Tuesday, 11 February 2020

Hum Hindu Hain Da Khandan

'ਹਮ ਹਿੰਦੂ ਹੈ' ਦਾ ਖੰਡਣ

ਭਾਗ ੧

ਸਿੱਖਾਂ ਨੂੰ ਉਲਝਾਉਣ ਦੇ ਲਈ ਸਮੇਂ-ਸਮੇਂ ਤੇ ਕਈ ਲੋਕਾਂ ਨੇ ਨਵੇਂ-ਨਵੇਂ ਤਰੀਕਿਆਂ ਨਾਲ ਹਮਲੇ ਕੀਤੇ । ਇਨ੍ਹਾਂ ਹਮਲਿਆਂ ਦਾ ਪੰਥ ਤੇ ਕੋਈ ਵੀ ਪ੍ਰਭਾਵ ਨਹੀਂ ਪਿਆ ਸਗੋਂ ਹਮਲਾ ਕਰਨ ਵਾਲਿਆਂ ਦਾ ਚਿਹਰਾ ਨੰਗਾ ਹੋਇਆ । ਇਹ ਸਿਲਸਿਲਾ ਕਾਫ਼ੀ ਸਮੇਂ ਤੋਂ ਚੱਲ ਰਿਹਾ ਹੈ । ਇਹ ਕੋਈ ਹੁਣ ਦੀ ਪੈਦਾਇਸ਼ ਨਹੀਂ ਬਲਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਸਿੱਖ-ਵਿਰੋਧੀ ਤਾਕਤਾਂ ਸਰਗਰਮ ਰਹੀਆਂ ਹਨ । ਇਸਦਾ ਕਾਰਣ ਗੁਰੂ ਸਾਹਿਬਾਨਾਂ ਦਾ ਉਸ ਸਮੇਂ ਤੇ ਚੱਲ ਰਹੇ ਧਰਮਾਂ ਤੇ ਕਰਮ-ਕਾਂਡ ਤੋਂ ਬਾਗ਼ੀ ਹੋਣਾ ਸੀ । ਇਹ ਸਿਲਸਿਲਾ ਕੋਈ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਸ਼ੁਰੂ ਨਹੀਂ ਹੋਇਆ । ਇਹ ਗੁਰੂ ਨਾਨਕ ਦੇਵ ਜੀ ਨੇ ਹੀ ਜਨੇਊ ਨਾ ਪਵਾ ਕੇ ਜ਼ੋਰਾਂ-ਸ਼ੋਰਾਂ ਨਾਲ ਇਸਦਾ ਵਿਰੋਧ ਕੀਤਾ ਸੀ । ਉਸ ਸਮੇਂ ਤੋਂ ਚਲਿਆ ਇਹ ਸੰਘਰਸ਼, ਹੁਣ ਤੱਕ ਲੋਕਾਂ ਦੀ ਪੀੜਾਂ ਦਾ ਕਾਰਣ ਬਣਿਆ ਹੋਇਆ ਹੈ ਕਿਉਂਕਿ ਕੁਝ ਕੁ ਲੋਕ ਇਹ ਨਹੀਂ ਚਾਹੁੰਦੇ ਕਿ ਉਨ੍ਹਾਂ ਤੋਂ ਬਿਨਾਂ ਦੁਨੀਆਂ ਦੇ ਵਿਚ ਕੁਝ ਹੋਵੇ । ਜੋ ਉਹ ਮੰਨਣ ਓਹੀ ਸਾਰੀ ਦੁਨੀਆਂ ਮੰਨੇ । ਕੋਈ ਵੀ ਨਵਾਂ ਧਾਰਮਿਕ ਗ੍ਰੰਥ, ਕੋਈ ਨਵੀਂ ਮਰਯਾਦਾ, ਕੋਈ ਨਵਾਂ ਸਮਾਜ, ਤੇ ਕੋਈ ਵੀ ਨਵਾਂ ਜਜ਼ਬਾ ਕੁਝ ਕੁ ਲੋਕਾਂ ਤੋਂ ਬਰਦਾਸ਼ਤ ਨਹੀਂ ਹੁੰਦਾ ।
ਇਨ੍ਹਾਂ ਸਾਰੀਆਂ ਗੱਲਾਂ ਦਾ ਗਵਾਹ ਆਪਾਂ ਨੂੰ ਗੁਰਬਾਣੀ ਤੇ ਇਤਿਹਾਸ ਦੇ ਵਿਚ ਮਿਲ ਜਾਂਦਾ ਹੈ ।
ਕਿਤਾਬਾਂ ਦੇ ਸ਼ੌਂਕ ਦੇ ਕਾਰਣ ਬਹੁਤ ਸਾਰੀਆਂ ਕਿਤਾਬਾਂ ਪੜ੍ਹਨ ਨੂੰ ਮਿਲਦੀਆਂ ਹਨ, ਚਾਹੇ ਉਹ ਅੰਗਰੇਜ਼ੀ ਹੋਵੇ ਜਾਂ ਪੰਜਾਬੀ । ਕਿਤਾਬਾਂ ਪੜ੍ਹਦੇ-ਪੜ੍ਹਦੇ ਇਕ ਕਿਤਾਬ ਹੱਥ ਲੱਗੀ ਜਿਸ ਦਾ ਨਾਂ 'ਹਮ ਹਿੰਦੂ ਹੈ' ਹੈ । ਇਹ ਕਿਤਾਬ ਰਾਜਿੰਦਰ ਸਿੰਘ ਨਿਰਾਲਾ ਵਲੋਂ ਲਿਖੀ ਗਈ ਹੈ । ਆਪਾਂ ਇਸਦੇ ਦੂਜੇ ਭਾਗ ਬਾਰੇ ਗੱਲ ਕਰਨ ਜਾ ਰਹੇ ਹਾਂ । ਮੈਨੂੰ ਨੀ ਪਤਾ ਕਿ ਇਸਦੇ ਪਹਿਲੇ ਭਾਗ ਦੇ ਵਿਚ ਕੀ ਲਿਖਿਆ ਹੈ, ਨਾ ਹੀ ਭਾਲ ਕਰਨ ਤੇ ਇਹ ਕਿਤਾਬ ਮਿਲੀ ਹੈ, ਤੇ ਨਾ ਹੀ ਮੈਨੂੰ ਪਤਾ ਹੈ ਕਿ ਇਹ ਬੰਦਾ ਹੈ ਕੌਣ । ਆਪਾਂ ਨੂੰ ਤਾਂ ਬਸ ਕਿਤਾਬ ਨਾਲ ਮਤਲਬ ਹੈ ਤੇ ਇਸ ਵਿਚ ਕੀ ਲਿਖਿਆ ਹੋਇਆ ਹੈ । ਹਾਂ, ਜੇਕਰ ਰਾਜਿੰਦਰ ਸਿੰਘ ਨਿਰਾਲੇ ਤੱਕ ਇਹ ਲੇਖ ਪਹੁੰਚਦੇ ਹਨ, ਤਾਂ ਬੇਨਤੀ ਹੈ ਕਿ ਆਪਣੀ ਪਹਿਲੀ ਕਿਤਾਬ ਬਾਰੇ ਵੀ ਜਾਣਕਾਰੀ ਦੇਵੋ ਤਾਂ ਜੋ ਉਸ ਵਿਚ ਲਿਖੀਆਂ ਗ਼ਲਤ ਗੱਲਾਂ ਬਾਰੇ ਵੀ ਅਸੀਂ ਦੱਸ ਸਕੀਏ ।
ਨਿਰਾਲੇ ਦੀ ਕਿਤਾਬ ਦਾ ਸੰਨ ੧੯੯੯ ਈਸਵੀ ਦਿੱਤਾ ਗਿਆ ਹੈ । ਪਹਿਲਾਂ ਭਾਗ ਇਸ ਤੋਂ ਪਹਿਲਾਂ ਛਪਿਆ । ਇਸ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਪਦੇ ਮਹੀਨਾਵਾਰੀ ਰਸਾਲੇ ਬਾਰੇ ਵੀ ਦੱਸਿਆ ਗਿਆ ਹੈ । ਸ਼ਾਇਦ ਪੰਥ ਨੂੰ ਇਸ ਦੀਆਂ ਬੇਵਕੂਫ਼ੀਆਂ ਦਾ ਪਤਾ ਚੱਲ ਗਿਆ ਸੀ ਜਾਂ ਇਸ ਨੇ ਆਪ ਹੀ ਆਪਣੀਆਂ ਕਿਤਾਬਾਂ ਭੇਜੀਆਂ ਹੋਣੀਆਂ ਵਾ । ਸੋ ਗੁਰਮਤਿ ਪ੍ਰਕਾਸ਼ ਦੇ ਵਿਚ ਲਿਖੇ ਇਕ ਲੇਖਕ ਦੀਆਂ ਗੱਲਾਂ ਨੂੰ ਇਹ ਕਈ ਥਾਈਂ ਲਿਖ ਰਿਹਾ ਹੈ, ਜੋ ਇਸਦੀਆਂ ਲਿਖੀਆਂ ਜਬਲੀਆਂ ਦੇ ਉੱਤਰ ਦੇ ਵਿਚ ਸਨ ।
ਮੈਂ ਇਸਦੇ ਉੱਤਰ ਦੇ ਵਿਚ ਲਿਖਣ ਦੇ ਪੱਕ ਦੇ ਵਿਚ ਨਹੀਂ ਸਾਂ ਕਿਉਂਕਿ ਇਸ ਵਿਚ ਕੋਈ ਠੋਸ ਗੱਲ ਨਹੀਂ ਕੀਤੀ ਗਈ । ਪਰ ਕਈ ਪ੍ਰਸ਼ਨ ਉਲਝਾਉਣ ਵਾਲੇ ਕੀਤੇ ਗਏ ਹਨ, ਜਿਨ੍ਹਾਂ ਦਾ ਉੱਤਰ ਦੇਣਾ ਬਣਦਾ ਹੈ । ਇਹ ਕਿਤਾਬ ਉਸ ਤਰੀਕੇ ਨਾਲ ਹੀ ਲਿਖੀ ਗਈ ਹੈ ਜਿਸ ਤਰੀਕੇ ਨਾਲ ਕਾਲੇ ਅਫ਼ਗ਼ਾਨੇ ਨੇ ਆਪਣੀਆਂ ਕਿਤਾਬਾਂ ਲਿਖੀਆਂ ਹਨ । ਖ਼ੈਰ, ਉਹ ਤਾਂ ਇਹ ਕਿਹਾ ਜਾਂਦਾ ਹੈ ਕਿ ਉਸਦਾ ਨਾਂਅ ਵਰਤ ਕੇ ਕਿਸੇ ਹੋਰ ਨੇ ਲਿਖੀਆਂ ਹਨ । ਕਾਲਾ ਆਪਣੇ ਹਰ ਇਕ ਪੇਜ ਤੇ ਇਕੋ ਗੱਲ ਦੁਹਰਾਉਂਦਾ ਹੈ, ਜਿਸ ਵਿਚ ਸਿੱਖਾਂ ਦੀਆਂ ਭਾਵਨਾਵਾਂ ਦੀ ਗੱਲ ਕਰਕੇ ਉਨ੍ਹਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ । ਨਾਲ ਹੀ ਨਾਲ ਉਹ ਸੱਤੇ ਬਲਵੰਡੇ ਦੀ ਵਾਰ ਦੀ ਤੁਕ ਲੈ ਕਰ ਇਕੋ ਰਾਗ ਅਲਾਪਦਾ ਹੈ । ਠੀਕ ਉਸੇ ਤਰ੍ਹਾਂ ਨਿਰਾਲਾ ਵੀ ਗੁਰੂ ਅਮਰਦਾਸ ਜੀ ਦੀ ਬਾਣੀ ਦੀ ਤੁਕ ਕਿ ਸਤਿਗੁਰੂ ਤੋਂ ਬਿਨਾਂ ਬਾਣੀ ਕੱਚੀ ਹੁੰਦੀ ਹੈ ਲੈ ਕਰ ਆਪਣੇ ਪ੍ਰਸ਼ਨਾਂ ਦੇ ਉੱਤਰ ਭਾਲਦਾ ਹੈ । ਇਸ ਤਰ੍ਹਾਂ ਜਾਪਦਾ ਹੈ ਕਿ ਇਨ੍ਹਾਂ ਦੋਨਾਂ ਕਿਤਾਬਾਂ ਦੀ ਆਪਸ ਦੇ ਵਿਚ ਕੋਈ ਸਾਂਝ ਹੈ ।
ਜਿਵੇਂ ਕਿਤਾਬ ਦਾ ਨਾਂਅ ਦੱਸਿਆ ਜਾ ਚੁੱਕਾ ਹੈ ਤੇ ਆਪਾਂ ਸਭ ਨੂੰ ਹੀ ਪਤਾ ਹੋਣਾ ਹੈ ਕਿ ਇਸ ਵਿਚ ਕੀ ਲਿਖਿਆ ਹੋਵੇਗਾ । ਜੇਕਰ ਕਾਲੇ ਦੀਆਂ ਕਿਤਾਬਾਂ ਦੀ ਗੱਲ ਕਰੀਏ ਤਾਂ ਇਹ ਸਾਫ਼ ਹੋ ਜਾਂਦਾ ਹੈ ਕਿ ਉਹ ਕਿਸੇ ਚਲਾਕ ਬੰਦੇ ਜਾਂ ਬੰਦਿਆਂ ਵੱਲੋਂ ਲਿਖੀ ਗਈ ਹੈ । ਪਰ ਨਿਰਾਲੇ ਦੀ ਕਿਤਾਬ ਵਿਚ ਅਜਿਹਾ ਕੁਝ ਨਹੀਂ ਹੈ । ਸਿੱਖ ਵਿਰੋਧੀ ਗੱਲਾਂ ਜ਼ਰੂਰ ਹਨ, ਪਰ ਕੋਈ ਠੋਸ ਤੇ ਦਿਲ-ਖਿਚਵੀਂ ਦਲੀਲ ਨਹੀਂ ਹੈ । ਹੋਵੇਗੀ ਵੀ ਕਿਵੇਂ, ਇਨ੍ਹਾਂ ਨੇ ਕੁਝ ਨਵਾਂ ਸਿਰਜਿਆ ਹੀ ਨਹੀਂ । ਜੋ ਦਲੀਲਾਂ ਹੁਣ ਦੀ ਪੀੜ੍ਹੀ ਚੁੱਕੀ ਫਿਰਦੀ ਹੈ ਇਨ੍ਹਾਂ ਬਾਰੇ ਤਾਂ ਸਿੰਘਾਂ ਨੇ ਸਦੀਆਂ ਪਹਿਲਾਂ ਉੱਤਰ ਦੇ ਦਿੱਤੇ ਹਨ । ਤਾਂ ਕਰਕੇ ਇਹ ਕੋਨੇ-ਕੋਨੇ ਤੇ ਮਾਰਾਂ ਖਾ ਰਹੇ ਹਨ ।

ਦੇਹਧਾਰੀ ਗੁਰੂ ਤੇ ਸਿੱਖੀ
ਸਿੱਖ ਧਰਮ ਦੇ ਵਿਚ ਦੇਹਧਾਰੀ ਗੁਰੂਆਂ ਦਾ ਜ਼ੋਰਦਾਰ ਖੰਡਣ ਹੁੰਦਾ ਹੈ । ਖ਼ਾਸ ਕਰ ਪੰਜਾਬ ਦੇ ਵਿਚ ਰਹਿਣ ਵਾਲੇ ਲੋਕ ਜਦ ਆਪਣੇ ਡੇਰੇ ਖੋਲ੍ਹ ਕੇ ਬੈਠ ਗਏ ਤਾਂ ਇਹ ਸਿੱਖਾਂ ਦੀ ਹਿੱਕ ਤੇ ਦੀਵੇ ਬਾਲਣ ਵਾਂਙ ਹੈ । ਚਾਹੇ ਉਹ ਨਿਰੰਕਾਰੀ ਹੋਣ, ਚਾਹੇ ਰਾਧਾ ਸੁਆਮੀ, ਜਾਂ ਸਰਸੇ ਵਾਲਾ । ਇਨ੍ਹਾਂ ਤਿੰਨਾਂ ਦਾ ਨਾਂ ਦੇਹਧਾਰੀ ਗੁਰੂਡੰਮਾਂ ਦੇ ਵਿਚ ਆਉਂਦਾ ਹੈ; ਇਨ੍ਹਾਂ ਤੋਂ ਛੁੱਟ ਹੋਰ ਵੀ ਬਹੁਤ ਹਨ । ਤੇ ਇਹ ਜਦ ਤੱਕ ਇਸ ਤਰ੍ਹਾਂ ਕਰ ਰਹੇ ਹਨ, ਇਨ੍ਹਾਂ ਦੇ ਨਾਂ ਆਉਂਦੇ ਹੀ ਰਹਿਣਗੇ ।
ਨਿਰਾਲੇ ਦੇ ਪ੍ਰਸ਼ਨਾਂ ਦਾ ਉੱਤਰ ਦੇਣ ਤੋਂ ਪਹਿਲਾਂ ਕੁਝ ਕੁ ਗੱਲਾਂ ਕਰਨੀਆਂ ਬਣਦੀਆਂ ਨੇ ।
ਸਿੱਖਾਂ ਨੂੰ ਕੋਈ ਵੀ ਕਿਸੇ ਵੀ ਧਰਮ ਦਾ ਆਪਣੇ ਆਪ ਨੂੰ ਗੁਰੂ ਅਖਾਏ ਉਸ ਵਿਚ ਕੋਈ ਵੀ ਤਕਲੀਫ਼ ਨਹੀਂ ਹੈ । ਵੈਸੇ ਵੀ ਸੰਸਾਰ ਦੇ ਵਿਚ ਇੰਨੇ ਧੋਖੇਬਾਜ਼ ਹਨ, ਚਾਰ ਹੋਰ ਜੁੜ੍ਹ ਜਾਣਗੇ ਉਨ੍ਹਾਂ ਦੇ ਵਿਚ ਤਾਂ ਕੋਈ ਵੱਡੀ ਗੱਲ ਨਹੀਂ ਹੈ । ਸਿੱਖਾਂ ਨੂੰ ਸਭ ਤੋਂ ਵੱਡਾ ਝਟਕਾ ਓਦੋਂ ਲੱਗਦਾ ਹੈ ਜਦੋਂ ਲੋਕ ਗੁਰਬਾਣੀ ਦਾ ਉਪਯੋਗ ਕਰਕੇ, ਸਿੱਖ ਇਤਿਹਾਸ ਦੀ ਗੱਲ ਕਰਕੇ, ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਜਾਂਦੇ ਨੇ । ਜੇਕਰ ਤੁਸੀਂ ਵਾਕਈ ਹੀ ਪਹੁੰਚੇ ਹੋਏ ਮਹਾਂਪੁਰਸ਼ ਹੋ ਤਾਂ ਆਪਣੇ ਅੰਦਰੋਂ ਪ੍ਰਗਟ ਕਰੋ ਬਾਣੀ ਨੂੰ, ਤੇ ਫਿਰ ਉਸ ਦਾ ਪ੍ਰਚਾਰ ਤੇ ਪ੍ਰਸਾਰ ਕਰੋ । ਇਹ ਕੰਮ ਓਖ੍ਹੇ ਨੇ ਤੇ ਕੋਈ ਸਾਧਾਰਣ ਵਿਅਕਤੀ ਨਹੀਂ ਕਰ ਸਕਦਾ । ਇਸ ਲਈ ਲੋਕਾਂ ਨੂੰ ਗੁੰਮਰਾਹ ਕਰਨ ਦਾ ਰਸਤਾ ਅਖ਼ਤਿਆਰ ਕੀਤਾ ਜਾਂਦਾ ਹੈ, ਪੈਸੇ ਦੇ ਲਈ ਤੇ ਸ਼ਾਨੋ-ਸ਼ੋਕਤ ਦੇ ਲਈ ।
ਇਸ ਦੇ ਨਾਲ ਹੀ ਜੋ ਦੂਜੀ ਸਮੱਸਿਆ ਸਿੱਖਾਂ ਦੇ ਲਈ ਬਣਦੀ ਹੈ ਉਹ ਇਹ ਕਿ ਇਨ੍ਹਾਂ ਲੋਕਾਂ ਕਰਕੇ ਸਿੱਖ ਸ਼ਬਦ-ਗੁਰੂ ਨਾਲੋਂ ਟੁੱਟ ਕੇ ਇਨ੍ਹਾਂ ਲੋਕਾਂ ਦੇ ਰਸਤੇ ਪੈ ਜਾਂਦੇ ਨੇ । ਸਿੱਖਾਂ ਦੀ ਇਹ ਤ੍ਰਾਸਦੀ ਹੀ ਹੈ ਕਿ ਆਮ ਸਿੱਖ-ਸੰਗਤ ਖੋਜੀ ਬਿਰਤੀ ਵਾਲੀ ਨਹੀਂ ਹੈ । ਖੋਜ ਤਾਂ ਬਹੁਤ ਦੂਰ ਦੀ ਗੱਲ, ਉਹ ਤਾਂ ਕਦੇ ਲਿਖੇ ਗਏ ਇਤਿਹਾਸ ਨੂੰ ਵੀ ਨਹੀਂ ਪੜ੍ਹਦੀ, ਜਿਸ ਕਰਕੇ ਉਹ ਉਹ ਸਭ ਕੁਝ ਕਰਦੇ ਨੇ ਜੋ ਸਿੱਖੀ ਦੇ ਅਨੁਕੂਲ ਨਹੀਂ ਹੈ । ਜੇਕਰ ਇਤਿਹਾਸ ਨਹੀਂ ਪੜ੍ਹਿਆ, ਫਿਰ ਗੁਰਬਾਣੀ ਵੀ ਨਹੀਂ ਪੜ੍ਹੀ ਕਿਉਂਕਿ ਗੁਰਬਾਣੀ ਇਤਿਹਾਸ ਨਾਲੋਂ ਬਹੁਤ ਜ਼ਿਆਦਾ ਡੂੰਗੀ ਹੈ ਤੇ ਇਹ ਬਹੁਤ ਸਮਾਂ ਮੰਗਦੀ ਹੈ ।
ਗੁਰੂ ਸਾਹਿਬਾਨਾਂ ਨੇ ਤਾਂ ਬਹੁਤ ਹੀ ਸੌਖਾ ਤਰੀਕਾ ਦਿੱਤਾ ਸੀ ਇਹ ਜ਼ਿੰਦਗੀ ਜਿਉਣ ਦਾ ਤੇ ਮੁਕਤੀ ਦਾ, ਉਹ ਇਹ ਸੀ ਕਿ ਗੁਰਬਾਣੀ ਨੂੰ ਗਾਓ ਤੇ ਨਾਮ ਨੂੰ ਹਿਰਦੇ ਦੇ ਵਿਚ ਵਸਾਓ । ਚਾਹੇ ਤੁਸੀਂ ਰਸੋਈ ਦਾ ਕੰਮ ਕਰ ਰਹੇ ਹੋ, ਜਾਂ ਖੇਤ ਦੇ ਵਿਚ ਹੋ, ਜਾਂ ਘਰ ਦੀ ਸਫ਼ਾਈ ਕਰ ਰਹੇ ਹੋ, ਜਾਂ ਗੁਰਦੁਆਰਾ ਸਾਹਿਬ ਦੇ ਵਿਚ ਪਰਿਕਰਮਾ ਦੇ ਵਿਚ ਹੋ, ਜਿਥੇ ਕਿਤੇ ਵੀ ਹੋ ਤੁਸੀਂ, ਬਸ ਨਾਮ ਨੂੰ ਧਿਆਉ, ਨਾਮ ਨੂੰ ਜਪੋ ਜਿਸ ਨਾਲ ਜੀਵਨ ਸਫ਼ਲਾ ਹੋਵੇਗਾ । ਇੰਨੀਆਂ ਅਸਾਨ ਚੀਜ਼ਾਂ ਨੂੰ ਛੱਡ ਕੇ ਲੋਕ ਹੋਰ ਤਰੀਕੇ ਲੱਭਣ ਲੱਗ ਜਾਂਦੇ ਨੇ । ਕਾਰਣ ਇਸਦਾ ਇਹ ਹੈ ਕਿ ਜਿੰਨਾ ਸੌਖਾ ਇਹ ਲੱਗਦਾ ਹੈ ਇਹ ਓਨਾਂ ਹੈ ਨਹੀਂ । ਫਿਰ ਇਸਦੇ ਨਾਲ ਹੀ ਬਹੁਤ ਸਾਰੀਆਂ ਮਰਯਾਦਾਵਾਂ ਵੀ ਬੱਝੀਆਂ ਹੋਈਆਂ ਨੇ । ਅੰਮ੍ਰਿਤ ਵੇਲੇ ਉੱਠਣਾ, ਸ਼ਰਾਬ ਤੋਂ ਦੂਰ ਰਹਿਣਾ, ਮਾਸ ਜਿੰਨਾਂ ਚਿੱਕਰ ਬਹੁਤ ਜ਼ਿਆਦਾ ਜ਼ਰੂਰਤ ਨਹੀਂ ਓਨਾਂ ਚਿੱਕਰ ਨਹੀਂ ਖਾਣਾ, ਨਿੱਤਨੇਮ ਦੇ ਪੱਕੇ ਹੋਣਾ, ਕਿਸੇ ਦਾ ਬੁਰਾ ਨਹੀਂ ਕਰਨਾ, ਗੁਰੂ ਸਾਹਿਬਾਨਾਂ ਦੇ ਗੁਰਪੁਰਬ ਮਨਾਉਣੇ, ਗੁਰਬਾਣੀ ਤੇ ਇਤਿਹਾਸ ਦੀ ਕਥਾ ਸੁਣਨੀ, ਤਿਆਰ-ਬਰ-ਤਿਆਰ ਰਹਿਣਾ, ਈਰਖਾ ਨਹੀਂ ਕਰਨੀ, ਆਦਿ । ਮੇਰੇ ਵਰਗੇ ਵੀ ਇਹ ਸਾਰੀਆਂ ਚੀਜ਼ਾਂ ਨਹੀਂ ਕਰ ਪਾਉਂਦੇ । ਪਰ ਘੱਟੋ-ਘੱਟ ਆਪਾਂ ਗੁਰੂ ਦਾ ਦਰ ਤਾਂ ਨਾ ਛੱਡ ਕੇ ਜਾਈਏ, ਅਤੇ ਗੁਰੂ ਅੱਗੇ ਇਹ ਬੇਨਤੀ ਕਰੀਏ ਕਿ ਸਿੱਖੀ ਕੇਸਾਂ ਸੁਆਸਾਂ ਨਾਲ ਨਿਭ ਜਾਵੇ ਤੇ ਪੂਰੀ ਮਰਯਾਦਾ ਦੇ ਧਾਰਨੀ ਬਣੀਏ ।
ਸੋ ਇਨ੍ਹਾਂ ਔਖੇ ਕੰਮਾਂ ਨੂੰ ਛੱਡ ਕੇ ਲੋਕ ਸੌਖਾ ਤਰੀਕਾ ਭਾਲਦੇ ਨੇ । ਜਿਸ ਵਿਚ ਇਨ੍ਹਾਂ ਨੂੰ ਗੁਰੂਡੰਮ ਟੱਕਰ ਜਾਂਦੇ ਨੇ । ਹੁਣ ਤਾਂ ਇਹੋ ਜਿਹਾ ਸਮਾਂ ਹੈ ਕਿ ਲੋਕਾਂ ਨੇ ਧਿਆਨ ਕੈਂਪ ਲਗਵਾਉਣੇ ਸ਼ੁਰੂ ਕਰ ਦਿੱਤੇ ਨੇ ਕਿ ਆਉ ਤੁਹਾਨੂੰ ਰੱਬ ਨਾਲ ਮਿਲਾਈਏ । ਕਮਾਲ ਹੀ ਹੋ ਗਈ । ਕੀ ਇਨ੍ਹਾਂ ਸੌਖਾ ਹੁੰਦਾ ਰੱਬ ਨੂੰ ਮਿਲਣਾ ਕਿ ਤੁਸੀਂ ਹਫ਼ਤੇ ਦੇ ਵਿਚ ਸਿਖਾ ਦੇਵੋਂਗੇ ? ਇਨ੍ਹਾਂ ਕੈਂਪਾਂ ਦਾ ਸ਼ਿਕਾਰ ਬਹੁਤ ਸਾਰੇ ਸਿੱਖ ਵੀ ਹੋ ਰਹੇ ਨੇ, ਜਿਨ੍ਹਾਂ ਨੇ ਗੁਰਬਾਣੀ ਦਾ ਪੱਲਾ ਛੱਡ ਦਿੱਤਾ ਹੈ ।
ਹੋਰ ਜੋ ਕਾਰਣ ਇਨ੍ਹਾਂ ਗੁਰੂਡੰਮਾਂ ਨਾਲ ਜੁੜ੍ਹਨ ਦੇ ਆਉਂਦੇ ਹਨ ਉਹ ਹਨ ਵਿੱਤੀ ਫ਼ਾਇਦੇ । ਤੁਹਾਨੂੰ ਦਵਾਈਆਂ ਫ੍ਰੀ ਦੇ ਦਿੱਤੀਆਂ ਜਾਣਗੀਆਂ, ਤੁਹਾਡੇ ਅਪਰੇਸ਼ਨ ਕੀਤੇ ਜਾਣਗੇ, ਤੁਹਾਡੇ ਬੱਚਿਆਂ ਦੀਆਂ ਫੀਸਾਂ ਭਰ ਦਿੱਤੀਆਂ ਜਾਣਗੀਆਂ, ਤੁਹਾਨੂੰ ਪੈਸੇ ਦੇ ਦਿੱਤੇ ਜਾਣਗੇ, ਇਤਿਆਦਿ । ਇਕ ਵੀਡੀਉ ਦੇ ਵਿਚ ਇਹ ਵੀ ਦੇਖਣ ਨੂੰ ਆਇਆ ਕਿ ਇਕ ਸਿਖ ਪਰਿਵਾਰ ਇਸ ਲਈ ਈਸਾਈ ਬਣ ਗਿਆ ਕਿਉਂਕਿ ਈਸਾਈ ਲੋਕ ਉਨ੍ਹਾਂ ਦੀ ਵਿੱਤੀ ਮੱਦਦ ਕਰਨ ਲਈ ਤਿਆਰ ਸਨ ਤਾਂ ਜੁ ਉਹ ਆਪਣੇ ਪਰਿਵਾਰ ਦੇ ਮੈਂਬਰ ਲਈ ਦਵਾਈਆਂ ਖ਼ਰੀਦ ਸਕੇ । ਕਈ ਵਾਰੀ ਮਜ਼ਬੂਰੀਆਂ ਬੰਦੇ ਨੂੰ ਨਚੋੜ ਕੇ ਰੱਖ ਦਿੰਦੀਆਂ ਹਨ, ਮੈਂ ਮੰਨਦਾ ਹਾਂ ਇਹ । ਪਰ ਆਪਾਂ ਕੋਸ਼ਿਸ਼ ਇਹ ਕਰੀਏ ਕਿ ਗੁਰੂ ਦਾ ਪੱਲਾ ਨਾ ਛੱਡੀਏ । ਗੁਰੂ ਮਹਾਰਾਜ ਦੇ ਚਰਨਾਂ ਦੇ ਵਿਚ ਹਰ ਰੋਜ਼ ਇਹ ਬੇਨਤੀ ਜ਼ਰੂਰ ਕਰੀਏ ਕਿ ਸਿੱਖੀ ਨਿਭ ਜਾਏ । ਕਿਉਂਕਿ ਜੇਕਰ ਸਭ ਕੁਝ ਹੋਰ ਹੋ ਗਿਆ, ਸਭ ਕੁਝ ਹੋਰ ਮਿਲ ਗਿਆ, ਪਰ ਸਿੱਖੀ ਨਹੀਂ ਨਿਭੀ ਫਿਰ ਇਹ ਜਨਮ ਸਫ਼ਲਾ ਨਹੀਂ ਹੈ ।
ਬਹੁਤੀ ਵੇਰੀ ਇਹੋ ਜਿਹੀਆਂ ਕਿਤਾਬਾਂ (ਹਮ ਹਿੰਦੂ ਹੈ) ਦੇ ਵਿਚ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਸਿਖ-ਗੁਰੂ ਹਿੰਦੂ ਸਨ ਤੇ ਉਹ ਦੇਵੀ-ਦੇਵਤਿਆਂ ਦੀ ਪੂਜਾ ਕਰਦੇ ਸਨ । ਹਾਲਾਂਕਿ ਇਸ ਕਿਤਾਬ ਦੇ ਵਿਚ ਵੀ ਕੁਝ ਅਜਿਹਾ ਹੈ, ਪਰ ਇਸ ਕਿਤਾਬ ਦੀ ਸ਼ੁਰੂਆਤ ਗੁਰੂਡੰਮਾਂ ਦੀ ਮਹਾਨਤਾ ਨਾਲ ਹੋਈ, ਕਿ ਦੇਹਧਾਰੀ ਗੁਰੂ ਦੀ ਬਹੁਤ ਜ਼ਰੂਰਤ ਹੈ ਤੇ ਗੁਰਬਾਣੀ ਇਸਦੀ ਪ੍ਰੋੜਤਾ ਕਰਦੀ ਹੈ । ਇਕ ਵਾਰ ਤਾਂ ਇਹ ਸਮਝਣ ਦੇ ਵਿਚ ਅਸਮਰਥਾ ਜਾਪੀ ਕਿ ਇਹ ਇਸ ਤਰ੍ਹਾਂ ਕਿਵੇਂ ਹੋ ਗਿਆ ਤੇ ਇਸਦਾ ਕੀ ਕਾਰਣ ਹੋਵੇਗਾ । ਪਰ ਥੋੜ੍ਹੀ ਸੋਚ ਵਿਚਾਰ ਤੋਂ ਬਾਅਦ ਸਮਝ ਲੱਗੀ ਕਿ ਨਿਰਾਲਾ ਕਿਤੇ-ਨਾ-ਕਿਤੇ ਗੁਰੂਡੰਮਾਂ ਦਾ ਪੁਜਾਰੀ ਹੈ । ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਇਹ ਕਿਤਾਬ ਮੈਨੂੰ ਇੰਟਰਨੈੱਟ ਤੇ ਕੂਕਿਆਂ ਦੀ ਇਕ ਵੈੱਬਸਾਈਟ ਤੋਂ ਮਿਲੀ ਹੈ । ਹਾਲਾਂਕਿ ਉਨ੍ਹਾਂ ਨੇ ਸਾਫ਼ ਕਿਹਾ ਹੈ ਕਿ ਅਸੀਂ ਜੋ ਕਿਤਾਬਾਂ ਬਾਰੇ ਲਿਖ ਰਹੇ ਹਾਂ ਅਸੀਂ ਬਹੁਤ ਸਾਰੀਆਂ ਨਾਲ ਸਹਿਮਤ ਨਹੀਂ ਹਾਂ, ਇਹ ਖੋਜ ਦੇ ਲਈ ਰੱਖੀਆਂ ਗਈਆਂ ਹਨ ।
ਕੂਕਿਆਂ ਜਾਂ ਨਾਮਧਾਰੀਆਂ ਦੀ ਆਪਣੀ ਇਕ ਗੁਰੂ ਵਿਵਸਥਾ ਹੈ ਜੋ ਸਿੱਖੀ ਦੇ ਬਿਲਕੁਲ ਉਲਟ ਹੈ । ਡਾ ਗੰਡਾ ਸਿੰਘ ਨੇ ਆਪਣੀ ਕਿਤਾਬ 'ਗੁਰੂ ਗੋਬਿੰਦ ਸਿੰਘਸ ਡੈੱਥ ਐਟ ਨੰਦੇੜ' ਤੇ ਪਿਆਰਾ ਸਿੰਘ ਪਦਮ ਨੇ 'ਪ੍ਰਾਚੀਨ ਸੌ ਸਾਖੀ' ਦੇ ਮੁੱਖਬੰਧ ਦੇ ਵਿਚ ਇਹ ਸਾਬਿਤ ਕੀਤਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਕਿਸੇ ਦੇਹਧਾਰੀ ਨੂੰ ਗੁਰੂ ਦੀ ਪਦਵੀ ਨਹੀਂ ਦਿੱਤੀ ਗਈ, ਖ਼ਾਸ ਕਰ ਜੋ ਨਾਮਧਾਰੀ ਗੁਰੂ ਬਣਾਈ ਬੈਠੇ ਨੇ । ਸੋ ਨਿਰਾਲਾ ਜਾਂ ਤਾਂ ਇਨ੍ਹਾਂ ਨਾਮਧਾਰੀਆਂ ਦੇ ਗੁਰੂਆਂ ਨੂੰ ਮੰਨਦਾ ਹੈ ਜਾਂ ਫਿਰ ਕੋਈ ਹੋਰ ਗੁਰੂਡੰਮ । ਪਰ ਇਹ ਗੱਲ ਤਾਂ ਪੱਕੀ ਹੈ ਕਿ ਇਹ ਦੇਹਧਾਰੀ ਗੁਰੂਆਂ ਦੇ ਵਿਚ ਵਿਸ਼ਵਾਸ ਰੱਖਦਾ ਹੈ ਤਾਂ ਕਰਕੇ ਇਸਦਾ ਪ੍ਰਸਾਰ ਕਰਨ ਲੱਗਾ ਹੋਇਆ ਹੈ ।

ਸਿੱਖ-ਗੁਰੂਆਂ ਤੇ ਸਿੱਖਾਂ ਦਾ ਰਿਸ਼ਤਾ
ਸਿੱਖ-ਗੁਰੂਆਂ ਦੀਆਂ ਮੁਢਲੀਆਂ ਸਿੱਖਿਆਵਾਂ ਦੇ ਵਿਚ ਇਕ ਸਿੱਖਿਆ ਹੁਕਮ ਮੰਨਣ ਦੀ ਸੀ । ਉਹ ਇਨਸਾਨ ਕਦੇ ਸਿੱਖ ਨਹੀਂ ਕਹਾ ਸਕਦਾ ਜੋ ਗੁਰੂ ਤੋਂ ਮੁਨਕਰ ਹੋ ਜਾਏ, ਜੋ ਗੁਰੂ ਨੂੰ ਘੱਟ ਤੇ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਸਮਝੇ । ਪੁਰਾਣੇ ਸਮਿਆਂ ਦੇ ਵਿਚ ਗਿਆਨੀ ਸੰਤ ਸਿੰਘ ਜੀ ਮਸਕੀਨ ਦੀ ਇਕ ਕੈੱਸਟ ਸੁਨਣ ਨੂੰ ਮਿਲੀ ਸੀ ਜਿਸ ਵਿਚ ਉਹ ਅਲੱਗ-ਅਲੱਗ ਗੁਰੂ ਸਾਹਿਬਾਨਾਂ ਵਲੋਂ ਅਲੱਗ-ਅਲੱਗ ਸਿੱਖਿਆਵਾਂ ਦੀ ਗੱਲ ਕਰ ਰਹੇ ਸਨ । ਜਿਸ ਵਿਚ ਭਾਈ ਲਹਿਣਾ ਜੀ ਦਾ ਵੀ ਜ਼ਿਕਰ ਸੀ ਕਿ ਉਹ ਕਿਸ ਤਰ੍ਹਾਂ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਦੇਵ ਜੀ ਬਣੇ । ਇਹ ਭਾਈ ਲਹਿਣਾ ਜੀ ਦੀ ਹੁਕਮ ਮੰਨਣ ਦੀ ਸ਼ਕਤੀ ਹੀ ਸੀ ਜਿਸ ਕਰਕੇ ਉਨ੍ਹਾਂ ਨੂੰ ਗੁਰਗੱਦੀ ਮਿਲੀ । ਇਹ ਇਕ ਅਸੀਮ ਪੈੜਾ ਸੀ ਜਿਸ ਤੇ ਚੱਲਦੇ-ਚੱਲਦੇ ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦੇ ਵਿਚ ਅਭੇਦ ਹੋ ਗਏ ਤੇ ਗੁਰੂ ਅੰਗਦ ਦੇਵ ਜੀ ਦੀ ਪਦਵੀ ਪਾਈ ।
ਇਸੇ ਤਰ੍ਹਾਂ ਹੀ ਗੁਰੂ ਅਮਰਦਾਸ ਜੀ ਤੇ ਗੁਰੂ ਰਾਮਦਾਸ ਜੀ ਦੇ ਜੀਵਨ ਦੇ ਵਿਚ ਕਈ ਅਜਿਹੀਆਂ ਉਦਾਹਰਣਾਂ ਮਿਲਦੀਆਂ ਹਨ ਜਿਸ ਵਿਚ ਉਹ ਹੁਕਮ ਮੰਨ ਕੇ ਸੇਵਾ ਕਰਦੇ ਨੇ । ਇਹ ਪ੍ਰੰਪਰਾ ਸਿਰਫ਼ ਸਿੱਖ-ਗੁਰੂਆਂ ਤੱਕ ਹੀ ਸੀਮਤ ਨਹੀਂ ਰਹੀ । ਇਹ ਆਮ ਹੀ ਕਿਹਾ ਜਾਂਦਾ ਹੈ ਕਿ ਜਦੋਂ ਵੀ ਮਰਯਾਦਾ ਦੀ ਗੱਲ ਚੱਲਦੀ ਹੈ ਤਾਂ ਪਹਿਲਾਂ ਗੁਰੂ ਸਾਹਿਬਾਨਾਂ ਨੇ ਖ਼ੁਦ ਉਹ ਕੰਮ ਕੀਤੇ ਫਿਰ ਸੰਗਤਾਂ ਨੂੰ ਕਰਨ ਨੂੰ ਕਿਹਾ । ਜਿਵੇਂ ਜੇਕਰ ਸੇਵਾ ਦੀ ਗੱਲ ਆਉਂਦੀ ਹੈ ਤਾਂ ਗੁਰੂ ਅੰਗਦ ਦੇਵ ਜੀ ਨੇ ਬਹੁਤ ਸੇਵਾ ਕੀਤੀ, ਗੁਰੂ ਨਾਨਕ ਦੇਵ ਜੀ ਨੇ ਵਾਹਿਗੁਰੂ ਜੀ ਦਾ ਹੁਕਮ ਮੰਨ ਕੇ ਦੁਨੀਆਂ ਦੇ ਵਿਚ ਸੱਚ ਦਾ ਪ੍ਰਚਾਰ ਕੀਤਾ ਜਿਸ ਵਿਚ ਸਿਰਫ਼ ਤੇ ਸਿਰਫ਼ ਨਿਰੋਲ ਬ੍ਰਹਮ ਦੀ ਗੱਲ ਸੀ, ਇਤਿਆਦਿ । ਸਿੱਖ ਸੰਗਤਾਂ ਵੀ ਗੁਰੂ ਸਾਹਿਬਾਨ ਜੀ ਦੇ ਦਿੱਤੇ ਹੋਏ ਉਪਦੇਸ਼ ਤੇ ਸਦਾ ਹੀ ਚੱਲਦੀਆਂ ਰਹੀਆਂ ਹਨ । ਉਹ ਸਿੱਖ ਕਦੇ ਵੀ ਨਹੀਂ ਕਹਾ ਸਕਦਾ ਜੋ ਗੁਰੂ ਦੀ ਦੱਸੀ ਹੋਈ ਮਰਯਾਦਾ ਜਾਂ ਉਪਦੇਸ਼ ਦਾ ਧਾਰਨੀ ਨਾ ਹੋਵੇ ਜਾਂ ਵਿਰੋਧੀ ਹੋਵੇ ।
ਜਦੋਂ ਭਗਤੀ ਦੀ ਗੱਲ ਆਈ ਤਾਂ ਸਿੱਖਾਂ ਨੇ ਭਗਤੀ ਵੀ ਬਹੁਤ ਕੀਤੀ । ਜਦੋਂ ਸ਼ਕਤੀ ਦੀ ਗੱਲ ਆਈ ਤਾਂ ਫਿਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਤੇ ਸ਼ਕਤੀ ਦਾ ਜ਼ੋਰ ਵੀ ਦਿਖਾਇਆ ਆਪਣੇ ਗੁਰ-ਪਿਤਾ ਜੀ ਦੇ ਬਚਨਾਂ ਸਦਕਾ । ਫਿਰ ਗੁਰੂ ਦੇ ਹੁਕਮ ਦੇ ਵਿਚ ਯੁੱਧ ਵੀ ਹੋਏ, ਸ਼ਹੀਦੀਆਂ ਵੀ ਹੋਈਆਂ, ਤੇ ਜਿੱਤਾਂ ਵੀ ਹੋਈਆਂ । ਇਹ ਸਭ ਗੁਰੂ ਦੀ ਰਹਿਮਤ ਹੀ ਸੀ ਕਿ ਸਿੱਖਾਂ ਨੇ ਗੁਰੂ ਦੀ ਕ੍ਰਿਪਾ ਨਾਲ ਇੰਨਾਂ ਕੁਝ ਹਾਸਿਲ ਕੀਤਾ । ਬਿਨਾਂ ਮਰਯਾਦਾ ਤੇ ਚੱਲੇ, ਬਿਨਾਂ ਉਪਦੇਸ਼ ਤੇ ਚੱਲੇ, ਇਹ ਹੋ ਹੀ ਨਹੀਂ ਸਕਦਾ ਸੀ ।
ਸੋ ਗੁਰੂ ਦੀ ਗੱਲ ਮੰਨਣੀ ਇਹ ਹਰ ਇਕ ਸਿੱਖ ਦਾ ਮੁੱਢਲਾ ਫਰਜ਼ ਹੈ ।
ਗੁਰੂ ਗੋਬਿੰਦ ਸਿੰਘ ਜੀ ਨੇ ੧੭੫੬ ਬਿਕਰਮੀ ਨੂੰ ਜਦੋਂ ਸਿਰਾਂ ਦੀ ਮੰਗ ਕੀਤੀ ਤਾਂ ਸਿੱਖ ਉਦੋਂ ਵੀ ਗੁਰੂ ਸਾਹਮਣੇ ਆ ਪ੍ਰਗਟ ਹੋਏ । ਉਨ੍ਹਾਂ ਨੇ ਇਹ ਪ੍ਰਵਾਹ ਨਹੀਂ ਕੀਤੀ ਕਿ ਗੁਰੂ ਸਾਹਿਬਾਨ ਨੂੰ ਸਿਰ ਕਿਉਂ ਚਾਹੀਦਾ ਹੈ, ਸਾਡੇ ਪਰਿਵਾਰ ਵਾਲਿਆਂ ਦਾ ਕੀ ਹੋਵੇਗਾ, ਉਹ ਮੋਹ ਉਹ ਰਿਸ਼ਤਾ ਜੋ ਇਕ ਇਨਸਾਨ ਲਈ ਤੋੜਨਾ ਬਹੁਤ ਹੀ ਜ਼ਿਆਦਾ ਮੁਸ਼ਕਲ ਹੁੰਦਾ ਹੈ, ਉਹ ਉਹ ਸਾਰੇ ਰਿਸ਼ਤੇ ਸਾਰੀਆਂ ਸੋਚਾਂ ਨੂੰ ਛੱਡ ਕੇ ਗੁਰੂ ਸਾਹਿਬਾਨ ਦੇ ਚਰਨਾਂ ਦੇ ਵਿਚ ਜਾ ਬਿਰਾਜੇ । ਧੰਨ ਸਨ ਉਹ ਸਾਰੇ ਸਿੱਖ ਜੋ ਗੁਰੂ-ਕਾਲ ਦੇ ਸਮੇਂ ਤੇ ਸਦਾ ਹੀ ਤਤਪਰ ਰਹਿੰਦੇ ਸਨ ਗੁਰੂ ਦਾ ਹੁਕਮ ਮੰਨਣ ਦੇ ਲਈ । ਹੁਣ ਦੇ ਸਮੇਂ ਤੇ ਕੁਝ ਅਖੌਤੀ ਲੋਕਾਂ ਨੇ ਪ੍ਰਚਾਰ ਹੀ ਅਜਿਹਾ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਗੁਰੂ ਦਾ ਹੁਕਮ ਨਾ ਮੰਨ ਕੇ, ਆਪਣੇ ਆਪ ਨੂੰ ਮੋਹਰੀ ਬਣਾ ਕੇ, ਆਪਣੇ ਆਪ ਨੂੰ ਸਿੱਖ ਕਹਾ ਰਹੇ ਹਨ । ਇਨ੍ਹਾਂ ਸਾਰਿਆਂ ਦੀ ਗੱਲ ਆਪਾਂ '੨੧ਵੀਂ ਸਦੀ ਤੇ ਸਿਖ' ਵਿਚ ਕਰ ਚੁੱਕੇ ਹਾਂ ।
ਅਖ਼ੀਰ ਤੇ ਫਿਰ ਗੁਰੂ ਸਾਹਿਬਾਨ ਨੇ ਸ਼ਬਦ ਗੁਰੂ ਦੇ ਲੜ੍ਹ ਲਗਾ ਦਿੱਤਾ ਤੇ ਸਦੀਵੀ ਤੌਰ ਤੇ ਗੁਰੂ ਗ੍ਰੰਥ ਸਾਹਿਬਾਨ ਨੂੰ ਸਿੱਖਾਂ ਦਾ ਗੁਰੂ ਥਾਪ ਦਿੱਤਾ ।

ਸ਼ਬਦ ਗੁਰੂ ਤੇ ਬਾਕੀ ਸਿੱਖ ਗੁਰੂ
ਇਹ ਇਕ ਆਮ ਹੀ ਪ੍ਰਚੱਲਤ ਰਵਾਇਤ ਬਣ ਗਈ ਹੈ ਕਿ ਜੇਕਰ ਦਸ ਗੁਰੂ ਸਾਹਿਬਾਨ ਮਨੁੱਖੀ ਸ਼ਰੀਰ ਦੇ ਵਿਚ ਗੁਰੂ ਮੰਨੇ ਜਾ ਸਕਦੇ ਹਨ ਤਾਂ ਫਿਰ ਹੁਣ ਦੇ ਸਮੇਂ ਦੇ ਵਿਚ ਕਿਉਂ ਨਹੀਂ । ਤੇ ਇਹ ਇਕ ਬਹੁਤ ਹੀ ਉਲਝਾਉਣ ਵਾਲਾ ਪ੍ਰਸ਼ਨ ਹੈ ਕਿਉਂਕਿ ਇਸਦੇ ਨਾਲ ਬਹੁਤ ਸਾਰੀਆਂ ਕਥਾਵਾਂ ਜੋੜ੍ਹ ਦਿੱਤੀਆਂ ਗਈਆਂ ਹਨ । ਜਿਵੇਂ ਆਪਾਂ ਨਾਮਧਾਰੀਆਂ ਦੀ ਗੱਲ ਕਰ ਆਏ ਹਾਂ; ਉਨ੍ਹਾਂ ਨੇ ਬਾਲਕ ਸਿੰਘ ਨੂੰ ਗੱਦੀ ਦੇਣ ਦੀ ਗੱਲ ਕਹੀ ਹੈ । ਉਸੇ ਤਰ੍ਹਾਂ ਕਿਸੇ ਨੇ ਇਹ ਵੀ ਕਿਹਾ ਕਿ ਜਦੋਂ ਅੰਤਮ ਸਮਾਂ ਆਇਆਂ ਤਾਂ ਗੁਰੂ ਸਾਹਿਬਾਨ ਨੇ ਅੱਖਾਂ ਬੰਦ ਕੀਤੀਆਂ ਤੇ ਦੇਖਿਆ ਕਿ ਕੋਈ ਵੀ ਗੁਰੂ ਦੇ ਲਾਇਕ ਨਹੀਂ ਹੈ, ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗੱਦੀ ਦੇ ਦਿੱਤੀ, ਪਰ ਹੁਣ ਦੇ ਸਮੇਂ ਦੇ ਵਿਚ ਚੰਗੇ ਗੁਰੂ ਹਨ ਜਿਨ੍ਹਾਂ ਨੂੰ ਧਾਰਨ ਕੀਤਾ ਜਾ ਸਕਦਾ ਹੈ । ਇਸੇ ਤਰ੍ਹਾਂ ਦੀ ਗੱਲ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਵੀ ਜੋੜਨ ਦੀ ਕੀਤੀ ਜਾਂਦੀ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਾਹਿਬ ਨੇ ਗੁਰੂ ਥਾਪ ਦਿੱਤਾ ਸੀ । ਇਹ ਸਭ ਗ਼ਲਤ ਗੱਲਾਂ ਨੇ ਜੋ ਸਮੇਂ-ਸਮੇਂ ਸਿਰ ਸਿੱਖ ਇਤਿਹਾਸ ਨਾਲ ਜੋੜ੍ਹ ਦਿੱਤੀਆਂ ਜਾਂਦੀਆਂ ਰਹੀਆਂ ।
ਸ਼ਬਦ ਹੀ ਅਜਿਹੀ ਚੀਜ਼ ਹੈ ਜਿਸ ਰਾਹੀਂ ਆਪਾਂ ਨੂੰ ਕਿਸੇ ਚੀਜ਼ ਦਾ ਗਿਆਨ ਹੁੰਦਾ ਹੈ । ਮੰਨ ਲਵੋ ਕਿ ਤੁਸੀਂ ਕਿਸੇ ਨੂੰ ਮਨੁੱਖੀ ਸ਼ਰੀਰ ਦੇ ਵਿਚ ਆਪਣਾ ਗੁਰੂ ਬਣਾਇਆ ਹੈ । ਜੇਕਰ ਉਹ ਬੋਲੇ ਹੀ ਨਾ ਫਿਰ ਕਿਸੇ ਚੀਜ਼ ਦਾ ਗਿਆਨ ਹੋ ਹੀ ਨਹੀਂ ਸਕਦਾ ਤੁਹਾਨੂੰ (ਜੇਕਰ ਉਹ ਆਪਣੀ ਸ਼ਕਤੀ ਦਾ ਉਪਯੋਗ ਨਾ ਕਰੇ) । ਗਿਆਨ ਦੇ ਲਈ ਲਫ਼ਜ਼ਾਂ ਦੀ ਜ਼ਰੂਰਤ ਹੁੰਦੀ ਹੈ । ਇਸੇ ਤਰ੍ਹਾਂ ਉਪਦੇਸ਼ ਸ਼ਬਦ ਰਾਹੀਂ ਹੀ ਹੁੰਦਾ ਹੈ, ਪਰ ਇਹ ਗੁਰੂ ਰਾਹੀਂ ਪ੍ਰਗਟ ਹੁੰਦਾ ਹੈ । ਪਹਿਲੇ ਪੰਜ ਗੁਰੂ ਸਾਹਿਬਾਨ, ਨੌਵੇਂ ਸਤਿਗੁਰੂ, ਤੇ ਦਸਵੇਂ ਗੁਰਾ ਨੇ ਬਾਣੀ ਪ੍ਰਗਟ ਕੀਤੀ ਉਪਦੇਸ਼ ਦੇ ਲਈ । ਗੁਰੂ ਨਾਨਕ ਦੇਵ ਜੀ ਜਦੋਂ ਉਦਾਸੀਆਂ ਤੇ ਗਏ ਸਨ ਉਨ੍ਹਾਂ ਨੇ ਲੋਕਾਂ ਨੂੰ ਬਾਣੀ ਨਾਲ ਹੀ ਉਪਦੇਸ਼ ਦਿੱਤਾ ਸੀ । ਸੋ ਇਹ ਬਾਣੀ ਗੁਰੂ ਸਾਹਿਬਾਨ ਨੇ ਸਿੱਖਾਂ ਨੂੰ ਬਖ਼ਸ਼ੀ ਕਿ ਸਿੱਖ ਹਰ ਰੋਜ਼ ਇਸ ਰਾਹੀਂ ਉਪਦੇਸ਼ ਲੈਣ ਤੇ ਇਸਦਾ ਪ੍ਰਚਾਰ ਵੀ ਲੋਕਾਂ ਦੇ ਵਿਚ ਕਰਨ ।
ਇਕ ਚੀਜ਼ ਇਹ ਵੀ ਸਮਝਣ ਵਾਲੀ ਹੈ ਕਿ ਗੁਰਬਾਣੀ ਗੁਰੂ ਰਾਹੀਂ ਪ੍ਰਗਟ ਹੋਈ । ਕਈ ਇਹ ਕਹਿੰਦੇ ਵੀ ਸੁਣੇ ਗਏ ਨੇ ਕਿ ਗਿਆਨ ਗੁਰੂ ਹੈ ਸਿੱਖ-ਗੁਰੂ ਗੁਰੂ ਨਹੀਂ ਹਨ । ਮੈਂ ਇਸ ਨਾਲ ਸਹਿਮਤ ਨਹੀਂ ਹਾਂ । ਸ਼ਬਦ ਰਾਹੀਂ ਗਿਆਨ ਹੁੰਦਾ ਹੈ, ਪਰ ਉਹ ਸ਼ਬਦ ਗੁਰੂ ਰਾਹੀਂ ਪ੍ਰਗਟ ਹੁੰਦਾ ਹੈ । ਜੇਕਰ ਗਿਆਨ ਨੂੰ ਹੀ ਗੁਰੂ ਮੰਨਣਾ ਹੈ ਤਾਂ ਫਿਰ ਵੇਦਾਂ ਤੇ ਕਤੇਬਾਂ ਦੇ ਵਿਚ ਬਹੁਤ ਗਿਆਨ ਹੈ । ਉਹ ਗੁਰੂ ਕਿਉਂ ਨਹੀਂ ਹਨ ? ਜੇਕਰ ਗਿਆਨ ਹੀ ਗੁਰੂ ਸੀ ਤਾਂ ਗੁਰੂ ਸਾਹਿਬਾਨ ਕਹਿ ਸਕਦੇ ਸਨ ਕਿ ਭਾਈ ਸਾਰੇ ਧਰਮਾਂ ਦੇ ਗ੍ਰੰਥ ਹੀ ਤੁਹਾਡੇ ਗੁਰੂ ਹਨ, ਸਿਰਫ਼ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰਤਾਗੱਦੀ ਕਿਉਂ ਮਿਲੀ ? ਬਾਕੀ ਹੋਰ ਧਰਮਾਂ ਦੇ ਗ੍ਰੰਥਾਂ ਨੂੰ ਗੱਦੀ ਕਿਉਂ ਨਹੀਂ ਮਿਲੀ ?
ਸਿੱਖ-ਗੁਰੂਆਂ ਨੇ ਗੁਰਬਾਣੀ ਵਰਗੀ ਉੱਤਮ ਵਸਤੂ ਇਸ ਲਈ ਹੀ ਦਿੱਤੀ ਹੈ ਕਿਉਂਕਿ ਬਾਕੀ ਧਰਮਾਂ ਦੇ ਵਿਚ ਉਹ ਗੱਲ ਨਹੀਂ ਜੋ ਗੁਰਬਾਣੀ ਦੇ ਵਿਚ ਹੈ । ਕਈ ਕੱਟਣ ਤੇ ਮੂਰਖ਼ ਹਿੰਦੂ ਇਹ ਕਹਿੰਦੇ ਵੀ ਸੁਣੇ ਗਏ ਨੇ ਕਿ ਗੁਰਬਾਣੀ ਵੇਦਾਂ ਦੇ ਵਿਚੋਂ ਉਪਜੀ ਹੈ । ਕਾਰਣ ਇਸਦਾ ਇਹ ਹੈ ਕਿ ਉਨ੍ਹਾਂ ਲਈ ਵੇਦਾਂ ਤੋਂ ਬਾਹਰ ਕੋਈ ਚੀਜ਼ ਨਹੀਂ ਹੈ । ਤੇ ਉਹ ਪੂਰੀ ਦੁਨੀਆਂ ਨੂੰ ਇਸ ਵਿਚ ਹੀ ਪ੍ਰੋਣਾ ਚਾਹੁੰਦੇ ਹਨ । ਅੱਜ ਦੇ ਸਮੇਂ ਦੇ ਵਿਚ ਤਾਂ ਇਹ ਬਹੁਤ ਚੰਗੀ ਤਰ੍ਹਾਂ ਸਪਸ਼ਟ ਹੈ ਕਿ ਉਹ ਦੁਨੀਆਂ ਦੀ ਹਰ ਇਕ ਚੀਜ਼ ਨੂੰ ਆਪਣੇ ਵਿਚੋਂ ਹੋਇਆ ਮੰਨਦੇ ਨੇ । ਫਿਰ ਉਹ ਕਿਸ ਤਰ੍ਹਾਂ ਗੁਰਬਾਣੀ ਵਰਗੀ ਨਿਰੋਲ ਚੀਜ਼ ਨੂੰ ਤਿੰਨਾਂ ਗੁਣਾਂ ਨਾਲ ਭਰਪੂਰ ਵੇਦਾਂ ਵਿਚੋਂ ਹੋਇਆ ਨਾ ਮੰਨਣ । ਗੁਰਬਾਣੀ ਥਾਂ-ਥਾਂ ਤੇ ਜ਼ਿਕਰ ਕਰਦੀ ਹੈ ਕਿ ਵੇਦ ਤਿੰਨ ਗੁਣਾਂ (ਰਾਜਸ, ਤਾਮਸ, ਤੇ ਸਾਤਕ) ਵਾਲੇ ਹਨ, ਤੇ ਇਨ੍ਹਾਂ ਤਿੰਨ ਗੁਣਾਂ ਨਾਲ ਸੰਸਾਰ ਨਹੀਂ ਤਰਿਆ ਜਾਂਦਾ । ਇਸਦੇ ਉਲਟ ਗੁਰਬਾਣੀ ਉਹ ਚੌਥੀ ਅਵਸਥਾ ਹੈ ਜਿਸ ਨਾਲ ਉਹ ਬ੍ਰਹਮ ਦਿੱਖਦਾ ਹੈ । ਵੇਦ, ਸਿਮ੍ਰਤੀਆਂ, ਤੇ ਸ਼ਾਸਤਰ ਇਹ ਇਕ ਦਿਨ ਖ਼ਤਮ ਹੋ ਜਾਣਗੇ ।
1.      ਸਾਸਤ ਸਿੰਮ੍ਰਿਤਿ ਬਿਨਸਹਿਗੇ ਬੇਦਾ ॥੩॥ – ਅੰਗ ੨੩੭
2.      ਤ੍ਰੈਗੁਣ ਬਾਣੀ ਬੇਦ ਬੀਚਾਰੁ ॥ ਬਿਖਿਆ ਮੈਲੁ ਬਿਖਿਆ ਵਾਪਾਰੁ ॥ – ਅੰਗ ੧੨੬੨
3.      ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥ – ਅੰਗ ੭੨੭
ਜੇਕਰ ਸਿੱਖ-ਗੁਰੂਆਂ ਨੂੰ ਆਪਾਂ ਗੁਰੂ ਮੰਨਣ ਤੋਂ ਇਨਕਾਰੀ ਹੋ ਜਾਂਦੇ ਹਾਂ ਤਾਂ ਫਿਰ ਆਪਾਂ ਇਹ ਕਿਸ ਤਰੀਕੇ ਨਾਲ ਦੱਸਾਂਗੇ ਕਿ ਕਿਹੜੀ ਚੀਜ਼ ਸਹੀ ਹੈ ਤੇ ਕਿਹੜੀ ਗ਼ਲਤ ? ਇਹ ਤਾਂ ਗੁਰੂ ਸਾਹਿਬਾਨਾਂ ਨੇ ਆਪਾਂ ਨੂੰ ਦੱਸੀ ਕਿ ਭਾਈ ਦੁਨੀਆਂ ਦੇ ਵਿਚ ਇਹ ਸਭ ਚੀਜ਼ਾਂ ਚੰਗੀਆਂ ਹਨ, ਤੇ ਇਹ ਸਭ ਬੁਰੀਆਂ । ਗੁਰੂ ਦੇ ਰਾਹੀਂ ਪ੍ਰਗਟ ਹੋਈ ਗਿਆਨ-ਰੂਪੀ ਬਾਣੀ ਨਾਲ ਹੀ ਆਪਾਂ ਇਹ ਸਭ ਕੁਝ ਸਮਝ ਸਕਦੇ ਹਾਂ । ਜੇਕਰ ਗੁਰੂ ਨਹੀਂ ਹੈ ਤਾਂ ਸਹੀ ਗ਼ਲਤ ਦਾ ਵੀ ਕੋਈ ਪਤਾ ਨਹੀਂ । ਤੁਸੀਂ ਖ਼ੁਦ ਦੇਖ ਸਕਦੇ ਹੋ ਕਿ ਸਟੇਜਾਂ ਤੇ ਬਹਿ ਕੇ ਢੱਡਰੀ ਵਰਗੇ ਮੂਰਖ਼ ਕਿਹੜੀਆਂ-ਕਿਹੜੀਆਂ ਗੱਲਾਂ ਨੂੰ ਸਹੀ ਸਾਬਤ ਕਰਨ ਤੇ ਤੁਲੇ ਹੋਏ ਨੇ । ਹੁਣ ਗੁਰੂ ਦੀ ਗੱਲ ਨਹੀਂ ਹੈ, ਫਿਰ ਤਾਂ ਸਭ ਇਹੋ ਹੀ ਕਹਿਣਗੇ ਕਿ ਭਾਈ ਮੇਰਾ 'ਗਿਆਨ' ਸਭ ਤੋਂ ਵਧੀਆ ਹੈ ਇਸ ਲਈ ਮੇਰੀ ਗੱਲ ਸੁਣੋ । ਇਹ 'ਗਿਆਨ', ਜਾਂ ਇਸ ਲਈ ਤਾਂ ਬਿਆਨ ਹੀ ਸਹੀ ਰਹੇਗਾ, ਅੰਦਰੋਂ ਪ੍ਰਗਟ ਨਹੀਂ ਹੋਇਆ, ਇਹ ਪਰਮਾਤਮਾ ਨਾਲ ਇਕਮਿਕਤਾ ਵਿਚੋਂ ਨਹੀਂ ਆਇਆ, ਇਹ ਭਗਤੀ ਦਾ ਪ੍ਰਤਾਪ ਨਹੀਂ ਹੈ, ਇਸ ਲਈ ਢੱਡਰੀ ਵਰਗਿਆਂ ਦੇ ਲਫ਼ਜ਼ ਖੋਖਲੇ ਹਨ ।
ਕੀ ਇਸਦਾ ਇਹ ਮਤਲਬ ਹੈ ਕਿ ਗੁਰਬਾਣੀ ਗੁਰੂ ਨਹੀਂ ? ਮੇਰਾ ਇਹ ਭਾਵ ਨਹੀਂ ਕਿ ਗੁਰਬਾਣੀ ਗੁਰੂ ਨਹੀਂ ਹੈ । ਗੁਰਬਾਣੀ ਗੁਰੂ ਹੈ । ਪਰ ਸਿੱਖ-ਗੁਰੂ ਜਿਨ੍ਹਾਂ ਰਾਹੀਂ ਇਹ ਇਸ ਸੰਸਾਰ ਦੇ ਵਿਚ ਪ੍ਰਗਟ ਹੋਈ ਹੈ ਉਹ ਵੀ ਗੁਰੂ  ਹਨ । ਭਾਈ ਨੰਦ ਲਾਲ ਜੀ ਨੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਪੁਛਿਆ ਕਿ ਤੁਹਾਡੇ ਦਰਸ਼ਨ ਕਿਵੇਂ ਹੋਣਗੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉੱਤਰ ਦਿੱਤਾ:
1.      ਤੀਨ ਰੂਪ ਹੈਂ ਮੋਹ ਕੇ, ਸੁਨਹੁ ਨੰਦ ! ਚਿਤ ਲਾਇ ।
ਨਿਰਗੁਣ, ਸਰਗੁਣ, ਗੁਰਸ਼ਬਦ, ਕਹਹੁੰ ਤੋਹਿ ਸਮਝਾਇ ।੬।
ਸੋ ਗੁਰਬਾਣੀ ਵੀ ਗੁਰੂ ਹੈ, ਸਿੱਖ-ਗੁਰੂ ਵੀ ਗੁਰੂ ਹਨ, ਤੇ ਪੰਜ ਪਿਆਰਿਆਂ ਦੇ ਰੂਪ ਦੇ ਵਿਚ ਸਿੰਘ ਵੀ ਗੁਰੂ ਹਨ । ਪਰ ਹੁਣ ਦੇ ਸਮੇਂ ਦੇ ਵਿਚ ਸਿੱਖ ਕਿਉਂ ਦੇਹਧਾਰੀ ਗੁਰੂ ਨਹੀਂ ਧਾਰਦੇ ? ਇਸਦਾ ਕਾਰਣ ਪਹਿਲਾਂ ਦੱਸਿਆ ਜਾ ਚੁੱਕਾ ਹੈ ਕਿ ਇਕ ਸਿੱਖ ਦੇ ਲਈ ਗੁਰੂ ਦਾ ਹੁਕਮ ਮੰਨਣਾ ਜ਼ਰੂਰੀ ਹੈ । ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ ਸੀ, ਕਿ ਭਾਈ ਸਾਡੇ ਤੋਂ ਬਾਅਦ ਹੁਣ ਸ਼ਬਦ ਗੁਰੂ ਹੋਵੇਗਾ । ਜਿੰਨਾ ਵੀ ਗਿਆਨ ਸਿੱਖ-ਗੁਰੂਆਂ ਨੇ ਦੇਣਾ ਸੀ ਸਿੱਖਾਂ ਨੂੰ ਉਹ ਉਨ੍ਹਾਂ ਨੇ ੨੩੯ ਸਾਲਾਂ ਦੇ ਵਿਚ ਦੇ ਦਿੱਤਾ ਤੇ ਗੁਰਬਾਣੀ ਦੇ ਰਾਹੀਂ ਪ੍ਰਗਟ ਵੀ ਕਰ ਦਿੱਤਾ । ਫਿਰ ਹੁਣ ਗੁਰੂ ਧਾਰਨ ਦੀ ਕੀ ਲੋੜ ਹੈ ? ਕਈ ਇਹ ਵੀ ਪ੍ਰਸ਼ਨ ਕਰ ਸਕਦੇ ਨੇ ਕਿ ਗੁਰਬਾਣੀ ਸਮਝਣ ਲਈ ਔਖੀ ਹੈ ਇਸ ਲਈ ਗੁਰੂ ਦੀ ਲੋੜ ਹੈ । ਖ਼ਾਲਸਾ ਜੀ, ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮੇ ਸਾਹਿਬ ਤੇ ਹਜ਼ੂਰ ਸਾਹਿਬ ਵਿਚ ਗੁਰਬਾਣੀ ਦੀ ਕਥਾ ਕਰ ਦਿੱਤੀ ਸੀ, ਤੇ ਉਹ ਦਮਦਮੀ ਟਕਸਾਲ ਦੇ ਵਿਚ ਓਵੇਂ ਹੀ ਚੱਲੀ ਆ ਰਹੀ ਹੈ । ਸਿੱਖਾਂ ਦੁਆਰਾਂ ਬਹੁਤ ਤਰ੍ਹਾਂ ਦੇ ਟੀਕੇ ਵੀ ਲਿਖ ਦਿੱਤੇ ਗਏ ਨੇ, ਬਹੁਤ ਸਾਰੇ ਪ੍ਰਸ਼ਨਾਂ ਦੇ ਉੱਤਰ ਵੀ ਦੇ ਦਿੱਤੇ ਗਏ ਨੇ, ਫਿਰ ਕਿਸ ਕਾਰਣ ਦੇਹਧਾਰੀ ਮਨੁੱਖ ਦੀ ਲੋੜ ਹੈ ਆਪਾਂ ਨੂੰ ? ਹਾਂ, ਆਪਾਂ ਇਹ ਕਰ ਸਕਦੇ ਹਾਂ ਕਿ ਸੰਗਤ ਦੇ ਵਿਚ ਬਹਿ ਕੇ ਨਾਮ ਜਪੀਏ, ਕਥਾ-ਕੀਰਤਨ ਸੁਣੀਏ, ਤੇ ਜੇ ਕੋਈ ਪ੍ਰਸ਼ਨ ਹੋਵੇ ਤਾਂ ਪ੍ਰਚਾਰਕਾਂ ਤੋਂ ਪੁੱਛੀਏ ।
ਨਿਰਾਲੇ ਨੇ ਵੀ ਆਪਣੇ ਪ੍ਰਸ਼ਨ ਪੁੱਛਣ ਦਾ ਯਤਨ ਕੀਤਾ ਸੀ ਪਰ ਇਸਦੀ ਦਿਸ਼ਾ ਉਹੀ ਸੀ ਜੋ ਕਾਲੇ ਅਫ਼ਗ਼ਾਨੇ ਦੀ ਸੀ । ਇਹ ਵੀ ਉਹ ਰਾਗ ਅਲਾਪਦਾ ਸੀ ਜੋ ਕਾਲੇ ਦੀਆਂ ਕਿਤਾਬਾਂ ਦੇ ਵਿਚ ਹੈ ਕਿ ਮੈਂ ਤਾਂ ਚਿੱਠੀਆਂ ਦੇ ਰਾਹੀਂ ਪ੍ਰਸ਼ਨ ਭੇਜੇ ਸਨ, ਜੇ ਇਸਦਾ ਉੱਤਰ ਨਹੀਂ ਆਇਆ ਤਾਂ ਮੈਂ ਸਹੀ ਹਾਂ ਤੇ ਕਿਤਾਬਾਂ ਛਾਪ ਰਿਹਾ ਹਾਂ । ਮਿਸਾਲ ਦੇ ਤੌਰ ਤੇ ਦੇਖੋ:
ਲੇਖਕ ਨੇ ਸੰਨ ੧੯੮੯ ਈਸਵੀ ਵਿਚ 'ਹਮ ਹਿੰਦੂ ਹੈ' ਨਾਮ ਦੀ ਇਕ ਪੁਸਤਕ ਪ੍ਰਕਾਸ਼ਤ ਕਰਵਾ ਕੇ ਸਭ ਤੋਂ ਪਹਿਲੇ ਪੰਜਾਂ ਤਖਤਾਂ ਦੇ ਜਥੇਦਾਰਾਂ ਨੂੰ ਇਕ ਇਕ ਕਾਪੀ ਡਾਕ ਦੁਆਰਾ ਭੇਜੀ ਗਈ ਸੀ। ਤੇ ਇਕ ਕਾਪੀ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਜੀ ਦੇ ਸਕੱਤਰ ਸਾਹਿਬ ਜੀ ਨੂੰ ਵਿਚਾਰਣ ਲਈ (ਡਾਕ ਦੁਆਰਾ) ਭੇਜੀ ਗਈ ਸੀ।
ਸਕੱਤਰ ਸਾਹਿਬ ਜੀ ਦਾ ਇਹ ਫ਼ਰਜ਼ ਬਣਦਾ ਸੀ ਕਿ ਲੇਖਕ ਦੀ "ਹਮ ਹਿੰਦੂ ਹੈ" ਨਾਮ ਦੀ ਪੁਸਤਕ ਨੂੰ ਬੈਨ ਕਰਾਂਦੇ ਜਾਂ ਲੇਖਕ ਦੂੰ ਕੈਦ ਕਰਾਂਦੇ, ਇੰਜ ਨਾ ਕਰ ਕੇ ਪ੍ਰਿੰਸੀਪਲ ਲਾਭ ਸਿੰਘ ਜੀ ਪਾਸੋਂ ਅਪਸ਼ਬਦਾਂ ਦੁਆਰਾ ਅਯੋਗ ਆਲੋਚਨਾ ਆਰੰਭ ਕਰਾ ਦਿੱਤੀ ਸੀ, ਕੀ ਇਹ ਬੁਧੀਜੀਵੀ ਗੁਰਮੁਖਾਂ ਦਾ ਕੰਮ ਹੈ?

ਸ੍ਰੀਮਾਨ ਸਕੱਤਰ ਸਾਹਿਬ ਜੀ ! ਜੇਕਰ ਤੁਸੀਂ ਮੇਰੇ ਪੰਜ ਧਾਰਮਿਕ ਪ੍ਰਸ਼ਨਾਂ ਦਾ ਉਤੱਰ ਠੀਕ ਠੀਕ ਗੁਰਬਾਣੀ ਦੇ ਪ੍ਰਮਾਣਾ ਦ੍ਵਾਰਾ ਦੁਆ ਦਿਉਗੇ ਤਾਂ ਮੈਂ "ਹਮ ਹਿੰਦੂ ਹੈ" ਨਾਮ ਦੀ ਪੁਸਤਕ ਸਾਰੀ ਦੀ ਸਾਰੀ ਗੁਰਮਤਿ ਦੇ ਵਿਰੁੱਧ ਮੰਨ ਲਵਾਂਗਾ ਤੇ ਸ੍ਰੀ ਅਕਾਲ ਤਖਤ ਦੇ ਭਰੇ ਦਿਵਾਨ ਵਿਚ ਖਲੋ ਕੇ ਸਾਧ ਸੰਗਤਿ ਜੀ ਪਾਸੋ ਮਾਫੀ ਮੰਗ ਲਵਾਂਗਾ ਤੇ ਜੋ ਪੰਜ ਪਿਆਰੇ ਸਿੰਘ ਸਾਹਿਬ ਦਾਸ ਨੂੰ ਤਨਖਾਹ (ਜ਼ੁਰਮਾਨਾ) ਲਾਣਗੇ, ਮੈਂ ਉਸ ਨੂੰ ਖਿੜੇ ਮੱਥੇ ਪ੍ਰਵਾਣ ਕਰ ਲਵਾਂਗਾ ।
ਇਕ ਹੋਰ ਚੀਜ਼ ਜੋ ਮੈਨੂੰ ਦੇਖਣ ਨੂੰ ਮਿਲੀ ਹੈ ਏਨਾਂ ਲੇਖਕਾਂ ਦੇ ਵਿਚ ਉਹ ਇਹ ਕਿ ਇਹ ਸਭ ਕੁਝ ਆਪਣੇ ਤਰੀਕੇ ਨਾਲ ਕਰਨਾ ਚਾਹੁੰਦੇ ਹਨ । ਜੇਕਰ ਇਨ੍ਹਾਂ ਨੂੰ ਕੋਈ ਉੱਤਰ ਵੀ ਦੇਵੇ ਤਾਂ ਇਹ ਚਾਹੁੰਦੇ ਹਨ ਕਿ ਸਾਨੂੰ ਉੱਤਰ ਸਿਰਫ਼ ਜੋ ਇਹ ਕਹਿ ਰਹੇ ਹਨ ਓਨਾਂ ਰਾਹੀਂ ਹੀ ਦਿੱਤਾ ਜਾਵੇ । ਤੁਸੀਂ ਹੈਰਾਨ ਹੋਵੋਗੇ ਕਿ ਨਿਰਾਲਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਮੰਨਣ ਨੂੰ ਵੀ ਤਿਆਰ ਨਹੀਂ ਹੈ ਤੇ ਇਸਨੂੰ ਉੱਤਰ ਸਿਰਫ਼ ਗੁਰਬਾਣੀ ਵਿਚੋਂ ਹੀ ਚਾਹੀਦੇ ਹਨ । ਦੂਜੀ ਪਾਸੇ ਜਦ ਇਹ ਸਾਬਤ ਕਰਨਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਦੇਵੀ ਪੂਜੀ ਸੀ, ਜਿਵੇਂ ਕਿ ਇਤਿਹਾਸ ਦੇ ਵਿਚ ਜ਼ਿਕਰ ਆਉਂਦਾ ਹੈ ਜਿਸਦਾ ਉੱਤਰ ਵੀ ਦਿੱਤਾ ਜਾਵੇਗਾ, ਓਦੋਂ ਉਹ ਕੋਇਰ ਸਿੰਘ, ਕੇਸਰ ਸਿੰਘ ਛਿੱਬਰ, ਭਾਈ ਸਰੂਪ ਦਾਸ ਭੱਲਾ, ਭਾਈ ਸੰਤੋਖ ਸਿੰਘ ਤੇ ਗਿਆਨੀ ਗਿਆਨ ਸਿੰਘ ਦੀਆਂ ਉਦਾਹਰਣਾਂ ਦਿੰਦਾ ਹੈ । ਇਸਨੂੰ ਹੀ ਦੋਗਲੀ ਨੀਤੀ ਕਹਿੰਦੇ ਹਨ, ਜਿਸ ਵਿਚ ਇਕ ਪਾਸੇ ਸਿਰਫ਼ ਗੁਰਬਾਣੀ ਦੀ ਗੱਲ ਕੀਤੀ ਜਾਣ ਦੀ ਕੋਸ਼ਿਸ਼ ਹੈ ਤੇ ਦੂਜੇ ਪਾਸੇ ਇਤਿਹਾਸਕ ਗ੍ਰੰਥਾਂ ਦੇ ਵਿਚੋਂ ਉਦਾਹਰਣਾਂ ਦੇ ਰਿਹਾ ਹੈ । ਮਤਲਬ ਕਿ ਭਾਈ ਗੁਰਦਾਸ ਮਨਜ਼ੂਰ ਨਹੀਂ, ਪਰ ਇਤਿਹਾਸਕ ਗ੍ਰੰਥਾਂ ਦੀਆਂ ਲਿਖਤਾਂ ਮਨਜ਼ੂਰ ਹਨ । ਵਾਹ ਬਈ ਨਿਰਾਲੇ, ਨਿਰਾਲੀਆਂ ਹੀ ਗੱਲਾਂ ਨੇ ਤੇਰੀਆਂ !

ਗੁਰਤਾਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ
ਨਿਰਾਲੇ ਦੇ ਪ੍ਰਸ਼ਨਾਂ ਦੇ ਉੱਤਰ ਦੇਣ ਤੋਂ ਪਹਿਲਾਂ ਆਉ ਇਕ ਹੋਰ ਚੀਜ਼ ਵੱਲ ਝਾਤ ਮਾਰੀਏ, ਉਹ ਹੈ ਗੁਰੂ ਸਾਹਿਬਾਨ ਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗੱਦੀ ਦੇਣਾ । ਇਤਿਹਾਸ ਦੇ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾਗੱਦੀ ਦੇਣਾ ਬਹੁਤ ਜਗ੍ਹਾ ਤੇ ਲਿਖਿਆ ਗਿਆ ਹੈ । ਇਹ ਸਮਝਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਬਿਨਾਂ ਇਹ ਸਮਝੇ ਕਈ ਨਿਰਾਲੇ ਵਰਗੇ ਮੂਰਖ਼ ਲੋਕ ਆਮ ਸਿੱਖ-ਸੰਗਤਾਂ ਨੂੰ ਕੁਰਾਹੇ ਪਾ ਰਹੇ ਨੇ ।
1.      ਗਰੀਬ ਨਿਵਾਜ਼! ਸਿੱਖ-ਸੰਗਤਿ ਹੈ ਤੇਰੀ, ਇਸ ਦਾ ਕੀ ਹਵਾਲ ?"
ਬਚਨ ਕੀਤਾ: "ਗ੍ਰੰਥ ਹੈ ਗੁਰੂ, ਲੜ ਪਕੜੋ ਅਕਾਲ" ॥੬੭੯॥
ਗੁਰੂ ਹੈ 'ਖਾਲਸਾ' ਅਤੇ 'ਖਾਲਸਾ' ਹੈ ਗੁਰੂ ।
ਗੋਦੀ ਸ੍ਰੀ ਸਾਹਿਬ ਦੇਵੀ ਮਾਤਾ ਦੀ ਪਾਏ, ਭਜਨ ਕਰਨਾ ਸ਼ੁਰੂ ।
ਆਪਣ ਵਿਚਿ ਕਰਨਾ ਪਿਆਰ, ਪੰਥ ਦੇ ਵਾਧੇ ਨੂੰ ਲੋਚਣਾ ।
ਆਗਿਆ ਗ੍ਰੰਥ ਸਾਹਿਬ ਦੀ ਕਰਨੀ, ਸ਼ਬਦ ਦੀ ਖੋਜਣਾ ॥੬੮੦॥
2.      ਦਰਸਨ ਗੁਰ ਕਾ ਹੈ ਸਵਧਾਨ । ਸ੍ਰੀ ਗ੍ਰੰਥ ਜੀ ਸਾਹਿਬ ਮਾਨ ।
ਲੈ ਆਵੋ ਤਾ ਕੋ ਯਾ ਥਾਨਾ ।" ਲੈ ਆਏ ਗੁਰ ਦਸਮ ਸੁਜਾਨਾ ॥੯੮॥
ਸੁਨ ਕੈ ਕਹਾ ਏਹੁ ਇਤਿਹਾਸ । "ਚਲੋ ਆਦਿ ਸਤਿਗੁਰ ਕੇ ਪਾਸ ।"
ਤਬ ਪੁਨਿ ਆਪ ਉਠੇ ਸਭ ਸੰਗਾ । ਪੈਸੇ ਪਾਂਚ ਨਲੀਏਰ ਸੁ ਅੰਗਾ ॥੯੯॥
ਲੈ ਕੇ ਤਾਹਿ ਅਰਪ ਕੀ ਬੰਦਨ । ਪ੍ਰਦੱਖਨ ਕਰਤੇ ਮਨ ਰੰਗਨ ।
ਕਹਾ, "ਜੋਇ ਬਚ ਕੀਨਾ ਚਾਹੇ । ਪਾਠ ਕਰੈ ਗੁਰ ਕੋ ਸੁਖ ਪਾਏ ॥੧੦੦॥
ਯਾ ਸਮ ਔਰ ਕੋਈ ਗੁਰ ਨਾਹੀ । ਬਿਨਾ ਕਾਨ ਸਚੁ ਬਾਕ ਭਨਾਹੀ ।
ਯੱਦਪਿ ਰਾਜੈ ਕੈ ਹੋਇ ਪਾਸ । ਤਦਪਿ ਨ ਚਾਹੈ ਮਾਨਤ ਤਾਸ ॥੧੦੧॥
3.      ਅਕਾਲ ਪੁਰਖ ਕੇ ਬਚਨ ਸਿਉਂ, ਪ੍ਰਗਟ ਚਲਾਯੋ ਪੰਥ
ਸਭ ਸਿਖਨ ਕੋ ਬਚਨ ਹੈ, ਗੁਰੂ ਮਾਨੀਅਹੁ ਗ੍ਰੰਥ ।੩੦।
ਥਾਪ ਚਲਯੋ ਜੋ ਹਗਤ ਮਂ ਤਿਨਹਿ ਨਿਵਾਵਉ ਮਾਥ
ਵਾਹਿਗੁਰੂ ਕੋ ਮੰਤ੍ਰ ਬਿਨ, ਮਿਥਿਆ ਸਾਰੀ ਗਾਥ ।੩੧।
4.      ਤਬ ਸਿਖਾ ਨੇ ਪੂਛਾ ਜੋ ਅਬ ਦਰਸਨ ਕਹਾ ਕਰਹਿ । ਸਤਿਗੁਰ ਦੀਨ ਦਿਆਲ ਬਚਨ ਕੀਆ । ਜੋ ਦਸ ਸਰੂਪ ਹਮਾਰੇ ਪੂਰਨ ਭਏ । ਅਬ ਮੇਰੀ ਜਾਹਗਾ ਗੁਰੂ ਗਿਰੰਥ ਸਾਹਿਬ ਕੋ ਜਾਨਨਾ ।
5.      ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ ।
ਸਬ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ।
6.      ਪਿਛਲੇ ਗੁਰੂ ਆਪਣੇ ਚੋਲਾ ਛੱਡਦੇ ਸਮੇਂ ਆਪਣੀ ਜਗਾ ਹੋਰ ਗੁਰੂ ਥਾਪ ਕੇ ਉਸ ਦੇ ਲੜ ਸੰਗਤ ਨੂੰ ਲਾਉਂਦੇ ਰਹੇ ਹਨ, ਆਪ ਸਾਨੂੰ ਕਿਸ ਦੇ ਚਰਨੀ ਲਾ ਚੱਲੇ ਹੋ? ਕਿਉਂਕਿ ਜੀਕੂੰ ਇਕ ਬੰਨ੍ਹ ਬਿਨਾ ਬੁਹਾਰੀ ਨਿਕਾਰੀ ਹੋ ਕੇ ਖਿੱਲਰ ਜਾਂਦੀ ਹੈ, ਏਸੇ ਭਾਂਤ ਇਕ ਗੁਰੂ ਰੂਪੀ ਬੰਨ੍ਹਣ ਬਿਨਾਂ ਸਬ ਸੰਗਤ ਦੇ ਤਿੱਤ੍ਰ ਬਿਤ੍ਰ ਹੋ ਜਾਣੇ ਦਾ ਡਰ ਹੈ। ਇਹ ਬੇਨਤੀ ਸੁਣਕੇ ਗੁਰੂ ਜੀ ਨੇ ਫੁਰਮਾਇਆ ਭਾਈ ਸਿੱਖੋ! ਅਸੀਂ ਤੁਹਾਨੂੰ ਇਕ ਐਸੇ ਗੁਰੂ ਦੇ ਲੜ ਲਾਉਂਦੇ ਹਾਂ ਜੋ ਕਦੇ ਵੀ ਕਾਇਆ ਨਾ ਬਦਲੇ, ਸਦਾ ਇਕ ਰਸ ਅਜਰ ਅਮਰ ਬਣਿਆ ਰਹੇ ਅਤੇ ਪੱਖਪਾਤ ਬਿਨਾਂ ਸੱਚਾ ਅਥਕ ਉਪਦੇਸ਼ ਹਮੇਸ਼ ਕਲੇਸ਼ ਕਾਟਕ ਕਰਦਾ ਰਹੇ । ਐਸਾ ਸਮਦਰਸੀ ਨਿਰਬਿਕਾਰ ਅਚਾਹ ਸਤਿਗੁਰੂ ਥਾਪਾਂਗੇ ਜੋ ਤੁਸਾਡੀਆਂ ਸਰਬ ਕਾਮਨਾਂ ਪੂਰੀਆਂ ਕਰਦਾ ਰਹੇ ਅਤੇ ਕਾਰ ਭੇਟਾ ਵੀ ਕਦੇ ਕੁਝ ਨਾ ਮੰਗੇ । ਇਤਨੇ ਬਚਨ ਕਰਕੇ ਕਲਗੀਧਰ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾ ਕਰ ਪੰਜ ਪੈਸੇ ਇਕ ਨਾਲੀਯੇਰ ਅੱਗੇ ਰੱਕ ਚਾਰ ਪ੍ਰਕਰਮਾਂ ਕਰ ਮੱਥਾ ਟੇਕ ਦਿੱਤਾ ਤੇ ਸਰਬ ਖਾਲਸੇ ਨੂੰ ਆਖਿਆ ਕਿ ਅੱਜ ਤੋਂ ਇਹ ਧਰਮ, ਅਰਥ, ਕਾਲਮ, ਮੋਖ ਦੇਣ ਹਾਰਾ ਸਰਬ ਸ਼ਕਤੀਵਾਨ ਗ੍ਰੰਥ ਸਾਹਿਬ ਤੁਸਾਡਾ ਸਤਿਗੁਰੁ ਹੋਇਆ
ਇਥੋਂ ਇਹ ਗੱਲ ਸਾਫ਼ ਹੋ ਜਾਂਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਦੀ ਦਿੱਤੀ । ਹਾਂ, ਖ਼ਾਲਸਾ ਵੀ ਗੱਦੀ ਦਾ ਵਾਰਸ ਹੈ, ਪਰ ਇਹ ਉਸ ਤਰੀਕੇ ਨਾਲ ਨਹੀਂ ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਹਨ । ਖ਼ਾਲਸਾ ਇਹ ਨਹੀਂ ਕਹਿ ਸਕਦਾ ਕਿ ਅਸੀਂ ਹੁਣ ਗੁਰੂ ਗ੍ਰੰਥ ਸਾਹਿਬ ਵਾਂਙ ਗੁਰੂ ਬਨਣਾ ਹੈ । ਇਹ ਖ਼ਾਲਸੇ ਦੀ ਕਦੇ ਵੀ ਕੋਸ਼ਿਸ਼ ਨਹੀਂ ਸੀ । ਖ਼ਾਲਸਾ ਪੰਜ ਪਿਆਰਿਆਂ ਦੇ ਰੂਪ ਦੇ ਵਿਚ ਗੁਰੂ ਹੈ । ਜਦੋਂ ਅੰਮ੍ਰਿਤ ਛਕਾਉਣਾ ਹੈ ਓਦੋਂ ਖ਼ਾਲਸਾ ਗੁਰੂ ਹੈ, ਤੇ ਫਿਰ ਗੁਰ-ਭਾਈ । ਜਦੋਂ ਤਨਖ਼ਾਹ ਲਗਵਾਉਣੀ ਹੈ ਓਦੋਂ ਖ਼ਾਲਸਾ ਗੁਰੂ ਹੈ । ਜਿਵੇਂ ਕੇਸਰ ਸਿੰਘ ਛਿੱਬਰ ਦੀ ਲਿਖਤ ਤੋਂ ਸਾਬਤ ਹੁੰਦਾ ਹੈ ।

ਮੁਸਲਮਾਨ ਤੇ ਗੁਰਬਾਣੀ
ਸਮੇਂ-ਸਮੇਂ ਤੇ ਹਿੰਦੂ ਮੱਤ ਵੱਲ ਝੁਕਾਅ ਕਰਨ ਵਾਲੇ ਕਈ ਛੋਟੀ ਸੋਚ ਦੇ ਮਾਲਕਾਂ ਨੇ ਮੁਸਲਮਾਨਾਂ ਦੇ ਖ਼ਿਲਾਫ਼ ਕੂੜ ਪ੍ਰਚਾਰ ਕੀਤਾ ਹੈ । ਇਸ ਦੇ ਨਾਲ ਜੋ ਇਨ੍ਹਾਂ ਵਲੋਂ ਇਕ ਕੋਝੀ ਕੋਸ਼ਿਸ਼ ਕੀਤੀ ਗਈ ਸੀ ਉਹ ਇਹ ਕਿ ਇਕ ਮੁਸਲਮਾਨ ਫਕੀਰ ਵੱਲੋਂ ਲਿਖੀ ਗਈ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਦਰਜ ਕਰਨ ਤੇ ਇਤਰਾਜ਼ ਜਤਾਉਣਾ । ਕਈ ਇੰਨੇ ਕੁ ਮੂਰਖ਼ ਨੇ ਜਿਨ੍ਹਾਂ ਨੇ ਇਹ ਵੀ ਕਿਹਾ ਕਿ ਇੰਨੀਆਂ ਜ਼ਿਆਦਤੀਆਂ ਹੋਈਆਂ ਸਿੱਖਾਂ ਤੇ, ਜੋ ਕੇ ਮੁਸਲਮਾਨਾਂ ਨੇ ਕੀਤੀਆਂ, ਫਿਰ ਵੀ ਇਨ੍ਹਾਂ ਨੇ ਆਪਣੇ ਧਾਰਮਿਕ ਗ੍ਰੰਥ ਦੇ ਵਿਚ ਇਕ ਮੁਸਲਮਾਨ ਬਾਬਾ ਫ਼ਰੀਦ ਜੀ ਦੀ ਬਾਣੀ ਰੱਖ ਲਈ ।
ਇਹੋਂ ਜਿਹੀਆਂ ਦਲੀਲਾਂ ਸਿੱਖਾਂ ਦੇ ਧਰਮ ਤੇ ਸਿੱਧਾ ਹਮਲਾ ਹੈ । ਕਿਉਂਕਿ ਗੁਰੂ ਸਾਹਿਬ ਨੇ ਜੋ ਲਿਖਿਆ ਹੈ, ਜੋ ਬਾਣੀ ਦੇ ਵਿਚ ਦਰਜ ਕੀਤਾ ਹੈ, ਉਹ ਇਹ ਦੇਖ ਕੇ ਨਹੀਂ ਕੀਤਾ ਕਿ ਕੋਈ ਹਿੰਦੂ ਹੈ ਜਾਂ ਮੁਸਲਮਾਨ, ਜਾਂ ਉਹ ਕਿਸ ਜਾਤ ਦਾ ਹੈ । ਗੁਰੂ ਸਾਹਿਬ ਦਾ ਮਨੋਰਥ ਉਨ੍ਹਾਂ ਰਚਨਾਵਾਂ ਨੂੰ ਹੀ ਦਰਜ਼ ਕਰਨਾ ਸੀ ਜਿਹੜੀਆਂ ਉਨ੍ਹਾਂ ਦੇ ਸਿਧਾਂਤ ਦੇ ਅਨੁਸਾਰ ਹੋਣ । ਜੇਕਰ ਉਸਦੇ ਵਿਚ ਕੋਈ ਹਿੰਦੂ ਜਾਂ ਮੁਸਲਿਮ ਵੀ ਆ ਗਿਆ ਤਾਂ ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਨਹੀਂ । ਬਹੁਤ ਸਾਰੀਆਂ ਕਹੀਆਂ ਜਾਂਦੀਆਂ ਨੀਚ ਜਾਤੀਆਂ ਦੇ ਭਗਤ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿਚ ਦਰਜ ਹਨ । ਜੇਕਰ ਕੋਈ ਉਚ ਜਾਤੀ ਦਾ ਬੰਦਾ ਕਹੇ ਕਿ ਇਹ ਗ਼ਲਤ ਹੈ, ਸਿਰਫ਼ ਉਚ ਜਾਤੀਆਂ ਦੇ ਲੋਕ ਹੀ ਹੋਣੇ ਚਾਹੀਦੇ ਸਨ ਤਾਂ ਇਹ ਉਸ ਦੀ ਮੂਰਖ਼ਤਾ ਹੈ ।
ਇਹ ਭੇਦ-ਭਾਵ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਮਿਟਣ ਲੱਗ ਗਿਆ ਸੀ । ਗੁਰੂ ਸਾਹਿਬ ਦਾ ਟੀਚਾ ਇਹ ਸੀ ਕਿ ਹਰ ਇਕ ਨੂੰ ਉਸ ਪਰਮਾਤਮਾ ਦੀ ਭਗਤੀ ਦੇ ਵੱਲ ਲਾਇਆ ਜਾਵੇ । ਕੋਈ ਵੀ ਕਿਸੇ ਧਰਮ ਦਾ ਵੀ ਹੋਵੇ, ਉਸ ਲਈ ਪਰਮਾਤਮਾ ਨਾਲ ਇੱਕ-ਮਿੱਕ ਹੋਣਾ ਹੀ ਜੀਵਨ ਦਾ ਟੀਚਾ ਹੈ । ਇਸ ਤੋਂ ਛੁੱਟ ਸਭ ਵਿਅਰਥ ਹੈ । ਸਭ ਲੋਕ ਬਿਨਾਂ ਜਾਤ-ਪਾਤ ਦੇ ਇਕ ਜਗ੍ਹਾ ਤੇ ਬੈਠ ਕੇ ਪਰਮਾਤਮਾ ਦੀ ਉਸਤਤ ਕਰਨ । ਜੇਕਰ ਸਿੱਖ ਵੀ ਇਨ੍ਹਾਂ ਚੱਕਰਾਂ ਦੇ ਵਿਚ ਪੈ ਗਏ ਕਿ ਬਾਣੀ ਲਿਖਣ ਵਾਲੇ ਸਿੱਖ-ਗੁਰੂ ਸਨ, ਜਾਂ ਕੋਈ ਹਿੰਦੂ ਜਾਂ ਮੁਸਲਮਾਨ ਜਾਂ ਉਸ ਦੀ ਜਾਤ ਕੀ ਸੀ, ਤਾਂ ਇਹ ਗੁਰੂ ਸਾਹਿਬਾਨ ਦੇ ਦੱਸੇ ਹੋਏ ਰਸਤੇ ਤੋਂ ਬਿਲਕੁਲ ਉਲਟ ਹੋਵੇਗਾ । ਗੁਰਬਾਣੀ ਦਾ ਮਨੋਰਥ ਪਰਮਾਤਮਾ ਦੀ ਸਿਫ਼ਤ-ਸਲਾਹ ਕਰਨਾ ਹੈ ਤਾਂ ਜੁ ਪਰਮਾਤਮਾ ਨਾਲ ਇਕ-ਮਿਕ ਹੋ ਸਕੀਏ । ਇਸ ਨੂੰ ਛੱਡ ਕੇ ਹੋਰਨਾ ਪਾਸੇ ਜਾਣਾ ਬੇਵਕੂਫ਼ੀ ਹੋਵੇਗੀ ।
ਨਿਰਾਲੇ ਦੀ ਮੂਰਖ਼ਤਾ ਦੀ ਸ਼ੁਰੂਆਤ ਇਸੇ ਤੋਂ ਹੁੰਦੀ ਹੈ ਕਿ ਜੇਕਰ ਗੁਰਬਾਣੀ ਗੁਰੂ ਹੈ ਤਾਂ ਮੁਸਲਮਾਨਾਂ ਦੇ ਨਾਲ ਸੰਬੰਧਤ ਸਤਰਾਂ ਵੀ ਗੁਰੂ ਹਨ ? ਹਾਂ, ਉਨ੍ਹਾਂ ਨਾਲ ਸੰਬੰਧਤ ਸਤਰਾਂ ਵੀ ਗੁਰੂ ਹਨ । ਗੁਰਬਾਣੀ ਗੁਰੂ ਹੈ, ਇਸ ਦਾ ਇਹ ਭਾਵ ਨਹੀਂ ਸਿਰਫ਼ ਗੁਰੂ ਸਾਹਿਬਾਨਾਂ ਦੀਆਂ ਸਤਰਾਂ ਹੀ ਗੁਰੂ ਹਨ ਬਾਕੀ ਦੀਆਂ ਨਹੀਂ । ਗੁਰੂ ਸਾਹਿਬਾਨ ਨੇ ਬਾਕੀ ਬਾਣੀ ਵੀ ਇਸ ਲਈ ਦਰਜ਼ ਕੀਤੀ ਸੀ ਕਿਉਂਕਿ ਉਹ ਉਨ੍ਹਾਂ ਦੇ ਸਿਧਾਂਤ ਦੇ ਅਨੁਸਾਰ ਸੀ । ਜੇਕਰ ਬਾਬਾ ਫ਼ਰੀਦ ਜੀ ਦੀ ਬਾਣੀ ਜਾਂ ਫਿਰ ਮੁਸਲਮਾਨਾਂ ਨੂੰ ਸਮਝਾਉਣ ਦੇ ਲਈ ਉਚਾਰੀ ਬਾਣੀ ਨੂੰ ਗੁਰੂ ਨਹੀਂ ਕਹਿਣਾ ਤਾਂ ਇਸ ਦਾ ਮਤਲਬ ਇਹ ਹੋਇਆ ਕਿ ਗੁਰਬਾਣੀ ਗੁਰੂ ਨਹੀਂ ਹੈ, ਜੋ ਕਿ ਸਰਾਸਰ ਗ਼ਲਤ ਹੈ । ਮਿਸਾਲ ਦੇ ਤੌਰ ਤੇ ਨਿਰਾਲੇ ਨੇ ਹੇਠਲੀਆਂ ਸਤਰਾਂ ਲਿਖੀਆਂ ਹਨ ।
1.      ਅਠੇ ਪਹਰ ਭਉਦਾ ਫਿਰੈ ਖਾਵਣ ਸੰਦੜੈ ਸੂਲਿ ॥ ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ ਰਸੂਲਿ ॥੨॥ – ਅੰਗ ੩੧੯
2.      ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ ॥ ਜੋ ਸਿਰੁ ਸਾਂਈ ਨਾ ਨਿਵੈ ਸੋ ਸਿਰੁ ਕਪਿ ਉਤਾਰਿ ॥੭੧॥ – ਅੰਗ ੧੩੮੧
3.      ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥ ਸਰਮ ਸੁੰਨਤਿ ਸੀਲੁ ਰੋਜਾ ਹੋਹੁ ਮੁਸਲਮਾਣੁ ॥ ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥ ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ ॥੧॥ – ਅੰਗ ੧੪੦
4.      ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥ ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ॥ ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ ॥ ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥ ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥੩॥ – ਅੰਗ ੧੪੧
ਅਜਿਹਾ ਕੀ ਲਿਖਿਆ ਹੈ ਉਪਰਲੀਆਂ ਸਤਰਾਂ ਦੇ ਵਿਚ ਜਿਸ ਕਾਰਣ ਨਿਰਾਲੇ ਨੂੰ ਇਹ ਸਤਰਾਂ ਗੁਰੂ ਨਹੀਂ ਜਾਪਦੀਆਂ ? ਬਾਮਣਵਾਦੀਆਂ ਵੱਲ ਝੁਕਾਅ ਦਾ ਇਹੀਓ ਸਿੱਟਾ ਹੁੰਦਾ ਹੈ ਕਿ ਅਕਲ ਤੇ ਪਰਦਾ ਪੈ ਜਾਂਦਾ ਹੈ, ਸਹੀ ਗ਼ਲਤ ਦੀ ਸੁਝ ਨਹੀਂ ਰਹਿੰਦੀ । ਗੁਰੂ ਅਰਜਨ ਦੇਵ ਜੀ ਪਰਮਾਤਮਾ ਨੂੰ ਯਾਦ ਕਰਨ ਦੀ ਗੱਲ ਕਰਦੇ ਨੇ । ਬਾਬਾ ਫ਼ਰੀਦ ਜੀ ਵੀ ਪਰਮਾਤਮਾ ਨੂੰ ਯਾਦ ਕਰਨ ਬਾਰੇ ਦੱਸਦੇ ਹਨ । ਗੁਰੂ ਸਾਹਿਬ ਸਹੀ ਮਾਇਣੇ ਦੇ ਵਿਚ ਮੁਸਲਮਾਨ ਹੈ ਕੌਣ ਉਸ ਬਾਰੇ ਜ਼ਿਕਰ ਕਰਦੇ ਹਨ । ਗੁਰੂ ਸਾਹਿਬ ਜਿਹੜੀਆਂ ਪੰਜ ਨਿਵਾਜਾ ਹਨ ਉਹ ਕਿਸ ਪ੍ਰਕਾਰ ਦੀਆਂ ਹੋਣੀਆਂ ਚਾਹੀਦੀਆਂ ਹਨ ਉਹ ਦੱਸਦੇ ਨੇ । ਕੀ ਅਜਿਹਾ ਹੈ ਜੋ ਸਿਰਫ਼ ਨਿਰਾਲੇ ਨੂੰ ਦਿੱਖ ਗਿਆ ਪਰ ਸਿੱਖ ਪੰਥ ਨੂੰ ਨਹੀਂ ਦਿਖਿਆ ?
ਇਥੇ ਹੀ ਸੀਮਤ ਨਹੀਂ, ਨਿਰਾਲਾ ਖ਼ਾਸ-ਖ਼ਾਸ ਸ਼ਬਦਾਂ ਨੂੰ ਜਿਸ ਵਿਚ ਰਾਮ, ਹਰਿ, ਨਾਰਾਇਣ, ਜਾਂ ਜਿਸ ਵਿਚ ਗੁਰੂ ਸਾਹਿਬ ਸਿੱਖ-ਸੰਤਾਂ ਦਾ ਜ਼ਿਕਰ ਕਰਦੇ ਨੇ, ਜਾਂ ਹੋਰ ਵੀ ਬਹੁਤ ਸਤਰਾਂ ਨਿਰਾਲੇ ਨੇ ਦਿੱਤੀਆਂ ਹਨ, ਇਨ੍ਹਾਂ ਸਭ ਰਾਹੀਂ ਇਸਦਾ ਇਹ ਮਨੋਰਥ ਹੈ ਕਿ ਇਸ ਵਿਚ ਤਾਂ 'ਹਿੰਦੂ ਅਵਤਾਰਾਂ' ਦੇ ਨਾਂਅ ਆ ਗਏ, ਫਿਰ ਇਹ ਕਿਵੇਂ ਗੁਰੂ ਹੋਏ । ਦੋਨਾਂ ਪਾਸਿਆਂ ਨੂੰ ਇਸ ਦੀ ਚੋਟ ਹੈ । ਜੇਕਰ ਇਹ ਸਾਬਤ ਕਰਤਾ ਕਿ ਰਾਮ, ਹਰਿ, ਤੇ ਹੋਰ ਲਫ਼ਜ਼ ਹਿੰਦੂ ਅਵਤਾਰਾਂ ਦੇ ਨਾਂਅ ਹਨ ਤਾਂ ਸਿੱਖ ਹਿੰਦੂ ਹੋ ਗਏ । ਜੇਕਰ ਇਨ੍ਹਾਂ ਸ਼ਬਦਾਂ ਨੂੰ ਗੁਰੂ ਨਹੀਂ ਮੰਨਦੇ ਤਾਂ ਫਿਰ ਗੁਰਬਾਣੀ ਗੁਰੂ ਨਹੀਂ ।

ਹਿੰਦੂ ਦੇਵਤੇ ਤੇ ਗੁਰਬਾਣੀ
ਦਰਅਸਲ ਦੇ ਵਿਚ ਗੱਲ ਇਹ ਹੈ ਕਿ ਨਿਰਾਲੇ ਤੇ ਹੋਰ ਅਨਮਤੀਏ ਜੋ ਗੁਰੂਆਂ ਨੂੰ ਹਿੰਦੂ ਸਾਬਤ ਕਰਨ ਤੇ ਤੁਲੇ ਹੋਏ ਨੇ ਉਹ ਗੁਰਬਾਣੀ ਨੂੰ ਸਮਝ ਨਹੀਂ ਸਕੇ । ਜੋ ਉਹ ਪਹਿਲਾਂ ਮੰਨ ਰਹੇ ਸੀ, ਓਹੀ ਉਹ ਹੁਣ ਮੰਨ ਰਹੇ ਨੇ । ਗੁਰਬਾਣੀ ਦਾ ਪ੍ਰਕਾਸ਼ ਉਨ੍ਹਾਂ ਦੇ ਦਿਲਾਂ ਦੇ ਵਿਚ ਨਹੀਂ ਹੋਇਆ । ਜੋ ਜ਼ੋਰਦਾਰ ਖੰਡਣ ਦੇਵੀ-ਦੇਵਤਿਆਂ ਦਾ ਗੁਰਬਾਣੀ ਵਿਚ ਹੈ ਉਸ ਨੂੰ ਇਹ ਲੋਕ ਨਹੀਂ ਦੇਖਦੇ । ਮਾਇਆ ਦੇ ਵਿਚ ਰਚੇ ਗਏ ਇਹ ਸਭ ਦੇਵੀ-ਦੇਵਤੇ ਸਿਰਫ਼ ਤੇ ਸਿਰਫ਼ ਪਰਮਾਤਮਾ ਦੇ ਸਹਾਰੇ ਜਿਉਂਦੇ ਹਨ, ਸਣੇ ਵਿਸ਼ਨੂੰ, ਬਰਮਾ ਤੇ ਸ਼ਿਵਜੀ ਦੇ । ਇਨ੍ਹਾਂ ਦਾ ਆਪਣਾ ਕੋਈ ਵਜੂਦ ਨਹੀਂ ਹੈ । ਮਾਇਆ ਕਾਰਣ ਹੋਂਦ ਵਿਚ ਆਏ ਹੋਣ ਕਰਕੇ ਬਹੁਤੇ ਲੋਕ ਜੋ ਮਾਇਆ ਦੇ ਵਿਚ ਹੀ ਆਪਣਾ ਜੀਵਨ ਜਿਉਂਦੇ ਹਨ ਉਹ ਇਨ੍ਹਾਂ ਨੂੰ ਰੱਬ ਮੰਨ ਕੇ ਬੈਠ ਜਾਂਦੇ ਹਨ । ਉਹ ਪਰਮ ਜੋਤਿ ਜੋ ਸਭ ਦੇ ਵਿਚ ਹੈ, ਜਿਸ ਕਾਰਣ ਇਹ ਦੁਨੀਆ ਚੱਲ ਰਹੀ ਹੈ, ਇਹ ਸਭ ਲੋਕ ਉਸ ਨੂੰ ਸਮਝਣਾ ਨਹੀਂ ਚਾਹੁੰਦੇ ਜਾਂ ਇਉਂ ਕਹਿ ਲਵੋ ਸਮਝਣ ਤੋਂ ਅਸਮਰਥ ਹਨ ।
ਗੁਰਬਾਣੀ ਨਿਰੋਲ ਪਰਮਾਤਮਾ ਦੀ ਉਸਤਤ ਹੈ । ਪਰ ਗੁਰਬਾਣੀ ਦੇ ਵਿਚ ਆਏ ਪਰਮਾਤਮਾ ਦੇ ਨਾਵਾਂ ਕਰਕੇ ਤੇ ਗ਼ਲਤ ਅਰਥ ਕਰਕੇ ਇਹ ਲੋਕ ਆਮ ਸਿੱਖ-ਸੰਗਤਾਂ ਨੂੰ ਗੁੰਮਰਾਹ ਕਰਦੇ ਨੇ । ਜੋ ਲੋਕ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਤੇ ਤੁਲੇ ਹੋਏ ਨੇ ਉਨ੍ਹਾਂ ਲਈ ਇਹ ਫ਼ਕਰ ਦੀ ਗੱਲ ਹੋ ਜਾਂਦੀ ਹੈ ਕਿਉਂਕਿ ਉਨ੍ਹਾਂ ਦਾ ਮਨੋਰਥ ਪੂਰਾ ਹੋ ਰਿਹਾ ਹੈ । ਦੂਜੇ ਪਾਸੇ ਅਜਿਹੀਆਂ ਗੱਲਾਂ ਸਿੱਖਾਂ ਦੇ ਮਨ ਨੂੰ ਬਹੁਤ ਠੇਸ ਪਹੁੰਚਾਉਂਦੀਆਂ ਹਨ । ਇਹ ਗੱਲ ਮੈਂ ਬਹੁਤ ਵਾਰੀ ਕਹਿ ਚੁੱਕਾ ਹਾਂ ਕਿ ਸਿੱਖ ਧਰਮ ਦੇ ਲੋਕ ਕਿਸੇ ਦੂਜੇ ਧਰਮ ਨੂੰ ਆਪਣੇ ਵਿਚ ਰਲਾਉਣ ਦੀ ਗੱਲ ਨਹੀਂ ਕਰਦੇ । ਅਸੀਂ ਨਹੀਂ ਕਹਿੰਦੇ ਕਿ ਫਲਾਣਾ ਧਰਮ ਸਾਡਾ ਧਰਮ ਹੈ ਜਾਂ ਸਾਡੇ 'ਚੋਂ ਉਪਜਿਆ ਹੈ । ਫਿਰ ਕੀ ਕਾਰਣ ਹੈ ਕਿ ਸਨਾਤਨੀ ਮੱਤ ਦੇ ਲੋਕ ਸਿੱਖਾਂ ਨੂੰ ਆਪਣੇ ਨਾਲ ਰਲਾਉਣ ਲਈ ਤਰਲੋ-ਮੱਛੀ ਹੋ ਰਹੇ ਹਨ । ਤੇ ਇਹ ਕੋਈ ਹੁਣ ਦੀ ਹੀ ਸੋਚ ਨਹੀਂ ਹੈ । ਗੁਰੂ ਸਾਹਿਬਾਨਾਂ ਦਾ ਇਤਿਹਾਸ ਵਗਾੜਨ ਦੇ ਵਿਚ ਇਨ੍ਹਾਂ ਦਾ ਬਹੁਤ ਵੱਡਾ ਹੱਥ ਰਿਹਾ ਹੈ ।
ਗੁਰੂ ਗੋਬਿੰਦ ਸਿੰਘ ਜੀ ਨੇ ਸਾਫ਼-ਸਾਫ਼ ਲਿਖਿਆ ਹੈ ਕਿ ਬ੍ਰਹਮਾ, ਵਿਸ਼ਨੂੰ ਤੇ ਸ਼ਿਵਜੀ ਆਪਣੇ ਆਪ ਨੂੰ ਹੀ ਰੱਬ ਮੰਨ ਕੇ ਬੈਠ ਗਏ । ਕੀ ਇਹ ਕਾਫ਼ੀ ਨਹੀਂ ਇਹ ਸਮਝਣ ਦੇ ਵਿਚ ਕਿ ਇਹ ਦੇਵੀ-ਦੇਵਤੇ ਰੱਬ ਨਹੀਂ ? ਇਸ ਤੋਂ ਜ਼ਿਆਦਾ ਸਾਫ਼ ਸ਼ਬਦਾਂ ਦੇ ਵਿਚ ਲਿਖੇ ਹੋਣ ਦੇ ਬਾਵਜੂਦ ਵੀ ਮੂਰਖ਼ਤਾ ਜ਼ਾਹਰ ਕਰਨੀ ਇਕ ਕੋਝੀ ਸਾਜ਼ਿਸ਼ ਦਾ ਹਿੱਸਾ ਜਾਪਦਾ ਹੈ । ਹਾਂ, ਇਸ ਨੂੰ ਕੱਟਣ ਦੇ ਲਈ ਭੱਜ ਕੇ ਇਹ ਕਹਿੰਦੇ ਨੇ ਕਿ ਇਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਹੀਂ ਹੈ ਤੇ ਦਸਮ ਦੀ ਬਾਣੀ ਦਾ ਪੰਥ ਦੇ ਵਿਚ ਬਹੁਤ ਰੌਲਾ ਹੈ । ਇਹ ਠੀਕ ਨਹੀਂ ਕਿ ਪੰਥ ਦੇ ਵਿਚ ਇਸ ਦਾ ਕੋਈ ਰੌਲਾ ਹੈ । ਗੁਰ-ਨਿੰਦਕਾਂ ਦਾ ਇਹ ਬਹੁਤ ਸਮੇਂ ਤੋਂ ਚੱਲਿਆ ਆ ਰਿਹਾ ਵਿਵਾਦ ਸਿਰਫ਼ ਦਸਮ ਦੀ ਬਾਣੀ ਤੇ ਸੀਮਤ ਨਹੀਂ ਹੈ । ਇਨ੍ਹਾਂ ਲੋਕਾਂ ਨੇ ਭਗਤਾਂ ਦੀ ਬਾਣੀ, ਰਾਗਮਾਲਾ, ਮਰਯਾਦਾ ਤੇ ਪਤਾ ਨਹੀਂ ਹੋਰ ਕਿੰਨੇ ਵਿਸ਼ਿਆਂ ਤੇ ਸਿੱਖ-ਸੰਗਤਾਂ ਨੂੰ ਗ਼ਲਤ ਪਾਸੇ ਤੋਰਨ ਦੀ ਕੋਸ਼ਿਸ਼ ਕੀਤੀ ਹੈ । ਪਰ ਪੰਥ ਨੇ ਇਸ ਦਾ ਬਹੁਤ ਸੋਹਣੇ ਤਰੀਕੇ ਨਾਲ ਉੱਤਰ ਦਿੱਤਾ ਹੈ ।
ਜਦ ਸਭ ਕੁਝ ਫੇਲ ਹੋ ਜਾਂਦਾ ਹੈ ਤਾਂ ਫਿਰ ਗੁਰ-ਨਿੰਦਕਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਓਵੀ ਦੇਵੀ-ਦੇਵਤਿਆਂ ਨੂੰ ਨਹੀਂ ਮੰਨਦੇ, ਉਹ ਤਾਂ ਉਸ ਜੋਤਿ ਨੂੰ ਮੰਨਦੇ ਨੇ ਜੋ ਉਨ੍ਹਾਂ ਵਿਚ ਹੈ । ਇਹ ਵੀ ਇਕ ਢੋਂਗ ਹੈ । ਜੇਕਰ ਇਹ ਅਜਿਹਾ ਕਰਦੇ ਹੁੰਦੇ ਤਾਂ ਇਹ ਸਿਰਫ਼ ਇੱਕ ਦੇਵੀ ਜਾਂ ਦੇਵਤੇ ਨੂੰ ਨਹੀਂ ਪੂਜਦੇ । ਇਨ੍ਹਾਂ ਲਈ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ, ਮਨੁੱਖ, ਪਸ਼ੂ, ਪੰਛੀ, ਆਦਿ ਸਾਰੇ ਇਕੋ-ਜਿਹੇ ਹੁੰਦੇ । ਪਰ ਇਸ ਤਰ੍ਹਾਂ ਨਹੀਂ ਹੈ । ਜੋ ਵਿਸ਼ਨੂੰ ਨੂੰ ਸਭ ਤੋਂ ਉੱਪਰ ਮੰਨ ਕੇ ਬੈਠਾ ਹੈ ਉਹ ਸ਼ਿਵਜੀ ਦੀ ਉਸਤਤ ਨਹੀਂ ਕਰਦਾ । ਜੋ ਸ਼ਿਵਜੀ ਨੂੰ ਸਭ ਦਾ ਕਰਤਾ-ਧਰਤਾ ਮੰਨ ਕੇ ਬੈਠਾ ਹੈ ਉਸ ਲਈ ਵਿਸ਼ਨੂੰ ਇਕ ਛੋਟੀ ਚੀਜ਼ ਹੈ । ਫਿਰ ਕਿੱਥੇ ਹੈ ਉਹ ਜੋਤਿ ਜਿਸਨੂੰ ਇਹ ਮੰਨਦੇ ਹਨ? ਢੋਂਗ ਹੀ ਹੋਇਆ ਨਾ ਇਹ ਫਿਰ? ਬਸ ਗੱਲਾਂ ਹੀ ਹਨ ਇਨ੍ਹਾਂ ਪੱਲੇ, ਹੋਰ ਕੁਝ ਨਹੀਂ ।
ਪੁਰਾਣੇ ਸਮਿਆਂ ਦੇ ਵਿਚ ਸ਼ਾਇਦ ਭਾਰਤ ਦੇ ਲੋਕ ਸਿਰਫ਼ ਇਕ ਪਰਮਾਤਮਾ ਨੂੰ ਹੀ ਮੰਨਦੇ ਹੋਣ, ਪਰ ਹੌਲੀ-ਹੌਲੀ ਇਹ ਦੇਵੀ-ਦੇਵਤਿਆਂ ਵੱਲ ਤੁਰਨ ਲੱਗ ਗਏ । ਹੁਣ ਵੀ ਤੁਸੀਂ ਦੇਖ ਸਕਦੇ ਹੋ ਭਾਰਤ ਦੇ ਵਿਚ ਕਿ ਕਿੰਨੇ ਮੰਦਰ ਹਨ ਅਲੱਗ-ਅਲੱਗ ਦੇਵੀ-ਦੇਵਤਿਆਂ ਨਾਲ ਸੰਬੰਧਤ । ਤੇ ਇਨ੍ਹਾਂ ਮੰਦਰਾਂ ਦੇ ਵਿਚ ਉਨ੍ਹਾਂ ਦੀ ਉਸਤਤ ਦੀ ਗੱਲ ਹੁੰਦੀ ਹੈ । ਫਿਰ ਉਸ ਜੋਤਿ ਦੀ ਗੱਲ ਕਿਥੋਂ ਆ ਗਈ? ਸੋਹਲੇ ਤਾਂ ਦੇਵੀ-ਦੇਵਤਿਆਂ ਦੇ ਹੀ ਹਨ । ਇਸ ਦਾ ਇਹ ਮਤਲਬ ਬਿਲਕੁਲ ਨਹੀਂ ਲੈਣਾ ਚਾਹੀਦਾ ਕਿ ਸਿੱਖ ਇਨ੍ਹਾਂ ਦੇਵੀ-ਦੇਵਤਿਆਂ ਦੇ ਵਿਰੋਧੀ ਹਨ । ਮੈਂ ਇਹ ਕਈ ਵਾਰ ਕਹਿ ਚੁੱਕਾ ਹਾਂ ਕਿ ਸਿੱਖਾਂ ਦਾ ਕਿਸੇ ਵੀ ਦੇਵੀ-ਦੇਵਤੇ ਨਾਲ ਵੈਰ ਨਹੀਂ । ਤੇ ਨਾ ਹੀ ਕਿਸੇ ਸਿੱਖ ਨੂੰ ਇਨ੍ਹਾਂ ਦੀ ਨਿੰਦਾ ਕਰਨੀ ਚਾਹੀਦੀ ਹੈ । ਹਾਂ, ਸਿੱਖ ਇਨ੍ਹਾਂ ਦਾ ਆਦਰ ਕਰਦੇ ਨੇ ਕਿਉਂਕਿ ਇਹ ਵੀ ਉਸ ਪਰਮਾਤਮਾ ਦੇ ਗੁਣ ਗਾਉਂਦੇ ਨੇ । ਇਨ੍ਹਾਂ ਨੂੰ ਪੂਜਣ ਵਾਲੇ ਇਨ੍ਹਾਂ ਨੂੰ ਰੱਬ ਮੰਨਦੇ ਨੇ ਤਾਂ ਇਹ ਉਨ੍ਹਾਂ ਦਾ ਖ਼ਿਆਲ ਹੈ । ਪਰ ਸਿੱਖਾਂ ਦੇ ਲਈ ਇਹ ਉਸ ਪਰਮਾਤਮਾ ਦੇ ਭਗਤ ਹਨ ਜਿਸ ਨੇ ਇਹ ਸਭ ਜਗ ਪੈਦਾ ਕੀਤਾ ਹੈ ।
ਗੁਰਬਾਣੀ ਦੇ ਵਿਚ ਥਾਂ-ਥਾਂ ਜ਼ਿਕਰ ਆਇਆ ਹੈ ਕਿ ਦੇਵੀ-ਦੇਵਤੇ ਉਸ ਪਰਮਾਤਮਾ ਦਾ ਜਸ ਗਾਉਂਦੇ ਨੇ । ਇਸ ਦੇ ਲਈ ਹੇਠ ਲਿਖੀਆਂ ਗੁਰਬਾਣੀ ਦੀਆਂ ਸਤਰਾਂ ਪੜ੍ਹੀਆਂ ਜਾ ਸਕਦੀਆਂ ਹਨ ।
1.      ਬ੍ਰਹਮਾ ਬਿਸਨੁ ਰਿਖੀ ਮੁਨੀ ਸੰਕਰੁ ਇੰਦੁ ਤਪੈ ਭੇਖਾਰੀ ॥ ਮਾਨੈ ਹੁਕਮੁ ਸੋਹੈ ਦਰਿ ਸਾਚੈ ਆਕੀ ਮਰਹਿ ਅਫਾਰੀ ॥ – ਅੰਗ ੯੯੨
2.      ਬ੍ਰਹਮਾ ਬਿਸਨੁ ਮਹੇਸੁ ਸਰੇਸਟ ਨਾਮਿ ਰਤੇ ਵੀਚਾਰੀ ॥ – ਅੰਗ ੧੦੧੩
3.      ਬ੍ਰਹਮਾ ਬਿਸਨੁ ਰੁਦ੍ਰੁ ਤਿਸ ਕੀ ਸੇਵਾ ॥ ਅੰਤੁ ਨ ਪਾਵਹਿ ਅਲਖ ਅਭੇਵਾ ॥ – ਅੰਗ ੧੦੫੩
4.      ਸਿਮਰਹਿ ਬ੍ਰਹਮੇ ਬਿਸਨ ਮਹੇਸਾ ॥ ਸਿਮਰਹਿ ਦੇਵਤੇ ਕੋੜਿ ਤੇਤੀਸਾ ॥ – ਅੰਗ ੧੦੭੮
ਇਹ ਨਹੀਂ ਹੈ ਕਿ ਇਹ ਦੇਵੀ-ਦੇਵਤੇ ਹੁੰਦੇ ਹੀ ਨਹੀਂ ਹਨ । ਇਹ ਹਨ । ਇਹ ਪਰਮਾਤਮਾ ਦੀ ਉਸਤਤ ਵੀ ਕਰਦੇ ਨੇ । ਇਹ ਗ਼ਲਤੀਆਂ ਵੀ ਕਰਦੇ ਨੇ । ਗੁਰਬਾਣੀ ਇਸ ਦਾ ਬਹੁਤ ਵੱਡਾ ਪ੍ਰਮਾਣ ਹੈ ।
ਮੈਨੂੰ ਜੋ ਕਾਰਣ ਇਸਦਾ ਜਾਪਦਾ ਹੈ ਕਿ ਲੋਕ ਦੇਵੀ-ਦੇਵਤਿਆਂ ਦੀ ਉਸਤਤ ਭਾਲਦੇ ਨੇ ਗੁਰਬਾਣੀ ਦੇ ਵਿਚ ਉਹ ਇਹ ਕਿ ਲੋਕ ਇਹ ਨਹੀਂ ਮੰਨ ਸਕਦੇ ਕਿ ਜਿਨ੍ਹਾਂ ਨੂੰ ਉਹ ਮੰਨ ਰਹੇ ਨੇ ਉਹ ਰੱਬ ਨਹੀਂ ਹਨ । ਸਭ ਤੋਂ ਵੱਡਾ ਕਾਰਣ ਇਸਦਾ ਇਹ ਹੈ । ਜੇਕਰ ਤੁਹਾਨੂੰ ਕੋਈ ਆ ਕਰ ਕਹੇ ਕਿ ਜੋ ਰੱਬ ਤੁਸੀਂ ਪੂਜ ਰਹੇ ਹੋ ਉਹ ਅਸਲੀ ਰੱਬ ਨਹੀਂ ਹੈ, ਉਸ ਤੋਂ ਉਪਰ ਵੀ ਇਕ ਬਹੁਤ ਵੱਡੀ ਸ਼ਕਤੀ ਹੈ, ਤਾਂ ਤੁਸੀਂ ਯਕੀਨਨ ਹੀ ਬੁਰਾ-ਭਲਾ ਕਹੋਗੇ ਕਿਉਂਕਿ ਇਸ ਨਾਲ ਤੁਹਾਡੀ ਸ਼ਰਧਾ ਤੇ ਸੱਟ ਵੱਜਦੀ ਹੈ । ਨਾਲ ਦੀ ਨਾਲ ਤੁਹਾਡੀ ਇਹ ਕੋਸ਼ਿਸ਼ ਵੀ ਹੋਵੇਗੀ ਕਿ ਤੁਸੀਂ ਉਸ ਧਾਰਮਿਕ ਗ੍ਰੰਥ ਨੂੰ ਪੜ੍ਹਕੇ ਉਸ ਦੇ ਵਿਚੋਂ ਹੀ ਸਤਰਾਂ ਲੈ ਕਰ ਆਪਣੀ ਗੱਲ ਸਾਬਤ ਕਰੋ । ਇਹੀਉ ਹੀ ਹੋ ਰਿਹਾ ਹੈ ਫ਼ਿਲਹਾਲ ਦੀ ਘੜੀ ਦੇ ਵਿਚ । ਕੁਝ ਪੰਜਾਬੀ ਹਿੰਦੂ ਜੋ ਗੁਰਮੁਖੀ ਪੜ੍ਹਨੀ ਜਾਣਦੇ ਨੇ ਉਹ ਰਾਮ ਸ਼ਬਦ ਨੂੰ ਲੈ ਕਰ ਇਹ ਕਹਿਣ ਤੇ ਲੱਗੇ ਹੋਏ ਨੇ ਕਿ ਇਹ ਤਾਂ ਦਸ਼ਰਥ ਦੇ ਪੁੱਤਰ ਦੀ ਉਸਤਤ ਹੈ, ਜਦਕਿ ਉਨ੍ਹਾਂ ਨੂੰ ਰਾਮ ਦਾ ਅੱਖਰੀ ਅਰਥ ਵੀ ਨਹੀਂ ਪਤਾ ।

ਸਿਖ-ਗੁਰੂਆਂ ਦੀ ਵੱਖਰੀ ਹੋਂਦ
ਜੇਕਰ ਕਿਸੇ ਫਿਰਕਾਪ੍ਰਸਤ ਨੇ ਸਿੱਖਾਂ ਨੂੰ ਹਿੰਦੂ ਬਣਾਉਣਾ ਹੈ ਤਾਂ ਉਸਦਾ ਪਹਿਲਾ ਕਾਰਜ ਸਿੱਖ-ਗੁਰੂਆਂ ਦਾ ਹਿੰਦੂਕਰਨ ਹੋਵੇਗਾ । ਕਿਉਂਕਿ ਜੇਕਰ ਜੜ੍ਹ ਨੂੰ ਹੀ ਇਹ ਸਾਬਤ ਕਰਤਾ ਕਿ ਇਹ ਕਿਸੇ ਹੋਰ ਦਰਖ਼ਤ ਤੋਂ ਆਈ ਹੈ ਤਾਂ ਫਿਰ ਟਾਹਣੀਆਂ ਅਤੇ ਪੱਤਿਆਂ ਦਾ ਕੋਈ ਮੁੱਲ ਨਹੀਂ ਰਹਿ ਜਾਂਦਾ । ਤੁਸੀਂ ਇਹ ਜ਼ਰੂਰ ਦੇਖਿਆ ਹੋਵੇਗਾ ਕਿ ਜੋ ਲੋਕ ਸਿੱਖਾਂ ਨੂੰ ਹਿੰਦੂ ਕਹਿੰਦੇ ਨੇ ਉਹ ਗੁਰੂ ਸਾਹਿਬਾਂ ਨੂੰ ਵੀ ਹਿੰਦੂ ਕਹਿੰਦੇ ਨੇ । ਉਨ੍ਹਾਂ ਦਾ ਇਹੀਓ ਖ਼ਿਆਲ ਹੈ ਕਿ ਜੇਕਰ ਅਸੀਂ ਗੁਰੂਆਂ ਨੂੰ ਹਿੰਦੂ ਸਾਬਤ ਕਰਤਾ ਤਾਂ ਫਿਰ ਸਿੱਖ ਆਪਣੇ ਆਪ ਹੀ ਹਿੰਦੂ ਹੋ ਜਾਣਗੇ । ਇਸ ਦੇ ਲਈ ਜੋ ਗੁਰਮਤਿ ਤੋਂ ਉਲਟ ਗੱਲਾਂ ਨੇ ਉਹ ਇਤਿਹਾਸ ਦੇ ਵਿਚੋਂ ਕੱਢ ਕੇ ਲਿਆਉਂਦੇ ਨੇ । ਹਾਲਾਂਕਿ ਉਸੇ ਸਰੋਤ ਦੇ ਵਿਚ ਬਹੁਤ ਸਾਰੀਆਂ ਇਹੋ ਜਿਹੀਆਂ ਉਦਾਹਰਣਾਂ ਮੌਜੂਦ ਹੁੰਦੀਆਂ ਨੇ ਜੋ ਇਨ੍ਹਾਂ ਲੋਕਾਂ ਦੀ ਮਾਨਸਿਕ ਪੀੜਾ ਦਾ ਕਾਰਣ ਬਣਦੀਆਂ ਨੇ ।
ਮਿਸਾਲ ਦੇ ਤੌਰ ਤੇ ਤੁਸੀਂ ਦੇਖ ਲਵੋ:
1.      ਕਹਿਣਗੇ ਕਿ ਗੁਰੂ ਨਾਨਕ ਦੇਵ ਜੀ ਨੇ ਜੰਝੂ ਪਾਇਆ ਸੀ । ਸਤਰਾਂ ਲੈ ਲੈਂਦੇ ਨੇ ਭਾਈ ਸੰਤੋਖ ਸਿੰਘ ਜੀ ਦੇ ਰਚਿਤ ਗ੍ਰੰਥ ਦੀਆਂ । ਉਸੇ ਗ੍ਰੰਥ ਦੇ ਵਿਚ ਫਿਰ ਆਉਂਦਾ ਹੈ ਕਿ ਗੁਰੂ ਹਰਿਕ੍ਰਿਸ਼ਨ ਜੀ ਦੇ ਸਮੇਂ ਤੇ ਹੰਕਾਰੇ ਹੋਏ ਬਾਹਮਣ ਨੇ ਆਪਣਾ ਜਨੇਊ ਲਾ ਕੇ ਸੁੱਟ ਦਿੱਤਾ ਤੇ ਗੁਰੂ ਦਾ ਸਿੱਖ ਬਣ ਗਿਆ । ਹੁਣ ਜੇਕਰ ਇੰਨਾਂ ਹੀ ਜ਼ਰੂਰੀ ਹੈ ਸਿੱਖੀ ਦੇ ਵਿਚ ਜੰਝੂ ਤਾਂ ਬਾਹਮਣ ਨੇ ਲਾਹ ਕੇ ਕਿਉਂ ਸੁੱਟ ਦਿੱਤਾ ? ਤੇ ਗੁਰੂ ਹਰਿਕ੍ਰਿਸ਼ਨ ਜੀ ਨੇ ਵੀ ਨਹੀਂ ਕਿਹਾ ਕਿ ਭਾਈ ਗੁਰੂ ਨਾਨਕ ਸਾਹਿਬ ਜੀ ਨੇ ਪਾਇਆ ਸੀ ਤੂੰ ਵੀ ਪਾ ? ਪਰ ਇਸ ਕਹਾਣੀ ਦਾ ਜ਼ਿਕਰ ਉਹ ਕਿਤੇ ਨਹੀਂ ਕਰਦੇ । ਤੇ ਸਭ ਤੋਂ ਵੱਡੀ ਗੱਲ ਜਦ ਗੁਰਬਾਣੀ ਜੰਝੂ ਪਾਉਣ ਦੇ ਉਲਟ ਹੈ ਫਿਰ ਇਤਿਹਾਸਿਕ ਗ੍ਰੰਥ ਦੇ ਵਿਚਲੀ ਕਹਾਣੀ ਦੀ ਕੋਈ ਮਹੱਤਤਾ ਨਹੀਂ ਰਹਿ ਜਾਂਦੀ ।
2.      ਅਖੇ ਜੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਆਪ ਨੂੰ ਹਿੰਦੂ ਕਿਹਾ ਸ਼ਹੀਦੀ ਤੋਂ ਪਹਿਲਾਂ । ਜਦ ਗੁਰਬਾਣੀ ਕਹਿ ਰਹੀ ਹੈ ਕਿ 'ਨਾ ਹਮ ਹਿੰਦੂ ਨ ਮੁਸਲਮਾਨ ॥', ਤਾਂ ਫਿਰ ਇਸ ਦਾ ਇਹ ਮਤਲਬ ਹੋਇਆ ਕਿ ਗੁਰੂ ਸਾਹਿਬ ਨੂੰ ਗੁਰਬਾਣੀ ਦਾ ਨਹੀਂ ਪਤਾ ਸੀ ? ਨਾ ਹੀ ਇਹ ਲੋਕ ਫਿਰ ਗੁਰੂ ਤੇਗ ਬਹਾਦਰ ਜੀ ਵੱਲੋਂ ਦਿੱਤੇ ਮਿਰਚਾਂ ਦੇ ਦ੍ਰਿਸ਼ਟਾਂਤ ਬਾਰੇ ਦੱਸਦੇ ਹਨ । ਹੋਰ ਤਾਂ ਹੋਰ ਭਾਈ ਗੁਰਦਾਸ ਜੀ ਦੀ ਵਾਰ ਤੇ ਸੱਤੇ ਬਲਵੰਡੇ ਦੀ ਵਾਰ ਦਾ ਕੋਈ ਜ਼ਿਕਰ ਨਹੀਂ ਕਰਦੇ ਇਹ ਲੋਕ ਕਿ ਗੁਰੂ ਨਾਨਕ ਦੇਵ ਜੀ ਨੇ ਨਵਾਂ ਪੰਥ ਚਲਾਇਆ ।
3.      ਕਹਿਣਗੇ ਕਿ ਗੁਰੂ ਗੋਬਿੰਦ ਸਿੰਘ ਜੀ ਵਲੋਂ ਲੜੀਆਂ ਲੜਾਈਆਂ ਸਿਰਫ਼ ਮੁਸਲਮਾਨਾਂ ਦੇ ਖ਼ਿਲਾਫ਼ ਸੀ ਜਦਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਜਿੰਨੀਆਂ ਵੀ ਜੀਵਨੀਆਂ ਮਿਲਦੀਆਂ ਨੇ ਉਨ੍ਹਾਂ ਵਿਚ ਪਹਾੜੀ ਰਾਜਿਆਂ ਦਾ ਵੀ ਜ਼ਿਕਰ ਆਉਂਦਾ ਹੈ ਕਿ ਉਹ ਕੀ ਕਰ ਰਹੇ ਸੀ ਉਸ ਸਮੇਂ ਤੇ । ਇਹ ਪਹਾੜੀ ਰਾਜੇ ਹਿੰਦੂ ਸਨ ।
ਨਿਰਾਲੇ ਵਲੋਂ ਵੀ ਇਹੋ ਹੀ ਰਾਗ ਅਲਾਪਿਆ ਗਿਆ ਹੈ । ਉਹ ਨਾ ਸਿਰਫ਼ ਗੁਰੂਆਂ ਨੂੰ ਹਿੰਦੂ ਸਾਬਤ ਕਰਨ ਤੇ ਤੁਲਿਆ ਹੋਇਆ ਹੈ ਬਲਕਿ ਗੁਰਬਾਣੀ ਦੇ ਵੀ ਅਰਥਾਂ ਦੇ ਅਨਰਥ ਕਰ ਰਿਹਾ ਹੈ । ਇਸ ਬਾਰੇ ਜ਼ਿਕਰ ਅਗਲੇ ਅਧਿਆਇਆਂ ਦੇ ਵਿਚ ਕੀਤਾ ਜਾਵੇਗਾ ।
ਕੁਝ ਦਿਨਾਂ ਪਹਿਲਾਂ ਇਕ ਫੇਸਬੁਕ ਤੇ ਪੋਸਟ ਪੜ੍ਹਨ ਨੂੰ ਮਿਲੀ ਜੋ ਚੱਲ ਰਹੇ ਮੁੱਦੇ ਦੇ ਨਾਲ ਵੀ ਸਬੰਧ ਰੱਖਦੀ ਹੈ । ਸਿੱਖ-ਗੁਰੂਆਂ ਦੀ ਵੱਖਰੀ ਹੋਂਦ ਦੇ ਕਾਰਣਾਂ ਨੂੰ ਨਕਾਰਨਾ ਇਸ ਲਈ ਜ਼ਰੂਰੀ ਹੈ ਕਿ ਸਿੱਖਾਂ ਤੇ ਮੁਸਲਮਾਨਾਂ ਨੂੰ ਅੱਡ ਕੀਤਾ ਜਾ ਸਕੇ । ਸਿੱਖਾਂ ਦਾ ਨਿੱਜੀ ਤੌਰ ਤੇ ਕਿਸੇ ਖ਼ਾਸ ਕੌਮ ਨਾਲ ਕੋਈ ਵੈਰ ਨਹੀਂ ਹੈ । ਸਿੱਖ ਸਭ ਦੇ ਭਲੇ ਦੀ ਅਰਦਾਸ ਕਰਦੇ ਨੇ । ਸਿੱਖਾਂ ਨੂੰ ਆਪਣੇ ਨਾਲ ਰਲਾ ਕੇ ਇਕ ਗੱਲ ਬਿਲਕੁਲ ਸਾਫ਼ ਹੋ ਜਾਵੇਗੀ ਸਿੱਖ ਤੇ ਹਿੰਦੂ ਇਕ ਹਨ । ਤੇ ਫਿਰ ਰਹਿ ਗਏ ਬਹੁਤੀ ਗਿਣਤੀ ਵਾਲੇ ਮੁਸਲਮਾਨ । ਇਨ੍ਹਾਂ ਮੁਸਲਮਾਨਾਂ ਲਈ ਫਿਰ ਸਿੱਖ ਅੱਗੇ ਕੀਤੇ ਜਾਣਗੇ । ਬਾਹਮਣਵਾਦੀ ਸੋਚ ਇਹੀਓ ਹੀ ਹੈ ਪਹਿਲਾਂ ਕਿਸੇ ਨੂੰ ਕਹਿ ਦੇਣਾ ਕਿ ਉਹ ਤੁਹਾਡੇ ਹਨ, ਜਦੋਂ ਕਾਰਜ ਹੋ ਜਾਏ ਫਿਰ ਉਨ੍ਹਾਂ ਨੂੰ ਨੀਚਾ ਦਖਾਉਣਾ । ਜਦੋਂ ਫਿਰ ਸਭ ਕਿਤੇ ਹਿੰਦੂ ਹੋ ਗਏ, ਫਿਰ ਉਹੀਓ ਪੁਰਾਣੀ ਮੰਨੂੰ ਰੀਤੀ ਦੀ ਸ਼ੁਰੂਆਤ ਹੋਵੇਗੀ, ਜਿਸ ਵਿਚ ਬਾਹਮਣ ਲੋਕਾਂ ਨੂੰ ਲੁਟੇਗਾ, ਸ਼ੂਦਰ ਦੇ ਅਧਿਕਾਰ ਖੋ ਲਏ ਜਾਣਗੇ, ਅੰਧ ਵਿਸ਼ਵਾਸ ਫੈਲਾਅ ਦਿੱਤੇ ਜਾਣਗੇ, ਤੇ ਫਿਰ ਕੋਈ ਬਾਬਰ ਇਨ੍ਹਾਂ ਗ਼ੁਲਾਮ ਹੋਏ ਲੋਕਾਂ ਦੀ ਲੁੱਟ-ਮਾਰ ਕਰੇਗਾ ।
ਬਹੁਤਿਆਂ ਨੇ ਫਿਰ ਇਹ ਦਲੀਲਾਂ ਵੀ ਦਿੱਤੀਆਂ ਕਿ ਜੇਕਰ ਹਿੰਦੂ ਧਰਮ ਇਕ ਸਮੁੰਦਰ ਹੈ ਤਾਂ ਸਿੱਖ ਨਹਿਰ, ਜੇਕਰ ਹਿੰਦੂ ਧਰਮ ਇਕ ਦਰਖ਼ਤ ਹੈ ਤਾਂ ਸਿੱਖ ਉਸ ਦਾ ਫ਼ਲ । ਭਾਵ ਇਹ ਕਿ ਹਿੰਦੂ ਧਰਮ ਨੂੰ ਵੱਡਾ ਦਰਸਾ ਕੇ ਸਿੱਖ ਧਰਮ ਉਸਦਾ ਇਕ ਛੋਟਾ ਜਿਹਾ ਹਿੱਸਾ ਦਿਖਾਇਆ ਗਿਆ ਹੈ । ਸਿੱਖਾਂ ਦਾ ਹਿੰਦੂਆਂ ਨਾਲ ਕੋਈ ਜਾਤੀ ਵਿਰੋਧ ਨਹੀਂ ਹੈ । ਸਿੱਖ ਹਿੰਦੂਆਂ ਨਾਲ ਭਾਈਆਂ ਵਾਲੇ ਪਿਆਰ ਕਰਨ ਦੇ ਚਾਹਵਾਨ ਹਨ, ਪਰ ਇਹ ਹਿੰਦੂਆਂ ਦਾ ਇਕ ਹਿੱਸਾ ਬਣਕੇ ਨਹੀਂ ਬਲਕਿ ਆਪਣੀ ਅਲੱਗ ਤੇ ਵਿਲੱਖਣ ਹੋਂਦ ਨੂੰ ਦਰਸਾ ਕੇ ਕਰਨਾ ਚਾਹੁੰਦੇ ਹਨ ।
ਹੋਰ ਤਾਂ ਹੋਰ ਸਿੱਖ ਗੁਰੂਆਂ ਨੂੰ ਹਿੰਦੂ ਬਣਾਉਣ ਦੇ ਲਈ ਇਹ ਲੋਕ ਇਹ ਵੀ ਪ੍ਰਚਾਰ ਕਰ ਰਹੇ ਨੇ ਕਿ ਗੁਰੂ ਨਾਨਕ ਦੇਵ ਜੀ ਵਿਸ਼ਨੂੰ ਦੇ ਭਗਤ ਸਨ ਤੇ ਉਨ੍ਹਾਂ ਨੇ ਵਿਸ਼ਨੂੰ ਦੀ ਉਸਤਤ ਦੇ ਵਿਚ ਬਾਣੀ ਲਿਖੀ । ਇਨ੍ਹਾਂ ਲੋਕਾਂ ਨੂੰ ਇਹ ਵੀ ਨਹੀਂ ਪਤਾ ਕਿ ਗੁਰੂ ਨਾਨਕ ਦੇਵ ਜੀ ਖ਼ੁਦ ਨਿਰੰਕਾਰ ਸਨ । ਗੁਰੂ ਸਾਹਿਬ ਨੇ ਜਪੁ ਜੀ ਸਾਹਿਬ ਦੇ ਵਿਚ ਲਿਖ ਦਿੱਤਾ ਹੈ ਕਿ ਵਿਸ਼ਨੂੰ, ਬ੍ਰਹਮਾ ਤੇ ਸ਼ਿਵਜੀ ਮਾਇਆ ਤੋਂ ਪੈਦਾ ਹੋਏ ਹਨ । ਇਹ ਕੋਈ ਸਮੇਂ ਤੋਂ ਪਹਿਲਾਂ ਦੀ ਗੱਲ ਨਹੀਂ ਹੈ । ਇਸ ਸਭ ਸਮੇਂ ਦੇ ਵਿਚ ਹਨ । ਵਾਹਿਗੁਰੂ ਤਾਂ ਇਨ੍ਹਾਂ ਸਭਨਾ ਨੂੰ ਦੇਖ ਰਿਹਾ ਹੈ ਪਰ ਇਹ ਉਸ ਨੂੰ ਨਹੀਂ ਦੇਖ ਸਕਦੇ । ਜਿਵੇਂ ਇਹ ਕਿਹਾ ਗਿਆ ਹੈ ਕਿ ਵੇਦ ਤੇ ਸ਼ਾਸਤਰ ਇਹ ਸਭ ਇਕ ਦਿਨ ਖ਼ਤਮ ਹੋ ਜਾਣਗੇ, ਇਸੇ ਤਰ੍ਹਾਂ ਇਨ੍ਹਾਂ ਦੇਵੀ ਦੇਵਤਿਆਂ ਨੇ ਵੀ ਇਕ ਦਿਨ ਖ਼ਤਮ ਹੋ ਜਾਣਾ ਹੈ ਤੇ ਸਿਰਫ਼ ਪਰਮਾਤਮਾ ਦੀ ਜੋਤਿ ਹੀ ਰਹਿ ਜਾਵੇਗੀ ।
1.      ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀ ਬਾਣੁ ॥
ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥ ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥ – ਅੰਗ ੬
ਕਿੰਨੀ ਹੀ ਵੱਡੀ ਮੂਰਖ਼ਤਾ ਹੋਵੇਗੀ ਇਹ ਕਹਿਣਾ ਕਿ ਗੁਰੂ ਸਾਹਿਬ ਇਕ ਛੋਟੇ ਜਿਹੇ ਦੇਵਤੇ ਦੇ ਪੁਜਾਰੀ ਸਨ । ਵਿਸ਼ਨੂੰ ਛੋਟੇ ਮਨੁੱਖਾਂ ਨਾਲ ਤੁਲਨਾ ਕਰਕੇ ਨਹੀਂ, ਬਲਕਿ ਪਰਮਾਤਮਾ ਨਾਲ ਤੁਲਨਾ ਕਰਕੇ ਨੇ । ਇਸ ਦੁਨੀਆਂ ਨੂੰ ਪਰਮਾਤਮਾ ਦੇ ਹੁਕਮਾਂ ਦੇ ਵਿਚ ਚਲਾਉਣਾ ਕੋਈ ਛੋਟੀ-ਮੋਟੀ ਗੱਲ ਨਹੀਂ ਹੈ । ਵਿਸ਼ਨੂੰ ਇਕ ਬਹੁਤ ਵੱਡੀ ਸਖਸ਼ਿਅਤ ਹੈ, ਪਰ ਉਹ ਪਰਮਾਤਮਾ ਦੀ ਤੁਲਨਾ ਨਾਲ ਬਹੁਤ ਛੋਟੇ ਹਨ । ਗੁਰਬਾਣੀ ਇਸ ਗੱਲ ਦਾ ਪ੍ਰਮਾਣ ਹੈ ਕਿ ਵਿਸ਼ਨੂੰ ਵਰਗੇ ਕ੍ਰੋੜਾਂ ਹੋਰ ਹਨ, ਪਰ ਪਰਮਾਤਮਾ ਸਿਰਫ਼ ਇਕੋ ਹੀ ਹੈ । ਭਾਈ ਗੁਰਦਾਸ ਜੀ ਵੀ ਇਹ ਕਹਿੰਦੇ ਨੇ ਕਿ ਬਹੁਤ ਸਾਰੇ ਬ੍ਰਹਮੰਡ ਨੇ ਸੰਸਾਰ ਦੇ ਵਿਚ ਤੇ ਹਰ ਇਕ ਦੇ ਵਿਚ ਵਿਸ਼ਨੂੰ ਦਸ-ਦਸ ਅਵਤਾਰ ਲੈਂਦਾ ਹੈ ।
1.      ਰੋਮ ਰੋਮ ਵਿਚਿ ਰਖਿਓਨਿ ਕਰਿ ਬ੍ਰਹਮੰਡਿ ਕਰੋੜਿ ਸੁਮਾਰਾ ।
ਇਕਸ ਇਕਸ ਬ੍ਰਹਮੰਡਿ ਵਿਚਿ ਦਸ ਦਸ ਅਵਤਾਰ ਉਤਾਰਾ । - ਭਾਈ ਗੁਰਦਾਸ ਜੀ ਵਾਰ ੧, ਪਉੜੀ ੪
ਭਾਈ ਗੁਰਦਾਸ ਜੀ ਇਥੋਂ ਤੱਕ ਕਹਿੰਦੇ ਨੇ ਕਿ ਸ਼ਾਸਤਰ ਸਿਮ੍ਰਤੀਆਂ ਦੇ ਪਾਠ ਕਰਨ ਵਾਲੇ, ਗਿਆਨੀ ਧਿਆਨੀ, ਬ੍ਰਹਮਾ ਵਿਸ਼ਨੂੰ ਤੇ ਸ਼ਿਵਜੀ ਤੱਕ ਵੀ ਜੇ ਸਾਰੇ ਜੋੜ੍ਹ ਦਈਏ ਤਾਂ ਵੀ ਉਹ ਪੂਰੇ ਨਹੀਂ ਹਨ । ਪੂਰਨ ਸਿਰਫ਼ ਗੁਰੂ ਨਾਨਕ ਦੇਵ ਜੀ ਹਨ । ਉਨ੍ਹਾਂ ਦਾ ਮੰਤ੍ਰ ਸਭ ਮੰਤ੍ਰਾਂ ਦਾ ਮੁੱਢ ਹੈ । ਇਹ ਹਨ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੂੰ ਕੁਝ ਕੁ ਲੋਕਾਂ ਨੇ ਆਮ ਜਿਹਾ ਇਨਸਾਨ ਸਮਝਿਆ ਹੋਇਆ ਹੈ ।
1.      ਸਾਸਤਰ ਸਿੰਮ੍ਰਤਿ ਵੇਦ ਲਖ ਮਹਾਂਭਾਰਥ ਰਾਮਾਇਣ ਮੇਲੇ ।
ਸਾਰਗੀਤਾ ਲਖ ਭਾਗਵਤ ਜੋਤਕ ਵੈਦ ਚਲੰਤੀ ਖੇਲੇ ।
ਚਉਦਹ ਵਿਦਿਆ ਸਾਅੰਗੀਤ ਬ੍ਰਹਮੇ ਬਿਸਨ ਮਹੇਸੁਰ ਭੇਲੇ ।
ਸਨਕਾਦਿਕ ਲਖ ਨਾਰਦਾ ਸੁਕ ਬਿਆਸ ਲਖ ਸੇਖ ਨਵੇਲੇ ।
ਗਿਆਨ ਧਿਆਨ ਸਿਮਰਣ ਘਣੇ ਦਰਸਨ ਵਰਨ ਗੁਰੂ ਬਹੁ ਚੇਲੇ ।
ਪੂਰਾ ਸਤਿਗੁਰ ਗੁਰਾਂ ਗੁਰੁ ਮੰਤ੍ਰ ਗੁਰ ਬਚਨ ਸੁਹੇਲੇ ।
ਅਕਥ ਕਥਾ ਗੁਰੁ ਸਬਦੁ ਹੈ ਨੇਤਿ ਨੇਤਿ ਨਮੋ ਨਮੋ ਕੇਲੇ ।
ਗੁਰਮੁਖਿ ਸੁਖ ਫਲੁ ਅਮ੍ਰਿਤ ਵੇਲੇ ॥੨੦॥ – ਵਾਰ ੧੬ਵੀਂ, ਪਉੜੀ ੨੦ਵੀਂ
ਸਿੱਖਾਂ ਨੂੰ ਕੋਈ ਇਸ ਤੇ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਨਿਰਾਲੇ ਵਰਗੇ ਅਨਪੜ੍ਹ ਲੋਕ ਇਹੋ ਜਿਹੀਆਂ ਊਲ-ਜਲੂਲ ਗੱਲਾਂ ਕਰ ਰਹੇ ਹਨ । ਇਹ ਸਿਰਫ਼ ਵਿਸ਼ਨੂੰ ਤੱਕ ਹੀ ਸੀਮਤ ਨਹੀਂ ਹਨ । ਕਈ ਇਹੋ ਜਿਹੇ ਵੀ ਮਿਲੇ ਜੋ ਇਹ ਕਹਿੰਦੇ ਨੇ ਕਿ ਗੁਰੂ ਸਾਹਿਬ ਨੇ ਜਿਹੜਾ ਯੋਗੀਆਂ ਦਾ ਪੰਥ ਸੀ ਉਸਦਾ ਹੀ ਪ੍ਰਸਾਰ ਕੀਤਾ ਹੈ । ਭਾਵ ਇਹ ਕਿ ਜੋ ਵੀ ਕਿਸੇ ਨੂੰ ਮੰਨਦਾ ਹੈ, ਜਾਂ ਸ਼ਰਧਾ ਰੱਖਦਾ ਹੈ, ਉਹ ਇਹੀਓ ਸਮਝ ਲੈਂਦਾ ਹੈ ਕਿ ਗੁਰੂ ਸਾਹਿਬ ਉਸ ਤੋਂ ਪ੍ਰਭਾਵਿਤ ਹੋਏ ਨੇ ਜਾਂ ਉਸ ਦੀ ਉਸਤਤ ਕੀਤੀ ਹੈ । ਜਿਵੇਂ ਇਹ ਵੀ ਕਈ ਅਨਮਤੀਏ ਮੰਨਦੇ ਨੇ ਕਿ ਗੁਰੂ ਨਾਨਕ ਦੇਵ ਜੀ ਦਾ ਗੁਰੂ ਭਗਤ ਕਬੀਰ ਜੀ ਸਨ । ਹੋਰ ਕਹਿੰਦੇ ਨੇ ਕਿ ਸੰਤ ਰੇਣ । ਤੇ ਕਈਆਂ ਨੇ ਚੇਤੰਨਿਆਂ ਮਹਾਂਪ੍ਰਭੂ ਨਾਂ ਦੇ ਇਨਸਾਨ ਨੂੰ ਗੁਰੂ ਨਾਨਕ ਦੇਵ ਜੀ ਦਾ ਗੁਰੂ ਬਣਾਤਾ । ਮੈਂ ਇਹ ਸਮਝਦਾ ਹਾਂ ਕਿ ਕੋਈ ਵੀ ਇਹ ਬਰਦਾਸ਼ਤ ਕਰਨ ਦੇ ਹੱਕ ਦੇ ਵਿਚ ਨਹੀਂ ਹੈ ਕਿ ਉਨ੍ਹਾਂ ਦਾ ਕੋਈ ਦੇਵਤਾ ਜਾਂ ਉਨ੍ਹਾਂ ਦਾ ਕੋਈ ਗੁਰੂ ਨਿਉਣਤਾ ਦੇ ਵਿਚ ਰਹੇ । ਗੁਰੂ ਸਾਹਿਬ ਦੀ ਜੀਵਨੀ ਜਾਂ ਉਨ੍ਹਾਂ ਦੀ ਲਿਖੀ ਗੁਰਬਾਣੀ ਦੇ ਵਿਚ ਜੇਕਰ ਕੁਝ ਅਜਿਹਾ ਆਉਂਦਾ ਹੈ ਜੋ ਇਨ੍ਹਾਂ ਦੇਵਤਿਆਂ ਜਾਂ ਕਰਮ-ਕਾਂਡ ਨੂੰ ਛੋਟਾ ਦਰਸਾਉਂਦਾ ਹੈ ਤਾਂ ਉਹ ਝੱਟ ਉਸ ਚੀਜ਼ ਨੂੰ ਲੈ ਕਰ ਕੁਝ ਇਸ ਤਰ੍ਹਾਂ ਦੀ ਕਹਾਣੀ ਬਣਾਉਂਦੇ ਨੇ ਕਿ ਗੁਰੂ ਸਾਹਿਬ ਉਨ੍ਹਾਂ ਦੇ ਜਸ ਗਾਉਂਦੇ ਦਿੱਖਦੇ ਨੇ । ਇਹ ਸਭ ਫੋਕਟ ਗੱਲਾਂ ਨੇ ਜਿਸ ਵਿਚ ਸੱਚ ਬਿਲਕੁਲ ਵੀ ਨਹੀਂ ਹੈ ।
ਲਿਖਣ ਨੂੰ ਤਾਂ ਹੋਰ ਵੀ ਬਹੁਤ ਕੁਝ ਹੈ ਪਰ ਮੈਂ ਇਹ ਇਕ ਖੁਲ੍ਹੇ ਲੇਖ ਦੇ ਵਿਚ ਲਿਖਾਂਗਾ ਜਿੱਥੇ ਸਿਰਫ਼ ਸਿੱਖਾਂ ਦੀ ਵੱਖਰੀ ਹੋਂਦ ਦੀ ਹੀ ਗੱਲ ਹੋਵੇਗੀ । ਇਹ ਸਭ ਕੁਝ ਗੱਲਾਂ ਸਨ ਜੋ ਮੈਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਸੀ । ਅਗਲੇ ਭਾਗ ਦੇ ਵਿਚ ਆਪਾਂ ਨਿਰਾਲੇ ਦੇ ਪ੍ਰਸ਼ਨਾਂ ਦਾ ਉੱਤਰ ਦੇਵਾਂਗੇ ।

ਹਵਾਲੇ:
੧. ਰਹਿਤਨਾਮੇ, ਸੰਪਾਦਕ ਪਿਆਰਾ ਸਿੰਘ ਪਦਮ, ਰਹਿਤਨਾਮਾ ਭਾਈ ਨੰਦ ਲਾਲ, ਪੇਜ ੫੪
੨. ਹਮ ਹਿੰਦੂ ਹੈ ਭਾਗ ਦੂਜਾ, ਰਾਜਿੰਦਰ ਸਿੰਘ ਨਿਰਾਲਾ, ਦੋ ਸ਼ਬਦ
੩. ਹਮ ਹਿੰਦੂ ਹੈ ਭਾਗ ਦੂਜਾ, ਰਾਜਿੰਦਰ ਸਿੰਘ ਨਿਰਾਲਾ, ਪੇਜ ੪੫
੪. ਬੰਸਾਵਲੀਨਾਮਾ, ਕੇਸਰ ਸਿੰਘ ਛਿੱਬਰ, ਸੰਪਾਦਕ ਪਿਆਰਾ ਸਿੰਘ ਪਦਮ, ਪੇਜ ੧੯੦
੫. ਗੁਰਬਿਲਾਸ ਪਾਤਸ਼ਾਹੀ ੧੦, ਕੁਇਰ ਸਿੰਘ, ਸੰਪਾਦਕ ਸ਼ਮਸ਼ੇਰ ਸਿੰਘ ਅਸ਼ੋਕ, ਪੇਜ ੨੬੫
੬. ਰਹਿਤਨਾਮੇ, ਸੰਪਾਦਕ ਪਿਆਰਾ ਸਿੰਘ ਪਦਮ, ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ, ਪੇਜ ੬੭
੭. ਮਹਿਮਾ ਪ੍ਰਕਾਸ਼, ਭਾਗ ਦੂਜਾ, ਖੰਡ-੨, ਸਰੂਪ ਦਾਸ ਭੱਲਾ, ਸੰਪਾਦਕ ਡਾ. ਉੱਤਮ ਸਿੰਘ ਭਾਟੀਆ, ਪੇਜ ੮੬੨
੮. ਪੰਥ ਪ੍ਰਕਾਸ਼, ਗਿਆਨੀ ਗਿਆਨ ਸਿੰਘ, ਪੇਜ ੩੫੩
੯. ਤਵਾਰੀਖ਼ ਗੁਰੂ ਖ਼ਾਲਸਾ, ਗਿਆਨੀ ਗਿਆਨ ਸਿੰਘ, ਪੇਜ ੮੫੪

No comments:

Post a Comment

Please note there are couple of articles on different topics on this blog. There are very good chances that what you're going to bring in the comment section has already been discussed. And your comment will not be published if it has the same arguments/thoughts.

Kindly read this page for more information: https://sikhsandsikhi.blogspot.com/p/read-me.html

Or read the footer of any article: 'A request to the readers!'