸ ਜੀ ਦੀ ਵਾਰ ਦੇ ਵਿਚ ਇਹ ਦਰਜ਼ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਿਹਾ ਕਿ ਸਾਡੇ ਤੋਂ ਬਾਅਦ ਚਾਰ ਸਰੂਪ ਹੋਰ ਹੋਣਗੇ ਮਨੁੱਖੀ ਜਾਮੇ ਦੇ ਵਿਚ ਜੋ ਗੁਰੂ ਹੋਣਗੇ ਜਿਵੇਂ ਕਿ ਦੂਜੇ ਉੱਤਰ ਦੇ ਵਿਚ ਦੱਸਿਆ ਗਿਆ ਹੈ ਕਿ ਗੁਰੂ ਸਾਹਿਬ ਨੇ ਆਪਣਾ ਮਨੋਰਥ ੨੩੯ ਸਾਲਾ ਦੇ ਵਿਚ ਪੂਰਾ ਕੀਤਾ ਇਹੋ ਜਿਹੀਆਂ ਗੱਲਾਂ ਕਰਕੇ ਹੀ, ਜਿਵੇਂ ਕਿ ਇਨ੍ਹਾਂ ਸਭ ਮੂਰਖ਼ਾਂ ਦਾ ਕੋਈ ਇਕ ਕੇਂਦਰੀ ਬਿੰਦੂ ਹੈ, ਕਈ ਇਹ ਕਹਿੰਦੇ ਹਨ ਕਿ ਜੇਕਰ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹਨ, ਜੇਕਰ ਉਹ ਪੂਰੇ ਹਨ, ਫਿਰ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਲੋੜ ਕਿਉਂ ਪਈ ਇਸਦਾ ਵੀ ਇਹੀਉ ਉੱਤਰ ਹੈ ਕਿ ਗੁਰੂ ਸਾਹਿਬ ਨੇ ਆਪਣੀ ਮੌਜ ਦੇ ਵਿਚ ਸਭ ਕੁਝ ਕੀਤਾ ਨਿਰਾਲੇ ਦੇ ਕਦਮਾਂ ਤੇ ਚਲਦੇ ਹੋਏ ਕਈ ਇਹ ਵੀ ਕਹਿ ਦੇਣਗੇ ਕਿ ਜੇਕਰ ਗੁਰੂ ਨਾਨਕ ਦੇਵ ਜੀ ਨੇ ਜਪੁ ਜੀ ਸਾਹਿਬ ਦੀ ਬਾਣੀ ਰਚ ਦਿੱਤੀ ਸੀ, ਫਿਰ ਬਾਕੀਆਂ ਦੀ ਕੀ ਲੋੜ ਸੀ
ਪਹਿਲਾਂ ਭਾਈ ਗੁਰਦਾਸ ਜੀ ਦੀ ਵਾਰ ਦੇਖਦੇ ਹਾਂ
2.    ਪੰਜਿ ਪਿਆਲੇ ਪੰਜ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ
ਅਰਜਨ ਕਾਇਆ ਪਲਟਿਕੈ ਮੂਰਤਿ ਹਰਿਗੋਬਿੰਦ ਸਵਾਰੀ
ਚਲੀ ਪੀੜੀ ਸੋਢੀਆ ਰੂਪੁ ਦਿਖਾਵਣਿ ਵਾਰੋ ਵਾਰੀ
ਦਲਭੰਜਨ ਗੁਰੁ ਸੂਰਮਾ ਵਡ ਜੋਧਾ ਬਹੁ ਪਰਉਪਕਾਰੀ
ਪੁਛਨਿ ਸਿਖ ਅਰਦਾਸਿ ਕਰਿ ਛਿਅ ਮਹਿਲਾਂ ਤਕਿ ਦਰਸੁ ਨਿਹਾਰੀ
ਅਗਮ ਅਗੋਚਰ ਸਤਿਗੁਰੂ ਬੋਲੇ ਮੁਖ ਤੇ ਸੁਣਹੁ ਸੰਸਾਰੀ
ਕਲਿਜੁਗਿ ਪੀੜੀ ਸੋਢੀਆਂ ਨਿਹਚਲ ਨੀਵ ਉਸਾਰਿ ਖਲਾਰੀ
ਜੁਗਿ ਜੁਗਿ ਸਤਿਗੁਰ ਧਰੇ ਅਵਤਾਰੀ ੪੮ - ਵਾਰ ਪਹਿਲੀ, ਪਉੜੀ ਅੜਤਾਲੀਵੀਂ
ਇਥੋਂ ਸਭ ਉੱਤਰ ਮਿਲ ਜਾਣੇ ਆਪਾ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕਹਿ ਦਿੱਤਾ ਕਿ ਚਾਰ ਹੋਰ ਸਤਿਗੁਰ ਹੋਣਗੇ ਉਨ੍ਹਾਂ ਤੋਂ ਬਾਅਦ ਮਨੁੱਖੀ ਦੇਹ ਦੇ ਵਿਚ ਫਿਰ ਕਿਸ ਕਾਰਣ ਨਿਰਾਲਾ ਗੁਰੂਡੰਮਾਂ ਦੀ ਗੱਲ ਕਰ ਰਿਹਾ ਹੈ? ਕੀ ਇਸਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਨਹੀਂ ਪਤਾ? ਜਾਂ ਜਾਣਬੁਝ ਕੇ ਅੱਖੋਂ ਓਹਲੇ ਕਰ ਦਿੱਤਾ ਤਾਂ ਜੋ ਗੁਰੂਡੰਮਾਂ ਦੀ ਉਸਤਤ ਕੀਤੀ ਜਾ ਸਕੇ?
ਇਹ ਵੀ ਉੱਤਰ ਦੇਣਾ ਮੈਂ ਵਾਜਬ ਸਮਝਦਾ ਹਾਂ ਤਾਂਕਿ ਕੋਈ ਭਰਮ ਦੇ ਵਿਚ ਨਾ ਰਹਿ ਜਾਵੇ ਗੁਰੂ ਸਾਹਿਬ ਨੇ ਬਹੁਤ ਸਾਰੀ ਬਾਣੀਆਂ ਦੀ ਰਚਨਾ ਅਲੱਗ-ਅਲੱਗ ਸਥਾਨਾਂ ਤੇ ਕੀਤੀ ਅਲੱਗ-ਅਲੱਗ ਮਨੁੱਖਾਂ ਨੂੰ ਸੇਧ ਦੇਣ ਦੇ ਲਈ ਸੰਪਰਦਾਵਾਂ ਦੇ ਵਿਚ ਇਹ ਵੀ ਕਿਹਾ ਜਾਂਦਾ ਹੈ ਕਿ ਜਪੁ ਜੀ ਸਾਹਿਬ ਪੂਰੀ ਗੁਰਬਾਣੀ ਦਾ ਨਚੋੜ ਹੈ ਜਾਂ ਇਹ ਕਹਿ ਲਵੋ ਕਿ ਬਾਕੀ ਬਾਣੀ ਜਪੁ ਜੀ ਸਾਹਿਬ ਨੂੰ ਹੀ ਖੋਲ੍ਹ-ਖੋਲ੍ਹ ਕੇ ਦੱਸਦੀ ਹੈ
ਆਉ ਇਸ ਉੱਤਰ ਨੂੰ ਖ਼ਤਮ ਕਰਦੇ ਸਮੇਂ ਇਕ ਝਾਤ ਕੇਸਰ ਸਿੰਘ ਛਿੱਬਰ ਦੇ ਬੰਸਾਵਲੀਨਾਮੇ ਤੇ ਵੀ ਮਾਰ ਲਈਏ ਤਾਂ ਜੋ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਬਾਰੇ ਵੀ ਭਰਮ ਨਿਕਲ ਜਾਵੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਖਾਂ ਅਰਦਾਸ ਕੀਤੀ ਕਿ ਮਹਾਰਾਜ ਆਪਣੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਰਲਾ ਲਵੋ ਤਾਂ ਗੁਰੂ ਸਾਹਿਬ ਨੇ ਕਿਹਾ ਕਿ ਇਹ ਸਾਡੀ ਖੇਡ ਹੈ
3.    ਛੋਟਾ ਗ੍ਰੰਥ ਜੀ, ਜਨਮੇ ਦਸਵੇਂ ਪਾਤਸ਼ਾਹ ਕੇ ਧਾਮ
ਸੰਮਤੁ ਸਤਾਰਾਂ ਸੈ ਪਚਵੰਜਾ, ਬਹੁਤ ਖਿਡਾਵੇ-ਲਿਖਾਰੇ ਨਾਮ
ਸਾਹਿਬ ਨੂੰ ਸੀ ਪਿਆਰਾ ਹੱਥੀਂ ਲਿਖਿਆ, ਖਿਡਾਇਆ
ਸਿੱਖਾਂ ਕੀਤੀ ਅਰਦਾਸੁ, ਜੀ ਅਗਲੇ ਨਾਲਿ ਚਾਹੀਏ ਰਲਾਇਆ ੨੬੭
ਬਚਨ ਕੀਤਾ: “ਗ੍ਰੰਥ ਸਾਹਿਬ ਹੈ ਉਹੁ, ਏਹ ਅਸਾਡੀ ਹੈ ਖੇਡ
ਨਾਲ ਨ ਮਿਲਾਇਆ ਆਹਾ ਪਿਆਰਾ, ਕਉਨ ਜਾਣੇ ਭੇਦ
ਸੋ, ਦੋਨੋ ਗ੍ਰੰਥ ਸਾਹਿਬ ਭਾਈ ਗੁਰ ਕਰਿ ਜਾਨੋ
ਵਡਾ ਹੈ ਟਿਕਾ ਗੁਰੂ, ਗੁਟਕੇ-ਪੋਥੀਆਂ ਪੁਤ੍ਰ ਪੋਤ੍ਰੇ ਕਰਿ ਪਛਾਨੋ ੨੬੮ - ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ, ਪੰਨਾ ੨੪੫
7.    ਪ੍ਰਸ਼ਨ:- “ਪੋਥੀ ਪਰਮੇਸਰ ਕਾ ਥਾਨੁ ’ ਗੁਰ ਵਾਕ ਅਨੁਸਾਰ (ਜੋ ਪੰਚਮ ਪਾਤਸ਼ਾਹ ਦਾ ਹੁਕਮ ਹੈ) ਜੇਕਰ ਪੋਥੀ ਨੂੰ ਗੁਰੂ ਮੰਨ ਲਿਆ ਜਾਵੇ, ਤਾਂ ਬਾਬਾ ਮੋਹਨ ਜੀ ਤੋਂ ਪੋਥੀਆਂ ਲਿਆਉਣ ਪਸ਼ਚਾਤ ਅਤੇ ਬੀੜ ਬੰਨ੍ਹਣ ਦੇ ਬਾਦ ਦੇਹਧਾਰੀ ਗੁਰੂ ਹਰਿ ਗੋਬਿੰਦ ਜੀ ਨੂੰ ਗੱਦੀ ਤੇ ਕਿਸ ਅਸੂਲ ਅਨੁਸਾਰ ਬਿਠਾਇਆ ਗਿਆ?
ਇਸ ਲਈ ਪੜ੍ਹੋ ਫਿਰ ਤੋਂ ਦੂਸਰਾ ਉੱਤਰ
ਇਨ੍ਹਾਂ ਪ੍ਰਸ਼ਨਾਂ ਦੇ ਰਾਹੀਂ ਇਕ ਗੱਲ ਤੁਸੀਂ ਜ਼ਰੂਰ ਸਮਝ ਚੁੱਕੇ ਹੋਵੋਗੇ ਕਿ ਨਿਰਾਲੇ ਦਾ ਰਾਗ ਜਮਾਂ ਕਾਲੇ ਅਫ਼ਗ਼ਾਨੇ ਵਰਗਾ ਹੈ ਇਕੋ ਚੀਜ਼ ਬਾਰੇ ਗੱਲ ਕਰਨੀ ਸ਼ਬਦਾਂ ਨੂੰ ਬਦਲ ਕੇ ਉਹ ਹਰ ਪੰਨੇ ਨੇ ਸ਼ਿਵਜੀ-ਸ਼ਿਵਜੀ ਦਾ ਰਾਗ ਅਲਾਪਦਾ ਹੈ ਤੇ ਨਿਰਾਲਾ ਇਕੋ ਚੀਜ਼ ਨੂੰ ਲੈ ਕੇ ਗੁਰਗੱਦੀ ਦੀ ਗੱਲ ਕਰਦਾ ਹੈ ਹੁਣ ਇਥੇ ਥੋੜ੍ਹੀ ਜੀ ਸਮਝਣ ਵਾਲੀ ਗੱਲ ਹੈ ਨਿਰਾਲਾ ਕਹਿੰਦਾ ਹੈ ਕਿ ਛੇਵੇਂ ਪਾਤਸ਼ਾਹ ਨੂੰ ਗੱਦੀ ਕਿਉਂ ਦਿੱਤੀ ਗਈ ਤੇ ਨਾਲ ਹੀ ਨਾਲ ਗੁਰਬਾਣੀ ਦੀ ਸਤਰ ਦੀ ਵੀ ਗੱਲ ਕਰਦਾ ਹੈ ਇਤਿਹਾਸ ਤੋਂ ਅਣਜਾਣ ਨਿਰਾਲਾ ਇਹ ਨਹੀਂ ਜਾਣਦਾ ਕਿ ਗੁਰੂ ਅਰਜਨ ਦੇਵ ਜੀ ਨੇ ਹੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਤਾਗੱਦੀ ਦਿੱਤੀ ਸੀ ਹੁਣ ਗੁਰੂ ਅਰਜਨ ਦੇਵ ਜੀ ਦੀ ਹੀ ਸਤਰ ਲੈ ਕੇ ਕੀ ਇਹ ਇਹ ਸਾਬਤ ਕਰਨਾ ਚਾਹੁੰਦਾ ਹੈ ਕਿ ਗੁਰੂ ਸਾਹਿਬ ਨੂੰ ਆਪਣੀ ਬਾਣੀ ਦਾ ਹੀ ਨਹੀਂ ਪਤਾ ਸੀ?
ਜਾਂ ਇਹ ਕਾਰਨ ਹੈ ਕਿ ਇਹ ਇਹ ਸਾਬਤ ਕਰ ਰਿਹਾ ਹੈ ਕਿ ਗੁਰੂ ਸਾਹਿਬ ਗੁਰਬਾਣੀ ਨੂੰ ਗੁਰੂ ਨਹੀਂ ਮੰਨਦੇ ਸਨ ਇਸ ਲਈ ਛੇਵੇਂ ਪਾਤਸ਼ਾਹ ਨੂੰ ਗੁਰਤਾਗੱਦੀ ਦੇ ਦਿੱਤੀ? ਜੇ ਇਹ ਗੱਲ ਵੀ ਮੰਨ ਲਈ ਜਾਵੇ ਤਾਂ ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਜੇ ਉੱਪਰ ਕਿਉਂ ਸੁਸ਼ੋਭਿਤ ਕਰਦੇ ਸਨ ਤੇ ਆਪ ਥੱਲੇ ਸੌਂਦੇ ਸਨ? ਜੇਕਰ ਨਿਰਾਲਾ ਇਹ ਕਵੇ ਕਿ ਇਹ ਤਾਂ ਜੀ ਸਿਰਫ਼ ਸਤਿਕਾਰ ਲਈ ਸੀ, ਤਾਂ ਫਿਰ ਕੋਈ ਮੇਜ ਵਗੈਰਾ ਤੇ ਕਿਉਂ ਨਹੀਂ ਵਿਸ਼ਰਾਮ ਲਈ ਰੱਖੇ ਜਾਂਦੇ ਸਨ ਗੁਰੂ ਗ੍ਰੰਥ ਸਾਹਿਬ ਜੀ? ਸਿਰਫ਼ ਮੰਜੇ ਸਾਹਿਬ ਤੇ ਹੀ ਕਿਉਂ? ਕੀ ਇਸ ਤੋਂ ਸਾਬਤ ਨਹੀਂ ਹੁੰਦਾ ਕਿ ਗੁਰੂ ਸਾਹਿਬ ਨੇ ਆਦਿ ਗ੍ਰੰਥ ਸਾਹਿਬ ਜੀ ਨੂੰ ਗੁਰੂ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ? ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਹੁਕਮ ਕੀਤਾ ਆਦਿ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦਾ ਓਦੋਂ ਸਿੱਖਾਂ ਨੇ ਗੁਰੂ ਮੰਨਿਆ
ਨਿਰਾਲਾ ਇਤਿਹਾਸਿਕ ਗ੍ਰੰਥਾਂ ਨੂੰ ਛੱਡ, ਭਾਈ ਗੁਰਦਾਸ ਜੀ ਦੀ ਵਾਰ ਨੂੰ ਛੱਡ, ਸਿਰਫ਼ ਗੁਰਬਾਣੀ ਦੀ ਹੀ ਗੱਲ ਕਰਦਾ ਹੈ ਕਿਤੇ-ਕਿਤੇ ਮੇਰੇ ਨਿਰਾਲੇ ਨੂੰ ਹੇਠ ਲਿਖੇ ਸਵਾਲ ਨੇ
1.     ਗੁਰਬਾਣੀ ਦੇ ਕਿਸ ਅੰਗ ਤੇ ਇਹ ਲਿਖਿਆ ਹੈ ਕਿ ਬਾਬਾ ਮੋਹਨ ਜੀ ਤੋਂ ਪੋਥੀਆਂ ਲਿਆਂਦੀਆਂ ਗਈਆਂ? ਕੀ ਗੁਰਬਾਣੀ ਵਿਚ ਆਏ ਮੋਹਨ ਸ਼ਬਦ ਨੇ ਨਿਰਾਲੇ ਨੂੰ ਮਨਾ ਲਿਆ ਕਿ ਇਹ ਬਾਬਾ ਮੋਹਨ ਜੀ ਬਾਰੇ ਹੈ? ਜਾਂ ਇਸ ਕੋਲ ਕੋਈ ਹੋਰ ਠੋਸ ਸਬੂਤ ਮੌਜੂਦ ਹੈ?
2.    ਗੁਰੂ ਗ੍ਰੰਥ ਸਾਹਿਬ ਜੀ ਵਿਚ ਇਹ ਕਿਥੇ ਲਿਖਿਆ ਗਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ੍ਹ ਬੰਨੀ ਗਈ ਤੇ ਉਹ ਗੁਰੂ ਅਰਜਨ ਦੇਵ ਜੀ ਨੇ ਬੰਨ੍ਹੀ? ਕ੍ਰਿਪਾ ਕਰਕੇ ਉਸ ਅੰਗ ਬਾਰੇ ਦੱਸਿਆ ਜਾਵੇ
3.    ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿਥੇ ਲਿਖਿਆ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਤਾਗੱਦੀ ਦਿੱਤੀ ਗਈ? ਗੁਰੂ ਅਰਜਨ ਦੇਵ ਜੀ ਤੱਕ ਦਾ ਜ਼ਿਕਰ ਆਪਾਂ ਨੂੰ ਸੱਤੇ ਬਲਵੰਡੇ ਦੀ ਵਾਰ ਦੇ ਵਿਚੋਂ ਮਿਲ ਜਾਂਦਾ ਹੈ ਭੱਟਾਂ ਦੇ ਸ੍ਵੈਯਾਂ ਤੋਂ ਵੀ ਇਹ ਗੱਲ ਸਾਬਤ ਹੋ ਜਾਂਦੀ ਹੈ ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਗੁਰਤਾਗੱਦੀ ਦਾ ਜ਼ਿਕਰ ਕਿਥੇ ਕੀਤਾ ਗਿਆ ਹੈ ਉਸ ਬਾਰੇ ਚਾਨਣਾ ਪਾਇਆ ਜਾਵੇ
ਤੁਸੀਂ ਜ਼ਰੂਰ ਸਮਝ ਰਹੇ ਹੋਵੋਗੇ ਕਿ ਮੈਂ ਕੀ ਕਹਿ ਰਿਹਾ ਹਾਂ ਜਿਵੇਂ ਬਾਹਮਣਵਾਦੀ ਹਿੰਦੂ ਜੋ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਤੇ ਤੁਲੇ ਹੋਏ ਨੇ, ਉਨ੍ਹਾਂ ਵਰਗੀ ਹੀ ਛਾਣਬੀਣ ਵਿਧੀ ਵਰਤ ਕੇ ਨਿਰਾਲਾ ਆਪਣੀ ਮੂਰਖ਼ਤਾ ਦਿਖਾ ਰਿਹਾ ਹੈ ਜਦੋਂ ਅਸੀਂ ਗੱਲ ਕਰੀਏ ਇਤਿਹਾਸ ਦੀ ਤੇ ਹੋਰ ਧਾਰਮਿਕ ਗ੍ਰੰਥਾਂ ਦੀ ਤਾਂ ਇਸਨੂੰ ਸਿਰਫ਼ ਗੁਰਬਾਣੀ ਰਾਹੀਂ ਹੀ ਉੱਤਰ ਚਾਹੀਦਾ ਹੈ ਪਰ ਜਦੋਂ ਆਪ ਪ੍ਰਸ਼ਨ ਕਰਨੇ ਹੋਣ ਤਾਂ ਕਿਤੋਂ ਵੀ ਸਮੱਗਰੀ ਚੁੱਕੀ ਜਾ ਸਕਦੀ ਹੈ ਪੱਕੇ ਬਾਹਮਣਾਂ ਵਾਲੇ ਕੰਮ
8.    ਪ੍ਰਸ਼ਨ: - ਸ੍ਰੀ ਗੁਰੂ ਹਰਿ ਕ੍ਰਿਸ਼ਨ ਜੀ ਦੇ ਜੋਤੀ ਜੋਤਿ ਸਮਾਣ ਦੇ ਸਮੇਂ ਗ੍ਰੰਥ ਗੁਰੂ ਤੇ ਦੇਹਧਾਰੀ ਗੁਰੂ ਦੀ ਬਾਬਤ ਸਿੱਖਾਂ ਨਾਲ ਜੋ ਗੁਰੂ ਜੀ ਦਾ ਖਾਸ ਸੰਬਾਦ ਹੋਇਆ ਸੀ ਕੀ ਉਸਦਾ ਫੈਸਲਾ ਗ੍ਰੰਥ ਗੁਰੂ ਦੀ ਮੌਜੂਦਗੀ ਵਿਚ ਹੀ ਏਹ ਨਹੀਂ ਸੀ ਹੋਇਆ (ਕਿ ਬਾਬਾ ਬਕਾਲੇ)?
ਫਿਰ ਤੋਂ ਕੁਝ ਪ੍ਰਸ਼ਨ ਮੇਰੇ
1.     ਗੁਰੂ ਹਰਿਕ੍ਰਿਸ਼ਨ ਜੀ ਕੌਣ ਸਨ ਤੇ ਇਸਦਾ ਪਤਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਕਿਥੇ ਦਿੱਤਾ ਗਿਆ ਹੈ?
2.    ਗੁਰਬਾਣੀ ਦੇ ਵਿਚ ਜੇਕਰ ਗੁਰੂ ਹਰਿਕ੍ਰਿਸ਼ਨ ਨਾਲ ਸਿੱਖਾਂ ਨਾਲ ਜੇ ਕੋਈ ਸੰਬਾਦ ਵੀ ਹੋਇਆ ਹੈ ਉਹ ਕਿਹੜੇ ਅੰਗ ਤੇ ਹੈ?
3.    ਬਾਬੇ ਬਕਾਲੇ ਦਾ ਜ਼ਿਕਰ ਕਿਥੇ ਆਇਆ ਹੈ ਗੁਰਬਾਣੀ ਦੇ ਵਿਚ ਜੋ ਨੌਵੇਂ ਸਤਿਗੁਰਾ ਨਾਲ ਸੰਬੰਧਤ ਹੈ?
ਸੋ ਬੇਨਤੀ ਹੈ ਨਿਰਾਲੇ ਦੀ ਟੋਲੀ ਜਾਂ ਬਾਹਮਣ ਮੱਤ ਤੋਂ ਪ੍ਰਭਾਵਿਤ ਸਿੱਖਾਂ ਨੂੰ ਕਿ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਜ਼ਰੂਰ ਦੇਣ
ਕੱਲ੍ਹ ਸਾਡੇ ‘ਕੋਰਾ’ ਖ਼ਾਤੇ ਤੇ ਕਿਸੇ ਬਾਹਮਣ ਨੇ ਕਮੈਂਟ ਕੀਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਕਕਾਰਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿਉਂ ਨਹੀਂ ਕੀਤਾ ਇਹ ਉਹ ਬਾਹਮਣ ਹੈ ਜੋ ਸਿੱਖਾਂ ਨੂੰ ਹਿੰਦੂ ਤੇ ਸਿੱਖ ਗੁਰੂਆਂ ਨੂੰ ਵਿਸ਼ਨੂੰ ਦੇ ਭਗਤ ਦੱਸਦਾ ਹੈ ਆਪਾਂ ਸਾਰਿਆਂ ਨੂੰ ਇਹ ਗੱਲ ਸਮਝਣੀ ਪਵੇਗੀ ਕਿ ਵੇਦਾਂ ਦੀ ਤਰ੍ਹਾਂ ਗੁਰਬਾਣੀ ਕੋਈ ਕਹਾਣੀਆਂ ਨਹੀਂ ਹਨ ਤੇ ਨਾਂ ਹੀ ਇਸਨੂੰ ਕੋਈ ਆਮ ਕਾਵ ਸਮਝਣਾ ਚਾਹੀਦਾ ਹੈ ਇਹ ਉਹ ਬ੍ਰਹਮ ਗਿਆਨ ਹੈ ਜੋ ਅਕਾਲ ਪੁਰਖੁ ਵਲੋਂ ਆਇਆ ਹੈ ਇਸ ਵਿਚ ਗੁਰੂਆਂ ਦੀ ਜੀਵਨੀ ਨਾਲ ਸੰਬੰਧਤ ਜ਼ਿਆਦਾ ਸਤਰਾਂ ਨਹੀਂ ਹਨ ਕਿਉਂਕਿ ਇਹ ਪਰਮਾਤਮਾ ਦਾ ਜਸ ਹੈ ਨਾ ਕਿ ਆਪਣੀ ਕਥਾ ਬਹੁਤ ਸਾਰੇ ਅਜਿਹੇ ਅਸੂਲ ਹਨ ਜਿਸ ਲਈ ਆਪਾਂ ਨੂੰ ਇਤਿਹਾਸ ਫਰੋਲਣਾ ਹੀ ਪਵੇਗਾ
ਜੇਕਰ ਹੁਣ ਆਪਾਂ ਖ਼ਾਲਸਾ ਪੰਥ ਦੀ ਗੱਲ ਕਰਦੇ ਹਾਂ ਇਹ ਗੁਰੂ ਗ੍ਰੰਥ ਸਾਹਿਬ ਦੇ ਵਿਚ ਕਿਤੇ ਨਹੀਂ ਲਿਖਿਆ ਮਿਲਦਾ ਕਿਉਂਕਿ ਇਹ ਗੁਰੂ ਜੀ ਦੀ ਆਪਣੀ ਜ਼ਿੰਦਗੀ ਨਾਲ ਸੰਬੰਧਤ ਹੈ; ਗੁਰੂ ਗ੍ਰੰਥ ਸਾਹਿਬ ਜੀ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਇਕ ਦੋਹਰਾ ਹੈ ਹਾਂ, ਗੁਰੂ ਸਾਹਿਬ ਨੇ ਬਚਿਤ੍ਰ ਨਾਟਕ ਦੇ ਵਿਚ ਆਪਣੀ ਜੀਵਣੀ ਲਿਖੀ  ਹੈ, ਪਰ ਇਹ ਖ਼ਾਲਸਾ ਪੰਥ ਤੋਂ ਪਹਿਲਾਂ ਤੱਕ ਦੀ ਹੈ ਫਿਰ ਕੁਝ ਕੁ ਹਾਲਾਤ ਆਪਾਂ ਨੂੰ ਜ਼ਫ਼ਰਨਾਮੇ ਦੇ ਵਿਚੋਂ ਵੀ ਮਿਲਦੇ ਹਨ ਹੁਣ ਜੇਕਰ ਕੋਈ ਕਵੇ ਕਿ ਮੈਨੂੰ ਸਿਰਫ਼ ਤੇ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹੀ ਹਵਾਲਾ ਦੇਵੋ ਤਾਂ ਇਹ ਪ੍ਰਸ਼ਨ ਕਰਨ ਦਾ ਢੰਗ ਹੀ ਗ਼ਲਤ ਹੋਵੇਗਾ ਕਿਉਂ ਜੋ ਇਸ ਵਿਚ ਗੁਰੂ ਸਾਹਿਬ ਦੀ ਕਥਾ ਵਾਲਾ ਕੋਈ ਪ੍ਰਸੰਗ ਹੈ
ਕਿਸੇ ਆਦਮੀ ਨੇ ਇਹ ਬਹੁਤ ਵਧੀਆ ਟਿੱਪਣੀ ਕੀਤੀ ਸੀ ਕਿ ਕਈ ਹਿੰਦੂ ਸਿੱਖਾਂ ਨੂੰ ਆਪਣੇ ਵਿਚ ਇਸ ਲਈ ਰਲਾਉਣਾ ਚਾਹੁੰਦੇ ਹਨ ਤਾਂ ਜੋ ਗੁਰੂ ਸਾਹਿਬ ਵਲੋਂ ਕੀਤਾ ਖੰਡਣ ਇਹ ਲੋਕ ਬਚਾ ਸਕਣ ਜਦੋਂ ਇਕ ਨਵੀਂ ਵਿਚਾਰਧਾਰਾ ਨੇ ਜਨਮ ਲਿੱਤਾ ਭਾਰਤ ਦੇ ਵਿਚ ਤਾਂ ਇਕ ਪੁਰਾਣੀ ਸੰਸਕ੍ਰਿਤੀ ਇਹ ਕਿਵੇਂ ਮੰਨ ਸਕਦੀ ਸੀ ਕਿ ਇਹ ਨਵੀਂ ਵਿਚਾਰਧਾਰਾ ਉਨ੍ਹਾਂ ਤੋਂ ਸ੍ਰੇਸ਼ਟ ਹੈ ਇਸ ਲਈ ਇਹ ਸਾਬਤ ਕਰਕੇ ਕਿ ਸਿੱਖ ਹਿੰਦੂ ਹੀ ਹਨ ਨਿਊਨਤਾ ਨੂੰ ਮਿਟਾਉਣ ਦਾ ਤਰੀਕਾ ਵਰਤਿਆ ਜਾ ਰਿਹਾ ਹੈ ਬੁੱਧ ਧਰਮ ਨਾਲ ਵੀ ਏਦਾਂ ਹੀ ਹੋਇਆ ਤੇ ਹੁਣ ਕਈ ਬਾਹਮਣਵਾਦੀਆਂ ਨੇ ਆਪਣਾ ਧਿਆਨ ਸਿੱਖਾਂ ਵੱਲ ਕਰ ਲਿਆ ਹੈ
ਖ਼ੈਰ ਗੱਲ ਕਰਦੇ ਹਾਂ ਗੁਰੂ ਹਰਿਕ੍ਰਿਸ਼ਨ ਜੀ ਦੀ ਸੰਗਤ ਨੇ ਗੁਰੂ ਸਾਹਿਬ ਦੇ ਅਖ਼ਰੀਲੇ ਸਮੇਂ ਤੇ ਬਹੁਤ ਅਰਦਾਸ ਬੇਨਤੀ ਕੀਤੀ ਕਿ ਗੁਰੂ ਸਾਹਿਬ ਮੌਤ ਤੋਂ ਅਜ਼ਾਦ ਹਨ, ਗੁਰੂ ਸਾਹਿਬ ਦੇ ਵਿਚ ਇੰਨੀ ਤਾਕਤ ਹੈ ਕਿ ਕਿਸੇ ਨੂੰ ਵੀ ਜਿਉਂਦਾ ਕਰ ਸਕਦੇ ਹਨ, ਤੇ ਸੰਗਤ ਨੇ ਹੋਰ ਬਹੁਤ ਸਾਰੀਆਂ ਗੱਲਾਂ ਕਹੀਆਂ ਗੁਰੂ ਸਾਹਿਬ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਸਭ ਦੇ ਹਨ ਸਾਡੇ ਨਾਲ ਗੱਲਾਂ ਕਰਨੀਆਂ ਚਾਹੁੰਦੇ ਹੋ ਤਾਂ ਗੁਰਬਾਣੀ ਪੜ੍ਹੋ ਹੇਠਾਂ ਲਿਖੀਆਂ ਸਤਰਾਂ ਸੂਰਜ ਪ੍ਰਕਾਸ਼ ਵਿਚੋਂ ਲਈਆਂ ਗਈਆਂ ਹਨ
1.     ਗੁਰੂ ਗ੍ਰੰਥ ਸਾਹਿਬ ਸਭਿ ਕੇਰਾ ਜੋ ਹਮਰੋ ਚਹਿ ਦਰਸ਼ਨ ਹੇਰਾ
ਸੋ ਸ਼ਰਧਾ ਧਰਿ ਹੇਰਨਿ ਕਰੈ ਪਾਪਨਿ ਗਨ ਕੌ ਤਤਛਿਨ ਹਰੈ ੨੭
ਹਮ ਸੋਂ ਬਾਤ ਕਰਨਿ ਕੋ ਚਾਹਹਿ ਪਠਹਿ ਸੁਨਹਿ ਗੁਰ ਗ੍ਰੰਥ ਉਮਾਹਹਿ
ਤਿਸ ਮਹਿਂ ਕਹ੍ਯੋ ਜੁ ਕਰਹਿ ਕਮਾਵਨਿ ਚਾਰ ਪਦਾਰਥ ਲੇ ਮਨ ਪਾਵਨ ੨੮
ਹੋਹਿ ਕਾਮਨਾ ਸਿਖ ਕੈ ਕੋਈ ਬਿਘਨ ਪਰਹਿ ਕੈ ਸੰਕਟ ਹੋਈ
ਸ਼ਰਨ ਗ੍ਰੰਥ ਸਾਹਿਬ ਕੀ ਜਾਇ ਤਤਛਿਨ ਸਤਿਗੁਰ ਬਨਹਿਂ ਸਹਾਇ ੨੯ - ਰਾਸ ੧੦, ਅਧਿਆਇ ੫੧
ਫਿਰ ਇਸੇ ਰਾਸ ਦੇ ਅਧਿਆਦਿ ੫੨ ਦੇ ਵਿਚ ਆਉਂਦਾ ਹੈ ਕਿ ਸਿੱਖਾਂ ਦੀ ਸਲਾਹ ਅਨੁਸਾਰ ਗੁਰਬਖ਼ਸ਼ ਮਸੰਦ ਕੇ ਗੁਰੂ ਸਾਹਿਬ ਅੱਗੇ ਬੇਨਤੀਆਂ ਕੀਤੀਆਂ ਕਿ ਤੁਹਾਡੇ ਤੋਂ ਬਾਅਦ ਕਈ ਸਿੱਖ ਧੀਰਮੱਲੀਆਂ ਜਾਂ ਹੋਰਾਂ ਦੇ ਵੱਸ ਹੋ ਜਾਣਗੇ ਇਸ ਕਰਕੇ ਕਿਹਾ ਕਿ ਤੁਸੀਂ ਪਹਿਲੇ ਗੁਰੂਆਂ ਦੀ ਤਰ੍ਹਾਂ ਕਿਸ ਦੇ ਲੜ੍ਹ ਲਗਾ ਕੇ ਚੱਲੇ ਹੋ ਇਥੋਂ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਜੇਕਰ ਗੁਰੂ ਹਰਿਕ੍ਰਿਸ਼ਨ ਜੀ ਦੇ ਕਹੇ ਪਹਿਲੇ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਬਤ ਕਹੇ ਸਨ ਉਹ ਗੁਰਤਾਗੱਦੀ ਦੇ ਲਈ ਨਹੀਂ ਸਨ ਕਿਉਂਕਿ ਜੇ ਇਹ ਗੱਲ ਹੁੰਦੀ ਤਾਂ ਗੁਰਬਖ਼ਸ਼ ਨਾਉਂ ਦਾ ਸਿੱਖ ਇਹ ਕਦੇ ਨਾ ਫਿਰ ਤੋਂ ਪੁੱਛਦਾ
ਇਸ ਨੂੰ ਹੋਰ ਗੂੜੇ ਤਰੀਕੇ ਦੇ ਨਾਲ ਸਮਝਣ ਦੇ ਲਈ ਤੁਸੀਂ ਪਹਿਲਾਂ ਅਧਿਆਇ ਪੜ੍ਹ ਸਕਦੇ ਹੋ ਜਿਸ ਵਿਚ ਸਿੱਖ ਤੇ ਗੁਰੂ ਦਾ ਰਿਸ਼ਤਾ ਦੱਸਿਆ ਹੈ ਕਿ ਸਿੱਖ ਲਈ ਗੁਰੂ ਦੀ ਸਿੱਖਿਆ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਜੇਕਰ ਗੁਰੂ ਹਰਿਕ੍ਰਿਸ਼ਨ ਜੀ ਨੇ ਕਿਹਾ ਸੀ ਕਿ ਗੁਰੂ ਬਾਬੇ ਬਕਾਲੇ ਹੈ ਤਾਂ ਸਿੱਖਾਂ ਨੇ ਉਹ ਮੰਨਿਆ ਵੀ ਸੋ ਕਿਸ ਕਾਰਨ ਸਿੱਖ ਗੁਰੂ ਦੀ ਗੱਲ ਨਾ ਮੰਨਦੇ?
9.    ਜੇਕਰ ਪਹਿਲੇ ਗੁਰੂਆਂ ਨੇ ਗੁਰਬਾਣੀ ਦੀ ਮੌਜੂਦਗੀ ਵਿਚ ਦੇਹਧਾਰੀਆਂ ਨੂੰ ਹੀ ਗੱਦੀਆਂ ਅਰਪਨ ਕੀਤੀਆਂ, ਤਾਂ ਦਸ਼ਮੇਸ਼ ਪਾਤਸ਼ਾਹ ਨੇ ਉਹਨਾਂ ਦੇ ਉਲਟ ਕਿਸ ਸਿਧਾਂਤ ਅਤੇ ਕਿਸ ਗੁਰਪਦ ਲੱਖਣ ਦੇ ਅਨੁਸਾਰ ਆਦਿ ਗ੍ਰੰਥ ਜੀ ਨੂੰ ਗੱਦੀ ਦਿੱਤੀ ?
ਮੈਂ ਪਹਿਲਾਂ ਦੀ ਤਰ੍ਹਾਂ ਹੁਣ ਕੋਈ ਸਵਾਲ ਨਹੀਂ ਕਰਨਾ ਇਤਿਹਾਸ ਨੂੰ ਲੈ ਕਰ ਕਿ ਜਿਵੇਂ ਇਸਨੇ ਪ੍ਰਸ਼ਨ ਪੁੱਛੇ ਹਨ ਕਿ ਗੁਰਬਾਣੀ ਦੇ ਵਿਚ ਕਿੱਥੇ ਲਿਖੇ ਹਨ ਇਹ ਹਾਸੋਹੀਣ ਗੱਲ ਹੋ ਜਾਵੇਗੀ ਪਰ ਤੁਸੀਂ ਸਮਝ ਗਏ ਹੋਵੋਗੇ ਕਿ ਮੇਰੇ ਲਿਖਣ ਦਾ ਮਕਸਦ ਕੀ ਸੀ
ਇਹ ਪ੍ਰਸ਼ਨ ਦੇ ਵਿਚ ਦੇਖੋ ਕਿਸ ਤਰੀਕੇ ਨਾਲ ਗੁਰੂ ਸਾਹਿਬ ਬਾਰੇ ਬੋਲ ਰਿਹਾ ਹੈ ਨਿਰਾਲਾ ਇਸ ਲਈ ਹੀ ਕਿਹਾ ਜਾਂਦਾ ਹੈ ਕਿ ਗੁਰੂ ਸਭ ਕੁਝ ਕਰਦੇ ਜ਼ਿੰਦਗੀ ਦੇ ਵਿਚ ਪਰ ਕਦੇ ਮੱਤ ਨਾ ਮਾਰੇ ਮੱਤ-ਮਾਰੀਆਂ ਦੇ ਕਾਰਣ ਹੀ ਨਿਰਾਲੇ ਵਰਗਿਆਂ ਦੀ ਬੁੱਧੀ ਤੇ ਪਰਦਾ ਪੈ ਜਾਂਦਾ ਹੈ ਵਾਹਿਗੁਰੂ ਹੀ ਬਚਾਏ ਨਿਰਾਲੇ ਵਰਗੇ ਦੇ ਰਸਤੇ ਤੇ ਚੱਲਣ ਵਾਲਿਆਂ ਨੂੰ
ਗੁਰੂ ਸਾਹਿਬਾਨ ਦੇ ਜੀਵਣ ਸਮਝਣ ਦੇ ਲਈ ਆਪਾਂ ਨੂੰ ਪਹਿਲਾਂ ਇਹ ਸਮਝਣਾ ਪਵੇਗਾ ਕਿ ਗੁਰੂ ਸਾਹਿਬ ਕੋਈ ਆਮ ਜਿਹੇ ਇਨਸਾਨ ਨਹੀਂ ਸਨ ਕਿ ਉਨ੍ਹਾਂ ਦੀ ਜ਼ਿੰਦਗੀ ਆਪਾਂ ਕਿਤਾਬਾਂ ਵਿਚੋਂ ਪੜ੍ਹ ਕੇ ਸਭ ਕੁਝ ਸਮਝ ਜਾਵਾਂਗੇ, ਜਾਂ ਦਿਮਾਗ਼ ਤੇ ਜ਼ਿਆਦਾ ਜ਼ੋਰ ਦੇ ਕਰ ਗੁਰੂ ਨੂੰ ਸਮਝਿਆ ਜਾ ਸਕਦਾ ਹੈ ਗੁਰੂ ਅਗੰਮ ਹੈ ਗੁਰੂ ਪਰੇ ਤੋਂ ਵੀ ਪਰੇ ਹੈ ਗੁਰੂ ਦਾ ਆਦਿ ਅੰਤ ਨਹੀਂ ਹੈ
ਸਿੱਖ ਗੁਰੂ ਸਾਹਿਬਾਨਾਂ ਨੇ ਸਮੇਂ ਦੇ ਅਨੁਸਾਰ ਉਹ ਸਭ ਕੀਤਾ ਜੋ ਬਹੁਤ ਜ਼ਿਆਦਾ ਜ਼ਰੂਰੀ ਸੀ ਗੁਰੂ ਸਾਹਿਬਾਨਾਂ ਨੇ ਇਹ ਨਹੀਂ ਦੇਖਿਆ ਕਿ ਇਹ ਕਿਸੇ ਧਰਮ ਦੇ ਉਲਟ ਹੈ ਜਾਂ ਕਿਸੇ ਬਾਦਸ਼ਾਹ ਦੇ ਗੁਰੂ ਸਾਹਿਬਾਨ ਜੋ ਸੱਚ ਪ੍ਰਗਟ ਕਰਨ ਆਏ ਸੀ ਇਸ ਦੁਨੀਆਂ ਦੇ ਵਿਚ ਉਹ ਕਰਕੇ ਜੋਤੀ ਜੋਤਿ ਸਮਾਏ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਸ ਗੁਰੂ ਸਾਹਿਬਾਨ ਨੂੰ ਇਹ ਵੀ ਕਰ ਲੈਣਾ ਚਾਹੀਦਾ ਸੀ ਨਹੀਂ ਜਿਵੇਂ ਗੁਰੂ ਸਾਹਿਬਾਨਾਂ ਨੂੰ ਭਾਇਆ ਓਵੇਂ ਹੀ ਕੀਤਾ ਗੁਰੂ ਨੇ ਕਿਸੇ ਤੋਂ ਇਹ ਨਹੀਂ ਪੁੱਛਿਆ ਕਿ ਇਹ ਸਹੀ ਹੋਵੇਗਾ ਜਾਂ ਨਹੀਂ ਹਾਂ, ਸਿੱਖਾਂ ਦੀ ਵਡਿਆਈ ਲਈ ਬਹੁਤ ਕੁਝ ਕੀਤਾ
ਗੁਰੂ ਅਮਰਦਾਸ ਜੀ ਨੇ ਬਾਉਲੀ ਦੀ ਰਚਨਾ ਕਰਾਈ ਪਹਿਲੇ ਸਤਿਗੁਰਾਂ ਨੇ ਕੀ ਕਰਾਈ ਸੀ? ਗੁਰੂ ਰਾਮਦਾਸ ਜੀ ਨੇ ਸਰੋਵਰ ਦੀ ਖ਼ੁਦਵਾਈ ਕਰਵਾਈ? ਕੀ ਪਹਿਲੇ ਸਤਿਗੁਰਾਂ ਨੇ ਕਰਾਈ ਸੀ? ਗੁਰੂ ਅਰਜਨ ਦੇਵ ਜੀ ਨੇ ਸਰੋਵਰ ਦੇ ਵਿਚ ਹਰਿਮੰਦਰ ਸਾਹਿਬ ਬਣਵਾਇਆ ਕੀ ਪਹਿਲੇ ਕਿਸੇ ਸਤਿਗੁਰਾ ਨੇ ਇੰਝ ਕੀਤਾ ਸੀ? ਹੋਰ ਤਾਂ ਹੋਰ, ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸਿੱਖਾਂ ਨੂੰ ਸ਼ਸਤਰਧਾਰੀ ਕੀਤਾ ਕੀ ਪਹਿਲੇ ਸਤਿਗੁਰਾਂ ਨੇ ਕੀਤਾ ਸੀ? ਗੁਰੂ ਸਾਹਿਬਾਨ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ ਕੀ ਇਹ ਪਹਿਲਾਂ ਕਿਸੇ ਗੁਰੂ ਸਾਹਿਬਾਨ ਨੇ ਕੀਤੀ ਸੀ? ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦਾਂ ਨੂੰ ਮਾਰਿਆ ਕੀ ਪਹਿਲੇ ਕਿਸੇ ਗੁਰੂ ਸਾਹਿਬਾਨ ਨੇ ਇਹ ਕੀਤਾ ਸੀ? ਇਹ ਉਹ ਪ੍ਰਸ਼ਨ ਹਨ ਜਿਨ੍ਹਾਂ ਦੇ ਉੱਤਰਾਂ ਦੇ ਵਿਚੋਂ ਤੁਹਾਨੂੰ ਨਿਰਾਲੇ ਦੇ ਨਿਰਮੂਲ ਪ੍ਰਸ਼ਨ ਦਾ ਉੱਤਰ ਮਿਲੇਗਾ ਹਰ ਇਕ ਸਿੱਖ-ਗੁਰੂ ਨੇ ਕੁਝ ਅਜਿਹਾ ਕੀਤਾ ਜੋ ਪਹਿਲੇ ਸਤਿਗੁਰਾਂ ਨੇ ਨਹੀਂ ਕੀਤਾ ਇਹ ਨਹੀਂ ਕਿ ਉਹ ਕਰ ਨਹੀਂ ਸਕਦੇ ਸੀ ਜਾਂ ਕਰਨਾ ਨਹੀਂ ਚਾਹੁੰਦੇ ਸੀ ਕਾਰਣ ਇਸਦਾ ਇਹ ਹੈ ਕਿ ਇਹ ਕੰਮ ਉਨ੍ਹਾਂ ਸਤਿਗੁਰਾਂ ਨੇ ਹੀ ਕਰਨਾ ਸੀ ਜਿਨ੍ਹਾਂ ਨੇ ਕੀਤਾ
ਇਹ ਪ੍ਰਸ਼ਨ ਕਰਨਾ ਬਹੁਤ ਵੱਡੀ ਮੂਰਖ਼ਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਉਂ ਦਿੱਤੀ ਗੁਰੂ ਨੂੰ ਜਿਵੇਂ ਭਾਇਆ ਓਵੇਂ ਕੀਤਾ ਰਹੀ ਗੱਲ ਗੁਰਪਦ ਦੀ ਤਾਂ ਉਹ ਗੁਰੂ ਰਾਮਦਾਸ ਜੀ ਦੀ ਬਾਣੀ ਵਿਚ ਦੇਖਿਆ ਜਾ ਸਕਦਾ ਹੈ ਕਿ ਗੁਰਬਾਣੀ ਹੀ ਗੁਰੂ ਹੈ ਇਸਨੂੰ ਗੁਰੂ ਸਾਹਿਬ ਨੇ ਸੱਚ ਕਰ ਦਿਖਾਇਆ
10.  ਜੇ ਸਭ ਪਾਤਸ਼ਾਹੀਆਂ ਗੁਰਬਾਣੀ ਦੀ ਮੌਜੂਦਗੀ ਵਿਚ ਦੇਹਧਾਰੀਆਂ ਨੂੰ ਹੀ ਗੁਰੂ ਮੰਨਦੀਆਂ ਆਈਆਂ ਅਤੇ ਸਿੱਖਾਂ ਨੇ ਵੀ ਇਸੇ ਸਿਧਾਂਤ ਨੂੰ ਅਪਨਾਇਆ ਹੈ, ਤਾਂ ਫਿਰ ਦਸਮ ਪਾਤਸ਼ਾਹ ਤੋਂ ਬਾਦ ਦੇਹਧਾਰੀ ਗੁਰੂਆ ਨੂੰ ਗੁਰੂ ਮੰਨਣਾ ਕਿਵੇਂ ਅਯੋਗ ਹੋ ਸਕਦਾ ਹੈ?
ਇਹ ਪ੍ਰਸ਼ਨ ਫਿਰ ਤੋਂ ਪੜ੍ਹਿਆ ਜਾਵੇ ਤੇ ਇਸ ਤੋਂ ਬਾਅਦ ਨੌਵੇਂ ਨੰਬਰ ਵਾਲਾ ਵੀ, ਤੁਹਾਨੂੰ ਉੱਤਰ ਆਪਣੇ ਆਪ ਮਿਲ ਜਾਵੇਗਾ
੯ਵੇਂ ਪ੍ਰਸ਼ਨ ਦੇ ਵਿਚ ਨਿਰਾਲਾ ਜੀ ਪੁੱਛਦੇ ਹਨ ਕਿ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗੱਦੀ ਕਿਉਂ ਦਿੱਤੀ, ਤੇ ਫਿਰ ੧੦ਵੇਂ ਤੇ ਪੁੱਛਦੇ ਹਨ ਕਿ ਕਿਸੇ ਦੇਹਧਾਰੀ ਨੂੰ ਗੁਰੂ ਮੰਨਣਾ ਅਯੋਗ ਕਿਵੇਂ ਮਤਲਬ ਕੇ ਪ੍ਰਸ਼ਨ ਕਰਨਾ ਵੀ ਨੀ ਆਇਆ ਹੁਣ ਜੇਕਰ ਨਿਰਾਲਾ ਖ਼ੁਦ ਹੀ ਕਹਿ ਰਿਹਾ ਹੈ ਕਿ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗੱਦੀ ਦਿੱਤੀ ਹੈ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਾਂਗੇ ਹੀ ਆਪਾਂ ਕਦੇ ਇੰਝ ਹੋਇਆ ਕਿ ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰਤਾਗੱਦੀ ਦਿੱਤੀ ਤੇ ਸਿੱਖ ਕਹਿੰਦੇ ਕਿ ਅਸੀਂ ਕਿਸੇ ਹੋਰ ਨੂੰ ਮੰਨਣਾ? ਹਾਂ, ਜਿਨ੍ਹਾਂ ਨੂੰ ਪਤਾ ਨਹੀਂ ਸੀ, ਜੋ ਸੰਗਤ ਭੰਬਲਭੁਸੇ ਦੇ ਵਿਚ ਪਈ ਸੀ ਗੁਰੂ ਤੇਗ ਬਹਾਦਰ ਜੀ ਦੇ ਸਮੇਂ ਤੇ, ਓਦੋਂ ਜ਼ਰੂਰ ਉਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਗੁਰੂ ਕੌਣ ਹੈ ਪਰ ਜਦੋਂ ਪਤਾ ਲੱਗ ਗਿਆ ਤਾਂ ਫਿਰ ਗੁਰਤਾਗੱਦੀ ਜਿਸ ਕੋਲ ਸੀ ਉਸ ਨੂੰ ਹੀ ਗੁਰੂ ਮੰਨਿਆ
ਜਦੋਂ ਗੁਰੂ ਗੋਬਿੰਦ ਸਿੰਘ ਜੀ ਕਹਿ ਗਏ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਹੀ ਗੁਰੂ ਹੋਣਗੇ ਫਿਰ ਇਹ ਦੇਹਧਾਰੀ ਵਾਲਾ ਸਿਧਾਂਤ ਕਿਵੇਂ ਆ ਗਿਆ ਜਾਂ, ਜੇਕਰ ਤੁਸੀਂ ਮੰਨਣਾ ਕਿਸੇ ਦੇਹਧਾਰੀ ਨੂੰ, ਕਿਸੇ ਢੋਂਗੀ ਦੇ ਪੈਰ ਧੋ ਕੇ ਪੀਣੇ ਆ ਤਾਂ ਜੀ ਸਕਦੇ ਪੀਉ, ਕਿਸੇ ਨੇ ਨਹੀਂ ਰੋਕਿਆ ਪਰ ਗੁਰੂ ਸਾਹਿਬ ਦੀ ਕਰਨੀ ਤੇ ਉਂਗਲ ਚੁੱਕਣੀ ਇਹ ਕੋਈ ਵਧੀਆ ਗੱਲ ਨਹੀਂ ਤੁਸੀਂ ਸਰਸੇ ਨੂੰ ਮੰਨਣਾ, ਬਿਆਸ ਨੂੰ ਮੰਨਣਾ, ਨੂਰਮਹਿਲੀਆਂ ਨੂੰ ਮੰਨਣਾ, ਨਾਮਧਾਰੀਆਂ ਨੂੰ ਮੰਨਣਾ, ਨਿਰੰਕਾਰੀਆਂ ਨੂੰ ਮੰਨਣਾ, ਮੰਨੋ, ਜਿੱਦਾਂ ਗ਼ੁਲਾਮੀ ਚਾਹੁੰਦੇ ਹੋ ਕਰੋ ਪਰ ਸਿੱਖ ਪੰਥ ਨੂੰ ਆਪਣੇ ਵਰਗਾ ਅਨਮਤੀਆ ਨਾ ਬਣਾਉ
ਸਿੱਖ ਗੁਰੂ ਸਾਹਿਬਾਨਾਂ ਦੇ ਕੀਤੇ ਹੋਏ ਹੁਕਮ ਤੋਂ ਉਲਟ ਜਾਣਾ ਅਯੋਗ ਹੀ ਹੁੰਦਾ ਹੈ ਜੇਕਰ ਤੁਸੀਂ ਸਿੱਖੀ ਨਹੀਂ ਕਮਾ ਸਕਦੇ ਤਾਂ ਗੁਰੂਡੰਮਾਂ ਦੇ ਦਰਵਾਜ਼ੇ ਤੁਹਾਡੇ ਲਈ ਸਦਾ ਹੀ ਖੁਲ੍ਹੇ ਹਨ ਸਿੱਖੀ ਉਨ੍ਹਾਂ ਲਈ ਨਹੀਂ ਜੋ ਆਪਣਾ ਮੱਤ ਚਲਾਉਣ ਸਿੱਖੀ ਉਨ੍ਹਾਂ ਲਈ ਹੈ ਜੋ ਗੁਰੂ ਸਾਹਿਬਾਨ ਦੇ ਹੁਕਮਾਂ ਦਾ ਪਾਲਣ ਕਰ ਸਕਣ
11.  ਜੇ ਦਸਾਂ ਪਾਤਸ਼ਾਹੀਆਂ ਦੇ ਸਮੇਂ ਦੇਹਧਾਰੀ ਗੁਰੂਆਂ ਦੀ ਮਨੋਤ ਗੁਰਬਾਣੀ ਦੇ ਯੋਗ ਅਦਬ ਤੇ ਸਤਿਕਾਰ ਵਿਚ ਕੋਈ ਵਿਘਨ ਨਹੀਂ ਪਾ ਸਕੀ ਤਾਂ ਫਿਰ ਪ੍ਰਾਚੀਨ ਪਰਯਾਦਾ ਦੇ ਅਨੁਸਾਰ ਦੇਹਧਾਰੀ ਗੁਰੂਆਂ ਨੂੰ ਗੁਰੂ ਮੰਨ ਲੈਣ ਨਾਲ ਗੁਰਬਾਣੀ ਦੀ ਸ਼ਾਨ ਵਿਚ ਕੀ ਤਰੁਟੀ ਆ ਵਿਆਪਦੀ ਹੈ?
ਪੜ੍ਹੋ ੧੦ਵਾਂ ਉੱਤਰ
12.  ਜੇਕਰ ਕਹਿਆ ਜਾਏ ਕਿ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਹਜੂਰ ਸਾਹਿਬ ਜੀ ਨੂੰ ਗੁਰਿਆਈ ਅਰਪਾਨ ਕੀਤੀ ਸੀ ਤਦ ਤੋਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾ ਦੇ ਗੁਰੂ ਮੰਨੇ ਜਾਂਦੇ ਹਨ ਜੇਕਰ ਇਹ ਸੱਚ ਹੈ ਤਾਂ ਫੇਰ ਇਸ ਸੰਬੰਧ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਉਚਾਰਣ ਹੋਏ ਗੁਰਵਾਕ ਦੀ ਸਾਨੂੰ ਲੋੜ ਹੈ, ਸੋ ਕਿਰਪਾ ਕਰਕੇ ਦੱਸਿਆ ਜਾਏ ਕਿ ਉਹ ਗੁਰਵਾਕ ਕਿਥੇ ਹੈ?
ਪੜ੍ਹੋ ਪਹਿਲੇ ਅਧਿਆਇ ਦੇ ਵਿਚ ਲਿਖੇ ਸ੍ਰੋਤਾਂ ਦੇ ਨਾਂਅ ਤੇ ਵਾਕ

ਮੇਰੇ ਵਲੋਂ ਕੁਝ ਪ੍ਰਸ਼ਨ:
1.     ਕੀ ਸਿੱਖ ਗੁਰੂ ਸਾਹਿਬਾਨਾਂ ਦੇ ਹੁਕਮ ਦੀ ਪਾਲਣਾ ਕਰਨ ਤੋਂ ਬਗ਼ੈਰ ਕੋਈ ਸਿੱਖ ਕਹਾ ਸਕਦਾ ਹੈ?
2.    ਜੇਕਰ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾਗੱਦੀ ਨਹੀਂ ਦਿੱਤੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੇ ਕੋਈ ਦੇਹਧਾਰੀ ਗੁਰੂ ਧਾਰਿਆ ਜਾ ਸਕਦਾ ਹੈ, ਤਾਂ ਕੀ ਉਸ ਦਾ ਨਾਂਅ ਤੇ ਪਤਾ ਗੁਰਬਾਣੀ ਦੇ ਵਿਚੋਂ ਦਿੱਤਾ ਜਾ ਸਕਦਾ ਹੈ ਕਿ ਗੁਰੂ ਸਾਹਿਬ ਨੇ ਇਸ ਬੰਦੇ ਨੂੰ ਗੁਰਤਾਗੱਦੀ ਦਿੱਤੀ?
3.    ਪਿਛਲੇ ੩੦੦ ਸਾਲਾਂ ਤੋਂ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਰਹੇ ਹਨ, ਕੀ ਉਨ੍ਹਾਂ ਨੂੰ ਕੋਈ ਸੋਝੀ ਹੀ ਨਹੀਂ ਸੀ ਤੇ ਗੁਰੂਡੰਮਾਂ ਦੇ ਚਮਚਿਆਂ ਨੂੰ ਜ਼ਿਆਦਾ ਗਿਆਨ ਹੈ?
4.    ਗੁਰੂ ਗੋਬਿੰਦ ਸਿੰਘ ਜੀ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗੱਦੀ ਦੇਣ ਦੇ ਬਾਵਜੂਦ ਇਸ ਤਰ੍ਹਾਂ ਦੀ ਸਵਾਲੀਆਂ ਪ੍ਰਸ਼ਨ ਕਰਨੇ ਵਾਜਿਬ ਨੇ?
5.    ਦੁਨੀਆਂ ਦੇ ਵਿਚ ਬਹੁਤ ਸਾਰੇ ਗੁਰੂਡੰਮ ਤੁਰੇ ਫਿਰਦੇ ਨੇ, ਇਨ੍ਹਾਂ ’ਚੋਂ ਕਿਸ ਨੂੰ ਸਹੀ ਮੰਨਿਆ ਜਾਵੇ?
6.    ਕੀ ਗੁਰਬਾਣੀ ਦੇ ਰਾਹੀਂ ਨਿਰਾਲਾ ਸਿੱਧ ਕਰ ਸਕਦਾ ਹੈ ਕਿ ਇਸ ਵਾਲਾ ਗੁਰੂਡੰਮ ਸਭ ਤੋਂ ਘੈਂਟ ਹੈ ਤੇ ਬਾਕੀ ਸਭ ਐਵੇਂ ਈ ਆ?
7.    ਗੁਰਬਾਣੀ ਤੇ ਇਤਿਹਾਸਿਕ ਸ੍ਰੋਤਾਂ ਦੇ ਵਿਚ ਕੁਝ ਫ਼ਰਕ ਹੈ?
8.    ਜਿਨ੍ਹਾਂ ਗੁਰੂਡੰਮਾਂ ਦੇ ਡੇਰੇ ਤੇ ਨਿਰਾਲਾ ਜਾਂਦਾ ਹੈ ਕੀ ਉੱਥੇ ਇਹ ਸਿਖਾਇਆ ਜਾਂਦਾ ਹੈ ਕਿ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨਹੀਂ ਹਨ? ਜਾਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾਗੱਦੀ ਆਦਿ ਗ੍ਰੰਥ ਸਾਹਿਬ ਜੀ ਨੂੰ ਨਹੀਂ ਦਿੱਤੀ?
9.    ਜੋ ਗੁਰੂ ਤੇਗ ਬਹਾਦਰ ਜੀ ਦੇ ਗੁਰੂ ਬਨਣ ਤੋਂ ਪਹਿਲਾਂ ਧੀਰਮੱਲੀਆਂ ਨੇ ਕੀਤਾ ਤੇ ਮੱਖਣ ਸ਼ਾਹ ਨੇ ਜੋ ਦੇਖਿਆ, ਉਸ ਤੋਂ ਬਾਅਦ ਉਸਨੇ ਧੀਰਮੱਲੀਆਂ ਨੂੰ ਗੁਰੂ ਕਿਉਂ ਨਹੀਂ ਮੰਨਿਆ? ਉਹ ਵੀ ਤਾਂ ਬਾਬੇ ਬਕਾਲੇ ਸੀ ਤੇ ਗੁਰੂ ਹਰਿਕ੍ਰਿਸ਼ਨ ਜੀ ਦਾ ਇਸ਼ਾਰਾ ਬਾਬੇ ਬਕਾਲੇ ਹੀ ਤਾਂ ਸੀ
10.  ਜੇਕਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗੱਦੀ ਨਹੀਂ ਸੀ ਮਿਲੀ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਅਤੇ ਜਦੋਂ ਸਿੰਘ ਥਾਂ-ਥਾਂ ਮਾਰੇ ਜਾ ਰਹੇ ਸਨ ਸਿੱਖ ਰਾਜ ਤੋਂ ਪਹਿਲਾਂ, ਤਾਂ ਉਸ ਵੇਲੇ ਉਨ੍ਹਾਂ ਨੇ ਆਪਣੀ ਟੇਕ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਕਿਉਂ ਰੱਖੀ? ਤੇਰੇ ਵਾਂਙੂ ਗੁਰੂਡੰਮਾਂ ਤੇ ਭਰੋਸਾ ਕਿਉਂ ਨਹੀਂ ਕੀਤਾ?
ਇਹ ਉਪਰੋਕਤ ਪ੍ਰਸ਼ਨ ਉਨ੍ਹਾਂ ਗੁਰੂਡੰਮਾਂ ਅੱਗੇ ਰੱਖੇ ਗਏ ਹਨ ਜਿਨ੍ਹਾਂ ਨੇ ਆਪਣਾ ਕਰਤਾ-ਧਰਤਾ ਗੁਰੂਡੰਮਾਂ ਨੂੰ ਬਣਾ ਲਿਆ ਹੈ ਲੇਖਕ ਵਲੋਂ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਣੀ ਲੇਖਣੀ ਅਨੁਸਾਰ ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਲਿਖ ਕੇ ਦਾਸ ਨੂੰ ਭੇਜਣ ਦੀ ਖੇਚਲ ਕਰਨੀ ਦਾਸ ਉਨ੍ਹਾਂ ਵੀਰਾਂ ਦਾ ਵੱਡਾ ਧੰਨਵਾਦੀ ਹੋਵੇਗਾ