Tuesday, 3 September 2019

21st Century and Sikhs - Deras and Sikh Sampardava - Part 7


.
ਡੇਰੇ ਤੇ ਸਿੱਖ ਸੰਪਰਦਾਵਾਂ

ਜਦੋਂ ਵੀ ਗੱਲ ਡੇਰਿਆਂ ਦੀ ਚੱਲਦੀ ਹੈ ਤਾਂ ਇਕ ਬਾਬਾ ਬੈਠਾ ਦਿਖਾਈ ਦਿੰਦਾ ਹੈ, ਜੋ ਲੋਕਾਂ ਨੂੰ ਉਪਦੇਸ਼ ਦੇ ਰਿਹਾ ਹੈ ਤੇ ਆਪਣੇ ਆਪ ਨੂੰ ਗੁਰੂ ਕਹਿੰਦਾ ਹੈ । ਇਹ ਤਸਵੀਰ ਮਨ ਦੇ ਵਿਚ ਲਾਜ਼ਮੀ ਆਉਂਦੀ ਹੈ । ਡੇਰੇ ਦੀ ਪਰਿਭਾਸ਼ਾ ਹੀ ਇਹ ਬਣੀ ਹੋਈ ਹੈ । ਉੱਤਰੀ ਭਾਰਤ ਦੇ ਵਿਚ ਕਈ ਤਰ੍ਹਾਂ ਦੇ ਡੇਰੇ ਹਨ, ਬਿਆਸ, ਸੱਚਾ ਸੌਦਾ (ਜੋ ਕਿ ਝੂਠਾ ਸੌਦਾ ਹੈ), ਨਿਰੰਕਾਰੀ, ਆਦਿ । ਇਨ੍ਹਾਂ ਡੇਰੇਦਾਰਾਂ ਦਾ ਪਹਿਰਾਵਾ ਸਿੱਖੀ ਸਰੂਪ ਵਾਲਾ ਹੁੰਦਾ ਹੈ । ਇਨ੍ਹਾਂ ਦੇ ਵੱਡੇ ਕੇਸ, ਵੱਡੀਆਂ ਦਾੜ੍ਹੀਆਂ, ਤੇ ਸਿਰਾਂ ਤੇ ਦਸਤਾਰਾਂ ਸਿੱਖੀ ਸਰੂਪ ਦੇ ਵਿਚ ਢਲੇ ਹੋਣ ਦੀ ਝਲਕ ਦਿੰਦੀਆਂ ਹਨ ।
ਕਿਹਾ ਜਾਂਦਾ ਹੈ ਕਿ ਇੰਨਾਂ ਡੇਰਿਆਂ ਦੇ ਵਿਚ ਸਾਰੇ ਧਰਮਾਂ ਦਾ ਸਤਿਕਾਰ ਹੁੰਦਾ ਹੈ, ਤੇ ਖ਼ਾਸ ਕਰ ਗੁਰਬਾਣੀ ਦੀ ਹੀ ਕਥਾ ਕੀਤੀ ਜਾਂਦੀ ਹੈ । ਗੁਰਬਾਣੀ ਨੂੰ ਛੱਡ ਕੇ ਗੁਰੂ ਸਾਹਿਬਾਨਾਂ ਦੇ ਜੀਵਨ ਬਾਰੇ ਵੀ ਚਾਨਣਾ ਪਾਇਆ ਜਾਂਦਾ ਹੈ । ਇਨ੍ਹਾਂ ਦੇ ਡੇਰਿਆਂ ਦੇ ਵਿਚ ਰਹਿਣ ਵਾਲੇ ਕੱਚੇ ਗੁਰੂਆਂ ਨਾਲ ਬਹੁਤ ਸਾਰੇ ਲੋਕ ਜੁੜ੍ਹੇ ਹੋਏ ਹਨ, ਹਜ਼ਾਰਾਂ ਲੱਖਾਂ ਵਿਚ ਨਹੀਂ ਸਗੋਂ ਕਰੋੜਾਂ ਲੋਕਾਂ ਦਾ ਸੰਪਰਕ ਹੈ ਇਨ੍ਹਾਂ ਸੰਸਥਾਵਾਂ ਨਾਲ ।
ਕਿਸੇ ਨੇ ਬਹੁਤ ਹੀ ਵਧੀਆ ਕਿਹਾ ਹੈ ਕਿ ਲੋਕ ਇਨ੍ਹਾਂ ਨਾਲ ਇਸ ਕਰਕੇ ਜੁੜਦੇ ਨੇ ਕਿਉਂਕਿ ਇਹ ਕੱਚੇ ਗੁਰੂ ਆਮ ਲੋਕਾਂ ਦੀ ਮੱਦਦ ਕਰਦੇ ਨੇ । ਚਾਹੇ ਉਹ ਸਫ਼ਾਈ ਦੀ ਗੱਲ ਹੋਵੇ, ਮੁਫ਼ਤ ਦਵਾਈਆਂ ਦੀ, ਮੁਫ਼ਤ ਅਪ੍ਰੇਸ਼ਨਾਂ ਦੀ, ਆਦਿ, ਇਨ੍ਹਾਂ ਕਾਰਣਾਂ ਕਰਕੇ ਆਮ ਲੋਕ ਇਨ੍ਹਾਂ ਦੇ ਵੱਸ ਵਿਚ ਆ ਜਾਂਦੇ ਨੇ । ਆਉਣ ਵੀ ਕਿਉਂ ਨਾ, ਜਦ ਇਕ ਗ਼ਰੀਬ ਨੂੰ ਮੁਫ਼ਤ ਦਵਾਈਆਂ ਮਿਲ ਜਾਂਦੀਆਂ ਨੇ ਤਾਂ ਦਵਾਈ ਦੇਣ ਵਾਲਾ ਉਸ ਲਈ ਰੱਬ ਤੋਂ ਘੱਟ ਨਹੀਂ ਹੁੰਦਾ । ਉਹ ਉਨ੍ਹਾਂ ਲਈ ਧਰਤੀ ਤੇ ਆਇਆ ਹੋਇਆ ਉਹ ਪਰਮੇਸ਼ਰ ਬਣ ਜਾਂਦਾ ਹੈ ਜਿਸ ਬਾਰੇ ਸਾਰੇ ਧਰਮਾਂ ਦੇ ਲੋਕ ਗੱਲ ਕਰਦੇ ਨੇ । ਫਿਰ ਇਨ੍ਹਾਂ ਲੋਕਾਂ ਦਾ ਉਨ੍ਹਾਂ ਗੁਰੂਆਂ ਨਾਲ ਬੜਾ ਡੂੰਗਾ ਰਿਸ਼ਤਾ ਬਣ ਜਾਂਦਾ ਹੈ ਜਿਸ ਵਿਚ ਜਜ਼ਬਾਤ ਜੁੜ ਜਾਂਦੇ ਨੇ ।
ਸਿੱਖਾਂ ਦਾ ਇਨ੍ਹਾਂ ਨਾਲ ਟਕਰਾਅ ਕਾਫ਼ੀ ਸਮੇਂ ਤੋਂ ਚੱਲਿਆ ਆ ਰਿਹਾ ਹੈ । ੧੯੭੮ ਦੇ ਨਿਰੰਕਾਰੀ ਕਾਂਢ ਤੋਂ ਪਹਿਲਾਂ ਕਈ ਵਾਰੀ ਟਕਰਾਅ ਵਾਲੇ ਹਾਲਾਤ ਬਣ ਗਏ ਸਨ, ਜੋ ਵਿਸਾਖੀ ਵਾਲੇ ਦਿਨ ਸਿੱਖਾਂ ਤੇ ਹੋਏ ਗੋਲੀਆਂ ਦੇ ਵਾਰ ਵਿਚ ਵੱਡੇ ਰੂਪ ਦੇ ਵਿਚ ਸਾਹਮਣੇ ਆਏ । ਇਸੇ ਤਰ੍ਹਾਂ ਸਰਸੇ ਵਾਲੇ ਦਾ ਗੁਰੂ ਸਾਹਿਬ ਵਾਂਙ ਸ੍ਵਾਂਗ ਰਚਣ ਕਰਕੇ ਸਿੱਖਾਂ ਦੇ ਵਿਚ ਭਾਰੀ ਵਿਰੋਧ ਪੈਦਾ ਹੋਇਆ । ਜੇ ਇਸਦੀ ਜੜ੍ਹ ਵੱਲ ਦੇਖਣਾ ਹੋਵੇ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਸਿੱਖ ਇਨ੍ਹਾਂ ਨੂੰ ਇਸ ਲਈ ਨਹੀਂ ਪਸੰਦ ਕਰਦੇ ਕਿਉਂਕਿ ਇਹ ਗੁਰੂ ਸਾਹਿਬਾਨਾਂ ਵੱਲੋਂ ਰਚੀ ਬਾਣੀ ਪੜ੍ਹ ਕੇ ਆਪਣੇ ਆਪ ਨੂੰ ਗੁਰੂ ਕਹਾਉਣ ਲੱਗ ਪਏ ਹਨ । ਇਸੇ ਤਰ੍ਹਾਂ ਨਿਰੰਕਾਰੀਆਂ ਵੱਲੋਂ ਛਪੀ ‘ਅਵਤਾਰ ਬਾਣੀ’ ਦੇ ਵਿਚ ਵੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਵਲੂੰਧਰ ਕੇ ਰੱਖ ਦੇਣ ਵਾਲੀਆਂ ਗੱਲਾਂ ਲਿਖੀਆਂ ਹਨ । ਜੇ ਇਹ ਲੋਕ ਆਪਣੇ ਵੱਲੋਂ ਕੋਈ ਧਾਰਮਿਕ ਕਿਤਾਬ ਲਿਖ ਕੇ, ਜਿਸ ਵਿਚ ਸਿੱਖ ਗੁਰੂਆਂ ਦੀ ਸ਼ਾਨ ਬਾਬਤ ਕੋਈ ਗ਼ਲਤ ਗੱਲ ਨਾ ਲਿਖੀ ਹੋਈ ਹੋਵੇ, ਉਸਦਾ ਪ੍ਰਚਾਰ ਕਰਨ ਤਾਂ ਸ਼ਾਇਦ ਸਿੱਖਾਂ ਵਿਚ ਕੋਈ ਵਿਰੋਧ ਨਾ ਹੋਵੇ ।
ਮਿਸਾਲ ਦੇ ਤੌਰ ਤੇ ਪੰਜਾਬ ਦੇ ਵਿਚ ਬਹੁਤ ਸਾਰੇ ਹਿੰਦੂ ਤੇ ਮੁਸਲਮਾਨ ਵੀ ਰਹਿੰਦੇ ਹਨ । ਉਨ੍ਹਾਂ ਦਾ ਧਰਮ ਤੇ ਗ੍ਰੰਥ ਸਿੱਖਾਂ ਨਾਲੋਂ ਵੱਖਰੇ ਹਨ, ਪਰ ਵਿਚਾਰਾਂ ਕਰਕੇ ਸਿੱਖਾਂ ਦਾ ਉਨ੍ਹਾਂ ਨਾਲ ਕੋਈ ਜਾਤੀ ਵਿਰੋਧ ਨਹੀਂ ਹੈ । ਸੋ ਜੇਕਰ ਇਹ ਡੇਰੇਦਾਰ ਵੀ ਆਪਣਾ ਕੂੜ ਪ੍ਰਚਾਰ ਕਰਕੇ ਲੋਕਾਂ ਨੂੰ ਭਰਮਾਉਣਾ ਚਾਹੁੰਦੇ ਹਨ, ਤਾਂ ਸਿੱਖਾਂ ਦਾ ਇਨ੍ਹਾਂ ਨਾਲ ਕੋਈ ਵਿਰੋਧ ਸ਼ਾਇਦ ਨਾ ਹੋਵੇ । ਪਰ ਜਦੋਂ ਇਹ ਸਿੱਖੀ ਸ਼ਾਨ ਖ਼ਿਲਾਫ਼ ਬੋਲਦੇ ਹਨ, ਫਿਰ ਚਾਹੇ ਉਹ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ, ਉਹ ਬਰਦਾਸ਼ਤ ਤੋਂ ਬਾਹਰ ਹੋ ਜਾਂਦਾ ਹੈ ।
ਦੂਜੇ ਤੇ ਫਿਰ ਆਉਂਦੀਆਂ ਹਨ ਸਿੱਖ ਸੰਪਰਦਾਵਾਂ । ਕਈ ਸੰਪਰਦਾਵਾਂ ਤਾਂ ਬਹੁਤ ਪੁਰਾਣੀਆਂ ਹਨ । ਜਿਵੇਂ ਦਮਦਮੀ ਟਕਸਾਲ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਚੱਲੀ ਆ ਰਹੀ ਹੈ । ਉਵੇਂ ਹੀ ਨਿਹੰਗ ਸਿੰਘ ਜਥੇਬੰਦੀਆਂ, ਅਖੰਡ ਕੀਰਤਨੀ ਜੱਥੇ, ਮਸਤੁਆਣਾ ਸਾਹਿਬ, ਨਾਨਕਸਰ ਕਲੇਰਾਂ, ਆਦਿ ਸੰਪਰਦਾਵਾਂ ਦੀ ਬਹੁਤ ਵੱਡੀ ਦੇਣ ਹੈ ਸਿੱਖ ਪੰਥ ਨੂੰ । ਜਦੋਂ ਵੀ ਪੰਥ ਤੇ ਕੋਈ ਹਮਲਾ ਹੋਇਆ, ਚਾਹੇ ਉਹ ਸਰੀਰਕ ਤੌਰ ਤੇ ਸੀ ਜਾਂ ਮਾਨਸਿਕ ਤੌਰ ਤੇ, ਇਨ੍ਹਾਂ ਸੰਪਰਦਾਵਾਂ ਨੇ ਬਹੁਤ ਵੱਡਾ ਯੋਗਦਾਨ ਪਾਇਆ ਸਿੱਖ ਮਰਯਾਦਾ ਨੂੰ ਸਾਂਭਣ ਦੇ ਲਈ ਚਾਹੇ ਫਿਰ ਉਸ ਵਿਚ ਸਿਰ ਹੀ ਕਿਉਂ ਨਾ ਲੱਗੇ ਹੋਣ । ਗੁਰ-ਇਤਿਹਾਸ, ਗੁਰਬਾਣੀ ਦੀ ਸੰਥਿਆ, ਹੋਰ ਭਾਸ਼ਾਵਾਂ ਦਾ ਗਿਆਨ, ਸ਼ਸਤਰ ਵਿੱਦਿਆ, ਆਦਿ ਨਾਲ ਭਰਪੂਰ ਨੇ ਇਹ ਸੰਪਰਦਾਵਾਂ । ਗੁਰ-ਭਗਤੀ ਦੀ ਮਿਸਾਲ ਮਿਲਣੀ ਔਖੀ ਹੋਵੇਗੀ ਜੇਕਰ ਇਨ੍ਹਾਂ ਸੰਪਰਦਾਵਾਂ ਦੇ ਨਾਂਅ ਕੱਟ ਦਿੱਤੇ ਜਾਣ । ਸ਼ਾਇਦ ਹੀ ਕੋਈ ਇਨ੍ਹਾਂ ’ਚੋਂ ਕੋਈ ਸੰਪਰਦਾ ਹੋਵੇ ਜਿਸ ਨੇ ਗੁਰੂ ਨੂੰ ਪਰਮੇਸ਼ਰ ਕਰਕੇ ਨਾ ਜਾਣਿਆ ਹੋਵੇ ।
ਫਿਰ ਕਿੰਨੇ ਹੀ ਉਚ ਕੋਟੀ ਦੇ ਬ੍ਰਹਮਗਿਆਨੀ ਹੋਏ ਨੇ ਇਨ੍ਹਾਂ ਸੰਪਰਦਾਵਾਂ ਦੇ ਵਿਚ ਜਿਨ੍ਹਾਂ ਨੇ ਸਮੇਂ-ਸਮੇਂ ਤੇ ਲੋਕਾਂ ਨੂੰ ਗੁਰਬਾਣੀ ਦੇ ਅਰਥਾਂ ਦਾ ਭੰਡਾਰ ਦਿੱਤਾ, ਸਿੱਖੀ ਵੱਲ ਪ੍ਰੇਰਿਆ, ਗੁਰੂ-ਪ੍ਰੇਮ ਸਿਖਾਇਆ, ਇਤਿਹਾਸ ਦੱਸਿਆ, ਸੱਚੀਆਂ ਤੇ ਝੂਠੀਆਂ ਇਤਿਹਾਸਿਕ ਗੱਲਾਂ ਵੱਲ ਵੀ ਸੰਕੇਤ ਕੀਤਾ, ਵਿਰੋਧ ਪ੍ਰਦਰਸ਼ਨ ਵੀ ਕੀਤੇ ਗਏ, ਆਦਿ । ਸਿੱਖੀ ਸਰੂਪ ਦੇ ਵਿਚ, ਚਾਹੇ ਉਹ ਬਾਹਰਲਾ ਹੋਵੇ ਜਾਂ ਅੰਦਰਲਾ, ਢਲੇ ਹੋਣ ਕਰਕੇ ਇਨ੍ਹਾਂ ਦਾ ਸਿੱਖਾਂ ਦੀ ਮਾਨਸਿਕਤਾ ਤੇ ਇਕ ਬਹੁਤ ਡੂੰਗਾ ਪ੍ਰਭਾਵ ਪਿਆ । ਇਨ੍ਹਾਂ ਸੰਪਰਦਾਵਾਂ ਤੇ ਡੇਰਿਆਂ ਦੇ ਵਿਚ ਇਕ ਫ਼ਰਕ ਇਹ ਵੀ ਸੀ ਕਿ ਸਿੱਖ ਸੰਪਰਦਾਵਾਂ ਦੇ ਵਿਚ ਰਹਿਣ ਵਾਲੇ ਉਚ ਕੋਟੀ ਦੇ ਵਿਦਵਾਨ ਤੇ ਸੰਤ ਮਹਾਤਮਾ ਆਪਣੇ ਆਪ ਨੂੰ ਗੁਰੂ ਨਹੀਂ ਕਹਿੰਦੇ ਸੀ, ਗੁਰੂ ਗ੍ਰੰਥ ਸਾਹਿਬ ਤੇ ਦਸ ਗੁਰੂ ਸਾਹਿਬਾਨਾਂ ਨੂੰ ਗੁਰੂ ਕਹਿੰਦੇ ਸੀ । ਹਾਂ ਕਈ ਸ਼ਾਇਦ ਇਨ੍ਹਾਂ ਸੰਪਰਦਾਵਾਂ ਨਾਲ ਜੁੜਕੇ ਵੀ ਗ਼ਲਤ ਕੰਮ ਕਰਨ ਲੱਗ ਜਾਂਦੇ ਹੋਣ ਕਿਸੇ ਕਾਰਣ ਕਰਕੇ । ਇਹ ਸਾਰੀਆਂ ਗੱਲਾਂ ਜੋ ਸੰਪਰਦਾਵਾਂ ਦੇ ਵਿਚ ਹਨ, ਇਹ ਡੇਰਿਆਂ ਦੇ ਵਿਚ ਨਹੀਂ ।
ਦੂਜੇ ਪਾਸੇ ਡੇਰਿਆਂ ਦੇ ਪ੍ਰਮੁੱਖ ਕੰਮਾਂ ਵਿਚੋਂ ਇਕ ਕੰਮ ਲੋਕਾਂ ਨੂੰ ਆਪਣੇ ਨਾਲ ਜੋੜ੍ਹਨਾ ਹੈ ।
੨੧ਵੀਂ ਸਦੀ ਦੇ ਵਿਚ ਕੁਝ ਮੂਰਖ਼ ਲੋਕ ਇਹ ਫ਼ਰਕ ਮਿਟਾਉਣ ਤੇ ਲੱਗੇ ਹੋਏ ਨੇ । ਜਦ ਹੁਣ ਸਿੱਖ-ਵਿਰੋਧੀ ਤਾਕਤਾਂ ਦੇ ਅੜਿੱਕੇ ਚੜ੍ਹ ਗਏ ਨੇ ਕੁਝ ਕੁ ਲੋਕ, ਚਾਹੇ ਪੈਸੇ ਕਰਕੇ ਹੋਵੇ ਜਾਂ ਡਰ ਕਰਕੇ, ਉਹ ਸਿੱਖ ਸੰਪਰਦਾਵਾਂ ਨੂੰ ਹੀ ਡੇਰੇ ਕਹਿਣ ਲੱਗ ਗਏ ਨੇ । ਇਸਦੇ ਬਹੁਤ ਕਾਰਣ ਹਨ । ਪਰ ਜੋ ਵਿਸ਼ੇਸ਼ ਕਾਰਨ ਹੈ ਉਹ ਇਹ ਕਿ ਜੋ ਡੇਰੇ ਦੀ ਪਰਿਭਾਸ਼ਾ ਸਿੱਖਾਂ ਦੇ ਮਨਾਂ ਦੇ ਵਿਚ ਬਣੀ ਹੋਈ ਹੈ, ਉਹ ਉਸ ਪਰਿਭਾਸ਼ਾ ਦੇ ਰਾਹੀਂ ਸਿੱਖਾਂ ਦੀ ਮਾਨਸਿਕਤਾ ਬਦਲ ਕੇ ਸਿੱਖਾਂ ਨੂੰ ਉਤਸ਼ਾਹਿਤ ਕਰਦੇ ਨੇ ਸਿੱਖ ਸੰਪਰਦਾਵਾਂ ਨੂੰ ਉਸੇ ਤਰੀਕੇ ਨਾਲ ਦੇਖਣ ਦੇ ਲਈ । ਜਿਵੇਂ ਟਕਸਾਲ ਦੀ ਹੀ ਗੱਲ ਕਰ ਲੈਂਦੇ ਹਾਂ । ਇਨ੍ਹਾਂ ਸਿੱਖ-ਵਿਰੋਧੀ ਲੋਕਾਂ ਨੇ ਟਕਸਾਲ ਨੂੰ ਵੀ ਇਕ ਡੇਰਾ ਬਣਾ ਦਿੱਤਾ ਹੈ ਤਾਂ ਜੋ ਟਕਸਾਲ ਦੇ ਵਿਚ ਪੜ੍ਹੇ ਹੋਏ ਸਿੱਖਾਂ ਦਾ ਪ੍ਰਚਾਰ ਘਟਾਇਆ ਜਾ ਸਕੇ, ਤਾਂ ਜੁ ਸਿੱਖ ਵਿਰੋਧੀਆਂ ਦਾ ਪ੍ਰਚਾਰ ਸਿਖਰਾਂ ਤੇ ਹੋਵੇ, ਉਹ ਜੋ ਚਾਹੁਣ ਉਸ ਤਰੀਕੇ ਨਾਲ ਹੀ ਸਿੱਖ ਵਿਚਰਨ, ਤੇ ਅੰਤ ਵਿਚ ਫਿਰ ਗੁਰਬਾਣੀ ਤੇ ਗੁਰ-ਇਤਿਹਾਸ ਤੋਂ ਇਨ੍ਹਾਂ ਦਾ ਛੁਟਕਾਰਾ ਹੋ ਜਾਵੇ । ਅੰਤਮ ਗੱਲ ਸਿੱਖਾਂ ਦੇ ਮਨਾਂ ਦੇ ਵਿਚੋਂ ਗੁਰਬਾਣੀ ਤੇ ਗੁਰ-ਇਤਿਹਾਸ ਭੁਲਾਉਣ ਦੀ ਗੱਲ ਹੈ, ਵਿਚ-ਵਿਚਾਲੇ ਦੀਆਂ ਗੱਲਾਂ ਤਾਂ ਬਸ ਲੋਕਾਂ ਨੂੰ ਭਰਮਾਉਣ ਲਈ ਹੁੰਦੀਆਂ ਹਨ ।
ਕਿਸੇ ਵੀ ਸਿੱਖ ਸੰਪਰਦਾ ਤੇ ਹਮਲਾ ਕਰਨ ਦਾ ਸੌਖਾ ਤਰੀਕਾ ਜੋ ਹੈ ਉਹ ਇਹ ਕਿ ਉਨ੍ਹਾਂ ਦੇ ਮੁਖੀਆਂ ਤੇ ਨਿਸ਼ਾਨਾ ਬਣਾਇਆ ਜਾਵੇ । ਉਨ੍ਹਾਂ ਦੇ ਕਿਰਦਾਰ ਤੇ ਸਵਾਲ ਚੁੱਕੇ ਜਾਣ, ਸਿੱਖ ਉਨ੍ਹਾਂ ਨੂੰ ਨਫ਼ਰਤ ਦੀ ਨਿਗ੍ਹਾ ਨਾਲ ਦੇਖਣ ਲੱਗੇ, ਅਤੇ ਫਿਰ ਉਨ੍ਹਾਂ ਸੰਪਰਦਾਵਾਂ ਨੂੰ ਆਪਣੇ ਮਨਾਂ ਦੇ ਵਿਚੋਂ ਵਿਸਾਰ ਦੇਵੇ । ਇਸਦੀਆਂ ਬਹੁਤ ਸਾਰੀਆਂ ਉਦਾਹਰਣਾਂ ਆਪਣੇ ਕੋਲ ਉਪਲੱਬਧ ਹਨ ।
ਪਹਿਲੀ ਜੋ ਉਦਾਹਰਣ ਹੈ ਉਹ ਹੈ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ । ਉਨ੍ਹਾਂ ਦੀ ਜੀਵਨੀ ਤੇ ਬਹੁਤ ਲੋਕਾਂ ਨੇ ਤਰਕ ਕੀਤਾ । ਕਾਲੇ ਅਫ਼ਗ਼ਾਨੇ ਨੇ ਤਾਂ ਕੋਈ ਕਸਰ ਹੀ ਨਹੀਂ ਛੱਡੀ । ਜੋ ਇਸਦੀ ਭੰਡ ਟੋਲੀ ਨੇ ਗ਼ਲਤ ਪ੍ਰਚਾਰ ਕੀਤਾ ਸੰਤਾਂ ਬਾਰੇ ਉਸਦੇ ਇਨ੍ਹਾਂ ਨੂੰ ਜਵਾਬ ਵੀ ਮਿਲਦੇ ਰਹੇ । ਕਾਲੇ ਦੇ ਲਿਖੇ ਕੁਫ਼ਰ ਨੂੰ ਹੀ ਕਈ ਪ੍ਰਚਾਰਕਾਂ ਨੇ ਆਪਣੇ ਪ੍ਰਚਾਰ ਦਾ ਆਧਾਰ ਬਣਾ ਲਿਆ ਹੈ । ਇਕ-ਇਕ ਨੁੱਕਤੇ ਤੇ ਵਿਚਾਰ ਹੋਣੀ ਬਣਦੀ ਹੈ । ਜਿੰਨੀ ਮਾਲਕ ਨੇ ਬੁੱਧੀ ਦਿੱਤੀ ਹੈ ਉਸ ਰਾਹੀਂ ‘ਕਾਲੇ ਅਫ਼ਗ਼ਾਨੇ ਦੇ ਕਾਲੇ ਲੇਖ’ ਨਾਮੀ ਲੇਖਾਂ ਦੀ ਲੜੀ ਦੇ ਵਿਚ ਅਸੀਂ ਖੋਲ੍ਹ ਕੇ ਵਿਚਾਰ ਕਰ ਰਹੇ ਹਾਂ ਕਿ ਕਿਸ ਤਰੀਕੇ ਨਾਲ ਇਨ੍ਹਾਂ ਖ਼ੁਸ਼ਕ ਗਿਆਨੀਆਂ ਤੇ ਭਾੜੇ ਦੇ ਟੱਟੂਆਂ ਨੇ ਸਿੱਖੀ ਤੇ ਹਮਲੇ ਕੀਤੇ ਹਨ । ਕਾਲੇ ਨੇ ਆਪਣੀਆਂ ਕਿਤਾਬਾਂ ਦੇ ਵਿਚ ਭਾਈ ਰਣਧੀਰ ਸਿੰਘ ਵਰਗੇ ਗੁਰਮੁਖ ਤੇ ਖੋਜੀ ਵਿਦਵਾਨ ਨੂੰ ਵੀ ਨਹੀਂ ਛੱਡਿਆ । ਭਾਈ ਰਣਧੀਰ ਸਿੰਘ ਹੋਣਾ ਨੇ ਆਪਣੀਆਂ ਕਿਤਾਬਾਂ ਦੇ ਰਾਹੀਂ ਬਹੁਤ ਕੁਝ ਦਿੱਤਾ ਪੰਥ ਨੂੰ । ਹਾਂ, ਕੁਝ ਚੀਜ਼ਾਂ ਤੇ ਸ਼ਾਇਦ ਸਹਿਮਤੀ ਨਾ ਹੋਵੇ, ਪਰ ਜੋ ਫ਼ਲਸਫ਼ਾ ਉਨ੍ਹਾਂ ਦੀ ਲਿਖਤ ਵਿਚ ਹੈ ਉਹ ਬਹੁਤ ਹੀ ਵਿਚਾਰਨਯੋਗ ਹੈ । ਸੋ ਜਦੋਂ ਭੰਡੀ ਪ੍ਰਚਾਰ ਕਰਨਾ ਸੀ ਸਿੱਖ ਵਿਰੋਧੀਆਂ ਨੇ ਤਾਂ ਫਿਰ ਇਨ੍ਹਾਂ ਦੋ ਮਹਾਂਪੁਰਖਾਂ ਤੇ ਹੀ ਸ਼ਬਦੀ ਵਾਰ ਕੀਤੇ ਗਏ, ਤਾਂਕਿ ਇਨ੍ਹਾਂ ਨੂੰ ਨੀਵਾਂ ਕਰਕੇ ਕਾਲੇ ਵਰਗੇ ਅਖੌਤੀ ਲੇਖਕ ਆਪਣੇ ਆਪ ਨੂੰ ਪੰਥ-ਹਿਤੈਸ਼ੀ ਅਖਵਾ ਸਕਣ ।
ਦੂਜੀ ਉਦਾਹਰਣ ਦੇ ਲਈ ਆਪਾਂ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਗੱਲ ਕਰ ਸਕਦੇ ਹਾਂ । ਜਦੋਂ ਧਰਮ ਯੁੱਧ ਮੋਰਚਾ ਸਿਖਰਾਂ ਤੇ ਸੀ ਤਦ ਇਹ ਬਹੁਤ ਪ੍ਰਚਾਰ ਹੋਇਆ ਕਿ ਸੰਤ ਕਾਂਗਰਸ ਦੇ ਆਗੂ ਹਨ । ਇਸਦਾ ਇਹੀਓ ਕਾਰਨ ਸੀ, ਜੋ ਪਹਿਲਾਂ ਦੱਸਿਆ ਜਾ ਚੁੱਕਾ ਹੈ, ਕਿ ਲੋਕ ਇਨ੍ਹਾਂ ਮੋਢੀਆਂ ਤੇ ਜਰਨੈਲਾਂ ਦਾ ਸਾਥ ਛੱਡ ਕੇ ਜੋ ਸਰਕਾਰਾਂ ਕਹਿ ਰਹੀਆਂ ਹਨ ਉਸਤੇ ਅਮਲ ਕਰਨ । ਇਹ ਕਾਂਗਰਸ ਦਾ ਹਊਆ ਹੁਣ ਤੱਕ ਚੱਲਦਾ ਆ ਰਿਹਾ ਹੈ । ਮੈਂ ਇਸ ਬਾਰੇ ‘ਡਿਫੈਂਡਰ ਆਫ਼ ਦ ਫੇਥ’ ਦੇ ਵਿਚ ਖੁਲ੍ਹ ਕੇ ਵਿਚਾਰ ਕਰਾਂਗਾ । ਪਰ ਜਦੋਂ ਇਸ ਕਾਂਗਰਸ ਵਾਲੀ ਗੱਲ ਦਾ ਵੀ ਕੋਈ ਅਸਰ ਨਹੀਂ ਹੋਇਆ ਹੁਣ ਦੇ ਸਮੇਂ ਦੇ ਵਿਚ ਰਹਿਣ ਵਾਲੇ ਨੌਜਵਾਨਾਂ ਤੇ ਤਾਂ ਸਿੱਖ ਵਿਰੋਧੀਆਂ ਨੇ ਹੁਣ ਨੇਕੀ ਵਰਗੇ ਕੁੱਤੇ ਪਾਲ ਲਏ ਹਨ, ਜੋ ਰੇਡੀਉ ਉੱਤੇ ਕੁੱਤੇ ਵਾਂਙ ਭੌਂਕਦੇ ਹਨ । ਮਕਸਦ ਪਹਿਲਾਂ ਵੀ ਇੱਕ ਸੀ ਹੁਣ ਵੀ ਇੱਕ ਹੈ: ਸਿੱਖ ਆਪਣੇ ਮਨਾਂ ’ਚੋਂ ਇਨ੍ਹਾਂ ਸੰਪਰਦਾਵਾਂ ਪ੍ਰਤੀ ਪਿਆਰ ਭੁੱਲ ਕੇ ਸਿੱਖ ਵਿਰੋਧੀਆਂ ਦੀਆਂ ਬਾਂਹਾਂ ਦਾ ਝੂਟਾ ਲੈਣ । ਜ਼ਿਆਦਾ ਲੋਕਾਂ ਵੱਲੋਂ ਸੰਤ ਭਿਡਰਾਂਵਾਲਿਆਂ ਪ੍ਰਤੀ ਹੀ ਗ਼ਲਤ ਬੋਲਿਆ ਗਿਆ ਹੈ । ਇਸਦਾ ਕਾਰਨ ਉਨ੍ਹਾਂ ਦੀ ਸ਼ਹੀਦੀ ਹੈ । ਉਹ ਇਕ ਅਜਿਹੇ ਸ਼ਹੀਦ ਹਨ ਪੰਥ ਦੇ ਵਿਚ ਜੋ ਬਹੁਤੇ ਨੌਜਵਾਨਾਂ ਦੇ ਦਿਲਾਂ ਦੇ ਵਿਚ ਵਸੇ ਹੋਏ ਹਨ । ਬਹੁਤਿਆਂ ਨੇ ਉਨ੍ਹਾਂ ਦੇ ਕਦੇ ਦਰਸ਼ਨ ਵੀ ਨਹੀਂ ਕੀਤੇ ਹੋਣੇ, ਜਾਂ ਫਿਰ ਉਨ੍ਹਾਂ ਦੀ ਸ਼ਹੀਦੀ ਤੋਂ ਬਾਅਦ ਜਨਮੇ ਹੋਣਗੇ, ਪਰ ਫਿਰ ਵੀ ਸੰਤਾਂ ਦੀ ਸ਼ਹੀਦੀ ਉਨ੍ਹਾਂ ਦੇ ਮਨਾਂ ਦੇ ਵਿਚ ਵਸੀ ਹੋਈ ਹੈ । ਇਹ ਹੁਣ ਦੇ ਸਮੇਂ ਦੇ ਵਿਚ ਵਿਚਰ ਰਹੇ ਲੋਕਾਂ ਦਾ ਬਹੁਤ ਨੇੜੇ ਦਾ ਸੰਘਰਸ਼ ਹੈ, ਸੋ ਇਸਨੂੰ ਮਲੀਆਮੇਟ ਕਰਨਾ ਹੀ ਪਵੇਗਾ ਸਿੱਖ ਵਿਰੋਧੀਆਂ ਨੂੰ । ਮੈਂ ਇਸਨੂੰ ‘ਸ਼ਹੀਦੀ’ ਦੇ ਨਾਂ ਹੇਠ ਲਿਖਣ ਦਾ ਯਤਨ ਕਰਾਂਗਾ ਤਾਂ ਜੋ ਹੋਰ ਖੋਲ੍ਹ ਕੇ ਲਿਖਿਆ ਜਾ ਸਕੇ ।
ਤੀਜੀ ਉਦਾਹਰਣ ਦੇ ਵਿਚ ਟਕਸਾਲ ਦੇ ਹੀ ਮੁਖੀ ਹਨ: ਬਾਬਾ ਹਰਨਾਮ ਸਿੰਘ ਧੁੰਮਾ । ਬਾਬਾ ਧੁੰਮਾ ਬਾਰੇ ਵੀ ਬਹੁਤ ਕੂੜ ਬੋਲਿਆ ਗਿਆ ਹੈ । ਕਿਉਂਕਿ ਬਾਬਾ ਹਰਨਾਮ ਸਿੰਘ ੨੧ਵੀਂ ਸਦੀ ਦੇ ਵਿਚ ਟਕਸਾਲ ਦੇ ਮੁੱਖੀ ਬਣੇ ਨੇ ਤਾਂ ਕਰਕੇ ਹੁਣ ਪੁਰਾਣੀਆਂ ਦਲੀਲਾਂ ਨਾਲ ਕੰਮ ਨਹੀਂ ਬਨਣਾ ਸੀ । ਸੋ ਬਾਬਾ ਧੁੰਮਾ ਲਈ ਇਨ੍ਹਾਂ ਨੇ ਹੋਰ ਨਵੀਆਂ ਕਹਾਣੀਆਂ ਘੜ੍ਹੀਆਂ ਜਿਸ ਵਿਚ ਬਾਬਾ ਧੁੰਮਾ ਨੂੰ ਸਰਕਾਰੀ ਏਜੰਟ, ਪੁਲੀਸ ਦਾ ਬੰਦਾ, ਇਕ ਗੱਦਾਰ, ਤੇ ਹੋਰ ਬਹੁਤ ਸਾਰੇ ਲਫ਼ਜ਼ਾਂ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ । ਤੇ ਇਹ ਸਿਰਫ਼ ਬਾਬਾ ਹਰਨਾਮ ਸਿੰਘ ਤੇ ਹੀ ਨਹੀਂ ਰੁਕਣਾ । ਜੋ ਵੀ ਉਨ੍ਹਾਂ ਤੋਂ ਬਾਅਦ ਟਕਸਾਲ ਦਾ ਮੁੱਖੀ ਬਣੇਗਾ, ਉਸਤੇ ਵੀ ਇਸੇ ਤਰ੍ਹਾਂ ਦਾ ਸ਼ਬਦੀ ਵਾਰ ਹੋਵੇਗਾ ।
ਜੇਕਰ ਤੁਸੀਂ ਥੋੜ੍ਹਾ ਜਾ ਗਹੁ ਨਾਲ ਦੇਖੋ ਤਾਂ ਇਨ੍ਹਾਂ ਉਦਾਹਰਣਾਂ ਦੇ ਵਿਚ ਸਿਰਫ਼ ਇਕ ਗੱਲ ਹੀ ਨਿਕਲੇਗੀ: ਟਕਸਾਲ ਨੂੰ ਬਦਨਾਮ ਕਰਨਾ । ਬਾਕੀ ਸਿਰਫ਼ ਤੇ ਸਿਰਫ਼ ਗੱਲਾਂ ਹਨ । ਜੋ ਖੁਫ਼ੀਆਂ ਏਜੰਸੀਆਂ ਦੇ ਵਿਚ ਕੰਮ ਕਰਦੇ ਹਨ, ਜਾਂ ਉਨ੍ਹਾਂ ਬਾਰੇ ਜਾਣਦੇ ਹਨ, ਉਨ੍ਹਾਂ ਨੂੰ ਪਤਾ ਹੈ ਕਿ ਇਹ ਖੇਡ ਕਿਸ ਤਰ੍ਹਾਂ ਖੇਡੀ ਜਾਂਦੀ ਹੈ ਜਿਸ ਵਿਚ ਇਕ ਪ੍ਰਮੁੱਖ ਬੰਦੇ ਨੂੰ ਸ਼ੱਕ ਦੀ ਨਿਗ੍ਹਾ ਰਾਹੀਂ ਦੇਖਣ ਦਾ ਯਤਨ ਕੀਤਾ ਜਾਂਦਾ ਹੈ ਤੇ ਇਸ ਤਰ੍ਹਾਂ ਫਿਰ ਕਿਸੇ ਖ਼ਾਸ ਵਰਗ ਦੇ ਲੋਕ ਉਸੇ ਤਰ੍ਹਾਂ ਕਰਨ ਲੱਗ ਜਾਂਦੇ ਨੇ ।
ਇਕ ਹੋਰ ਗੱਲ ਜੋ ਸਾਹਮਣੇ ਆਉਂਦੀ ਹੈ ਇਨ੍ਹਾਂ ਪੰਥ-ਵਿਰੋਧੀ ਪ੍ਰਚਾਰਕਾਂ ਦੀ ਉਹ ਇਹ ਕਿ ਇਨ੍ਹਾਂ ਵਿਚੋਂ ਕਿਸੇ ਨੇ ਵੀ ਗੁਰਬਾਣੀ ਦੀ ਕਥਾ ਨਹੀਂ ਕੀਤੀ । ਹਾਂ, ਆਪਣੀ ਗੱਲ ਸਿੱਧ ਕਰਨ ਲਈ ਉਹ ਗੁਰਬਾਣੀ ਦੀਆਂ ਤੁਕਾਂ ਦੇ ਦਿੰਦੇ ਹਨ, ਜਾਂ ਕਈਆਂ ਨੇ ਇਕ-ਦੋ ਬਾਣੀਆਂ ਦੀ ਕਥਾ ਕੀਤੀ ਹੋ ਸਕਦੀ ਹੈ । ਪਰ ਜੋ ਬੁਨਿਆਦੀ ਗੱਲ ਹੈ ਗੁਰਬਾਣੀ ਦੇ ਵਿਚ ਉਹ ਕੋਈ ਵੀ ਪੰਥ-ਵਿਰੋਧੀ ਨਹੀਂ ਕਰਦਾ, ਕਿਉਂ ਜੁ ਇਹ ਸਿੱਖੀ ਦੇ ਨੇੜੇ ਜਾਣ ਲਈ ਬਹੁਤ ਵਧੀਆ ਹੈ । ਸੋ ਸਿੱਖਾਂ ਨੂੰ ਇਨ੍ਹਾਂ ਚੀਜ਼ਾਂ ਦੇ ਵਿਚ ਹੀ ਉਲਝਾ ਕੇ ਰੱਖ ਦਿੱਤਾ ਜਾਂਦਾ ਹੈ ਤਾਂ ਜੁ ਕੋਈ ਵੀ ਗੁਰਬਾਣੀ ਪੜ੍ਹ ਕੇ ਸਿੱਖੀ ਵੱਲ ਪ੍ਰੇਰਿਤ ਨਾ ਹੋ ਜਾਵੇ ।
ਅੱਜ ਦੇ ਸਮੇਂ ਦੇ ਵਿਚ ਬਹੁਤ ਘੱਟ ਅਜਿਹੇ ਲੋਕ ਹਨ ਜੋ ਸੋਸ਼ਲ ਮੀਡੀਏ ਰਾਹੀਂ ਕੋਈ ਕੰਮ ਦੀ ਗੱਲ ਕਰਨਗੇ । ਬਹੁਤਿਆਂ ਦਾ ਸਮਾਂ ਬਸ ਭੰਡੀ ਪ੍ਰਚਾਰ ਕਰਨ ਦੇ ਵਿਚ ਹੀ ਲੱਗ ਹੋਇਆ ਹੈ, ਚਾਹੇ ਉਹ ਗੁਰਬਾਣੀ ਦੇ ਗ਼ਲਤ ਅਰਥ ਹੋਣ, ਗੁਰਬਾਣੀ ਨੂੰ ਗੁਰਬਾਣੀ ਨਾ ਮੰਨਣਾ, ਸੰਪਰਦਾਵਾਂ ਦੇ ਖ਼ਿਲਾਫ਼ ਬੋਲਣਾ, ਇਤਿਹਾਸ ਨੂੰ ਨਾ ਮੰਨਣਾ, ਸ਼ਹੀਦੀਆਂ ਰੋਲਣੀਆਂ, ਆਦਿ । ਭਾਈ ਜਗਰਾਜ ਸਿੰਘ ਹੋਣਾ ਨੇ ਬਹੁਤ ਵਧੀਆ ਕਿਹਾ ਸੀ ਕਿ ਸਿੱਖਾਂ ਨੇ ਬਹੁਤਾ ਸਮਾਂ ਜੰਗਾਂ-ਯੁੱਧਾਂ ਦੇ ਵਿਚ ਹੀ ਬਤੀਤ ਕੀਤਾ ਹੈ, ਇਹ ਹੁਣ ਦੀ ਸਦੀ ਦੇ ਵਿਚ ਆਪਣੇ ਕੋਲ ਪ੍ਰਚਾਰ ਦਾ ਸਮਾਂ ਹੈ । ਪਰ ਇਹ ਜੋ ਸਿੱਖ-ਵਿਰੋਧੀ ਸੰਸਥਾਵਾਂ ਦੇ ਅੜਿੱਕੇ ਚੜ੍ਹ ਗਏ ਨੇ ਇਨ੍ਹਾਂ ਨੇ ਹੁਣ ਇਹ ਨਵੀਂ ਭਸੂੜੀ ਪਾਈ ਹੋਈ ਹੈ ਸੰਪਰਦਾਵਾਂ ਦੇ ਖ਼ਿਲਾਫ਼ ਪ੍ਰਚਾਰ ਕਰਨ ਦੀ । ਹਾਂ, ਇਹ ਜ਼ਰੂਰ ਹੋ ਸਕਦਾ ਹੈ ਕਿ ਕੁਝ ਕੁ ਕਾਰਨਾਂ ਕਰਕੇ ਕਿਸੇ ਦੇ ਕੋਈ ਵਿਚਾਰ ਨਾ ਰਲਦੇ ਹੋਣ ਸਿੱਖ ਸੰਪਰਦਾਵਾਂ ਨਾਲ ਕੁਝ ਕੁ ਮੁੱਦਿਆਂ ਤੇ, ਪਰ ਜਾਣਬੁੱਝ ਕੇ ਹੀ ਸਾਰਾ ਸਮਾਂ ਇਧਰ ਲਗਾ ਦੇਣਾ ਭੰਡੀ ਪ੍ਰਚਾਰ ਦੇ ਵਿਚ ਇਕ ਬਹੁਤ ਹੀ ਵੱਡੀ ਸਾਜ਼ਿਸ਼ ਦਾ ਹਿੱਸਾ ਜਾਪਦਾ ਹੈ ।
ਜੋ ਸਿੱਖਾਂ ਨੂੰ ਸੁਵਖਤੇ ਉੱਠਕੇ ਪਰਮਾਤਮਾ ਦਾ ਨਾਂ ਲੈਣਾ ਚਾਹੀਦਾ ਹੈ, ਉਹ ਸਵੇਰ ਤੋਂ ਲੈ ਕਰ ਰਾਤ ਤੱਕ ਇਕ ਹੀ ਰੱਟ ਲਾਈ ਰੱਖਦੇ ਨੇ ਜਿਸ ਨਾਲ ਕੌਮ ਦਾ ਕੋਈ ਵੀ ਭਲਾ ਨਹੀਂ ਹੁੰਦਾ । ਇਹ ਲੋਕ ਪਹਿਚਾਨਣੇ ਬਹੁਤ ਆਸਾਨ ਹੁੰਦੇ ਨੇ । ਤੁਸੀਂ ਇਨ੍ਹਾਂ ਦੇ ਯੂ-ਟਿਊਬ ਚੈਨਲ ਜਾਂ ਫਿਰ ਫੇਸਬੁੱਕ ਦੇ ਖਾਤੇ ਦੇ ਵਿਚ ਜਾ ਕਰ ਦੇਖ ਸਕਦੇ ਹੋ ਕਿ ਕਿੰਨੇ ਚਲਾਕ ਢੰਗ ਨਾਲ ਇਹ ਕਿੱਦਾਂ ਸਿੱਖਾਂ ਦੇ ਮਨਾਂ ਦੇ ਉੱਤੇ ਇਕ ਅਜਿਹੀ ਛਾਪ ਛੱਡਣ ਦਾ ਯਤਨ ਕਰ ਰਹੇ ਨੇ ਜਿਸ ਰਾਹੀਂ ਸਿੱਖਾਂ ਦੇ ਮਨਾਂ ਦੇ ਵਿਚ ਆਪਣੇ ਧਰਮ ਨੂੰ ਲੈ ਕਰ ਹੀ ਸ਼ੰਕੇ ਪੈਦਾ ਹੋ ਜਾਣ । ਜੇਕਰ ਕਿਸੇ ਦੇ ਮਨ ਦੇ ਵਿਚ ਕੋਈ ਵੀ ਸ਼ੰਕਾ ਹੋਵੇ ਉਹ ਬੈਠ ਕਰ ਸੁਲਝਾ ਸਕਦਾ ਹੈ । ਪਰ ਇਨ੍ਹਾਂ ਦੇ ਵਿਚ ਓਵੀ ਹਿੰਮਤ ਨਹੀਂ ਹੁੰਦੀ । ਕਿਉਂਕਿ ਇਨ੍ਹਾਂ ਨੂੰ ਓਨਾ ਹੀ ਪਤਾ ਹੁੰਦਾ ਹੈ ਜਿੰਨਾਂ ਕਿਸੇ ਨੇ ਦੱਸਿਆ ਹੋਵੇ । ਕਿਸੇ ਦੇ ਆ ਰਹੇ ਵਿਅੰਗ ਜਾਂ ਪ੍ਰਸ਼ਨਾਂ ਦੇ ਉੱਤਰ ਦੇਣ ਦੀ ਇਨ੍ਹਾਂ ਦੇ ਵਿਚ ਸਮਰਥਾ ਨਹੀਂ ਹੁੰਦੀ ।
ਨਕਲੀ ਗੁਰੂਆਂ ਦੇ ਡੇਰੇ ਬਹੁਤ ਪਸਰ ਰਹੇ ਨੇ ਉੱਤਰੀ ਭਾਰਤ ਦੇ ਵਿਚ, ਖ਼ਾਸ ਕਰਕੇ ਪੰਜਾਬ ਦੇ ਵਿਚ । ਤੁਸੀਂ ਦੇਖ ਸਕਦੇ ਹੋ ਕਿ ਇਨ੍ਹਾਂ ਡੇਰਿਆਂ ਦੇ ਵਿਚ ਬਹੁਤੀ ਗਿਣਤੀ ਦੇ ਵਿਚ ਪੱਗਾਂ ਵਾਲੇ ਹੀ ਹੁੰਦੇ ਹਨ ਜੋ ਗੁਰੂਆਂ ਦੇ ਦਿਖਾਏ ਮਾਰਗ ਤੋਂ ਭਟਕ ਗਏ ਨੇ । ਇਹ ਵੀ ਸਿੱਖਾਂ ਨੂੰ ਹੀਣੇ ਕਰਨ ਦੀ ਇਕ ਚਾਲ ਹੈ ਤਾਂ ਜੁ ਸਿੱਖ ਆਪਣਾ ਵਿਰਸਾ ਤੇ ਮਰਯਾਦਾ ਭੁੱਲ ਕੇ ਇਨ੍ਹਾਂ ਬੁੱਝੜਾ ਦੀ ਗੱਲ ਮੰਨਣ ਲੱਗ ਜਾਣ । ਮੈਨੂੰ ਯਾਦ ਹੈ ਕਿ ਮੈਨੂੰ ਕਿਸੇ ਨੇ ਇਹ ਦੱਸਿਆ ਸੀ ਕਿ ਰਾਧਾ-ਸੁਆਮੀਆਂ ਦੇ ਗੁਰੂ ਨੂੰ ਜਦੋਂ ਡੇਰਾ ਖਾਲੀ ਕਰਨ ਦੀ ਚਿੱਠੀ ਮਿਲੀ ਧਰਮ ਯੁੱਧ ਮੋਰਚੇ ਦੇ ਸਮੇਂ ਤੇ (ਪਤਾ ਨਹੀਂ ਕਿ ਇਹ ਕਿੰਨੀ ਕੁ ਸੱਚ ਗੱਲ ਹੈ), ਤਾਂ ਉਨ੍ਹਾਂ ਦੇ ਬਾਬੇ ਨੇ ਉਹ ਚਿੱਠੀ ਪਾੜ੍ਹ ਦਿੱਤੀ ਜਿਸ ਨਾਲ ਭਿੰਡਰਾਂਵਾਲੇ ਸੰਤਾਂ ਦੀ ਸ਼ਹੀਦੀ ਹੋ ਗਈ । ਇਹੋਂ ਜਿਹੀਆਂ ਬੇ-ਤੁਕੀਆਂ ਗੱਲਾਂ ਕਰਕੇ ਲੋਕ ਇਨ੍ਹਾਂ ਦੀ ਗੱਲਾਂ ਦੇ ਵਿਚ ਆ ਜਾਂਦੇ ਨੇ । ਜਿਸਨੂੰ ਭਿੰਡਰਾਂਵਾਲੇ ਸੰਤਾਂ ਦੀ ਅਵਸਥਾ ਦਾ ਪਤਾ ਹੈ, ਉਹ ਇਨ੍ਹਾਂ ਦੀਆਂ ਜੱਭਲੀਆਂ ਸੁਣਕੇ ਬਹੁਤ ਹੱਸਦੇ ਹਨ । ਉਨ੍ਹਾਂ ਨੂੰ ਦੁੱਖ ਵੀ ਜ਼ਰੂਰ ਲੱਗਦਾ ਹੈ ਜਦੋਂ ਸ਼ਹੀਦ ਹੋਣ ਵਾਲੇ ਪੰਥ ਦੇ ਮਹਾਂਪੁਰਸ਼ਾਂ ਨਾਲ ਇਹੋਂ ਜਿਹੀਆਂ ਗੱਲਾਂ ਜੋੜ੍ਹ ਦਿੱਤੀਆਂ ਜਾਂਦੀਆਂ ਹਨ ।
ਕੀ ਇਨ੍ਹਾਂ ਡੇਰਿਆਂ ਦੀ ਵੱਧਦੀ ਤਾਕਤ ਦਾ ਮਤਲਬ ਇਹ ਹੈ ਕਿ ਸਿੱਖ ਪ੍ਰਚਾਰ ਨਹੀਂ ਕਰ ਰਹੇ ? ਨਹੀਂ, ਅਜਿਹਾ ਬਿਲਕੁਲ ਵੀ ਨਹੀਂ ਹੈ । ਸਿੱਖ ਬਹੁਤ ਪ੍ਰਚਾਰ ਕਰ ਰਹੇ ਨੇ ਸਿੱਖੀ ਦਾ । ਹੁਣ ਦੇ ਸਮੇਂ ਦੇ ਵਿਚ ਇਹ ਸਿਰਫ਼ ਪੰਜਾਬੀ ਵਿਚ ਹੀ ਨਹੀਂ ਬਲਕਿ ਬਹੁਤ ਸਾਰੀਆਂ ਭਾਸ਼ਾਵਾਂ ਦੇ ਵਿਚ ਗੁਰਬਾਣੀ ਦੀ ਕਥਾ ਕੀਤੀ ਜਾ ਰਹੀ ਹੈ । ਹੁੰਦਾ ਕੀ ਹੈ ਕਿ ਜੋ ਗੁਰਸਿੱਖ ਗੁਰੂਆਂ ਵੱਲੋਂ ਦੱਸੇ ਹੋਏ ਮਾਰਗ ਤੇ ਖ਼ੁਦ ਚਲਦੇ ਨੇ ਤੇ ਦੂਜਿਆਂ ਨੂੰ ਵੀ ਪ੍ਰੇਰਦੇ ਨੇ ਉਸ ਮਾਰਗ ਤੇ ਚੱਲਣ ਦੇ ਲਈ, ਉਨ੍ਹਾਂ ਨਾਲ ਬਹੁਤ ਹੀ ਘੱਟ ਲੋਕ ਜੁੜ੍ਹ ਰਹੇ ਨੇ । ਇਸਦਾ ਬਹੁਤ ਹੀ ਸਰਲ ਜਾ ਕਾਰਨ ਹੈ । ਅੱਜ ਦੇ ਸਮੇਂ ਦੇ ਵਿਚ ਲੋਕ ਗੁਰੂਆਂ ਵੱਲੋਂ ਦੱਸੇ ਹੋਏ ਮਾਰਗ ਤੇ ਚੱਲਣ ਤੋਂ ਪਹਿਲਾਂ ਇਹ ਜਾਨਣਾ ਚਾਹੁੰਦੇ ਹਨ ਕਿ ਕੀ ਇਸ ਰਸਤੇ ਤੇ ਚੱਲਣਾ ਵਿਗਿਆਨ ਦੇ ਅਨੁਸਾਰ ਹੈ ਜਾਂ ਨਹੀਂ । ਅੱਜਕਲ੍ਹ ਦੀ ਨਸਲ ਦੇ ਗੱਭਰੂ ਇਹ ਨਹੀਂ ਸੁਨਣਾ ਚਾਹੁੰਦੇ ਕਿ ‘ਵਾਹਿਗੁਰੂ ਵਾਹਿਗੁਰੂ’ ਕਹਿਣਾ ਚਾਹੀਦਾ ਹੈ । ਹੁਣ ਉਹ ਇਹ ਜਾਨਣ ਦੀ ਲਾਲਸਾ ਰੱਖਦੇ ਹਨ ਕਿ ਇਸ ਦਾ ਕੀ ਲਾਭ ਹੈ, ਕੀ ਇਹ ਵਿਗਿਆਨ ਦੇ ਅਨੁਸਾਰ ਹੈ, ਵਿਗਿਆਨ ਕੀ ਕਹਿੰਦਾ ਹੈ ਇਸ ਬਾਰੇ, ਇਤਿਆਦਿ । ਇਹ ਵੀ ਉਨ੍ਹਾਂ ਦੇ ਮਨਾਂ ਦੇ ਵਿਚ ਆਪਣੇ ਆਪ ਨਹੀਂ ਆਇਆ । ਕੁਝ ਕੁ ਖ਼ਰੀਦੇ ਹੋਏ ਪ੍ਰਚਾਰਕਾਂ ਨੇ ਇਹ ਗੱਲਾਂ ਬਹੁਤ ਸੂਖਮ ਰੂਪ ਦੇ ਵਿਚ ਸੰਗਤਾਂ ਨੂੰ ਦੇਣੀਆਂ ਸ਼ੁਰੂ ਕੀਤੀਆਂ । ਪਰ ਹੁਣ ਇਸਦਾ ਖੁਲ੍ਹ ਕੇ ਪ੍ਰਚਾਰ ਹੋ ਰਿਹਾ ਹੈ । ਹੁਣ ਅਭਿਆਸੀ ਲੋਕ ਨਹੀਂ ਤਰਕਵਾਦੀ ਲੋਕਾਂ ਦੀ ਗਿਣਤੀ ਜ਼ਿਆਦਾ ਹੈ ।
ਇਹ ਡੇਰੇ ਸਿਰਫ਼ ਲੋਕਾਂ ਦੇ ਵਿਚ ਆਪਣੀ ਵਿਚਾਰਧਾਰਾ ਹੀ ਨਹੀਂ ਬਲਕਿ ਰਾਜਸੀ ਤਾਕਤ ਵੀ ਵਧਾ ਰਹੇ ਨੇ । ਸਮਾਂ ਤਾਂ ਅਜਿਹਾ ਆ ਗਿਆ ਹੈ ਕਿ ਪੰਜਾਬ ਦੇ ਬਹੁਤੇ ਰਾਜਸੀ ਲੋਕ ਇਨ੍ਹਾਂ ਡੇਰੇਦਾਰਾਂ ਦੇ ਦਰਬਾਰਾਂ ਦੇ ਵਿਚ ਜਾ ਕਰ ਆਪਣੀ ਪਾਰਟੀ ਦੇ ਲਈ ਵੋਟ ਮੰਗਦੇ ਨੇ । ਪੰਜਾਬ ਦੀਆਂ ਪ੍ਰਮੁੱਖ ਪਾਰਟੀਆਂ ਦੀਆਂ ਤਸਵੀਰਾਂ ਦੇਖੀਆਂ ਜਾ ਸਕਦੀਆਂ ਹਨ ਜਿਸ ਵਿਚ ਉਹ ਬਾਬੇ ਅੱਗੇ ਹੱਥ ਜੋੜ੍ਹ ਕੇ ਖੜ੍ਹੇ ਹਨ । ਇਨ੍ਹਾਂ ਦੇ ਬਾਬਿਆਂ ਵੱਲੋਂ ਕੀਤਾ ਸਮਰਥਨ ਵੀ ਕਈ ਵਾਰੀ ਕੰਮ ਨਹੀਂ ਆਇਆ ਤੇ ਰਾਜਸੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ । ਇਹ ਸ਼ਕਤੀ ਪ੍ਰਦਰਸ਼ਨ ਵਰਗੀ ਚੀਜ਼ ਜੋ ਡੇਰਿਆਂ ਵੱਲੋਂ ਸ਼ੁਰੂ ਕੀਤੀ ਗਈ ਹੈ ਸਿੱਖਾਂ ਨੂੰ ਇਸ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ । ਨਹੀਂ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਸਿੱਖ ਇਨ੍ਹਾਂ ਖ਼ੁਸ਼ਕ ਗਿਆਨੀਆਂ ਦੀਆਂ ਗੱਲਾਂ ਸੁਣ ਕਰ ਆਪਣੀ ਪਿਆਰੀ ਸਿੱਖੀ ਤੋਂ ਦੂਰ ਹੋ ਜਾਣਗੇ, ਤੇ ਇਨ੍ਹਾਂ ਡੇਰੇਦਾਰਾਂ ਕਰਕੇ ਰਾਜਸੀ ਸ਼ਕਤੀ ਤੋਂ ਵੀ ਹੱਥ ਧੋ ਲੈਣਗੇ ।
ਸਿੱਖ ਸੰਪਰਦਾਵਾਂ ਵੱਲ ਜੇ ਨਿਗ੍ਹਾ ਮਾਰੀਏ ਤਾਂ ਇਹ ਸਾਫ਼ ਹੋ ਜਾਵੇਗਾ ਕਿ ਗੁਰੂਆਂ ਦੀ ਬਖ਼ਸ਼ੀ ਹੋਈ ਮਰਯਾਦਾ ਇਨ੍ਹਾਂ ਵੱਲੋਂ ਹੀ ਸਾਂਭੀ ਗਈ ਹੈ । ਤੁਸੀਂ ਦੇਖ ਸਕਦੇ ਹੋ ਕਿ ਬਹੁਤੀ ਨਿੰਦਾਂ ਸੰਪਰਦਾਵਾਂ ਦੇ ਵਿਚ ਪੜ੍ਹ ਰਹੇ ਵਿਦਿਆਰਥੀਆਂ ਤੇ ਲੰਘ ਚੁੱਕੇ ਸਮੇਂ ਦੇ ਵਿਚ ਹੋਏ ਸੰਤ ਮਹਾਤਮਾ ਤੇ ਹੀ ਹੁੰਦੀ ਹੈ । ਜੇਕਰ ਸੰਪਰਦਾਵਾਂ ਨੂੰ ਹੀ ਨਕਾਰ ਦਿੱਤਾ ਜਾਵੇ ਤਾਂ ਆਪਾਂ ਨੂੰ ਤਾਂ ਗੁਰਬਾਣੀ ਸਹੀ ਕਿਵੇਂ ਪੜ੍ਹਨੀ ਹੈ ਓਵੀ ਨਹੀਂ ਪਤਾ ਲੱਗੇਗਾ । ਉਹ ਲੋਕ ਜੋ ਵਿਆਕਰਣ ਦੇ ਰਾਹੀਂ ਆਪਣੇ ਅਰਥ ਕਰਦੇ ਨੇ ਉਨ੍ਹਾਂ ਨੇ ਤਾਂ ਬਹੁਤੀਆਂ ਬਿੰਦੀਆਂ ਲਗਾ ਕੇ ਲੋਕਾਂ ਨੂੰ ਗੁਣਗੁਣਾ ਬਣਾ ਦਿੱਤਾ ਹੈ । ਤੇ ਅੱਜ ਦੇ ਸਮੇਂ ਦੇ ਵਿਚ ਜੋ ਵੀ ਖ਼ੁਸ਼ਕ ਗਿਆਨੀ ਨੇ ਉਨ੍ਹਾਂ ਨੇ ਮਰਯਾਦਾ ਤੇ ਭਾਰੀ ਸੱਟ ਮਾਰੀ ਹੈ, ਜਿਸ ਨਾਲ ਗੁਰੂ ਵੱਲੋਂ ਬਖ਼ਸ਼ੀ ਹੋਈ ਮਰਯਾਦਾ ਤੇ ਸਵਾਲੀਆ ਪ੍ਰਸ਼ਨ ਖੜ੍ਹਾ ਕੀਤਾ ਜਾ ਰਿਹਾ ਹੈ । ਸੋ ਇਨ੍ਹਾਂ ਖ਼ੁਸ਼ਕ ਗਿਆਨੀਆਂ ਦੇ ਅਰਥ ਤੇ ਇਨ੍ਹਾਂ ਵੱਲੋਂ ਦੱਸੀ ਮਰਯਾਦਾ ਨੂੰ ਹੀ ਆਮ ਸੰਗਤ ਦੇ ਵਿਚ ਪ੍ਰਚਾਰਨਾ ਸਿੱਖ ਵਿਰੋਧੀਆਂ ਦਾ ਕੰਮ ਹੈ । ਜਿਸ ਨਾਲ ਨਾ ਤਾਂ ਇਕ ਸਿੱਖ ਸਿੱਖ ਅਖਵਾ ਸਕਦਾ ਹੈ ਤੇ ਨਾ ਹੀ ਉਹ ਪਰਮਾਤਮਾ ਨਾਲ ਇੱਕ-ਮਿੱਕ ਹੋ ਸਕਦਾ ਹੈ ।
ਇਹ ਕੰਮ ਕੋਈ ਛੋਟੇ ਪੱਧਰ ਤੇ ਨਹੀਂ ਹੋ ਰਿਹਾ । ਪੰਜਾਬ ਦੇ ਵਿਚ ਇਹੋ ਜਿਹੀਆਂ ਗੱਲਾਂ ਕਰਨੀਆਂ ਥੋੜ੍ਹੀਆਂ ਔਖੀਆਂ ਹਨ, ਕਿਉਂਕਿ ਸਿੰਘ ਗੱਡੀ ਚੜ੍ਹਾਉਣ ਦੇ ਵਿਚ ਸ਼ਾਇਦ ਦੇਰ ਨਾ ਲਗਾਉਣ । ਹਾਂ, ਪੰਜਾਬ ਵਿਚ ਵੀ ਹੋ ਰਿਹਾ ਹੈ, ਪਰ ਪੁਲਿਸ ਸੁਰੱਖਿਆ ਹੇਠ । ਤਾਂ ਜੋ ਕੋਈ ਜਾਨ ਨੂੰ ਖ਼ਤਰਾ ਨਾ ਹੋਵੇ । ਇਸਦਾ ਜ਼ਿਆਦਾ ਪ੍ਰਚਾਰ ਭਾਰਤ ਤੋਂ ਬਾਹਰ ਰਹਿ ਰਹੇ ਲੋਕਾਂ ਦੇ ਵਿਚ ਹੋ ਰਿਹਾ ਹੈ । ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਤੇ ਕਿੰਤੂ-ਪ੍ਰੰਤੂ ਉੱਠਿਆ ਤਾਂ ਇਹ ਬਹੁਤਾ ਅਮਰੀਕਾ, ਕਨੇਡਾ, ਤੇ ਹੋਰ ਦੇਸ਼ਾਂ ਦੇ ਵਿਚ ਸੀ । ਇਕ ਗੱਲ ਜੋ ਬਿਲਕੁਲ ਸੱਚ ਹੈ ਉਹ ਇਹ ਕਿ ਬਾਹਰਲੇ ਮੁਲਕਾਂ ਦੇ ਵਿਚ ਰਹਿ ਰਹੀ ਸਿੱਖ ਪੀੜ੍ਹੀ ਨੂੰ ਸਿੱਖੀ ਬਾਰੇ ਬਹੁਤਾ ਗਿਆਨ ਨਹੀਂ ਹੈ । ਪੱਛਮੀ ਸਭਿਅਤਾ ਦੇ ਵਿਚ ਵਿਚਰ ਕੇ ਉਹ ਆਪਣੇ ਆਪ ਨੂੰ ‘ਮੌਡਰਨ’ ਕਹਾਉਣ ਦੇ ਵਿਚ ਫ਼ਕਰ ਮਹਿਸੂਸ ਕਰਦੇ ਨੇ ।
ਇਕ ਤਾਂ ਉਹ ਬਹੁਤ ਦੂਰ ਹਨ ਪੰਜਾਬ ਤੋਂ । ਦੂਜਾ ਗ਼ਲਤ ਪ੍ਰਚਾਰ ਵੀ ਬਹੁਤਾ ਉਥੇ ਹੀ ਹੋ ਰਿਹਾ ਹੈ । ਤੀਜਾ ਉਨ੍ਹਾਂ ਵੱਲੋਂ ਸਿੱਖ ਵਿਰੋਧੀਆਂ ਦੀ ਪਹਿਚਾਣ ਕਰਨੀ ਬਹੁਤ ਮੁਸ਼ਕਲ ਹੈ । ਦੂਜੇ ਮੁਲਕਾਂ ਦੇ ਵਿਚ ਰਹਿ ਰਹੇ ਲੋਕ ਸਿੱਖੀ ਨਾਲ ਵੀ ਬਹੁਤ ਜੁੜ੍ਹੇ ਨੇ, ਉਹ ਵੀ ਜੋ ਪਹਿਲਾਂ ਕਿਸੇ ਹੋਰ ਧਰਮ ਦੇ ਵਿਚ ਸਨ । ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਵਿਚ ਲੋਕਾਂ ਤੇ ਕੋਈ ਪ੍ਰਭਾਵ ਨੀ ਪਿਆ ਇਨ੍ਹਾਂ ਦਾ । ਉਨ੍ਹਾਂ ਤੇ ਵੀ ਹੈ, ਪਰ ਉਹ ਦੂਸਰੇ ਤਰੀਕੇ ਦਾ ਹੈ । ਜਿਵੇਂ ਨਸ਼ਿਆਂ ਦੇ ਵਿਚ ਲੱਗਣਾ, ਪਤਿਤ ਹੋ ਜਾਣਾ, ਆਦਿ । ਸਾਰਿਆਂ ਲਈ ਇੱਕੋ-ਜਿੱਕਾ ਰਸਤਾ ਨਹੀਂ ਅਖਤਿਆਰ ਕੀਤਾ ਹੋਇਆ ਆਪਣਾ ਪ੍ਰਭਾਵ ਛੱਡਣ ਦੇ ਲਈ । ਪਰ ਪੰਜਾਬ ਦੇ ਵਿਚ ਰਹਿ ਰਹੇ ਲੋਕ ਚਾਹੇ ਮੋਨ-ਘੋਨ ਹੀ ਹੋ ਗਏ ਹੋਣ, ਪਰ ਕਈ ਇਨ੍ਹਾਂ ਖ਼ੁਸ਼ਕ ਗਿਆਨੀਆਂ ਨੂੰ ਸਮੇਂ ਤੇ ਹੀ ਪਹਿਚਾਣ ਜਾਂਦੇ ਨੇ । ਉਹ ਸਿੱਖੀ ਵੱਲ ਪ੍ਰੇਰੇ ਜਾਣ ਜਾਂ ਨਾ ਜਾਣ, ਪਰ ਉਨ੍ਹਾਂ ਦੀ ਗੁਰੂ ਪ੍ਰਤੀ ਸ਼ਰਧਾ ਘੱਟ ਨਹੀਂ ਹੁੰਦੀ । ਕੁਝ ਕੁ ਜ਼ਰੂਰ ਹੁੰਦੇ ਨੇ ਜੋ ਸ਼ਾਇਦ ਇਨ੍ਹਾਂ ਵੱਲ ਵੀ ਜਾਂਦੇ ਨੇ, ਜਿਵੇਂ ਮੌਜੂਦਾ ਸਮੇਂ ਦੇ ਵਿਚ ਢੱਡਰੀ ਵਰਗੇ ਕਾਮਰੇਡ, ਜਿਸ ਬਾਰੇ ਕਈ ਸਮਾਂ ਪਹਿਲਾਂ ਹੀ ਸਿੱਖਾਂ ਨੇ ਇਸ਼ਾਰਾ ਕਰਤਾ ਸੀ ਕਿ ਇਹ ਕਿਧਰ ਨੂੰ ਲੈ ਕਰ ਜਾ ਰਿਹਾ ਹੈ ਸਿੱਖੀ ਨੂੰ, ਜਿਨ੍ਹਾਂ ਦਾ ਮੁੱਖ ਮਕਸਦ ਸਿੱਖਾਂ ਨੂੰ ਗੁੰਮਰਾਹ ਕਰਨਾ ਹੈ ।
ਆਮ ਸਿੱਖ ਨੂੰ ਜੋ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ ਹੈ ਸਿੱਖੀ ਬਾਰੇ, ਉਸ ਲਈ ਇਹ ਬਹੁਤ ਹੀ ਔਖਾ ਕੰਮ ਹੈ ਕਿ ਉਹ ਸਹੀ ਤੇ ਗ਼ਲਤ ਦੀ ਪਰਖ ਕਰ ਲਵੇ । ਜੋ ਹੁਣ ਅਨਪੜ੍ਹ ਲਾਣੇ ਨਾਲ ਜੁੜ੍ਹੇ ਹੋਏ ਨੇ ਉਹ ਕਿਉਂ ਜੁੜ੍ਹੇ ਹੋਏ ਨੇ ? ਕਿਉਂਕਿ ਉਨ੍ਹਾਂ ਨੂੰ ਸਹੀ ਗ਼ਲਤ ਦੀ ਪਹਿਚਾਣ ਨਹੀਂ ਹੈ । ਉਹ ਨਹੀਂ ਜਾਣਦੇ ਕੇ ਜਿਨ੍ਹਾਂ ਨਾਲ ਉਹ ਜੁੜ੍ਹ ਗਏ ਨੇ ਉਹ ਦਰਅਸਲ ਦੇ ਵਿਚ ਸਿੱਖਾਂ ਦੇ ਵਿਰੋਧੀ ਹਨ । ਇਹੀਓ ਤਾਂ ਚਾਹੀਦਾ ਹੈ ਸਿੱਖ ਵਿਰੋਧੀਆਂ ਨੂੰ ਕਿ ਸਿੱਖ ਸਹੀ ਤੇ ਗ਼ਲਤ ਦੇ ਵਿਚ ਫ਼ਰਕ ਨਾ ਜਾਣ ਪਾਉਣ ਤਾਂ ਜੁ ਜੋ ਉਹ ਪ੍ਰਚਾਰ ਕਰਨਾ ਚਾਹੁੰਦੇ ਨੇ ਸਿੱਖੀ ਦੇ ਵਿਚ, ਸਿੱਖ ਅਸੂਲਾਂ ਦੇ ਖ਼ਿਲਾਫ਼, ਉਹ ਪ੍ਰਚਾਰਿਆ ਜਾਵੇ ਜਿਸ ਨਾਲ ਸਿੱਖ ਆਪਣੇ ਵਿਰਸੇ ਤੇ ਗੁਰੂਆਂ ਤੇ ਸ਼ਰਧਾ ਤੋਂ ਹੀ ਅਣਜਾਣ ਹੋ ਜਾਣ । ਉਨ੍ਹਾਂ ਨੂੰ ਜਿਸ ਰਸਤੇ ਵੱਲ ਪ੍ਰੇਰਿਆ ਜਾਵੇ ਉਹ ਉਸ ਰਸਤੇ ਵੱਲ ਜਾਣ ।
ਤੁਹਾਨੂੰ ਸਾਰਿਆਂ ਨੂੰ ਇਹ ਗੱਲ ਸਮਝਣੀ ਪਵੇਗੀ ਕਿ ਕੁਝ ਲੋਕਾਂ ਨੂੰ ਬਹੁਤ ਕੁਝ ਪਤਾ ਹੁੰਦਾ ਹੈ, ਚਾਹੇ ਉਹ ਗ਼ਲਤ ਹੋਵੇ ਜਾਂ ਸਹੀ, ਤੇ ਬਹੁਤਿਆਂ ਨੂੰ ਕੁਝ ਵੀ ਨਹੀਂ ਪਤਾ ਹੁੰਦਾ । ਤੇ ਜੋ ਇਹ ‘ਕੁਝ ਵੀ ਨਹੀਂ ਪਤਾ’ ਵਾਲੇ ਲੋਕ ਹੁੰਦੇ ਨੇ ਇਹ ਜਾਂ ਤਾਂ ਬਹੁਤ ਚੰਗੇ ਪਾਸੇ ਮੁੜ੍ਹ ਜਾਂਦੇ ਨੇ ਜਾਂ ਮੰਦੇ ਪਾਸੇ । ਸਿੱਖ ਸੰਪਰਦਾਵਾਂ ਦੀ ਇਹ ਬਹੁਤ ਸਮੇਂ ਤੋਂ ਕੋਸ਼ਿਸ਼ ਰਹੀ ਹੈ ਕਿ ਸਿੱਖਾਂ ਦੇ ਘਰੇ ਜਨਮੇ ਬੱਚਿਆਂ ਨੂੰ ਜੋ ਸਿੱਖੀ ਤੋਂ ਅਣਜਾਣ ਨੇ, ਉਨ੍ਹਾਂ ਨੂੰ ਗੁਰਸਿੱਖੀ ਦੇ ਮਾਰਗ ਵੱਲ ਪ੍ਰੇਰਿਆ ਜਾਵੇ । ਤੇ ਜੋ ਗ਼ਲਤ ਪ੍ਰਚਾਰ ਕਰਨ ਵਾਲੇ ਨੇ, ਜਾਂ ਜੋ ਸਿੱਖੀ ਦੇ ਦੁਸ਼ਮਣ ਨੇ, ਉਨ੍ਹਾਂ ਦੀ ਇਹ ਕੋਸ਼ਿਸ਼ ਰਹੀ ਹੈ ਕਿ ਸਿੱਖਾਂ ਨੂੰ ਪੁੱਠੇ ਪਾਸੇ ਮੋੜ੍ਹਿਆ ਜਾਵੇ ।
ਸਿੱਖ ਸੰਪਰਦਾਵਾਂ ਤੇ ਹਮਲੇ ਕੋਈ 21ਵੀਂ ਸਦੀ ਦੀ ਦੇਣ ਨਹੀਂ ਹੈ । ਇਹ ਬਹੁਤ ਸਮੇਂ ਤੋਂ ਹੋ ਰਿਹਾ ਹੈ । ਬਸ ਜਿਵੇਂ ਟਕਸਾਲ ਦੇ ਮੁੱਖੀ ਨੂੰ ਬਦਨਾਮ ਕਰਨ ਦਾ ਤਰੀਕਾ ਬਦਲਦਾ ਰਿਹਾ ਹੈ, ਉਂਞ ਹੀ ਸੰਪਰਦਾਵਾਂ ਨੂੰ ਬਦਨਾਮ ਕਰਨ ਦਾ । ਚਾਹੇ ਉਹ ਜਥੇਦਾਰ ਜਾਂ ਮੁੱਖੀ ਤੇ ਗੱਲ ਹੋਵੇ, ਜਾਂ ਝੂਠੀਆਂ ਗੱਲਾਂ ਹੋਣ ਜਾਂ ਕੁਝ ਹੋਰ, ਇਨ੍ਹਾਂ ਸਾਰਿਆਂ ਦਾ ਇਕੋ ਹੀ ਨਿਸ਼ਾਨਾ ਹੁੰਦਾ ਹੈ ।
ਜੋ ਚਰਚਾ ਦਾ ਵਿਸ਼ਾ ਬਦਨਾਮ ਕਰਨ ਦਾ ਰਿਹਾ ਹੈ, ਖ਼ਾਸ ਕਰ ’੯੦ ਦੇ ਦਹਾਕਿਆਂ ਦੀ ਇਕ ਕਹਾਣੀ (ਸ਼ਾਇਦ ੧੯੯੨), ਤੇ ਜੋ ਅੱਜ ਵੀ ਓਨਾ ਨਵਾਂ ਹੈ ਜਿੰਨਾ ਪਹਿਲਾਂ ਸੀ, ਉਸ ਬਾਰੇ ਕੁਝ ਕਹਿਣਾ ਚਾਹੁੰਦਾ ਹਾਂ । ਇਹ ਆਮ ਹੀ ਪ੍ਰਚੱਲਿਤ ਕਹਾਣੀ ਬਣਾ ਦਿੱਤੀ ਗਈ ਹੈ ਕਿ ਕੇ.ਪੀ.ਐਸ ਗਿੱਲ ਟਕਸਾਲ ਦੇ ਵਿਚ ਗਿਆ ਸੀ, ਉਸਨੂੰ ਸਿਰੋਪਾ ਦਿੱਤਾ ਗਿਆ ਸੀ, ਤੇ ਬਾਬਾ ਹਰਨਾਮ ਸਿੰਘ ਨਾਲ ਉਸਦੀ ਮੀਟਿੰਗ ਹੋਈ ਸੀ, ਸੋ ਇਸ ਲਈ ਟਕਸਾਲ ਇਕ ਸਰਕਾਰੀ ਸੰਸਥਾ ਬਣ ਗਈ ਹੈ । ਇਸ ਬਾਰੇ ਇਕ ਆਡੀਉ ਸੁਨਣ ਨੂੰ ਮਿਲੀ ਜਿਸ ਵਿਚ ਸ਼ਾਇਦ ਪਰਵਿੰਦਰਪਾਲ ਸਿੰਘ ਬੁੱਟਰ ਬੋਲ ਰਹੇ ਨੇ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਰਹੇ ਨੇ ਕਿ ਦਰਅਸਲ ਦੇ ਵਿਚ ਗੱਲ ਹੈ ਕੀ ਸੀ ਤੇ ਬਣਾ ਕਿਵੇਂ ਦਿੱਤੀ । ਜਿਵੇਂ ਇਹ ਵੀ ਪ੍ਰਚਾਰਿਆ ਗਿਆ ਕਿ ਦਲ ਖਾਲਸਾ ਕਾਂਗਰਸ ਦੀ ਪੈਦਾਇਸ਼ ਹੈ । ਇਸਦਾ ਕਾਰਣ ਇਹ ਹੈ ਕਿ ਦਲ ਖਾਲਸਾ ਤੇ ਕਾਂਗਰਸ ਦੇ ਕੁਝ ਲੋਕ ਇਕ ਦਿਨ ਇਕ ਹੋਟਲ ਦੇ ਵਿਚ ਰੁਕੇ ਸਨ, ਦੋ ਅਲੱਗ ਮਸਲਿਆਂ ਤੇ, ਜਿਸ ਤੋਂ ਲੋਕਾਂ ਨੇ ਇਹ ਅੰਦਾਜ਼ਾ ਲਗਾ ਲਿਆ ਕਿ ਇਹ ਦੋਵੇਂ ਸੰਸਥਾਵਾਂ ਦੀ ਕੋਈ ਗੁਪਤ ਮੀਟਿੰਗ ਉਥੇ ਹੋਈ ਹੋਵੇਗੀ । ਇਸੇ ਤਰ੍ਹਾਂ ਦੀ ਹੀ ਗੱਲ ਹੈ ’੯੦ ਦੇ ਦਹਾਕਿਆਂ ਦੀ । ਦੇਖੋ, ਕਹਾਣੀ ਲਗਭਗ ਇੱਕੋ-ਜਿੱਕੀ ਹੈ, ਪਰ ਪਾਤਰ ਬਦਲ ਦਿੱਤੇ ਗਏ ਨੇ । ਅਤੇ ਇਹ ਹਮੇਸ਼ਾ ਇਉਂ ਹੀ ਰਹੇਗਾ । ਕਹਾਣੀਆਂ ਕੋਈ ਜ਼ਿਆਦਾ ਨਹੀਂ ਹੁੰਦੀਆਂ, ਪਾਤਰ ਜ਼ਿਆਦਾ ਹੁੰਦੇ ਨੇ ਇੱਕੋ-ਜਿੱਕੀਆਂ ਕਹਾਣੀਆਂ ਦੇ । ਜੇਕਰ ਤੁਸੀਂ ਹੁਣ ਦੇ ਹਾਲਾਤ ਸਮਝਣੇ ਨੇ ਸਿੱਖ ਧਰਮ ਦੇ, ਚਾਹੇ ਉਹ ਲਾਲਸਾ ਹੋਵੇ ਜਾਂ ਗੁਰਬਾਣੀ ਦੇ ਗ਼ਲਤ ਅਰਥ ਜਾਂ ਗੁਰਬਾਣੀ ਨੂੰ ਨਾ ਮੰਨਣਾ ਜਾਂ ਤਾਨਾਸ਼ਾਹੀ ਰਾਜ, ਤਾਂ ਤੁਹਾਨੂੰ ੧੮ਵੀਂ ਸਦੀ ਦਾ ਸਿੱਖ ਰਾਜ ਤੇ ੨੦ਵੀਂ ਸਦੀ ਦੀ ਗੁਰਦੁਆਰਾ ਸੁਧਾਰ ਲਹਿਰ ਸਮਝਣੀ ਪਵੇਗੀ । ਤੁਹਾਨੂੰ ਖ਼ੁਦ ਨੂੰ ਸਮਾਨਤਾਵਾਂ ਦੇਖਣ ਨੂੰ ਮਿਲ ਜਾਣਗੀਆਂ ।
ਖ਼ੈਰ, ਆਪਾਂ ਮੁੜ੍ਹੀਏ ਆਪਣੇ ਵਿਸ਼ੇ ਤੇ ।
ਜੋ ਜੜ੍ਹ ਟਕਸਾਲ ਦੀ ਹੈ ਇਸਨੂੰ ਪੁੱਟਣ ਦੇ ਬਹੁਤ ਯਤਨ ਪੁਰਾਣੇ ਸਮੇਂ ਦੇ ਵਿਚ ਤੇ ਇਸ ਸਮੇਂ ਦੇ ਵਿਚ ਵੀ ਹੋ ਚੁੱਕੇ ਨੇ । ਚਾਹੇ ਉਹ ਪੁਰਾਣੇ ਸਾਸ਼ਕ ਸੀ ਜਾਂ ਹੁਣ ਦੇ, ਇਹ ਜੋ ਜੜ੍ਹ ਹੈ ਟਕਸਾਲ ਦੀ ਇਹ ਨਹੀਂ ਪੁੱਟੀ ਜਾਣੀ ਕਿਸੇ ਤੋਂ । ਪਰ ਸਿੱਖ-ਵਿਰੋਧੀ ਸੰਸਥਾਵਾਂ ਇਹ ਨਹੀਂ ਜਾਣਦੀਆਂ ਤੇ ਤਾਕਤ ਦੇ ਨਸ਼ੇ ਦੇ ਵਿਚ ਆ ਕਰ ਇਹ ਸਭ ਕਰਦੀਆਂ ਨੇ । ਉਨ੍ਹਾਂ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਹੈ ਕਿ ਪੁਰਾਣੇ ਸਮੇਂ ਦੇ ਸਾਸ਼ਕ ਕੋਈ ਜ਼ਿਆਦਾ ਸਮਝਦਾਰ ਨਹੀਂ ਸਨ ਸੋ ਜੋ ਸਾਡੇ ਕੋਲ ਸਮਝ ਹੈ, ਜੋ ਸਾਡੇ ਕੋਲ ਤਾਕਤ ਹੈ, ਉਹ ਬਹੁਤ ਹੋਵੇਗੀ ਇਨ੍ਹਾਂ ਸੰਪਰਦਾਵਾਂ ਨੂੰ ਖ਼ਤਮ ਕਰਨ ਦੇ ਲਈ । ਪਰ ਇਹ ਲੋਕ ਵੀ ਇੰਨੇ ਹੀ ਮੂਰਖ਼ ਨੇ ਜਿੰਨੇ ਇਨ੍ਹਾਂ ਤੋਂ ਪਹਿਲਾਂ ਦੇ ਸੀ ।
 ਸੋ ਜਿਥੇ ਕਿਤੇ ਵੀ ਕੋਈ ਸਿੱਖ ਰਹਿ ਰਿਹਾ ਹੈ ਉਸਨੂੰ ਇਸ ਸਭ ਦੀ ਸਮਝ ਹੋਣੀ ਚਾਹੀਦੀ ਹੈ ਤਾਂ ਜੁ ਕੋਈ ਵੀ ਵਿਅਕਤੀ ਉਸਨੂੰ ਗੁੰਮਰਾਹ ਨਾ ਕਰ ਸਕੇ । ਅੱਜ ਦੇ ਸਮੇ ਦੇ ਵਿਚ ਗੁੰਮਰਾਹ ਕਰਨ ਵਾਲੇ ਬਹੁਤ ਮਿਲ ਜਾਂਦੇ ਨੇ, ਸਹੀ ਰਸਤਾ ਦਿਖਾਉਣ ਵਾਲਾ ਕੋਈ-ਕੋਈ ਹੀ ਹੁੰਦਾ ਹੈ । ਸੋ ਇਸ ਦੁਨੀਆਂ ਦੇ ਵਿਚ ਅੱਖਾਂ ਖੋਲ੍ਹ ਕੇ ਵਿਚਰੋ, ਜਿੰਨੀਆਂ ਹੋ ਸਕਣ ਓਨੀਆਂ ਕਿਤਾਬਾਂ ਪੜ੍ਹੋ ਅਲੱਗ-ਅਲੱਗ ਵਿਸ਼ਿਆਂ ਤੇ, ਗੁਰਬਾਣੀ ਵੱਧ ਤੋਂ ਵੱਧ ਪੜ੍ਹੋ, ਬੰਦਗੀ ਕਰੋ, ਫਿਰ ਤੁਸੀਂ ਦੇਖੋਗੇ ਕਿ ਕੋਈ ਵੀ ਏਜੰਸੀ ਜਾਂ ਫਿਰ ਸਿੱਖ-ਵਿਰੋਧੀ ਸੰਸਥਾ ਤੁਹਾਡੇ ਤੇ ਕੋਈ ਵੀ ਅਸਰ ਨਹੀਂ ਛੱਡ ਸਕੇਗੀ ।

ਅੱਜ ਆ ਬੈਠੇ ਨੇ ਕਈ ਪੰਥ ਵਿਰੋਧੀ,
ਕਹਿੰਦੇ ਆਉ ਸਿੱਖੀ ਦੀ ਜੜ੍ਹ ਮਿਟਾਈਏ ।
ਕਰਨਾ ਆਪਾਂ ਵੀ ਮੁਕਾਬਲਾ ਮਿਲਕੇ,
ਰਲ-ਮਿੱਲ ਸਭਨਾ ਨੂੰ ਕਲਮਾਂ ਚੁਕਾਈਏ ।
ਇਹ ਯਤਨ ਕਈ ਹੋ ਗਏ ਤੇ ਕਈ ਹੋਣਗੇ,
ਬਿਨ ਇਸ ਤੋਂ ਕਿੰਝ ਸਿੱਖੀ ਮੁਕਾਈਏ ।
ਸੌਖਾ ਇਨ੍ਹਾਂ ਲਈ ਵੀ ਇਹ ਨਹੀਂ ਕਰਨਾ,
ਇਸ ਲਈ ਇਤਿਹਾਸ ਨੂੰ ਝੁਠਲਾਈਏ ।
ਗੁਰਬਾਣੀ ਵੀ ਇਨ੍ਹਾਂ ਛੱਡੀ ਸਭ ਪੜ੍ਹਨੀ,
ਕਹਿੰਦੇ ਸਾਡੀ ਸਿੱਖੀ ਹੀ ਸੱਚਾਈਏ ।
ਸਿੰਘਾਂ ਨੂੰ ਇਹ ਸਭ ਗ਼ਲਤ ਨੇ ਬੋਲਦੇ,
ਇਹ ਕਾਰਾ ਕਰ ਸਿੰਘਾਂ ਨੂੰ ਝੁਕਾਈਏ ।
ਸਭ ਤਰਫ਼ ਤੋਂ ਮਿਲ ਘੇਰਾ ਪੈ ਗਿਆ,
ਕਲਗੀਆਂ ਵਾਲੇ ਬਿਨਾਂ ਕਿਸਨੂੰ ਪੁਕਾਰੀਏ ।
ਡੇਰੇ ਦੇ ਵਿਚ ਬੈਠਾ ਨਕਲੀ ਬਾਬਾ,
ਕਹਿੰਦੇ ਇਸ ਨੂੰ ਹੁਣ ਸੀਸ ਝੁਕਾਈਏ ।
ਕੀ ਸਿੱਖੀ, ਕੀ ਵਿਰਾਸਤ, ਤੇ ਕੀ ਗੁਰਬਾਣੀ,
ਨਕਲੀ ਗੁਰੂਆਂ ਦੇ ਗੋਡੀ ਹੱਥ ਲਾਈਏ ।
ਇਹ ਨੇਰ੍ਹੀ ਹੁਣ ਬਹੁਤ ਤੇਜ਼ ਹੈ ਵਗਦੀ ।
ਬਿਨ ਗੁਰੂ ਦੇ ਦਾਲ ਨੀ ਗਲਦੀ ।
ਰਲ-ਮਿਲ ਕੇ ਹੀ ਸਭ ਠੀਕ ਹੋਣਾ ।
ਫਿਰ ਗੁਰਬਾਣੀ ਦਾ ਅੰਮ੍ਰਿਤ ਪੀਣਾ ।
ਚੱਲੋ ਉਸ ਰਸਤੇ ਤੇ ਤੁਸੀਂ ਹੁਣੇ ।
ਜਿਥੇ ਨੇ ਦਸ਼ਮੇਸ਼ ਗੁਰੂ ਆਪਣੇ।
ਅਨਪੜ੍ਹ ਬਾਬਾ’ ਹੁਣ ਕੀ ਕੀ ਲਿਖੇ ।
ਕਹਿੰਦੇ ਬਾਬਾ ਬੋਲੇ ਬਚਨ ਤਿੱਖੇ ।