ਸਿੱਖੀ ਸਰੂਪ – ਮਿੰਨੀ ਕਹਾਣੀ ੧
ਉਜਾਗਰ ਸਿੰਘ ਨੇ ਅਜੇ ਚਾਹ ਪੀਤੀ ਹੀ ਸੀ ਕਿ ਉਸਦੀ ਪਤਨੀ
ਨੇ ਓਤੋਂ ਗਲਾਸ ਫੜ੍ਹਦੇ ਹੋਏ ਪੁੱਛਿਆ । 'ਵੇ ਗੁਰਮੁੱਖ ਦੇ ਬਾਪੂ, ਪੁੱਤਾਂ ਨਾਲ ਕਾਹਦੀ ਨਰਾਜ਼ਗੀ । ਨਿਆਣਾ ਆ, ਬੱਚਾ
ਸਮਝ ਕੇ ਮਾਫ਼ ਕਰਦੇ ।'
ਦਿਆਲ ਕੌਰ ਸ਼ੁਰੂ ਤੋਂ ਹੀ ਆਪਣੇ ਪੁੱਤ ਲਈ
ਅਰਦਾਸਾਂ ਕਰਦੀ ਆਈ ਸੀ । ਓਂਦੇ ਪੇਪਰਾਂ ਤੋਂ ਲੈ ਕੇ ਕੋਈ ਚੀਜ਼ ਲੈਣ ਲਈ ਉਜਾਗਰ ਨਾਲ ਲੜ੍ਹਨ ਤੱਕ,
ਹਮੇਸ਼ਾ ਹੀ ਆਪਣੇ ਪੁੱਤ ਲਈ ਅਸੀਸਾਂ ਮੰਗੀਆਂ ਹਨ । ਮੰਗੇ ਵੀ ਕਿਉਂ ਨਾ, ਔਲਾਦ ਵੀ ਤਾਂ ਅਰਦਾਸਾਂ ਕਰਕੇ ਲਈ ਸੀ ।
ਉਜਾਗਰ ਨੂੰ ਅਜੇ ਵੀ ਯਾਦ ਹੈ ਓਹ ਦਿਨ । ਸਵੇਰੇ
ਅੰਮ੍ਰਿਤ ਵੇਲੇ ਉਠ ਕੇ, ਇਸ਼ਨਾਨ ਕਰਕੇ, ਫਿਰ
ਓਹ ਅਪਣਾ ਨਿਤਨੇਮ ਕਰਦਾ ਸੀ । ਜਦ ਭਾਈ ਜੀ ਸਵੇਰੇ 'ਆਸਾ
ਕੀ ਵਾਰ' ਦਾ ਪਾਠ ਕਰਦਾ, ਉਹ
ਪੂਰਾ ਪਾਠ ਗੁਰਦੁਆਰਾ ਸਾਹਿਬ ਸੁਣ ਕੇ ਆਨੰਦ ਮਾਣਦਾ । ਫਿਰ ਲੰਗਰ ਦੀ ਸੇਵਾ ਕਰਦਾ । ਵਿਆਹ ਹੋਏ
ਨੂੰ ਚਾਰ ਸਾਲ ਗੁਜ਼ਰ ਗਏ ਸਨ ਤੇ ਔਲਾਦ ਕੋਈ ਨਹੀਂ ਸੀ । ਉਜਾਗਰ ਸਿੰਘ ਦੀ ਮਾਤਾ, ਗੁਰਮੇਲ ਕੌਰ, ਸ਼ੁਰੂ ਤੋਂ ਹੀ ਉਜਾਗਰ ਨੂੰ ਸਮਝਾਉਂਦੀ
ਆਈ ਸੀ ਕਿ ਪਰਮਾਤਮਾ ਨੇ ਜਿੰਨਾ ਦਿੱਤਾ ਉਹਨੇ 'ਚ ਸਬਰ ਕਰਨਾ ਸਿਖ
। ਪਰ ਦਿਆਲ ਕੌਰ ਦੀ ਔਲਾਦ ਦੀ ਪ੍ਰਾਪਤੀ ਨੇ ਉਜਾਗਰ ਨੂੰ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਨ ਲਈ
ਮਜ਼ਬੂਰ ਕਰ ਦਿੱਤਾ ।
ਖ਼ੈਰ ਪੰਜ ਸਾਲ ਬਾਅਦ ਗੁਰਮੁੱਖ ਸਿੰਘ ਦਾ ਜਨਮ
ਹੋਇਆ । ਜਦ ਦਾਈ ਨੇ ਖ਼ਬਰ ਸੁਣਾਈ ਔਲਾਦ ਦੀ ਤਾਂ ਉਜਾਗਰ ਸਿੰਘ ਭੱਜ ਕੇ ਗੁਰਦੁਆਰਾ ਸਾਹਿਬ ਗਿਆ
ਪ੍ਰਮਾਤਮਾ ਦਾ ਸ਼ੁਕਰ ਕਰਨ । ਉਸਨੇ ਇਹ ਵੀ ਨਹੀਂ ਸੁਣਿਆ ਸੀ ਕਿ ਬੱਚਾ ਲੜਕਾ ਹੈ ਯਾ ਲੜਕੀ । ਸਿੱਖੀ
ਵਿੱਚ ਓਹ ਏਨਾ ਕੁ ਪਰਪੱਕ ਹੋ ਚੁੱਕਾ ਸੀ ਕਿ ਉਸਨੂੰ ਇਸਦੀ ਕੋਈ ਚਿੰਤਾ ਹੀ ਨਹੀਂ ਸੀ । ਉਜਾਗਰ ਦੀ
ਮਾਤਾ ਨੇ ਗੁਰ-ਇਤਿਹਾਸ ਏਨਾ ਕੁ ਸਿਖਾ ਦਿੱਤਾ ਸੀ ਕਿ ਦੁਨਿਆਵੀ ਲੋਕਾਂ ਬਾਰੇ ਓਹ ਘੱਟ ਹੀ ਸੋਚਦਾ
ਸੀ ।
ਮਨ ਭਰਦੇ ਹੋਏ, ਉਜਾਗਰ
ਨੇ ਦਿਆਲ ਕੌਰ ਨੂੰ ਕਿਹਾ, 'ਬੜੇ ਚਾਹਵਾਂ ਨਾਲ ਪਾਲਿਆ ਸੀ ਮੈਂ ਇਸਨੂੰ ।
ਵਾਹਿਗੁਰੂ ਅੱਗੇ ਅਰਦਾਸਾਂ ਕੀਤੀਆਂ । ਕਦੇ ਇਹ ਨੀ ਕਿਹਾ ਲੜਕਾ ਚਾਹੀਐ । ਹਮੇਸ਼ਾ ਇੱਕ ਗੁਰਸਿੱਖ ਦੀ
ਹੀ ਅਰਦਾਸ ਕੀਤੀ ਸੀ । ਕੁੱਛ ਪਿਛਲੇ ਕਰਮ ਰਹਿ ਗਏ ਹੋਣਗੇ ਜੋ ਇਹ ਦਿਨ ਦੇਖਣਾ ਪਿਆ ।'
ਦਿਆਲ ਕੌਰ ਨੇ ਆਪਣੇ ਪਤੀ ਵੱਲ ਮੂੰਹ ਕਰਕੇ
ਦੇਖਿਆ । ਨਿਰਾਸ਼ ਤਾਂ ਉਹ ਵੀ ਬਹੁਤ ਸੀ ਪਰ ਉਜਾਗਰ ਸਾਹਮਣੇ ਦਰਸਾਉਣਾ ਨਹੀਂ ਚਾਹੁੰਦੀ ਸੀ । ਇੱਕ
ਨਿਰਾਸ਼ਾ ਦਾ ਘੁੱਟ ਭਰਦੇ ਹੋਏ ਕਿਹਾ, 'ਇਹ ਪ੍ਰਮਾਤਮਾ ਦੀ ਹੀ ਇੱਕ ਖੇਡ ਹੈ ।
ਪ੍ਰਮਾਤਮਾ ਨੇ ਜੋ ਦਿੱਤਾ ਸੀ, ਅੱਗੇ ਦੇਣ ਦੀ ਕੋਸ਼ਿਸ਼ ਕੀਤੀ ਸੀ । ਪਰ ਉਸਨੂੰ
ਹੋਰ ਕੁਝ ਮਨਜ਼ੂਰ ਸੀ ।'
ਉਜਾਗਰ ਨੇ ਸਿਰ ਹਿਲਾਉਂਦੇ ਹੋਏ ਕਿਹਾ,
'ਆਪਣਾ ਹੀ ਕਸੂਰ ਹੈ, ਦਿਆਲ
ਕੁਰੇ । ਆਪਣੀ ਵੰਸ਼ ਨੂੰ ਸਹੀ ਸਿੱਖਿਆ ਨਹੀਂ ਦੇ ਪਾਏ । ਉਹ ਖੁਸ਼ੀ ਨਹੀਂ ਮਿਲ ਸਕੀ ਜਿਸਦੀ ਆਸ ਕੀਤੀ
ਸੀ ।'
ਦਿਆਲ ਕੌਰ ਮਨ ਭਾਰੀ ਕਰਦੀ ਹੋਈ ਗਲਾਸ ਲੈ ਕੇ
ਰਸੋਈ 'ਚ ਚਲੀ ਗਈ ।
ਗੁਰਮੁੱਖ ਕਮਰੇ ਵਿਚੋਂ ਬਾਹਰ ਆਉਂਦੇ ਹੋਏ
ਬੋਲਿਆ, 'ਬੇਬੇ ਕਾਲਜ ਜਾ ਰਿਹਾ ਵਾ ।'
ਦਿਆਲ ਕੌਰ ਨੇ ਪਿਆਰ ਨਾਲ ਕਿਹਾ, 'ਪੁੱਤ ਰੋਟੀ ਖਾਂਦਾ ਜਾਈ ।'
'ਕੰਟੀਨ 'ਚ
ਖਾਲੂੰਗਾ । ਚੰਗਾ ਬਾਪੂ, ਮੈਂ ਚੱਲਦਾ ਵਾ ।'
ਉਜਾਗਰ ਦੀਆਂ ਅੱਖਾਂ ਵਿੱਚ ਹੰਝੂ ਵਗ ਤੁਰੇ ।
ਗੁਰਮੁੱਖ ਆਪਣਾ ਫਟਫਟੀਆ ਲੈ ਕੇ ਚਲਾ ਗਿਆ
ਵਾਲਾ 'ਚ ਹੱਥ ਮਾਰਦਾ ।
ਉਜਾਗਰ ਧਾਹਾਂ ਮਾਰ ਕੇ ਰੋਣ ਲੱਗਾ ।
ਆਪਣੇ ਪੁੱਤ ਦੇ ਕੱਟੇ ਹੋਏ ਕੇਸ ਦੇਖ ਕੇ ਉਸਨੂੰ
ਬਹੁਤ ਸ਼ਰਮਿੰਦਗੀ ਹੋਈ । ਬੜੇ ਹੀ ਚਾਹਵਾਂ ਨਾਲ ਉਸਨੇ ਆਪਣੇ ਪੁੱਤਰ ਨੂੰ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਵਰਗੇ ਸ਼ਹੀਦਾਂ ਦੀਆਂ ਸਾਖੀਆਂ ਸੁਣਾਈਆਂ ਸਨ । ਸੋਚਿਆ ਸੀ ਉਸਦਾ
ਪੁੱਤਰ ਵਾਕਈ ਹੀ 'ਗੁਰਮੁੱਖ ਸਿੰਘ' ਹੋਵੇਗਾ
। ਪਰ ਆਪਣੇ ਕੇਸ ਕਟਾਉਣ ਤੋਂ ਬਾਅਦ ਉਸਨੇ ਆਪਣਾ ਨਾਮ ਵੀ ਗੁਰਮੁੱਖ ਸਿੰਘ ਤੋਂ ਗੁਰੀ ਰੱਖ ਲਿਆ ਸੀ
। ਸ਼ਾਇਦ ਇਹ ਸਮੇਂ ਦਾ ਹੇਰ-ਫੇਰ ਸੀ ਜਾਂ ਉਸਦੀ ਸਿੱਖਿਆ 'ਚ
ਕੋਈ ਕਮੀ ਰਹਿ ਗਈ ਸੀ । ਪਰ ਸੱਚ ਤਾਂ ਇਹ ਹੈ ਕਿ ਉਸਦਾ ਪੁੱਤਰ ਨਾ ਤਾਂ ਗੁਰਮੁੱਖ ਰਿਹਾ 'ਤੇ ਨਾ ਹੀ ਸਿੱਖ ।
ਅੱਜ ਦੇ ਮਸ਼ੀਨੀ ਯੁੱਗ ਵਿੱਚ ਉਸਦਾ ਸਿੱਖੀ
ਸਰੂਪ ਵਾਲਾ ਪੁੱਤਰ ਕਿਤੇ ਗਵਾਚ ਗਿਆ ਸੀ ।