Tuesday, 22 December 2020

Sikh Ik Vakhra Dharam part 1

ਸਿੱਖ ਇਕ ਵੱਖਰਾ ਧਰਮ

ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਸ਼ੁਰੂ ਹੋਏ ਇਸ ਧਰਮ ਉਤੇ ਬਹੁਤ ਹਮਲੇ ਹੋਏ । ਪੁਰਾਣੇ ਸਮਿਆਂ ਦੇ ਵਿੱਚ ਇਹ ਸ਼ਰੀਰਕ ਸਨ, ਜਿਸ ਵਿੱਚ ਸਿੱਖਾਂ ਨੂੰ ਉਨ੍ਹਾਂ ਦੇ ਧਰਮ ਕਰਕੇ ਮਾਰਿਆ ਜਾਂਦਾ ਸੀ । ਮੁਗ਼ਲਾਂ ਦੀਆਂ ਕੀਤੀਆਂ ਹੋਈਆਂ ਜ਼ਿਆਦਤੀਆਂ ਕੋਈ ਲੁਕੀਆਂ ਹੋਈਆਂ ਨਹੀਂ ਹਨ । ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਜਾਂਦਾ ਰਿਹਾ ਹੈ । ਸਮਾਂ ਤਾਂ ਅਜਿਹਾ ਵੀ ਆ ਗਿਆ ਸੀ ਕਿ ਸਿੱਖਾਂ ਨੂੰ ਜੰਗਲਾਂ ਵਿੱਚ ਜਾਣਾ ਪਿਆ । ਸਿੱਖਾਂ ਦੇ ਸਿਰਾਂ ਦੇ ਮੁੱਲ ਵੀ ਪੈਂਦੇ ਰਹੇ । ਉਹ ਸਮਾਂ ਵੀ ਬੀਤ ਗਿਆ ਤੇ ਸਿੱਖਾਂ ਨੇ ਆਪਣੀ ਹੋਂਦ ਬਰਕਰਾਰ ਰੱਖੀ । ਪਰ ਪਿਛਲੇ ਡੇਢ ਕੁ ਸੌ ਸਾਲਾਂ ਤੋਂ ਇਸ ਵਿੱਚ ਕੁਝ ਬਦਲਾਅ ਆਇਆ ਹੈ । ਹੁਣ ਹਮਲੇ ਸਿੱਖਾਂ ਤੇ ਸ਼ਰੀਰਕ ਨਾ ਹੋ ਕਰਕੇ ਸਿਧਾਂਤਕ ਹਨ ।

ਇਨ੍ਹਾਂ ਹਮਲਿਆਂ ਦਾ ਸਿੱਖਾਂ ਦੇ ਮਨਾਂ ਤੇ ਬਹੁਤ ਗਹਿਰਾ ਅਸਰ ਹੋਇਆ ਹੈ । ਇਹ ਨਾ ਸਿਰਫ਼ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੇ ਨੇ ਬਲਕਿ ਕੁਝ ਸਿੱਖਾਂ ਦੇ ਮਨਾਂ ਵਿੱਚ ਇਹ ਗੱਲਾਂ ਘਰ ਕਰ ਗਈਆਂ ਹਨ । ਇਹ ਪਿਛਲੀ ਸਦੀ ਦਾ ਬਹੁਤ ਹੀ ਭਿਆਨਕ ਹਮਲਾ ਹੈ । ਹੁਣ ਦੇ ਸਮੇ ਦੇ ਵਿਚ ਇੰਨੀਆਂ ਕੁ ਕਿਤਾਬਾਂ ਅਤੇ ਵੈੱਬਸਾਈਟਸ ਬਣ ਚੁੱਕੀਆਂ ਨੇ ਕਿ ਹਰ ਇਕ ਦਿਸ਼ਾ ਦੇ ਵਿਚ ਸਿੱਖ-ਵਿਰੋਧੀ ਸੰਸਥਾਵਾਂ ਕੰਮ ਕਰ ਰਹੀਆਂ ਨੇ ।

ਇਨ੍ਹਾਂ ਵਿਚੋਂ ਹੀ ਇਕ ਹਮਲਾ ਸਿੱਖਾਂ ਨੂੰ ਹਿੰਦੂ ਸਾਬਤ ਕਰਨਾ ਹੈ । ਇਸ ਲੇਖ ਵਿਚ ਆਪਾਂ ਇਸ ਬਾਰੇ ਹੀ ਗੱਲ ਕਰਾਂਗੇ ਕਿ ਸਿੱਖ-ਵਿਰੋਧੀ ਲੋਕ ਗ਼ਲਤ ਕਿਉਂ ਹਨ ਅਤੇ ਇਸ ਪਿੱਛੇ ਕੀ ਕਾਰਨ ਕੰਮ ਕਰਦੇ ਹਨ ।

 

ਵਖਰਾਪਣ ਬਹੁਤ ਪਹਿਲਾਂ ਤੋਂ ਹੈ

ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦੀ ਕਹਾਣੀ ਸ਼ਾਇਦ ਸਿੰਘ ਸਭਾ ਵੇਲੇ ਤੋਂ ਸ਼ੁਰੂ ਹੋਈ ਹੋਈ ਹੋਵੇ । ਪਰ ਵਖਰਾਪਣ ਬਹੁਤ ਪਹਿਲਾਂ ਤੋਂ ਹੈ । ਇਸ ਨੂੰ ਝੁਠਲਾਉਣ ਦੇ ਲਈ ਉਹ ਹੇਠ ਲਿਖੀਆਂ ਦਲੀਲਾਂ ਦਿੰਦੇ ਹਨ ।

1.    ਸਿੱਖਾਂ ਦੀ ਵੱਖਰੀ ਹੋਂਦ ਖ਼ਾਲਸਾ ਪੰਥ ਸਾਜਣ ਤੋਂ ਬਾਅਦ ਦੀ ਹੈ

2.    ਇਹ ਸਿੰਘ ਸਭਾ ਲਹਿਰ ਦੇ ਸਿੰਘਾਂ ਨੇ ਪਰਚਾਰਿਆ

3.    ਇਹ ਅੰਗਰੇਜ਼ਾਂ ਵਲੋਂ ਸ਼ੁਰੂ ਕੀਤਾ ਗਿਆ

4.    ਇਸ ਵਿਚ ਖ਼ਾਲਿਸਤਾਨੀਆਂ ਤੇ ਭਿੰਡਰਾਂਵਾਲੇ ਸੰਤਾਂ ਦਾ ਹੱਥ ਸੀ

ਇਹ ਸਾਰੇ ਅਲੱਗ-ਅਲੱਗ ਰੂਪਾਂ ਦੇ ਵਿਚ ਜਾਂ ਕਹਿ ਲਵੋ ਕਿ ਅਲੱਗ-ਅਲੱਗ ਥਾਈਂ ਵਰਤੀਆਂ ਜਾਣ ਵਾਲੀਆਂ ਆਮ ਦਲੀਲਾਂ ਹਨ । ਉਹ ਹਜੇ ਤੱਕ ਇਸ ਸਿੱਟੇ ਤੇ ਵੀ ਨਹੀਂ ਪਹੁੰਚ ਸਕੇ ਕਿ ਕਿਹੜੀ ਦਲੀਲ ਦਾ ਜ਼ਿਆਦਾ ਪ੍ਰਚਾਰ ਕਰੀਏ । ਤੇ ਇਕ ਬੰਦਾ ਇਕ ਤੋਂ ਵੱਧ ਦਲੀਲਾਂ ਵਰਤਦਾ ਹੈ । ਇਹ ਉਨ੍ਹਾਂ ਦੀ ਮਜ਼ਬੂਰੀ ਬਣ ਗਈ ਹੈ ਕਿ ਉਹ ਇਸ ਤਰ੍ਹਾਂ ਦੇ ਬਿਆਨ ਦੇਣ । ਜਿਨ੍ਹਾਂ ਲੋਕਾਂ ਨੇ ਵੀ ਸਿੱਖਾਂ ਦਾ ਇਤਿਹਾਸ ਪੜ੍ਹਿਆ ਹੈ ਉਨ੍ਹਾਂ ਨੂੰ ਇਹ ਪਤਾ ਹੈ ਕਿ ਸਿੱਖਾਂ ਦੀ ਨਿਆਰੀ ਹੋਂਦ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਹੈ । ਪਰ ਕਈ ਅਜਿਹੇ ਲੋਕ ਆਮ ਮਿਲ ਜਾਂਦੇ ਨੇ ਜੋ ਵਿਗਿਆਨਕ ਢੰਗ ਜਾਂ ਛਾਣ-ਬੀਣ ਦੇ ਨਾਂ ਹੇਠ ਘਟੀਆ ਪੱਧਰ ਦੀਆਂ ਕਿਤਾਬਾਂ ਲਿਖਦੇ ਹਨ ਤਾਂ ਜੋ ਸਿੱਖਾਂ ਵਿਚਕਾਰ ਜਾਂ ਸਿੱਖ-ਗੁਰੂਆਂ ਵਿਚ ਭਿੰਨਤਾ ਬਿਆਨ ਕੀਤੀ ਜਾ ਸਕੇ[1]

 

ਖਾਲਸਾ ਪੰਥ ਅਤੇ ਸਿੱਖੀ

ਕਈ ਲੋਕ ਜੋ ਸਿੱਖਾਂ ਨੂੰ ਹਿੰਦੂ ਬਣਾਉਣ ਦੇ ਚਾਹਵਾਨ ਹਨ, ਉਹ ਇਹ ਕਹਿੰਦੇ ਹਨ ਕਿ ਖਾਲਸਾ ਤੀਸਰ ਪੰਥ ਖਾਲਸਾ ਸਾਜਣ ਤੋਂ ਬਾਅਦ ਦਾ ਹੈ । ਇਹ ਕਹਿਣ ਨਾਲ ਉਨ੍ਹਾਂ ਦੇ ਦੋ ਮਸਲੇ ਹੱਲ ਹੋ ਜਾਂਦੇ ਹਨ ।

1.    ਜੇ ਸਿੱਖਾਂ ਨੂੰ ਮਨਾਂ ਲਿਆ ਜਾਵੇ ਕਿ ਖਾਲਸਾ ਤੀਜਾ ਹੈ ਤਾਂ ਇਹ ਗੱਲ ਸਾਬਤ ਕਰਨੀ ਸੌਖੀ ਹੋ ਜਾਵੇਗੀ ਕਿ ਸਿੱਖ ਹਿੰਦੂ ਸਨ ਖਾਲਸਾ ਪੰਥ ਤੋਂ ਪਹਿਲਾਂ ।

2.    ਜੇ ਸਿੱਖਾਂ ਨੂੰ ਹਿੰਦੂ ਸਾਬਤ ਕਰ ਦਿੱਤਾ ਤਾਂ ਪਹਿਲੇ ਗੁਰੂਆਂ ਨੂੰ ਹਿੰਦੂ ਸਾਬਤ ਕਰਨਾ ਵੀ ਸੌਖਾ ਹੋ ਜਾਵੇਗਾ ਕਿਉਂਕਿ ਇਹ ਆਮ ਹੀ ਪ੍ਰਚਲਿਤ ਕਰ ਦਿੱਤਾ ਗਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪਹਿਲਾਂ ਨਾ ਗੋਬਿੰਦ ਰਾਇ ਸੀ, ਭਾਵ ਇਹ ਕਿ ਉਹ ਹਿੰਦੂ ਸਨ, ਅੰਮ੍ਰਿਤ ਛੱਕ ਕੇ ਉਹ ਖਾਲਸਾ ਬਣੇ । ਸੋ ਜੇ ਪਹਿਲੇ ਗੁਰੂਆਂ ਨੇ ਅੰਮ੍ਰਿਤ ਨਹੀਂ ਛਕਿਆ ਤਾਂ ਫਿਰ ਉਹ ਹਿੰਦੂ ਹੀ ਸਨ ।

ਇਨ੍ਹਾਂ ਦੋ ਮੁੱਦਿਆਂ ਤੇ ਹੀ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦੀਆਂ ਕਈ ਦਲੀਲਾਂ ਖੜ੍ਹੀਆਂ ਹਨ ।

ਇਹ ਗੱਲ ਇਤਿਹਾਸਕ ਸੱਚਾਈ ਹੈ ਕਿ ਸਿੱਖ ਧਰਮ ਹਿੰਦੂ ਧਰਮ ਨਾਲੋਂ ਵੱਖਰਾ ਹੈ ਇਹ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਦਿੱਖਣ ਲੱਗ ਗਿਆ ਸੀ । ਤੇ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਸਾਜਣ ਤੋਂ ਪਹਿਲਾਂ ਵੀ ਲਿਖਤੀ ਸਬੂਤ ਮਿਲਦੇ ਨੇ ਕਿ ਗੁਰੂ ਨਾਨਕ ਦੇਵ ਜੀ ਨੇ ਇਹ ਨਵਾਂ ਧਰਮ ਚਲਾਇਆ । ਆਉ ਇਸ ਵੱਲ ਝਾਤ ਮਾਰੀਏ ।

1.    ਨਾ ਹਮ ਹਿੰਦੂ ਨ ਮੁਸਲਮਾਨ ।। - ਗੁਰੂ ਗ੍ਰੰਥ ਸਾਹਿਬ ਜੀ, ਅੰਗ 1136

ਕਈ ਲੋਕ ਇਸ ਸਤਰ ਦਾ ਹਵਾਲਾ ਦੇ ਕੇ ਕਹਿੰਦੇ ਹਨ ਕਿ ਇਹ ਭਗਤ ਕਬੀਰ ਜੀ ਦੀ ਬਾਣੀ ਹੈ । ਚਲੋ ਮੰਨ ਲਿਆ ਕਿ ਇਹ ਭਗਤ ਕਬੀਰ ਜੀ ਦੀ ਬਾਣੀ ਹੈ, ਫੇਰ ? ਕੀ ਇਸਨੂੰ ਬਾਣੀ ਕਹਿਣਾ ਬੰਦ ਕਰ ਦਈਏ ? ਜੇ ਇਹ ਭਗਤ ਕਬੀਰ ਜੀ ਦੀ ਹੀ ਹੈ ਤੇ ਗੁਰੂ ਸਾਹਿਬ ਇਸ ਨਾਲ ਸਹਿਮਤ ਨਹੀਂ ਸਨ, ਫਿਰ ਇਸਨੂੰ ਪ੍ਰਵਾਨ ਕਿਉਂ ਕੀਤਾ ?

ਇਹ ਲੋਕ ਇੰਨੇ ਚਲਾਕ ਨੇ ਕਿ ਸੂਰਜ ਪ੍ਰਕਾਸ਼ ਵਿਚੋਂ ਜਿੰਨੀਆਂ ਵੀ ਗੁਰਮਤਿ ਵਿਰੋਧੀ ਸਾਖੀਆਂ ਹਨ ਉਹ ਚੁਕ ਕੇ ਸਿੱਖੀ ਤੇ ਹਮਲਾ ਕਰਦੇ ਹਨ । ਇਸ ਵਿਚੋਂ ਹੀ ਉਹ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਨਾਲ ਸੰਬੰਧਿਤ ਸਾਖੀ ਲੈਂਦੇ ਨੇ ਕਿ ਗੁਰੂ ਸਾਹਿਬ ਨੇ ਕਿਹਾ ਕਿ ਉਹ ਹਿੰਦੂ ਹਨ । ਜੇ ਇਹ ਮੰਨ ਲਿਆ ਜਾਵੇ ਕਿ ਗੁਰੂ ਸਾਹਿਬ ਨੇ ਇਹ ਕਿਹਾ ਸੀ ਤੇ ਸਿੱਖ-ਗੁਰੂ ਹਿੰਦੂ ਸਨ, ਤਾਂ ਫਿਰ ਗੁਰੂ ਅਰਜਨ ਦੇਵ ਜੀ ਨੇ ਇਹ ਸਤਰ ਕਿਉਂ ਲਿਖੀ ? ਕੀ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਹਿੰਦੂ ਸਨ ? ਜੇ ਇਹ ਵੀ ਮੰਨ ਲਿਆ ਜਾਵੇ ਕਿ ਪੂਰੇ ਸ਼ਬਦ ਦੇ ਅਨੁਸਾਰ ਅਰਥ ਕਰਨੇ ਨੇ, ਤਾਂ ਵਰਤ ਤੇ ਤੀਰਥਾਂ ਦੀ ਮਨਾਹੀ ਤਾਂ ਹੋ ਹੀ ਗਈ ਸੀ ਸ਼ਬਦ ਦੇ ਵਿਚ, ਫਿਰ ਕੀ ਲੋੜ ਪੈ ਗਈ ਸੀ ਅਲੱਗ ਤਰੀਕੇ ਨਾਲ ਕਹਿਣ ਦੀ ਕਿ ਉਹ ਹਿੰਦੂ ਤੇ ਮੁਸਲਮਾਨ ਨਹੀਂ ਹਨ ? ਜੇ ਇਹ ਭਗਤ ਕਬੀਰ ਜੀ ਦੀ ਬਾਣੀ ਹੈ ਤਾਂ ਇਹ ਮਹਲਾ 5 ਨਾਲ ਕਿਉਂ ਸ਼ੁਰੂ ਹੁੰਦੀ ਹੈ ?

ਜਿਹੜੇ ਪਾਠਕਾਂ ਨੂੰ ਪਤਾ ਨਹੀਂ ਹੈ ਇਸਦਾ, ਉਨ੍ਹਾਂ ਲਈ ਦੱਸ ਦਿੰਦੇ ਹਾਂ ਕਿ ਇਸਨੂੰ ਸਰੋਪਾ ਦੇਣਾ ਕਹਿੰਦੇ ਹਨ । ਇਹ ਤਾਂ ਕੀਤਾ ਜਾਂਦਾ ਹੈ ਤਾਂ ਜੋ ਗੁਰੂਆਂ ਦੀ ਬਾਣੀ ਤੇ ਹੋਰਾਂ ਦੀ ਬਾਣੀ ਵੱਖਰੀ-ਵੱਖਰੀ ਕਰਕੇ ਨਾ ਦੇਖੀ ਜਾਵੇ, ਅਤੇ ਅਭੇਦਤਾ ਦਾ ਨਿਸ਼ਾਨ ਦਿੱਤਾ ਜਾਵੇ । ਕੁਝ ਸਮਾਂ ਪਹਿਲਾਂ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਭਗਤ ਬਾਣੀ ਨਹੀਂ ਹੋਣੀ ਚਾਹੀਦੀ ਗੁਰੂ ਗ੍ਰੰਥ ਸਾਹਿਬ ਵਿਚ, ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਗੁਰੂ ਸਾਹਿਬ ਅਭੇਦਤਾ ਤਾਂ ਕਈ ਸਦੀਆਂ ਪਹਿਲਾਂ ਹੀ ਦਰਸਾ ਗਏ ਹਨ ।

2.    ਸੂਈ ਸੀਵੈ ਜੋੜਿਕੈ ਵਿਛੁੜਿਆਂ ਕਰਿ ਮੇਲਿ ਮਿਲਾਣਾ ।

ਸਾਹਿਬ ਇਕੋ ਰਾਹਿ ਦੁਇ ਜਗ ਵਿਚਿ ਹਿੰਦੂ ਮੁਸਲਮਾਣਾ ।

ਗੁਰ ਸਿਖੀ ਪਰਧਾਨ ਹੈ ਪੀਰ ਮੁਰੀਦੀ ਹੈ ਪਰਵਾਣਾ । - ਭਾਈ ਗੁਰਦਾਸ ਜੀ, ਵਾਰ 33ਵੀਂ, ਪਉੜੀ 4

ਭਾਵ ਕਿ ਹਿੰਦੂ ਮੁਸਲਮਾਨ ਦੁਬਿਧਾ ਦੀ ਕੈਂਚੀ ਨਾਲ ਲੀਰੋ-ਲੀਰ ਹੋਏ ਪਏ ਨੇ, ਪਰ ਸਿੱਖੀ ਸੂਈ ਦੀ ਤਰ੍ਹਾਂ ਹੈ ਜੋ ਜੋੜਦੀ ਹੈ ।

3.    ਮਾਰਿਆ ਸਿਕਾ ਜਗਤ੍ਰਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ । - ਵਾਰਾਂ ਭਾਈ ਗੁਰਦਾਸ, ਵਾਰ ਪਹਿਲੀ, ਪਉੜੀ 45ਵੀਂ

4.    ਤਾਂ ਗੁਰੂ ਨਾਨਕ ਬੋਲਿਆ: -

ਨਾ ਹਮ ਹਿੰਦੂ ਨ ਮੁਸਲਮਾਨ । ਨ ਬੇਦ ਪੜਿਆ ਨ ਪੜੇ ਕੁਰਾਨ । - ਜਨਮ ਸਾਖੀ ਪਰੰਪਰਾ ਇਤਿਹਾਸਕ ਦ੍ਰਿਸ਼ਟੀਕੋਣ ਤੋਂ, ਕਿਰਪਾਲ ਸਿੰਘ, ਪੇਜ 344, ਭਾਈ ਬਾਲਾ ਜਨਮਸਾਖੀ ਵਿਚੋਂ

5.    (ਗੁਰੂ) ਨਾਨਕ (ਦੇਵ ਜੀ) ਨੂੰ ਮੰਨਣ ਵਾਲੇ ਤਸਵੀਰਾਂ ਨੂੰ ਪਸੰਦ ਨਹੀਂ ਕਰਦੇ ।  ਉਹ ਇਹ ਮੰਨਦੇ ਹਨ ਕਿ ਸਾਰੇ ਗੁਰੂ ਹੀ ਨਾਨਕ ਹਨ, ਜਿਵੇਂ ਕਿ ਪਹਿਲਾਂ ਦੱਸਿਆ ਜਾ ਚੁਕਾ ਹੈ । ਉਹ ਹਿੰਦੂਆਂ ਦੇ ਮੰਤਰ ਨਹੀਂ ਜਪਦੇ, ਤੇ ਨਾ ਹੀ ਉਨ੍ਹਾਂ ਦੇ ਮੰਦਰਾਂ ਨੂੰ ਪੂਜਦੇ ਹਨ । ਉਹ ਅਵਤਾਰਾਂ ਨੂੰ ਕੁਝ ਵੀ ਨਹੀਂ ਜਾਣਦੇ । ਉਨ੍ਹਾਂ ਦਾ ਸੰਸਕ੍ਰਿਤ ਨਾਲ ਕੋਈ ਲਗਾਵ ਨਹੀਂ ਹੈ, ਜੋ ਹਿੰਦੂ ਦੇਵਤਿਆਂ ਦੀ ਭਾਸ਼ਾ ਕਹਿੰਦੇ ਹਨ । - ਸੀਖ ਹਿਸਟਰੀ ਫ਼ਰੌਮ ਪਰਸ਼ਿਅਨ ਸੋਰਸਿਸ, ਸੰਪਾਦਨਾ ਜੇ. ਐਸ. ਗਰੇਵਾਲ ਅਤੇ ਇਰਫ਼ਾਨ ਹਬੀਬ, ਪੇਜ 66, ਦਬਿਸਤਾਨ-ਏ-ਮਜ਼ਹਬ ਵਿਚੋਂ

ਇਹ ਸਾਰੀਆਂ ਲਿਖਤਾਂ ਖਾਲਸਾ ਸਾਜਣ ਤੋਂ ਪਹਿਲਾਂ ਦੀਆਂ ਹਨ । ਖਾਲਸਾ ਸਾਜਣ ਤੋਂ ਬਾਅਦ ਦੀਆਂ ਵੀ ਕਈ ਲਿਖਤਾਂ ਹਨ ਜੋ ਦੇਖੀਆਂ ਜਾ ਸਕਦੀਆਂ ਹਨ । ਮੈਂ ਸਮਝਦਾ ਹਾਂ ਕਿ ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਕਬਿੱਤ ਇਸਨੂੰ ਸਮਝਣ ਦੇ ਵਿਚ ਕਾਫ਼ੀ ਸਹਾਈ ਹੋ ਸਕਦੇ ਹਨ । ਹੁਣ ਦੇ ਔਖੇ ਸਮੇਂ ਦੇ ਵਿਚ ਤਾਂ ਲੋਕਾਂ ਨੇ ਭਾਈ ਗੁਰਦਾਸ ਜੀ ਦੀ ਰਚਨਾ ਨੂੰ ਵੀ ਨਿੰਦਣਾ ਸ਼ੁਰੂ ਕਰ ਦਿੱਤਾ ਹੈ । ਇਸਦੇ ਦੋ ਕਾਰਣ ਹਨ । ਪਹਿਲਾਂ ਇਹ ਕਿ ਭਾਈ ਗੁਰਦਾਸ ਜੀ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੂੰ ਅਕਾਲ ਰੂਪ ਮੰਨਦੀ ਹੈ, ਤੇ ਜੋ ਲੋਕ ਗੁਰੂ ਸਾਹਿਬ ਨੂੰ ਇਕ ਆਮ ਜਿਹਾ ਇਨਸਾਨ ਦੇਖਣਾ ਚਾਹੁੰਦੇ ਹਨ ਉਨ੍ਹਾਂ ਲਈ ਇਹ ਇਕ ਮੁਸ਼ਕਲ ਬਣ ਜਾਂਦੀ ਹੈ ਸੋ ਉਹ ਇਹ ਨਕਾਰ ਦਿੰਦੇ ਹਨ । ਦੂਜੇ ਤੇ ਭਾਈ ਗੁਰਦਾਸ ਜੀ ਨੇ ਸਿੱਖੀ ਹੈ ਕੀ ਉਸਨੂੰ ਬਹੁਤ ਖੋਲ੍ਹ ਕੇ ਲਿਖਿਆ ਹੈ, ਜਿਸਨੂੰ ਪੜ੍ਹ ਕੇ ਕੋਈ ਸ਼ੰਕਾ ਨਹੀਂ ਰਹਿ ਜਾਂਦਾ ਕਿ ਸਿੱਖੀ ਇਕ ਅਲੱਗ ਮਾਰਗ ਹੈ । ਸੋ ਜੋ ਸਿੱਖਾਂ ਨੂੰ ਹਿੰਦੂ ਸਾਬਤ ਕਰਨਾ ਚਾਹੁੰਦੇ ਹਨ ਉਨ੍ਹਾਂ ਲਈ ਇਹ ਦੂਜੀ ਮੁਸ਼ਕਲ ਬਣ ਜਾਂਦੀ ਹੈ ।

ਇਕ ਰੁਝਾਨ ਜੋ ਕਈ ਵਿਦੇਸ਼ੀ ਲੇਖਕਾਂ[2] ਵਿਚ ਦੇਖਣ ਨੂੰ ਮਿਲਿਆ ਹੈ ਉਹ ਇਹ ਕਿ ਜੋ ਵੀ ਕਿਤਾਬਾਂ ਖਾਲਸਾ ਸਾਜਣ ਤੋਂ ਬਾਅਦ ਦੀਆਂ ਹਨ ਉਹ ਇਹ ਕਹਿ ਕੇ ਨਕਾਰ ਦਿੰਦੇ ਨੇ ਕਿ ਇਸ ਤੇ ਖਾਲਸਾ ਰਹਿਣੀ ਦਾ ਪ੍ਰਭਾਵ ਹੈ । ਮੈਂ ਇਸ ਨਾਲ ਬਿਲਕੁਲ ਵੀ ਸਹਿਮਤ ਨਹੀਂ ਹਾਂ । ਤੁਸੀਂ ਸਿਰਫ਼ ਇਕ ਰਚਨਾ ਨੂੰ ਇਸ ਲਈ ਨਹੀਂ ਨਕਾਰ ਸਕਦੇ ਕਿਉਂਕਿ ਉਹ ਇਕ ਖ਼ਾਸ ਸਮੇਂ ਤੋਂ ਬਾਅਦ ਲਿਖੀ ਗਈ ਹੈ । ਜੇਕਰ ਪ੍ਰੋੜਤਾ ਦੇ ਲਈ ਕੋਈ ਅਜਿਹੀ ਲਿਖਤ ਮੋਜੂਦ ਹੈ ਜੋ ਇਹ ਦਰਸਾਉਂਦੀ ਹੈ ਕਿ ਇਸ ਤੇ ਖਾਲਸਾ ਰਹਿਣੀ ਦਾ ਪ੍ਰਭਾਵ ਹੈ ਤਾਂ ਗੱਲ ਹੋ ਸਕਦੀ ਹੈ, ਜੇਕਰ ਬਿਨਾਂ ਕਿਸੇ ਲਿਖਤ ਤੇ ਹੀ ਗੱਲ ਹੋ ਰਹੀ ਹੈ ਤਾਂ ਫਿਰ ਇਹ ਮੂਰਖ਼ਤਾ ਹੈ । ਦੂਜੀ ਤਰਫ਼, ਜਿਸ ਰਚਨਾ ਤੇ ਬਾਹਮਣਵਾਦ ਦਾ ਪ੍ਰਭਾਵ ਹੈ ਉਸਨੂੰ ਅੱਖਾਂ ਬੰਦ ਕਰਕੇ ਮੰਨ ਲਿਆ ਜਾਂਦਾ ਹੈ । ਪਹਿਲੇ ਵਿਚ ਨਾ-ਪੱਖੀ ਰਵਈਆ ਹੈ ਤੇ ਦੂਜੇ ਵਿਚ ਹਾਂ-ਪੱਖੀ । ਸਿੱਖ ਦੋਨੇ ਤਰ੍ਹਾਂ ਦੀ ਜਾਂਚ ਨਾਲ ਸਹਿਮਤ ਨਹੀਂ ਹਨ ।

1.    ਜੇਕਰ ਇਹ ਮੰਨ ਲਿਆ ਜਾਵੇ ਕਿ ਖਾਲਸਾ ਰਹਿਣੀ ਦਾ ਪ੍ਰਭਾਵ ਹੈ ਬਾਅਦ ਦੀਆਂ ਕਿਤਾਬਾਂ ਤੇ ਤਾਂ ਸੂਰਜ ਪ੍ਰਕਾਸ਼, ਮਹਿਮਾ ਪ੍ਰਕਾਸ਼, ਬੰਸਾਵਲੀਨਾਮਾ, ਇਤਿਆਦਿ, ਜੋ ਗ੍ਰੰਥ ਨੇ ਉਨ੍ਹਾਂ ਵਿਚ ਗੁਰਮਤਿ ਵਿਰੋਧੀ ਸਾਖੀਆਂ ਕਿਉਂ ਹਨ ? ਮੇਰਾ ਇਹ ਵਿਚਾਰ ਨਹੀਂ ਹੈ ਕਿ ਖਾਲਸਾ ਸਾਜਣ ਤੋਂ ਪਹਿਲਾਂ ਦੀਆਂ ਕਿਤਾਬਾਂ ਵਿਚ ਗੁਰਮਤਿ ਵਿਰੋਧੀ ਸਾਖੀਆਂ ਹੋਣੀਆਂ ਲਾਜ਼ਮੀ ਹਨ । ਮੈਂ ਇਹ ਉਸ ਦ੍ਰਿਸ਼ਟੀਕੋਣ ਤੋਂ ਕਹਿ ਰਿਹਾ ਹੈ ਜਿਸ ਵਿਚ ਕੁਝ ਪ੍ਰੋਫੈਛੜ ਛਾਬ ਕਹਿੰਦੇ ਨੇ ਕਿ ਖਾਲਸਾ ਧਰਮ ਵੱਖਰਾ ਹੈ, ਨਾ ਕਿ ਸਿੱਖ ਧਰਮ – ਭਾਵ ਕਿ ਖਾਲਸਾ ਸਾਜਣ ਤੋਂ ਪਹਿਲਾਂ ਦਾ ਧਰਮ । ਹਾਲਾਂਕਿ ਸਿੱਖ ਧਰਮ ਤੇ ਖਾਲਸਾ ਧਰਮ ਅਲੱਗ-ਅਲੱਗ ਨਹੀਂ ਹਨ । ਇਸਦੀ ਵਿਚਾਰ ਆਪਾਂ ਸਹਿਜਧਾਰੀ ਤੇ ਅੰਮ੍ਰਿਤਧਾਰੀ ਦੇ ਸਿਰਲੇਖ ਹੇਠ ਕਰਾਂਗੇ ।

2.    ਦੂਜੀ ਮੂਰਖ਼ਤਾ ਭਰੀ ਗੱਲ ਇਹ ਹੈ ਕਿ ਇਹ ਇਨ੍ਹਾਂ ਇਤਿਹਾਸਕ ਗ੍ਰੰਥਾਂ ਨੂੰ ਪਰੰਪਰਾ (tradition) ਦਾ ਨਾਂ ਦੇਂਦੇ ਨੇ ਅਤੇ ਇਤਿਹਾਸ ਮੰਨਣ ਤੋਂ ਇਨਕਾਰੀ ਨੇ । ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬਹੁਤ ਬਾਅਦ ਦੇ ਵਿਚ ਲਿਖੇ ਗਏ । ਸੋ ਜੇਕਰ ਇਹ ਉਸ ਸਮੇਂ ਦੇ ਵਿਚ ਵੀ ਲਿਖੇ ਗਏ ਹੁੰਦੇ ਤਾਂ ਇਹ ਕਿਸ ਤਰ੍ਹਾਂ ਸਿੱਧ ਕੀਤਾ ਜਾ ਸਕਦਾ ਸੀ ਕਿ ਇਹ ਉਵੇਂ ਹੀ ਹੋਇਆ ਸੀ ਜਿਵੇਂ ਲਿਖਿਆ ਗਿਆ ਹੈ ? ਇਸ ਤਰ੍ਹਾਂ ਦਾ ਅਧਾਰ ਕਿਸੇ ਪਾਸੇ ਨਹੀਂ ਛੱਡਦਾ । ਇੱਦਾਂ ਵੀ ਤਾਂ ਹੋ ਸਕਦਾ ਹੈ ਕਿ ਕਿਸੇ ਨੇ ਉਸ ਸਮੇਂ ਦੇ ਵਿਚ ਜਾਣਬੁਝ ਕੇ ਕੁਝ ਲਿਖਤਾ ਹੋਵੇ, ਜਾਂ ਉਸਨੂੰ ਪੂਰੀ ਜਾਣਕਾਰੀ ਨਾ ਹੋਵੇ । ਇਹ ਕੋਈ ਪੈਮਾਨਾ ਨਹੀਂ ਹੈ ਕਿਸੇ ਚੀਜ਼ ਨੂੰ ਰੱਦ ਕਰਨ ਦਾ ।

3.    ਦੂਜੇ ਪਾਸੇ ਕਹਿੰਦੇ ਕਿ ਸਿੱਖ-ਗੁਰੂਆਂ[3] ਨੇ ਅਤੇ ਆਪਣੇ ਬੱਚਿਆਂ[4] ਦਾ ਆਪਣੀ ਜਾਤੀ ਵਿਚ ਹੀ ਵਿਆਹ ਕਰਵਾਇਆ । ਜਦੋਂ ਗੁਰੂਆਂ ਨੂੰ ਅਲੱਗ-ਅਲੱਗ ਦਿਖਾਉਣਾ ਫਿਰ ਕਹਿ ਦੇਣਾ ਕਿ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਬਉਲੀ ਦੀ ਖੁਦਵਾਈ ਕਰਵਾ ਕੇ ਗੁਰੂ ਨਾਨਕ ਦੇਵ ਜੀ ਦੇ ਅਸੂਲਾਂ ਦੇ ਵਿਰੁੱਧ ਕੰਮ ਕੀਤਾ । ਕੀ ਇਸਦਾ ਇਨ੍ਹਾਂ ਕੋਲ ਕੋਈ ਸਬੂਤ ਹੈ ਉਸੇ ਸਦੀ ਦਾ, ਉਸੇ ਸਮੇਂ ਦਾ ਜੋ ਇਸਦੀ ਪ੍ਰੋੜਤਾ ਕਰਦਾ ਹੋਵੇ ? ਜਾਂ ਇਹ ਪਰੰਪਰਾ ਦੇ ਅਨੁਸਾਰ ਤੱਥ ਮੰਨੇ ਗਏ ਨੇ ? ਜੇਕਰ ਅਜਿਹੀਆਂ ਗੱਲਾਂ ਨੂੰ ਪਰੰਪਰਾ ਦੇ ਅਨੁਸਾਰ ਤੱਥ ਅਤੇ ਸਹੀ ਮੰਨ ਲਿਆ ਜਾਂਦਾ ਹੈ ਤਾਂ ਕੀ ਕਾਰਣ ਹੈ ਕਿ ਇਹ ਲੋਕ ਬਾਕੀ ਗੱਲਾਂ ਨਕਾਰ ਜਾਂਦੇ ਨੇ ? ਇਤਿਹਾਸ ਕੋਈ ਤੁਹਾਡੇ ਮੰਨ ਵਿਚੋਂ ਉੱਠੀ ਕੋਈ ਤਰੰਗ ਦੀ ਤਰ੍ਹਾਂ ਨਹੀਂ ਹੈ ਕਿ ਅੱਕੜ-ਬੱਕੜ-ਭੰਬੇ-ਭੋ ਕਰਕੇ ਕੁਝ ਵੀ ਮੰਨ ਲੈਣਾ ਜਾਂ ਕੁਝ ਵੀ ਨਕਾਰ ਦੇਣਾ ।

 

ਸਹਿਜਧਾਰੀ ਤੇ ਅੰਮ੍ਰਿਤਧਾਰੀ: ਸਹਿਜਧਾਰੀ ਤੇ ਅੰਮ੍ਰਿਤਧਾਰੀ ਦੀ ਪਰਿਭਾਸ਼ਾ ਬਹੁਤ ਸਰਲ ਜੀ ਹੈ । ਸਹਿਜਧਾਰੀ ਉਹ ਹੈ ਜੋ ਸਹਿਜੇ-ਸਹਿਜੇ ਖਾਲਸਾ ਬਣਨ ਵੱਲ ਜਾ ਰਿਹਾ ਹੈ । ਅੰਮ੍ਰਿਤਧਾਰੀ ਉਹ ਹੈ ਜੋ ਖਾਲਸਾ ਜੀਵਣ ਦਾ ਧਾਰਨੀ ਬਣ ਗਿਆ ਹੈ । ਕਿਉਂਕਿ ਇਹ ਇਕਸਾਰਤਾ ਲੈ ਕੈ ਆਉਂਦੇ ਹਨ ਸਿੱਖ ਧਰਮ ਦੇ ਵਿਚ ਇਸ ਲਈ ਪ੍ਰੋਫੈਛੜ ਛਾਬ ਕਹਿੰਦੇ ਹਨ ਕਿ ਸਹਿਜਧਾਰੀ ਨੂੰ ਹੌਲੀ-ਹੌਲੀ ਖਾਲਸਾ ਬਣਨ ਵਾਲਾ ਮੰਨਣਾ ਗ਼ਲਤ ਹੈ ਤੇ ਇਸ ਪਰਿਭਾਸ਼ਾ ਤੇ ਖਾਲਸਾ ਰਹਿਣੀ ਦਾ ਪ੍ਰਭਾਵ ਹੈ[5] । ਚਲੋ ਮੰਨ ਲਿਆ ਕਿ ਮੈਂ ਅਨਪੜ੍ਹ ਹਾਂ ਤੇ ਜਿਵੇਂ ਪ੍ਰੋਫੈਛੜ ਛਾਬ ਕਹਿ ਰਹੇ ਨੇ ਉਵੇਂ ਹੀ ਸਹੀ ਹੈ, ਪਰ ਇਸ ਦਾ ਸਬੂਤ ਕਿਥੇ ਹੈ ? ਜੇ ਇਹ ਲਫ਼ਜ਼ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੈ ਤਾਂ ਕੀ ਇਸਦਾ ਜ਼ਿਕਰ ਜਨਮਸਾਖੀਆਂ ਜਾਂ ਕਿਸੇ ਹੋਰ ਪੁਸਤਕ ਦੇ ਵਿਚ ਹੈ ? ਮੈਕਲੌਡ ਨੇ ਖ਼ੁਦ B40 ਜਨਮਸਾਖੀ ਦਾ ਅਨੁਵਾਦ ਕੀਤਾ ਹੈ ਅੰਗਰੇਜ਼ੀ ਦੇ ਵਿਚ, ਕੀ ਉਸਨੂੰ ਇਹ ਲਫ਼ਜ਼ ਉਥੇ ਮਿਲਿਆ ? ਜਾ ਬਸ ਇਹ ਝੂਠ ਦੀਆਂ ਦਲੀਲਾਂ ਦਾ ਟੋਕਰਾ ਹੈ ?

ਇਹ ਲੋਕ ਜਿੰਨੀਆਂ ਮਰਜ਼ੀ ਕੋਸ਼ਿਸ਼ਾਂ ਕਰ ਲੈਣ, ਜਿੰਨੀਆਂ ਮਰਜ਼ੀ ਨਾ-ਪੱਖੀਆਂ ਦਲੀਲਾਂ ਲੈ ਆਉਣ, ਪਰ ਪੁਰਾਣੇ ਲੇਖਕਾਂ ਦੀਆਂ ਦਲੀਲਾਂ ਨਹੀਂ ਕੱਟ ਸਕਦੇ । ਜੇਕਰ ਸਹਿਜ ਅਵਸਥਾ ਵਾਲਾ ਹੀ ਸਹਿਜਧਾਰੀ ਹੈ ਤਾਂ ਇਹ ਲਫ਼ਜ਼ ਖਾਲਸਾ ਸਾਜਣ ਤੋਂ ਬਾਅਦ ਦੇ ਵਿਚ ਹੋਂਦ ਵਿਚ ਕਿਉਂ ਆਉਂਦਾ ਹੈ ਤੇ ਇਸਦਾ ਜ਼ਿਕਰ ਜਿਥੇ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਕਰ ਹੋਵੇ ਉਨ੍ਹਾਂ ਗ੍ਰੰਥਾਂ ਵਿਚ ਕਿਉਂ ਹੈ ? ਇਨ੍ਹਾਂ ਦਾ ਇਨ੍ਹਾਂ ਕੋਲ ਕੋਈ ਜਵਾਬ ਨਹੀਂ ।

ਕੀ ਸਹਿਜਧਾਰੀ ਲਈ ਅੰਮ੍ਰਿਤਧਾਰੀ ਬਣਨਾ ਲਾਜ਼ਮੀ ਹੈ ?

ਇਹ ਆਮ ਹੀ ਪ੍ਰਚਲਤ ਰਵਾਇਤ ਬਣ ਗਈ ਹੈ ਕਿ ਅੰਮ੍ਰਿਤਧਾਰੀਆਂ ਨੂੰ ਗ਼ਰਮ ਖ਼ਿਆਲੀ ਵਿਚਾਰਾਂ ਵਾਲਾ ਕਹਿਣਾ । ਅਤੇ ਕਈ ਅਜਿਹੇ ਸਹਿਜਧਾਰੀ ਦੇਖੇ ਗਏ ਨੇ ਜੋ ਕਹਿੰਦੇ ਨੇ ਕਿ ਸਭ ਕੁਝ ਅਸੀਂ ਸਹੀ ਕਰਦੇ ਆ ਫਿਰ ਅੰਮ੍ਰਿਤ ਛਕਣ ਦੀ ਕੀ ਲੋੜ ਹੈ । ਮੇਰਾ ਇਹ ਮੰਨਣਾ ਹੈ ਕਿ ਅੰਮ੍ਰਿਤ ਇਸ ਲਈ ਨਹੀਂ ਛਕਿਆ ਜਾਂਦਾ ਕਿ ਅਸੀਂ ਸਹੀ ਕੰਮ ਕਰਦੇ ਹਾਂ ਜਾਂ ਗ਼ਲਤ ਉਹ ਦਰਸਾਉਣਾ ਹੈ । ਇਹ ਗੁਰੂ ਦਾ ਹੁਕਮ ਹੈ । ਨਾਲੇ ਜੇਕਰ ਤੁਸੀਂ ਸਹਿਜਧਾਰੀ ਹੋ ਕੇ ਸਾਰੇ ਕੰਮ ਉਹੀ ਕਰਦੇ ਹੋ ਫਿਰ ਤਾਂ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ । ਨੁਕਸਾਨ ਤਾਂ ਉਨ੍ਹਾਂ ਲੋਕਾਂ ਦਾ ਹੋ ਸਕਦਾ ਹੈ ਜੋ ਗ਼ਲਤ ਕੰਮ ਕਰਦੇ ਨੇ ਤੇ ਸੋਚਦੇ ਨੇ ਕਿ ਅੰਮ੍ਰਿਤ ਛਕ ਕੇ ਉਹ ਕੰਮ ਨਹੀਂ ਹੋਣੇ ।

ਇਹ ਵਿਚਾਰਧਾਰਾ ਦਾ ਇਹ ਸਿੱਟਾ ਹੈ ਕਿ ਯੂਨੀਵਰਸਿਟੀਆਂ ਦੇ ਵਿਚ ਕੰਮ ਕਰਨ ਵਾਲੇ ਪ੍ਰੋਫੈਛੜਾਂ ਨੇ ਸਿੱਖੀ ਵਿਚ ਪਾੜਾ ਪਾਉਣਾ ਸ਼ੁਰੂ ਕਰ ਦਿੱਤਾ ਹੈ । ਉਨ੍ਹਾਂ ਨੇ ਸਿੱਖਾਂ ਨੂੰ ਗੁਰੂ ਨਾਨਕ ਦੇਵ ਜੀ ਦੇ ਸਿੱਖ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਕਹਿਣਾ ਸ਼ੁਰੂ ਕਰ ਦਿੱਤਾ ਹੈ । ਇਹ ਉਨ੍ਹਾਂ ਦੀ ਜੁਰਅਤ ਨਹੀਂ ਸੀ ਕਿ ਉਹ ਇਹ ਕਰ ਪਾਉਂਦੇ ਜੇਕਰ ਆਪਾਂ ਸਮਝ ਜਾਂਦੇ ਇਸ ਨੂੰ । ਜਦੋਂ ਸਿੱਖਾਂ ਵਿਚ ਹੀ ਸਹਿਮਤੀ ਨਹੀਂ ਬਣਦੀ ਤਾਂ ਬਾਹਰਲਾ ਤਾਂ ਉਸਦਾ ਫ਼ਾਇਦਾ ਚੁੱਕੇਗਾ ਹੀ ।

ਜੇਕਰ ਸਹਿਜਧਾਰੀ ਦਾ ਰਸਤਾ ਹੌਲੀ-ਹੌਲੀ ਮੁਕਾਮ ਤੇ ਪਹੁੰਚਣਾ ਹੈ ਤਾਂ ਖਾਲਸਾ ਉਹ ਹੈ ਜੋ ਮੁਕਾਮ ਤੇ ਪਹੁੰਚ ਕ ਅੱਗੇ ਤੁਰ ਗਿਆ ਹੈ । ਖਾਲਸਾ ਆਖ਼ਰੀ ਰੂਪ ਹੈ ਸਿੱਖ ਦਾ । ਇਸਨੂੰ ਗੁਰੂ ਸਾਹਿਬ ਨੇ ਆਪਣਾ ਰੂਪ ਕਿਹਾ ਹੈ । ਇਹ ਸਿਰਫ਼ ਸ਼ਬਦਾਂ ਤੱਕ ਹੀ ਸੀਮਤ ਨਹੀਂ ਹੈ ਬਲਕਿ ਇਸਨੂੰ ਅਧਿਕਾਰ ਵੀ ਦਿੱਤੇ ਨੇ ਕਿ ਤੁਸੀਂ ਅੱਗੇ ਹੋਰ ਸਿੱਖ ਬਣਾ ਸਕਦੇ ਹੋ । ਜਿਵੇਂ ਪਹਿਲਾਂ ਚਰਣ ਪਹੁਲ ਦਾ ਰਿਵਾਜ ਸੀ, ਉਹ ਬਾਅਦ ਵਿਚ ਖੰਡੇ ਦਾ ਰੂਪ ਧਾਰ ਗਿਆ । ਚਰਣ-ਪਹੁਲ ਸਿਰਫ਼ ਗੁਰੂ ਹੀ ਦੇ ਸਕਦੇ ਸੀ, ਪਰ ਖੰਡੇ ਦੀ ਪਾਹੁਲ ਖਾਲਸਾ ਦੇਣ ਦਾ ਅਧਿਕਾਰੀ ਹੈ ।

ਗੁਰੂ ਨਾਨਕ ਦੇਵ ਜੀ ਦੇ ਸਮੇਂ ਤੇ ਸਿਰਫ਼ ਭਾਈ ਲਹਿਣਾ ਜੀ ਹੀ ਸਫ਼ਲ ਹੋਏ ਗੁਰਤਾਗੱਦੀ ਦੇ ਲਈ । ਇਹ ਇਸ ਤਰ੍ਹਾਂ ਹੀ ਚਲਦਾ ਰਿਹਾ । 1756 ਬਿਕ੍ਰਮੀ ਦੀ ਵਿਸਾਖੀ ਨੂੰ ਪੰਜ ਅੱਗੇ ਆਏ । ਹੌਲੀ-ਹੌਲੀ ਇਹ ਅੰਕ ਵੱਧਦੇ ਗਏ । ਅੱਜ ਹਜ਼ਾਰਾਂ ਦੀ ਗਿਣਤੀ ਦੇ ਵਿਚ ਵਿਚਰ ਰਹੇ ਨੇ ਅਤੇ ਹੋਰਾਂ ਨੂੰ ਸਿੱਖੀ ਦੇ ਨਾਲ ਜੋੜ ਰਹੇ ਨੇ । ਹੁਣ ਖਾਲਸਾ ਗੁਰੂ ਹੈ । ਗੁਰੂ ਖਾਲਸਾ ਹੈ । ਜੋ ਭੇਦ ਸੀ ਸੰਗਤ ਤੇ ਗੁਰੂ ਦਾ, ਉਹ ਖਾਲਸੇ ਦੇ ਵਿਚ ਆ ਕੇ ਮਿਟ ਜਾਂਦਾ ਹੈ ।

ਇਕ ਹੋਰ ਗੁੰਮਰਾਹਕੁੰਨ ਪ੍ਰਚਾਰ ਜੋ ਮੈਕਲੌਡ ਨੇ ਕੀਤਾ ਹੈ ਉਹ ਇਹ ਕਿ ਸਹਿਜਧਾਰੀ ਹਮੇਸ਼ਾ ਆਪਣੇ ਕੇਸ ਕਟਾਉਂਦੇ ਰਹੇ ਨੇ[6] ਤੇ ਇਸਦੇ ਲਈ ਉਹ ਭਾਈ ਚੌਪਾ ਸਿੰਘ ਦਾ ਰਹਿਤਨਾਮਾ ਵਰਤਦਾ ਹੈ[7] । ਹੁਣ ਜੇ ਇਨ੍ਹਾਂ ਲੋਕਾਂ ਦੇ ਰਸਤੇ ਤੇ ਹੀ ਚਲਿਆ ਜਾਵੇ ਤਾਂ ਇਹ ਰਹਿਤਨਾਮਾ ਇਕ ਪਰੰਪਰਾ ਦਾ ਹਿੱਸਾ ਹੈ, ਕਿਉਂਕਿ ਇਹ ਬਾਅਦ ਦਾ ਲਿਖਿਆ ਗਿਆ ਹੈ । ਇਨ੍ਹਾਂ ਕੋਲ ਕੋਈ ਉਸ ਸਮੇਂ ਦਾ ਸਬੂਤ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੇ ਲਿਖਿਆ ਗਿਆ ਸੀ ? ਜਿਵੇਂ ਇਹ ਜਨਮਸਾਖੀਆਂ ਨਕਾਰ ਦੇ ਹਨ, ਉਵੇਂ ਇਥੇ ਵੀ ਕੀਤਾ ਜਾ ਸਕਦਾ ਹੈ, ਕੇ ਨਹੀਂ ? ਮੈਂ ਇਹ ਬਿਲਕੁਲ ਵੀ ਨਹੀਂ ਕਹਿ ਰਿਹਾ ਕਿ ਇਹ ਗੁਰੂ ਸਾਹਿਬ ਦੇ ਸਮੇਂ ਤੇ ਨਹੀਂ ਲਿਖਿਆ ਗਿਆ; ਪਿਆਰਾ ਸਿੰਘ ਪਦਮ ਮੰਨਦੇ ਹਨ ਕਿ ਇਹ ਗੁਰੂ ਸਾਹਿਬਾਨ ਦੇ ਸਮੇਂ ਤੇ ਹੀ ਲਿਖਿਆ ਗਿਆ ਸੀ, ਪਰ ਇਸ ਵਿਚ ਵੱਧ-ਘੱਟ ਹੋਈ ਹੈ[8]

ਮੈਂ ਇਨ੍ਹਾਂ ਲੋਕਾਂ ਦੀ ਕਿਤਾਬ ਦਾ ਇਕ ਪੰਨਾ ਵਰਤ ਰਿਹਾ ਹਾਂ । ਮੈਕਲੌਡ ਇਸਨੂੰ 1740-1765 ਦੇ ਵਿਚਕਾਰ ਦਾ ਦੱਸਦਾ ਹੈ । ਉਹ ਮੰਨਦਾ ਹੈ ਕਿ ਇਹ ਗੁਰੂ ਸਾਹਿਬਾਨ ਦੇ ਜੋਤੀ ਜੋਤਿ ਸਮਾਉਣ ਤੋਂ 50 ਸਾਲ ਬਾਅਦ ਆਉਂਦਾ ਹੈ[9] । ਜਦੋਂ ਇਹ ਗੁਰੂ ਸਾਹਿਬਾਨ ਦੇ ਸਮੇਂ ਦਾ ਮੰਨਣ ਨੂੰ ਤਿਆਰ ਨਹੀਂ ਹੈ ਤਾਂ ਇਸਨੂੰ ਤੱਥ ਦੇ ਰੂਪ ਦੇ ਵਿਚ ਕਿਉਂ ਵਰਤਦਾ ਹੈ ਇਹ ਸਾਬਤ ਕਰਨ ਦੇ ਲਈ ਕਿ ਸਹਿਜਧਾਰੀ ਕੇਸ ਕੱਟਦੇ ਸਨ ? ਇਹ ਸਿਰਫ਼ ਇਸਦੀ ਇਕ ਕਿਤਾਬ ਦਾ ਹਿੱਸਾ ਨਹੀਂ । ਜਿਥੇ ਕਿਤੇ ਵੀ ਉਸਨੇ ਸਹਿਜਧਾਰੀ ਵਾਲਾ ਪੱਤਾ ਖੇਡਣਾ ਹੈ ਤੇ ਸਿੱਖਾਂ ਨੂੰ ਦੋ-ਫਾੜ ਕਰਨਾ ਹੈ ਤਾਂ ਉਹ ਜ਼ਰੂਰ ਇਸਦੀ ਗੱਲ ਕਰਦਾ ਹੈ । ਇਨ੍ਹਾਂ ਲੋਕਾਂ ਦੀਆਂ ਕਿਤਾਬਾਂ ਜੇ ਪੜ੍ਹੀਆਂ ਜਾਣ ਤਾਂ ਇਹ ਆਪਣਾ ਖੰਡਣ ਆਪ ਹੀ ਕਰ ਲੈਂਦੇ ਹਨ ।

ਤੇ ਇਹ ਇਥੇ ਹੀ ਨਹੀਂ ਰੁਕਦਾ, ਉਹ ਭਾਈ ਕਾਨ੍ਹ ਸਿੰਘ ਨਾਭੇ ਤੇ ਵੀ ਦੂਸ਼ਣ ਲਾਉਂਦਾ ਹੈ ਕਿ ਉਹ ਕਿਤੇ ਇਸਨੂੰ ਸਹੀ ਨਹੀਂ ਮੰਨਦੇ ਤੇ ਕਿਤੇ ਇਸਦੀ ਵਰਤੋਂ ਕਰਦੇ ਨੇ ਜਿਵੇਂ ਇਹ ਸਹੀ ਹੋਵੇ । ਖ਼ੁਦ ਵੀ ਇਹ ਇਸ ਤਰ੍ਹਾਂ ਦੀ ਗੱਲ ਹੀ ਕਰਦਾ ਹੈ, ਕਿਤੇ ਮਹਾਨ ਕੋਸ਼ ਦਾ ਹਵਾਲਾ ਦੇ ਦਿੰਦਾ ਹੈ, ਕਿਤੇ ਕੁਝ ਚੀਜ਼ਾਂ ਉਸਨੂੰ ਸਿੰਘ ਸਭਾ ਦੇ ਪ੍ਰਭਾਵ ਹੇਠ ਲਿਖੀਆਂ ਲੱਗਦੀਆਂ ਹਨ, ਸੋ ਆਪਣੀ ਪੀੜ੍ਹੀ ਥੱਲੇ ਸੋਟਾ ਮਾਰੋ । ਹੋਇਆ ਕੀ ਹੈ ਕਿ ਇਕ ਗੱਲ ਮੈਕਲੌਡ ਅਤੇ ਇਸਦੇ ਹਮਦਰਦੀਆਂ ਨੂੰ ਸਮਝ ਨਹੀਂ ਆਈ ਉਹ ਇਹ ਕਿ ਜੋ ਚੀਜ਼ ਗੁਰਮਤਿ ਦੇ ਵਿਰੁਧ ਹੈ ਇਤਿਹਾਸ ਦੇ ਵਿਚ ਉਹ ਪ੍ਰਵਾਨ ਨਹੀਂ ਹੈ । ਭਾਈ ਕਾਨ੍ਹ ਸਿੰਘ ਨਾਭਾ ਨੇ ਇਸਨੂੰ ਗੁਰੁਮਤ ਸੁਧਾਕਰ ਦੇ ਸ਼ੁਰੂਆਤ ਦੇ ਵਿਚ ਸਾਫ਼-ਸਾਫ਼ ਲਿਖਿਆ ਹੈ ਕਿ ਇਸਦਾ ਕੀ ਕਾਰਣ ਹੈ ਤੇ ਇਹ ਕਰਨ ਨਾਲ ਕਿਸ ਤਰ੍ਹਾਂ ਵਿਰੋਧੀਭਾਸ ਵਾਲੀਆਂ ਗੱਲਾਂ ਹੋਣ ਲੱਗ ਜਾਂਦੀਆਂ ਹਨ । ਜਿਥੇ ਸਿੱਖ ਗੁਰਮਤਿ ਵਿਰੋਧੀ ਗੱਲਾਂ ਨਕਾਰਦੇ ਹਨ, ਉਥੇ ਮੈਕਲੌਡ ਤੇ ਇਸਦੇ ਚੇਲੇ-ਚਪਟੇ ਗੁਰਮਤਿ ਵਿਰੋਧੀ ਗੱਲਾਂ ਦਾ ਜੱਫ਼ਾ ਮਾਰਦੇ ਹਨ । ਤੇ ਇਸਦੇ ਲਈ ਉਹ ਗ਼ਲਤ ਅਨੁਵਾਦ ਕਰਨ ਤੋਂ ਵੀ ਨਹੀਂ ਝਿਜਕਦੇ ।

ਆਉ ਹੁਣ ਕੋਈ ਹੋਰ ਪੁਸਤਕ ਵਲ ਨਿਗ੍ਹਾ ਮਾਰੀਏ ਇਸਨੂੰ ਸਮਝਣ ਦੇ ਲਈ, ਕਿਉਂਕਿ ਪ੍ਰੋਫੈਛੜ ਛਾਬ ਨੇ ਤਾਂ ਇਕ ਹਵਾਲਾ ਦੇ ਕੇ ਨਿਰਣਾ ਕਰ ਲਿਆ ।

ਪਿਆਰਾ ਸਿੰਘ ਪਦਮ ਨੇ ਆਪਣੀ ਕਿਤਾਬ ਰਹਿਤਨਾਮੇ ਵਿਚ ਹੋਰਨਾਂ ਰਹਿਤਨਾਮਿਆਂ ਦੇ ਨਾਲ ‘ਰਹਿਤਨਾਮਾ ਸਹਿਜਧਾਰੀਆਂ ਕਾ’ ਦੇ ਸਿਰਲੇਖ ਹੇਠ ਇਕ ਰਹਿਤਨਾਮਾ ਛਾਪਿਆ ਹੈ ਜੋ ਭਗਤ ਰਤਨਾਵਲੀ ਵਿਚ ਦਰਜ਼ ਹੈ । ਜਿਹੜੀ ਭਗਤ ਰਤਨਾਵਲੀ ਦੀ ਸੰਪਾਦਨਾ ਭਾਈ ਵੀਰ ਸਿੰਘ ਜੀ ਨੇ ਕੀਤੀ ਹੈ ਉਸ ਵਿਚ ਪਹਿਲੇ ਛੇ ਗੁਰੂਆਂ ਦੇ ਸਿੱਖਾਂ ਦਾ ਜ਼ਿਕਰ ਹੈ । ਪਰ ਕਈ ਭਗਤ ਰਤਨਾਵਲੀਆਂ ਦੇ ਉਤਾਰਿਆਂ ਦੇ ਵਿਚ 10 ਗੁਰੂਆਂ ਦੇ ਸਿੱਖਾਂ ਦੇ ਨਾਂ ਆਉਂਦੇ ਹਨ । ਉਸ ਵਿਚ ਇਹ ਰਹਿਤਨਾਮਾ ਦਰਜ਼ ਹੈ । ਉਸ ਵਿਚ ਦੇਖੀਏ ਕੀ ਲਿਖਿਆ ਹੈ ਸਹਿਜਧਾਰੀਆਂ ਤੇ ਕੇਸਾਂ ਬਾਰੇ ।

1.    ਅਸੀਂ ਜੋ ਆਮਿਲ ਪੇਸ਼ਾ ਕਚਹਿਰੀਆਂ ਜਾਣ ਵਾਲੇ ਸਿਖ, ਦਾੜ੍ਹੀਆਂ ਕੇਸ ਇਕੋ ਜੇਹੈ ਕੈਂਚੀਆਂ ਨਾਲ ਕਟਵਾਇ ਹੋਏ ਲੈਂਦੇ ਸਾਂ ਹੁਣ ਜਿਵੇਂ ਹੁਕਮ ਹੋਵੇ ਤਿਵੇਂ ਕਰੀਏ ? ਹੁਕਮ ਤੇ ਖਾਸ ਦਸਤਖਤ ਹੋਏ ਜੇਹੜੇ ਤੁਸੀਂ ਸਹਜਧਾਰੀ ਸਿਖ ਹੋ ਜੋ ਕੇਸਧਾਰੀਆਂ ਦੀ ਤਰ੍ਹਾਂ ਸਾਬਤ ਰਖਹੁ ਭਲਾ ਹੈ । ਨਹੀਂ ਤਾਂ ਤੁਸੀਂ ਜ਼ਰੂਰ ਮਾਝ ਵਧੀਕ ਹੋਵੇ ਸੋ ਬਰਾਬਰ ਕਰਵਾਇ ਲੈਣਾ । ਜੋ ਕੇਸਧਾਰੀ ਇਹ ਕਰਮ ਕਰੇਗਾ, ਉਹ ਸਿਖ ਨਹੀਂ । - ਪੇਜ 167

ਕੀ ਇਸਦਾ ਮਤਲਬ ਇਹ ਹੈ ਕਿ ਪਹਿਲਾਂ ਦੇ ਸਿੱਖ ਦਾੜ੍ਹੀ ਕਟਵਾਉਂਦੇ ਸਨ ? ਕੀ ਇਥੇ ਇਹ ਗੱਲ ਸਬੂਤ ਦੇ ਤੌਰ ਤੇ ਮੰਨੀ ਜਾ ਸਕਦੀ ਹੈ ਕਿ ਪਹਿਲਾਂ ਦੇ ਸਿੱਖਾਂ ਨੂੰ ਕੇਸ ਰੱਖਣ ਲਈ ਨਹੀਂ ਕਿਹਾ ਗਿਆ ਸੀ ? ਇਸ ਬਾਰੇ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ । ਅਤੇ ਜਿਹੜਾ ਹਵਾਲਾ ਮੈਕਲੌਡ ਦੇ ਰਿਹਾ ਹੈ ਉਹ ਇਸ ਪ੍ਰਕਾਰ ਹੈ ।

2.    ਗੁਰੂ ਕਾ ਸਿਖ ਸਹਜਧਾਰੀ, ਰੋਮ ਕੈਂਚੀ ਨਾਲ ਉਤਰਾਵੈ, ਚਿਹਰਾ ਜ਼ਰੂਰ ਸਾਬਤ ਰਖੇ । ਦੀਦਾਰ ਚਿਹਰੇ ਦਾ ਹੈ । - ਰਹਿਤਨਾਮੇ, ਪਿਆਰਾ ਸਿੰਘ ਪਦਮ, ਰਹਿਤਨਾਮਾ ਭਾਈ ਚਉਪਾ ਸਿੰਘ, ਪੇਜ 88

ਇਸ ਤੋਂ ਅਗਲੀ ਸਤਰ ਵੀ ਪੜ੍ਹੀਏ ਜੋ ਪ੍ਰੋਫੈਛੜ ਛਾਬ ਨੇ ਗ਼ਲਤ ਅਨੁਵਾਦ ਕਰਕੇ ਆਪਣਾ ਡੰਗ ਸਾਰਿਆ ।

3.    ਗੁਰੂ ਕੇ ਸਿਖ ਦੇਹੀ ਦੇ ਰੋਮ ਨ ਲੁਹਾਏ । ਗ੍ਰਿਹਸਤੀ ਹੋਇ ਤਾਂ ਭੀ ਪਾਕੀ ਹੂਕੀ ਨਾ ਕਰਾਏ ।

A Kes-dhari Gursikh should never remove his body hair and [both Kes-dhari and Sahaj-dhari] should leave their pubic hair untouched if living as family men (grahast). Do not let [your hair] remain filty.[10]

ਜੇ ਤੁਸੀਂ ਅੰਗਰੇਜ਼ੀ ਅਨੁਵਾਦ ਦੇਖੋਗੇ ਤਾਂ ਤੁਹਾਨੂੰ ਕੇਸਾਧਾਰੀ ਲਿਖਿਆ ਮਿਲੇਗਾ ਜੋ ਕੇ ਮੂਲ ਦੇ ਵਿਚ ਨਹੀਂ ਹੈ । ਇਹ ਇਸ ਲਈ ਕੀਤਾ ਗਿਆ ਤਾਂ ਜੋ ਪਹਿਲੇ ਨੁਕਤੇ ਵਾਲਾ ਸਹੀ ਕਰਾਰ ਦਿੱਤਾ ਜਾ ਸਕੇ । ਨਾਲੇ ਇਹ ਕਿਹੋ ਜਿਹੀ ਗੱਲ ਹੋਈ ਕਿ ਭਾਈ ਸ਼ਰੀਰ ਦੇ ਰੋਮ ਉਤਾਰ ਲਵੋ ਪਰ ਜਣਨ ਅੰਗਾਂ ਦੇ ਨਹੀਂ ? ਜੇ ਪਹਿਲੇ ਨੁਕਤੇ ਨੂੰ ਸਹੀ ਵੀ ਮੰਨ ਲਿਆ ਜਾਵੇ ਤਾਂ ਇਸ ਵਿਚ ਇਹ ਕਿਤੇ ਨਹੀਂ ਲਿਖਿਆ ਕਿ ਸਿਰ ਦੇ ਵਾਲ ਲਾਹੁਣੇ ਹਨ । ਫਿਰ ਇਹ ਕਿਸ ਆਧਾਰ ਤੇ ਮੰਨ ਲਿਆ ਕਿ ਸਹਿਜਧਾਰੀ ਮੋਨੇ ਹੁੰਦੇ ਸਨ[11] ਜੇ ਤੁਸੀਂ ਮੈਕਲੌਡ ਦੀ ਮਾਨਸਿਕਤਾ ਦੇਖਣੀ ਚਾਹੁੰਦੇ ਹੋ ਤਾਂ ਡਾ ਤ੍ਰਿਲੋਚਨ ਸਿੰਘ ਹੋਣਾ ਦੀ ਮੈਕਲੌਡ ਅਤੇ ਟਰੰਪ ਤੇ ਲਿਖੀ ਕਿਤਾਬ ਜ਼ਰੂਰ ਪੜ੍ਹੋ ਕਿਉਂਕਿ ਉਸ ਵਿਚ ਬਹੁਤ ਵਿਸਤਾਰ ਨਾਲ ਲਿਖਿਆ ਗਿਆ ਹੈ ਇਸ ਬਾਰੇ ।

ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਕਈ ਜਨਮਸਾਖੀਆਂ ਪ੍ਰਚਲਤ ਹਨ, ਜਿਨ੍ਹਾਂ ਵਿਚੋਂ ਇਕ ਭਾਈ ਮਨੀ ਸਿੰਘ ਜੀ ਵਾਲੀ ਹੈ, ਜਿਸਨੂੰ ਗਿਆਨ ਰਤਨਾਵਲੀ ਕਰਕੇ ਵੀ ਜਾਣਿਆ ਜਾਂਦਾ ਹੈ । ਜਸਬੀਰ ਸਿੰਘ ਨੇ ਇਸਦੀ ਸੰਪਾਦਨਾ ਕਰਦੇ ਸਮੇਂ ਜੋ ਇਸਦਾ ਸਾਲ ਮੰਨਿਆ ਹੈ ਉਹ 1770 ਈ: ਦੇ ਕਰੀਬ ਹੈ । ਕਈਆਂ ਦਾ ਇਹ ਮੰਨਣਾ ਹੈ ਕਿ ਇਹ ਭਾਈ ਸੂਰਤ ਸਿੰਘ ਹੋਣਾ ਦੀ ਰਚਨਾ ਹੈ; ਇਹ ਵੀ ਹੋ ਸਕਦਾ ਹੈ ਕਿ ਭਾਈ ਮਨੀ ਸਿੰਘ ਜੀ ਨੇ ਪਹਿਲਾਂ ਇਹ ਲਿਖੀ ਹੋਵੇ ਤੇ ਬਾਅਦ ਦੇ ਵਿਚ ਕਿਸੇ ਨੇ ਉਤਾਰਾ ਕਰਕੇ ਹੋਰ ਜੋੜ ਦਿੱਤਾ ਹੋਵੇ । ਕੁਝ ਵੀ ਹੋਵੇ ਇਹ 1770 ਈ: ਤੋਂ ਕਈ ਸਾਲ ਪਹਿਲਾਂ ਲਿਖਣੀ ਸ਼ੁਰੂ ਹੋਈ, ਪਰ ਜਿਵੇਂ ਕਈ ਹੋਰ ਪੁਰਾਤਨ ਸ੍ਰੋਤ ਹਨ, ਉਵੇਂ ਹੀ ਇਹ ਆਪਣੇ ਸ਼ੁਰੂਆਤੀ ਲਿਖੇ ਨੁਸਖ਼ੇ ਵਰਗੀ ਨਹੀਂ ਹੈ । ਇਹ ਸਿੱਖਾਂ ਦੀ ਤ੍ਰਾਸਦੀ ਹੀ ਕਹੀ ਜਾ ਸਕਦੀ ਹੈ ਕਿ ਜਿਵੇਂ ਪਹਿਲਾਂ ਕਿਤਾਬਾਂ ਲਿਖੀਆਂ ਗਈਆਂ ਸਨ ਉਹ ਉਵੇਂ ਨਹੀਂ ਰਹਿਣ ਦਿੱਤੀਆਂ ਗਈਆਂ ਉਤਾਰਾ ਕਰਨ ਵੇਲੇ, ਤੇ ਇਨ੍ਹਾਂ ਵਿਚ ਕਈ ਉਤਾਰ-ਚੜ੍ਹਾਵ ਆਉਂਦੇ ਰਹੇ ।

ਇਸਦਾ ਸਾਲ ਵੀ ਚੌਪਾ ਸਿੰਘ ਦੇ ਰਹਿਤਨਾਮੇ ਦੇ ਨੇੜੇ-ਤੇੜੇ ਜਾ ਮਿਲਦਾ ਹੈ । ਇਸ ਵਿਚ ਵੀ ਇਹ ਸਾਖੀ ਆਉਂਦ ਹੈ ਕਿ ਕੇਸ ਰੱਖਣ ਲਈ ਕਿਹਾ ਗਿਆ ਸੀ ਖਾਲਸਾ ਸਾਜਣ ਤੋਂ ਪਹਿਲਾ । ਇਹ ਸਾਖੀ ਸਿਕਾਰਪੁਰ ਦੀ ਹੈ ।

1.    ਮਰਦਾਨੇ ਕਹਿਆ ਤੂੰ ਤੀਨ ਬਾਤਾ ਕਰਿ ।। ਤੇਰਾ ਰਾਜ ਵਧਦਾ ਜਾਵੇਗਾ ।। ਇਕ ਸਿਰ ਤੇ ਕੇਸ ਰਖੁ ਦੂਜਾ ਪਿਛਲੀ ਰਾਤ ਸਤਿਨਾਮ ਦਾ ਜਾਪ ਕਰਨਾ ।। ਤੀਸਰਾ ਸਾਧਾ ਦਾ ਸੰਗ ਆਏ ਗਏ ਦੀ ਸੇਵਾ ਟਹਿਲ ਕਰਨੀ[12] ।।

ਇਕ ਗੱਲ ਹੋਰ ਵੀ ਦੇਖੀ ਜਾ ਸਕਦੀ ਹੈ ਉਹ ਇਹ ਕਿ ਗੁਰੂ ਸਾਹਿਬ ਕੇਸਾਂ ਬਾਰੇ ਬਹੁਤ ਕੁਝ ਲਿਖਦੇ ਨੇ ਗੁਰਬਾਣੀ ਦੇ ਵਿਚ । ਅਜਿਹੀਆਂ ਸਤਰਾਂ ਭਾਈ ਚੌਪਾ ਸਿੰਘ ਦੇ ਰਹਿਤਨਾਮੇ ਦੇ ਵਿਚ ਵੀ ਹਨ । ਉਨ੍ਹਾਂ ਨੇ ਕੋਈ ਅਜਿਹੀ ਸਤਰ ਨਹੀਂ ਲਿਖੀ ਜੋ ਕੇਸਾਂ ਬਿਨਾਂ ਕਿਸੇ ਪ੍ਰਕਾਰ ਨਾਲ ਉਸਤਤ ਦੇ ਵਿਚ ਹੋਵੇ ।

ਇਕ ਹੋਰ ਚੀਜ਼ ਜੋ ਬਹੁਤ ਹੀ ਘ੍ਰਿਣਾਯੋਗ ਹੈ ਉਹ ਇਹ ਕਿ ਮੈਕਲੌਡ ਨੇ ਖਾਲਸੇ ਨੂੰ ਤਾਂ ਅਲੱਗ ਕੌਮ ਮੰਨ ਲਿਆ ਕਿਉਂਕਿ ਉਸ ਕੋਲ ਜੰਗਨਾਮੇ ਦੇ ਵਿਚ ਲਿਖੇ ਦਾ ਉੱਤਰ ਨਹੀਂ ਸੀ, ਪਰ ਸਹਿਧਾਰੀਆਂ ਨੂੰ ਨਹੀਂ । ਪਰ ਇਹ ਆਪਾਂ ਦੇਖ ਆਏ ਹਾਂ ਕਿ ਖਾਲਸਾ ਸਾਜਣ ਤੋਂ ਪਹਿਲਾਂ ਦੇ ਸ੍ਰੋਤਾਂ ਵਿਚ ਵੀ ਸਿੱਖਾਂ ਨੂੰ ਹਿੰਦੂ ਵਾਲੇ ਨਹੀਂ ਮੰਨਿਆਂ ਗਿਆ ਹੈ । ਉਸਦਾ ਇਹ ਮੰਨਣਾ ਹੈ ਕਿ ਉਸ ਵੇਲੇ ਖਾਲਸੇ ਹੀ ਸਨ[13], ਤਾਂ ਕਰਕੇ ਕਾਜ਼ੀ ਨੂਰ ਮੁਹੰਮਦ ਜਾਂ ਫਿਰ ਅੰਗਰੇਜ਼ਾਂ ਨੇ ਸਿੱਖ ਲਫ਼ਜ਼ ਵਰਤਿਆ ਹੈ । ਸੋ ਜਦੋਂ ਉਹ ਕਹਿੰਦਾ ਹੈ ਕਿ ਸਿੱਖ ਹਿੰਦੂ ਨਹੀਂ ਹਨ, ਉਸਦਾ ਭਾਵ ਇਹ ਹੈ ਕਿ ਖਾਲਸਾ ਹਿੰਦੂ ਨਹੀਂ ਹੈ ।

ਇਸ ਦੇ ਨਾਲ ਹੀ ਦੋ ਅਜਿਹੇ ਲਫ਼ਜ਼ ਹਨ ਜਿਨ੍ਹਾਂ ਦਾ ਮੈਕਲੌਡ ਅਤੇ ਇਸਦੇ ਹਮਾਇਤੀਆਂ ਨੇ ਬਹੁਤ ਜ਼ਿਆਦਾ ਇਸਤੇਮਾਲ ਕੀਤਾ, ਅਤੇ ਬਹੁਤ ਗ਼ਲਤ ਤਰੀਕੇ ਨਾਲ ਵਰਤਿਆ । ਉਹ ਹਨ, ਤੱਤ ਖਾਲਸਾ ਅਤੇ ਨਾਨਕਪੰਥੀ ।

 

ਤੱਤ ਖਾਲਸਾ: ਪ੍ਰੋਫੈਛੜ ਛਾਬ ਦਾ ਮੰਨਣਾ ਹੈ ਕਿ ਤੱਤ ਖਾਲਸਾ ਇਕ ਸਿੰਘ ਸਭਾ ਦੇ ਵੇਲੇ ਦਾ ਫ਼ਿਰਕਾ ਹੈ, ਭਾਵ ਕਿ ਉਹ ਲੋਕ ਜੋ ਸਿੱਖਾਂ ਨੂੰ ਹਿੰਦੂ ਨਹੀਂ ਮੰਨਦੇ ਸਨ ਉਹ ਤੱਤ ਖਾਲਸੇ ਦੇ ਮੈਂਬਰ ਹਨ[14] ਨਾਲ ਦੀ ਨਾਲ ਉਹ ਇਸਨੂੰ ਬਾਬਾ ਬੰਦਾ ਸਿੰਘ ਬਹਾਦਰ ਨਾਲ ਵੀ ਜੋੜਦਾ ਹੈ । ਜੋ ਮੁੱਢਲੀਆਂ ਪਰਿਭਾਸ਼ਾਵਾਂ ਹਨ, ਉਹ ਵੀ ਗ਼ਲਤ ਹਨ । ਜੇ ਤੁਹਾਡੀ ਪਰਿਭਾਸ਼ਾ ਹੀ ਗ਼ਲਤ ਹੈ ਤਾਂ ਤੁਸੀਂ ਪਾਣੀ ਵਿਚ ਮਧਾਣੀ ਮਾਰਨ ਜੋਗੇ ਹੀ ਰਹਿ ਜਾਵੋਗੇ । ਤੇ ਇਸ ਨਾਲ ਕੋਈ ਸਾਰਥਕ ਜਾਣਕਾਰੀ ਨਹੀਂ ਨਿਕਲੇਗੀ । ਜੋ ਨਿਕਲੇਗੀ ਉਸਦਾ ਕੋਈ ਵਜੂਦ ਨਹੀਂ ਹੋਵੇਗਾ । ਇਸੇ ਲਈ ਇਸ ਦੀਆਂ ਗੱਲਾਂ ਕਿਸੇ ਨੇ ਅਪਣਾਈਆਂ ਨਹੀਂ । ਜਿਨ੍ਹਾਂ ਨੇ ਅਪਣਾਈਆਂ ਉਨ੍ਹਾਂ ਨੂੰ ਸਿੱਖਾਂ ਦੀ ਕੋਈ ਜਾਣਕਾਰੀ ਹੀ ਨਹੀਂ ਸੀ ।

ਕਿਤੇ ਉਹ ਤੱਤ ਖਾਲਸੇ ਨੂੰ ਬੰਦਾ ਸਿੰਘ ਬਹਾਦਰ ਦੇ ਨਾਲ ਚੱਲਣ ਵਾਲਿਆਂ ਨੂੰ ਕਹਿੰਦਾ ਹੈ, ਕਿਤੇ ਸਿੰਘ ਸਭਾ ਦੇ ਮੈਂਬਰਾਂ ਨੂੰ, ਅਤੇ ਕਿਤੇ ਜੋ ਬੰਦਾ ਸਿੰਘ ਬਹਾਦਰ ਨਾਲ ਸਹਿਮਤੀ ਨਹੀਂ ਪ੍ਰਗਟ ਕਰਦੇ ਸਨ ਉਨ੍ਹਾਂ ਨੂੰ । ਤੱਤ ਖਾਲਸੇ ਕੌਣ ਸਨ, ਇਹ ਬਾਅਦ ਦੀ ਗੱਲ ਹੈ । ਪਹਿਲੀ ਗੱਲ ਇਹ ਕਿ ਤੱਤ ਸ਼ਬਦ ਦਾ ਮਤਲਬ ਕੀ ਹੈ । ਤੱਤ ਦਾ ਮਤਲਬ ਹੈ ਸਾਰ ਜਾਂ ਮੁੱਢ । ਹੁਣ ਖਾਲਸੇ ਦਾ ਮੁਢਲੇ ਹਿੱਸਾ ਕੀ ਹੋਇਆ ? ਇਹ ਸ਼ਬਦ ਉਦੋਂ ਹੋਂਦ ਦੇ ਵਿਚ ਆਇਆ ਜਦੋਂ ਬੰਦਾ ਸਿੰਘ ਬਹਾਦਰ ਵੇਲੇ ਸਿੰਘਾਂ ਵਿਚ ਮਤਭੇਦ ਹੋ ਗਏ । ਬੰਦਾ ਸਿੰਘ ਬਹਾਦਰ ਦੇ ਜੋ ਨਾਲ ਸਨ ਉਹ ਬੰਦਈ ਸਿੱਖ/ਖਾਲਸੇ ਕਹਾਏ, ਜੋ ਗੁਰੂ ਸਾਹਿਬ ਵੱਲੋਂ ਚਲੀ ਮਰਿਆਦਾ ਦੇ ਨਾਲ ਰਹੇ ਉਹ ਤੱਤ ਖਾਲਸੇ ਕਹਾਏ । ਇਸਦਾ ਜ਼ਿਕਰ ਸਿੰਘ ਸਭਾ ਦੇ ਸ਼ੁਰੂ ਹੋਣ ਤੋਂ ਪਹਿਲਾਂ ਮੌਜੂਦ ਹੈ । ਭਾਈ ਰਤਨ ਸਿੰਘ ਭੰਗੂ ਨੇ ਇਸਦਾ ਜ਼ਿਕਰ ਆਪਣੇ ਪੰਥ ਪ੍ਰਕਾਸ਼ ਦੇ ਵਿਚ ਕੀਤਾ ਹੈ । ਮਹਿਮਾ ਪ੍ਰਕਾਸ਼ ਦੇ ਵਿਚ ਵੀ ਸਿੰਘਾਂ ਦੇ ਵਿਚ ਮਤਭੇਦ ਦਾ ਜ਼ਿਕਰ ਹੈ, ਜੋ ਰਤਨ ਸਿੰਘ ਭੰਗੂ ਦੀ ਰਚਨਾ ਤੋਂ ਪਹਿਲਾਂ ਦਾ ਹੈ ।

ਇਹ ਗੱਲ ਭਾਈ ਕਾਨ੍ਹ ਸਿੰਘ ਨਾਭਾ ਜੀ ਨੇ ਵੀ ਲਿਖੀ ਹੈ ਕਿ ਤੱਤ ਖਾਲਸਾ ਕੋਈ ਹੁਣ ਦਾ ਫ਼ਿਰਕਾ ਨਹੀਂ ਹੈ ਅਤੇ ਇਤਿਹਾਸ ਤੋਂ ਅਗਿਆਤ ਲੋਕ ਇਸਨੂੰ ਨਹੀਂ ਸਮਝਦੇ । ਜੋ ਚੀਜ਼ ਅੱਜ ਤੋਂ 100 ਸਾਲ ਪਹਿਲਾਂ ਲਿਖੀ ਜਾ ਚੁੱਕੀ ਹੈ ਉਹ ਲੋਕ ਹੁਣ ਫਿਰ ਚੁੱਕੀ ਫਿਰਦੇ ਹਨ । ਮੈਂ ਇਹ ਪਹਿਲਾਂ ਵੀ ਕਈ ਵਾਰ ਕਿਹਾ ਹੈ ਕਿ ਅੱਜ ਦੇ ਪ੍ਰਸ਼ਨ ਜੋ ਲੋਕ ਚੁੱਕੀ ਫਿਰਦੇ ਨੇ ਉਨ੍ਹਾਂ ਦੇ ਉੱਤਰ ਪਹਿਲਾਂ ਹੀ ਲਿਖੇ ਜਾ ਚੁੱਕੇ ਹਨ, ਬਸ ਲੋਕ ਉਨ੍ਹਾਂ ਨੂੰ ਤੋੜ-ਮਰੋੜ ਕੇ ਦਿਖਾਉਂਦੇ ਹਨ । ਮੈਕਲੌਡ ਗੈਂਗ ਇਸ ਲਈ ਨਹੀਂ ਕੁਝ ਰੱਦ ਕਰਦਾ ਕਿਉਂਕਿ ਇਨ੍ਹਾਂ ਕੋਲ ਵਧੀਆ ਦਲੀਲਾਂ ਹਨ, ਬਲਕਿ ਇਸ ਲਈ ਕਰਦਾ ਸੀ ਕਿ ਉਹ ਸਿੱਖ ਧਰਮ ਨੂੰ ਇਕ ਨਵੀਂ ਨੁਹਾਰ ਦੇਣਾ ਚਾਹੁੰਦਾ ਸੀ, ਚਾਹੇ ਇਨ੍ਹਾਂ ਦੀਆਂ ਦਲੀਲਾਂ ਦੀਆਂ ਧਜੀਆਂ ਉਡਾਉਣ ਦੇ ਲਈ ਸਿੰਘ ਸਭਾ ਤੋਂ ਪਹਿਲਾਂ ਦੇ ਸ੍ਰੋਤ ਹੀ ਕਾਫ਼ੀ ਨੇ ।

 

ਨਾਨਕ ਪੰਥੀ: ਨਾਨਕ ਪੰਥੀ ਲਈ ਵੀ ਕੋਈ ਸੂਝ ਵਾਲੀ, ਦਲੀਲ ਪੂਰਵਕ ਪਰਿਭਾਸ਼ਾ ਨਹੀਂ ਦਿੱਤੀ ਗਈ ਪ੍ਰੋਫੈਛੜ ਛਾਬ ਵੱਲੋਂ । ਇਕ ਤਰ੍ਹਾਂ ਨਾਲ ਉਹ ਖਾਲਸੇ ਤੋਂ ਬਿਨਾਂ ਦੇ ਸਿੱਖਾਂ ਨੂੰ ਨਾਨਕ ਪੰਥੀ ਕਹਿੰਦਾ ਹੈ[15] ਜਿਸਦੀ ਇਤਿਹਾਸ ਇਜਾਜ਼ਤ ਨਹੀਂ ਦਿੰਦਾ । ਪਰ ਕਿਤਾਬਾਂ ਵਿਚ ਕੁਝ ਵੀ ਲਿਖ ਦੇਵੋ, ਕਿਹੜਾ ਕੋਈ ਪੁੱਛਦਾ ਕਿ ਇਸਦਾ ਸਬੂਤ ਕੀ ਹੈ । ਪ੍ਰੋਫੈਛੜ ਛਾਬ ਦੀਆਂ ਕਿਤਾਬਾਂ ਤਾਂ ਇਸ ਨਾਲ ਭਰੀਆਂ ਪਈਆਂ ਨੇ ।

ਨਾਨਕ ਪੰਥੀ ਉਹ ਸਿੱਖ ਨਹੀਂ ਜੋ ਸਿਰਫ਼ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹੋਣ । ਨਾ ਹੀ ਉਹ ਸਿੱਖ ਹਨ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ । ਇਹੋ ਜਿਹੀਆਂ ਪਰਿਭਾਸ਼ਾਵਾਂ ਸਿਰਫ਼ ਤੇ ਸਿਰਫ਼ ਸਿੱਖਾਂ ਵਿਚ ਉਲਝਣ ਪਾਉਣ ਲਈ ਬਣਾਈਆਂ ਜਾਂਦੀਆਂ ਹਨ । ਦਰਅਸਲ ਦੇ ਵਿਚ ਨਾਨਕ ਪੰਥੀ ਉਹ ਲੋਕ ਹਨ ਜੋ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਪਹਿਲਾ ਗੁਰੂ ਮੰਨਦੇ ਹਨ; ਜਾਂ ਸਿੱਖ ਗੁਰੂਆਂ ਨੂੰ ਮੰਨਦੇ ਹਨ ਕਿਉਂਕਿ ਉਹ ਹਰ ਗੁਰੂ ਵਿਚ ਗੁਰੂ ਨਾਨਕ ਦੇਵ ਜੀ ਦੀ ਜੋਤਿ ਮੰਨਦੇ ਹਨ । ਜਿਹੜੇ ਅੰਮ੍ਰਿਤਧਾਰੀ ਹਨ ਉਹ ਵੀ ਨਾਨਕ ਪੰਥੀ ਹਨ । ਕਿਉਂਕਿ ਪ੍ਰੋਫੈਛੜ ਛਾਬ ਨੇ ਪਹਿਲਾਂ ਦੇ ਗੁਰੂਆਂ ਅਤੇ ਸਿੱਖਾਂ ਨੂੰ ਹਿੰਦੂ ਸਾਬਤ ਕਰਨਾ ਹੈ ਇਸ ਲਈ ਇਹ ਹੱਥਕੰਡੇ ਅਪਣਾ ਰਿਹਾ ਹੈ ਤੇ ਅਲੱਗ ਪਰਿਭਾਸ਼ਾਵਾਂ ਦੇ ਰਿਹਾ ਹੈ ।

ਆਉ ਇਤਿਹਾਸ ਵੱਲ ਮੁੜੀਏ, ਇਸ ਤੋਂ ਪਹਿਲਾਂ ਕਿ ਇਹ ਲੋਕ ਆਪਣਾ ਇਤਿਹਾਸ ਹੀ ਬਦਲ ਦੇਣ ।

ਦਬਿਸਤਾਨ-ਏ-ਮਜ਼ਹਬ (ਇਹ 17ਵੀਂ ਸਦੀ ਦੇ ਪਹਿਲੇ ਹਿੱਸੇ ਦੀ ਰਚਨਾ ਹੈ) ਦਾ ਕਰਤਾ ਲਿਖਦਾ ਹੈ:

1.    ਉਹ (ਸਿੱਖ) ਆਪਣੇ ਭਰੋਸੇ ਨੂੰ ਵਧਾ-ਚੜ੍ਹਾ ਕੇ ਕਹਿੰਦੇ ਹਨ, ਕਿ (ਗੁਰੂ) ਨਾਨਕ (ਦੇਵ ਜੀ) ਰੱਬ ਹਨ, ਤੇ ਇਹ ਦੁਨੀਆਂ ਉਨ੍ਹਾਂ ਦੀ ਰਚਨਾ ਹੈ । ਪਰ ਆਪਣਾ ਬਾਣੀ ਦੇ ਵਿਚ ਬਾਬਾ ਨਾਨਕ ਆਪਣੇ ਆਪ ਨੂੰ ਰੱਬ ਦਾ ਸੇਵਕ ਕਹਿੰਦੇ ਹਨ ਅਤੇ ਰੱਬ ਨੂੰ ਨਿਰੰਜਨ, ਪਾਰਬ੍ਰਹਮ ਅਤੇ ਪਰਮੇਸ਼ਰ, ਜਿਸਦਾ ਕੋਈ ਸ਼ਰੀਰ ਨਹੀ ਹੈ, ਨਾ ਪਦਾਰਥਵਾਦੀ ਹੋਂਦ, ਅਤੇ ਨਾ ਹੀ ਆਪਣੇ ਆਪ ਨੂੰ ਕਿਸੇ ਬੰਦੇ ਨਾਲ ਜੋੜਨ ਵਾਲਾ ਹੈ । ਸਿੱਖ ਕਹਿੰਦੇ ਹਨ ਕਿ (ਗੁਰੂ) ਨਾਨਕ (ਦੇਵ ਜੀ) ਵੀ ਇਵੇਂ ਹੀ ਸਨ, ਉਨ੍ਹਾਂ ਦਾ ਕੋਈ ਸ਼ਰੀਰ ਨਹੀਂ ਸੀ, ਪਰ ਆਪਣੀ ਸ਼ਕਤੀ ਨਾਲ ਉਨ੍ਹਾਂ ਨੇ ਆਪਣੇ ਆਪ ਨੂੰ ਪ੍ਰਗਟ ਕੀਤਾ । ਉਹ ਇਹ ਮੰਨਦੇ ਹਨ ਕਿ ਜਦੋਂ (ਗੁਰੂ) ਨਾਨਕ (ਦੇਵ ਜੀ) ਨੇ ਆਪਣਾ ਸ਼ਰੀਰ ਛੱਡਿਆ, ਤਾਂ ਉਹ (ਗੁਰੂ) ਅੰਗਦ (ਦੇਵ ਜੀ) ਵਿਚ ਗਏ, ਉਨ੍ਹਾਂ ਦੇ ਨੇੜਲੇ ਸੇਵਕ । ਗੁਰੂ ਅੰਗਦ (ਦੇਵ ਜੀ) ਮਤਲਬ (ਗੁਰੂ) ਨਾਨਕ (ਦੇਵ ਜੀ) । ਬਾਅਦ ਵਿਚ ਗੁਰੂ ਅੰਗਦ (ਦੇਵ ਜੀ) (ਗੁਰੂ) ਅਮਰਦਾਸ (ਜੀ) ਦੇ ਸ਼ਰੀਰ ਵਿਚ ਗਏ, ਤੇ ਇਸੇ ਤਰੀਕੇ ਨਾਲ ਉਹ (ਗੁਰੂ) ਰਾਮਦਾਸ (ਜੀ) ਦੇ ਸ਼ਰੀਰ ਦੇ ਵਿਚ, ਤੇ (ਗੁਰੂ) ਰਾਮਦਾਸ (ਜੀ) ਇਸੇ ਤਰੀਕੇ ਨਾਲ ਗੁਰੂ ਅਰਜਨ (ਦੇਵ ਜੀ) ਵਿਚ । ਉਹ ਇਨ੍ਹਾਂ ਸਾਰਿਆਂ (ਗੁਰੂਆਂ) ਨੂੰ ਮਹਲ ਕਹਿੰਦੇ ਹਨ, ਪਹਿਲੇ ਮਹਲ (ਗੁਰੂ) ਨਾਨਕ (ਦੇਵ ਜੀ), ਦੂਜੇ (ਗੁਰੂ) ਅੰਗਦ (ਦੇਵ ਜੀ), ਇਵੇਂ ਹੀ ਬਾਕੀ, ਤੇ ਪੰਜਵੇਂ ਮਹਲ ਗੁਰੂ ਅਰਜਨ (ਦੇਵ ਜੀ) । ਉਹ (ਸਿੱਖ) ਕਹਿੰਦੇ ਹਨ ਜੋ ਗੁਰੂ ਅਰਜਨ (ਦੇਵ ਜੀ) ਨੂੰ ਬਾਬਾ ਨਾਨਕ ਨਹੀਂ ਸਮਝਦੇ, ਉਹ ਮਨਮੁਖ/ਮਰਖ਼ ਹਨ, ਕਾਫ਼ਿਰ ਹਨ[16]

2.    ਗੁਰੂ ਹਰਿਗੋਬਿੰਦ (ਸਾਹਿਬ ਜੀ) ਨੇ ਆਪਣੇ ਪੱਤਰ ਦੇ ਵਿਚ, ਜੋ ਮੈਨੂੰ ਭੇਜਿਆ ਸੀ, ਆਪਣੇ ਆਪ ਨੂੰ ਨਾਨਕ ਲਿਖਿਆ ਹੈ, ਜੋ ਇਸ ਪੰਥ ਦਾ ਗੁਰੂ ਹੈ[17]

ਇਹ ਹੋ ਗਈ ਖਾਲਸਾ ਸਾਜਣ ਤੋਂ ਪਹਿਲਾ ਦੀ ਗੱਲ । ਹੁਣ ਆਪਾਂ ਇਹ ਦੇਖਣਾ ਹੈ ਕਿ ਕੀ ਖਾਲਸਾ ਵੀ ਨਾਨਕ ਪੰਥੀ ਹੈ ਜਾਂ ਨਹੀਂ । ਇਸ ਦੇ ਲਈ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਆਖਰੀ ਕੁਝ ਸਾਲਾਂ ਵਿਚ ਅਤੇ ਉਨ੍ਹਾਂ ਦੇ ਜੋਤੀ-ਜੋਤਿ ਸਮਾਉਣ ਤੋਂ ਬਾਅਦ ਦੇ ਸਾਲਾਂ ਦਾ ਜ਼ਿਕਰ ਕਰਦੇ ਹਾਂ ।

ਡਾ ਗੰਡਾ ਸਿੰਘ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਉੱਤੇ ਇਕ ਕਿਤਾਬ ਲਿਖੀ ਗਈ ਸੀ, ਜਿਸ ਵਿਚ ਉਨ੍ਹਾਂ ਕੇ ਲਿਖਿਆ ਕਿ ਬਾਦਸ਼ਾਹ ਨੇ 1710 ਈ: ਨੂੰ ਇਕ ਹੁਕਮ ਜਾਰੀ ਕੀਤਾ ਸੀ ਕਿ ਜਿਥੇ ਵੀ ਨਾਨਕ ਪੰਥੀ (ਨਾਨਕ-ਪੂਜਕ) ਮਿਲਣ ਉਨ੍ਹਾਂ ਨੂੰ ਖ਼ਤਮ ਕਰ ਦਿੱਤਾ ਜਾਵੇ[18] । ਹੁਣ ਜੇ ਦੇਖਿਆ ਜਾਵੇ ਤਾਂ ਨਾਨਕ-ਪੂਜਕ, ਜੋ ਕੇ ਨਾਨਕ ਪੰਥੀ ਹਨ, ਜੋ ਪ੍ਰੋਫੈਛੜ ਛਾਬ ਜੀ ਦੇ ਅਨੁਸਾਰ ਖਾਲਸਾ ਨਹੀਂ ਹੈ, ਉਨ੍ਹਾਂ ਨੂੰ ਮਾਰਨ ਦਾ ਹੁਕਮ ਕਿਉਂ ਹੋਇਆ ? ਉਹ ਤਾਂ ਆਮ ਸਿੱਖ ਸਨ, ਜੋ ਫ਼ੌਜ ਦੇ ਵਿਚ ਨਹੀਂ ਸਨ । ਬਾਦਸ਼ਾਹ ਨੇ ਖਾਲਸੇ ਨੂੰ ਛੱਡ ਕੇ ਨਾਨਕ-ਪੂਜਕਾਂ ਨੂੰ ਮਾਰਨ ਦਾ ਕਿਉਂ ਹੁਕਮ ਦਿੱਤਾ ? ਨਾਲੇ ਉਸਨੇ ਗੋਬਿੰਦ ਸਿੰਘ-ਪੂਜਕ ਕਿਉਂ ਨਾਂ ਕਿਹਾ, ਨਾਨਕ-ਪੂਜਕ ਕਿਉਂ ਕਿਹਾ ?

ਮਾਰਨ ਦਾ ਹੁਕਮ ਇਸ ਲਈ ਹੋਇਆ ਕਿਉਂਕਿ ਉਹ ਨਾਨਕ-ਪੰਥੀ ਤੇ ਖਾਲਸੇ ਨੂੰ ਅਲੱਗ-ਅਲੱਗ ਨਹੀਂ ਦੇਖਦਾ ਸੀ । ਉਸ ਲਈ ਉਹ ਸਾਰੇ ਇਕੋ ਸਨ । ਉਸਨੂੰ ਪਤਾ ਸੀ ਕਿ ਗੁਰੂ ਸਾਹਿਬਾਨ ਤੇ ਸਿੱਖ ਕੀ ਹਨ ਤੇ ਉਹ ਕੀ ਮੰਨਦੇ ਹਨ । ਉਸਨੂੰ ਇਹ ਵੀ ਪਤਾ ਸੀ ਕਿ ਖਾਲਸਾ ਪੈਦਾ ਹੋ ਚੁੱਕਾ ਹੈ । ਫਿਰ ਕਿਸ ਅਧਾਰ ਤੇ ਖਾਲਸੇ ਨੂੰ ਨਾਨਕ ਪੰਥੀਆਂ ਨਾਲੋਂ ਵੱਖ ਕੀਤਾ ਗਿਆ ਪ੍ਰੋਫੈਛੜ ਛਾਬ ਵੱਲੋਂ ?

ਇਹ ਸਿਰਫ਼ ਇਥੇ ਹੀ ਨਹੀਂ ਬਲਕਿ ਇਤਿਹਾਸ ਦੇ ਵਿਚ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਨਾਨਕ ਪੰਥੀ ਲਿਖਿਆ ਹੈ । ਪੰਜਾਬੀ ਯੂਨੀਵਰਸਿਟੀ ਵੱਲੋਂ ਛਪਦੇ ਰਸਾਲੇ ਦੇ ਵਿਚ ਅਖ਼ਬਾਰ-ਏ-ਦਰਬਾਰ-ਏ-ਮੁਆਲਾ ਦਾ ਅੰਗਰੇਜ਼ੀ ਦੇ ਵਿਚ ਅਨੁਵਾਦ ਕੀਤਾ ਗਿਆ ਹੈ, ਜਿਸ ਵਿਚ ਕੁਝ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਹੈ ਅਤੇ ਬਹੁਤਾਤ ਦੇ ਵਿਚ ਉਸ ਤੋਂ ਬਾਅਦ ਸਿੰਘਾਂ ਦੇ ਬਾਰੇ । ਕਈ ਥਾਈਂ ਇਸ ਵਿਚ ਸਿੱਖਾਂ ਨੂੰ, ਜੋ ਉਸ ਵੇਲੇ ਲੜ ਰਹੇ ਸਨ ਮੁਗ਼ਲਾਂ ਨਾਲ, ਉਨ੍ਹਾਂ ਨੂੰ ਨਾਨਕ-ਪੂਜਕ ਲਿਖਿਆ ਹੈ ।

1.    30 ਅਕਤੂਬਰ 1708, ਸ਼ਨੀਵਾਰ: ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਤੋਂ ਬਾਅਦ ਮਹਾਰਾਜੇ ਨੇ ਗੁਰੂ – ਨਾਨਕ ਪੰਥੀ – ਦੇ ਪੁੱਤਰ ਨੂੰ ਇਕ ਪੁਸ਼ਾਕ ਭੇਜਣ ਦਾ ਹੁਕਮ ਦਿੱਤਾ[19]

ਇਸ ਨਾਲ ਇਹ ਵਿਚਾਰਧਾਰਾ ਦਾ ਵੀ ਖ਼ਾਤਮਾ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਸਿੱਖ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਅਲੱਗ-ਅਲੱਗ ਹਨ ।

ਇਸੇ ਵਿਚ ਇਕ ਹੋਰ ਗੱਲ ਕੀਤੀ ਜਾਣੀ ਚਾਹੀਦੀ ਹੈ ਉਹ ਇਹ ਕਿ ਪ੍ਰੋਫੈਛੜ ਛਾਬ ਜੀ ਕਹਿੰਦੇ ਨੇ ਕਿ ਬੀ 40 ਜਨਮਸਾਖੀ ਦੇ ਕਰਤਾ ਨੂੰ ਪਤਾ ਨਹੀਂ ਸੀ ਖਾਲਸਾ ਬਾਰੇ[20] ਇਹ ਕੋਈ ਵਧੀਆ ਦਲੀਲ ਨਹੀਂ ਹੈ । ਜੇਕਰ ਇਹ ਮੰਨ ਲਿਆ ਜਾਵੇ ਕਿ ਇਸ ਵਿਚ ਖਾਲਸੇ ਦਾ ਜ਼ਿਕਰ ਨਹੀਂ ਹੈ ਤਾਂ ਇਸਦੇ ਕੁਝ ਇਹ ਕਾਰਣ ਹੋ ਸਕਦੇ ਹਨ ।

1.    ਗ੍ਰੰਥ ਦੇ ਕਰਤਾ ਨੂੰ ਇਹ ਨਹੀਂ ਪਤਾ ਹੋਵੇਗਾ ਕਿ ਖਾਲਸਾ ਪੈਦਾ ਹੋ ਚੁੱਕਾ ਹੈ । ਸ਼ਾਇਦ ਜਿਥੇ ਉਹ ਰਹਿੰਦਾ ਹੈ ਉਥੇ ਉਸ ਤੱਕ ਇਹ ਖ਼ਬਰ ਨਹੀਂ ਪਹੁੰਚੀ ।

2.    ਉਹ ਗੁਰੂ ਨਾਨਕ ਦੇਵ ਜੀ ਬਾਰੇ ਲਿਖ ਰਿਹਾ ਸੀ, ਜੇਕਰ ਉਸਨੂੰ ਪਤਾ ਵੀ ਹੁੰਦਾ ਕਿ ਖਾਲਸਾ ਪੈਦਾ ਹੋ ਚੁੱਕਾ ਹੈ ਤਾਂ ਉਸ ਬਾਰੇ ਗੱਲ ਕਰਨੀ ਕੁਝ ਮਤਲਬ ਨਹੀਂ ਰੱਖਦੀ ਸੀ । ਜੇਕਰ ਦਿੰਦਾ ਤਾਂ ਕੋਈ ਨੁਕਸਾਨ ਨਹੀਂ ਸੀ । ਇਹ ਸਿਰਫ਼ ਇਸ ਪੁਸਤਕ ਤੱਕ ਹੀ ਸੀਮਤ ਨਹੀਂ, ਇਸ ਤੋਂ ਬਾਅਦ ਵੀ ਕਿਤਾਬਾਂ ਲਿਖੀਆਂ ਗਈਆਂ ਨੇ ਜਿਸ ਵਿਚ ਸਾਰੇ ਗੁਰੂਆਂ ਦਾ ਜ਼ਿਕਰ ਹੈ – ਜਿਵੇਂ ਮਹਿਮਾ ਪ੍ਰਕਾਸ਼, ਬੰਸਾਵਲੀਨਾਮਾ, ਪੰਥ ਪ੍ਰਕਾਸ਼, ਸੂਰਜ ਪ੍ਰਕਾਸ਼, ਇਤਿਆਦਿ – ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦਾ ਜੀਵਨ ਲਿਖਣ ਲੱਗੇ ਉਨ੍ਹਾਂ ਦਾ ਹੀ ਜ਼ਿਕਰ ਕੀਤਾ ਹੈ । ਇਸ ਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਨੂੰ ਖਾਲਸਾ ਪੰਥ ਦਾ ਨਹੀਂ ਪਤਾ ਸੀ, ਕਿਉਂਕਿ ਇਸ ਦਾ ਜ਼ਿਕਰ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿਚ ਜਾ ਕੇ ਕਰਦੇ ਹਨ ।

ਫਿਰ ਉਹ ਆਪਣੀ ਗੱਲ ਸਿੱਧ ਕਰਨ ਲਈ ਬੀ 40 ਜਨਮਸਾਖੀ ਦੀ ਸਾਖੀ[21] ਦਿੰਦਾ ਹੈ ਕਿ ਪਹਿਲਾਂ ਦੇ ਸਿੱਖ ਕੇਸ ਕੱਟਦੇ ਸਨ । ਜੇਕਰ ਇਹ ਸੱਚ ਮੰਨ ਲਿਆ ਜਾਵੇ ਤਾਂ ਇਸ ਨਾਲ ਉਸ ਦੀਆਂ ਕੋ ਧਾਰਨਾਵਾਂ ਖ਼ਤਮ ਹੁੰਦੀਆਂ ਹਨ ।

1.    ਕਿ ਸਹਿਜਧਾਰੀ ਹਮੇਸ਼ਾ ਮੋਨੇ ਹੁੰਦੇ ਸਨ । ਜੇ ਮੋਨੇ ਹੁੰਦੇ ਸਨ ਤਾਂ ਸਾਖੀ ਦੇ ਵਿਚ ਆਏ ਬੰਦੇ ਦੇ ਸਿਰ ਤੇ ਕੇਸ ਕਿਉਂ ਸਨ ਜੇ ਉਹ ਸਿੱਖ ਹੈ ?

2.    ਕਿ ਇਹ ਪਰੰਪਰਾ ਹੈ ਇਤਿਹਾਸ ਨਹੀਂ, ਕਿਉਂਕਿ ਜੇ ਅਜਿਹਾ ਹੁੰਦਾ ਤਾਂ ਉਹ ਪਰੰਪਰਾ ਨੂੰ ਸਹੀ ਜਾਣ ਕਿ ਸੱਚ ਨਹੀਂ ਮੰਨ ਸਕਦਾ ਕਿਉਂਕਿ ਇਹ ਗੁਰੂ ਨਾਨਕ ਦੇਵ ਜੀ ਤੋਂ ਡੇਢ ਸੌ ਸਾਲ ਤੋਂ ਵੀ ਬਾਅਦ ਲਿਖਿਆ ਗਿਆ ।

ਇਕ ਗੱਲ ਜੋ ਸ਼ਰਧਾ-ਭਾਵਨਾ ਤੇ ਖੜ੍ਹੀ ਹੈ, ਜਿਸ ਨੂੰ ਇਹ ਲੋਕ ਨਕਾਰਦੇ ਹਨ ਕਿ ਇਹ ਇਤਿਹਾਸ ਲਈ ਸਹੀ ਨਹੀਂ ਹੈ, ਉਹ ਇਹ ਕਿ ਇਸੇ ਸਾਖੀ ਦੇ ਵਿਚ ਉਹ ਬੰਦਾ, ਜਦ ਉਸਨੂੰ ਰੋਟੀ ਨਹੀਂ ਮਿਲਦੀ ਗੁਰੂ ਜੀ ਨੂੰ ਦੇਣ ਦੇ ਲਈ ਤਾਂ ਉਹ ਆਪਣੇ ਕੇਸ ਵੇਚਦਾ ਹੈ, ਫਿਰ ਅਗਲੇ ਦਿਨ ਆਪਣਾ ਬੱਚਾ ਵੇਚਣ ਲਈ ਵੀ ਤਿਆਰ ਹੋ ਜਾਂਦਾ ਹੈ । ਕੀ ਇਸ ਤੋਂ ਇਹ ਅਨੁਮਾਨ ਲਾਇਆ ਜਾਵੇ ਕਿ ਪਹਿਲਾਂ ਦੇ ਸਿੱਖ ਆਪਣੇ ਬੱਚੇ ਵੇਚਦੇ ਸਨ ? ਨਹੀਂ ਇਸਦਾ ਇਹ ਭਾਵ ਨਹੀਂ ਹੈ ।

ਇਹ ਉਸ ਗੁਰੂ ਲਈ ਸੀ, ਜਿਸਨੂੰ ਉਹ ਇਕ ਸਾਧ ਸਮਝਦਾ ਹੈ, ਜਿਸ ਲਈ ਉਸਦੀ ਭਾਵਨਾ ਪੈਦਾ ਹੋ ਜਾਂਦੀ ਹੈ, ਅਤੇ ਉਹ ਗੁਰੂ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ ਹੈ ।

ਅਖ਼ੀਰ ਤੇ ਇਹ ਗੱਲ ਕਿ ਉਹ ਅਜੇ ਸਿੱਖ ਨਹੀਂ ਬਣਿਆ ਸੀ । ਉਹ ਗੁਰੂ ਨਾਨਕ ਦੇਵ ਜੀ ਨੂੰ ਪਹਿਲੀ ਵਾਰੀ ਦੇਖਦਾ ਹੈ, ਅਤੇ ਉਹ ਸ਼ਬਦ ਗਾ ਰਹੇ ਹਨ । ਉਸਨੂੰ ਇਹ ਕਹਿ ਦੇਣਾ ਕਿ ਉਹ ਸਿੱਖ ਹੈ, ਮਤਲਬ ਕਿ ਉਹ ਗੁਰੂ ਸਾਹਿਬਾਨ ਦੀ ਸਿੱਖਿਆ ਗ੍ਰਹਿਣ ਕਰ ਚੁੱਕਾ ਹੈ, ਬਿਲਕੁਲ ਗ਼ਲਤ ਹੈ । ਫਿਰ ਉਹ ਇਹ ਕਹਿੰਦਾ ਹੈ ਕਿ ਠਾਕੁਰਦੁਆਰੇ ਕ੍ਰਿਪਾ ਕਰੋ, ਨਾ ਕਿ ਧਰਮਸ਼ਾਲਾ । ਠਾਕੁਰਦੁਆਰਾ ਹਿੰਦੂ ਮੰਦਿਰ ਨੂੰ ਕਹਿੰਦੇ ਸਨ, ਪਰ ਇਸਦਾ ਮਤਲਬ ਸ੍ਵਾਮੀ ਦਾ ਘਰ ਵੀ ਹੁੰਦਾ ਹੈ, ਇਸ ਦਾ ਭਾਵ ਸ਼ਾਇਦ ਉਸ ਦੇ ਘਰ ਤੋਂ ਹੋਵੇ ।

1.    ਤਬ ਬਾਬਾ ਤੇ ਮਰਦਾਨਾ ਏਕ ਥਾਇ ਜਾਇ ਬੈਠੇ ।। ਇਕ ਸਿਖੁ ਥਾ ਉਹੁ ਵੇਖੈ ਤਾ ਕਿਆ ਵੇਖੈ ਜੋ ਸਾਧੁ ਹੈ ।। ਅਤੇ ਅਨਾਹਦ ਸਬਦੁ ਗਾਵੀਦਾ ਹੈ ।। ਉਸ ਦਾ ਆਤਮਾ ਭਿਜ ਗਇਆ ।। ਉਸ ਆਇ ਕੈ ਕਹਿਆ ਜੀ ਮਿਹਰਵਾਨੁ ਠਾਕੁਰਦੁਆਰੇ ਕ੍ਰਿਪਾ ਕੀਜੈ ।। ਤਬ ਬਾਬਾ ਅਤੇ ਮਰਦਾਨਾ ਦੋਵੈ ਗਏ ।।

ਇਸ ਵਿਚ ਆਪਾਂ ਪ੍ਰੋਫੈਛੜ ਛਾਬ ਦੀਆਂ ਹੋਰ ਗੱਲਾਂ ਨਹੀਂ ਕਰਾਂਗੇ, ਕਿਉਂਕਿ ਉਨ੍ਹਾਂ ਦੀਆਂ ਠੰਢੀਆਂ ਦਲੀਲਾਂ ਦੇ ਉੱਤਰ ਦਿੰਦੇ-ਦਿੰਦੇ ਕਿਤਾਬਾਂ ਦੀਆਂ ਕਿਤਾਬਾਂ ਲਿਖੀਆਂ ਜਾ ਸਕਦੀਆਂ ਹਨ ।

 

ਨ ਕੋ ਹਿੰਦੂ ਨ ਮੁਸਲਮਾਨ: ਜਦੋਂ ਗੁਰੂ ਨਾਨਕ ਦੇਵ ਜੀ ਵੇਈਂ ਨਦੀ ਦੇ ਵਿਚੋਂ ਬਾਹਰ ਆਏ ਤਾਂ ਉਨ੍ਹਾਂ ਨੇ ਇਹ ਉਪਦੇਸ਼ ਦਿੱਤਾ ਕਿ ਕੋਈ ਹਿੰਦੂ ਨਹੀਂ ਹੈ ਤੇ ਨਾ ਹੀ ਕੋਈ ਮੁਸਲਮਾਨ ਹੈ । ਕਈਆਂ ਨੇ ਇਸ ਦਾ ਇਹ ਅਰਥ ਲਾ ਲਿਆ ਕਿ ਗੁਰੂ ਨਾਨਕ ਦੇਵ ਜੀ ਧਰਮਾਂ ਦੇ ਵਿਰੋਧ ਦੇ ਵਿਚ ਸਨ ਅਤੇ ਉਹ ਕੋਈ ਨਵਾਂ ਧਰਮ ਸ਼ੁਰੂ ਨਹੀਂ ਕਰ ਸਕਦੇ ਸਨ ।

ਗੁਰੂ ਨਾਨਕ ਦੇਵ ਜੀ ਦੀਆਂ ਬਾਕੀ ਸਿੱਖਿਆਵਾਂ ਦੀ ਤਰ੍ਹਾਂ ਇਹ ਸਿੱਖਿਆ ਵੀ ਕਈਆਂ ਨੂੰ ਸਮਝ ਨਹੀਂ ਲੱਗੀ । ਜਦੋਂ ਗੁਰੂ ਨਾਨਕ ਦੇਵ ਜੀ ਇਹ ਕਹਿੰਦੇ ਨੇ ਕਿ ਕੋਈ ਹਿੰਦੂ ਅਤੇ ਮੁਸਲਮਾਨ ਨਹੀਂ ਹੈ ਤਾਂ ਇਸਦਾ ਇਹ ਭਾਵ ਸੀ ਕਿ ਲੋਕ ਵੰਡੇ ਗਏ ਨੇ, ਉਹ ਦੂਸਰਿਆਂ ਨੂੰ ਨਫ਼ਰਤ ਦੀ ਨਿਗ੍ਹਾ ਨਾਲ ਦੇਖਦੇ ਨੇ, ਉਹ ਉਸ ਪਰਮ ਜੋਤਿ ਨੂੰ ਨਹੀਂ ਦੇਖਦੇ ਜੋ ਸਾਰਿਆਂ ਵਿਚ ਹੈ । ਗੁਰੂ ਸਾਹਿਬ ਦੁਨੀਆਂ ਨੂੰ ਉਹ ਅੱਖਾਂ ਦਿੰਦੇ ਹਨ ਜਿਸ ਵਿਚ ਕੋਈ ਇਨਸਾਨ ਨਹੀਂ ਹੈ, ਕੋਈ ਜਾਨਵਰ ਨਹੀਂ ਹੈ, ਇਨ੍ਹਾਂ ਅੱਖਾਂ ਨਾਲ ਸਿਰਫ਼ ਉਹ ਪਰਮ ਜੋਤਿ ਦਿੱਖਦੀ ਹੈ, ਹੋਰ ਕੁਝ ਵੀ ਨਹੀਂ ।

ਇਸ ਸਮੇਂ ਫਿਰ ਉਹ ਮੁਸਲਮਾਨਾਂ ਕੋਲ ਵੀ ਜਾਂਦੇ ਨੇ, ਜਿਸ ਤੋਂ ਇਕ ਦੂਸਰਾ ਪੱਖ ਨਿਕਲਦਾ ਹੈ ਉਹ ਇਹ ਕਿ ਮੁਸਲਮਾਨਾਂ ਵਾਲੇ ਅਤੇ ਹਿੰਦੂਆਂ ਵਾਲੇ ਕੋਈ ਵੀ ਧਰਮ ਦਾ ਕੰਮ ਨਹੀਂ ਕਰ ਰਹੇ । ਗੁਰਬਾਣੀ ਦੇ ਵਿਚ ਬਹੁਤ ਸਾਰੀਆਂ ਪਰਿਭਾਸ਼ਾਵਾਂ ਆਈਆਂ ਹਨ । ਗੁਰੂ ਸਾਹਿਬਾਨਾਂ ਨੇ ਸਮਾਜ ਨੂੰ ਸਹੀ ਅਰਥ ਦੱਸੇ ਨੇ ਕਿ ਸਹੀ ਮਾਇਣੇ ਦੇ ਵਿਚ ਜੋਗੀ ਕੌਣ ਹੈ, ਪੰਡਿਤ, ਵੈਸ਼ਨਵ, ਸਿੱਖ, ਮੁਸਲਮਾਨ, ਗੁਰਮੁਖ, ਬ੍ਰਾਹਮਣ, ਗੁਰੂ, ਸਤਿਗੁਰੂ, ਇਤਿਆਦਿ, ਕੌਣ ਹਨ । ਉਨ੍ਹਾਂ ਪਰਿਭਾਸ਼ਾਵਾਂ ਦੇ ਅਨੁਕੂਲ ਹਿੰਦੂ ਅਤੇ ਮੁਸਲਮਾਨ ਨਹੀਂ ਹਨ, ਇਸ ਲਈ ਗੁਰੂ ਸਾਹਿਬਾਨ ਨੇ ਇਹ ਬਚਨ ਉਚਾਰੇ ।

 

ਸਿੰਘ ਸਭਾ ਲਹਿਰ

ਜਿਵੇਂ ਖਾਲਸੇ ਨੂੰ ਕਈ ਲੋਕ ਨਹੀਂ ਸਮਝ ਪਾਏ ਤੇ ਇਹ ਕਹਿ ਰਹੇ ਸਨ ਕਿ ਇਹ ਬਸ ਹਿੰਦੂ ਧਰਮ ਨੂੰ ਬਚਾਉਣ ਲਈ ਸੀ ਅਤੇ ਮੁਸਲਮਾਨਾਂ ਨੂੰ ਮਾਰਨ ਦੇ ਲਈ, ਉਸੇ ਤਰ੍ਹਾਂ ਲੋਕਾਂ ਨੇ ਸਿੰਘ ਸਭਾ ਲਹਿਰ ਨਾਲ ਕੀਤਾ । ਉਹ ਨਾ ਹੀ ਇਸਦਾ ਕੰਮ ਸਮਝ ਪਾਏ ਤੇ ਨਾ ਹੀ ਇਸਦਾ ਕਾਰਣ ।

ਬਹੁਤੇ ਹਿੰਦੂਵਾਦੀਆਂ ਦੇ ਲਈ ਇਹ ਇਕ ਅਜਿਹੀ ਲਹਿਰ ਸੀ ਜਿਸ ਨੇ ਸਿੱਖਾਂ ਨੂੰ ਹਿੰਦੂਆਂ ਤੋਂ ਵੱਖ ਕਰ ਦਿੱਤਾ ਸਦਾ ਦੇ ਲਈ । ਉਹ ਇਸ ਲਹਿਰ ਨੂੰ ਹੁਣ ਤੱਕ ਇਸੇ ਤਰ੍ਹਾਂ ਪਰਚਾਰਦੇ ਹਨ, ਅਤੇ ਕਈ ਮੂਰਖ਼ਾਂ ਨੇ ਤਾਂ ਇਸ ਲਹਿਰ ਨੂੰ ਹੀ ਖਾਲਸਾ ਰਹਿਤ ਦਾ ਮੁੱਢ ਮੰਨ ਲਿਆ ਹੈ । ਜਦਕਿ ਇਹ ਉਸਦਾ ਕੋਈ ਕਾਰਣ ਨਹੀਂ ਦੱਸਦੇ । ਇਥੋਂ ਤੱਕ ਕਿ ਪ੍ਰੋਫੈਛੜ ਛਾਬ ਵੀ ਇਸ ਲਈ ਭਾਈ ਕਾਨ੍ਹ ਸਿੰਘ ਨਾਭੇ ਦੀਆਂ ਗੱਲਾਂ ਨਕਾਰ ਦਿੰਦਾ ਹੈ ਕਿਉਂਕਿ ਉਹ ਸਿੰਘ ਸਭਾ ਲਹਿਰ ਨਾਲ ਸੰਬੰਧਿਤ ਸਨ ।

ਸਿੰਘ ਸਭਾ ਲਹਿਰ ਦੇ ਜਿੰਨੇ ਵੀ ਪ੍ਰਮੁੱਖ ਪ੍ਰਚਾਰਕ ਸੀ ਉਨ੍ਹਾਂ ਨੇ ਕੋਈ ਨਵੀਂ ਗੱਲ ਨਹੀਂ ਕੀਤੀ ਬਲਕਿ ਜੋ ਪੁਰਾਤਨ ਸ੍ਰੋਤ ਸਨ ਉਹ ਉਹ ਇਸਤੇਮਾਲ ਕਰ ਰਹੇ ਸਨ । ਭਾਈ ਕਾਨ੍ਹ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਵੀਰ ਸਿੰਘ, ਆਦਿ, ਸੱਜਣ ਗੁਰਬਾਣੀ ਦਾ ਬਹੁਤ ਜ਼ਿਆਦਾ ਇਸਤੇਮਾਲ ਕਰਦੇ ਹਨ ਆਪਣੀਆਂ ਲਿਖਤਾਂ ਦਾ ਵਿਚ । ਉਨ੍ਹਾਂ ਦਾ ਇਹ ਮੰਨਣਾ ਸੀ ਕਿ ਗੁਰਬਾਣੀ ਤੋਂ ਉਲਟ ਕੋਈ ਗੱਲ ਪ੍ਰਵਾਨ ਨਹੀਂ ।

ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਉਸ ਸਮੇਂ ਦੇ ਸਿੱਖਾਂ ਨੇ ਨਾ ਕੇਵਲ ਉਨ੍ਹਾਂ ਨੂੰ ਸੁਰਜੀਤ ਕੀਤਾ ਬਲਕਿ ਬਹੁਤ ਸਾਰੀਆਂ ਲਿਖਤਾਂ ਵੱਲ ਵੀ ਧਿਆਨ ਦਿਵਾਇਆ । ਜੋ ਲੋਕ ਆਪਣਾ ਜੀਵਨ ਮਨਮਤਿ ਦੇ ਅਨੁਸਾਰ ਜਿਉਂ ਰਹੇ ਸਨ ਉਨ੍ਹਾਂ ਨੂੰ ਇਹ ਸਮਝਾਉਣਾ ਬਹੁਤ ਜ਼ਰੂਰੀ ਸੀ ਕਿ ਉਹ ਗ਼ਲਤ ਕਿਉਂ ਸਨ । ਇਸਨੂੰ ਇਸ ਤਰੀਕੇ ਨਾਲ ਸਮਝੋ । ਗੁਰੂ ਨਾਨਕ ਦੇਵ ਜੀ ਜਦੋਂ ਪ੍ਰਚਾਰ ਦੇ ਲਈ ਜਾਂਦੇ ਸਨ ਤਾਂ ਬਹੁਤੇ ਉਹ ਲੋਕ ਮਿਲਦੇ ਸਨ ਜਿਨ੍ਹਾਂ ਨੂੰ ਲੱਗਦਾ ਸੀ ਕਿ ਇਹ ਉਨ੍ਹਾਂ ਦੇ ਧਰਮ ਦੇ ਵਿਰੁਧ ਹੈ, ਚਾਹੇ ਹੁਣ ਦੇ ਸਮੇਂ ਦੇ ਵਿਚ ਕਈ ਹਿੰਦੂ ਇਹ ਕਹਿੰਦੇ ਨੇ ਕਿ ਗੁਰੂ ਨਾਨਕ ਦੇਵ ਜੀ ਨੇ ਕੁਝ ਵੀ ਨਵਾਂ ਨਹੀਂ ਕਿਹਾ ਅਤੇ ਜੋ ਉਹ ਪ੍ਰਚਾਰ ਕਰ ਰਹੇ ਸਨ ਉਹ ਹਿੰਦੂ ਧਰਮ ਦਾ ਹੀ ਹਿੱਸਾ ਸੀ । ਇਹੀਓ ਗੱਲ ਸਿੰਘ ਸਭਾ ਲਹਿਰ ਵੇਲੇ ਹੋਈ । ਜੋ ਸਿੱਖ ਬਾਹਮਣੀ ਮੱਤ ਦੇ ਪ੍ਰਭਾਵ ਥੱਲੇ ਆ ਗਏ ਸਨ, ਹਿੰਦੂ ਉਨ੍ਹਾਂ ਨੂੰ ਆਪਣੇ ਤੋਂ ਅਲੱਗ ਨਹੀਂ ਕਰਨਾ ਚਾਹੁੰਦੇ ਸਨ । ਉਨ੍ਹਾਂ ਨੂੰ ਲੱਗਦਾ ਸੀ ਕਿ ਇਹ ਹਿੰਦੂ ਹੀ ਸਨ ਅਤੇ ਇਸ ਤੋਂ ਪੁੱਠਾ ਪ੍ਰਚਾਰ ਕਰਨਾ ਗ਼ਲਤ ਹੈ । ਪਰ ਸਿੰਘ ਸਭਾ ਦੇ ਵੇਲੇ ਜਦੋਂ ਸਿੱਖਾਂ ਨੇ ਇਹ ਦਰਸਾਇਆ ਕਿ ਸਿੱਖੀ ਹੈ ਕੀ ਤਾਂ ਉਨ੍ਹਾਂ ਲਈ ਫਿਰ ਇਹ ਇਕ ਹਮਲੇ ਹੀ ਤਰ੍ਹਾਂ ਹੋ ਗਿਆ ਜਿਵੇਂ ਉਹ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੇ ਸੋਚਦੇ ਸਨ ।

ਇਸ ਤੋਂ ਵੱਧ ਹੋਰ ਕੁਛ ਵੀ ਨਹੀਂ ਸੀ ।

ਇਕ ਹੋਰ ਪੱਖ ਜੋ ਹੈ ਉਹ ਇਹ ਕਿ ਗੁਰਦੁਆਰਿਆਂ ਦਾ ਪ੍ਰਬੰਧ ਸਿੱਖ ਆਪਣੇ ਹੱਥ ਦੇ ਵਿਚ ਲੈਣਾ ਚਾਹੁੰਦੇ ਸਨ ਤਾਂ ਜੋ ਗੁਰਮਤਿ ਦਾ ਪ੍ਰਚਾਰ ਹੋ ਸਕੇ । ਤੁਸੀਂ ਦੇਖੋ ਕਿ ਬਾਹਮਣੀ ਮੱਤ ਦਾ ਇਹੋ ਜਿਹਾ ਪ੍ਰਭਾਵ ਪੈ ਗਿਆ ਸੀ ਕਿ ਲੋਕਾਂ ਦਾ ਪ੍ਰਸ਼ਾਦ ਲੈਣ ਤੋਂ ਹੀ ਮੁਨਕਰ ਹੋ ਗਏ ਸਨ ਹਰਿਮੰਦਰ ਸਾਹਿਬ ਦੇ ਪੁਜਾਰੀ, ਕਿ ਇਹ ਨੀਵੀਂਆਂ ਜਾਤੀਆਂ ਦੇ ਲੋਕ ਹਨ । ਜੋ ਮੁਢਲੀ ਚੀਜ਼ ਹੈ ਸਿੱਖ ਧਰਮ ਦੇ ਵਿਚ, ਕਿ ਕਿਸੇ ਦੀ ਕੋਈ ਜਾਤ ਨਹੀਂ ਹੈ ਜਦੋਂ ਤੁਸੀਂ ਗੁਰੂ ਵਾਲੇ ਹੋ, ਉਹੀ ਉਨ੍ਹਾਂ ਨੇ ਭੁਲਾ ਦਿੱਤੀ, ਹੋਰ ਤਾਂ ਕੀ ਯਾਦ ਰੱਖਣਾ ਸੀ ।

ਸਿੰਘ ਸਭਾ ਦਾ ਪ੍ਰਚਾਰ ਤੇ ਤਰਕ ਹੁਣ ਤੱਕ ਦੇ ਕਹਿੰਦੇ-ਕਹਾਉਂਦੇ ਪੜ੍ਹਿਆਂ-ਲਿਖਿਆਂ ਦੇ ਲਈ ਇਕ ਅੜਿੱਕਾ ਬਣਿਆਂ ਹੋਇਆ ਹੈ । ਤੇ ਇਸ ਅੜਿੱਕੇ ਨੂੰ ਉਹ ਇਹ ਕਹਿ ਕੇ ਟੱਪਣਾ ਚਾਹੁੰਦੇ ਹਨ ਕਿ ਉਹ ਸਿੰਘ-ਸਭੀਏ ਸਨ । ਇਹ ਕੋਈ ਤਰਕ ਨਹੀਂ ਹੈ । ਇਹ ਤਾਂ ਉਹ ਗੱਲ ਹੋ ਗਈ ਜਿਵੇਂ ਹਿੰਦੂਵਾਦੀ ਕਹਿੰਦੇ ਨੇ ਕਿ ਅੰਗਰੇਜ਼ਾਂ ਵੱਲੋਂ ਸਿੱਖਾਂ ਦਾ ਲਿਖਿਆ ਇਤਿਹਾਸ ਨਹੀਂ ਪੜ੍ਹਨਾ ਚਾਹੀਦਾ ਕਿਉਂਕਿ ਉਹ ਫੁਟ ਪਾਉਣਾ ਚਾਹੁੰਦੇ ਸਨ । ਇਹ ਬੇਵਕੂਫ਼ੀ ਹੈ ।

ਇਹ ਅੜਿੱਕਾ ਇੰਨਾਂ ਵੱਡਾ ਹੈ ਕਿ ਜਿੰਨੀਆਂ ਵੀ ਤਰਕਾਂ ਹਨ ਲੋਕਾਂ ਦੀਆਂ ਉਨ੍ਹਾਂ ਦੇ ਜਵਾਬ ਸਿੰਘ ਸਭਾ ਲਹਿਰ ਦੀਆਂ ਲਿਖਤਾਂ ਦੇ ਵਿਚ ਆਮ ਮਿਲ ਜਾਣਗੇ । ਤਾਈਂਓਂ ਇਹ ਲੋਕ ਸਿੰਘ ਸਭਾ ਤੋਂ ਭਜਦੇ ਹਨ । ਤੁਸੀਂ ਵੀ ਇਹ ਦੇਖਿਆ ਹੋਵੇਗਾ ਕਿ ਬਹੁਤਾਤ ਦੇ ਵਿਚ ਲੋਕ ਇਤਿਹਾਸ ਦੇ ਵਿਚੋਂ ਨਮੂਨੇ ਲੈ ਕੇ ਆਪਣੀ ਗੱਲ ਸਿੱਧ ਕਰਦੇ ਨੇ, ਕਿ ਸਿੱਖ ਹਿੰਦੂ ਹਨ, ਪਰ ਸਿੰਘ ਸਭਾ ਵਾਲਿਆਂ ਨੇ ਗੁਰਬਾਣੀ ਸਭ ਤੋਂ ਉੱਪਰ ਰੱਖੀ ਹੈ ਕਿ ਜੇ ਕੋਈ ਸਿਧਾਂਤ ਜਾਂ ਸਾਖੀ ਗੁਰਮਤਿ ਦੇ ਅਨੁਕੂਲ ਨਹੀਂ ਹੈ ਇਤਿਹਾਸ ਦੇ ਵਿਚ ਤਾਂ ਉਸਦਾ ਇਹ ਕਾਰਣ ਹੈ, ਗੁਰਬਾਣੀ ਇਹ ਕਹਿੰਦੀ ਹੈ ਇਸ ਕਰੇ ਇਤਿਹਾਸ ਵਾਲੀ ਸਾਖੀ ਸਹੀ ਨਹੀਂ ਹੈ ।

ਇਹ ਗੱਲ ਹਮੇਸ਼ਾ ਯਾਦ ਰੱਖੋ ਜੇਕਰ ਪੰਥ-ਵਿਰੋਧੀ ਕੋਈ ਗੱਲ ਨਹੀਂ ਮੰਨਦੇ ਤਾਂ ਉਸਦਾ ਕਾਰਣ ਇਹ ਨਹੀਂ ਕਿ ਉਨ੍ਹਾਂ ਦੀ ਗੱਲ ਦੇ ਵਿਚ ਦਲੀਲ ਹੈ, ਕਾਰਣ ਇਹ ਹੈ ਕਿ ਉਨ੍ਹਾਂ ਕੋਲ ਸਿੰਘ ਸਭਾ ਜਾਂ ਫਿਰ ਹੋਰ ਸਿੱਖਾਂ ਦੀਆਂ ਦਲੀਲਾਂ ਦਾ ਜਵਾਬ ਨਹੀਂ ਹੈ ।

ਅਤੇ ਆਮ ਲੋਕ ਜਿਨ੍ਹਾਂ ਨੂੰ ਸਿੰਘ ਸਭਾ ਬਾਰੇ ਜ਼ਿਆਦਾ ਨਹੀਂ ਪਤਾ ਉਹ ਜਦ ਇਨ੍ਹਾਂ ਬਾਰੇ ਸੁਨਣੇ ਹਨ ਤਾਂ ਉਹ ਹੋਰ ਜ਼ਿਆਦਾ ਪੜ੍ਹਦੇ ਹਨ । ਸੋ ਜੋ ਇਹ ਕੱਟਣ ਨੂੰ ਫਿਰਦੇ ਹਨ, ਇਹ ਇਨ੍ਹਾਂ ਨੂੰ ਹੀ ਕੱਟਣ ਲੱਗ ਜਾਂਦਾ ਹੈ । ਇਹ ਹਮੇਸ਼ਾ ਏਦਾਂ ਹੀ ਹੋਇਆ ਹੈ । ਚਾਹੇ ਜਨਮਸਾਖੀਆਂ ਦੀ ਗੱਲ ਹੋਵੇ, ਚਾਹੇ ਸੂਰਜ ਪ੍ਰਕਾਸ਼, ਦਸਮ ਦੀ ਬਾਣੀ, ਇਤਿਆਦਿ, ਜਿੰਨਾਂ ਇਨ੍ਹਾਂ ਦਾ ਵਿਰੋਧ ਹੋਇਆ, ਉਨ੍ਹਾਂ ਹੀ ਸਿੱਖਾਂ ਨੇ ਇਨ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ ।



[1] ਡਬਲਿਊ. ਐਚ. ਮੈਕਲੋਡ ਇਕ ਅਜਿਹਾ ਹੀ ਲੇਖਕ ਹੈ ਜਿਸ ਨੇ ਪਹਿਲਾਂ ਗੁਰੂ ਸਾਹਿਬਾਨਾਂ ਦੀ ਇਕਸਾਰਤਾ ਤੇ ਉਂਗਲ ਚੁੱਕੀ ਫਿਰ ਸਿੱਖਾਂ ਵਿਚ ਵੰਡੀਆਂ ਪਾਉਣ ਦਾ ਯਤਨ ਕੀਤਾ ਕਿ ਖ਼ਾਲਸੇ ਨੂੰ ਹਿੰਦੂਆਂ ਤੋਂ ਵੱਖ ਕਿਹਾ ਜਾ ਸਕਦਾ ਹੈ ਪਰ ਸਹਿਜਧਾਰੀਆਂ ਨੂੰ ਨਹੀਂ । ਸਿੱਖਾਂ ਦੀ ਵੱਖਰੀ ਹੋਂਦ ਨਾਮੀ ਕਿਤਾਬ ਵਿਚ ਉਸਨੇ ਉਹ ਕੁਫ਼ਰ ਤੋਲਿਆ ਹੈ ਕਿ ਬਿਆਨ ਨਹੀਂ ਕੀਤਾ ਜਾ ਸਕਦਾ । ਹਾਂ, ਇੰਨਾਂ ਜ਼ਰੂਰ ਕਹਿ ਸਕਦੇ ਹਾਂ ਕਿ ਸਕੋਲਰਲੀ ਲਿਖਤ ਹੇਠ ਉਸ ਦੀਆਂ ਸਾਰੀਆਂ ਊਟ-ਪਟਾਂਗ ਦਲੀਲਾਂ ਭਾਈ ਕਾਨ੍ਹ ਸਿੰਘ ਨਾਭਾ ਦੀ ਹਮ ਹਿੰਦੂ ਨਹੀਂ ਦੇ ਸਾਹਮਣੇ ਫਿੱਕੀਆਂ ਪੈ ਜਾਂਦੀਆਂ ਹਨ । ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਭਾਈ ਕਾਨ੍ਹ ਸਿੰਘ ਨਾਭੇ ਦੀ ਲਿਖਤ ਦੇ ਉੱਤਰ ਦੇਣ ਦੀ ਬਜਾਇ ਲੋਕ ਭਾਈ ਕਾਨ੍ਹ ਸਿੰਘ ਨਾਭੇ ਨੂੰ ਮੰਦਾ ਬੋਲਣ ਲੱਗ ਜਾਂਦੇ ਹਨ ।

[2] ਮੈਕਲੌਡ ਤੇ ਇਸਦੇ ਕੁੱਛੜ ਚੜ੍ਹੇ ਲਿਖਾਰੀਆਂ ਦੀਆਂ ਕਿਤਾਬਾਂ ਦੇਖੀਆਂ ਜਾ ਸਕਦੀਆਂ ਹਨ ।

[3] ‘Neither the gurus nor any members of their families married outside the Kshatriya castes. ਏ ਹਿਸਟਰੀ ਔਫ਼ ਦ ਸੀਖਸ, ਖ਼ੁਸ਼ਵੰਤ ਸਿੰਘ, ਪੇਜ 97

[4] ‘the Gurus themselves married their own children according to traditional caste prescriptions.’ ਹੂ ਇਜ਼ ਏ ਸਿਖ, ਦ ਪਰੋਬਲਮ ਔਫ਼ ਸੀਖ ਆਈਡੈਂਟਟੀ, ਡਬਲਿਊ. ਐਚ. ਮੈਕਲੋਡ, ਪੇਜ 21

[5] ‘The term sahaj-dhari was applied during the eighteenth century to Sikhs who cut their hair, and it is used in precisely this sense by the Chaupa Singh Rahit- ndma.3 The word sahaj can mean ‘slow’ or ‘natural’, and sahaj-dhari was subsequently construed to mean ‘slow-adopter’ or ‘a Sikh who is still on the path to full Khalsa membership’. This, however, represents the strained interpretation of a later generation, one which is unlikely to be correct. A much more plausible etymology associates the term with Guru Nanak’s use of sahaj to designate the condition of ultimate spiritual bliss which climaxes the nam simararj technique. Those who emphasized Guru Nanak’s interior practice of nam simaratj, as opposed to the outward symbols of the new Khalsa identity would thus come to be known as ‘those who affirm sahaj', or Sahaj-dhari Sikhs.’ ਹੂ ਇਜ਼ ਏ ਸਿਖ, ਦ ਪਰੋਬਲਮ ਔਫ਼ ਸੀਖ ਆਈਡੈਂਟਟੀ, ਡਬਲਿਊ. ਐਚ. ਮੈਕਲੋਡ, ਪੇਜ 45

[6] ‘A Sahaj-dhari is a Sikh who has never been a member of the Khalsa and has always cut his or her hair.’ ਹੂ ਇਜ਼ ਏ ਸਿਖ, ਦ ਪਰੋਬਲਮ ਔਫ਼ ਸੀਖ ਆਈਡੈਂਟਟੀ, ਡਬਲਿਊ. ਐਚ. ਮੈਕਲੋਡ, ਪੇਜ 5, ਫੁਟਨੋਟ

[7] ਹੂ ਇਜ਼ ਏ ਸਿਖ, ਦ ਪਰੋਬਲਮ ਔਫ਼ ਸੀਖ ਆਈਡੈਂਟਟੀ, ਡਬਲਿਊ. ਐਚ. ਮੈਕਲੋਡ, ਪੇਜ 45, ਫੁਟਨੋਟ

[8] ਰਹਿਤਨਾਮੇ, ਪਿਆਰਾ ਸਿੰਘ ਪਦਮ, ਪੇਜ 49

[9] ਦ ਚੌਪਾ ਸਿੰਘ ਰਹਿਤਨਾਮਾ, ਮੈਕਲੌਡ

[10] ਦ ਚੌਪਾ ਸਿੰਘ ਰਹਿਤਨਾਮਾ, ਮੈਕਲੌਡ, ਪੇਜ 154

[11] Similarly, all Sahaj-dharis are Monas but most Monas are not Sahaj-dharis. - ਹੂ ਇਜ਼ ਏ ਸਿਖ, ਦ ਪਰੋਬਲਮ ਔਫ਼ ਸੀਖ ਆਈਡੈਂਟਟੀ, ਡਬਲਿਊ. ਐਚ. ਮੈਕਲੋਡ, ਪੇਜ 114

[12] ਗਿਆਨ ਰਤਨਾਵਲੀ ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ, ਸੰਪਾਦਕ ਜਸਬੀਰ ਸਿੰਘ ਸਾਬਰ, ਪੇਜ 560

ਇਹ ਸਾਖੀ ਦਾ ਜ਼ਿਕਰ ਭਾਈ ਕਾਨ੍ਹ ਸਿੰਘ ਨਾਭਾ ਨੇ ਆਪਣੀ ਕਿਤਾਬ ਗੁਰੁਮਤ ਸੁਧਾਕਰ (ਪੇਜ 367) ਤੇ ਕੀਤਾ ਹੈ । ਇਨ੍ਹਾਂ ਕਾਰਣਾਂ ਕਰਕੇ ਕਈ ਲੋਕ ਭਾਈ ਕਾਨ੍ਹ ਸਿੰਘ ਨਾਭੇ ਨੂੰ ਚੰਗਾ ਨਹੀਂ ਸਮਝਦੇ ਕਿਉਂਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਬੰਦਾ ਅਲੱਗ-ਅਲੱਗ ਪੁਸਤਕਾਂ ਦਾ ਹਵਾਲਾ ਦੇ ਕੇ ਉਨ੍ਹਾਂ ਦੇ ਗੁੰਮਰਾਹਕੁੰਨ ਪ੍ਰਚਾਰ ਨੂੰ ਨੰਗਾ ਕਰ ਰਿਹਾ ਹੈ । ਹੁਣ ਤੁਸੀਂ ਮੈਕਲੌਡ ਨੂੰ ਹੀ ਦੇਖ ਲਵੋ, ਇਕ ਕਿਤਾਬ ਦਾ ਹਵਾਲਾ ਦੇ ਕੇ ਆਪਣਾ ਦਾਲ-ਫੁਲਕਾ ਚਲਾ ਰਿਹਾ ਸੀ ਕਈ ਕਿਤਾਬਾਂ ਵਿਚ । ਤੇ ਭਾਈ ਕਾਨ੍ਹ ਸਿੰਘ ਨਾਭੇ ਨੇ ਪਤਾ ਨੀ ਕਿੰਨੀਆਂ ਕਿਤਾਬਾਂ ਦਾ ਹਵਾਲਾ ਦੇ ਕੇ ਆਪਣੀ ਇਕ ਗੱਲ ਸਿੱਧ ਕਰਨੀ ਹੁੰਦੀ ਹੈ । ਮੈਕਲੌਡ ਵਾਲਾ ਦ੍ਰਿਸ਼ਟੀਕੋਣ ਬਾਹਮਣਵਾਦੀ ਲੋਕ ਵੀ ਕਰਦੇ ਨੇ ਜੋ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਤੇ ਤੁਲੇ ਹੋਏ ਹਨ; ਜਾਂ ਫਿਰ ਇਹ ਕਹਿ ਲਵੋ ਕਿ ਬਾਹਮਣਵਾਦੀ ਦ੍ਰਿਸ਼ਟੀਕੋਣ ਮੈਕਲੌਡ ਨੇ ਲੈ ਲਿਆ ਆਪਣੀਆਂ ਕਿਤਾਬਾਂ ਲਿਖਣ ਵੇਲੇ

[13] ‘By the end of the century the Khalsa ideal was clearly dominant and to some foreign observers it seemed that all Sikhs were in fact Sikhs of the Khalsa.’ - ਹੂ ਇਜ਼ ਏ ਸੀਖ? ਦ ਪਰੌਬਲਮ ਆਫ਼ ਸੀਖ ਆਈਡੈਨਟਟੀ, ਪੇਜ 57

[14] Tat Khalsa: the ‘True Khalsa’ or the ‘Pure Khalsa’. In the early eighteenth century the immediate followers of Banda Bahadur. In the late nineteenth and twentieth centuries radical members of the Singh Sabha’ - ਹੂ ਇਜ਼ ਏ ਸੀਖ? ਦ ਪਰੌਬਲਮ ਆਫ਼ ਸੀਖ ਆਈਡੈਨਟਟੀ, ਪੇਜ 133

[15] Nanak-panth: the community of Nanak’s followers; the early Sikh community; (later) members of the Sikh community who do not observe the discipline of the Khalsa

[16] ਸੀਖ ਹਿਸਟਰੀ ਫ਼ਰੌਮ ਪਰਸ਼ਿਅਨ ਸੋਰਸਿਸ, ਸੰਪਾਦਨਾ ਜੇ. ਐਸ. ਗਰੇਵਾਲ ਅਤੇ ਇਰਫ਼ਾਨ ਹਬੀਬ, ਪੇਜ 64, ਦਬਿਸਤਾਨ-ਏ-ਮਜ਼ਹਬ ਵਿਚੋਂ

[17] ਸੀਖ ਹਿਸਟਰੀ ਫ਼ਰੌਮ ਪਰਸ਼ਿਅਨ ਸੋਰਸਿਸ, ਸੰਪਾਦਨਾ ਜੇ. ਐਸ. ਗਰੇਵਾਲ ਅਤੇ ਇਰਫ਼ਾਨ ਹਬੀਬ, ਪੰਨਾ 71, ਦਬਿਸਤਾਨ-ਏ-ਮਜ਼ਹਬ ਵਿਚੋਂ

ਇਸਦੇ ਸੰਦਰਭ ਦੇ ਵਿਚ ਇਸ ਕਿਤਾਬ ਦਾ ਐਂਡਨੋਟ 46 ਵੀ ਦੇਖਿਆ ਜਾਵੇ ਜੋ 82 ਪੰਨੇ ਤੇ ਹੈ ।

[18] ਬੰਦਾ ਸਿੰਘ ਬਹਾਦੁਰ, ਡਾ ਗੰਡਾ ਸਿੰਘ, ਪੰਨਾ 83

[19] ਦ ਪੰਜਾਬ ਪਾਸਟ ਐਂਡ ਪਰੈਜ਼ੈਂਟ, ਅੰਕ 18-2 (ਅਕਤੂਬਰ 1984), ਪੰਨਾ 25

[20] The continuing presence of such Sikhs is plainly indicated by the testimony of the B40 Janam-sakhi. In this work, completed in 1733, we are offered clear evidence of a Nanak-panthi sangat living somewhere in the Gujranwala or Gujrat area. A prominent member of the sangat (the patron responsible for the recording of the janam-sakhi) is a Khatri called Daya Ram Abrol. Nowhere in the entire work is there any hint of a Khalsa awareness, nor of the military struggles in which the Khalsa was so deeply involved. Indeed, there is an evident willingness to accept without demur that most heinous of Khalsa sins, the cutting of hair. In one anecdote an impoverished Sikh cuts and sells his hair in order to purchase food for the Guru.’ - ਹੂ ਇਜ਼ ਏ ਸਿਖ, ਦ ਪਰੋਬਲਮ ਔਫ਼ ਸੀਖ ਆਈਡੈਂਟਟੀ, ਡਬਲਿਊ. ਐਚ. ਮੈਕਲੋਡ, ਪੇਜ 45

[21] ਜਨਮ ਸਾਖੀ ਗੁਰੂ ਨਾਨਕ ਦੇਵ ਜੀ, ਸੰਪਾਦਕ ਡਾ ਪਿਆਰ ਸਿੰਘ, ਪੰਨਾ 58