੮.
ਜਾਤ ਪਾਤ
ਭਾਰਤ ਦੇਸ਼ ਦੇ ਵਿਚ ਜਾਤ-ਪਾਤ ਬਹੁਤ
ਹੀ ਡੂੰਗੀ ਹੈ । ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਇਹ ਇਥੋਂ ਦੇ ਕਈ ਵਸਨੀਕਾਂ ਦੇ ਖ਼ੂਨ ਦੇ ਵਿਚ ਸਮਾਈ
ਹੋਈ ਹੈ । ਇਹ ਕੋਈ ਹੁਣ ਦੀ ਹੀ ਨਹੀਂ ਬਲਕਿ ਬਹੁਤ ਹੀ ਪੁਰਾਣੀ ਵਰਣ-ਵੰਡ ਹੈ ਜੋ ਲੋਕਾਂ ਨੂੰ ਆਪਣੇ
ਲਈ ਮਾਣ ਅਤੇ ਦੂਜਿਆਂ ਦੇ ਲਈ ਨਫ਼ਰਤ ਫੈਲਾਉਣ ਦੇ ਵਿਚ ਕਾਫ਼ੀ ਹੱਦ ਤੱਕ ਸਹਾਈ ਹੋਈ ਹੈ ।
ਅੱਜ ਦੇ ਸਮੇਂ ਦੇ ਵਿਚ
ਇਹ ਕੋਈ ਬਹੁਤੀ ਮਾਣ ਵਾਲੀ ਗੱਲ ਨਹੀਂ ਹੈ ਕਿਉਂਕਿ ਇਸ ਵਰਣ-ਵੰਡ ਦੇ ਵਿਚ ਉਹ ਸਭ ਕੁਝ ਲਿਖਿਆ ਗਿਆ ਹੈ
ਜੋ ਇਕ ਸੋਝੀਵਾਨ ਮਨੁੱਖ ਕਦੇ ਵੀ ਅਣਗੋਲਿਆ ਨਹੀਂ ਕਰੇਗਾ, ਅਤੇ ਇਸਨੂੰ ਇਕ ਬਹੁਤ ਹੀ ਘਟੀਆ ਦਰਜੇ ਦੀ ਸੋਚ ਦੀ ਪੈਦਾਇਸ਼ ਕਹੇਗਾ । ਹਿੰਦੂ
ਧਰਮ ਦੇ ਵਿਚ ਕੁਝ ਲੋਕਾਂ ਨੇ ਇਹੀਓ ਕਾਰਨਾਂ ਕਰਕੇ ਬਹੁਤ ਹੀ ਊਲ-ਜਲੂਲ ਦਲੀਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ
ਹਨ ਜਿਸ ਵਿਚੋਂ ਪ੍ਰਮੁੱਖ ਇਹ ਹਨ ।
੧. ਵਰਣ-ਵੰਡ ਅੰਗਰੇਜ਼ਾ
ਵੱਲੋਂ ਸ਼ੁਰੂ ਕੀਤੀ ਗਈ ਸੀ, ਇਸ ਵਿਚ ਹਿੰਦੂਆਂ ਦਾ
ਕੋਈ ਵੀ ਹੱਥ ਨਹੀਂ ਹੈ ।
੨. ਜਿਸ ਪ੍ਰਕਾਰ ਦੀ
ਵਰਣ-ਵੰਡ ਹੁਣ ਦੇ ਸਮੇਂ ਦੇ ਵਿਚ ਹੈ ਇਹ ਉਸ ਤਰ੍ਹਾਂ ਦੀ ਨਹੀਂ ਹੈ ਜਿਸ ਤਰ੍ਹਾਂ ਦੀ ਪਹਿਲੇ ਸਮਿਆਂ
ਦੇ ਵਿਚ ਹੁੰਦੀ ਸੀ ।
੩. ਹਰ ਕੋਈ ਇਨਸਾਨ ਆਪਣੀ
ਮਰਜ਼ੀ ਨਾਲ ਬਾਹਮਣ, ਸ਼ੂਦਰ, ਵੈਸ਼ ਜਾਂ ਛੱਤ੍ਰੀ ਬਣ ਸਕਦਾ ਹੈ । ਇਹ ਕੋਈ ਜਨਮ ਤੋਂ ਹੁੰਦੀ
ਚੀਜ਼ ਨਾ ਹੋ ਕੇ ਮਨੁੱਖ ਵੱਲੋਂ ਆਪਣੀ ਮਰਜ਼ੀ ਨਾਲ ਅਪਣਾਈ ਹੋਈ ਵੰਡ ਹੈ ।
ਬਾਹਮਣ ਇਸ ਵਿਚ ਸਭ ਤੋਂ
ਉੱਪਰ ਤੇ ਸ਼ੂਦਰ ਸਭ ਤੋਂ ਨੀਵਾਂ
ਇਨਸਾਨ ਹੁੰਦਾ ਹੈ । ਇਸ ਤਰ੍ਹਾਂ ਦੀ ਸੋਚਣੀ ਇਕ ਇਨਸਾਨ ਨੂੰ ਬਹੁਤ ਹੀ ਨੀਵਾਂ ਤੇ ਦੂਜਿਆਂ ਪ੍ਰਤੀ ਨਫ਼ਰਤ
ਨਾਲ ਭਰ ਦਿੰਦੀ ਹੈ ।
ਕੁਝ ਦਿਨ ਪਹਿਲਾਂ ਇਕ
ਵੀਡਿਉ ਦੇਖਣ ਨੂੰ ਮਿਲੀ ਜੋ ਤਾਮਿਲਨਾਡੂ ਦੀ ਕਹੀ ਜਾਂਦੀ ਹੈ ਜਿਸ ਵਿਚ ਇਕ ਛੋਟੀ ਜਾਤੀ ਦਾ ਇਨਸਾਨ ਇਕ
ਵੱਡੀ ਜਾਤੀ ਦੇ ਘਰ ਦੇ ਮੂਹਰੋਂ ਜੁੱਤੀ ਪਾ ਕਰ ਨਹੀਂ ਲੰਘ ਸਕਦਾ । ਉੱਤਰੀ ਭਾਰਤ ਦੇ ਵਿਚ ਇਹ ਬਹੁਤ
ਜ਼ਿਆਦਾ ਡੂੰਗੀ ਹੈ । ਆਏ ਸਮੇਂ ਕੋਈ ਨਾ ਕੋਈ ਘਟਨਾ ਸਾਹਮਣੇ ਆ ਹੀ ਜਾਂਦੀ ਹੈ ਜਿਸ ਵਿਚ ਇਕ ਇਨਸਾਨ ਨੂੰ
ਇਸ ਲਈ ਕੁੱਟਿਆ ਜਾਂਦਾ ਹੈ ਕਿਉਂਕਿ ਉਸਨੇ ਉਹ ਕੀਤਾ ਜੋ ਉਸ ਦੀ ਜਾਤੀ ਵੱਲੋਂ ਨਹੀਂ ਕਰਨਾ ਚਾਹੀਦਾ ਸੀ
। ਹੋਰ ਤਾਂ ਹੋਰ ਇਕ ਇਨਸਾਨ ਨੂੰ ਇਸ ਲਈ ਕੁੱਟਿਆ ਗਿਆ ਕਿਉਂਕਿ ਉਹ ਘੋੜੀ ਚੜ੍ਹ ਕੇ ਗਿਆ ਸੀ ।
ਗੁਰੂ ਨਾਨਕ ਦੇਵ ਜੀ
ਦੇ ਇਸ ਨਿਆਰੇ ਧਰਮ ਦੇ ਵਿਚ ਸਭ ਲੋਕ ਬਰਾਬਰ ਹਨ । ਪਹਿਲੀ ਸ਼ਰਤ ਹੀ ਇਹ ਸੀ ਕਿ ਕੋਈ ਸਿਰਫ਼ ਇਸ ਲਈ ਮਾੜਾ
ਨਹੀਂ ਹੋ ਸਕਦਾ ਕਿਉਂਕਿ ਉਹ ਇਕ ਖ਼ਾਸ ਪਰਿਵਾਰ ਦੇ ਵਿਚ ਜੰਮਿਆ ਹੈ । ਗੁਰੂ ਨਾਨਕ ਦੇਵ ਜੀ ਦੇ ਜੀਵਨ
ਦੇ ਵਿਚ ਇਸਦੀ ਝਲਕ ਮਿਲਦੀ ਹੈ ਕਿ ਉਨ੍ਹਾਂ ਨੇ ਕਿਵੇਂ ਇਸਦਾ ਡੱਟ ਕੇ ਮੁਕਾਬਲਾ ਕੀਤਾ । ਭਾਈ ਲਾਲੋ
ਦੇ ਘਰ ਤਾਂ ਭੋਜਨ ਛੱਕ ਲਿਆ, ਪਰ ਮਲਕ ਭਾਗੋ ਦੇ ਨਹੀਂ
। ਗੁਰੂ ਅਮਰਦਾਸ ਜੀ ਨੇ ਇਸਨੂੰ ਹੋਰ ਅੱਗੇ ਵਧਾਇਆ ਤੇ ਕਿਹਾ ਕਿ ਭਾਈ ਜੇ ਕਿਸੇ ਨੇ ਸਾਨੂੰ ਮਿਲਣਾ ਹੈ
ਤਾਂ ਪਹਿਲਾਂ ਸਭ ਨਾਲ ਮਿਲ ਕੇ ਲੰਗਰ ਖਾਉ ਤੇ ਫਿਰ
ਮਿਲੋ । ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵੀ ਇਹੀਓ ਕਿਹਾ ਗਿਆ ਕਿ ਸਭ ਬਰਾਬਰ ਨੇ । ਜਦੋਂ ਪਹਾੜੀ ਰਾਜਿਆਂ
ਨੂੰ ਕਿਹਾ ਕਿ ਖ਼ਾਲਸਾ ਪੰਥ ਦੇ ਵਿਚ ਆਉ ਤਾਂ ਉਨ੍ਹਾਂ ਨੇ ਕਿਹਾ ਕਿ ਸਾਥੋਂ ਸਾਰਿਆਂ ਦੇ ਨਾਲ,
ਵਰਣ-ਵੰਡ ਛੱਡ ਕੇ, ਰੋਟੀ ਨਹੀਂ ਖਾਧੀ ਜਾਣੀ, ਨਾ ਹੀ ਜਨੇਊ ਉਤਾਰਿਆ ਜਾਣਾ ਹੈ ।
ਚੌਪਈ ॥
ਕਠਨ ਰਹਤ ਹਮਤੇ ਨਹੀ ਹੋਈ ॥ ਚਾਰਿ ਬਰਨ ਸੋ ਕਰੈ ਰਸੋਈ ॥
ਹਮ ਰਾਜੇ ਗਿਰਪਤਿ ਅਭਿਮਾਨੀ ॥ ਕੁਲਾ ਕਰਮ ਕਿਉ ਤਜੈ ਜਹਾਨੀ
॥੧੫੦॥
ਪੂਜਾ ਜੰਞੂ ਕਿਰਿਆ ਸੁ ਕਰਮੁ ॥ ਇਹ ਹਮਤੇ ਛੂਟਤ ਨਹੀ ਧਰਮ
॥
ਪਿਤਰ ਦੰਡ ਦੇਵਨ ਕੇ ਕਾਮਾ ॥ ਕਤਿ ਛੂਟਤ ਹਮ ਸੋ ਅਭਿਰਾਮਾ
॥੧੫੧॥ – ਗੁਰਬਿਲਾਸ ਪਾਤਿਸ਼ਾਹੀ ਦਸਵੀ, ਭਾਈ ਸੁੱਖਾ ਸਿੰਘ
ਕਿੰਨੀ ਵਿਲੱਖਣ ਤੇ ਨਿਆਰੀ
ਗੱਲ ਕੀਤੀ ਗਈ ਸੀ ਗੁਰੂ ਨਾਨਕ ਦੇਵ ਜੀ ਵੱਲੋਂ, ਓਵੀ ਉਥੇ ਜਿੱਥੇ ਲੋਕਾਂ ਨੇ ਇਸਨੂੰ ਹੀ ਆਪਣਾ ਧਰਮ ਬਣਾ ਲਿਆ ਸੀ । ਗੁਰੂ ਵੱਲੋਂ ਬਿਨਾਂ ਕਿਸੇ
ਭੈਅ ਕਰਕੇ ਉਨ੍ਹਾਂ ਸਭ ਕੁਰੀਤੀਆਂ ਦੇ ਖ਼ਿਲਾਫ਼ ਅਵਾਜ਼ ਉਠਾਈ ਗਈ ਜੋ ਬਹੁਤ ਹੀ ਗ਼ਲਤ ਸਨ । ਇਹ ਸਿਰਫ਼ ਉਥੇ
ਹੀ ਨਹੀਂ ਜਿਥੇ ਹਿੰਦੂਆਂ ਦੀ ਬਹੁਤਾਤ ਸੀ । ਗੁਰੂ ਜੀ ਦੁਨੀਆਂ ਦੇ ਬਹੁਤ ਸਾਰੇ ਹਿੱਸਿਆਂ ਦੇ ਵਿਚ ਗਏ,
ਜਿਸ ਵਿਚ ਮੁਸਲਮਾਨਾਂ ਦੇ ਦੇਸ਼ ਵੀ ਸਨ ਤੇ ਉਨ੍ਹਾਂ ਦੀਆਂ
ਧਾਰਮਿਕ ਜਗ੍ਹਾਵਾਂ । ਉਸ ਜਗ੍ਹਾਵਾਂ ਤੇ ਵੀ ਗੁਰੂ ਸਾਹਿਬ ਨੇ ਬਹੁਤ ਹੀ ਬੁਲੰਦ ਅਵਾਜ਼ ਦੇ ਰਾਹੀਂ ਸੱਚ
ਪ੍ਰਗਟ ਕੀਤਾ ।
ਸਿੱਖ ਧਰਮ ਇਕ ਪਰਿਵਾਰ
ਦੀ ਤਰ੍ਹਾਂ ਹੈ । ਸੋਚੋ ਕਿ ਤੁਹਾਡੇ ਦੋ ਬੱਚੇ ਹਨ, ਕੀ ਤੁਸੀਂ ਕਿਸੇ ਇਕ ਨੂੰ ਹੀ ਪਿਆਰ ਕਰੋਗੇ ? ਕੀ ਤੁਸੀਂ ਭੇਦ-ਭਾਵ ਕਰੋਗੇ ? ਨਹੀਂ, ਬਿਲਕੁਲ ਵੀ ਨਹੀਂ । ਇਸੇ ਤਰ੍ਹਾਂ ਹੀ ਇਹ ਸਿੱਖੀ ਧਰਮ ਹੈ, ਜਿਸ ਵਿਚ ਕਿਸੇ ਨਾਲ ਵੀ ਭੇਦ-ਭਾਵ ਨਹੀਂ ਕੀਤਾ ਜਾਂਦਾ । ਗੁਰੂ ਸਾਹਿਬ ਲਈ
ਕੋਈ ਸਿੱਖ ਇਸ ਲਈ ਖ਼ਾਸ ਨਹੀਂ ਹੈ ਕਿ ਉਹ ਕਿਸੇ ਖ਼ਾਸ ਜਾਤੀ ਦਾ ਹੈ ਜਾਂ ਵਰਣ ਦਾ ਜਾਂ ਦੇਸ਼ ਦਾ । ਗੁਰੂ
ਲਈ ਉਹੀ ਖ਼ਾਸ ਹੈ ਜੋ ਗੁਰੂ ਵੱਲੋਂ ਦੱਸੇ ਰਸਤੇ ਤੇ ਚੱਲਦਾ ਹੈ ਤੇ ਆਪਣਾ ਜੀਵਣ ਵੀ ਉਸੇ ਤਰ੍ਹਾਂ ਜਿਉਂਦਾ
ਹੈ ।
ਹੁਣ ਸਮਾਂ ਬਹੁਤ ਬਦਲ
ਗਿਆ ਹੈ । ਮੈਂ ਇਹ ਨਹੀਂ ਕਹਿ ਸਕਦਾ ਕਿ ਇਹ ਕੋਹੜ ਕਦੋਂ ਤੋਂ ਆਇਆ ਸਿੱਖੀ ਦੇ ਵਿਚ, ਪਰ ਮੈਂ ਇਸਨੂੰ ਨਕਾਰ ਨਹੀਂ ਸਕਦਾ । ਇਤਿਹਾਸ ਇਸ ਗੱਲ ਦੀ
ਗਵਾਹੀ ਭਰਦਾ ਹੈ ਕਿ ਜਦੋਂ ਬਹੁਤੇ ਸਿੱਖ ਜੰਗਲਾਂ ਦੇ ਵਿਚ ਚਲੇ ਗਏ ਤਾਂ ਪਿਛੇ ਰਹਿ ਚੁੱਕੇ ਸਿੱਖਾਂ
ਦੀ ਕੀ ਦਸ਼ਾ ਹੋਈ । ਇਤਿਹਾਸਿਕ ਲਿਖਤਾਂ ਵੀ ਇਹ ਗੱਲ ਦਾ ਪ੍ਰਮਾਣ ਹਨ ਕਿ ਸਿੱਖੀ ਵਿਚ ਵਿਚਰਨ ਵਾਲੇ ਲੋਕ
ਕਿਸ ਤਰ੍ਹਾਂ ਬਾਹਮਣਵਾਦ ਦੇ ਪ੍ਰਭਾਵ ਹੇਠ ਚਲੇ ਗਏ । ਸ਼ਾਇਦ ਬਾਹਮਣਵਾਦ ਪੂਰੀ ਤਰ੍ਹਾਂ ਹੀ ਸਿੱਖਾਂ ਨੂੰ
ਨਿਗਲ ਜਾਂਦਾ ਜੇਕਰ ਸਿੰਘ ਸਭਾਵਾਂ ਨਾ ਸ਼ੁਰੂ ਹੋਈਆਂ ਹੁੰਦੀਆਂ । ਇਨ੍ਹਾਂ ਦੀ ਬਹੁਤ ਵੱਡੀ ਦੇਣ ਹੈ ਸਿੱਖਾਂ
ਨੂੰ ਜਿਸ ਤੋਂ ਇਨਕਾਰਿਆ ਨਹੀਂ ਜਾ ਸਕਦਾ । ਪਰ ਕਿਤੇ ਨਾ ਕਿਤੇ ਕੁਝ ਕੁ ਸਿੱਖ ਜੋ ਬਾਹਮਣਵਾਦ ਦਾ ਸ਼ਿਕਾਰ
ਹੋਏ ਸਨ ਉਹ ਬਚ ਗਏ ਤੇ ਉਨ੍ਹਾਂ ਦੀਆਂ ਪੀੜ੍ਹੀਆਂ ਅਜੇ ਤਾਈਂ ਆਪਣਾ ਬੇਮੁਖਪੁਣਾ ਦਿਖਾ ਰਹੀਆਂ ਹਨ ।
ਗੱਲ ਸ਼ੁਰੂ ਆਪਾ ਕਰਦੇ
ਹਾਂ ਗੁਰਦੁਆਰਿਆਂ ਤੋਂ । ਜੋ ਗੱਲ ਮਨ ਨੂੰ ਬਹੁਤ ਹੀ ਚੁਭਨ ਵਾਲੀ ਹੈ ਉਹ ਇਹ ਕਿ ਗੁਰਦੁਆਰੇ ਵੀ ਹੁਣ
ਅਲੱਗ-ਅਲੱਗ ਜਾਤਾਂ ਦੇ ਹੋਣ ਲੱਗ ਗਏ ਨੇ । ਜਿਥੇ ਬਹਿਕੇ ਹਰ ਇਕ ਨੇ ਗੁਰਬਾਣੀ ਦਾ ਆਨੰਦ ਲੈਣਾ ਸੀ,
ਸੇਵਾ ਕਰਨੀ ਸੀ, ਇਤਿਹਾਸ ਸੁਨਣਾ ਸੀ, ਤੇ ਸਚਿਆਰੇ ਬਨਣਾ ਸੀ, ਉਹ ਜਗ੍ਹਾ ਜਿਥੇ ਆਪਾਂ
ਸਭ ਇਕ ਸਾਂ, ਉਹ ਵੀ ਹੁਣ ਵੰਡੀਆਂ
ਗਈਆਂ । ਮੈਂ ਇਹ ਨਹੀਂ ਕਹਿ ਰਿਹਾ ਕਿ ਉਨ੍ਹਾਂ ਅਸਥਾਨਾਂ ਦੇ ਵਿਚ ਦੂਜੀਆਂ ਜਾਤੀਆਂ ਦੇ ਲੋਕਾਂ ਦਾ ਆਉਣਾ
ਮਨ੍ਹਾਂ ਹੈ । ਮੈਂ ਇਹ ਕਹਿ ਰਿਹਾ ਹਾਂ ਕਿ ਗੁਰਦੁਆਰੇ ਵੰਡੇ ਗਏ ਜਾਤਾਂ ਦੇ ਨਾਂ ਤੇ । ਕੀ ਇਹ ਪੈਸੇ
ਦੇ ਹੇਠ ਕੀਤਾ ਗਿਆ ਜਾਂ ਇਸਦਾ ਕੋਈ ਹੋਰ ਕਾਰਣ ਸੀ ? ਫਿਰ ਸ਼ਾਇਦ ਇਨ੍ਹਾਂ ਗੁਰਦੁਆਰਿਆਂ ਦੇ ਵਿਚ ਕਿਸੇ ਖ਼ਾਸ ਜਾਤੀ ਦੇ ਲੋਕ ਹੀ
ਮੈਂਬਰ ਜਾਂ ਪ੍ਰਧਾਨ ਬਣ ਸਕਣ ? ਕਿੰਨੀ ਗ਼ਲਤ ਗੱਲ ਹੈ
ਇਹ । ਕੀ ਆਪਾਂ ਸਿੱਖਾਂ ਨੂੰ ਗੁਰਬਾਣੀ ਤੇ ਗੁਰ-ਇਤਿਹਾਸ ਦੀ ਕੋਈ ਸੋਝੀ ਨਹੀਂ ਹੈ ਕਿ ਗੁਰੂ ਜੀ ਨੇ
ਕੀ ਸਿੱਖਿਆਵਾਂ ਦਿੱਤੀਆਂ ਸਨ ?
ਇਸਦੇ ਨਾਲ ਹੀ ਫਿਰ ਆਉਂਦੇ
ਹਨ ਵਿਆਹ । ਅੱਜਕਲ੍ਹ ਇਹ ਵੀ ਸਿਲਸਿਲਾ ਬਹੁਤ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ ਕਿ ਸਿੱਖ ਹੁਣ ਆਪਣੀ
ਕਹੀ ਜਾਂਦੀ ਜਾਤ ਦੇ ਵਿਚ ਹੀ ਵਿਆਹ ਕਰਾਉਂਦੇ ਹਨ । ਉਹ ਚੀਜ਼ ਜੋ ਬਿਲਕੁਲ ਖ਼ਤਮ ਹੋ ਜਾਣੀ ਚਾਹੀਦੀ ਸੀ,
ਉਸਨੂੰ ਹੀ ਹੁਣ ਅੱਗੇ ਲਿਆ ਕਰ ਵਿਆਹ ਦੀਆਂ ਗੱਲਾਂ ਹੋ ਰਹੀਆਂ
ਹਨ । ਧਰਮ ਇਕ ਜ਼ਰੂਰ ਹੋਣਾ ਚਾਹੀਦਾ ਹੈ ਵਿਆਹ ਕਰਣ ਵਾਲੇ ਜੋੜ੍ਹੇ ਦਾ, ਕਿਉਂਕਿ ਇਹ ਗੁਰ-ਮਰਯਾਦਾ ਹੈ । ਕਈ ਲੋਕ ਇਸਨੂੰ ਦੂਸਰੇ ਧਰਮਾਂ ਪ੍ਰਤੀ ਨਫ਼ਰਤ
ਦੇ ਤੌਰ ਤੇ ਲੈ ਜਾਂਦੇ ਹਨ । ਮੈਨੂੰ ਆਪਣੀ ਜ਼ਿੰਦਗੀ ਦੇ ਵਿਚ ਅਜਿਹੇ ਲੋਕ ਮਿਲੇ ਹਨ । ਇਹ ਕੋਈ ਦੂਸਰੇ
ਧਰਮਾਂ ਪ੍ਰਤੀ ਨਫ਼ਰਤ ਨਹੀਂ ਹੈ । ਇਸਨੂੰ ਆਪਾਂ ਨੂੰ ਪਹਿਲਾਂ ਸਮਝਣਾ ਪਵੇਗਾ ।
ਇਕ ਮਰਦ ਤੇ ਔਰਤ ਦਾ
ਸਿੱਖ ਧਰਮ ਇਸ ਲਈ ਹੋਣਾ ਚਾਹੀਦਾ ਹੈ ਤਾਂ ਜੁ ਗ੍ਰਿਹਸਤੀ ਜੀਵਨ ਦੇ ਵਿਚ ਕੋਈ ਮੁਸ਼ਕਿਲ ਨਾ ਆਵੇ । ਮਿਸਾਲ
ਦੇ ਤੌਰ ਤੇ ਸਿੱਖ ਧਰਮ ਦੇ ਵਿਚ ਮੜ੍ਹੀਆਂ ਤੇ ਮੂਰਤੀਆਂ ਦੀ ਪੂਜਾ ਦੀ ਕੋਈ ਜਗ੍ਹਾ ਨਹੀਂ ਹੈ । ਜੇਕਰ
ਕੋਈ ਜੋੜ੍ਹੇ ਦੇ ਵਿਚੋਂ ਇਹ ਆਖੇ ਕਿ ਆਉ ਕਿਸੇ ਮੂਰਤੀ ਦੀ ਪੂਜਾ ਕਰੀਏ ਤੇ ਦੂਜਾ ਇਨਸਾਨ ਇਸ ਲਈ ਕਰੇ
ਕਿ ਮੇਰਾ ਘਰਵਾਲਾ ਜਾਂ ਘਰਵਾਲੀ ਕਹਿ ਰਹੀ ਹੈ, ਤੇ ਆਪਣੇ ਗੁਰੂ ਵੱਲੋਂ ਦੱਸੀ ਹੋਈ ਮਰਯਾਦਾ ਭੁੱਲ ਜਾਵੇ, ਤਾਂ ਇਹ ਧਰਮ ਦੇ ਅਨੁਸਾਰ ਨਹੀਂ ਹੋਵੇਗਾ । ਹੁਣ ਤਾਂ ਸਮਾਂ ਇੰਨਾ ਮਾੜਾ
ਚੱਲ ਰਿਹਾ ਹੈ ਕਿ ਇਥੋਂ ਤੱਕ ਕਹਿ ਦਿੱਤਾ ਜਾਂਦਾ ਹੈ ਕਿ ਵਿਚਾਰ ਮਿਲਣੇ ਚਾਹੀਦੇ ਹਨ, ਧਰਮ ਨੂੰ ਨਹੀਂ ਦੇਖਣਾ ਚਾਹੀਦਾ । ਇਹ ਸਹੀ ਹੈ ਕਿ ਵਿਚਾਰ
ਦੋਨਾਂ ਦੇ ਮਿਲਣੇ ਚਾਹੀਦੇ ਹਨ, ਪਰ ਬਿਨਾਂ ਧਰਮ ਦੇਖੇ
ਵਿਚਾਰ ਕਿਵੇਂ ਮਿਲ ਸਕਦੇ ਹਨ ? ਜਿਵੇਂ ਉਪਰਲੀ ਉਦਾਹਰਣ
ਦੇ ਵਿਚ ਸਪਸ਼ਟ ਹੈ ਕਿ ਇਕ ਪਾਸੇ ਗੁਰਮਤਿ ਦੀ ਗੱਲ ਹੈ ਤੇ ਦੂਜੇ ਪਾਸੇ ਮਨਮਤਿ ਦੀ । ਫਿਰ ਵਿਚਾਰ ਕਿਵੇਂ
ਮਿਲੇ ?
ਕੁਝ ਫਿਰ ਇਹ ਵੀ ਕਹਿੰਦੇ
ਸੁਣੇ ਗਏ ਕਿ ਜੇਕਰ ਤੁਸੀਂ ਗੁਰਦੁਆਰੇ ਵੀ ਜਾਂਦੇ ਹੋ ਤੇ ਹੋਰ ਮੱਤਾਂ ਦੇ ਧਾਰਮਿਕ ਸਥਾਨਾਂ ਤੇ ਵੀ ਜਾਂਦੇ
ਹੋ, ਤਾਂ ਵਿਆਹ ਕਰ ਲੈਣਾ ਚਾਹੀਦਾ ਹੈ
। ਗੱਲ ਇਹ ਹੈ ਕਿ ਜੇਕਰ ਤੁਸੀਂ ਇਕ ਸਿੱਖ ਹੋ ਤਾਂ ਦੂਜੀਆਂ ਜਗ੍ਹਾਵਾਂ ਤੇ ਜਾਂਦੇ ਹੀ ਕਿਉਂ ਹੋ ?
ਹਾਂ, ਜੇਕਰ ਤੁਸੀਂ ਸਿਰਫ਼ ਉਸ ਧਰਮ ਨੂੰ ਸਮਝਣ ਦੇ ਲਈ ਜਾਂਦੇ ਹੋ ਜਾਂ ਖ਼ਾਸ ਸਥਾਨ ਦੇਖਣ ਦੇ ਲਈ ਤਾਂ ਤੁਸੀਂ
ਸਹੀ ਹੋ । ਪਰ ਜੇਕਰ ਤੁਸੀਂ ਆਪਣੀਆਂ ਮਨ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਜਾਂਦੇ ਹੋ, ਆਪਣੇ ਗੁਰੂ ਦਾ ਦੁਆਰ ਛੱਡ ਕੇ, ਤਾਂ ਮੁਆਫ਼ ਕਰਨਾ ਤੁਸੀਂ ਸਿੱਖ ਨਹੀਂ ਹੋ । ਸਿੱਖੀ ਕੋਈ ਇੰਨੀ
ਸਸਤੀ ਵੀ ਨਹੀਂ ਕਿ ਜਗ੍ਹਾ-ਜਗ੍ਹਾ ਤੇ ਜਾ ਕਰ ਆਪਣੀ ਹੋਂਦ ਤੇ ਹੀ ਸਵਾਈਆ ਪ੍ਰਸ਼ਨ ਖੜ੍ਹਾ ਕਰ ਦੇਵੇ ।
ਇਸ ਮਾਮਲੇ ਦੇ ਵਿਚ ਸਿੱਖ ਸਿੱਖੀ ਨੂੰ ਸਮਝਣ ਦੇ ਵਿਚ ਅਸਮਰਥ ਜਾਪਦੇ ਨੇ । ਉਨ੍ਹਾਂ ਨੇ ਬੁਨਿਆਦੀ ਗੱਲਾਂ
ਨੂੰ ਹੀ ਨਹੀਂ ਸਮਝਿਆ ਲੱਗਦਾ, ਡੂੰਗੀਆਂ ਵਿਚਾਰਾਂ ਤਾਂ
ਬਹੁਤ ਦੂਰ ਦੀ ਗੱਲ ਹੈ ।
ਕਈ ਫਿਰ ਇਸ ਗੱਲ ਵੱਲ
ਵੀ ਇਸ਼ਾਰਾ ਕਰਦੇ ਹਨ ਕਿ ਜੇਕਰ ਕੋਈ ਸਿੱਖ ਨਹੀਂ ਹੈ, ਤੇ ਤੁਹਾਡੇ ਤੋਂ ਕੇਸ ਦਾੜ੍ਹੇ ਰੱਖ ਕੇ ਵੀ ਸਿੱਖੀ ਨਹੀਂ ਨਿੱਭ ਸਕਦੀ ਤਾਂ
ਤੁਹਾਡਾ ਵਿਆਹ ਗੁਰ-ਮਰਯਾਦਾ ਦੇ ਅਨੁਸਾਰ ਹੋ ਸਕਦਾ ਹੈ ਪਰ ਉਸ ਗੈਰ-ਸਿੱਖ ਦਾ ਨਹੀਂ, ਜੋ ਕੇ ਬਹੁਤ ਗ਼ਲਤ ਹੈ । ਖ਼ਾਲਸਾ ਜੀ, ਇਹ ਤਾਂ ਉਦਾਹਰਣ ਹੀ ਬਿਲਕੁਲ ਗ਼ਲਤ ਹੈ । ਜੇਕਰ ਆਪਾਂ ਸਿੱਖੀ
ਦੀ ਸੰਭਾਲ ਨਹੀਂ ਕਰ ਸਕਦੇ ਤੇ ਦੂਜਿਆਂ ਨਾਲ ਆਪਣਾ ਮੁਲਾਂਕਣ ਕਰਦੇ ਹਾਂ ਤਾਂ ਇਹ ਆਪਣੇ ਆਪ ਨੂੰ ਹੀ
ਕੋਸਣ ਦੇ ਬਰਾਬਰ ਹੈ । ਚਲੋ ਇਹ ਮੰਨ ਲਿਆ ਕਿ ਆਪਣੇ ਤੋਂ ਸਿੱਖੀ ਸੰਭਾਲੀ ਨਹੀਂ ਗਈ, ਇਸ ਵਿਚ ਦੋਸ਼ ਕਿਸਦਾ ਹੈ ਫਿਰ ? ਨਾਲੇ ਜੋ ਇਨਸਾਨ ਸਿੱਖ ਨਹੀਂ ਹੈ, ਗੈਰ-ਸਿੱਖ ਹੈ, ਉਹ ਆਪਣਾ ਵਿਆਹ ਕਿਉਂ ਗੁਰ-ਮਰਯਾਦਾ ਦੇ ਅਨੁਸਾਰ ਕਰਾਏਗਾ ? ਜੇਕਰ ਉਹ ਗੁਰੂ ਸਾਹਿਬਾਨਾਂ ਦਾ ਆਦਰ ਕਰਦਾ ਹੈ ਤੇ ਉਨ੍ਹਾਂ
ਨੂੰ ਮੰਨਦਾ ਵੀ ਹੈ ਤਾਂ ਉਹ ਫਿਰ ਸਿੱਖ ਕਿਉਂ ਨਹੀਂ ਹੈ ? ਸਿੱਖੀ ਇਸ ਤਰ੍ਹਾਂ ਨਹੀਂ ਕਿ ਗੁਰਦੁਆਰੇ ਜਾ ਕਰ ਆਪਾਂ ਸੇਵਾ ਕਰ ਲਈ,
ਦੋ-ਤਿੰਨ ਮਿੰਟ ਕਥਾ-ਕੀਰਤਨ ਸੁਣ ਲਿਆ, ਤੇ ਫਿਰ ਘਰ ਆ ਗਏ । ਸਿੱਖੀ ਬਹੁਤ ਹੀ ਡੂੰਗੀ ਹੈ । ਤੇ ਸਭ
ਤੋਂ ਪਹਿਲੀ ਸ਼ਰਤ ਹੀ ਗੁਰੂ ਦੀ ਗੱਲ ਮੰਨਣਾ ਹੈ । ਇਸਦੀ ਉਦਾਹਰਣ ਆਪਾਂ ਨੂੰ ਗੁਰ-ਇਤਿਹਾਸ ਦੇ ਵਿਚ ਕਈ
ਥਾਈਂ ਮਿਲ ਜਾਂਦੀ ਹੈ ।
ਜਦੋਂ ਆਪਾਂ ਸਿੱਖਾਂ
ਦੀ ਗੱਲ ਕਰਦੇ ਹਾਂ, ਜਦੋਂ ਆਪਾਂ ਆਪਣੀ ਗੱਲ
ਕਰਦੇ ਹਾਂ, ਤਾਂ ਚਾਹੀਦਾ ਤਾਂ ਇਹ
ਹੈ ਕਿ ਆਪਾਂ ਜਾਤ ਦੀ ਗੱਲ ਕਰੀਏ ਹੀ ਨਾ । ਜਿਸ ਚੀਜ਼ ਦਾ ਸਿੱਖੀ ਦੇ ਵਿਚ ਵਜੂਦ ਹੀ ਨਹੀਂ ਹੈ ਉਸਦੀ
ਗੱਲ ਹੋਵੇ ਵੀ ਕਿਉਂ । ਗੁਰੂ ਸਾਹਿਬਾਨ ਨੇ ਆਪਾਂ ਨੂੰ ਚਿੱਕੜ ਦੇ ਵਿਚੋਂ ਬਾਹਰ ਕੱਢਿਆ ਸੀ,
ਤੇ ਆਪਾਂ ਫਿਰ ਉਸ ਚਿੱਕੜ ਦੇ ਵਿਚ ਵੜ੍ਹਨ ਨੂੰ ਫਿਰਦੇ ਹਾਂ
।
ਇਹ ਸਿਰਫ਼ ਧਰਮ ਨਾਲ ਸੰਬੰਧਿਤ
ਨਾ ਹੋ ਕਰਕੇ ਗਾਣਿਆਂ ਦੇ ਵਿਚ ਵੀ ਦਿਖਾਈ ਦਿੰਦੀ ਹੈ । ਜਿਵੇਂ ਇਹ ਪਹਿਲਾਂ ਕਿਹਾ ਗਿਆ ਹੈ ਕਿ ਇਹ ਭਾਰਤ
ਦੇ ਕਈ ਲੋਕਾਂ ਦੇ ਖ਼ੂਨ ਦੇ ਵਿਚ ਹੈ । ਕੁਝ ਕੁ ਪੰਜਾਬੀ ਗਾਇਕ ਇਸ ਨੂੰ ਗਾ ਕਰ ਦਿਖਾ ਦਿੰਦੇ ਨੇ । ਇਨ੍ਹਾਂ
ਗਾਇਕਾਂ ਨੂੰ ਚਾਹੀਦਾ ਤਾਂ ਇਹ ਹੈ ਕਿ ਇਹੋ ਜਿਹੇ ਗੀਤ ਨਾ ਗਾਉਣ ਜੋ ਗ਼ਲਤ ਹੋਣ । ਬਹੁਤ ਸਾਰੇ ਪੰਜਾਬੀ
ਗਾਇਕ ਸਿੱਖ ਪਰਿਵਾਰਾਂ ਦੇ ਵਿਚ ਜੰਮੇ ਹੋਏ ਨੇ, ਪਰ ਫਿਰ ਵੀ ਪੈਸੇ ਦੇ ਲਾਲਚ ਦੇ ਕਾਰਣ ਇਹੋ ਜਿਹੀਆਂ ਗੱਲਾਂ ਕਰ ਜਾਂਦੇ ਨੇ ਜੋ ਬਹੁਤ ਗ਼ਲਤ ਹੁੰਦੀਆਂ
ਨੇ । ਤੇ ਜੇਕਰ ਕੋਈ ਪੁੱਛ ਵੀ ਲਵੇ ਕਿ ਇਹ ਕੰਮ ਕਿਉਂ ਕੀਤਾ, ਤਾਂ ਅੱਗੋਂ ਕਹਿੰਦੇ ਨੇ ਕਿ ਫਲਾਣੇ ਨੇ ਵੀ ਕੀਤਾ ਸੀ ਉਸ ਤੋਂ ਤਾਂ ਪੁੱਛਿਆ
ਨੀ । ਜਾਤ-ਪਾਤ ਨੂੰ ਫੈਲਾਉਣ ਦੇ ਵਿਚ ਜਿੰਨਾਂ ਕੁ ਪ੍ਰਬੰਧਕ ਕਮੇਟੀਆਂ ਦਾ ਹੱਥ ਹੈ ਓਨਾਂ ਹੀ ਇਨ੍ਹਾਂ
ਗਾਇਕਾਂ ਦਾ ਵੀ ।
ਅੱਜ ਦੀ ਹੀ ਗੱਲ ਹੈ ਕਿ ਮੈਂ ਇਕ
ਪੋਸਟ ਪੜ੍ਹ ਰਿਹਾ ਸੀ ਕਿ ਇਕ ਸਿੱਖ ਬੀਬੀ ਆਪਣੀ ਜਾਤ ਬਾਰੇ ਦੱਸ ਰਹੀ ਸੀ ਕਿ ਇਹ ਬਹੁਤ ਵਧੀਆ ਹੈ ਤੇ
ਜੋ ਉਸ ਦੀ ਜਾਤ ਦਾ ਨਹੀਂ ਹੈ ਸਭ ਗ਼ਲਤ ਉਨ੍ਹਾਂ ਕਰਕੇ ਹੋ ਰਿਹਾ ਹੈ । ਇਹੋ ਜਿਹੀਆਂ ਗੱਲਾਂ ਪੜ੍ਹ ਕੇ
ਮੈਂ ਸੋਚਦਾ ਹੁੰਨਾ ਕਿ ਆਪਾਂ ਕਿੰਨੇ ਦੂਰ ਜਾ ਰਹੇ ਹਾਂ ਸਿੱਖੀ ਤੋਂ । ਤੇ ਸਭ ਤੋਂ ਹੈਰਾਨ ਕਰਨ ਵਾਲੀ
ਗੱਲ ਇਹ ਹੈ ਕਿ ਆਪਾਂ ਨੂੰ ਪਤਾ ਵੀ ਨਹੀਂ ਹੈ ਇਸ ਗੱਲ ਦਾ । ਆਪਾਂ ਬਸ ਆਪਣੀ ਮੌਜ ਦੇ ਵਿਚ ਜਿਵੇਂ ਕਿਸੇ
ਨੇ ਦੱਸ ਦਿੱਤਾ ਓਵੇਂ ਕਰ ਰਹੇ ਹਾਂ । ਇਹ ਵੀ ਨਹੀਂ ਦੇਖਦੇ ਕਿ ਉਹ ਸਿੱਖੀ ਦੇ ਅਨੁਕੂਲ ਹੈ ਜਾਂ ਖ਼ਿਲਾਫ਼
। ਆਪਾਂ ਨੂੰ ਬਸ ਆਪਣੀ ਜਾਤ-ਪਾਤ ਦਾ ਪੱਖ ਪੂਰਨਾ ਹੈ ।
ਲੇਖਕਾਂ ਦੀ ਨਾ-ਸਮਝੀ
ਇਤਿਹਾਸਿਕ ਲਿਖਤਾਂ ਦੇ ਵਿਚ ਕਈ
ਇਹੋ ਜਿਹੀਆਂ ਕਹਾਣੀਆਂ ਵੀ ਆਉਂਦੀਆਂ ਹਨ ਜਿਸ ਵਿਚ ਜਾਤ-ਪਾਤ ਨੂੰ ਮਹੱਤਤਾ ਦਿੱਤੀ ਗਈ ਹੈ । ਕਈਆਂ ਨੇ
ਜੋ ਆਪਣੀ ਜਾਤ ਸੀ ਉਸ ਨੂੰ ਹੀ ਵਧੀਆ ਕਹਿ ਕੇ ਲਿਖ ਦਿੱਤਾ, ਤੇ ਕਹਾਇਆ ਵੀ ਗੁਰੂ ਸਾਹਿਬਾਨ ਦੇ ਮੂੰਹੋਂ । ਸ਼ਾਇਦ ਗੁਰਬਾਣੀ ਦਾ ਜ਼ਿਆਦਾ
ਗਿਆਨ ਨਾ ਹੋਣ ਕਰਕੇ, ਜਾਂ ਜੋ ਲੋਕ ਬਾਹਮਣੀ
ਮੱਤ ਦੇ ਪ੍ਰਭਾਵ ਥੱਲੇ ਆ ਗਏ ਸਨ ਤੇ ਆਪਣੇ ਆਪ ਨੂੰ ਉਸ ਤਰੀਕੇ ਨਾਲ ਢਾਲਣ ਦੀ ਕੋਸ਼ਿਸ਼ ਕਰ ਰਹੇ ਸਨ,
ਉਨ੍ਹਾਂ ਇਹ ਸਭ ਲਿਖ ਦਿੱਤਾ । ਇਸ ਦਾ ਕੋਈ ਜ਼ਿਆਦਾ ਪ੍ਰਭਾਵ
ਨਹੀਂ ਪਿਆ ਸਿੱਖਾਂ ਤੇ ਕਿਉਂਕਿ ਕਈਆਂ ਨੇ ਬਾਹਮਣਾਂ ਦੀ ਉੱਚੀ ਜਾਤ ਕਰਕੇ ਇਹ ਸਭ ਲਿਖਿਆ ਤੇ ਬਾਹਮਣਾਂ
ਦਾ ਸਿੱਖਾਂ ਵਿਚ ਕੋਈ ਉੱਚਾ ਸਥਾਨ ਨਹੀਂ ਹੈ । ਸਿੱਖ ਆਪਣੇ ਆਪ ਨੂੰ ਹਿੰਦੂਆਂ ਤੋਂ ਅਲੱਗ ਮੰਨਦੇ ਹੀ
ਹਨ । ਸੋ ਉਨ੍ਹਾਂ ਦੀਆਂ ਉੱਚ ਜਾਤੀਆਂ ਨੂੰ ਸਿੱਖਾਂ ਨੇ ਪੂਜਣਯੋਗ ਨਹੀਂ ਬਣਾਇਆ ।
ਦੂਜੀ ਤਰਫ਼ ਸਿੱਖਾਂ ਨੇ
ਆਪਣੀਆਂ ਅਲੱਗ ਜਾਤਾਂ ਬਣਾ ਲਈਆਂ । ਜਿਸ ਵਿਚ ਕਈਆਂ ਨੂੰ ਸ਼ੂਦਰਾਂ ਵਾਂਙ ਨੀਵਾਂ ਤੇ ਕਈਆਂ ਨੂੰ ਬਾਹਮਣਾਂ
ਵਾਂਙ ਉੱਚਾ ਦਰਸਾ ਛੱਡਿਆ । ਇਹ ਵੀ ਸਿੱਖਾਂ ਦੇ ਵਿਚ ਘਰ ਕਰ ਗਈ । ਇਸ ਬਿਮਾਰੀ ਦਾ ਇਲਾਜ ਥੋੜ੍ਹੀ ਦੇਰ
ਰੁਕ ਕੇ ਕਰਦੇ ਹਾਂ । ਇਸ ਨੂੰ ਕਈ ਵੀਹਵੀਂ ਸਦੀ ਦੇ ਲੇਖਕਾਂ ਨੇ ਰੱਝ ਕੇ ਇਸਤਮਾਲ ਕੀਤਾ ਤੇ ਗੁਰੂ ਸਾਹਿਬਾਨ
ਨੂੰ ਵੀ ਨਹੀਂ ਬਖ਼ਸ਼ਿਆ ।
ਖੁਸ਼ਵੰਤ ਸਿੰਘ ਲਿਖਦਾ
ਹੈ:
ਸਮਾਜਿਕ ਸੰਗਠਨ ਦੇ ਵਿਚ ਸਾਰੇ ਲੋਕ ਆ ਸਕਦੇ ਸਨ; ਕੋਈ ਵੀ ਜਾਤ ਇਸ ਵਿਚ ਆ ਸਕਦੀ ਸੀ, ਪਰ ਜਾਤ-ਪਾਤ ਵਿਆਹ-ਸ਼ਾਦੀਆਂ ਦੇ ਵਿਚ ਦੇਖੀ ਜਾਂਦੀ ਸੀ, ਇਹ ਜਾਤ-ਪਾਤ ਸਿਰਫ਼ ਸਮਾਜਿਕ ਤਾਣੇ-ਬਾਣੇ ਕਰਕੇ ਤੋੜੀ ਗਈ ਸੀ
। (ਨਾ ਸਿਰਫ਼ ਗੁਰੂ ਪਰ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਵੀ ਛੱਤ੍ਰੀ ਜਾਤ ਤੋਂ ਬਾਹਰ ਵਿਆਹ ਨਹੀਂ ਕੀਤਾ)
।੧
ਬ੍ਰੈਕਟ ਦੇ ਵਿਚ ਦਿੱਤੀ
ਹੋਈ ਸਤਰ ਫੁੱਟ ਨੋਟ ਦੇ ਵਿਚ ਦਿੱਤੀ ਗਈ ਹੈ ਖੁਸ਼ਵੰਤ ਸਿੰਘ ਵੱਲੋਂ ।
ਤੁਸੀਂ ਦੇਖੋ ਏਡਾ ਵੱਡਾ
ਲੇਖਕ ਤੇ ਏਡੀ ਛੋਟੀ ਗੱਲ । ਖੁਸ਼ਵੰਤ ਸਿੰਘ ਨੂੰ ਭਾਰਤ ਦੇ ਵਿਚ ਕਈ ਲੋਕ ਪੜ੍ਹਦੇ ਹਨ । ਬਹੁਤ ਸਾਰੇ
ਲੋਕਾਂ ਨੇ ਇਸ ਦੀ ਇਹ ਕਿਤਾਬ ਪੜ੍ਹੀ ਹੋਵੇਗੀ । ਪਰ ਇਹੋ ਜਿਹੀਆਂ ਗੱਲਾਂ ਕਰਕੇ ਕੀ ਸਾਬਤ ਹੁੰਦਾ ਹੈ
? ਕਿ ਗੁਰੂ ਸਾਹਿਬ ਜਾਤ-ਪਾਤ ਦੇ
ਹਾਮੀ ਸੀ ? ਕਿੱਡੀ ਵੱਡੀ ਬੇਵਕੂਫ਼ੀ
ਹੋਵੇਗੀ ਇਹ ਕਹਿਣਾ । ਇਹ ਤਾਂ ਫਿਰ ਇਹ ਹੋ ਗਿਆ ਕਿ ਗੁਰੂ ਸਾਹਿਬ ਕਹਿੰਦੇ ਕੁਝ ਸਨ ਤੇ ਕਰਦੇ ਕੁਝ ਸਨ
। ਇਹ ਲੇਖ ਲਿਖਣ ਦੇ ਸਮੇਂ ਮੈਂ ਕਿਸੇ ਵੀ ਸਿੱਖ ਗੁਰੂ ਜੀ ਦੇ ਮਹਿਲਾਂ ਦੀ ਜਾਤ ਨਹੀਂ ਦੇਖੀ,
ਤੇ ਨਾ ਹੀ ਉਨ੍ਹਾਂ ਦੇ ਰਿਸ਼ਤੇਦਾਰਾਂ ਦੀ । ਪ੍ਰਸ਼ਨ ਇਥੇ ਇਹ
ਉੱਠਦਾ ਹੈ ਕਿ ਕੀ ਗੁਰੂ ਸਾਹਿਬਾਨ ਨੇ ਇਹ ਦੇਖਿਆ ਸੀ ਕਿ ਭਾਈ ਗੁਰੂ ਕੇ ਮਹਿਲ ਕਿਹੜੀ ਜਾਤੀ ਦੇ ਹਨ
? ਕਿ ਉਹ ਛੱਤ੍ਰੀ ਹਨ ਜਾਂ ਨਹੀਂ
? ਜੇ ਇਹ ਹੋਇਆ ਹੀ ਨਹੀਂ ਤਾਂ ਇਹੋ
ਜਿਹੀ ਹੋਛੀ ਗੱਲ ਕਰਕੇ ਖੁਸ਼ਵੰਤ ਸਿੰਘ ਕੀ ਸਾਬਤ ਕਰਨਾ ਚਾਹੁੰਦਾ ਸੀ ?
ਡਾ. ਤ੍ਰਿਲੋਚਨ ਸਿੰਘ
ਹੋਣਾ ਨੇ ਬਹੁਤ ਸਹੀ ਲਿਖਿਆ ਸੀ:
ਡਾ. ਅਰਨਸਟ ਟਰੰਪ, ਇਕ ਉਂਨੀਵੀਂ ਸਦੀ ਦਾ ਕੱਟੜ ਈਸਾਈ ਪ੍ਰਚਾਰਕ ਤੋਂ ਵੀਹਵੀਂ
ਸਦੀ ਦਾ ਡਾ. ਵਿਲੀਅਮ ਹੈਵਟ ਮਕਲੋਡ, ਜੋ ਬਟਾਲੇ ਦੇ ਈਸਾਈ ਟੋਲੇ ਦਾ ਮੋਹਰੀ ਸੀ, ਜਿਨ੍ਹਾਂ ਨੇ ਸਿੱਖਾਂ ਦੀ ਰੱਜ ਕੇ ਅਲੋਚਨਾ ਕੀਤੀ, ਅਤੇ ਸਵਾਮੀ ਦਿਆਨੰਦ ਜੋ ਆਰੀਆ ਸਮਾਜੀ ਤੇ ਹਿੰਦੂ ਗਰੁੱਪ ਦਾ
ਮੋਹਰੀ ਸੀ ਤੇ ਸਿੱਖਾਂ ਦੇ ਖ਼ਿਲਾਫ਼ ਸੀ ਤੋਂ ਕਾਮਰੇਡੀ ਪੱਗਾਂ ਤੇ ਦਾਹੜ੍ਹੀਆਂ ਵਾਲੇ, ਰੱਬ ਨੂੰ ਨਾ ਮੰਨਣ ਵਾਲੇ, ਰੱਬ ਦੀ ਹੋਂਦ ਤੇ ਸ਼ੱਕ ਕਰਨ ਵਾਲੇ, ਮੌਕੇ ਦੀ ਭਾਲ ਵਾਲੇ, ਜਿਨ੍ਹਾਂ ਨੇ ਆਪਣੇ ਨਾਮ ਨਾਲ ਸਿੰਘ ਲਿਖਿਆ ਹੈ, ਇਹ ਸਭ ਅਧਿਆਤਮਿਕ ਪੱਖ ਤੋਂ ਅੰਨ੍ਹੇ, ਸੋਚਣ-ਸਮਝਣ ਤੋਂ ਨੀਚ, ਬਹੁਤ ਹੀ ਹਉਮੈ ਵਾਲੇ ਲੇਖਕ ਤੇ ਸਕੌਲਰ ਜਿਨ੍ਹਾਂ ਨੇ ਸਿੱਖਾਂ
ਤੇ ਸਿੱਖੀ ਨੂੰ ਇਸ ਤਰੀਕੇ ਨਾਲ ਦਰਸਾਇਆ ਹੈ ਕਿ ਕੋਈ ਵੀ ਆਮ ਬੰਦਾ ਜਿਸ ਦੀ ਥੋੜ੍ਹੀ ਜਿਹੀ ਵੀ ਸੋਚਣ-ਸਮਝਣ
ਦੀ ਸਮਰਥਾ ਹੈ ਤੇ ਸੱਚਾ ਹੈ ਤੇ ਇਤਿਹਾਸ ਨੂੰ ਦੇਖਿਆ ਹੈ ਉਹ ਵੀ ਕਦੇ ਇਸ ਤਰ੍ਹਾਂ ਨਹੀਂ ਲਿਖੇਗਾ ।੨
ਮੈਨੂੰ ਡਾ. ਤ੍ਰਿਲੋਚਨ
ਸਿੰਘ ਦੇ ਇਹ ਸ਼ਬਦ ਬਹੁਤੀ ਵੇਰੀ ਯਾਦ ਆਉਂਦੇ ਹਨ ਜਦ ਵੀ ਮੈਂ ਪੱਗਾਂ ਵਾਲੇ ਲੋਕਾਂ ਨੂੰ ਸਿੱਖੀ ਦੇ ਖ਼ਿਲਾਫ਼
ਬੋਲਦੇ ਜਾਂ ਲਿਖਦੇ ਦੇਖਦਾ ਹੈ । ਇਹ ਸਭ ਪ੍ਰਭਾਵ ਪਾਉਣ ਦੇ ਲਈ ਕੀਤਾ ਜਾਂਦਾ ਹੈ ਕਿ ਇਹ ਇਕ ਪੱਗ ਵਾਲਾ
ਬੰਦਾ ਹੈ ਤੇ ਸਿੱਖ ਇਸ ਨੂੰ ਸਿੱਖ ਸਮਝਣਗੇ ਤੇ ਇਸ ਤੋਂ ਕੁਝ ਵੀ ਲਿਖਾ ਲਵੋ । ਇਸ ਵਿਚ ਕਾਮਰੇਡੀ ਸਿੱਖਾਂ
ਨੇ ਵੀ ਰੱਜ ਕੇ ਹਿੱਸਾ ਲਿੱਤਾ ਹੈ । ਕਾਮਰੇਡੀ ਸਿੱਖਾਂ, ਜਾਂ ਫਿਰ ਮਾਰਕਸਵਾਦ, ਤੇ ਕਿਸੇ ਹੋਰ ਲੇਖ ਵਿਚ ਲਿਖਿਆ ਜਾਵੇਗਾ ਕਿ ਇਹ ਸਿਉਂਕ ਕਿਵੇਂ ਸਿੱਖਾਂ ਨੂੰ ਅੰਦਰੋਂ ਖੋਖਲਾ ਕਰ
ਰਹੀ ਹੈ । ਇਸ ਲੇਖ ਵਿਚ ਆਪਾਂ ਆਪਣੇ ਆਪ ਨੂੰ ਜਾਤ-ਪਾਤ ਵਰਗੇ ਕੋਹੜ ਤੱਕ ਹੀ ਸੀਮਤ ਰੱਖ ਦੇ ਹਾਂ ।
ਪੁਰਾਣੇ ਸਮਿਆਂ ਦੇ ਵਿਚ
ਜੇਕਰ ਕਿਸੇ ਨੇ ਕੋਈ ਜਾਤ-ਪਾਤ ਬਾਰੇ ਲਿਖ ਵੀ ਦਿੱਤਾ ਤਾਂ ਚਾਹੀਦਾ ਤਾਂ ਇਹ ਹੈ ਕਿ ਆਪਾਂ ਉਸਨੂੰ ਸਮਝੀਏ
ਤੇ ਕਾਰਣਾਂ ਦਾ ਪਤਾ ਕਰੀਏ ਜਿਸ ਕਰਕੇ ਇਹ ਸਭ ਕੁਝ ਲਿਖਿਆ ਗਿਆ ਕਿਉਂਕਿ ਇਹ ਸਿੱਖੀ ਦੇ ਅਸੂਲਾਂ ਦੇ
ਖ਼ਿਲਾਫ਼ ਹੈ । ਕਈ ਲੋਕ, ਜਿਨ੍ਹਾਂ ਦਾ ਮਨ ਜਾਤ-ਪਾਤ
ਦੇ ਵਿਚ ਹੈ, ਉਹ ਉਨ੍ਹਾਂ ਕਿਤਾਬਾਂ
ਰਾਹੀਂ ਇਹ ਸਾਬਤ ਕਰਦੇ ਨੇ ਕਿ ਗੁਰੂ ਸਾਹਿਬ ਵੀ ਜਾਤ-ਪਾਤ ਨੂੰ ਮੰਨਦੇ ਸੀ ਜਾਂ ਗੁਰੂ ਸਾਹਿਬ ਨੇ ਕੋਈ
ਖ਼ਾਸ ਜਾਤ ਨੂੰ ਜ਼ਿਆਦਾ ਮਹੱਤਤਾ ਦਿੱਤੀ ਹੈ ਬਾਕੀ ਦੀਆਂ ਜਾਤਾਂ ਨਾਲੋਂ । ਕਿਤਾਬਾਂ ਵਿਚ ਲਿਖੀਆਂ ਗੁਰਮਤਿ
ਵਿਰੋਧੀ ਗੱਲਾਂ ਮੂਲ ਕਾਰਣ ਬਣਦੀਆਂ ਹਨ ਸਿੱਖਾਂ ਨੂੰ ਗੁੰਮਰਾਹ ਕਰਨ ਦੇ ਲਈ । ਬਹੁਤ ਸਾਰੇ ਸੰਪਾਦਕਾਂ
ਤੇ ਲੇਖਕਾਂ ਨੇ ਇਹ ਗੱਲਾਂ ਸਾਬਤ ਕਰ ਦਿੱਤੀਆਂ ਹਨ ਕਿ ਇਹ ਗੱਲਾਂ ਕਿਸ ਕਾਰਣ ਲਿਖੀਆਂ ਗਈਆਂ ਸਨ ਜਾਂ
ਗੁਰਮਤਿ ਤੋਂ ਉਲਟ ਕਿਉਂ ਹਨ ।
ਆਸ ਕਰਦੇ ਹਾਂ ਕਿ ਆਉਣ
ਵਾਲੇ ਸਮੇਂ ਦੇ ਵਿਚ ਫਿਰ ਤੋਂ ਇਹ ਗ਼ਲਤੀਆਂ ਦੁਹਰਾਈਆਂ ਨਾ ਜਾਣ ਅਤੇ ਇਨ੍ਹਾਂ ਤੋਂ ਸਬਕ ਸਿੱਖਿਆ ਜਾ
ਸਕੇ ।
ਕੋਹੜ ਦਾ ਇਲਾਜ
ਦੁਨੀਆਂ ਦੇ ਵਿਚ ਬਹੁਤ ਸਾਰੇ ਰੋਗ
ਨੇ ਜਿਨ੍ਹਾਂ ਦਾ ਸਮੇਂ-ਸਮੇਂ ਤੇ ਡਾਕਟਰਾਂ ਨੇ ਇਲਾਜ ਵੀ ਲੱਭਿਆ ਹੈ । ਸਿੱਖੀ ਦੇ ਵਿਚ ਗੁਰੂ ਸਾਹਿਬ
ਤੋਂ ਵੱਡਾ ਕੋਈ ਡਾਕਟਰ ਨਹੀਂ ਕਿਉਂਕਿ ਅੱਜ ਦੇ ਡਾਕਟਰ ਸਰੀਰਕ ਰੋਗਾਂ ਤੇ ਮਾਨਸਿਕ ਰੋਗਾਂ ਤੱਕ ਹੀ ਸੀਮਤ
ਰਹਿੰਦੇ ਹਨ, ਪਰ ਸਿੱਖੀ ਦੇ ਵਿਚ ਗੁਰੂ
ਸਾਹਿਬ ਨੇ ਪੰਜ ਵਿਕਾਰਾਂ ਵਰਗੀਆਂ ਬਿਮਾਰੀਆਂ ਦਾ ਵੀ ਇਲਾਜ ਦੇ ਦਿੱਤਾ, ਪਰਮਾਤਮਾ ਨਾਲੋਂ ਵਿਛੜੀਆਂ ਰੂਹਾਂ ਦੇ ਮਿਲਾਪ ਦਾ ਰਸਤਾ ਦੱਸ ਦਿੱਤਾ,
ਜੰਗਾਂ-ਯੁੱਧਾਂ ਦਾ ਚਾਉ ਪੈਦਾ ਕਰਨ ਦੇ ਲਈ ਬਾਣੀ ਦੇ ਦਿੱਤੀ
ਤਾਂ ਜੋ ਸਿੱਖ ਸਦਾ ਹੀ ਤਿਆਰ-ਬਰ-ਤਿਆਰ ਰਹਿਣ ਜ਼ਾਲਮਾਂ ਦਾ ਖ਼ਾਤਮਾ ਕਰਨ ਦੇ ਲਈ, ਇਤਿਆਦਿ ।
ਗੁਰੂ ਸਾਹਿਬ ਦੀਆਂ ਦਿੱਤੀਆਂ
ਹੋਈਆਂ ਦਵਾਈਆਂ ਰਾਹੀਂ ਹੀ ਅਸੀਂ ਇਹ ਕੋਹੜ ਵਰਗੀ ਬਿਮਾਰੀ ਜੜ੍ਹੋਂ ਖ਼ਤਮ ਕਰ ਸਕਦੇ ਹਾਂ । ਇਸ ਦੀ ਬਸ
ਇਕੋ ਸ਼ਰਤ ਹੈ ਉਹ ਇਹ ਕਿ ਬੰਦੇ ਨੂੰ ਪਤਾ ਹੋਵੇ ਕਿ ਉਹ ਬਿਮਾਰ ਹੈ । ਉਹ ਬੰਦਾ ਜੋ ਇਹ ਮੰਨਣ ਨੂੰ ਹੀ
ਤਿਆਰ ਨਹੀਂ ਕਿ ਉਹ ਬਿਮਾਰ ਹੈ ਉਸ ਲਈ ਇਲਾਜ ਕਰਾਉਣਾ ਬਹੁਤ ਔਖਾ ਹੋ ਜਾਂਦਾ ਹੈ । ਉਸ ਨੂੰ ਇਹ ਦੱਸਣ
ਦੇ ਲਈ ਕਿ ਉਹ ਬਿਮਾਰ ਹੈ ਉਸ ਨੂੰ ਪਹਿਲਾਂ ਗੁਰਬਾਣੀ ਨਾਲ ਜਾਣ-ਪਛਾਣ ਕਰਾਉਣੀ ਪਵੇਗੀ, ਉਸ ਤੋਂ ਬਾਅਦ ਫਿਰ ਇਤਿਹਾਸ ਤੋਂ । ਇਹ ਦੋ ਚੀਜ਼ਾਂ ਰਾਹੀਂ
ਇਹ ਸੌਖੇ ਤਰੀਕੇ ਨਾਲ ਦੱਸਿਆ ਜਾ ਸਕਦਾ ਹੈ ਕਿ ਭਾਈ ਤੁਸੀਂ ਬਿਮਾਰ ਹੋ । ਇਹ ਇਕ ਸ਼ੀਸ਼ੇ ਦੀ ਤਰ੍ਹਾਂ
ਸਾਬਤ ਹੋਵੇਗਾ ਕਿਉਂਕਿ ਸ਼ੀਸ਼ਾ ਬੰਦੇ ਨੂੰ ਆਪਣਾ ਬਿੰਬ ਦਿਖਾ ਦਿੰਦਾ ਹੈ ।
ਜਦੋਂ ਉਸ ਨੂੰ ਇਹ ਪਤਾ
ਲੱਗ ਗਿਆ ਕਿ ਉਹ ਬਿਮਾਰ ਹੈ ਫਿਰ ਉਸ ਲਈ ਉਹ ਦਵਾਈ-ਰੂਪੀ ਗੁਰਬਾਣੀ ਤੇ ਇਤਿਹਾਸ ਹੀ ਠੀਕ ਕਰ ਸਕਣਗੇ
। ਤੇ ਇਹ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਉਸ ਬੰਦੇ ਨੂੰ ਪਹਿਲਾਂ ਇਹ ਹੀ ਪਤਾ ਲੱਗੇਗਾ ਕਿ ਉਹ ਬਿਮਾਰ
ਹੈ ਤੇ ਬਾਅਦ ਦੇ ਵਿਚ ਦਵਾਈ ਦਿੱਤੀ ਜਾਵੇਗੀ ਠੀਕ ਕਰਨ ਦੇ ਲਈ । ਨਹੀਂ । ਜਦ ਉਸ ਨੂੰ ਇਸ ਗੱਲ ਦਾ ਪਤਾ
ਲੱਗਣ ਲੱਗ ਗਿਆ ਕਿ ਉਹ ਬਿਮਾਰ ਹੈ ਨਾਲੋ-ਨਾਲ ਉਹ ਉਸ ਨੂੰ ਠੀਕ ਵੀ ਕਰ ਦੇਵੇਗੀ । ਕਿਉਂਕਿ ਇਹ ਸਹੀ
ਤੇ ਗ਼ਲਤ ਗੱਲਾਂ ਦੇ ਅਧਾਰ ਤੇ ਹੈ । ਜੇਕਰ ਬੰਦਾ ਗ਼ਲਤ ਗੱਲ ਨੂੰ ਪਛਾਣ ਗਿਆ ਤਾਂ ਉਹ ਫਿਰ ਉਸ ਨੂੰ ਕਰਨਾ
ਬੰਦ ਕਰ ਦੇਵੇਗਾ ।
ਗੁਰਬਾਣੀ ਗੁਰੂ ਦੇ ਬੋਲ
ਹਨ । ਇਨ੍ਹਾਂ ਬੋਲਾਂ ਕਰਕੇ ਅਸੀਂ ਇਹ ਅਸਾਨੀ ਨਾਲ ਸਮਝ ਸਕਦੇ ਹਾਂ ਕਿ ਗੁਰੂ ਸਾਹਿਬ ਆਪਾਂ ਨੂੰ ਕੀ
ਕਹਿ ਰਹੇ ਹਨ । ਜੇਕਰ ਗੁਰੂ ਸਾਹਿਬਾਨ ਨੇ ਜਾਤ-ਪਾਤ ਦੇ ਵਿਚ ਵਿਸ਼ਵਾਸ ਨਹੀਂ ਕੀਤਾ ਤਾਂ ਫਿਰ ਆਪਾਂ ਨੂੰ
ਵੀ ਕਰਨ ਦੀ ਲੋੜ ਨਹੀਂ । ਉੱਪਰ ਦਿੱਤੀ ਸਾਖੀ ਦੀਆਂ ਸਤਰਾਂ ਤੋਂ ਇਹ ਸਾਬਤ ਹੋ ਜਾਂਦਾ ਹੈ ਕਿ ਗੁਰੂ
ਸਾਹਿਬ ਖ਼ਾਲਸਾ ਪੰਥ ਬਣਾਉਣ ਵੇਲੇ ਕੁਝ ਸ਼ਰਤਾਂ ਰੱਖੀਆਂ ਸਨ ਜੋ ਪਹਾੜੀ ਰਾਜਿਆਂ ਨੇ ਨਹੀਂ ਅਪਣਾਈਆਂ ।
ਕਈ ਇਹ ਵੀ ਕਹਿੰਦੇ ਸੁਣੇ ਗਏ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਹੀ ਇਹ ਉਪਰਾਲਾ ਕੀਤਾ ਗਿਆ ਸੀ
। ਪਰ ਇਹ ਕਹਿਣਾ ਸਹੀ ਨਹੀਂ ਹੈ । ਗੁਰੂ ਨਾਨਕ ਦੇਵ ਜੀ ਨੇ ਭਾਈ ਲਾਲੋ ਦੇ ਘਰ ਰੋਟੀ ਖਾ ਕੇ ਹੀ ਇਹ
ਦਿਖਾ ਦਿੱਤਾ ਸੀ ਕਿ ਸਿੱਖਾਂ ਦੇ ਵਿਚ ਕੋਈ ਜਾਤ-ਪਾਤ ਨਹੀਂ ਹੈ, ਫਿਰ ਗੁਰੂ ਅਮਰਦਾਸ ਜੀ ਨੇ ਉਨ੍ਹਾਂ ਨੂੰ ਮਿਲਣ ਤੋਂ ਪਹਿਲਾਂ ਪੰਗਤ ਦੇ ਵਿਚ
ਬੈਠ ਕੇ ਪਰਸ਼ਾਦਾ ਖਾਣ ਦੀ ਹਦਾਇਤ ਕੀਤੀ ਸੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚੋਂ ਵੀ ਜਾਤ-ਪਾਤ ਖ਼ਤਮ ਹੋਣ ਦਾ ਪ੍ਰਮਾਣ ਮਿਲਦਾ ਹੈ,
ਇਤਿਆਦਿ ।
ਭਾਈ ਗੁਰਪ੍ਰੀਤ ਸਿੰਘ
ਕੈਲੀਫੋਰਨੀਆਂ ਨੇ ਇਕ ਬਹੁਤ ਵਧੀਆ ਗੱਲ ਕਹੀ ਸੀ ਕਿ ਆਪਾਂ ਹਿੱਕ ਠੋਕ ਕੇ ਕਹਿੰਦੇ ਹਾਂ ਕਿ ਅਸੀਂ ਹਿੰਦੂ
ਨਹੀਂ ਹਾਂ । ਜੇਕਰ ਆਪਾਂ ਹਿੰਦੂ ਨਹੀਂ ਹਾਂ ਤਾਂ ਇਹ ਕੋਹੜ ਕਿਉਂ ਚੁੱਕੀ ਫਿਰਦੇ ਹਾਂ !
ਇਹ ਬਹੁਤ ਹੀ ਡੂੰਗੀ
ਗੱਲ ਹੈ ਤੇ ਇਸ ਵੱਲ ਸੰਕੇਤ ਕਰਦੀ ਹੈ ਕਿ ਸਿੱਖੀ ਤੇ ਜਾਤ-ਪਾਤ ਦਾ ਕੋਈ ਰਿਸ਼ਤਾ ਨਹੀਂ ਹੈ । ਜਦੋਂ ਇਹ
ਕੋਹੜ ਖ਼ਤਮ ਹੋ ਜਾਵੇਗਾ ਤਾਂ ਬਹੁਤ ਸਾਰੀਆਂ ਚੀਜ਼ਾਂ ਬਦਲ ਜਾਣਗੀਆਂ, ਜਿਵੇਂ ਕੇ ਲੋਕ ਜਾਤਾਂ ਦੇ ਨਾਂ ਤੇ ਗੁਰਦੁਆਰੇ ਨਹੀਂ ਖੋਲ੍ਹਣਗੇ,
ਵਿਆਹਵਾਂ ਦੇ ਵਿਚ ਜਾਤ ਨਹੀਂ ਦੇਖਣਗੇ, ਕਿਸੇ ਨੂੰ ਪ੍ਰਧਾਨ ਬਣਾਉਣ ਵੇਲੇ ਉਸਦੀ ਜਾਤ ਨਹੀਂ ਦੇਖਣਗੇ,
ਇਤਿਆਦਿ ।
ਗੁਰੂ ਦੀ ਸਿੱਖੀ ਸਭ
ਤੋਂ ਨਿਆਰੀ ।
ਜਾਤ-ਪਾਤ ਦੇ ਨਾ ਅਧਿਕਾਰੀ
।
ਸਭ ਹੀ ਇਥੇ ਹਨ ਬਰਾਬਰ
।
ਗੁਰੂਆਂ ਨੇ ਕੀਤਾ ਉਜਾਗਰ
।
ਕਈ ਸਿੱਖ ਬਣ ਗਏ ਕੋਹੜੀ
।
ਜਿਨ੍ਹਾਂ ਨੂੰ ਹੈ ਗੁਰਮਤਿ
ਥੋੜ੍ਹੀ ।
ਜਾਤ-ਪਾਤ ਨੂੰ ਹੁਣ ਉਹ
ਮੰਨਣ ।
ਗੁਰੂ ਦੀ ਗੱਲ ਕਦੇ ਨਾ
ਸੁੰਨਣ ।
ਕਹਿੰਦੇ ਹਾਂ ਅਸੀਂ ਹਾਂ
ਗੁਣਕਾਰੀ ।
ਦਰਅਸਲ ਵਿਚ ਹਨ ਸਭ ਮਦਾਰੀ
।
ਇਧਰ-ਉਧਰ ਫਿਰਦੇ ਰਹਿੰਦੇ
।
ਆਪਣੇ ਆਪ ਨੂੰ ਸਿੱਖ
ਕਹਿੰਦੇ ।
ਸਿੱਖੀ ਨਿਭਾਉਣੀ ਬਹੁਤੀ
ਔਖੀ ।
ਇਸ ਲਈ ਕਰਦੇ ਗੱਲ ਜੋ
ਸੌਖੀ ।
ਗੁਰੂ-ਗੁਰੂ ਕਰਦੇ ਜਨਮ
ਸਵਾਰੀਏ ।
ਸਿੱਖੀ ਦਾ ਮਾਰਗ ਅਪਣਾਈਏ
।
ਕੀ ਲੈਣਾ ਕਰਕੇ ਜਾਤ-ਪਾਤ
।
ਜੋ ਨਹੀਂ ਹੈ ਸਿੱਖੀ
ਦੀ ਬਾਤ ।
ਰਲ-ਮਿਲ ਸਭ ਸਿੱਖੀ ਅਪਣਾਈਏ
।
ਗੁਰੂ ਦੇ ਚਰਨੀ ਆਪਾਂ
ਲੱਗ ਜਾਈਏ ।
'ਅਨਪੜ੍ਹ ਬਾਬੇ'
ਦੀ ਇਹੀਓ ਪੁਕਾਰ ।
ਬਣ ਜਾਈਏ ਆਪਾਂ ਸਿੱਖ
ਸਰਦਾਰ ।
ਹਵਾਲੇ:
੧. ਏ ਹਿਸਟਰੀ ਆਫ਼ ਦ
ਸਿਖਸ, ਭਾਗ ਪਹਿਲਾ, ਖੁਸ਼ਵੰਤ ਸਿੰਘ, ਪੇਜ ੯੩
੨. ਅਰਨਸਟ ਟਰੰਪ ਐਂਡ
ਡਬਲਯੂ.ਐਚ. ਮਕਲੋਡ ਐਸ ਸਕੋਲਰਸ ਆਫ਼ ਸਿੱਖ ਹਿਸਟਰੀ, ਰਿਲੀਜਨ ਐਂਡ ਕਲਚਰ, ਡਾ. ਤ੍ਰਿਲੋਚਨ ਸਿੰਘ, ਪੇਜ ੧