Thursday, 26 July 2018

Kaala Afghana - Part I

ਕਾਲੇ ਅਫ਼ਗ਼ਾਨੇ ਦੇ ਕਾਲੇ ਲੇਖ – ਭਾਗ ੧

੧.

ਸਿੱਖ ਇਤਿਹਾਸ ਵਿੱਚ ਬਹੁਤ ਸਾਰੇ ਹਨ੍ਹੇਰ ਚੱਲੇ ਤੇ ਗੁਰੂ ਦੇ ਸਿੰਘਾਂ ਨੇ ਡੱਟ ਕੇ ਮੁਕਾਬਲਾ ਕੀਤਾ । ਚਾਹੇ ਓਹ ਸਿਰ ਦੇਣ ਦੀ ਗਲ ਹੋਵੇ ਜਾਂ ਸਿਰ ਲੈਣ ਦੀ । ਆਪਣਾ ਇਤਿਹਾਸ ਸ਼ਹੀਦੀਆਂ ਨਾਲ ਭਰਿਆ ਪਿਆ ਹੈ । ਹਰ ਇਕ ਪੰਨਾ ਚੀਕਾਂ ਮਾਰਦਾ ਹੋਇਆ ਦੱਸੇਗਾ ਕਿ ਕਿੰਨੇ ਸਿਰ ਲੱਥ ਕੇ ਦਸਤਾਰਾਂ ਮਿਲੀਆਂ ਨੇ । ਸਿੰਘਾਂ ਨੇ ਜੰਗਲਾਂ ਵਿੱਚ ਰਹਿ ਕੇ ਵੀ ਆਪਣਾ ਧਰਮ ਨੀ ਛੱਡਿਆ । ਮੌਤ ਦਰਵਾਜ਼ੇ ਤੇ ਖੜ੍ਹੀ ਸੀ ਤੇ ਸਿੰਘ ਬਾਹਵਾਂ ਖਲ੍ਹਾਰ ਕੇ ਇੰਤਜ਼ਾਰ ਕਰ ਰਹੇ ਸਨ ।
ਪਰ ਅੱਜ ਸਮਾਂ ਕੁੱਝ ਹੋਰ ਹੈ ।
ਸਿੱਖ ਕੁੱਝ ਹੋਰ ਨੇ ।
ਪਹਿਲਾਂ ਪਹਿਲ ਤਾਂ ਦੁਸ਼ਮਣ ਦੇਖਣਾ ਵੀ ਸੌਖਾ ਸੀ । ਹੁਣ ਤਾਂ ਆਪਣੇ ਹੀ ਦੁਸ਼ਮਣ ਬਣ ਕੇ ਬਹਿ ਗਏ ਨੇ । ਭਾਈ ਪਿੰਦਰਪਾਲ ਸਿੰਘ ਜੀ ਹੋਣਾ ਨੇ ਇੱਕ ਵਾਰੀ ਕਥਾ ਕਰਦੇ ਕਿਹਾ ਸੀ ਕਿ ਦਰਖ਼ਤ ਨੂੰ ਸਭ ਤੋਂ ਜ਼ਿਆਦਾ ਦੁੱਖ ਓਦੋਂ ਲੱਗਿਆ ਜਦ ਆਪਣੇ ਹੀ ਟਾਹਣੇ ਦਾ ਬਣਿਆ ਮੁੱਠਾ ਆ ਕੇ ਉਸਨੂੰ ਕੱਟਣ ਲੱਗਿਆ । ਓਸੇ ਤਰ੍ਹਾਂ ਹੀ ਸਿੰਘਾਂ ਨੇ ਕਸ਼ਟ ਸਹਾਰ ਕੇ ਇਤਿਹਾਸ ਬਣਾਇਆ ਤੇ ਅੱਜ ਸਿੱਖ ਹੀ ਖ਼ਤਮ ਕਰ ਰਹੇ ਹਨ । ਚਾਹੇ ਓਹ ਗੁਰਬਾਣੀ ਦੀ ਗੱਲ ਹੋਵੇ ਜਾਂ ਇਤਿਹਾਸ ਦੀ, ਸਾਰੀਆਂ ਗੱਲਾਂ ਹੀ ਕੱਟੀਆਂ ਜਾ ਰਹੀਆਂ ਹਨ ।
ਪਿੱਛਲੇ ਸੌ ਕੁ ਸਾਲਾ 'ਚ ਬਹੁਤ ਵਿਦਵਾਨ ਪੈਦਾ ਹੋਏ ਸਿਖਾਂ 'ਚ । ਓਹਨਾਂ ਚ ਭੇਖਾਧਾਰੀ ਵੀ ਸਨ ਜਿਨ੍ਹਾਂ ਨੇ ਆਪਣੇ ਆਪ ਨੂੰ ਇਤਿਹਾਸਕਾਰ ਤਾਂ ਮੰਨ ਹੀ ਲਿਆ ਸੀ ਤੇ ਨਾਲ ਹੀ ਨਾਲ ਇਹ ਵੀ ਸਮਝ ਬੈਠੇ ਸਨ ਕਿ ਸਿੱਖਾਂ ਦੀ ਵਾਗਡੋਰ ਹੁਣ ਸਾਡੇ ਹੱਥ 'ਚ ਆ ਗਈ ਹੈ । ਜਿੱਦਾਂ ਅਸੀਂ ਚਾਹਾਂਗੇ ਉਸ ਤਰ੍ਹਾਂ ਹੀ ਕੀਤਾ ਜਾਵੇਗਾ । ਪਰ ਉਹਨਾਂ ਨੂੰ ਕੀ ਪਤਾ ਸੀ ਕਿ ਇੱਕ ਇਸ ਤਰ੍ਹਾਂ ਦਾ ਵਾਵਰੋਲਾ ਬਣ ਰਿਹਾ ਹੈ ਜੋ ਉਹਨਾਂ ਦੀਆਂ ਹੀ ਜੜ੍ਹਾਂ ਪੁੱਟ ਦੇਵੇਗਾ ।
ਵਿਦਵਾਨਾਂ ਅਤੇ ਸਿੰਘਾਂ ਨੇ ਇੱਕ ਅਲੱਗ ਹੀ ਦ੍ਰਿਸ਼ ਦਿਖਾ ਕੇ ਸਾਬਿਤ ਕੀਤਾ ਕਿ ਜੇ ਅੱਜ ਮੁਗ਼ਲਾਂ ਨੇ ਸਿੱਖਾਂ ਦਾ ਰੂਪ ਧਾਰ ਲਿਆ ਹੈ ਤਾਂ ਸਿੱਖਾਂ ਨੇ ਵੀ ਕਲਮਾਂ ਚੱਕ ਕੇ ਭਾਜੀ ਮੋੜੀ ਹੈ । ਬਹੁਤ ਸਾਰੀਆਂ ਕਿਤਾਬਾਂ ਪਹਿਲਾ ਹੀ ਲਿਖੀਆਂ ਜਾ ਚੁਕੀਆਂ ਹਨ ਇਸ ਵਿਸ਼ੇ ਤੇ । ਪਰ ਫਿਰ ਵੀ ਤਮੰਨਾ ਸੀ ਦਿਲ 'ਚ ਕਿ ਜਿਹੜੀਆਂ ਕਿਤਾਬਾਂ ਜਾਂ ਲੇਖ ਸਿੱਖੀ ਖਿਲਾਫ਼ ਲਿਖੇ ਜਾ ਚੁੱਕੇ ਹਨ ਉਹਨਾਂ ਨੂੰ ਇਕ ਜਗ੍ਹਾ ਤੇ ਰੱਖਿਆ ਜਾਵੇ ।
ਦਸਮ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਬਹੁਤ ਲੋਕਾਂ ਨੇ ਭਰਮ ਭੁਲੇਖੇ ਪਾ ਰੱਖੇ ਹਨ । ਕੁੱਝ ਤਾਂ ਓਹ ਲੋਕ ਹਨ ਜਿਨ੍ਹਾਂ ਨੇ ਠੇਕਾ ਲਿੱਤਾ ਹੋਇਆ ਵਾ ਸਰਕਾਰਾਂ ਤੋਂ ਸਿਖਾਂ ਦੇ ਖਿਲਾਫ਼ ਲਿਖਣ ਦਾ, ਤੇ ਕੁੱਝ ਓਹ ਨੇ ਜਿਹੜੇ ਭੁੱਲ ਭੁਲੇਖੇ ਇਹਨਾਂ ਲੋਕਾਂ ਮਗਰ ਲੱਗ ਕੇ ਆਪਣਾ ਵਿਰਸਾ, ਮਰਿਆਦਾ, ਗੁਰਬਾਣੀ ਅਤੇ ਇਤਿਹਾਸ ਨੂੰ ਹੀ ਨਕਾਰ ਰਹੇ ਹਨ । ਜਿਸ ਚੀਜ਼ ਤੇ ਸਾਨੂੰ ਮਾਣ ਹੋਣਾ ਚਾਹੀਦਾ ਸੀ ਉਸਨੂੰ ਅਸੀਂ ਭੰਡਣ ਲੱਗ ਗਏ ਹਾਂ । ਇਹ ਵੀ ਖ਼ਤਮ ਹੋ ਜਾਊਗਾ ਸਿਲਸਿਲਾ । ਸਿੱਖ ਹੋਣਗੇ ਇਕ ਝੰਡੇ ਥੱਲੇ ਇਕੱਠੇ । ਜਿਥੇ ਨਿੰਦਕਾਂ ਲਈ ਕੋਈ ਵੀ ਜਗ੍ਹਾ ਨਹੀਂ ਹੋਵੇਗੀ ।
ਇੱਕ ਕੋਝੀ ਸ਼ਰਾਰਤ ਦੇ ਅਧੀਨ ਕਾਲੇ ਅਫ਼ਗ਼ਾਨੇ ਨੇ ਕਲਮ ਚੁੱਕ ਕੇ ਗੁਰਬਾਣੀ ਬਾਰੇ ਬਹੁਤ ਕੁੱਝ ਲਿਖਿਆ । ਗੱਲ ਓਨੇ ਸ਼ੁਰੂ ਕੀਤੀ ਸੀ ਬ੍ਰਾਹਮਣਵਾਦ ਤੋਂ ਤੇ ਫਿਰ ਹੌਲੀ-ਹੌਲੀ ਇਹੋ ਜਿਹਾ ਜ਼ਹਿਰ ਘੋਲਿਆ ਕਿ ਕੁਝ ਸਿੱਖਾਂ ਨੂੰ ਓਹਦੀਆਂ ਗੱਲਾ ਸਹੀ ਲੱਗਣ ਲੱਗੀਆਂ । ਇਹ ਓਹੀ ਲੋਕ ਸਨ ਜਿਨ੍ਹਾਂ ਨੂੰ ਗੁਰਬਾਣੀ ਬਾਰੇ ਬਹੁਤ ਘੱਟ ਗਿਆਨ ਸੀ । ਕਿਸੇ ਨੇ ਸ਼ਾਇਦ ਕਦੇ ਜਪੁ ਜੀ ਸਾਹਿਬ ਦਾ ਪਾਠ ਵੀ ਸ਼ੁੱਧ ਨਾ ਕੀਤਾ ਹੋਵੇ । ਅੱਜ ਵੀ ਬਹੁਤੇ ਓਹ ਨੇ ਜਿਨ੍ਹਾਂ ਨੇ ਕੋਈ ਵੀ ਗ੍ਰੰਥ ਨਹੀਂ ਪੜ੍ਹਿਆ ਤੇ ਨਾ ਕਦੇ ਅਧਿਐਨ ਕੀਤਾ ਹੈ, ਕਲਮ ਚੁੱਕ ਕੇ ਸਿਖਾਂ ਨੂੰ ਦੋ-ਫਾੜ ਕਰਨ ਲਈ ਸਭ ਤੋਂ ਮੂਹਰੇ ।
ਜਦ ਕਾਲੇ ਨੇ ਗੱਲ ਦਸਮ ਗੁਰੂ ਗ੍ਰੰਥ ਸਾਹਿਬ ਦੀ ਕੀਤੀ ਤਾਂ ਓਨੇ ਆਪਣੀ ਬਹੁਤ ਹੀ ਘੱਟ ਬੁੱਧੀ ਦਾ ਗਿਆਨ ਦਿੰਦੇ ਹੋਏ ਸਭ ਗੱਲਾਂ ਨਕਾਰ ਦਿੱਤੀਆਂ । ਪੈਸੇ ਦਾ ਐਸਾ ਨਸ਼ਾ ਚੜ੍ਹਿਆ ਕਿ ਸਿੱਖੀ ਬਾਰੇ ਭੁੱਲ ਹੀ ਗਿਆ । ਪਰਮਾਤਮਾ ਕਿਰਪਾ ਕਰੇ ਸਿੱਖ ਪੰਥ ਉੱਪਰ ਤਾਂ ਕਿ ਇਹਨਾਂ ਗ਼ਦਾਰਾਂ ਦਾ ਕੋਈ ਵੀ ਪ੍ਰਭਾਵ ਨਾ ਪਵੇ ਆਉਣ ਵਾਲੀ ਪੀੜ੍ਹੀ 'ਤੇ ।
ਆਉ ਆਪਾ ਹੁਣ ਕਾਲੇ ਅਫ਼ਗ਼ਾਨੇ ਵੱਲੋਂ ਲਿਖੇ ਕੁਫ਼ਰ ਦਾ ਨਿਰਣਾ ਕਰੀਏ ।

ਆਰੰਭਕ ਬੇਨਤੀ: ਪਹਿਲੇ ਭਾਗ ਦੇ ਸ਼ੁਰੂਆਤ ਵਿੱਚ ਲਿਖੇ ਇਸ ਭਾਗ ਬਾਰੇ ਥੋੜ੍ਹੀ ਜਿਹੀ ਵਿਚਾਰ ਕਰਨੀ ਬਣਦੀ ਹੈ । ਕਾਲੇ ਦਾ ਇਹ ਕਹਿਣਾ ਕਿ ਖਾਲਸਾ ਪੰਥ ਓਹ ਨਹੀਂ ਰਿਹਾ ਜਿਹੜਾ ੧੭੦੮ 'ਚ ਸੀ ਇਹ ਦਰਸਾਉਂਦਾ ਹੈ ਕਿ ਪੰਥ ਵਿਚ ਆਈ ਗਿਰਾਵਟ ਦੀ ਉਸਨੂੰ ਸੋਝੀ ਹੈ । ਪਰ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ ਹੈ । ਇਸਦੇ ਪਿੱਛੇ ਲੱਗ ਕੇ ਬਹੁਤ ਲੋਕ ਨਾਸਤਿਕਤਾ ਦੀ ਤਰਫ਼ ਜਾ ਰਹੇ ਹਨ । ਕਾਲੇ ਤੋਂ ਬਾਅਦ, ਦਰਸ਼ੂ, ਧੂੰਦਾ, ਜਿਉਣਵਾਲਾ, ਦਿਲਗੀਰ, ਬਲਜੀਤ ਦਿੱਲੀ, ਢੱਡਰੀ, ਅਤੇ ਅਨੇਕਾਂ ਹੋਰ ਹਨ ਜਿਨ੍ਹਾਂ ਨੇ ਪੰਥ ਨੂੰ ਇਕ ਅਲੱਗ ਦਿਸ਼ਾ ਵਿਚ ਲਿਜਾਣ ਦੀ ਕੋਸ਼ਿਸ਼ ਕੀਤੀ । ਪਰ ਪਰਮਾਤਮਾ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ ।
ਸਤਿਗੁਰੂ ਨੇ ਇਸ ਨਿਆਰੇ ਪੰਥ 'ਤੇ ਆਪਣਾ ਹੱਥ ਧਰ ਕੇ ਆਪ ਹੀ ਬਚਾ ਲਿਆ । ਸ਼ੁਕਰ ਕਰਦਾ ਹਾਂ ਮੈਂ ਉਹਨਾਂ ਦਾ ਜਿਨ੍ਹਾਂ ਨੇ ਇਹਨਾਂ ਪੰਥ ਵਿਰੋਧੀਆਂ ਦੀ ਅਸਲੀਅਤ ਸਾਹਮਣੇ ਲਿਆਂਦੀ । ਨਾ ਹੀ ਗੁਰਸਿੱਖਾਂ ਨੇ ਇਹਨਾਂ ਨੂੰ ਜਵਾਬ ਦਿੱਤੇ ਸਗੋਂ ਇਹ ਵੀ ਦੱਸਿਆ ਕਿ ਗਿਆਨ ਹੁੰਦਾ ਕੀ ਹੈ; ਉਹ ਕਿਹੜੀਆਂ ਚੀਜ਼ਾਂ ਹਨ ਜਿਨ੍ਹਾਂ ਦੇ ਆਧਾਰ ਤੇ ਕੁੱਝ ਵੀ ਸਾਬਿਤ ਕੀਤਾ ਜਾ ਸਕਦਾ ਹੈ; ਆਪਣੇ ਇਤਿਹਾਸ, ਮਰਿਆਦਾ ਅਤੇ ਗੁਰਬਾਣੀ ਨੂੰ ਕਿਹੜੀਆਂ ਕੋਝੀਆਂ ਸ਼ਕਤੀਆਂ ਦੇ ਅਧੀਨ ਖਤਮ ਕੀਤਾ ਜਾ ਰਿਹਾ ਹੈ।

ਜਬ ਲਗ ਖਾਲਸਾ ਰਹੇ ਨਿਆਰਾ । ਤਬ ਲਗ ਤੇਜ ਦੀਆ ਮੈਂ ਸਾਰਾ ।
ਜਬ ਇਹ ਗਹੇ ਬਿਪ੍ਰਨ ਕੀ ਰੀਤ । ਮੈਂ ਨਾ ਕਰੂੰ ਇਨਕੀ ਪਰਤੀਤ ।

ਉਪਰਲੀਆਂ ਦਿੱਤੀਆਂ ਪੰਕਤੀਆਂ ਹੂਬਹੂ ਕਾਲੇ ਦੀ ਲਿਖਤ ਦੀ ਨਕਲ ਹਨ । ਇਥੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਉਪਰੋਕਤ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀਂ ਹਨ । ਉਹ ਵੀਰ ਜਿਹੜੇ ਕਾਲੇ ਦੇ ਦੱਸੇ ਮਾਰਗ ਤੇ ਚੱਲਦੇ ਹਨ ਕੀ ਦੱਸ ਸਕਦੇ ਹਨ ਕਿ ਇਹ ਗੁਰਬਾਣੀ ਕਿਵੇਂ ਹੋਈ ? ਇਹਨਾਂ ਨਵੇ ਬਣੇ ਵਿਦਵਾਨਾਂ ਅਨੁਸਾਰ ਕੋਈ ਵੀ ਪੰਕਤੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਾਹਰ ਗੁਰਬਾਣੀ ਨਹੀਂ । ਇਹਨਾਂ ਭੱਦਰ ਪੁਰਸ਼ਾਂ ਨੂੰ ਪੁੱਛਿਆ ਜਾਵੇ ਕਿ ਫੇਰ ਇਹ ਕਿੱਥੋਂ ਆਈਆਂ ।
ਕਾਲੇ ਨੇ ੧੦ ਤੋਂ ਉਪਰ ਕਿਤਾਬਾਂ ਲਿਖੀਆਂ ਪਰ ਇਹ ਨੀ ਦੱਸ ਸਕਿਆਂ ਕਿ 'ਬਿਪ੍ਰਨ' ਸ਼ਬਦ ਕਿਥੋਂ ਆਇਆ । ਇਹਦੀ ਹੀ ਪੂਛ ਫੜਦੇ ਹੋਏ ਜਿਉਣਵਾਲੇ ਨੇ ਵੀ ਬਹੁਤ ਵਾਰ ਇਹ ਪੰਕਤੀਆਂ ਦੁਹਰਾਈਆਂ ਹਨ । ਮੂਰਖ ਨੂੰ ਇਹ ਵੀ ਨੀ ਪਤਾ ਕਿ ਇਹ ਗੁਰੂ ਗ੍ਰੰਥ ਸਾਹਿਬ 'ਚ ਹੈ ਵੀ ਜਾ ਨਹੀਂ ।
ਕਾਲੇ ਮੁਤਾਬਕ ਉਸਦੀ ਖੋਜ ੧੯੮੫ ਈਸਵੀ 'ਚ ਸ਼ੁਰੂ ਹੋਈ ਤੇ ਸਤਿਗੁਰਾ ਦੀ ਮਿਹਰ ਸਦਕਾ ਉਸਨੇ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਸਿਧਾਂਤਾਂ ਨੂੰ ਚੰਗੀ ਤਰ੍ਹਾਂ ਸਮਝ ਲਿਆ । ਇਥੇ ਸਿੱਖਾਂ ਨੂੰ ਗੁਰਬਾਣੀ ਦੇ ਸਿਧਾਂਤ ਸਮਝਣ ਲੱਗੇ ਕਈ ਸਦੀਆਂ ਬੀਤ ਜਾਂਦੀਆਂ ਹਨ, ਅਤੇ ਕਦੇ-ਕਦੇ ਕਈ ਜਨਮ । ਪਰ ਕਾਲੇ ਨੂੰ ਸਿਧਾਂਤ ਬਹੁਤ ਜਲਦੀ ਸਮਝ ਲੱਗ ਗਏ ? ਜੇਕਰ ਥੋੜ੍ਹਾ ਜਿਹਾ ਸਮਝ ਨਾਲ ਵਿਚਾਰਿਆ ਹੁੰਦਾ ਗੁਰਬਾਣੀ ਨੂੰ ਤਾਂ ਅੱਜ ਇਹ ਹਾਲ ਨਾ ਹੁੰਦਾ ਕਾਲੇ ਦਾ ।
ਕਾਲੇ ਨੂੰ ਇਹ ਲੱਗਿਆ ਸੀ ਕਿ ਜੇ ਕੋਈ ਵਿਦਵਾਨ ਇਸਨੂੰ ਉੱਤਰ ਦੇ ਦੇਵੇਗਾ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ । ਜੇ ਕਿਸੇ ਨੂੰ ਲਿਖੀ ਚਿੱਠੀ ਦਾ ਉੱਤਰ ਨਹੀਂ ਆਇਆ ਤਾਂ ਇਸਦਾ ਮਤਲਬ ਕਿ ਉਹ ਸਹੀ ਹੈ ਤੇ ਜਿੱਤ ਗਿਆ ਹੈ । ਕਿੰਨੀ ਮੂਰਖ਼ਤਾ ਭਰੇ ਵਿਚਾਰ ਨੇ । ਇਹ ਤਾਂ ਓਹ ਗੱਲ ਹੋਈ ਕਿ ਕੋਈ ਇਨਸਾਨ ਕਹਿੰਦਾ ਕਿ ਮੈਂ ਰੱਬ ਮਾਰਨ ਚੱਲਾਂ, ਇਕ ਜਗ੍ਹਾ ਖਲੋ ਕੇ ਆਕਾਸ਼ ਵੱਲ ਤੀਰ ਮਾਰਿਆ, ਪਰ ਕੋਈ ਵੀ ਜਵਾਬ ਨਾ ਆਇਆ, ਤੇ ਸਮਝ ਗਿਆ ਕਿ ਰੱਬ ਮਰ ਗਿਆ ।
ਸ਼ੁਕਰ ਹੈ ਕਿ ਇਹਨਾਂ ਮੂਰਖਾਂ ਨੂੰ ਨੱਥ ਪਈ ਨਹੀਂ ਤਾਂ ਇਹਨਾਂ ਨੇ ਆਪਣੀ ਮੂਰਖਤਾ ਸਾਰੀ ਜਗ੍ਹਾ ਮਸ਼ਹੂਰ ਕਰ ਦੇਣੀ ਸੀ ।
ਅੱਗੇ ਲਿਖਦੇ ਹੋਏ ਕਾਲੇ ਨੇ ਇਥੋਂ ਤੱਕ ਲਿਖ ਦਿੱਤਾ ਕਿ ਦਸਮ ਗੁਰੂ ਗ੍ਰੰਥ ਸਾਹਿਬ ਜੀ ਨੂੰ ਓਹੀ ਗੁਰੂ ਦੀ ਕ੍ਰਿਤ ਮੰਨੇਗਾ ਜਿਸਦੀ ਆਤਮਾ ਅੰਦਰੋਂ ਮਰ ਚੁੱਕੀ ਹੈ ਤੇ ਓਹ ਹਿੰਦੂ ਬਣ ਗਿਆ ਹੈ । ਕਮਾਲ ਦੀ ਗੱਲ ਇਹ ਹੈ ਕਿ ਜੇ ਕਿਸੇ ਨਾਲ ਆਪਣੀ ਸਹਿਮਤੀ ਨਹੀਂ ਬਣਦੀ ਉਸਨੂੰ ਹਿੰਦੂ ਕਹਿ ਦੇਣਾ ਕਿੰਨੀ ਵੱਡੀ ਬੇਵਕੂਫੀ ਤੇ ਮੂਰਖ਼ਤਾ ਹੋਵੇਗੀ । ਅਜੋਕੇ ਸਮੇਂ ਵਿੱਚ ਅਸੀਂ ਆਪਣੇ ਆਪ ਨੂੰ ਹੀ ਸਮਝਦਾਰ ਸਮਝ ਕੇ ਖਾਲਸਾ ਪੰਥ ਨੂੰ ਹੀ ਗ਼ਲਤ ਸਾਬਤ ਕਰ ਰਹੇ ਹਾਂ । ਸਾਡੇ ਵਿੱਚ ਹਉਮੈ ਏਨੀ ਜ਼ਿਆਦਾ ਭਰ ਚੁੱਕੀ ਹੈ ਕਿ ਸਾਡੇ ਲਈ ਸਹੀ ਤੇ ਗ਼ਲਤ ਸਮਝਣਾ ਮੁਸ਼ਕਿਲ ਹੋ ਗਿਆ ਹੈ । ਯਾ ਫਿਰ ਇਹ ਕਹਿ ਲੋ ਕੇ ਅਸੀਂ ਆਪਣੇ ਸਤਰ ਤੋਂ ਇੰਨੇ ਜ਼ਿਆਦਾ ਥੱਲੇ ਗਿਰ ਚੁੱਕੇ ਹਾਂ ਕਿ ਉੱਪਰ ਉਠਣ ਦੀ ਕੋਈ ਉਮੀਦ ਹੀ ਨਹੀਂ ਹੈ ।
ਜਿਹੜੀ ਪੰਥ 'ਚ ਗਿਰਾਵਟ ਆਈ ਹੈ ਓਹ ਇਸ 'ਚ ਨਹੀਂ ਆਈ ਕਿ ਅਸੀਂ ਸਭ ਸਿੱਖੀ ਤੋਂ ਓਲ੍ਹੇ ਹੋ ਗਏ ਹਾਂ । ਗਿਰਾਵਟ ਦਾ ਮੁੱਖ ਮਤਲਬ ਸਿੱਖੀ ਤੋਂ ਛੁੱਟ ਇਹਨਾਂ ਮੂਰਖ ਵਿਦਵਾਨਾਂ ਦੇ ਪਿੱਛੇ ਲੱਗਣਾ ਹੈ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਵਿਅਰਥ ਹੀ ਗਵਾ ਲਈ ਹੈ । ਜਿਸ ਕੰਮ ਲਈ ਇਹ ਮਨੁੱਖੀ ਦੇਹ ਮਿਲੀ ਸੀ ਉਸ ਕੰਮ ਲਈ ਵਰਤੀ ਹੀ ਨਹੀਂ ਬਲਕਿ ਕੌਮ ਨੂੰ ਭੰਬਲਭੂਸੇ 'ਚ ਪਾਉਣਾ ਹੀ ਮੁੱਖ ਮਕਸਦ ਬਣ ਗਿਆ ਹੈ ।
ਪਹਿਲਾ ਇਹ ਕਹਿ ਦੇਣਾ ਕਿ ਗੁਰੂ ਸਾਹਿਬ ਦੀਆਂ 'ਜੋਤਾਂ' ਗੁਰੂ ਗ੍ਰੰਥ ਸਾਹਿਬ ਜੀ 'ਚ ਹਨ, ਫੇਰ ਪਲਟ ਜਾਣਾ ਕਿ ਸਿਰਫ਼ ਇਕ ਗੁਰੂ ਨਾਨਕ ਦੇਵ ਜੀ ਦੀ ਹੀ ਜੋਤਿ ਹੈ ਦਰਸਾਉਂਦਾ ਹੈ ਕਿ ਲੇਖਕ ਸਾਹਿਬ ਨੂੰ ਕਿੰਨੀ ਕੁ ਸੋਝੀ ਹੈ ਗੁਰਬਾਣੀ ਦੀ । ਹਾਲਾਂਕਿ ਕਾਲੇ ਨੇ ਸੱਤੇ ਤੇ ਬਲਵੰਡੇ ਜੀ ਦੀ ਰਚਨਾ ਵਿੱਚੋਂ ਇਕ ਸਤਰ ਲੈ ਕੇ ਇਹ ਦਰਸਾਇਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਹੀ ਖਾਲਸਾ ਪੰਥ ਦੀ ਨੀਂਹ ਰੱਖੀ ਸੀ । ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਿੱਖੀ ਦਾ ਜਿਹੜਾ ਬੂਟਾ ਗੁਰੂ ਨਾਨਕ ਦੇਵ ਜੀ ਨੇ ਲਗਾਇਆ ਸੀ ਓਹੀ ਅੱਗੇ ਚੱਲ ਕੇ ਖਾਲਸੇ ਦਾ ਰੂਪ ਬਣਿਆ । ਪਰ ਇਹ ਕਹਿ ਦੇਣਾ ਕਿ ਜੇ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਹੀ ਮੰਨ ਲਿਆ ਖਾਲਸੇ ਦਾ ਜਨਮ ਦਾਤਾ ਤਾਂ ੧੬੯੯ ਦੀ ਵਿਸਾਖੀ ਦਾ ਕੀ ਬਣੂੰ ਇਕ ਬੇ-ਸਮਝ ਇਨਸਾਨ ਦੀ ਸ਼ਰਾਰਤ ਦਾ ਨਤੀਜਾ ਹੈ ।
ਪਿਆਰੇ ਗੁਰਬਾਣੀ ਤੋਂ ਹੀਣੇ ਲੇਖਕ ਜੀ । ਕਾਸ਼ ਤੁਸੀਂ ਆਪਣੀ ਜ਼ਿੰਦਗੀ 'ਚ ਕਦੇ ਕੋਈ ਸਿੰਘ ਕੋਲ ਬੈਠ ਕੇ ਕਥਾ ਵਿਚਾਰ ਸੁਣੀ ਹੁੰਦੀ ਤੇ ਆਪਣੇ ਜੀਵਣ ਨੂੰ ਉਸ ਤਰ੍ਹਾਂ ਢਾਲਿਆ ਹੁੰਦਾ ਤਾਂ ਤੁਹਾਨੂੰ ਅੱਜ ਏਨੀ ਨਮੋਸ਼ੀ ਦਾ ਸਾਹਮਣਾ ਨਾ ਕਰਨਾ ਪੈਂਦਾ । ਪਰ ਜਦ ਪੈਸਾ ਹੀ ਤੁਹਾਡਾ ਯਾਰ ਬਣ ਗਿਆ ਤਾਂ ਫੇਰ ਗੁਰਬਾਣੀ ਕੀ ਤੇ ਇਤਿਹਾਸ ਕੀ । ਬੁੱਧੀ ਹੀ ਜਦ ਪ੍ਰਧਾਨ ਬਣ ਗਈ ਤਾਂ ਇਕ ਇਨਸਾਨ ਤੋਂ ਕੀ ਉਮੀਦ ਰੱਖੀ ਜਾ ਸਕਦੀ ਹੈ । ਮੇਰੇ ਕਹਿਣ ਦਾ ਬਿਲਕੁਲ ਵੀ ਇਹ ਮਤਲਬ ਨਹੀਂ ਕਿ ਇਨਸਾਨ ਨੂੰ ਘੋਖ ਨਹੀਂ ਕਰਨੀ ਚਾਹੀਦੀ । ਜੇਕਰ ਸਿੱਖਾਂ ਨੇ ਇਤਿਹਾਸ ਨੂੰ ਲਿਖਿਆ ਨਾ ਹੁੰਦਾ, ਪੜਚੋਲਿਆ ਨਾ ਹੁੰਦਾ ਤਾਂ ਆਪਾ ਅੱਜ ਕੁੱਝ ਵੀ ਨਹੀਂ ਹੋਣਾ ਸੀ । ਪਰ ਜੇ ਬੁੱਧੀ ਆਪਾਂ ਨੂੰ ਗੁਰੂ ਤੋਂ ਦੂਰ ਲੈ ਕੇ ਜਾਂਦੀ ਹੈ, ਤਾਂ ਇਸ ਬੁੱਧੀ ਨੂੰ ਇਕ ਬੰਦ ਕਮਰੇ ਵਿੱਚ ਰੱਖ ਦੇਣਾ ਚਾਹੀਦਾ ਹੈ ਤਾਂ ਕਿ ਇਸ ਤੋਂ ਕਿਸੇ ਦਾ ਨੁਕਸਾਨ ਨਾ ਹੋਵੇ ।
ਸਤਿਗੁਰੂ ਨਾਨਕ ਦੇਵ ਜੀ ਤੋਂ ਹੀ ਸਿੱਖਾਂ ਨੂੰ ਦੂਜੇ ਧਰਮਾਂ ਨਾਲ ਰਲਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ । ਪਹਿਲਾਂ ਵਿਚਾਰਾਂ ਨਾਲ ਫੇਰ ਹਥਿਆਰਾਂ ਨਾਲ । ਜਦੋਂ ਸਭ ਕੁੱਝ ਹੀ ਫੇਲ ਹੋ ਗਿਆ ਫੇਰ ਆਇਆ ਪੱਗ ਬੰਨ ਕੇ ਆਪਣੇ ਆਪ ਨੂੰ ਵਿਦਵਾਨ ਕਹਾਉਣ ਵਾਲਿਆਂ ਦਾ ਸਮਾਂ, ਜੋ ਉਨ੍ਹਾਂ ਲੋਕਾਂ ਦੇ ਨਕਸ਼ੇ ਕਦਮਾਂ ਉਪਰ ਚੱਲ ਕੇ ਗੁਰੂ ਵੱਲ ਪਿੱਠ ਕਰਕੇ ਖਲੋ ਗਏ । ਜਿਨ੍ਹਾਂ ਨੂੰ ਆਪਣੀ ਬੁੱਧੀ ਦਾ ਏਨਾ ਹੰਕਾਰ ਹੋ ਗਿਆ ਕਿ ਓਹ ਖਾਲਸੇ ਦੇ ਨਿਆਰੇਪਨ ਨੂੰ ਬ੍ਰਾਹਮਣਵਾਦ ਨਾਲ ਜੋੜ ਕੇ ਦੇਖਣ ਲੱਗੇ ।

ਇਹ ਮਰਨੇ ਨੀ ਹਥਿਆਰਾਂ ਨਾਲ
ਨਾ ਮਰਨ ਵਿਚਾਰਾਂ ਨਾਲ
ਕਰਕੇ ਦੇਖ ਲਏ ਹਮਲੇ ਤੁਸੀਂ ਸਾਰੇ
ਫਿਰ ਵੀ ਨੀ ਹਿੱਲੇ ਦਸ਼ਮੇਸ਼ ਦੇ ਦੁਲਾਰੇ
'ਅਨਪੜ੍ਹ ਬਾਬਾ' ਅੱਜ ਕਰੇ ਪੁਕਾਰ
ਆਓ ਮਿਲ ਕੇ ਖਤਮ ਕਰੀਏ ਇਹ ਕਾਰ

ਇੱਕ ਪ੍ਰੰਪਰਾ ਹੈ ਜਿਸ ਕਰਕੇ ਬਹੁਤੀ ਵਾਰੀ ਔਰਤ ਦਾ ਨਾਂ ਪਹਿਲਾਂ ਲਿਖਿਆ ਜਾਂਦਾ ਹੈ । ਮੈਨੂੰ ਯਾਦ ਹੈ ਅੱਜ ਵੀ ਜਦ ਮੈਂ ਗਿਆਰਵੀਂ 'ਚ ਸੀ । ਕਿਸੇ ਨੇ ਇਸ ਵਿਸ਼ੇ ਤੇ ਗੱਲ ਕਰਨੀ ਚਾਹੀ ਤੇ ਮਾਸਟਰ ਨੇ ਇਹ ਕਿਹਾ ਕਿ ਇਹ ਕੋਈ ਮਰਦ-ਔਰਤ ਦਾ ਵਿਸ਼ਾ ਨਹੀਂ ਬਲਕਿ ਨਾਇਕ/ਨਾਇਕਾ ਦਾ ਵਿਸ਼ਾ ਹੈ । ਜਿਸ ਕਰਕੇ ਇਕ ਕਹਾਣੀ ਚੱਲਦੀ ਹੈ ਓਹ ਮੂਹਰੇ ਆ ਕੇ ਲੱਗਦਾ ਹੈ । ਜਿਵੇਂ ਕਿ ਮਾਂ-ਬਾਪ, ਭੈਣ-ਭਰਾ, ਆਦਿ । ਇਥੇ ਪਹਿਲਾ ਔਰਤ ਦਾ ਨਾਂ ਆਉਂਦਾ ਹੈ ਪਰ ਇਹ ਹਰ ਇੱਕ ਲਈ ਸਹੀ ਨਹੀਂ ਹੈ । ਪਤੀ-ਪਤਨੀ, ਮਿਰਜ਼ਾ-ਸਾਹਿਬਾ, ਇਨ੍ਹਾਂ ਵਿੱਚ ਪਹਿਲਾ ਮਰਦ ਦਾ ਨਾਂ ਹੈ ।
ਖ਼ੈਰ ਮੇਰਾ ਇਸ ਬਾਰੇ ਦੱਸਣ ਦਾ ਕਾਰਨ ਕਾਲੇ ਦੀ ਅਗਲੀ ਗੱਲ ਹੈ । ਕਾਲਾ ਕਹਿੰਦਾ ਹੈ ਕਿ ਖਾਲਸੇ ਦਾ ਗੁਰੂ ਗੋਬਿੰਦ ਸਿੰਘ ਨੂੰ ਆਪਣਾ ਪਿਤਾ ਕਰ ਜਾਨਣਾ ਤੇ ਮਾਤਾ ਸਾਹਿਬ ਕੌਰ ਨੂੰ ਮਾਂ ਕਰਕੇ ਜਾਨਣਾ ਬਿਲਕੁਲ ਹਿੰਦੂ ਹੋਣ ਦੀ ਨਿਸ਼ਾਨੀ ਹੈ ਕਿਉਂਕਿ ਓਹ ਵੀ ਸੀਆ-ਰਾਮ ਕਰਦੇ ਹਨ, ਤੇ ਸਿੱਖਾਂ ਨੇ ਵੀ ਦਸਮੇ ਗੁਰੂ ਨੂੰ ਪਿਤਾ ਮੰਨ ਕਿ ਗੁਰੂ ਸਾਹਿਬ ਨੂੰ ਹੀ ਮੁੱਖ ਤੌਰ ਤੇ ਮੰਨ ਲਿਆ ਹੈ ਤੇ ਬਾਕੀ ਸਾਰੇ ਗੁਰੂ ਸਾਹਿਬਾਨਾਂ ਨੂੰ ਭੁੱਲ ਗਏ ਹਨ।
ਘੁੱਗੂਮੱਲ ਜੀ, ਜਿਸ ਗੁਰੂ ਨਾਨਕ ਦੀ ਜੋਤਿ ਗੁਰੂ ਸਾਹਿਬ 'ਚ ਸੀ ਓਸ ਸ਼ਰੀਰ ਦੇ ਹਿੱਸੇ ਹੀ ਓਹ ਕੰਮ ਆਇਆ । ਹੁਣ ਜੇਕਰ ਕੋਈ ਇਹ ਕਹਿ ਦੇਵੇ ਕਿ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਹਿਣਾ ਗ਼ਲਤ ਹੋਵੇਗਾ ਕਿਉਂਕਿ ਓਹ ਗੁਰੂ ਨਾਨਕ ਦੇਵ ਜੀ ਦੀ ਜੋਤਿ ਸਨ, ਕਿੰਨੀ ਵੱਡੀ ਬੇਵਕੂਫੀ ਹੋਵੇਗੀ । ਬਜ਼ੁਰਗ ਬਾਬਾ ਜੀ, ਇਸ ਤਰ੍ਹਾਂ ਤਾਂ ਕੋਈ ਵੀ ਨਿਰਣਾ ਨਹੀਂ ਹੋ ਸਕੇਗਾ । ਫਿਰ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਵੀ ਗ਼ਲਤ, ਗੁਰੂ ਅਰਜਨ ਦੇਵ ਜੀ ਦੀ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਵੀ ਗ਼ਲਤ, ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਯੁੱਧ ਵੀ ਗ਼ਲਤ, ਗੁਰੂ ਰਾਮਦਾਸ ਜੀ ਵੱਲੋਂ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਵੀ ਗ਼ਲਤ, ਤੇ ਸਭ ਤੋਂ ਵੱਡੀ ਗੱਲ ਗੁਰੂ ਸਾਹਿਬ ਵੱਲੋਂ ਲਿਖੀ ਗੁਰਬਾਣੀ । ਇਸ ਹਿਸਾਬ ਨਾਲ ਚੱਲ ਕਿ ਤਾਂ ਫਿਰ ਇਹ ਵੀ ਕਹਿਣਾ ਵਾਜਿਬ ਹੋਵੇਗਾ ਕਿ ਗੁਰੂ ਸਾਹਿਬ ਨੂੰ ੧,,,,,੯ ਮਹਲਾ ਲਿਖਣ ਦੀ ਕੀ ਲੋੜ ਸੀ, ਕੇਵਲ ੧ ਹੀ ਲਿਖ ਦਿੰਦੇ ਕਿਉਂਕਿ ਜੋਤਿ ਤਾਂ ਇਕ ਹੀ ਸੀ ।
ਪਿਆਰੇ ਪਾਠਕੋ, ਇਨ੍ਹਾਂ ਵੱਲੋਂ ਚੱਲੀਆਂ ਇਹ ਚਾਲਾਂ ਇਕ ਗ਼ਹਿਰੀ ਮਾਨਸਿਕ ਕਮਜ਼ੋਰੀ ਦੀ ਨਿਸ਼ਾਨੀ ਲੱਗਦੀ ਹੈ ਜਿਸ ਵਿੱਚ ਇਨਸਾਨ ਨੂੰ ਕੋਈ ਸੋਝੀ ਨਹੀਂ ਰਹਿੰਦੀ । ਜਾਂ ਫਿਰ ਪੈਸੇ ਦੇ ਭਰੇ ਬੈਗ ਵਿੱਚ ਚਿੱਤ ਐਸਾ ਚੁੱਭ ਚੁੱਕਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਪਿਤਾ ਕਹਿਣ 'ਚ ਇਨ੍ਹਾਂ ਨੂੰ ਹਿੰਦੂਵਾਦ ਦਿੱਖਦਾ ਹੈ । ਜਦ ਮਨ ਚੰਚਲਤਾ ਦੇ ਵੱਸ ਚਲਾ ਜਾਂਦਾ ਹੈ ਅਤੇ ਸ਼ਰੀਰ ਵਾਸ਼ਨਾਵਾਂ ਦੇ ਤਾਂ ਇਹੋ ਜਿਹੀਆਂ ਬੇ-ਤੁਕੀਆਂ ਗੱਲਾਂ ਦੀ ਮਨ 'ਚ ਸਿਰਜਣਾ ਆਪਣੇ ਆਪ ਸ਼ੁਰੂ ਹੋ ਜਾਂਦੀ ਹੈ ।
ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਆਪਣਾ ਪਿਤਾ ਵਾਰਿਆ, ਸਾਹਿਬਜ਼ਾਦੇ ਵਾਰੇ, ਜਿਸਦਾ ਦੇਣਾ ਕੋਈ ਵੀ ਨਹੀਂ ਦੇ ਸਕਦਾ, ਜਿਸਨੇ ਖਾਲਸਾ ਪੰਥ ਦੀ ਸਿਰਜਨਾ ਕਰਕੇ ਮੁਗ਼ਲਾਂ ਦੀਆ ਕੁੱਲੀਆਂ ਉਖਾੜ ਦਿੱਤੀਆਂ, ਓਹ ਅੱਜ ਸਾਨੂੰ ਭਾਉਂਦੀ ਨਹੀਂ ? ਜਿਸ ਅਕਾਲੀ ਜੋਤਿ ਨੇ ਇਥੋਂ ਤੱਕ ਕਹਿ ਦਿੱਤਾ ਕਿ ਉਸ 'ਚ ਤੇ ਖਾਲਸੇ 'ਚ ਕੋਈ ਫਰਕ ਨਹੀਂ, ਸਾਨੂੰ ਉਸਦਾ ਸ਼ੁਕਰੀਆ ਕਰਨਾ ਚਾਹੀਦਾ ਹੈ ਕਿ ਆਪਣੇ ਵਰਗੇ ਗਰੀਬਾਂ ਨੂੰ ਉਸਨੇ ਜਮੀਨੋਂ ਚੁੱਕ ਕੇ ਤਖ਼ਤਾਂ ਤੇ ਬਿਠਾ ਦਿੱਤਾ, ਪਰ ਅਸੀਂ ਇਥੇ ਇਹ ਕਹਿ ਰਹੇ ਹਾਂ ਕਿ ਇਹ ਹਿੰਦੂਵਾਦ ਹੈ !
ਕਾਲੇ ਦੇ ਕਾਲੇ ਲੇਖਾਂ ਦੇ ਨਾਲ-ਨਾਲ ਉਸਦਾ ਮਨ ਵੀ ਕਾਲਾ ਹੈ ਜਿਸਨੇ ਇਹ ਵੀ ਭੁਲਾ ਦਿੱਤਾ ਹੈ ਕਿ ਖਾਲਸੇ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਪਣਾ ਪਿਤਾ ਆਪਣੇ ਆਪ ਨਹੀਂ ਬਣਾਇਆ । ਜਦ ਖਾਲਸੇ ਪੰਥ ਦੀ ਸਿਰਜਨਾ ਹੋਈ, ਹੁਕਮ ਓਦੋਂ ਹੀ ਹੋ ਚੁੱਕਾ ਸੀ, ਮਰਿਆਦਾ ਉਸ ਵੇਲੇ ਹੀ ਬਣ ਗਈ ਸੀ, ਪਰ ਆਪਣੀ ਕਿਸਮਤ ਹੀ ਐਸੀ ਹੈ ਕਿ ਸਾਨੂੰ ਕਾਲੇ ਅਫ਼ਗ਼ਾਨੇ ਵਰਗੇ ਲੋਕ ਟੱਕਰ ਗਏ, ਜਿਨ੍ਹਾਂ ਨੇ ੧੬੯੯ ਈ: ਦੀ ਮਰਿਆਦਾ ਨੂੰ ਛੱਡ ਕੇ ੧੯੪੦-੪੫ 'ਚ ਖਰੜੇ ਵਾਲੀ ਕਾਪੀ ਨੂੰ ਅੱਗੇ ਕਰ ਦਿੱਤਾ । ਇਹ ਹੀ ਮਰਿਆਦਾ ਹੈ ਇਸ ਤੋਂ ਪਹਿਲਾ ਕੋਈ ਹੋਰ ਮਰਿਆਦਾ ਨਹੀਂ ਸੀ । ੧੯੪੦ ਤੋਂ ਪਹਿਲਾਂ ਕਿਸੇ ਨੇ ਅੰਮ੍ਰਿਤ ਹੀ ਨਹੀਂ ਛਕਾਇਆ ? ਕੀ ਇਹ ਲੋਕ ਆਉਣ ਵਾਲੇ ਸਮੇਂ 'ਚ ਇਹ ਪ੍ਰਚਾਰ ਵੀ ਕਰਨਗੇ ਕਿ ਅੰਮ੍ਰਿਤ ਵੀ ਪਹਿਲੀ ਵਾਰ ੧੯੪੦ 'ਚ ਤਿਆਰ ਹੋਇਆ ਸੀ ? ਕਿੰਨੀ ਹਾਸੋ-ਹੀਣੀ ਗੱਲ ਹੋਵੇਗੀ ਇਹ । ਪਰ ਜਿਸ ਤਰ੍ਹਾਂ ਅਨਪੜ੍ਹ ਲੋਕਾਂ ਨੇ ਕਲਮਾਂ ਚੁੱਕ ਲਈਆਂ ਹਨ, ਇਸ ਤੋਂ ਇਹ ਲੱਗਦਾ ਹੈ ਕਿ ਇਹਨਾਂ ਅਨਪੜ੍ਹਾਂ ਦੇ ਪੈਰੋਕਾਰਾਂ ਨੇ ਇਹ ਮੰਨ ਵੀ ਲੈਣਾ ਹੈ ।
ਕਾਲੇ ਦੀ ਲੇਖਣੀ ਮੁਤਾਬਕ ਮੈਂ ਵੀ ਕੁੱਝ ਪ੍ਰਸ਼ਨ ਲਿਖਾਂਗਾ ਤਾਂ ਕਿ ਮੇਰੇ ਵਰਗੇ ਆਮ ਸਿੱਖਾਂ ਨੂੰ ਸਮਝ ਆ ਜਾਵੇ ।

ਆਰੰਭਕ ਬੇਨਤੀ ਦੇ ਪ੍ਰਸ਼ਨ:
੧.   ਕੀ ਖਾਲਸੇ ਦੀ ਮਰਿਆਦਾ ਖਾਲਸੇ ਨੇ ਖ਼ੁਦ ਲਿਖੀ ਜਾਂ ਗੁਰੂ ਗੋਬਿੰਦ ਸਿੰਘ ਜੀ ਨੇ ?
੨.   ਕੀ ਖਾਲਸਾ ਪੰਥ ਗੁਰੂ ਮਰਿਆਦਾ ਬਦਲ ਸਕਦਾ ਹੈ ?
੩.   ਗੁਰੂ ਸਾਹਿਬ ਨੇ ਜਦ ਅੰਮ੍ਰਿਤ ਛਕਾਇਆ ਤਾਂ ਕਿਹੜੀ ਮਰਿਆਦਾ ਦੱਸੀ ਸੀ ?
੪.   ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖ ਪੰਥ ਲਈ ਕੀਤੀਆਂ ਕੁਰਬਾਨੀਆਂ ਸਿਰਫ ਬਹਿਸ ਕਰਕੇ ਭੁਲਾਈਆਂ ਜਾ ਸਕਦੀਆਂ ਹਨ ?
੫.   ਜੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕੀਤੇ ਬਚਨਾਂ ਨੂੰ ਸਿਰਫ ਇੱਕ ਜੋਤਿ ਕਹਿ ਕੇ ਮੋੜਿਆ ਜਾ ਸਕਦਾ ਹੈ ਤਾਂ ਕੀ ਇਹ ਕਿਹਾ ਜਾ ਸਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇੱਕ ਤੋਂ ਵੱਧ ਵਿਆਹ ਕੀਤੇ ਕਿਉਂਕਿ ਜੋਤਿ ਇੱਕ ਸੀ ?
੬.   ਕੀ ਗੁਰਬਾਣੀ ਵਿੱਚ ਆਏ ਮਹਲਾ ੧,,,,,, ਇਕ ਭੁੱਲ ਹੈ ?

ਇਕ ਅਕਾਲੀ ਜੋਤਿ ਜੋ ਵਿਚਰੀ ੧੦ ਸ਼ਰੀਰਾਂ '
ਜਦ ਆਈ ਵਾਰੀ ਗੱਦੀ ਦੀ ਬਹਿ ਗਈ ਓਹ ਬਾਣੀਆਂ '
ਨਿਰੰਕਾਰ ਨੇ ਇਹ ਇੱਕ ਅਲੱਗ ਖੇਡ ਰਚਾਇਆ
ਕਰ ਕੇ ਪ੍ਰਗਟ ਗੁਰਬਾਣੀ ਨੂੰ ਗੁਪਤ ਹੋਇਆ ਹਰਿ ਰਾਇਆ
ਅੱਜ ਫਿਰ ਆ ਗਏ ਕੁੱਝ ਗੱਦਾਰ ਪੰਥ '
ਜਿਨ੍ਹਾਂ ਨੂੰ ਲੱਗੇ ਨਾ ਚੰਗਾ ਇਤਿਹਾਸ ਪੰਥ '
ਸਮਝਣਾ ਅਸੀਂ ਚਾਹੁੰਦੇ ਉਸਨੂੰ ਬੁੱਧੀ ਨਾਲ
ਜਿਹੜਾ ਨਹੀਂ ਮਿਲਦਾ ਬਿਨਾਂ ਪੜ੍ਹੇ ਗੁਰਬਾਣੀ ਨਾਲ
ਚੁੱਕਣਾ ਪੈਣਾ ਕਲਮ 'ਅਨਪੜ੍ਹ ਬਾਬੇ' ਨੂੰ ਵੀ ਭਾਈਓ ਇਥੇ
ਕਿਉਂਕਿ ਲੈ ਕੇ ਖੜਗ ਇਹ ਲੜ੍ਹਨ ਏਨੀ ਔਕਾਤ ਕਿਥੇ ।

ਗੁਰੂ ਸਾਹਿਬ ਦੀਆਂ ਇਕ ਤੋਂ ਵੱਧ ਸ਼ਾਦੀਆਂ: ਸ਼ਾਇਦ ਗੁਰੂ ਸਾਹਿਬ ਦੀਆਂ ਇਕ ਤੋਂ ਵੱਧ ਵਿਆਹਾਂ ਦਾ ਜ਼ਿਆਦਾ ਰੌਲਾ ਨਵੇਂ ਬਣੇ ਪ੍ਰਚਾਰਕਾਂ ਨੇ ਹੀ ਪਾਇਆ ਹੋਇਆ ਹੈ । ਇਹ ਲੋਕ ਗੁਰੂ ਸਾਹਿਬ ਦੀਆਂ ਇਕ ਤੋਂ ਵੱਧ ਵਿਆਹਾਂ ਨੂੰ ਗ਼ਲਤ ਮੰਨ ਕੇ ਇਹ ਸਾਬਿਤ ਕਰਦੇ ਨੇ ਕਿ ਗੁਰੂ ਸਾਹਿਬ ਦਾ ਇਹ ਇਤਿਹਾਸ ਇੱਕ ਕੋਝੀ ਸਾਜ਼ਿਸ਼ ਦੇ ਅਧੀਨ ਲਿਖਿਆ ਗਿਆ ਹੈ ।
ਕਾਲੇ ਨੇ ਗੁਰਬਾਣੀ ਪਾਠ ਦਰਪਣ ਪੁਸਤਕ ਦਾ ਹਵਾਲਾ ਦਿੰਦੇ ਹੋਏ ਇਹ ਕਿਹਾ ਕਿ ਇਸ ਵਿੱਚ ਕਿਤੇ ਵੀ ਨਹੀਂ ਲਿਖਿਆ ਕਿ ਇੱਕ ਤੋਂ ਵੱਧ ਸ਼ਾਦੀਆਂ ਕਿਉ ਹੋਈਆਂ । ਮੈਨੂੰ ਯਾਦ ਹੈ ਕਿ ਫਿਲਮਾਂ 'ਚ ਅਕਸਰ ਕਿਹਾ ਜਾਂਦਾ ਹੈ ਕਿ ਨਸ਼ੇ ਦਾ ਸੇਵਨ ਬਹੁਤ ਹੀ ਨੁਕਸਾਨਦਾਇਕ ਹੁੰਦਾ ਹੈ; ਜੇਕਰ ਏਜੰਸੀਆਂ ਦੇ ਪੱਕੇ ਯਾਰ ਕਾਲੇ ਨੇ ਅੱਖਾਂ ਖੋਲ੍ਹ ਕੇ ਦੇਖਿਆ ਹੁੰਦਾ ਤਾਂ ਸ਼ਾਇਦ ਇਸਨੂੰ ਦਿੱਖ ਪੈਂਦਾ । ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਵੱਲੋਂ ਲਿਖੀ ਇਸ ਪੁਸਤਕ ਦੇ ਨੋਟ ਵਿੱਚ ਲਿਖਿਆ ਹੈ
'ਗੜ੍ਹ ਗੰਗਾ ਦੇ ਪਾਸ ਅਨੂਪ ਪੁਰ ਦਾ ਰਾਜਾ, ਸਮੇਤ ਪ੍ਰਵਾਰ ਦੇ ਦਰਸ਼ਨ ਕਰਨ ਆਇਆ ਸੀ, ਛੇਵੀਂ ਪਾਤਿਸ਼ਾਹੀ ਜੀ ਦੀ ਆਗਿਆ ਪਾ ਕੇ ਆਪਣੀਆਂ ਅੱਠਾਂ ਲੜਕੀਆਂ ਦੀਆਂ ਸ਼ਾਦੀਆਂ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨਾਲ ਕੀਤੀਆਂ । ਭਾਈ ਮਨੀ ਸਿੰਘ ਵਾਲੇ ਗੁਰ ਬਿਲਾਸ ਦੀ ਉਗਾਹੀ ਹੈ ।'
ਉਮਰ ਦੇ ਨਾਲ-ਨਾਲ ਬੁੱਧੀ ਦੀ ਵੀ ਕਮੀ ਹੋਣ ਲੱਗ ਜਾਂਦੀ ਹੈ ਆਮ ਇਨਸਾਨਾਂ 'ਚ । ਕਾਲੇ ਅਫ਼ਗ਼ਾਨੇ ਦਾ ਇਸ ਨੋਟ ਨੂੰ ਨਾ ਦੇਖਣਾ ਜਾਂ ਅੱਖੋਂ ਓਹਲੇ ਕਰ ਦੇਣਾ ਇਕ ਗਹਿਰੀ ਸਾਜ਼ਿਸ਼ ਦਾ ਹਿੱਸਾ ਜਾਪਦਾ ਹੈ । ਕੋਈ ਵੀ ਵਿਦਵਾਨ ਜਦ ਵੀ ਕੋਈ ਲੇਖ ਲਿਖਦਾ ਹੈ ਤਾਂ ਦਿੱਤੀਆਂ ਗਈਆਂ ਉਦਾਹਰਣਾਂ ਸਹੀ ਸਾਬਿਤ ਹੋਣੀਆਂ ਲਾਜ਼ਮੀ ਹੋਣੀਆਂ ਚਾਹੀਦੀਆਂ ਹਨ । ਬਹੁਤ ਘੱਟ ਹੀ ਅਜਿਹੇ ਪੜ੍ਹਨ ਵਾਲੇ ਸੱਜਣ ਹੁੰਦੇ ਨੇ ਜੋ ਸਾਰੀ ਕਿਤਾਬ ਨੂੰ ਘੋਖ ਕਰਕੇ ਨਿਚੋੜ ਦਿੰਦੇ ਨੇ । ਅਸੀਂ ਇਕ ਹੋਰ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਲੇਖਾਂ ਦੀ ਜਿਸ ਵਿੱਚ ਇਕ ਪਾਗ਼ਲ ਇਨਸਾਨ ਜਿਸਦਾ ਨਾਂ ਅਜੀਤ ਵਾਡਾਕਾਇਲ ਹੈ ਨੂੰ ਉੱਤਰ ਦਿੱਤੇ ਗਏ ਹਨ । ਕਾਲੇ ਦੀਆਂ ਕਿਤਾਬਾਂ 'ਚੋ ਵੀ ਅਜਿਹਾ ਕੁੱਝ ਸ਼ਾਇਦ ਨਿਕਲ ਆਵੇ । ਪਹਿਲੀ ਉਦਾਹਰਣ ਤਾਂ ਮਿਲ ਹੀ ਗਈ ਹੈ ਜੋ ਨਿਰ੍ਹਾ ਝੂਠ ਸੀ । ਅੱਗੇ ਚੱਲ ਕੇ ਵੀ ਬਹੁਤ ਅਜਿਹੀਆਂ ਉਦਾਹਰਣਾਂ ਆਉਣੀਆਂ ਨੇ ਜੋ ਇਸ ਬੁੱਧੀਜੀਵੀ ਦੇ ਲੇਖਾਂ/ਕਿਤਾਬਾਂ ਦੀਆਂ ਧੱਜੀਆਂ ਉਡਾ ਕੇ ਰੱਖ ਦੇਣਗੀਆਂ ।
ਸਿੱਖਾਂ ਵਿੱਚ ਪਰਮਾਤਮਾ ਨੂੰ ਪਾਉਣ ਦਾ ਜੋ ਸਭ ਤੋਂ ਉਤਮ ਤਰੀਕਾ ਦੱਸਿਆ ਗਿਆ ਹੈ ਓਹ ਹੈ ਭਗਤੀ । ਸਿੱਖ ਧਰਮ ਇੱਕ ਭਗਤੀ ਭਾਵ ਵਾਲਾ ਧਰਮ ਹੈ । ਇੱਕ ਪਾਸੇ ਤਾਂ ਅਸੀਂ ਛਾਤੀ ਠੋਕ ਕੇ ਕਹਿੰਦੇ ਹਾਂ ਕਿ ਅਸੀਂ ਸੰਤ-ਸਿਪਾਹੀ ਹਾਂ, ਦੂਜੇ ਪਾਸੇ ਆਪਣੀ ਮੂਰਖਤਾ ਦਾ ਚਿਹਰਾ ਦਿਖਾਉਂਦੇ ਹੋਏ ਇਸਨੂੰ ਬ੍ਰਾਹਮਣਵਾਦ ਨਾਲ ਜੋੜ ਦਿੰਦੇ ਹਾਂ । ਪੈਸੇ ਦੇ ਕੇ ਵਿੱਕ ਚੁੱਕੇ ਵਿਦਵਾਨ ਦੇ ਅਨੁਸਾਰ ਇਹ ਇੱਕ ਗਿਣੀ ਮਿਥੀ ਸਾਜ਼ਿਸ਼ ਸੀ ਜਿਸਨੇ ਗੁਰੂ ਸਾਹਿਬ ਨੂੰ ਭੋਰੇ ਵਿੱਚ ਤਪੱਸਿਆ ਕਰਦੇ ਵਿਖਾਇਆ । ਇਹ ਓਹ ਲੋਕ ਨੇ ਜਿਨ੍ਹਾਂ ਨੇ ਸਵੇਰੇ ੧੦ ਵਜੇ ਉੱਠਣਾ ਹੁੰਦਾ ਹੈ । ਬਲਜੀਤ ਸਿੰਘ ਦਿੱਲੀ ਦਾ ਵੀ ਇਹੀ ਹਾਲ ਹੈ । ਫੇਰ ਢੱਡਰੀ ਵੀ ਪਿੱਛੇ ਕਿਉਂ ਰਹੇ ਇਸ 'ਚ । ਜਿੰਨੀ ਸਿੱਖਾਂ 'ਚ ਦੁਬਿਧਾ ਢੱਡਰੀ ਨੇ ਪਾਈ ਹੈ ਸ਼ਾਇਦ ਹੀ ਕਿਸੇ ਹੋਰ ਨੇ ਪਾਈ ਹੋਵੇ ਪਿਛਲੇ ੪-੫ ਸਾਲਾਂ 'ਚ ।
ਆਉ ਪਹਿਲਾਂ ਗੁਰੂ ਸਾਹਿਬ ਨੂੰ ਪੁੱਛ ਲਈਏ ਕਿ ਪਰਮਾਤਮਾ ਦਾ ਸਿਮਰਨ ਕਰਨਾ ਬ੍ਰਾਹਮਣਵਾਦ ਹੈ ਜਾਂ ਗੁਰੂ ਸਾਹਿਬ ਸਾਨੂੰ ਹੁਕਮ ਕਰ ਰਹੇ ਹਨ ।

ਮਨ ਮੇਰੇ ਸੁਖ ਸਹਜ ਸੇਤੀ ਜਪਿ ਨਾਉ ॥
ਆਠ ਪਹਰ ਪ੍ਰਭੁ ਧਿਆਇ ਤੂੰ ਗੁਣ ਗੋਇੰਦ ਨਿਤ ਗਾਉ ॥੧॥

ਸਾਚੀ ਪੂੰਜੀ ਸਚੁ ਸੰਜਮੋ ਆਠ ਪਹਰ ਗੁਣ ਗਾਉ ॥

ਸਿਮਰਿ ਸਿਮਰਿ ਨਾਨਕ ਸੁਖੁ ਪਾਇਆ ॥
ਆਠ ਪਹਰ ਤੇਰੇ ਗੁਣ ਗਾਇਆ ॥
ਸਗਲ ਮਨੋਰਥ ਪੂਰਨ ਹੋਏ ਕਦੇ ਨ ਹੋਇ ਦੁਖਾਲਾ ਜੀਉ ॥੪॥੩੩॥੪੦॥

ਜੁਗੁ ਜੁਗੁ ਭਗਤੀ ਆਖਿ ਵਖਾਣੀ ॥ ਅਨਦਿਨੁ ਜਪਹਿ ਹਰਿ ਸਾਰੰਗਪਾਣੀ ॥

ਨਾਮ ਖਜਾਨਾ ਭਗਤੀ ਪਾਇਆ ਮਨ ਤਨ ਤ੍ਰਿਪਤਿ ਅਘਾਏ ॥
ਨਾਨਕ ਹਰਿ ਜੀਉ ਤਾ ਕਉ ਦੇਵੈ ਜਾ ਕਉ ਹੁਕਮੁ ਮਨਾਏ ॥੩॥੧੨॥੧੩੩॥

ਭਗਤੀ ਸੀਧੇ ਦਰਿ ਸੋਭਾ ਪਾਈ ॥ ਨਾਨਕ ਰਾਮ ਨਾਮਿ ਵਡਿਆਈ ॥੮॥੫॥

ਗੁਰਮੁਖਿ ਭਗਤਿ ਜਿਤੁ ਸਹਜ ਧੁਨਿ ਉਪਜੈ ਬਿਨੁ ਭਗਤੀ ਮੈਲੁ ਨ ਜਾਏ ॥

ਗੁਰਬਾਣੀ ਆਪਾਂ ਨੂੰ ਪਰਮਾਤਮਾ ਦਾ ਸਿਮਰਨ ਕਰਨ ਵੱਲ ਪ੍ਰੇਰਦੀ ਹੈ, ਪਰ ਸਾਡਾ ਧਿਆਨ ਇਹਨਾਂ ਲੋਕਾਂ ਵੱਲ ਚਲਾ ਗਿਆ ਹੈ ਤੇ ਅਸੀਂ ਆਪਣੇ ਮਨੋਰਥ ਤੋਂ ਬਹੁਤ ਦੂਰ ਚਲੇ ਗਏ ਹਾਂ । ਹਰ ਵੇਲੇ ਉਸ ਪਰਮਾਤਮਾ ਦੇ ਗੁਣ ਗਾਉਣਾ ਹੀ ਸਿੱਖੀ ਦਾ ਮੁੱਢਲਾ ਨਿਯਮ ਹੈ । ਅਸੀਂ ਬਚਪਨ 'ਚ ਹੀ ਇਹ ਸਿੱਖ ਲਿਆ ਸੀ ਕਿ ਕਿਰਤ ਕਰਨੀ, ਨਾਮ ਜਪਣਾ, ਅਤੇ ਵੰਡ ਕੇ ਛਕਣਾ ਸਿੱਖੀ ਦੇ ਮੁੱਢਲੇ ਅਸੂਲ ਹਨ । ਫੇਰ ਭਗਤੀ ਵੱਲ ਇਹਨਾਂ ਝੁਕਾਅ ਕਿਉਂ ਨੀ ਸਾਡਾ ? ਇਹੋ ਜੀ ਕਿਹੜੀ ਚੀਜ਼ ਹੈ ਜਿਹੜੀ ਸਾਨੂੰ ਗੁਰਬਾਣੀ ਨਹੀਂ ਗਾਉਣ ਦੇਂਦੀ ?
ਹਜੇ ਕੱਲ ਦੀ ਹੀ ਗੱਲ ਹੈ ਜਦ ਮੈਂ ਵੀਡੀਉ ਦੇਖ ਰਿਹਾ ਸੀ । ਬਲਜੀਤ ਦਿੱਲੀ ਨੇ ਇਹ ਕਿਹਾ ਕਿ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਨੀ ਤਾਂ ਵਿਹਲੇ ਬਾਬਿਆਂ ਦਾ ਕੰਮ ਹੈ ਜਿਹੜੇ ਸਵੇਰੇ ਸਾਰਾ ਦਿਨ ਸੁੱਤੇ ਰਹਿੰਦੇ ਨੇ ਤੇ ਫੇਰ ੧-੨ ਵਜੇ ਰਾਤ ਨੂੰ ਉੱਠ ਖੜ੍ਹਦੇ ਨੇ । ਵਾ ਬਈ, ਕਮਾਲ ਹੀ ਹੋ ਗਈ । ਇਹ ਪ੍ਰਚਾਰਕ ਨੇ ਸਿੱਖੀ ਦੇ ? ਜਿੰਨਾ ਚਿੱਕਰ ਅਸੀਂ ਇਹਨਾਂ ਮੂਰਖਾਂ ਨੂੰ ਸਟੇਜਾਂ ਦੇਣੀਆਂ ਨਹੀਂ ਛੱਡਦੇ ਓਦੋਂ ਤੱਕ ਇਹ ਭੰਡੀ ਪ੍ਰਚਾਰ ਹੁੰਦਾ ਰਹੇਗਾ ।
ਗੁਰੂ ਸਾਹਿਬ ਦਾ ਇਤਿਹਾਸ ਪੜ੍ਹ ਕੇ ਇਹ ਪਤਾ ਲੱਗਦਾ ਹੈ ਕਿ ਓਹ ਸਵਾ ਪਹਿਰ ਰਹਿੰਦੀ ਉੱਠ ਕੇ ਇਸ਼ਨਾਨ ਕਰਦੇ ਸਨ । ਅਖੌਤੀ ਪ੍ਰਚਾਰਕਾਂ ਨੂੰ ਸ਼ਾਇਦ ਇਹ ਵੀ ਚੁੱਭੇ ਕਿ ਗੁਰੂ ਸਾਹਿਬ ਏਨੀ ਜਲਦੀ ਕਿਵੇਂ ਉੱਠ ਖੜ੍ਹਦੇ ਸਨ । ਇਹ ਵੀ ਕੋਈ ਬ੍ਰਾਹਮਣਵਾਦ ਦੇ ਸਿੱਟੇ ਵਜੋਂ ਹੀ ਲਿਖਿਆ ਗਿਆ ਹੋਵੇਗਾ । ਖੈਰ ਸਿੰਘਾਂ ਤੇ ਇਨ੍ਹਾਂ ਦਾ ਕੋਈ ਵੀ ਅਸਰ ਨਹੀਂ ਹੋਣਾ । ਪਰ ਇਹ ਗੱਲ ਪੱਕੀ ਹੈ ਕਿ ਇਨ੍ਹਾਂ ਦਾ ਤੇਲ ਜ਼ਰੂਰ ਚੈੱਕ ਹੁੰਦਾ ਰਹੂ ਸਮੇਂ ਸਮੇਂ ਤੇ ।
ਇਹ ਤਾਂ ਸੀ ਭਗਤੀ ਦੀ ਵੀਚਾਰ । ਆਉ ਹੁਣ ਅੱਗੇ ਚੱਲੀਏ ।
ਮੂਰਖ ਲੇਖਕ ਦੇ ਅਨੁਸਾਰ ਗੁਰੂ ਸਾਹਿਬ ਦੇ ਬਚਪਨ ਦੀਆਂ ਘਟਨਾਵਾਂ ਸ੍ਰੀ ਕ੍ਰਿਸ਼ਨ ਦੇ ਜੀਵਨ ਦੇ ਬਚਪਨ ਨਾਲ ਮਿਲਦੀਆਂ ਹਨ । ਇਸ ਵਿੱਚ ਕੋਈ ਸ਼ੱਕ ਨਹੀਂ ਹੈ । ਪਰ ਆਪਣੇ 'ਚੋਂ ਬਹੁਤੇ ਸ਼ਾਇਦ ਇਹਨੂੰ ਵੀ ਇਕ ਸਾਜ਼ਿਸ਼ ਦਾ ਹਿੱਸਾ ਮੰਨ ਲੈਣ । ਪਿਆਰੇ ਪਾਠਕੋ, ਗੁਰੂ ਸਾਹਿਬਾਨਾਂ ਦੇ ਜੀਵਨਾਂ ਦੀਆਂ ਘਟਨਾਵਾਂ ਕਿਸੇ ਹੋਰ ਨਾਲ ਮੇਲ ਖਾਣੀਆਂ ਕੋਈ ਅਚੰਭੇ ਵਾਲੀ ਗੱਲ ਨਹੀਂ । ਪਰ ਇਸ ਅਨੁਮਾਨ ਤੋਂ ਗੁਰੂ ਸਾਹਿਬ ਨੂੰ ਹਿੰਦੂ ਕਹਿਣਾ ਜਾਂ ਇਕ ਸਾਜ਼ਿਸ਼ ਦਾ ਹਿੱਸਾ ਮੰਨਣਾ ਕਦਾਚਿਤ ਵੀ ਠੀਕ ਨਹੀਂ ਹੋਵੇਗਾ । ਓਹ ਗੁਰੂ ਜੋ ਖ਼ੁਦ ਖੁਦਾ ਸੀ, ਜਿਸਦੀਆਂ ਸਾਰੀਆਂ ਸ਼ਕਤੀਆਂ ਗੁਲਾਮ ਨੇ, ਸਾਰੇ ਦੇਵੀ-ਦੇਵਤੇ ਗੁਲਾਮ ਨੇ, ਕੁੱਝ ਵੀ ਕਰ ਸਕਦਾ ਸੀ । ਓਹ ਸਰਗੁਣ ਵੀ ਹੈ ਤੇ ਨਿਰਗੁਣ ਵੀ ।
ਗੁਰਬਾਣੀ ਪਾਠ ਦਰਪਨ ਦੀ ਕਾਪੀ ਜਿਹੜੀ ਮੇਰੇ ਕੋਲ ਹੈ ਓਹਦੇ 'ਚ ਕਿਤੇ ਵੀ ਨਹੀਂ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਜੀ ਵਿਸ਼ਨੂੰ ਦਾ ਅਵਤਾਰ ਸਨ । ਇਸ ਬੇਵਕੂਫ਼ ਲੇਖਕ ਨੇ ਪਤਾ ਨੀ ਕਿਹੜੀ ਕਾਪੀ 'ਚੋ ਦੇਖ ਕੇ ਲਿਖਿਆ ਹੈ । ਜਾਂ ਫਿਰ ਇਹ ਇਸਦੀ ਦਿਮਾਗ਼ ਦੀ ਉਪਜ ਹੈ ? ਬੁੱਢਾ ਬੰਦਾ ਬਿਨਾਂ ਅਕਲ ਤੋਂ ਇਕ ਖ਼ੂਖ਼ਾਰ ਜਾਨਵਰ ਦੀ ਤਰ੍ਹਾਂ ਬਣ ਜਾਂਦਾ ਹੈ ਜਿਸਦਾ ਆਪਣੇ ਆਪ ਤੇ ਕੋਈ ਵੀ ਕਾਬੂ ਨਹੀਂ ਰਹਿੰਦਾ । ਮੈਂ ਤਾਂ ਹੈਰਾਨ ਹਾਂ ਕਿ ਲੋਕ ਇਸਦੀਆਂ ਬੇ-ਤੁਕੀਆਂ ਲਿਖਤਾਂ ਪੜ੍ਹ ਕੇ ਆਪਣੇ ਆਪ ਨੂੰ ਵਿਦਵਾਨ ਕਹੀ ਜਾਂਦੇ ਨੇ ! ਪਰ ਇਸ ਇਨਸਾਨ ਨੂੰ ਹਜੇ ਤੱਕ ਅਕਲ ਨਹੀਂ ਆਈ।
ਕਾਲੇ ਅਨੁਸਾਰ ਗੁਰੂ ਸਾਹਿਬ ਦੀਆਂ ਇਕ ਤੋਂ ਵੱਧ ਸ਼ਾਦੀਆਂ ਗੁਰੂ ਹਰਿ ਗੋਬਿੰਦ ਸਾਹਿਬ ਜੀ ਤੋਂ ਸ਼ੁਰੂ ਹੋਈਆਂ । ਪਰ ਇਸਨੇ ਕੋਈ ਵੀ ਆਪਣੀ ਰਾਏ ਨਹੀਂ ਦਿੱਤੀ ਕਿ ਛੇਵੇਂ ਗੁਰੂ ਸਾਹਿਬ ਤੋਂ ਹੀ ਕਿਉਂ । ਅਗਰ ਇਹ ਕੋਈ ਮਿਲਾਵਟ ਦਾ ਸ਼ਿਕਾਰ ਹੋਈ ਰਚਨਾ ਦੇ ਆਧਾਰ ਤੇ ਹੈ ਤਾਂ ਦੂਜੇ ਜਾਂ ਤੀਜੇ ਸਤਿਗੁਰਾਂ ਦੀਆਂ ਇਕ ਤੋਂ ਵੱਧ ਸ਼ਾਦੀਆਂ ਦਾ ਜਿਕਰ ਕਿਉਂ ਨਹੀਂ ? ਮਿਲਾਵਟ ਵਾਲਾ ਤਾਂ ਕੁੱਝ ਵੀ ਮਿਲਾਵਟ ਕਰ ਸਕਦਾ ਸੀ ਫੇਰ ਉਸਨੇ ਪਹਿਲੀਆਂ ਪਾਤਸ਼ਾਹੀਆਂ ਦੇ ਜੀਵਨ 'ਚ ਇੱਕ ਤੋਂ ਵੱਧ ਸ਼ਾਦੀਆਂ ਹੋਣ ਦਾ ਜਿਕਰ ਕਿਉਂ ਨਹੀਂ ਕੀਤਾ ?
ਆਪੂੰ ਬਣੇ ਇਤਿਹਾਸਕਾਰ/ਲੇਖਕ/ਸਿੱਖ-ਖੋਜੀ ਨੇ ਆਪਣੀ ਛੋਟੀ ਮਾਨਸਿਕਤਾ ਦਾ ਸਬੂਤ ਦਿੰਦੇ ਹੋਏ ਲਿਖਿਆ ਕਿ ਗੁਰੂ ਸਾਹਿਬਾਨਾਂ ਦੇ ਇਕ ਤੋਂ ਵੱਧ ਵਿਆਹ ਕਾਮ ਨਾਲ ਜੋੜਨਾ ਇੱਕ ਪਾਪ ਹੋਵੇਗਾ । ਮੈਂ ਜਿੰਨੇ ਵੀ ਇਤਿਹਾਸਕਾਰ ਪੜ੍ਹੇ ਜਾਂ ਸਿੰਘਾਂ ਤੋਂ ਵਿਚਾਰ ਸੁਣੀ ਕਿਸੇ ਇੱਕ ਨੇ ਵੀ ਗੁਰੂ ਸਾਹਿਬਾਨਾਂ ਦੀਆਂ ਇਕ ਤੋਂ ਵੱਧ ਸ਼ਾਦੀਆਂ ਦਾ ਕਾਰਣ ਕਾਮ ਦੀ ਪੂਰਤੀ ਨਹੀਂ ਕਿਹਾ । ਤਾਂ ਫਿਰ ਇਸ ਨਿਹਾਇਤੀ ਛੋਟੀ ਸੋਚ ਦੇ ਮਾਲਕ ਨੇ ਇੰਝ ਕਿੱਦਾਂ ਸੋਚ ਲਿਆ ? ਦੂਜੇ ਪਾਸੇ ਇਸਦੀ ਸੋਚ ਦੇ ਅਨੁਸਾਰ 'ਡੇਰੇਦਾਰਾਂ' ਨੇ ਅਗਿਆਨਤਾ ਦੇ ਆਸਰੇ ਇਕ ਤੋਂ ਵੱਧ ਸ਼ਾਦੀਆਂ ਦਾ ਪ੍ਰਚਾਰ ਕੀਤਾ । ਕਾਲੇ ਨੇ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਤੇ ਭਾਈ ਕਾਨ੍ਹ ਸਿੰਘ ਨਾਭਾ ਵੱਲੋਂ ਲਿਖੇ ਗੁਰ ਸਾਹਿਬ ਦੀਆਂ ਇਤਿਹਾਸਿਕ ਤਰੀਕਾਂ ਨੂੰ ਸਹੀ ਮੰਨ ਕਿ ਆਪਣੀ ਖੋਜ ਕੀਤੀ । ਜੇਕਰ 'ਡੇਰੇਦਾਰਾਂ' ਨੇ ਕੁੱਝ ਸਵਾਰਿਆ ਹੀ ਨਹੀਂ ਹੈ ਤਾਂ ਕੀ ਲੋੜ ਪੈ ਗਈ ਉਨ੍ਹਾਂ ਦੀਆਂ ਲਿਖੀਆਂ ਕਿਤਾਬਾਂ ਘੋਖਣ ਦੀ ? ਕੀ ਬਿਨਾਂ ਉਨ੍ਹਾਂ ਦੀਆਂ ਕਿਤਾਬਾਂ ਪੜ੍ਹੇ ਇਸ ਦਾ ਉੱਤਰ ਨਹੀਂ ਸੀ ਦਿੱਤਾ ਜਾ ਸਕਦਾ ?
1)     ਗੁਰੂ ਹਰਿ ਗੋਬਿੰਦ ਸਾਹਿਬ ਜੀ (ਜਨਮ ੧੬੫੨ ਸੰਮਤ) ਦੇ ਬਾਬਤ ਕਾਲੇ ਨੇ ਕਿਹਾ ਕਿ ਗੁਰੂ ਸਾਹਿਬ ਦਾ ਵਿਆਹ ੯ ਸਾਲ ਦੀ ਉਮਰ 'ਚ ਕਰਨ ਦੀ ਕੀ ਲੋੜ ਪਈ ਸੀ ਜਦ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਾਦੀ ੧੭ ਸਾਲ ਦੀ ਉਮਰ ਹੋਈ ਸੀ । ਕਾਲੇ ਨੇ ਇਥੇ ਹਵਾਲਾ ਭਾਈ ਕਾਨ੍ਹ ਸਿੰਘ ਹੋਣਾ ਦੇ ਲਿਖੇ ਮਹਾਨ ਕੋਸ਼ ਦਾ ਦਿੱਤਾ । ਓਹਦੇ ਵਿੱਚੋਂ ਹੀ ਉਸਨੇ ਹਵਾਲਾ ਦਿੰਦੇ ਹੋਏ ਕਿਹਾ ਕਿ ਗੁਰੂ ਸਾਹਿਬ ਦੀ ਪਹਿਲੀ ਸੰਤਾਨ ੧੬ ਸਾਲ ਦੀ ਉਮਰ 'ਚ ਹੋਈ ਜਦਕਿ ਬਾਬਾ ਗੁਰਦਿੱਤਾ ਜੀ ਦਾ ਜਨਮ ੧੬੭੦ ਸੰਮਤ 'ਚ ਹੋਇਆ ਲਿਖਿਆ । ਮੈਂ ਆਪਣੀ ਵਿੱਦਿਆ ਦਾ ਕੋਈ ਸ਼ੋਸ਼ਾ ਨਹੀਂ ਕਰਨਾ ਚਾਹੁੰਦਾ ਪਰ ਜਿੰਨਾ ਕੁ ਮੈਂ ਪੜ੍ਹਿਆ ਲਿਖਿਆ ਵਾ, ਅਤੇ ਕੋਈ ਵੀ ਅਨਪੜ੍ਹ ਇਨਸਾਨ, ਇਸ ਸਿੱਟੇ ਤੇ ਪੁੱਜ ਸਕਦਾ ਹੈ ਕਿ ਉਸ ਵਕਤ ਗੁਰੂ ਸਾਹਿਬ ਦੀ ਉਮਰ ੧੬੭੦-੧੬੫੨=੧੮ ਸਾਲ ਦੀ ਸੀ । ਜਿਹੜੇ ਬੰਦੇ ਨੂੰ ਘਟਾਉ ਨਹੀਂ ਕਰਨਾ ਆਉਂਦਾ ਓਹ ਹੁਣ ਇਤਿਹਾਸ ਤੇ ਗੁਰਬਾਣੀ ਦੀ ਗੱਲ ਕਰੇਗਾ !
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਵੇਲੇ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੀ ਉਮਰ ਕੇਵਲ ੧੧ ਸਾਲ ਸੀ । ਗੁਰੂ ਸਾਹਿਬ ਦਾ ੯ ਸਾਲ ਦੀ ਉਮਰ 'ਚ ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਰਿਸ਼ਤਾ ਕਰਨਾ ਤਾਂ ਸਿਰਫ ਗੁਰੂ ਸਾਹਿਬ ਨੂੰ ਪਤਾ ਹੈ । ਅਸੀਂ ਤਾਂ ਸਿਰਫ਼ ਇਤਿਹਾਸ ਫਰੋਲ ਕੇ ਉੱਤਰ ਦੇ ਸਕਦੇ ਹਾਂ । ਅੱਜ ਕੱਲ੍ਹ ਦੇ ਇਸ ਦੌਰ 'ਚ ਅਸੀਂ ਗੁਰੂ ਸਾਹਿਬ ਦੀ ਕੀਤੀ ਹਰ ਇੱਕ ਗੱਲ ਕੱਟਣ ਲਈ ਆਪਣੇ ਪ੍ਰਸ਼ਨ ਲੈ ਕੇ ਹਾਜ਼ਰ ਹੋ ਜਾਂਦੇ ਹਾਂ । ਅਸੀਂ ਉਸ ਅਕਾਲ ਪੁਰਖੁ ਦੀ ਜੋਤਿ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਜਿਸਨੂੰ ਜਾਨਣ ਲਈ ਸਿੱਧਾਂ ਨੇ ਆਪਣੇ ਕਈ ਸਾਲ ਗੁਜ਼ਾਰ ਦਿੱਤੇ ਸਨ । ਹੁਣ ਜੇਕਰ ਕੋਈ ਪੁੱਛੇ ਕਿ ਰੱਬ ਨੂੰ ਇਸ ਦੁਨੀਆਂ ਬਣਾਉਣ ਦੀ ਕੀ ਲੋੜ ਪਈ ਸੀ, ਇਸਦਾ ਕੀ ਉੱਤਰ ਦਿੱਤਾ ਜਾ ਸਕਦਾ ਹੈ ?
ਗੁਰੂ ਨਾਨਕ ਦੇਵ ਜੀ ਦਾ ਵਿਆਹ ੧੮ ਸਾਲ, ਦੂਜੀ ਪਾਤਸ਼ਾਹੀ ਦਾ ੧੫ ਸਾਲ, ਤੀਜੀ ਪਾਤਸ਼ਾਹੀ ਦਾ ੨੩ ਸਾਲ, ਚੌਥੀ ਪਾਤਸ਼ਾਹੀ ਦਾ ੧੯ ਸਾਲ 'ਚ ਹੋਇਆ । ਇਹ ਸਾਰੀਆਂ ਤਰੀਕਾਂ ਮੇਰੇ ਕੋਲ ਮੌਜੂਦ ਮਹਾਨ ਕੋਸ਼ ਵਿੱਚੋਂ ਲਈਆਂ ਗਈਆਂ ਹਨ । ਮੇਰੇ ਲਿਖਣ ਦਾ ਕਾਰਣ ਇਹ ਹੈ ਕਿ ਕਾਲੇ ਨੇ ਇਹ ਦਲੀਲ ਦਿੱਤੀ ਕਿ ਜੇ ਗੁਰੂ ਅਰਜਨ ਦੇਵ ਜੀ ਦੀ ਸ਼ਾਦੀ ੧੬ ਸਾਲ ਦੀ ਉਮਰ 'ਚ ਹੋਈ ਸੀ, ਫਿਰ ਕੀ ਲੋੜ ਪਈ ਸੀ ਓਹਨਾਂ ਨੂੰ ਆਪਣੇ ਪੁੱਤਰ ਦਾ ਵਿਆਹ ੯ ਸਾਲ ਦੀ ਉਮਰ 'ਚ ਕਰਨ ਦੀ । ਇਸੇ ਦਲੀਲ ਨੂੰ ਆਧਾਰ ਬਣਾ ਕਿ ਦੂਜੀਆਂ ਪਾਤਿਸ਼ਾਹੀਆਂ ਬਾਰੇ ਵੀ ਇਹ ਪ੍ਰਸ਼ਨ ਕੀਤਾ ਜਾ ਸਕਦਾ ਹੈ । ਜਾਂ ਫਿਰ ਉਨ੍ਹਾਂ ਦੀਆਂ ਉਮਰਾਂ ਨੂੰ ਆਧਾਰ ਬਣਾ ਕੇ ਅਗਲੀਆਂ ਪਾਤਿਸ਼ਾਹੀਆਂ ਦਾ । ਮੁੱਕਦੀ ਗੱਲ ਇਹ ਹੈ ਕਿ ਇਹ ਇੱਕ ਅਜਿਹੀ ਪ੍ਰਸ਼ਨਾਂ ਉੱਤਰਾਂ ਦੀ ਲੜੀ ਲੱਗ ਜਾਵੇਗੀ ਜਿਸਦਾ ਜਵਾਬ ਕਿਸੇ ਕੋਲ ਨਹੀਂ ਹੋਵੇਗਾ ।
ਜੇ ਆਪਾਂ ਇਹ ਤਰੀਕਾਂ ਗਲਤ ਵੀ ਮੰਨ ਲਈਏ ਆਪਣੀ ਕਾਮਰੇਡੀ ਸੋਚ ਕਰਕੇ, ਤਾਂ ਅਸਲੀ ਤਰੀਕਾਂ ਕਿਹੜੀਆਂ ਹਨ ? ਮੂੰਹ ਖੋਲਣ ਲੱਗੇ ਇਹ ਲੋਕ ਬਿਲਕੁਲ ਵੀ ਸਮਾਂ ਨਹੀਂ ਲਾਉਂਦੇ, ਪਰ ਜਦ ਜਵਾ ਮੰਗੋ ਤਾਂ ਇੰਝ ਬਹਿ ਜਾਂਦੇ ਨੇ ਜਿਵੇ ਕਿਸੇ ਸੱਪ ਨੇ ਡੰਗ ਮਾਰਿਆ ਹੋਵੇ । ਕਾਲੇ ਨੇ ਆਪਣਾ ਏਨਾ ਸਮਾਂ ਬਰਬਾਦ ਕੀਤਾ ਪੁਸਤਕਾਂ ਲਿਖਣ ', ਕੀ ਕਿਤੇ ਲਿਖਿਆਂ ਕਿ ਗੁਰੂ ਸਾਹਿਬਾਨ ਦੀਆਂ ਅਸਲ ਤਰੀਕਾਂ ਕੀ ਹਨ ?
ਅੱਜ ਦੀ ਪੀੜ੍ਹੀ ਨੂੰ ਕੁੱਝ ਵੀ ਮਨਾਇਆ ਜਾ ਸਕਦਾ ਹੈ ਕਿਉਂਕਿ ਉਨ੍ਹਾਂ ਦੀ ਕੋਈ ਖੋਜ ਨਹੀਂ ਹੈ । ਕੋਈ ਵੀ ਅਨਪੜ੍ਹ ਬੰਦਾ ਕੁੱਝ ਵੀ ਲਿੱਖ ਦਿੰਦਾ ਹੈ ਤੇ ਅਸੀਂ ਉਸਨੂੰ ਆਧਾਰ ਬਣਾ ਕਿ ਗੁਰਬਾਣੀ ਅਤੇ ਗੁਰ ਇਤਿਹਾਸ ਭੰਡਣ ਲੱਗ ਪੈਂਦੇ ਹਾਂ ।

ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥

ਉੱਪਰ ਦਿੱਤੀ ਪੰਕਤੀ ਦਾ ਸਹਾਰਾ ਲੈ ਕੇ ਕਾਲਾ ਅੱਗੇ ਲਿਖਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੀ ਜੋਤਿ ਨੂੰ ਇਕ ਤੋਂ ਵੱਧ ਸ਼ਾਦੀਆਂ ਦੀ ਲੋੜ ਕਿਉਂ ਪਈ । ਇਸੇ ਪੰਕਤੀ ਦਾ ਸਹਾਰਾ ਲੈ ਕਿ ਇਹ ਵੀ ਕਿਹਾ ਜਾ ਸਕਦਾ ਹੈ ਕਿ ਜਦ ਪਹਿਲੀਆਂ ਪੰਜ ਪਾਤਿਸ਼ਾਹੀਆਂ ਨੇ ਸਿੱਖਾਂ ਨੂੰ ਹਥਿਆਰਬੰਦ ਨਹੀਂ ਕੀਤਾ ਤਾਂ ਛੇਵੇਂ ਸਤਿਗੁਰਾ ਨੇ ਕਿਉਂ ? ਕੀ ਗੁਰੂ ਹਰਿਗੋਬਿੰਦ ਸਾਹਿਬ 'ਚ ਓਸ ਗੁਰੂ ਨਾਨਕ ਦੀ ਜੋਤਿ ਨਹੀਂ ਸੀ ਜਿਸਦਾ ਸਹਾਰਾ ਕਾਲਾ ਥਾਂ-ਥਾਂ ਪਰ ਲੈ ਰਿਹਾ ਹੈ ? ਜੇਕਰ ਬਹੁਤੇ ਇਹ ਕਹਿਣ ਕਿ ਜੁਲਮ ਕਰਕੇ, ਤਾਂ ਜੁਲਮ ਛੇਵੇਂ ਸਤਿਗੁਰਾਂ ਤੋਂ ਪਹਿਲਾਂ ਵੀ ਹੋ ਰਿਹਾ ਸੀ। ਇਹ ਤਾਂ ਜਦ ਇਤਿਹਾਸ ਪੜ੍ਹਿਆ ਹੋਵੇ ਫੇਰ ਉੱਤਰ ਮਿਲਦੇ ਹਨ ।

ਆਪੇ ਆਪਿ ਆਪ ਹੀ ਆਪੇ ਸਭੁ ਆਪਨ ਖੇਲੁ ਦਿਖਾਧਾ ॥

ਇਹ ਪੰਕਤੀ ਲਿਖ ਤਾਂ ਦਿੱਤੀ ਕਾਲੇ ਨੇ ਪਰ ਅਰਥਾਂ ਦੀ ਸਮਝ ਤੋਂ ਕੋਹਾਂ ਦੂਰ ਹੈ । ਗੁਰੂ ਸਾਹਿਬ ਨੇ ਇਥੇ 'ਆਪ' ਸ਼ਬਦ ਦਾ ਇੰਨੇ ਵਾਰੀ ਪ੍ਰਯੋਗ ਕਿਉਂ ਕੀਤਾ ਹੈ ? ਗੁਰੂ ਸਾਹਿਬ ਕਿਸ ਖੇਡ ਦੀ ਗੱਲ ਕਰ ਰਹੇ ਹਨ ?
ਇਤਿਹਾਸ ਵਿੱਚ ਲਿਖੀਆਂ ਗੁਰੂ ਸਾਹਿਬ ਦੇ ਸਪੁੱਤਰਾਂ ਦੀਆਂ ਜਨਮ ਤਰੀਕਾਂ ਤੋਂ ਇਹ ਸਾਬਿਤ ਹੋ ਜਾਂਦਾ ਹੈ ਕਿ ਇੱਕ ਮਾਤਾ ਦੇ ਉਦਰ ਤੋਂ ਪੰਜ ਸੰਤਾਨਾਂ ਹੋਣੀਆਂ ਅਸੰਭਵ ਹਨ । ਤੇ ਇਹ ਗੱਲ ਕਾਲੇ ਨੇ ਵੀ ਮੰਨੀ ਹੈ । ਇਸ ਤਰ੍ਹਾਂ ਨਾਲ ਸਾਡੇ ਪਾਸ ਦੋ ਗੰਭੀਰ ਸ਼ੰਕੇ ਖੜ੍ਹੇ ਹੋ ਜਾਂਦੇ ਹਨ । ੧. ਕੀ ਗੁਰੂ ਸਾਹਿਬ ਦੀਆਂ ਇਕ ਤੋਂ ਵੱਧ ਸੰਤਾਨਾਂ ਨਹੀਂ ਸਨ ? ੨. ਕੀ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀਆਂ ਜਨਮ ਤਰੀਕਾਂ ਗਲਤ ਹਨ ? ਆਪਣੀ ਕਿਤਾਬ ਵਿੱਚ ਕੋਈ ਵੀ ਖੋਜ ਭਰਪੂਰ ਜਾਣਕਾਰੀ ਦੇਣ ਤੋਂ ਅਸਮਰਥ ਪੰਥ-ਨੂੰ-ਦੋ-ਫਾੜ-ਕਰਨ-ਵਾਲੇ-ਆਪੂੰ-ਬਣੇ ਖੋਜੀ ਨੇ ਇਸ ਬਾਰੇ ਕੋਈ ਵੀ ਰਾਏ ਨਹੀਂ ਦਿੱਤੀ । ਜੇ ਕਰ ਇਹ ਮੰਨ ਲਿਆ ਜਾਵੇ ਕਿ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀਆਂ ਜਨਮ ਤਰੀਕਾਂ ਗਲਤ ਹਨ, ਤਾਂ ਸਹੀ ਕਿਹੜੀਆਂ ਹਨ ? ਏਨੇ ਸਾਲਾਂ ਤੋਂ ਖੋਜ ਕਰ ਰਹੇ ਇਨਸਾਨ ਨੂੰ ਦਸਮ ਗ੍ਰੰਥ ਬਾਰੇ ਸਾਰੀ ਖ਼ਬਰ ਹੈ ਪਰ ਇਤਿਹਾਸ ਵੱਲ ਜਰ੍ਹਾ ਵੀ ਨਿਗਾਹ ਨਹੀਂ ਗਈ ?
ਅਖੀਰ ਤੇ ਇੱਕ ਹੋਰ ਵਿਸ਼ੇ ਤੇ ਗੱਲ ਕਰਨੀ ਰਹਿੰਦੀ ਹੈ ਇਸ ਨੁਕਤੇ 'ਚ ਉਹ ਹੈ ਗੁਰਦੁਆਰਿਆਂ ਦੀ । ਆਪਣੀ ਕਾਲੀ ਬੁੱਧੀ ਦਾ ਇਸਤੇਮਾਲ ਕਰਦੇ ਹੋਏ ਕਾਲੇ ਨੇ ਲਿਖਿਆ ਕਿ ਸਿੱਖ ਕਿਤੇ ਵੀ ਗੁਰਦੁਆਰਾ ਬਣਾ ਦਿੰਦੇ ਨੇ ਬਿਨਾਂ ਇਤਿਹਾਸ ਦੀ ਜਾਂਚ ਕੀਤੇ । ਦੇਖਣਾ ਹੁਣ ਇਹ ਹੋਵੇਗਾ ਕਿ ਇਹ ਲੋਕ ਸਿੱਖਾਂ ਦੇ ਧਾਰਮਿਕ ਸਥਾਨਾਂ ਦੀ ਵੀ ਇੰਝ ਹੀ ਉਸਤਤ ਕਰਦੇ ਨੇ ਜਿਸ ਤਰ੍ਹਾਂ ਬਾਕੀ ਇਤਿਹਾਸ ਦੀ । ਗੁਰੂ ਸਾਹਿਬ ਦੇ ਜੀਵਨ ਨਾਲ ਸੰਬੰਧਿਤ ਪੁਸ਼ਾਕਾਂ ਤੱਕ ਸਿੱਖਾਂ ਨੇ ਸੰਭਾਲ ਕੇ ਰੱਖੀਆਂ ਨੇ, ਤੇ ਜਿਥੇ ਗੁਰੂਆਂ ਦਾ ਅਤੇ ਸਿੱਖਾਂ ਦਾ ਇਤਿਹਾਸ ਹੋਵੇ ਓਥੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਨਾ ਕੀਤਾ ਜਾਵੇ ਇਸ ਤਰ੍ਹਾਂ ਨਹੀਂ ਹੋ ਸਕਦਾ । ਆਉਣ ਵਾਲੀਆ ਪੀੜੀਆਂ ਲਈ ਇਤਿਹਾਸ ਦੀਆਂ ਨਿਸ਼ਾਨੀਆਂ ਜ਼ਰੂਰੀ ਹਨ ।
੧੯੮੪ ਦੇ ਘੱਲੂਘਾਰੇ 'ਚ ਕਿੰਨੇ ਸਿੱਖ ਸ਼ਹੀਦ ਹੋਏ । ਜੇਕਰ ਉਸਦੀ ਯਾਦਗਾਰ ਨਾ ਬਣਾਈ ਜਾਂਦੀ ਤਾਂ ਅੱਜ ਤੋਂ ੨੦੦ ਸਾਲ ਬਾਅਦ ਆਉਣ ਵਾਲੀਆਂ ਕਾਲੇ ਦੇ ਘਰ ਦੀਆਂ ਪੀੜ੍ਹੀਆਂ ਨੇ ਸ਼ਾਇਦ ਇਥੋਂ ਤੱਕ ਕਹਿ ਦੇਣਾ ਸੀ ਕਿ ਕੋਈ ਹਮਲਾ ਹੋਇਆ ਹੀ ਨਹੀਂ ਸੀ ਇਹ ਤਾਂ ਸਿੱਖਾਂ ਨੇ ਆਪਣੇ ਵੱਲੋਂ ਐਂਵੇ ਹੀ ਲਿਖਤਾ ।
2)     ਗੁਰੂ ਹਰਿ ਰਾਇ ਜੀ ਬਾਰੇ ਲਿਖਣ ਲੱਗੇ ਫਿਰ ਤੋਂ ਗਿਆਨ ਤੋਂ ਹੀਣਾ, ਏਜੰਸੀਆਂ ਦਾ ਪਿਆਰਾ, ਅਤੇ ਸਿਰੇ ਦਾ ਅਨਪੜ੍ਹ ਬੰਦਾ ਇਹ ਲਿਖ ਰਿਹਾ ਹੈ ਕਿ ਗੁਰੂ ਸਾਹਿਬ ਦੀਆਂ ੮ ਸ਼ਾਦੀਆਂ ਦੀ ਗੱਲ ਕੋਰੀ ਝੂਠ ਹੈ । ਚੱਲੋ ਤੁਹਾਡੀ ਇਹ ਗੱਲ ਮੰਨ ਵੀ ਲੈਨੇ ਆ ਫਿਰ ਵੀ ਅਗਲੀ ਦਲੀਲ ਤੁਹਾਡੀ ਤੁਹਾਨੂੰ ਸਿਖਰਤਾ ਦੀ ਓਸ ਚੋਟੀ ਤੇ ਪਹੁੰਚਾ ਦਿੰਦੀ ਹੈ ਜਿਸ ਤੇ ਬੈਠ ਕੇ ਤੁਹਾਡੇ ਵਰਗੇ ਪਾਲਤੂ ਪੈਸੇ ਲੈ ਕੇ ਇਤਿਹਾਸ ਨੂੰ ਝੂਠਾ ਸਾਬਿਤ ਕਰਨ ਤੇ ਤੁਲੇ ਹੋਏ ਹਨ ।
ਇਤਿਹਾਸ ਦੀ ਕਥਾ ਸੁਣਦੇ ਹੋਏ ਗੁਰੂ ਹਰਿ ਰਾਏ ਜੀ ਦੀਆਂ ਸ਼ਾਦੀਆਂ ਦਾ ਜਿਕਰ ਆਇਆ । ਓਥੇ ਇਹ ਕਿਹਾ ਗਿਆ ਸੀ ਕਿ ਬਹੁਤ ਸਾਰੀਆਂ ਰਾਣੀਆਂ ਹੋਣ ਕਰਕੇ ੮ ਪੁੱਤਰੀਆਂ ਸਨ। ਪਰ ਸਿੱਖਾਂ ਦਾ ਅਸਲੀ ਦੁਸ਼ਮਣ, ਕਾਲੂ, ਕਹਿੰਦਾ ਹੈ ਕਿ ਇਸ ਤਰ੍ਹਾਂ ਨਹੀਂ ਹੋ ਸਕਦਾ । ਮੂਰਖਤਾ ਦੀ ਸਿਖਰ ਨੂੰ ਛੂਹਦੇ ਹੋਏ ਉਸਨੇ ਲਿਖਿਆ ਕਿ ਗੁਰੂ ਸਾਹਿਬ ਦਾ ਵਿਆਹ ਸਿਰਫ਼ ਇਕ ਮਾਤਾ ਦੇ ਉਦਰ 'ਚੋ ਹੋਈਆਂ ਲੜਕੀਆਂ ਨਾਲ ਦੀ ਹੀ ਗੱਲ ਸਹੀ ਜਾਪਦੀ ਹੈ ਤੇ ਇਸ ਤਰ੍ਹਾਂ ਸਭ ਤੋਂ ਛੋਟੀ ਉਮਰ ਦੀ ਲੜਕੀ ਕੇਵਲ ੩-੪ ਦੀ ਸੀ । ਇਹ ਕਿਸ ਨੇ ਕਿਹਾ ਕਿ ਗੁਰੂ ਸਾਹਿਬ ਦੀਆਂ ਇੱਕ ਤੋਂ ਵੱਧ ਸ਼ਾਦੀਆਂ 'ਚ ੩-੪ ਸਾਲ ਦੀ ਉਮਰ ਦੀ ਲੜਕੀ ਸੀ ? ਇਕ ਤਰਫ਼ ਪਹਿਲਾ ਮੰਨਣਾ ਨਹੀਂ ਕਿ ਗੁਰੂ ਸਾਹਿਬ ਦੀਆਂ ਇਕ ਤੋਂ ਵੱਧ ਸ਼ਾਦੀਆਂ ਹੋਈਆਂ, ਤੇ ਦੂਜੀ ਤਰਫ਼ ਇਕ ਮਾਤਾ ਤੋਂ ੮ ਪੁੱਤਰੀਆਂ ਹੋਣ ਦੀ ਗੱਲ ਬਹੁਤ ਹਾਸੋ-ਹੀਣੀ ਲੱਗਦੀ ਹੈ । ਇੱਕ ਗੁਮਰਾਹਕਾਰ ਨੂੰ ਇਹ ਭਲੀ ਭਾਂਤੀ ਪਤਾ ਹੁੰਦਾ ਹੈ ਕਿ ਉਸਨੇ ਆਪਣੀ ਕਲਮ ਨਾਲ ਕਿਸੇ ਅਣਜਾਣ ਇਨਸਾਨ ਨੂੰ ਕਿਵੇਂ ਭਟਕਾਉਣਾ ਹੈ ।
ਆਪਣੀ ਜ਼ਿੰਦਗੀ 'ਚ ਵਾਪਰ ਰਹੀਆਂ ਘਟਨਾਵਾਂ ਨੂੰ ਹੀ ਆਧਾਰ ਬਣਾ ਕੇ ਅਸੀਂ ਆਪਣਾ ਪਿਛੋਕੜ ਭੁਲਾ ਰਹੇ ਹਾਂ । ਸਾਨੂੰ ਅੱਜ ਇਹ ਵੀ ਗੱਲ ਨਹੀਂ ਭਾਉਂਦੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ੪੦ ਸਿੰਘ ਚਮਕੌਰ ਦੀ ਗੜ੍ਹੀ 'ਚ ਲੱਖਾਂ ਨੂੰ ਮਾਤ ਦੇ ਸਕਦੇ ਸਨ । ਇਸਦਾ ਮੁਢਲਾ ਕਾਰਨ ਆਪਣੇ ਗੁਰੂ 'ਤੇ ਸ਼ਰਧਾ ਘੱਟ ਤੇ ਬੁੱਧੀ ਤੇ ਜ਼ਿਆਦਾ ਹੋਣਾ ਹੋ ਸਕਦਾ ਹੈ । ਬਹੁਤੀ ਦੂਰ ਹੀ ਨੀ ਜਾਂਦੇ, ਆਪਾਂ ੧੯੮੪ 'ਚ ਹੋਏ ਹਮਲੇ ਦੀ ਹੀ ਗੱਲ ਕਰ ਲੈਂਦੇ ਹਾਂ । ਸਿੰਘਾਂ ਨੇ ਕਿਸ ਤਰ੍ਹਾਂ ਨਾਲ ਯੁੱਧ ਕੀਤਾ ਇਹ ਸਾਰੇ ਭਲੀ ਭਾਂਤੀ ਜਾਣਦੇ ਹਨ, ਪਰ ਕੁਝ ਸ਼ਰਾਰਤੀ ਲੋਕ ਅਜੇ ਵੀ ਇਹ ਹੀ ਮੰਨ ਰਹੇ ਹਨ ਕਿ ਓਥੇ ਸਿਰਫ ਕੁਝ ਗਿਣਤੀ ਦੀ ਹੀ ਫ਼ੌਜ ਸੀ । ਚਮਕੌਰ ਦੀ ਗੜ੍ਹੀ ਤੇ ਗੁਰੂ ਸਾਹਿਬ ਦਾ ਇਤਿਹਾਸ ਤਾਂ ਬਹੁਤ ਦੂਰ ਦੀ ਗੱਲ ਹੈ ਅਸੀਂ ਤਾਂ ੩੪ ਸਾਲ ਪਹਿਲਾ ਹੋਏ ਹਮਲੇ 'ਚ ਸ਼ਹੀਦ ਹੋਏ ਸਿੰਘਾਂ ਦੀ ਸ਼ਹੀਦੀ ਨੂੰ ਹੀ ਰੋਲ ਦਿੱਤਾ ਹੈ ।
ਮੈਂ ਲਿਖਣਾ ਬਹੁਤ ਲੰਮੇ ਸਮੇਂ ਤੋਂ ਸ਼ੁਰੂ ਨਹੀਂ ਕੀਤਾ । ਮੇਰੇ ਲਿਖਣ ਦਾ ਮੁੱਖ ਕਾਰਣ ਇਤਿਹਾਸ ਤੇ ਗੁਰਬਾਣੀ ਨਕਾਰਨ ਵਾਲੇ ਲੋਕਾਂ ਨੂੰ ਜਵਾਬ ਦੇਣਾ ਸੀ । ਹਾਲਾਂਕਿ ਮੈਂ ਹਜੇ ਬਹੁਤ ਕੁਝ ਨਹੀਂ ਲਿਖਿਆ ਪਰ ਪੜ੍ਹਿਆ ਤੇ ਸੁਣਿਆ ਬਹੁਤ ਹੈ । ਕਈ ਵਾਰੀ ਇਹ ਦੋ ਚੀਜ਼ਾਂ ਹੀ ਕਾਫ਼ੀ ਹੁੰਦੀਆਂ ਨੇ ਕਿਸੇ ਨੂੰ ਕੁਝ ਸਮਝਾਉਣ ਲਈ  । ਪਰ ਮੇਰੇ ਤੋਂ ਪਹਿਲਾਂ ਆਪੂੰ ਬਣਿਆ ਟੋਲਾ ਕਦੇ ਵੀ ੧੯੮੪ ਦੀ ਗੱਲ ਕਰਦਾ ਨਹੀਂ ਸੁਣਿਆ । ਕਾਲੇ ਨੇ ਕਿੰਨੀਆਂ ਕਿਤਾਬਾਂ ਲਿਖ ਕੇ ਪੈਸਾ ਕਮਾਇਆ ਤੇ ਗੁਮਰਾਹ ਕੀਤਾ, ਪਰ ਕਿੰਨੀਆਂ ਕਿਤਾਬਾਂ '੮੪ ਬਾਰੇ ਲਿਖੀਆਂ ? ਕੀ ਏਜੰਸੀਆਂ ਨੇ ਲਿਖਣ ਲਈ ਪੈਸੇ ਨਹੀਂ ਦਿੱਤੇ ? ਆਪਣੇ ਆਪ ਨੂੰ ਪੰਥ ਹਿਤੈਸ਼ੀ ਕਹਾਉਣ ਵਾਲੇ ਦੇ ਮਨ 'ਚ ਇਹ ਕਦੇ ਖ਼ਿਆਲ ਨਹੀਂ ਆਇਆ ਕਿ '੮੦ ਦੇ ਦਹਾਕਿਆਂ 'ਚ ਹੋਏ ਘਾਣ ਬਾਰੇ ਲਿਖੀਏ ?
3)     ਅਖੀਰ ਤੇ ਗੱਲ ਆ ਜਾਂਦੀ ਹੈ ਗੁਰੂ ਗੋਬਿੰਦ ਸਿੰਘ ਜੀ ਦੀਆਂ ਸ਼ਾਦੀਆਂ ਦੀ । ਇਸ ਬਾਰੇ ਏਜੰਸੀ-ਭਗਤ ਨੇ ਬਹੁਤ ਜ਼ਿਆਦਾ ਆਪਣੀ ਮੂਰਖਤਾ ਦਾ ਸਬੂਤ ਪੇਸ਼ ਕੀਤਾ ਹੈ । ਜੇ ਕਦੇ ਇੱਕ ਲਿਸਟ ਤਿਆਰ ਕੀਤੀ ਗਈ ਜਿਸ ਵਿੱਚ ਬਹੁਤੇ ਮੂਰਖ਼ ਲੋਕਾਂ ਦਾ ਨਾਂ ਹੋਵੇ ਤਾਂ ਕਾਲੇ ਦਾ ਨਾਂ ਉਸ ਸੂਚੀ 'ਚ ਜ਼ਰੂਰ ਹੋਵੇਗਾ ।
ਖੈਰ ਆਪਾਂ ਗੱਲ ਕਰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਸ਼ਾਦੀਆਂ ਦੀ । ਇਤਿਹਾਸ 'ਚ ਗੁਰੂ ਸਾਹਿਬ ਦੀਆਂ ਤਿੰਨ ਸ਼ਾਦੀਆਂ ਹੋਣਾ ਲਿਖਿਆ ਹੈ। ਪਹਿਲਾ ਵਿਆਹ ਮਾਤਾ ਜੀਤੋ ਜੀ ਨਾਲ, ਦੂਜਾ ਮਾਤਾ ਸੁੰਦਰੀ ਜੀ ਨਾਲ, ਅਤੇ ਤੀਜਾ ਮਾਤਾ ਸਾਹਿਬ ਦੇਵਾ ਜੀ ਨਾਲ । ਬਹੁਤੀ ਡੂੰਗੀ ਵਿਚਾਰ ਕਰਨ ਤੋਂ ਪਹਿਲਾ ਆਪਾਂ ਕੁਝ ਮੋਟੀਆਂ-ਮੋਟੀਆਂ ਗੱਲਾ ਕਰ ਲੈਂਦੇ ਹਾਂ ।
ਭਾਈ ਕਾਨ੍ਹ ਸਿੰਘ ਜੀ ਵੱਲੋਂ ਲਿਖੇ ਮਹਾਨ ਕੋਸ਼ 'ਚ ਮਾਤਾ ਸਾਹਿਬ ਕੌਰ ਜੀ ਨਾਲ ਵਿਆਹ ੧੭੫੭ ਸੰਮਤ ਲਿਖਿਆ ਹੈ । ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਵੱਲੋਂ ਲਿਖੇ ਗੁਰਬਾਣੀ ਪਾਠ ਦਰਪਣ 'ਚ ੧੭੫੬ ਸੰਮਤ ਨੂੰ ਮਾਤਾ ਸਾਹਿਬ ਕੌਰ ਜੀ ਦੀ ਝੋਲੀ 'ਚ ਖਾਲਸਾ ਪੰਥ ਪਾਉਣਾ ਲਿਖਿਆ ਹੈ । ਗੁਰ-ਨਿੰਦਕ ਨੂੰ ਇਸ ਉੱਤੇ ਖੋਜ ਕਰਨੀ ਚਾਹੀਦੀ ਸੀ । ਪਰ ਇਹ ਨਾ ਕਰਦੇ ਹੋਏ ਇਸ ਰਾਹੀਂ ਇੱਕ ਨਵਾਂ ਸ਼ੰਕਾ ਖੜ੍ਹਾ ਕੀਤਾ ਗਿਆ ਕਿ ਜਿਸ ਦਾ ਜਿਵੇਂ ਜੀ ਚਾਹੇ ਓਵੇਂ ਲਿਖੀ ਜਾਂਦਾ ਹੈ ਤੇ ਇਹਨਾਂ ਲਿਖਤਾਂ ਤੇ ਭਰੋਸਾ ਕਰਨਾ ਇੱਕ ਭੰਬਲਭੂਸੇ ਵਾਲੀ ਗੱਲ ਹੋਵੇਗੀ ।
ਗੁਰਬਿਲਾਸ ਪਾਤਿਸ਼ਾਹੀ ੧੦ਵੀਂ ਦੇ ਕਰਤਾ ਕੁਇਰ ਸਿੰਘ ਖਾਲਸਾ ਪੰਥ ਦੀ ਸਾਜਨਾ ੧੭੪੬ ਬਿਕ੍ਰਮੀ ਲਿਖਦੇ ਹਨ ਜੋ ਕਿ ਸੰਨ ੧੬੮੯ ਈ: ਬਣਦਾ ਹੈ । ਗੁਰੂ ਸਾਹਿਬ ਦਾ ਲਿਖਿਆ ਬਚਿਤ੍ਰ ਨਾਟਕ ਤਾਂ ਕਾਲੂ ਨੇ ਪਹਿਲਾਂ ਹੀ ਨਕਾਰ ਦਿੱਤਾ ਹੈ । ਉਸ ਦੀ ਮੱਦਦ ਨਾਲ ਇਤਿਹਾਸ ਦਾ ਮੁਲਾਂਕਣ ਕਰਨ ਦੀ ਗੱਲ ਤਾਂ ਬਹੁਤ ਦੂਰ ਰਹਿ ਗਈ । ਸ੍ਰੀ ਗੁਰੂ ਸੋਭਾ ਗ੍ਰੰਥ ਦਾ ਕਰਤਾ ਸੈਨਾਪਤਿ ਇਹ ਸੰਮਤ ੧੭੫੬ ਲਿਖਦਾ ਹੈ । ਕਈਆਂ ਹੋਰ ਸੱਜਣਾਂ ਨੇ ਇਹ ਸੰਮਤ ੧੭੫੨ ਅਤੇ ੧੭੫੫ ਵੀ ਲਿਖਿਆ ਹੈ ਜਿਵੇਂ ਡਾ: ਗੰਡਾ ਸਿੰਘ ਹੋਣਾ ਨੇ ਸ੍ਰੀ ਗੁਰੂ ਸੋਭਾ ਗ੍ਰੰਥ ਦੀ ਭੂਮਿਕਾ 'ਚ ਲਿਖਿਆ ਹੈ । ਆਪਣੇ ਕੋਲ ਚਾਰ ਸੰਮਤ ਬਣ ਗਏ ਹਨ । ਜੇਕਰ ਕਾਲੂ ਵਰਗੀ ਕਾਲੀ ਬੁੱਧੀ ਦਾ ਇਸਤਮਾਲ ਕੀਤਾ ਜਾਵੇ ਤਾਂ ਕਿਸ ਸੰਮਤ ਨੂੰ ਸਹੀ ਮੰਨਾਂਗੇ ? ਇਹ ਗੱਲ ਸਿਰਫ਼ ਸ਼ਾਦੀਆਂ ਤੇ ਹੀ ਕਿਉਂ ਰੁਕ ਗਈ ? ਖਾਲਸਾ ਪੰਥ ਦੀ ਸਿਰਜਣਾ ਦਾ ਨਿਰਣਾ ਕੌਣ ਕਰੇਗਾ ?
ਪਿਆਰੇ ਪਾਠਕੋ, ਇਤਿਹਾਸ ਦੀਆਂ ਕਈ ਤਰੀਕਾਂ ਖਾਲਸਾ ਪੰਥ 'ਚ ਜਿਵੇਂ ਚਲਦੀਆਂ ਆਈਆਂ ਉਸ ਤਰ੍ਹਾਂ ਹੀ ਚੱਲਦੀਆਂ ਰਹਿਣਗੀਆਂ । ਇਤਿਹਾਸ ਲਿਖਣਾ ਕੋਈ ਸੋਖੀ ਗੱਲ ਨਹੀਂ ਹੁੰਦੀ । ਹਾਂ ਜੇਕਰ ਇਕ ਇਤਿਹਾਸਕਾਰ ਖੋਜੀ ਕੋਲ ਬਹੁਤ ਸਾਰੀਆਂ ਰਚਨਾਵਾਂ ਹੋਣ ਤਾਂ ਵੱਖਰੀ ਗੱਲ ਹੈ । ਓਸ ਸਮੇਂ ਤੇ ਲਿਖਿਆ ਇਤਿਹਾਸ ਬਹੁਤ ਵਾਰੀ ਅੱਖੀਂ ਡਿੱਠਾ ਹਾਲ, ਸੁਣੀਆਂ ਸੁਣਾਈਆਂ ਗੱਲਾ, ਜਾਂ ਕਿਤੇ ਪੁਰਾਣੀ ਹੱਥ ਲਿਖਤ ਕਾਪੀ ਦਾ ਮਿਲਣਾ ਸੀ । ਇਸ ਸਮੇਂ ਆਪਣੇ ਕੋਲ ਬਹੁਤ ਸਾਰੇ ਸਰੋਤ ਹਨ ਜਿਨ੍ਹਾਂ ਦੀ ਪੜਤਾਲ ਕਰਕੇ ਇਕ ਖੋਜੀ ਕਿਸੇ ਸਿੱਟੇ ਤੇ ਪਹੁੰਚ ਸਕਦਾ ਹੈ ।
ਆਪਾ ਇੱਕ ਹੋਰ ਉਦਾਹਰਣ ਲੈ ਸਕਦੇ ਹਾਂ । ਗੁਰੂ ਨਾਨਕ ਦੇਵ ਜੀ ਦੇ ਜਨਮ ਬਾਰੇ ਬਹੁਤੇ ਖੋਜੀਆਂ ਨੇ ਰੋਲ੍ਹਾ ਪਾਇਆ ਹੋਇਆ ਸੀ ੨੦ਵੀਂ ਸਦੀ ਦੇ ਸ਼ੁਰੂਆਤ 'ਚ । ਅੱਜ ਵੀ ਆਪਾਂ ਨੂੰ ਪੜ੍ਹਨ ਲਈ ਬਹੁਤ ਸਾਰੀਆਂ ਕਿਤਾਬਾਂ ਮਿੱਲ ਸਕਦੀਆਂ ਹਨ । ਜਦੋਂ ਵੀ ਇਸਦੀ ਗੱਲ ਚੱਲਦੀ ਹੈ ਤਾਂ ਬਹੁਤੇ ਏਜੰਸੀਆਂ ਦੇ ਹਰਮਨ ਪਿਆਰੇ, ਕਰਮ ਸਿੰਘ ਹਿਸਟੋਰੀਅਨ ਨੂੰ ਗੱਲ 'ਚ ਘਸੀਟ ਲਿਆਉਂਦੇ ਹਨ ਜਿਸਦਾ ਮੁੱਖ ਕਾਰਣ ਭਾਈ ਬਾਲੇ ਵਾਲੀ ਜਨਮ ਸਾਖੀ ਨਿਕਾਰਨਾ ਹੁੰਦਾ ਹੈ । ਇਹ ਲੋਕ ਇਹ ਮੰਨਦੇ ਹਨ ਕਿ ਇਹ ਸਾਖੀ ਕਿਸੇ ਹੋਰ ਨੇ ਲਿਖੀ ਸੀ ਤੇ ਬਾਕੀ ਦੀਆਂ ਲਿਖੀਆਂ ਗੱਲਾਂ ਵੀ ਗ਼ਲਤ ਹਨ । 'ਮੈਂ ਨਾ ਮਾਨੂੰ' ਵਾਲੀ ਰੱਟ ਤੇ ਗੁਰੂ ਸਾਹਿਬ ਨੂੰ ਇਕ ਆਮ ਇਨਸਾਨ ਦਿਖਾਉਣਾ ਹੀ ਇਨ੍ਹਾਂ ਦਾ ਮੁੱਖ ਮਕਸਦ ਬਣ ਗਿਆ ਹੈ।  ਹਾਲਾਂਕਿ ਕਰਮ ਸਿੰਘ ਹੋਣਾ ਨੇ ਕੁਝ ਕੁ ਸਾਖੀਆਂ ਨਿਕਾਰੀਆਂ ਹਨ ਜਿਨ੍ਹਾਂ 'ਚ ਗੁਰੂ ਸਾਹਿਬ ਨੂੰ ਇਕ ਆਮ ਇਨਸਾਨ ਦਿਖਾ ਕੇ ਉਨ੍ਹਾਂ ਦੀ ਜੀਵਨੀ ਨੂੰ ਖ਼ਰਾਬ ਕੀਤਾ ਗਿਆ, ਜੋ ਕਿ ਹਰ ਇਕ ਸਿੱਖ ਸਮਝ ਸਕਦਾ ਹੈ ।
ਆਉ ਆਪਾਂ ਹੁਣ ਜਨਮ ਅਸਥਾਨਾਂ ਦੀ ਗੱਲ ਕਰੀਏ । ਮਾਤਾ ਜੀਤੋ ਜੀ ਦਾ ਜਨਮ ਅਸਥਾਨ ਲਾਹੌਰ ਸੀ । ਅਤੇ ਮਾਤਾ ਸੁੰਦਰ ਕੌਰ ਜੀ ਹੁਸ਼ਿਆਰਪੁਰ ਤੋਂ ਸਨ । ਪਰ ਆਪਣੇ ਘੁੱਗੂਮਲ ਨੇ ਦੋਹਾਂ ਮਾਤਾਵਾਂ ਦਾ ਜਨਮ ਅਸਥਾਨ ਲਾਹੌਰ ਲਿਖਿਆ ਹੈ ਜਿਸਦਾ ਮੂਲ ਕਾਰਣ ਭਾਈ ਕਾਨ੍ਹ ਸਿੰਘ ਜੀ ਵੱਲੋਂ ਲਿਖਿਆ ਮਹਾਨ ਕੋਸ਼ ਹੈ । ਕਿਉਂਕਿ ਹੁਣ ਕਾਲੂ ਨੇ ਆਪਣੇ ਲੇਖ 'ਚ ਇੱਕ ਹੋਰ ਨਵਾ ਪੈਂਤੜਾ ਵਰਤਨਾ ਹੈ ਇਸ ਕਰਕੇ ਉਸਨੇ ਗੁਰਬਾਣੀ ਪਾਠ ਦਰਪਣ ਦੀ ਗੱਲ ਨਹੀਂ ਕੀਤੀ ਚੂੰਕਿ ਓਥੇ ਦੋ ਅਲੱਗ-ਅਲੱਗ ਜਗ੍ਹਾਵਾਂ ਦੀ ਗੱਲ ਕੀਤੀ ਹੋਈ ਹੈ । ਜਦ ਸਿੱਖਾਂ ਨੂੰ ਦੋ-ਫਾੜ ਕਰਨ ਦੀ ਗੱਲ ਹੋਵੇ ਤਾਂ ਅਲੱਗ-ਅਲੱਗ ਸਰੋਤ ਲੈ ਕੇ ਆਵੋ । ਜਦ ਆਪਣੀ ਗੱਲ ਸਿੱਧ ਕਰਨੀ ਹੋਵੇ ਤਾਂ ਕੁੱਝ ਵੀ ਚੱਕ ਲੋ । ਵਾ ਬਈ ਅਕਲ ਦੇ ਅੰਨ੍ਹੇ, ਕਿਆ ਬਾਤਾਂ ਨੇ ਤੇਰੀਆਂ ।
ਦੂਜੇ ਨੁੱਕਤੇ ਵਿੱਚ ਮਲੀਣ ਬੁੱਧੀ ਵਾਲਾ ਇਨਸਾਨ ਕਹਿੰਦਾ ਹੈ ਕਿ ਮਾਤਾ ਸਾਹਿਬ ਕੌਰ ਜੀ ਦੀ ਕੁੱਖ ਤੋਂ ਸਾਹਿਬਜ਼ਾਦੇ ਅਜੀਤ ਸਿੰਘ ਜੀ ਦਾ ਜਨਮ ਹੋਇਆ ਜਦ ਕਿ ਉਨ੍ਹਾਂ ਦਾ ਵਿਆਹ ਮਾਤਾ ਅਜੀਤ ਕੌਰ ਜੀ ਤੋਂ ਪਹਿਲਾਂ ਹੋਇਆ ਸੀ ਤਾਂ ਕੀ ਕਾਰਣ ਸੀ ਕਿ ਮਾਤਾ ਅਜੀਤ ਕੌਰ ਦੇ ਸੰਤਾਨ ਇਹਨੇ ਸਾਲ ਬਾਅਦ ਹੋਈ । ਪਿੱਛੇ ਜਿਹੇ ਉਸਨੇ ਗੁਰੂ ਅਰਜਨ ਦੇਵ ਜੀ ਦੀ ਗੱਲ ਕਰਦੇ ਹੋਏ ਲਿਖਿਆ ਕਿ ਗੁਰੂ ਸਾਹਿਬ ਦੇ ਘਰ ਪਹਿਲੀ ਸੰਤਾਨ ੩੨ ਸਾਲ ਦੀ ਉਮਰ 'ਚ ਹੋਈ । ਗੁਰੂ ਅਰਜਨ ਦੇਵ ਜੀ ਬਾਰੇ ਇਸਨੂੰ ਕੋਈ ਸ਼ੰਕਾ ਨਹੀਂ, ਕੋਈ ਪ੍ਰਸ਼ਨ ਨਹੀਂ, ਪਰ ਜਦੋਂ ਆਈ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਤਾਂ ਖੁਰਕ ਹੋਣ ਲੱਗਗੀ । ਇਸ ਤਰ੍ਹਾਂ ਦੇ ਦੋਗ਼ਲੇ ਲੋਕਾਂ ਨੇ ਇਸ ਸੰਸਾਰ ਨੂੰ ਇਕ ਅਜਿਹੇ ਰਾਹ ਤੇ ਆ ਕੇ ਖੜ੍ਹਾ ਕਰ ਦਿੱਤਾ ਹੈ ਕਿ ਨਾ ਕੋਈ ਅੱਗੇ ਜਾ ਸਕਦਾ ਹੈ ਨਾ ਪਿੱਛੇ ।
ਆਪਣੀ ਛੋਟੀ ਜਿਹੀ ਬੁੱਧੀ ਨਾਲ ਅਸੀਂ ਓਸ ਅਕਾਲ ਪੁਰਖੁ ਨੂੰ ਸਮਝਣ ਦੀ ਕੋਸ਼ਿਸ਼ ਵਿੱਚ ਜੁਟੇ ਹੋਏ ਹਾਂ ਜਿਸਦਾ ਕੋਈ ਆਰ ਪਾਰ ਨਹੀਂ । ਜਿਸਨੇ ਆਪਾਂ ਨੂੰ ਮਨੁੱਖੀ ਦੇਹ ਦੇ ਕੇ ਆਪਣੇ 'ਤੇ ਇਹਨਾਂ ਵੱਡਾ ਉਪਕਾਰ ਕੀਤਾ ਕਿ ਇਸਦਾ ਦੇਣਾ ਨਹੀਂ ਦਿੱਤਾ ਜਾ ਸਕਦਾ । ਸੁਖਮਨੀ ਸਾਹਿਬ ਵਿੱਚ ਫੁਰਮਾਣ ਹੈ:

ਜਾ ਕੀ ਲੀਲਾ ਕੀ ਮਿਤਿ ਨਾਹਿ ॥ ਸਗਲ ਦੇਵ ਹਾਰੇ ਅਵਗਾਹਿ ॥
ਪਿਤਾ ਕਾ ਜਨਮੁ ਕਿ ਜਾਨੈ ਪੂਤੁ ॥ ਸਗਲ ਪਰੋਈ ਅਪੁਨੈ ਸੂਤਿ ॥

ਓਸ ਪਰਮ ਪਿਤਾ ਦੇ ਕੀਤੇ ਹੋਏ ਵਿਚਾਰਾਂ ਅਤੇ ਜੀਵਨੀ ਨੂੰ ਅਸੀਂ ਕਿੰਨੀ ਵੀ ਕੋਸ਼ਿਸ਼ ਕਰ ਲਈਏ ਨਹੀਂ ਸਮਝ ਸਕਦੇ । ਅਸੀਂ ਉਸਦੀ ਉਪਮਾ ਕਰ ਸਕਦੇ ਹਾਂ, ਉਸਦੀ ਜੀਵਨੀ ਪੜ੍ਹ ਸਕਦੇ ਹਾਂ, ਪਰ ਅਸੀਂ ਕਦੇ ਵੀ ਇਹ ਸਿੱਟੇ ਤੇ ਨਹੀਂ ਪੁੱਜ ਸਕਦੇ ਕਿ ਅਸੀਂ ਉਸਨੂੰ ਸਮਝ ਲਿਆ ਹੈ । ਓਹ ਵਿਚਾਰਾਂ ਤੋਂ ਪਰ੍ਹੇ ਹੈ, ਸਮਝ ਤੋਂ ਪਰ੍ਹੇ ਹੈ । ਜਦੋਂ ਇਕ ਪਿਤਾ ਦਾ ਜਨਮ ਪੁੱਤਰ ਨਹੀਂ ਜਾਣ ਸਕਦਾ ਤਾਂ ਅਸੀਂ ਉਸਦੀਆਂ ਬਾਤਾਂ ਕਿਵੇਂ ਜਾਣੀਏ ? ਕੀ ਮਨੁੱਖੀ ਦੇਹ ਦਾ ਮਿਲਣਾ ਪਰਮਾਤਮਾ ਦਾ ਭੇਦ ਲੱਭਣਾ ਸੀ ਜਾਂ ਉਸਦੀ ਸਿਫ਼ਤ ਸਲਾਹ ? ਇਥੇ ਹੀ ਬਸ ਨਹੀਂ, ਉਸਦੇ ਕੀਤੇ ਹੋਏ ਕੌਤਕ ਵੀ ਸਾਨੂੰ ਅੱਜ ਨਾ-ਸਮਝ ਗੱਲਾਂ ਜਾਪਦੀਆਂ ਹਨ । ਇਕ ਸਿੰਘ ਨੇ ਬੜੇ ਹੀ ਵਧੀਆ ਵਿਚਾਰ ਰੱਖੇ । ਉਸਨੇ ਕਿਹਾ ਕਿ ਜਿੰਨਾਂ ਸਾਨੂੰ ਪਤਾ ਹੈ ਅਸੀਂ ਉਸ ਬੁੱਧੀ ਨਾਲ ਉਸ ਪਰਮਾਤਮਾ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਜੋ ਬੁੱਧੀ ਤੋਂ ਪਰ੍ਹੇ ਹੈ । ਓਹੀ ਹਾਲ ਇਨ੍ਹਾਂ ੮ ਪੜ੍ਹੇ ਮੂਰਖਾਂ ਦਾ ਹੈ । ਮੈਂ ਇਹ ਬਿਲਕੁਲ ਵੀ ਨਹੀਂ ਕਹਿ ਰਿਹਾ ਕਿ ਅਨਪੜ੍ਹ ਲੋਕਾਂ ਨੂੰ ਸੋਝੀ ਨਹੀਂ ਹੁੰਦੀ । ਅਨਪੜ੍ਹਤਾ ਜਦ ਸਾਨੂੰ ਆਪਣੇ ਇਤਿਹਾਸ ਨੂੰ ਨਕਾਰਨ ਤੇ ਲੱਗ ਜਾਏ, ਜਿਸਦਾ ਕਾਰਣ ਬੁੱਧੀ ਹੋਵੇ, ਓਹ ਅਨਪੜ੍ਹਤਾ ਮਾੜੀ ਹੈ, ਫਿਰ ਉਸ 'ਚ ਚਾਹੇ ਪੜ੍ਹੇ ਲਿਖੇ ਲੋਕ ਵੀ ਸ਼ਾਮਿਲ ਕਿਉ ਨਾ ਹੋਣ ।
ਕਾਮ ਵਿੱਚ ਫਸੇ ਹੋਏ ਪਖੰਡੀ ਬੁੱਢਿਆਂ ਨੇ, ਖ਼ਾਸ ਕਰਕੇ ਕਾਲੇ ਤੇ ਦਰਸ਼ੂ ਦੇ ਚੇਲਿਆਂ ਨੇ, ਬਹੁਤ ਹੀ ਨਿੰਦਣਯੋਗ ਗੱਲਾਂ ਗੁਰੂ ਕੀ ਬਾਣੀ ਅਤੇ ਗੁਰੂ ਸਾਹਿਬਾਨ ਬਾਰੇ ਕਹੀਆਂ । ਗੁਰੂ ਸਾਹਿਬ ਨੂੰ ਇਕ ਅਜਿਹੀ ਜਗ੍ਹਾ ਨੇ ਆ ਕੇ ਖੜ੍ਹਾ ਕਰਤਾ ਕਿ ਇਹ ਲੱਗੇ ਕਿ ਗੁਰੂ ਸਾਹਿਬ ਗ਼ਲਤ ਹਨ ਤੇ ਸਾਡੀਆਂ ਕਹੀਆਂ ਦਲੀਲਾਂ ਸਹੀ । ਕਾਮ ਦਾ ਵੇਗ ਹੀ ਐਸਾ ਹੈ ਕਿ ਲੋਕਾਂ ਦੀ ਮੱਤ ਮਾਰ ਕੇ ਰੱਖ ਦਿੰਦਾ ਹੈ ।
ਪਹਿਲੇ ਹੀ ਭਾਗ 'ਚ ਲਿਖੇ ਗਏ ਬਚਿਤ੍ਰ ਨਾਟਕ ਨਾਲ ਸੰਬੰਧਿਤ ਕਿਤਾਬ 'ਚ ਏਜੰਸੀਆਂ ਦੇ ਪਰਮ ਪੂਜਨੀਯ ਕਾਲੂ ਜੀ ਕਹਿੰਦੇ ਹਨ ਕਿ ਸਮੇਂ ਦੇ ਸ਼ੁਰੂ ਤੋਂ ਹੀ ਸ਼ਾਦੀ ਦਾ ਕਾਰਣ ਕਾਮ ਪੂਰਤੀ ਸੀ, ਔਲਾਦ ਦੀ ਇੱਛਾ ਦੂਜੇ ਨੰਬਰ ਤੇ । ਏਸ ਉਮਰੇ ਲੋਕਾਂ ਦਾ ਮਨ ਵਾਹਿਗੁਰੂ ਦੇ ਨਾਲ ਇਕ-ਮਿਕ ਹੋਣਾ ਚਾਹੀਏ, ਪਰ ਇਨ੍ਹਾਂ ਨੇ ਹਜੇ ਤੱਕ ਇਹ ਹੀ ਸਮਝਿਆ ਕਿ ਇਨਸਾਨ ਸ਼ਾਦੀ ਕਾਮ ਲਈ ਹੀ ਕਰਦਾ ਹੈ । ਗੁਰੂ ਸਾਹਿਬ ਨੇ ਬਹੁਤੇ ਸ਼ਬਦ ਜਦ ਉਚਾਰੇ, ਕਾਮ ਨੂੰ ਪਹਿਲੇ ਨੰਬਰ ਤੇ ਰੱਖਿਆ, ਇਹ ਦੱਸਣ ਲਈ ਕਿ ਕਾਮ ਕੀ ਕੁਝ ਕਰਾ ਦਿੰਦਾ ਹੈ । ਗੁਰੂ ਸਾਹਿਬ ਦੀ ਉਚਾਰੀ ਚਰਿਤ੍ਰੋਪਾਖਿਆਣ ਬਾਣੀ ਲਿਖਣ ਦਾ ਕਾਰਣ ਹੀ ਇਹ ਸੀ ਤਾਂ ਕਿ ਖਾਲਸੇ ਨੂੰ ਇਹ ਦੱਸਿਆ ਜਾਵੇ ਕਿ ਲੋਕ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦੇ ਹਨ, ਕਿਸ ਤਰ੍ਹਾਂ ਰਾਜੇ ਮਹਾਰਾਜਿਆਂ ਦਾ ਰਾਜ ਨਾਸ ਹੁੰਦਾ ਰਿਹਾ । ਇਹ ਗੁਰਬਾਣੀ ਸਿਰਫ਼ ਕਾਮ ਤੇ ਹੀ ਨਹੀਂ ਰੁਕੀ ਬਲਕਿ ਰਾਜ ਭਾਗ, ਕ੍ਰੋਧੀ ਲੋਕਾਂ ਦੀਆਂ ਚਾਲਾਂ, ਮੂਰਖਾਂ ਦੀਆਂ ਵਿਉਂਤਾਂ, ਸੁੰਦਰਤਾ ਦੇ ਸ਼ਿਕਾਰ ਹੋਏ ਮਨੁੱਖ, ਚੋਰਾਂ ਦੀ ਚਾਲਾਂ, ਵਜ਼ੀਰਾਂ ਦੀਆਂ ਸਿਆਣਪਾਂ, ਇਤਿਆਦਿ ਨਾਲ ਭਰੀਆਂ ਕਹਾਣੀਆਂ ਖਾਲਸੇ ਨੂੰ ਸੇਧਾਂ ਦੇਣ ਲਈ ਲਿਖੀਆਂ ਗਈਆਂ ਸਨ । ਕੁਝ ਸ਼ਰਾਰਤੀ ਲੋਕਾਂ ਨੇ ਗੁਰਬਾਣੀ ਦਾ ਆਸਾ ਸਮਝੇ ਬਿਨਾਂ ਇਸ ਨੂੰ ਭੰਡਣਾ ਸ਼ੁਰੂ ਕਰ ਦਿੱਤਾ ।
ਦਸਮ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਪੜਦੇ ਸੁਣਦੇ ਸਮੇਂ ਇਕ ਘਟਨਾ ਵਾਪਰੀ । ਓਹ ਸੀ ਇਕ ਸਿੰਘ ਵੱਲੋਂ ਦੱਸੀ ਹੋਈ ਗੱਲ ਜੋ ਸ਼ਾਇਦ ਇਨ੍ਹਾਂ ਦਸਮ ਗੁਰੂ ਗ੍ਰੰਥ ਸਾਹਿਬ ਦੇ ਨਿੰਦਕਾਂ ਤੇ ਲਾਗੂ ਹੁੰਦੀ ਹੈ । ਓਸ ਸਿੰਘ ਨੇ ਦੱਸਿਆ ਕਿ ਸਕੂਲ 'ਚ ਪੜ੍ਹਦੇ ਹੋਏ ਮਾਸਟਰ ਵੱਲੋਂ ਲਾਲਚੀ ਕੁੱਤੇ ਦੀ ਕਹਾਣੀ ਸੁਣਾਈ ਗਈ । ਜਦ ਓਹ ਖਤਮ ਹੋਈ ਤਾਂ ਇਕ ਵਿਦਿਆਰਥੀ ਨੂੰ ਖੜ੍ਹਾ ਕਰਕੇ ਇਸਦਾ ਸਿੱਟਾ ਪੁੱਛਿਆ ਗਿਆ । ਜਿਸਦੇ ਜਵਾਬ 'ਚ ਉਸਨੇ ਕਿਹਾ ਕਿ ਸਾਨੂੰ ਜੋ ਵੀ ਚੀਜ਼ ਮਿਲੇ ਉਸਨੂੰ ਜਲਦੀ ਤੋਂ ਜਲਦੀ ਖਾ ਲੈਣਾ ਚਾਹੀਏ ਤਾਂ ਜੋ ਕੋਈ ਹੋਰ ਨਾ ਲੈ ਜਾਵੇ । ਇਹੋ ਹਾਲ ਹੈ ਇਨ੍ਹਾਂ ਨਿੰਦਕਾਂ ਦਾ । ਪਹਿਲਾਂ ਕਲਾਸ 'ਚ ਧਿਆਨ ਨੀ ਦੇਣਾ ਫੇਰ ਆਪੋ-ਆਪਣੇ ਸਿੱਟੇ ਕੱਢੀ ਜਾਣੇ ਗੁਰਬਾਣੀ ਦੇ ।
ਇਨ੍ਹਾਂ ਲੋਕਾਂ ਨੇ ਗੁਰੂ ਨੂੰ ਆਪਣੇ ਵਰਗਾ ਹੀ ਸਮਝ ਲਿਆ ਹੈ । ਖ਼ੁਦ ਕਾਮੀ ਹਨ ਤੇ ਗੁਰੂ ਨੂੰ ਵੀ ਓਹੀ ਸਮਝਦੇ ਹਨ, ਖ਼ੁਦ ਗੁਰਬਾਣੀ ਨਹੀਂ ਪੜ੍ਹਨੀ ਤੇ ਗੁਰੂ ਤੇ ਉਂਗਲਾਂ ਚੁੱਕਣੀਆਂ ਕਿ ਗੁਰੂ ਨਹੀਂ ਲਿਖ ਸਕਦੇ ਇਹ, ਖ਼ੁਦ ਸਵੇਰੇ ੧੦ ਵਜੇ ਉਠਣਾ ਤੇ ਗੁਰੂ ਸਾਹਿਬ ਵੱਲੋਂ ਦੱਸੇ ਹੋਏ ਅੰਮ੍ਰਿਤ ਵੇਲੇ ਨੂੰ ਭੰਡਣਾ, ਆਪ ਕੁਝ ਕਰ ਨੀ ਸਕਣਾ ਪਰ ਗੁਰੂ ਸਾਹਿਬ ਦੀਆਂ ਕੀਤੀਆਂ ਨੂੰ ਦਲੀਲਾਂ ਨਾਲ ਗ਼ਲਤ ਸਿਧ ਕਰਨਾ, ਆਪ ਸਿਮਰਨ ਕਰਨਾ ਨੀ ਪਰ ਗੁਰੂ ਸਾਹਿਬ ਦੇ ਨਿਜ-ਸਰੂਪ ਵਿੱਚ ਧਿਆਨ ਲਾਉਣ ਨੂੰ ਗ਼ਲਤ ਠਹਿਰਾਉਣਾ । ਇਨ੍ਹਾਂ ਲੋਕਾਂ ਨੇ ਸਿੱਖੀ ਦਾ ਜਿੰਨਾ ਘਾਣ ਕੀਤਾ ਸ਼ਾਇਦ ਹੀ ਕਿਸੇ ਨੇ ਕੀਤਾ ਹੋਵੇ । ਪੈਸੇ ਤੇ ਕਾਮ ਨਾਲ ਘਿਰੇ ਹੋਏ ਲੋਕਾਂ ਨੇ ਗੁਰੂ ਸਾਹਿਬ ਦੇ ਇਤਿਹਾਸ ਤੇ ਗੁਰਬਾਣੀ ਨੂੰ ਇਕ ਸਾਜ਼ਿਸ਼ ਦੇ ਅਧੀਨ ਹੋ ਕੇ ਜੋ ਭੰਡਿਆ ਹੈ ਉਸਦੀ ਕੋਈ ਹੋਰ ਮਿਸਾਲ ਮਿਲਣੀ ਔਖੀ ਹੈ ।
ਸਿੱਖ ਹਰ ਰੋਜ ਗੁਰੂ ਸਾਹਿਬ ਅੱਗੇ ਬੇਨਤੀ ਕਰਦੇ ਨੇ ਕਿ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਤੋਂ ਬਚਾਉ । ਪਰ ਆਪੂੰ ਬਣੇ ਚੌਧਰਮੱਲ ਦਾ ਕਹਿਣਾ ਹੈ ਕਿ ਗੁਰੂ ਅਗਰ ਚਾਹੇ ਤਾਂ ਵੀ ਨਹੀਂ ਕਾਮ ਖ਼ਤਮ ਕੀਤਾ ਜਾ ਸਕਦਾ । ਮੈਂ ਹੈਰਾਨ ਹੁੰਦਾ ਇਹਨਾਂ ਤੇ ਜੋ ਆਪਣੇ ਆਪ ਨੂੰ ਗੁਰੂ ਸਾਹਿਬ ਤੇ ਸ਼ਰਧਾ ਰੱਖਣ ਵਾਲਾ ਕਹਿੰਦੇ ਨੇ ਤੇ ਦੂਜੇ ਪਾਸੇ ਗੁਰੂ ਨੂੰ ਇਕ ਆਮ ਸਮਾਜ ਸੁਧਾਰਕ ਦੇ ਪੱਖ ਤੋਂ ਦੇਖਦੇ ਨੇ । ਇਕ ਆਮ ਇਨਸਾਨ ਜੋ ਏਨਾ ਲਾਚਾਰ ਰੂਪ 'ਚ ਪੇਸ਼ ਕੀਤਾ ਜਾਂਦਾ ਹੈ ਕਿ ਓਹ ਹਰ ਪੱਖ ਤੋਂ ਬੇ-ਸਹਾਰਾ ਜਾਪਦਾ ਹੈ । ਦੂਜੇ ਪੱਖ ਤੋਂ ਇਹ ਦਲੀਲ ਦੇਣੀ ਕਿ ਗੁਰੂ ਪੂਰਾ ਹੈ । ਜੇ ਓਹ ਪੂਰਾ ਹੈ ਤਾਂ ਉਸਨੂੰ ਏਨਾ ਲਾਚਾਰ ਕਿਉਂ ਬਣਾ ਦਿੱਤਾ ਜਾਂਦਾ ਹੈ ?
ਲੱਗਦਾ ਹੈ ਕਿ ਕਾਲੂ ਨੇ ਬਹੁਤ ਹੀ ਜਲਦੀ 'ਚ ਆਪਣੀ ਖੋਜ ਪੂਰੀ ਕੀਤੀ ਹੈ । ਮੈਨੂੰ ਯਾਦ ਹੈ ਕਿ ਕਰਮ ਸਿੰਘ ਹਿਸਟੋਰੀਅਨ ਦੀ ਇੱਕ ਕਿਤਾਬ ਪੜ੍ਹਦੇ ਹੋਏ ਇਕ ਗੱਲ ਲਿਖੀ ਹੋਈ ਮਿਲੀ ਕਿ ਇਕ ਚੀਜ਼ ਦੀ ਖੋਜ ਨੂੰ ਅਗਰ ਅੱਠ ਸਾਲ ਵੀ ਲੱਗ ਜਾਣ ਤਾਂ ਕੋਈ ਵੱਡੀ ਗੱਲ ਨਹੀਂ । (ਮੇਰਾ ਇਥੇ ਕਰਮ ਸਿੰਹੁ ਹੋਣਾ ਦਾ ਜਿਕਰ ਕਰਨ ਦਾ ਕਾਰਨ ਉਨ੍ਹਾਂ ਦੀਆਂ ਸਾਰੀਆਂ ਗੱਲਾਂ ਨੂੰ ਸਹੀ ਕਹਿਣਾ ਨਹੀਂ ਹੈ । ਪਰ ਉਨ੍ਹਾਂ ਦੇ ਨਾਂ 'ਤੇ ਬਹੁਤ ਸਾਰੀਆਂ ਇਹੋ ਜਿਹੀਆਂ ਖੋਜਾਂ ਹਨ ਜਿਸਨੂੰ ਅੱਖੋਂ ਓਹਲੇ ਨਹੀਂ ਕੀਤਾ ਜਾ ਸਕਦਾ ।) ਗੁਰਬਾਣੀ ਤਾਂ ਹੈ ਹੀ ਪਰਮਾਤਮਾ ਬਾਰੇ, ਉਹਨੂੰ ਕਾਲੇ ਵਰਗੇ ਬੰਦੇ ਨੇ ਕੁਝ ਕੁ ਸਾਲਾ 'ਚ ਕਿਵੇਂ ਸਮਝ ਲਿਆ ? ਕੀ ਇਸਨੇ ਕਦੇ ਸੁਖਮਨੀ ਸਾਹਿਬ ਦਾ ਪਾਠ ਵੀ ਕੀਤਾ ਹੈ ? ਗੁਰੂ ਸਾਹਿਬ ਦਾ ਫੁਰਮਾਣ ਹੈ:

ਕਾਮ ਕ੍ਰੋਧ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ ॥
ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦੁ ਗੁਰਦੇਵ ॥੧॥

ਜੇ ਸਤਿਗੁਰ ਅੱਗੇ ਅਰਦਾਸ ਕਰਨ ਨਾਲ ਕਾਮ ਖ਼ਤਮ ਨਹੀਂ ਹੁੰਦਾ, ਕਾਮ ਤੇ ਕਾਬੂ ਨਹੀਂ ਪਾਇਆ ਜਾ ਸਕਦਾ ਤਾਂ ਗੁਰੂ ਸਾਹਿਬ ਨੇ ਇਹ ਸਲੋਕ ਕਿਉਂ ਉਚਾਰਣ ਕੀਤਾ ? ਜੇ ਓਹ ਪਰਮਾਤਮਾ ਸਰਬ ਸ਼ਕਤੀਮਾਨ ਹੈ ਤਾਂ ਇਹ ਉਸ ਲਈ ਕਿੰਨੀ ਕੁ ਵੱਡੀ ਗੱਲ ਹੈ ? ਓਹ ਸਮਾਂ ਬਹੁਤ ਦੂਰ ਨਹੀਂ ਜਦ ਆਪਾਂ ਨੂੰ ਇਹ ਦੱਸਿਆ ਜਾਵੇਗਾ ਗੁਰੂ ਗ੍ਰੰਥ ਸਾਹਿਬ ਤਾਂ ਇਕ ਧਾਰਮਿਕ ਪੁਸਤਕ ਹੈ ਜਿਸ 'ਚ ਦੁਨੀਆ 'ਚ ਕਿਵੇਂ ਵਿਚਰਨਾ ਹੈ ਸਮਝਾਇਆ ਹੋਇਆ ਹੈ । ਉਸ ਤੋਂ ਬਾਅਦ ਇਹਨਾਂ ਨੇ ਇਥੋਂ ਤੱਕ ਕਹਿ ਦੇਣਾ ਕਿ ਰੱਬ ਨਾਂ ਦੀ ਕੋਈ ਚੀਜ਼ ਨਹੀਂ ਇਹ ਤਾਂ ਨਿਰ੍ਹਾ ਬ੍ਰਾਮਣਵਾਦ ਹੈ ।
ਆਉ ਕੁਝ ਹੋਰ ਸ਼ਬਦਾਂ ਬਾਬਤ ਪੜ੍ਹੀਏ।

ਸਚੁ ਸਚਾ ਸਤਿਗੁਰੁ ਪੁਰਖੁ ਹੈ ਜਿਨਿ ਕਾਮੁ ਕ੍ਰੋਧੁ ਬਿਖੁ ਮਾਰਿਆ ॥

ਮੇਰੇ ਮਨ ਗੁਰ ਸਬਦੀ ਸੁਖੁ ਹੋਇ ॥ ਗੁਰ ਪੂਰੇ ਕੀ ਚਾਕਰੀ ਬਿਰਥਾ ਜਾਇ ਨ ਕੋਇ
੧॥ ਰਹਾਉ ॥
ਮਨ ਕੀਆ ਇਛਾਂ ਪੂਰੀਆ ਪਾਇਆ ਨਾਮੁ ਨਿਧਾਨੁ ॥
ਅੰਤਰਜਾਮੀ ਸਦਾ ਸੰਗਿ ਕਰਣੈਹਾਰੁ ਪਛਾਨੁ ॥
ਗੁਰਪਰਸਾਦੀ ਮੁਖੁ ਊਜਲਾ ਜਪਿ ਨਾਮੁ ਦਾਨੁ ਇਸਨਾਨੁ ॥
ਕਾਮੁ ਕ੍ਰੋਧੁ ਲੋਭੁ ਬਿਨਸਿਆ ਤਜਿਆ ਸਭੁ ਅਭਿਮਾਨੁ ॥੨॥

ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮੁ ਕ੍ਰੋਧੁ ਲੋਭੁ ਮਾਰਿਆ ॥
ਕਥਨੁ ਨ ਜਾਇ ਅਕਥੁ ਸੁਆਮੀ ਸਦਕੈ ਜਾਇ ਨਾਨਕੁ ਵਾਰਿਆ ॥੫॥੧॥੩॥

ਕਾਮੁ ਕ੍ਰੋਧੁ ਕਿਲਬਿਖ ਗੁਰਿ ਕਾਟੇ ਪੂਰਨ ਹੋਈ ਆਸਾ ਜੀਉ ॥੩॥

ਉਪਰੋਕਤ ਦਿੱਤੀਆਂ ਦਲੀਲਾਂ ਤੋਂ ਵੀ ਸ਼ਾਇਦ ਕਿਸੇ ਦੇ ਮਨ 'ਚ ਕੋਈ ਸ਼ੰਕਾ ਰਹਿ ਗਈ ਹੋਵੇ । ਪਰ ਕੁਝ ਸਵਾਲ ਕਾਲੇ ਦੇ ਕਾਲੇ ਲੇਖਾਂ ਬਾਬਤ ਇਹ ਹਨ ।
੧.     ਕੀ ਪਰਮਾਤਮਾ ਸਰਬ ਕਲਾ ਸਮਰਥ ਹੈ ?
੨.     ਕੀ ਗੁਰੂ ਸਾਹਿਬ ਪਰਮਾਤਮਾ ਦਾ ਹੀ ਰੂਪ ਹਨ ਜਿਸ ਬਾਰੇ ਕਾਲੂ ਸੱਤੇ ਤੇ ਬਲਵੰਡੇ ਜੀ ਦੀ ਰਚਨਾ ਦੀ ਗੱਲ ਕਰ ਰਿਹਾ ਹੈ ?
੩.     ਓਹ ਕਿਹੜੀ ਜੋਤਿ ਦੀ ਕਾਲੂ ਗੱਲ ਕਰ ਰਿਹਾ ਹੈ ਜੋ ਦਸ ਸਤਿਗੁਰਾਂ 'ਚ ਇਕ ਸੀ ?
੪.     ਕੀ ਗੁਰੂ ਸਾਡੀਆਂ ਮੁਰਾਦਾਂ ਪੂਰੀਆਂ ਕਰ ਸਕਦੇ ਹਨ ?
੫.     ਕੀ ਗੁਰੂ ਨੂੰ ਸਮਝਣਾ ਮਨੁੱਖੀ ਬੁੱਧੀ ਅਧੀਨ ਹੈ ?
੬.     ਜਦ ਕਾਲੂ ਨੇ ਅੰਮ੍ਰਿਤ ਛਕਿਆ ਸੀ ਤਾਂ ਕਿਹੜੀ ਮਰਿਆਦਾ ਦੱਸੀ ਗਈ ਸੀ ?
੭.     ਬ੍ਰਾਹਮਣਵਾਦ ਕੀ ਹੈ ?
੮.     ਕੀ ਕਾਲੂ ਪੰਥ ਤੋਂ ਵੱਡਾ ਹੈ ?

ਕਵਿਤਾ – ੩

ਕੀ ਲਿਖਾ ਮੈਂ ਗੁਰੂ ਬਾਰੇ ਜੋ ਕਰ ਗਏ ਬੇ-ਮਿਸਾਲ ਬਾਤਾਂ
ਮੇਰੀ ਸਮਝ ਨਹੀਂ ਆਂਦੀ ਕਿਵੇਂ ਕਰਾ ਉਸ ਦੀਆਂ ਵੱਡੀਆਂ ਬਾਤਾਂ
ਮਨੁੱਖੀ ਦੇਹ ਨਹੀਂ ਜੋ ਸਮਝ ਸਕੀ ਕੌਤਕ ਵੱਡੇ
ਇਹ ਓਹੀ ਦੱਸਣ ਜਿਨ੍ਹਾਂ ਦੇਖੇ ਇਹ ਅੱਖੀਂ ਡਿੱਠੇ
ਆਪਾਂ ਤਾਂ ਬਸ ਆਮ ਹੀ ਸਿੱਖ
ਜਿਨ੍ਹਾਂ ਦੀ ਨਿਭਜੇ ਸਿੱਖੀ ਮੇਰੇ ਮੀਤ
ਸਵਾਸਾਂ ਨਾਲ ਨਿਭਜੇ ਸਿੱਖੀ ਮੇਰੇ ਮਾਲਕ
ਨਾ ਆਏ ਰਸਤੇ 'ਚ ਕੋਈ ਵੀ ਅਨਪੜ੍ਹ ਪ੍ਰਚਾਰਕ
ਹੱਥ ਰੱਖ ਕੇ ਬਚਾ ਲਈ ਸੱਚਿਆ ਪਾਤਸ਼ਾਹ ਆਪੇ
ਨਹੀਂ ਤਾਂ ਰੁਲ ਜਾਣਗੇ ਸਿੱਖ ਤਰਕਾਂ ਕਰਕੇ
ਸਮਝ ਬਖ਼ਸ਼ ਸਾਨੂੰ ਤੂੰ ਤੇਰੇ ਗੁਣ ਗਾਵਣ ਦੀ
ਇਹੀ ਲਾਲਸਾ ਰਹੇ ਸਦਾ ਮਨ ਦੀ
ਕਰ ਕ੍ਰਿਪਾ 'ਅਨਪੜ੍ਹ ਬਾਬੇ' 'ਤੇ ਵੀ ਆਪੇ
ਤਾਂ ਜੋ ਲਿਖ ਪਾਵਾ ਲੇਖ ਮੈਂ ਤੇਰੇ ਕਰਕੇ ।