Wednesday, 16 May 2018

Sikhi Saroop - Punjabi minni kahania - 1


ਸਿੱਖੀ ਸਰੂਪ – ਮਿੰਨੀ ਕਹਾਣੀ ੧

ਉਜਾਗਰ ਸਿੰਘ ਨੇ ਅਜੇ ਚਾਹ ਪੀਤੀ ਹੀ ਸੀ ਕਿ ਉਸਦੀ ਪਤਨੀ ਨੇ ਓਤੋਂ ਗਲਾਸ ਫੜ੍ਹਦੇ ਹੋਏ ਪੁੱਛਿਆ । 'ਵੇ ਗੁਰਮੁੱਖ ਦੇ ਬਾਪੂ, ਪੁੱਤਾਂ ਨਾਲ ਕਾਹਦੀ ਨਰਾਜ਼ਗੀ । ਨਿਆਣਾ ਆ, ਬੱਚਾ ਸਮਝ ਕੇ ਮਾਫ਼ ਕਰਦੇ ।'
ਦਿਆਲ ਕੌਰ ਸ਼ੁਰੂ ਤੋਂ ਹੀ ਆਪਣੇ ਪੁੱਤ ਲਈ ਅਰਦਾਸਾਂ ਕਰਦੀ ਆਈ ਸੀ । ਓਂਦੇ ਪੇਪਰਾਂ ਤੋਂ ਲੈ ਕੇ ਕੋਈ ਚੀਜ਼ ਲੈਣ ਲਈ ਉਜਾਗਰ ਨਾਲ ਲੜ੍ਹਨ ਤੱਕ, ਹਮੇਸ਼ਾ ਹੀ ਆਪਣੇ ਪੁੱਤ ਲਈ ਅਸੀਸਾਂ ਮੰਗੀਆਂ ਹਨ । ਮੰਗੇ ਵੀ ਕਿਉਂ ਨਾ, ਔਲਾਦ ਵੀ ਤਾਂ ਅਰਦਾਸਾਂ ਕਰਕੇ ਲਈ ਸੀ ।
ਉਜਾਗਰ ਨੂੰ ਅਜੇ ਵੀ ਯਾਦ ਹੈ ਓਹ ਦਿਨ । ਸਵੇਰੇ ਅੰਮ੍ਰਿਤ ਵੇਲੇ ਉਠ ਕੇ, ਇਸ਼ਨਾਨ ਕਰਕੇ, ਫਿਰ ਓਹ ਅਪਣਾ ਨਿਤਨੇਮ ਕਰਦਾ ਸੀ । ਜਦ ਭਾਈ ਜੀ ਸਵੇਰੇ 'ਆਸਾ ਕੀ ਵਾਰ' ਦਾ ਪਾਠ ਕਰਦਾ, ਉਹ ਪੂਰਾ ਪਾਠ ਗੁਰਦੁਆਰਾ ਸਾਹਿਬ ਸੁਣ ਕੇ ਆਨੰਦ ਮਾਣਦਾ । ਫਿਰ ਲੰਗਰ ਦੀ ਸੇਵਾ ਕਰਦਾ । ਵਿਆਹ ਹੋਏ ਨੂੰ ਚਾਰ ਸਾਲ ਗੁਜ਼ਰ ਗਏ ਸਨ ਤੇ ਔਲਾਦ ਕੋਈ ਨਹੀਂ ਸੀ । ਉਜਾਗਰ ਸਿੰਘ ਦੀ ਮਾਤਾ, ਗੁਰਮੇਲ ਕੌਰ, ਸ਼ੁਰੂ ਤੋਂ ਹੀ ਉਜਾਗਰ ਨੂੰ ਸਮਝਾਂਦੀ ਆਈ ਸੀ ਕਿ ਪਰਮਾਤਮਾ ਨੇ ਜਿੰਨਾ ਦਿੱਤਾ ਉਹਨੇ 'ਚ ਸਬਰ ਕਰਨਾ ਸਿਖ । ਪਰ ਦਿਆਲ ਕੌਰ ਦੀ ਔਲਾਦ ਦੀ ਪ੍ਰਾਪਤੀ ਨੇ ਉਜਾਗਰ ਨੂੰ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਨ ਲਈ ਮਜ਼ਬੂਰ ਕਰ ਦਿੱਤਾ ।
ਖ਼ੈਰ ਪੰਜ ਸਾਲ ਬਾਅਦ ਗੁਰਮੁੱਖ ਸਿੰਘ ਦਾ ਜਨਮ ਹੋਇਆ । ਜਦ ਦਾਈ ਨੇ ਖ਼ਬਰ ਸੁਣਾਈ ਔਲਾਦ ਦੀ ਤਾਂ ਉਜਾਗਰ ਸਿੰਘ ਭੱਜ ਕੇ ਗੁਰਦੁਆਰਾ ਸਾਹਿਬ ਗਿਆ ਪ੍ਰਮਾਤਮਾ ਦਾ ਸ਼ੁਕਰ ਕਰਨ । ਉਸਨੇ ਇਹ ਵੀ ਨਹੀਂ ਸੁਣਿਆ ਸੀ ਕਿ ਬੱਚਾ ਲੜਕਾ ਹੈ ਯਾ ਲੜਕੀ । ਸਿੱਖੀ ਵਿੱਚ ਓਹ ਏਨਾ ਕੁ ਪਰਪੱਕ ਹੋ ਚੁੱਕਾ ਸੀ ਕਿ ਉਸਨੂੰ ਇਸਦੀ ਕੋਈ ਚਿੰਤਾ ਹੀ ਨਹੀਂ ਸੀ । ਉਜਾਗਰ ਦੀ ਮਾਤਾ ਨੇ ਗੁਰ-ਇਤਿਹਾਸ ਏਨਾ ਕੁ ਸਿਖਾ ਦਿੱਤਾ ਸੀ ਕਿ ਦੁਨਿਆਵੀ ਲੋਕਾਂ ਬਾਰੇ ਓਹ ਘੱਟ ਹੀ ਸੋਚਦਾ ਸੀ ।
ਮਨ ਭਰਦੇ ਹੋਏ, ਉਜਾਗਰ ਨੇ ਦਿਆਲ ਕੌਰ ਨੂੰ ਕਿਹਾ, 'ਬੜੇ ਚਾਹਵਾਂ ਨਾਲ ਪਾਲਿਆ ਸੀ ਮੈਂ ਇਸਨੂੰ । ਵਾਹਿਗੁਰੂ ਅੱਗੇ ਅਰਦਾਸਾਂ ਕੀਤੀਆਂ । ਕਦੇ ਇਹ ਨੀ ਕਿਹਾ ਲੜਕਾ ਚਾਹੀਐ । ਹਮੇਸ਼ਾ ਇੱਕ ਗੁਰਸਿੱਖ ਦੀ ਹੀ ਅਰਦਾਸ ਕੀਤੀ ਸੀ । ਕੁੱਛ ਪਿਛਲੇ ਕਰਮ ਰਹਿ ਗਏ ਹੋਣਗੇ ਜੋ ਇਹ ਦਿਨ ਦੇਖਣਾ ਪਿਆ ।'
ਦਿਆਲ ਕੌਰ ਨੇ ਆਪਣੇ ਪਤੀ ਵੱਲ ਮੂੰਹ ਕਰਕੇ ਦੇਖਿਆ । ਨਿਰਾਸ਼ ਤਾਂ ਉਹ ਵੀ ਬਹੁਤ ਸੀ ਪਰ ਉਜਾਗਰ ਸਾਹਮਣੇ ਦਰਸਾਉਣਾ ਨਹੀਂ ਚਾਹੁੰਦੀ ਸੀ । ਇੱਕ ਨਿਰਾਸ਼ਾ ਦਾ ਘੁੱਟ ਭਰਦੇ ਹੋਏ ਕਿਹਾ, 'ਇਹ ਪ੍ਰਮਾਤਮਾ ਦੀ ਹੀ ਇੱਕ ਖੇਡ ਹੈ । ਪ੍ਰਮਾਤਮਾ ਨੇ ਜੋ ਦਿੱਤਾ ਸੀ, ਅੱਗੇ ਦੇਣ ਦੀ ਕੋਸ਼ਿਸ਼ ਕੀਤੀ ਸੀ । ਪਰ ਉਸਨੂੰ ਹੋਰ ਕੁਝ ਮਨਜ਼ੂਰ ਸੀ ।'
ਉਜਾਗਰ ਨੇ ਸਿਰ ਹਿਲਾਉਂਦੇ ਹੋਏ ਕਿਹਾ, 'ਆਪਣਾ ਹੀ ਕਸੂਰ ਹੈ, ਦਿਆਲ ਕੁਰੇ । ਆਪਣੀ ਵੰਸ਼ ਨੂੰ ਸਹੀ ਸਿੱਖਿਆ ਨਹੀਂ ਦੇ ਪਾਏ । ਉਹ ਖੁਸ਼ੀ ਨਹੀਂ ਮਿਲ ਸਕੀ ਜਿਸਦੀ ਆਸ ਕੀਤੀ ਸੀ ।'
ਦਿਆਲ ਕੌਰ ਮਨ ਭਾਰੀ ਕਰਦੀ ਹੋਈ ਗਲਾਸ ਲੈ ਕੇ ਰਸੋਈ 'ਚ ਚਲੀ ਗਈ ।
ਗੁਰਮੁੱਖ ਕਮਰੇ ਵਿਚੋਂ ਬਾਹਰ ਆਉਂਦੇ ਹੋਏ ਬੋਲਿਆ, 'ਬੇਬੇ ਕਾਲਜ ਜਾ ਰਿਹਾ ਵਾ ।'
ਦਿਆਲ ਕੌਰ ਨੇ ਪਿਆਰ ਨਾਲ ਕਿਹਾ, 'ਪੁੱਤ ਰੋਟੀ ਖਾਂਦਾ ਜਾਈ ।'
'ਕੰਟੀਨ 'ਚ ਖਾਲੂੰਗਾ । ਚੰਗਾ ਬਾਪੂ, ਮੈਂ ਚੱਲਦਾ ਵਾ ।'
ਉਜਾਗਰ ਦੀਆਂ ਅੱਖਾਂ ਵਿੱਚ ਹੰਝੂ ਵਗ ਤੁਰੇ ।
ਗੁਰਮੁੱਖ ਆਪਣਾ ਫਟਫਟੀਆ ਲੈ ਕੇ ਚਲਾ ਗਿਆ ਵਾਲਾ 'ਚ ਹੱਥ ਮਾਰਦਾ ।
ਉਜਾਗਰ ਧਾਹਾਂ ਮਾਰ ਕੇ ਰੋਣ ਲੱਗਾ ।
ਆਪਣੇ ਪੁੱਤ ਦੇ ਕੱਟੇ ਹੋਏ ਕੇਸ ਦੇਖ ਕੇ ਉਸਨੂੰ ਬਹੁਤ ਸ਼ਰਮਿੰਦਗੀ ਹੋਈ । ਬੜੇ ਹੀ ਚਾਹਵਾਂ ਨਾਲ ਉਸਨੇ ਆਪਣੇ ਪੁੱਤਰ ਨੂੰ ਭਾਈ ਮਨੀ ਸਿੰਘ, ਬਾਬਾ ਦੀਪ ਸਿੰਘ ਵਰਗੇ ਸ਼ਹੀਦਾਂ ਦੀਆਂ ਸਾਖੀਆਂ ਸੁਣਾਈਆਂ ਸਨ । ਸੋਚਿਆ ਸੀ ਉਸਦਾ ਪੁੱਤਰ ਵਾਕਈ ਹੀ 'ਗੁਰਮੁੱਖ ਸਿੰਘ' ਹੋਵੇਗਾ । ਪਰ ਆਪਣੇ ਕੇਸ ਕਟਾਉਣ ਤੋਂ ਬਾਅਦ ਉਸਨੇ ਆਪਣਾ ਨਾਮ ਵੀ ਗੁਰਮੁੱਖ ਸਿੰਘ ਤੋਂ ਗੁਰੀ ਰੱਖ ਲਿਆ ਸੀ । ਸ਼ਾਇਦ ਇਹ ਸਮੇਂ ਦਾ ਹੇਰ-ਫੇਰ ਸੀ ਜਾਂ ਉਸਦੀ ਸਿੱਖਿਆ 'ਚ ਕੋਈ ਕਮੀ ਰਹਿ ਗਈ ਸੀ । ਪਰ ਸੱਚ ਤਾਂ ਇਹ ਹੈ ਕਿ ਉਸਦਾ ਪੁੱਤਰ ਨਾ ਤਾਂ ਗੁਰਮੁੱਖ ਰਿਹਾ 'ਤੇ ਨਾ ਹੀ ਸਿੱਖ ।
ਅੱਜ ਦੇ ਮਸ਼ੀਨੀ ਯੁੱਗ ਵਿੱਚ ਉਸਦਾ ਸਿੱਖੀ ਸਰੂਪ ਵਾਲਾ ਪੁੱਤਰ ਕਿਤੇ ਗਵਾਚ ਗਿਆ ਸੀ ।

No comments:

Post a Comment

Please note there are couple of articles on different topics on this blog. There are very good chances that what you're going to bring in the comment section has already been discussed. And your comment will not be published if it has the same arguments/thoughts.

Kindly read this page for more information: https://sikhsandsikhi.blogspot.com/p/read-me.html

Or read the footer of any article: 'A request to the readers!'