Sunday, 21 June 2020

Guru Nanak Dev ji ate manukh

ਗੁਰੂ ਨਾਨਕ ਦੇਵ ਜੀ ਤੇ ਮਨੁੱਖ

 

ਅੱਜ ਦੇ ਮਸ਼ੀਨੀ ਯੁੱਗ ਦੇ ਵਿਚ ਲੋਕ ਉਹੀ ਸਮਝਦੇ ਨੇ ਜੋ ਉਹ ਸਮਝਣਾ ਚਾਹੁੰਦੇ ਨੇ ਜਾਂ ਜੋ ਉਹ ਸਮਝਣ ਦੇ ਸਮਰਥ ਨੇ ਜੋ ਚੀਜ਼ ਸਮਝੀ  ਨਹੀਂ ਜਾ ਸਕਦੀ ਉਸ ਬਾਰੇ ਫਿਰ ਸੰਸਾਰੀ ਬੁੱਧੀ ਨਾਲ ਲਿਖਣਾ ਜਾਂ ਬੋਲਣਾ ਸ਼ੁਰੂ ਕਰ ਦਿੰਦੇ ਹਨ ਇਹ ਕੋਈ ਹੁਣ ਦੀ ਗੱਲ ਨਹੀਂ ਹੈ ਇਸ ਨੂੰ ਚੱਲਦੇ ਕਾਫ਼ੀ ਸਾਲ ਹੋ ਗਏ ਸ਼ਾਇਦ ਜੋ ਭਾਵਨਾ ਤੇ ਸ਼ਰਧਾ ਸਿੱਖਾਂ ਦੀ ਗੁਰੂ ਸਾਹਿਬਾਨਾਂ ਤੇ ਸੀ ਉਹ ਪੰਜਾਬ ਦੇ ਅੰਗਰੇਜ਼ਾਂ ਵੱਸ ਹੋ ਜਾਣ ਤੋਂ ਬਾਅਦ ਘੱਟ ਗਈ ਅਰਨਸਟ ਟਰੰਪ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਗਰੇਜ਼ੀ ਵਿਚ ਅਨੁਵਾਦ ਜਾਂ ਫਿਰ ਉਸਦੇ ਸ਼ੁਰੂਆਤ ਦੇ ਵਿਚ ਲਿਖੇ ਲੇਖ ਇਸ ਗੱਲ ਦੀ ਪ੍ਰੋੜਤਾ ਕਰਦੇ ਨੇ ਕਿ ਸਿੱਖੀ ਵਿਚ ਇਹ ਚੀਜ਼ ਬਾਹਰੋਂ ਆਈ ਹੈ ਇਹ ਸਿੱਖਾਂ ਦੇ ਵਿਚ ਸ਼ੁਰੂ ਤੋਂ ਨਹੀਂ ਸੀ ਵੇਖਾ-ਵੇਖੀ ਦਾ ਸ਼ਿਕਾਰ ਹੋਏ ਸਿੱਖ ਤੁਹਾਨੂੰ ਕਾਫ਼ੀ ਮਿਲ ਜਾਣਗੇ

 

ਮਨੁੱਖ

ਗੁਰੂ ਨਾਨਕ ਦੇਵ ਜੀ ਸਿਰਫ਼ ਸਿੱਖਾਂ ਦੇ ਨਹੀਂ ਬਲਕਿ ਪੂਰੀ ਦੁਨੀਆਂ ਦੇ ਗੁਰੂ ਹਨ ਗੁਰੂ ਨਾਨਕ ਦੇਵ ਜੀ ਨੂੰ ਕੋਈ ਵੀ ਆਪਣਾ ਗੁਰੂ ਮੰਨ ਸਕਦਾ ਹੈ ਕਈ ਲੋਕ ਸਿਰਫ਼ ਸਤਿਕਾਰ ਕਰਨ ਨੂੰ ਹੀ ਗੁਰੂ ਧਾਰਨਾ ਕਹਿ ਦਿੰਦੇ ਨੇ ਜੇਕਰ ਕੋਈ ਗੁਰਦੁਆਰੇ ਚਲਾ ਜਾਂਦਾ ਹੈ ਤਾਂ ਉਹ ਇਹ ਕਹਿਣ ਵਿਚ ਝਿਜਕ ਨਹੀਂ ਕਰਦਾ ਕਿ ਉਹ ਗੁਰੂ ਨਾਨਕ ਦੇਵ ਜੀ ਨੂੰ ਮੰਨਦਾ ਹੈ ਗੁਰੂ ਨੂੰ ਮੰਨਣਾ ਹੀ ਸਮਝ ਨਹੀਂ ਪਾਏ ਕਈ ਲੋਕ ਉਨ੍ਹਾਂ ਲਈ ਗੁਰੂ ਦੇ ਦਰਸ਼ਨ ਕਰਨੇ ਹੀ ਗੁਰੂ ਨੂੰ ਮੰਨਣਾ ਹੋ ਗਿਆ ਗੁਰੂ ਦਾ ਉਪਦੇਸ਼ ਅਤੇ ਜੋ ਰਾਹ ਉਨ੍ਹਾਂ ਨੇ ਦਿਖਾਇਆ ਸੀ ਉਹ ਉਸ ਤੇ ਨਹੀਂ ਚੱਲਦੇ ਚੱਲਣਾ ਤਾਂ ਬਹੁਤ ਦੂਰ ਉਨ੍ਹਾਂ ਨੂੰ ਉਸ ਰਸਤੇ ਦੀ ਸਮਝ ਨਹੀਂ ਹੈ ਉਨ੍ਹਾਂ ਨੂੰ ਪਤਾ ਹੀ ਨਹੀਂ ਕਿ ਗੁਰੂ ਸਾਹਿਬਾਨ ਦਾ ਉਪਦੇਸ਼ ਕੀ ਸੀ, ਉਨ੍ਹਾਂ ਨੇ ਕਿਹੜੀ ਰਹਿਤ ਦਿੱਤੀ ਸਿੱਖਾਂ ਨੂੰ

ਕੁਝ ਉਹ ਮਨੁੱਖ ਵੀ ਹਨ ਜੋ ਗੁਰੂ ਨੂੰ ਇਕ ਆਮ ਇਨਸਾਨ ਹੀ ਸਮਝਦੇ ਨੇ ਉਨ੍ਹਾਂ ਲਈ ਗੁਰੂ ਨਾਨਕ ਦੇਵ ਜੀ ਇਕ ਬਹੁਤ ਵੱਡੀ ਸਖ਼ਸ਼ੀਅਤ ਨਾ ਹੋਕੇ ਇਕ ਬਹੁਤ ਚੰਗੇ ਇਨਸਾਨ ਸਨ ਉਨ੍ਹਾਂ ਲਈ ਗੁਰੂ ਨਾਨਕ ਦੇਵ ਜੀ ਬਸ ਦੁਨੀਆਂ ਦੇ ਵਿਚ ਵਿਚਰ ਕੇ ਲੋਕਾਂ ਨੂੰ ਗਿਆਨ ਰਾਹੀ ਉਪਦੇਸ਼ ਦਿੰਦੇ ਰਹੇ, ਤੇ ਇਹ ਗਿਆਨ ਉਨ੍ਹਾਂ ਦਾ ਰੱਬੀ ਗਿਆਨ ਨਾ ਹੋ ਕਰ ਸੰਸਾਰੀ ਗਿਆਨ ਸੀ ਇਹ ਸੰਸਾਰੀ ਗਿਆਨ ਦੀ ਸੀਮਤਾ ਲੋਕਾਂ ਵੱਲੋਂ ਨਿਰਧਾਰਿਤ ਕੀਤੀ ਜਾ ਰਹੀ ਹੈ ਉਹ ਇਹ ਵੀ ਕਹਿੰਦੇ ਨਹੀਂ ਸ਼ਰਮਾਉਂਦੇ ਕਿ ਇਹ ਗਿਆਨ - ਜੋ ਰੱਬੀ ਗਿਆਨ ਸੀ - ਇਹ ਦੂਜੇ ਧਰਮਾਂ ਦੀਆਂ ਪੁਸਤਕਾਂ ਵਿਚੋਂ ਆਇਆ

ਜੋ ਫ਼ਲਸਫ਼ਾ, ਜੋ ਰਹਿਣੀ, ਜੋ ਉਪਦੇਸ਼, ਜੋ ਗਿਆਨ ਗੁਰੂ ਸਾਹਿਬਾਨ ਨੇ ਆਪਾਂ ਨੂੰ ਦਿੱਤਾ ਸੀ ਆਪਾਂ ਉਸਨੂੰ ਭੁਲਾਈ ਜਾ ਰਹੇ ਹਾਂ ਜੇਕਰ ਆਪਾਂ ਨੂੰ ਉਸਦੀ ਸਮਝ ਨਹੀਂ ਤਾਂ ਆਪਾਂ ਉਸਨੂੰ ਆਪਣੀ ਬੁੱਧੀ ਨਾਲ ਦੱਸਣ ਦਾ ਯਤਨ ਕਰਦੇ ਹਾਂ ਇਸ ਯਤਨ ਦੇ ਵਿਚ ਨਾ ਸਿਰਫ਼ ਆਪਾਂ ਸਿੱਖੀ ਤੋਂ ਮੁਨਕਰ ਹੋਣ ਵਾਲੀਆਂ ਗੱਲਾਂ ਕਰਦੇ ਹਾਂ ਬਲਕਿ ਗੁਰੂ ਸਾਹਿਬ ਦੇ ਜੀਵਨ ਨੂੰ ਵੀ ਢਾਅ ਲਾਉਣ ਦਾ ਯਤਨ ਕਰਦੇ ਹਾਂ ਫਿਰ ਇਸ ਵਿਚ ਆਪਾਂ ਫ਼ਕਰ ਮਹਿਸੂਸ ਕਰਦੇ ਹਾਂ ਕਿ ਅਸੀਂ ਉਹ ਸੱਚ ਸਮਝ ਲਿਆ ਜੋ ਗੁਰੂ ਨਾਨਕ ਦੇਵ ਜੀ ਨੇ ਦੁਨੀਆਂ ਨੂੰ ਦੱਸਿਆ ਸੀ

ਮੈਂ ਇਹ ਵੀ ਨਹੀਂ ਕਹਿ ਰਿਹਾ ਕਿ ਸਾਰੀ ਦੁਨੀਆਂ ਗੁਰੂ ਨਾਨਕ ਦੇਵ ਜੀ ਨੂੰ ਰੱਬ ਮੰਨ ਲਵੇ, ਪਰ ਘੱਟੋ-ਘੱਟ ਆਪਾਂ ਉਹ ਗੱਲਾਂ ਤਾਂ ਨਾ ਕਰੀਏ ਜਿਸ ਨਾਲ ਆਪਾਂ ਸਿੱਖੀ ਤੋਂ ਦੂਰ ਹੋ ਜਾਈਏ ਜਾਂ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈਏ

ਸੰਤਾਂ ਮਹਾਤਮਾਵਾਂ ਲਈ ਗੁਰੂ ਨਾਨਕ ਦੇਵ ਜੀ ਆਪ ਵਾਹਿਗੁਰੂ ਹਨ ਇਸ ਵਿਚ ਕੋਈ ਵੀ ਦੋ ਰਾਇਆਂ ਨਹੀਂ ਹਨ ਇਹ ਸਿਰਫ਼ ਉਨ੍ਹਾਂ ਦੀ ਭਾਵਨਾ ਜਾਂ ਸ਼ਰਧਾ ਨਹੀਂ ਬਲਕਿ ਉਨ੍ਹਾਂ ਦੀ ਭਗਤੀ ਦਾ ਨਿਚੋੜ ਹੈ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰ ਲਏ ਜੋਤਿ ਰੂਪ ਦੇ ਵਿਚ, ਜਿਨ੍ਹਾਂ ਦੇ ਹਿਰਦੇ ਵਿਚ ਗਿਆਨ ਦਾ ਪ੍ਰਕਾਸ਼ ਹੋ ਗਿਆ, ਉਨ੍ਹਾਂ ਲਈ ਇਸਨੂੰ ਸਮਝਣ ਦੇ ਵਿਚ ਕੋਈ ਮੁਸ਼ਕਲ ਨਹੀਂ ਜਾਪਦੀ ਉਹ ਅੱਜ ਵੀ ਉਥੇ ਖੜ੍ਹੇ ਹਨ ਜਿਥੇ ਪੁਰਾਤਨ ਸਮੇਂ ਦੇ ਸਿਖ ਖੜ੍ਹੇ ਸਨ [1]

ਹੁਣ ਸਿੱਖਾਂ ਨੂੰ ਸਮੇਂ ਨੇ ਬਦਲ ਦਿੱਤਾ ਹੈ ਉਹ ਭਾਵਨਾ ਤੇ ਸ਼ਰਧਾ ਜੋ ਪੁਰਾਤਨ ਸਿੱਖਾਂ ਦੇ ਵਿਚ ਹੁੰਦੀ ਸੀ, ਉਹ ਸਿਰਫ਼ ਕੁਝ ਕੁ ਸਿੱਖਾਂ ਦੇ ਵਿਚ ਦੇਖਣ ਨੂੰ ਮਿਲਦੀ ਹੈ ਸਿੱਖ ਧਰਮ ਭਗਤੀ ਵਾਲਾ ਧਰਮ ਹੈ ਪਰ ਭਗਤੀ ਬਿਨਾਂ ਪ੍ਰੇਮ, ਆਸਥਾ ਤੇ ਸ਼ਰਧਾ ਤੋਂ ਨਹੀਂ ਹੋ ਸਕਦੀ ਇਸ ਆਸਥਾ ਤੇ ਸ਼ਰਧਾ ਨੂੰ ਮਲੀਆਮੇਟ ਕਰਕੇ ਹੀ ਅਗਲਾ ਕਦਮ ਪੁੱਟਿਆ ਜਾਂਦਾ ਹੈ ਜਿਸ ਵਿਚ ਸਿੱਖਾਂ ਦੀ ਇਕ ਅਲੱਗ ਵਿਚਾਰਧਾਰਾ ਦੇ ਨਾਲ ਜਾਣ-ਪਛਾਣ ਕਰਾਈ ਜਾਂਦੀ ਹੈ ਜਿਸ ਕਰਕੇ ਸਿੱਖ ਆਪਣੇ ਧਰਮ ਤੋਂ ਸਦਾ ਦੇ ਲਈ ਦੂਰ ਹੋ ਜਾਂਦਾ ਹੈ ਫਿਰ ਬਸ ਬਿਨਾਂ ਗੁਰੂ ਦੀ ਮਿਹਰ ਤੋਂ ਉਹ ਵਾਪਸ ਨਹੀਂ ਆ ਸਕਦਾ

 

ਵਿਦਵਾਨ ਅਤੇ ਖੋਜੀ

ਹਰ ਇਕ ਧਰਮ ਦੇ ਵਿਚ ਵਿਦਵਾਨ ਤੇ ਖੋਜੀ ਹੋਣੇ ਬਹੁਤ ਜ਼ਰੂਰੀ ਹਨ ਇਨ੍ਹਾਂ ਦੀ ਧਰਮਾਂ ਨੂੰ ਬਹੁਤ ਵੱਡੀ ਦੇਣ ਹੁੰਦੀ ਹੈ ਸਿੱਖ ਧਰਮ ਦੇ ਵਿਚ ਬਹੁਤ ਹੀ ਉੱਘੇ ਵਿਦਵਾਨ ਹੋਏ ਨੇ ਜਿਨ੍ਹਾਂ ਨੇ ਬਹੁਤ ਸਾਰੇ ਗ੍ਰੰਥ ਲਿਖੇ ਤੇ ਕਾਫ਼ੀ ਸਾਲ ਬਾਅਦ ਫਿਰ ਕੁਝ ਹੋਰ ਖੋਜੀਆਂ ਨੇ ਸੱਚ ਤੇ ਝੂਠ ਨਿਖੇੜਨ ਦਾ ਪੈਮਾਨਾ ਦਿੱਤਾ ਜਿਸ ਵਿਚ ਕਈ ਗੱਲਾਂ ਨਿਕਲ ਕੇ ਬਾਹਰ ਆਈਆਂ

ਬਹੁਤੇ ਸਾਰੇ ਪੁਰਾਣੇ ਵਿਦਵਾਨ ਸਿੰਘ ਸਭਾਵਾਂ ਦੇ ਸਮੇਂ ਤੇ ਸਾਹਮਣੇ ਆਏ ਇਹ ਨਾ ਸਿਰਫ਼ ਖੋਜੀ ਤੇ ਵਿਦਵਾਨ ਸਨ ਬਲਕਿ ਗੁਰਮੁਖ ਵੀ ਸਨ ਬਹੁਤ ਸਾਰੀਆਂ ਸਿੱਖਾਂ ਦੀ ਪਰੰਪਰਾਵਾਂ ਤੇ ਇਨ੍ਹਾਂ ਨੇ ਬਹੁਤ ਚਰਚਾ ਕੀਤੀ ਬਹੁਤ ਸਾਰੇ ਸਿੱਟੇ ਕੱਢੇ ਤੇ ਕਈ ਗ਼ਲਤ ਧਾਰਾਵਾਂ ਜੋ ਸਿੱਖ ਧਰਮ ਦੇ ਵਿਚ ਵੜ੍ਹ ਆਈਆਂ ਸਨ ਉਨ੍ਹਾਂ ਨੂੰ ਕੱਢਣ ਦੇ ਵਿਚ ਵੀ ਕਈ ਉਪਰਾਲੇ ਕੀਤੇ ਇੱਕ ਚੀਜ਼ ਜੋ ਕਾਫੀ ਸਿੱਖ ਖੋਜੀਆਂ ਤੇ ਵਿਦਵਾਨਾਂ ਦੇ ਵਿਚ ਦ੍ਰਿੜ ਸੀ ਉਹ ਸੀ ਉਨ੍ਹਾਂ ਦੀ ਗੁਰੂਆਂ ਉੱਤੇ ਸ਼ਰਧਾ ਤੇ ਭਰੋਸਾ ਉਹ ਗੁਰਮੁਖਤਾ ਨੂੰ ਛੱਡਕੇ ਮਨਮੁਖਤਾ ਵਿਚ ਨਹੀਂ ਗਏ ਤੇ ਜਿਹੜੇ ਚਲੇ ਵੀ ਗਏ ਹੋਣਗੇ ਉਨ੍ਹਾਂ ਦਾ ਕੋਈ ਵਿਸ਼ੇਸ਼ ਅਸਥਾਨ ਨਹੀਂ ਰਿਹਾ ਸਿੱਖ ਧਰਮ ਦੇ ਵਿਚ

ਅਰਨਸਟ ਟਰੰਪ ਤੇ ਮੈਕਲੋਡ ਵਰਗਿਆਂ ਨੇ ਸਿੱਖ ਧਰਮ ਨੂੰ ਇਹੋ ਜਿਹੇ ਪੈਮਾਨੇ ਤੋਂ ਦੇਖਣਾ ਸ਼ੁਰੂ ਕੀਤਾ ਕਿ ਸਿੱਖ ਧਰਮ ਦੀ ਬੁਨਿਆਦ ਤੇ ਹੀ ਸੱਟ ਲੱਗੀ ਵਿਗਿਆਨਕ ਇਤਿਹਾਸ ਦੇ ਨਾਂ ਤੇ ਇਨ੍ਹਾਂ ਨੇ ਗੁਰੂ ਸਾਹਿਬਾਨਾਂ ਦੀ ਕੀਤੀ ਹੋਈ ਤੇ ਤਰਕ ਕੀਤਾ ਤੇ ਕਈ ਸ਼ਰਧਾਹੀਣ ਲੋਕਾਂ ਨੇ ਇਨ੍ਹਾਂ ਦੀਆਂ ਗੱਲਾਂ ਪਰਵਾਨ ਵੀ ਕਰ ਲਈਆਂ ਕਈ ਗੁਰਮੁਖ ਖੋਜੀ ਤੇ ਵਿਦਵਾਨਾਂ ਨੇ ਇਨ੍ਹਾਂ ਦੀਆਂ ਤਰਕਾਂ ਤੇ ਭਰਮ-ਭੁਲੇਖਿਆਂ ਨੂੰ ਜਗ-ਜਾਹਰ ਵੀ ਕੀਤਾ ਪ੍ਰਸਿੱਧ ਵਿਦਵਾਨ ਡਾ ਤ੍ਰਿਲੋਚਨ ਸਿੰਘ ਜੀ ਦੇ ਅਨੁਸਾਰ ਮੈਕਲੋਡ ਦੇ ਕੀਤੇ ਹੋਏ ਗ਼ਲਤ ਅਰਥਾਂ ਤੇ ਵਿਆਖਿਆਵਾਂ ਬਾਰੇ ਵਿਦਵਾਨਾਂ ਵਲੋਂ ਜਵਾਬ ਦੇਣ ਦੇ ਬਾਵਜੂਦ ਵੀ ਇਹ ਆਪਣੇ ਪੁੱਠੇ ਪ੍ਰਚਾਰ ਤੋਂ ਬਾਜ ਨਹੀਂ ਆਇਆ

ਬਹੁਤ ਸਾਰਿਆਂ ਸਿੱਖ ਤੇ ਅਸਿੱਖ ਵਿਦਵਾਨਾਂ ਵੱਲੋਂ ਸਿੱਖ ਤੇ ਯੂਨੀਵਰਸਿਟੀ ਦੇ ਰਸਾਲਿਆਂ ਦੇ ਵਿਚ ਲੇਖ ਲਿਖੇ ਗਏ ਜਿਨ੍ਹਾਂ ਨੇ ਡਾ ਹਿਊ ਮੈਕਲੋਡ ਦੇ ਵਿਚਾਰਾਂ ਦੀ ਅਲੋਚਨਾ ਕੀਤੀ ਇਨ੍ਹਾਂ ਵਿਚੋਂ ਕਈ ਲੇਖਾਂ ਨੇ ਇਸ ਦੀਆਂ ਸਾਰੀਆਂ ਗੱਲਾਂ ਨੂੰ ਨਕਾਰ ਦਿੱਤਾ, ਪਰ ਡਾ ਮੈਕਲੋਡ ਵੱਲੋਂ ਇਨ੍ਹਾਂ ਅਲੋਚਨਾਵਾਂ ਦਾ, ਜੋ ਇਸਦੇ ਨਾ ਉੱਤਰ ਦੇ ਸਕਣ ਯੋਗ ਸੋਚਾਂ ਦੇ ਸੰਦਰਭ ਦੇ ਵਿਚ ਸਨ, ਕਦੇ ਵੀ ਉੱਤਰ ਨਹੀਂ ਦਿੱਤਾ ਗਿਆ ਉਸਨੇ ਇਸ ਤੇ ਧਿਆਨ ਨਾ ਦਿੰਦੇ ਹੋਏ ਸਿੱਖ ਧਰਮ ਤੇ ਹਮਲੇ ਜਾਰੀ ਰੱਖੇ, ਉਨ੍ਹਾਂ ਹੀ ਸ਼ਬਦਾਂ ਦੇ ਵਿਚ ਪਰ ਥੋੜ੍ਹੇ ਨਵੇਂ ਤਰੀਕੇ ਨਾਲ, ਜੋਰ ਦੇ ਕੇ, ਜੋ ਉਸ ਨੇ ਪਹਿਲਾਂ ਕਹਿ ਦਿੱਤੇ ਸਨ, ਸਿਰਫ਼ ਇਸ ਕਰਕੇ ਕਿਉਂਕਿ ਉਸਨੂੰ ਇਹ ਲੱਗਦਾ ਸੀ ਕਿ ਬਟਾਲੇ ਗਰੁੱਪ ਦੇ ਈਸਾਰੀ ਪ੍ਰਚਾਰਕ, ਕੁਝ ਕੁ ਵਿਦਿਆਰਥੀ ਤੇ ਸਿੱਖ ਮਾਰਕਸਵਾਦੀ, ਪਦਾਰਥਵਾਦੀ, ਤੇ ਰੱਬ ਦੀ ਹੋਂਦ ਤੋਂ ਮੁਨਕਰ ਲੋਕ ਜੋ ਸਾਡੀਆਂ ਯੂਨੀਵਰਸਿਟੀਆਂ ਵਿਚ ਸਨ, ਇਸ ਨਾਲ ਇਸ ਖੇਡ ਵਿਚ ਖੜ੍ਹੇ ਰਹਿਣਗੇ [2]

ਮੈਕਲੋਡ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਆਪ ਨਾਲ ਗੱਲ ਕਰਦੇ ਦਿਖਾਉਣ ਦੀ ਕੋਸ਼ਿਸ਼ ਵੀ ਕੀਤੀ ਗਈ ਆਪਣੀ ਪੁਸਤਕ ਵਿਚ ਉਹ ਲਿਖਦਾ ਹੈ:

ਵਾਰ ਰਾਮਕਲੀ, ਸਲੋਕ 2-7 ਤੇ ਪਉੜੀ 12 ਵਿਚ, ਗੁਰੂ ਨਾਨਕ (ਦੇਵ ਜੀ) ਈਸਰ, ਗੋਰਖ, ਗੋਪੀਚੰਦ, ਚਰਪਟ ਤੇ ਭਰਥਰੀ ਨਾਵਾਂ ਦਾ ਜ਼ਿਕਰ ਕਰਦੇ ਨੇ, ਜਿਹੜੇ ਸਾਰੇ ਸੱਤ ਉੱਘੇ ਨਾਥਾਂ ਦੇ ਵਿਚੋ ਹਨ ਪਰ ਗੁਰੂ ਨਾਨਕ (ਦੇਵ ਜੀ) ਦਾ ਆਪਣਾ ਇਰਾਦਾ ਇਕ ਖ਼ਿਆਲੀ ਚਰਚਾ ਸੀ, ਪਰ ਜਨਮਸਾਖੀ ਦਿਆਂ ਲੇਖਕਾਂ ਨੇ ਇਸਨੂੰ ਇਕ ਸੱਚੀ ਮੁਲਾਕਾਤ ਸਮਝ ਲਿਆ ਕੁਝ ਚੀਜ਼ਾਂ ਪੁਰਾਣਾਂ ਤੇ ਨਾਥਾਂ ਦੀਆਂ ਕਹਾਣੀਆਂ ਵਿਚੋਂ ਪਾ ਦਿੱਤੀਆਂ ਗਈਆਂ ਜਿਸਦਾ ਨਤੀਜਾ ਪ੍ਰਸਿੱਧ ‘ਸੁਮੇਰ ਪਰਬਤ ਤੇ ਚਰਚਾ’ (ਕਹਾਣੀ) ਨਿਕਲੀ [3]

ਇਹ ਕਿਹੜੇ ਰਾਹ ਤੇ ਤੁਰ ਨਿਕਲੇ ਨੇ ‘ਖੋਜੀ’? ਕੀ ਇਸ ਨਾਲ ਗੁਰੂ ਨਾਨਕ ਦੇਵ ਜੀ ਦੇ ਜੀਵਨ ਨੂੰ ਢਾਅ ਨਹੀਂ ਲੱਗਦੀ? ਫਿਰ ਤਾਂ ਕੱਲ੍ਹ ਨੂੰ ਇਹ ਵੀ ਕਹਿ ਦਿੱਤਾ ਜਾਵੇਗਾ ਕਿ ਪਰਮਾਤਮਾ ਦੀ ਗੱਲ ਇਕ ਖ਼ਿਆਲੀ ਕਹਾਣੀ ਹੀ ਸੀ ਜੋ ਗੁਰੂਆਂ ਵਲੋਂ ਲਿਖੀ ਗਈ ਫਿਰ ਤਾਂ ਗੁਰੂ ਗੋਬਿੰਦ ਸਿੰਘ ਵੱਲੋਂ ਪਰਮਾਤਮਾ ਨਾਲ ਗੱਲਬਾਤ ਜੋ ਸੰਸਾਰ ਵਿਚ ਆਉਣ ਤੋਂ ਪਹਿਲਾਂ ਹੋਈ ਸੀ, ਉਹ ਵੀ ਇਕ ਖ਼ਿਆਲ ਹੀ ਬਣ ਜਾਵੇਗਾ ਚਲੋ ਇਹ ਮੰਨ ਲੈਂਨੇ ਹਾਂ ਕਿ ਮੈਕਲੋਡ ਤੇ ਟਰੰਪ ਵਰਗੇ ਲੇਖਕਾਂ ਨੇ ਇਕ-ਪਾਸੜ ਗੱਲ ਕੀਤੀ ਤਾਂ ਜੋ ਸਿੱਖੀ ਦੀ ਆਨ ਤੇ ਸ਼ਾਨ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ, ਕਿਉਂਕਿ ਕਿਸੇ ਸਮੇਂ ਤੇ ਇਹ ਲੇਖਕ ਆਪ ਈਸਾਈ ਸਨ ਪਰ ਕਈ ਇਹੋ ਜਿਹੇ ਸਿੱਖ ਵੀ ਆ ਨਿਕਲੇ ਨੇ ਜੋ ਇਨ੍ਹਾਂ ਮਗਰ ਲੱਗ ਕੇ ਸਿੱਖੀ ਦਾ ਨੁਕਸਾਨ ਕਰ ਰਹੇ ਨੇ ਇਨ੍ਹਾਂ ’ਚੋਂ ਬਹੁਤੇ ਉਹ ਲੋਕ ਨੇ ਜੋ ਵਿਗਿਆਨਕ ਇਤਿਹਾਸ ਦੇ ਨਾਂ ਹੇਠ ਜਨਮਸਾਖੀਆਂ ਤੇ ਸਿੱਖ-ਧਰਮ ਦੀ ਧੱਜੀਆਂ ਉਠਾ ਰਹੇ ਨੇ ਤਾਂ ਜੋ ਉਹ ਵੀ ਆਪਣੇ ਆਪ ਨੂੰ ਖੋਜੀ ਤੇ ਵਿਦਵਾਨ ਕਹਾ ਸਕਣ ਆਪਣੇ ਵਿਚੋਂ ਬਣੀਆਂ ਕੁਹਾੜੀਆਂ ਹੀ ਨੁਕਸਾਨ ਦੇ ਬਣ ਗਈਆਂ ਹਨ

ਟਰੰਪ ਤੇ ਮੈਕਲੋਡ ਵਰਗਿਆਂ ਦੀਆਂ ਲਿਖਤਾਂ ਦਾ ਅਸਰ ਪੰਜਾਬੀ ਲੇਖਕਾਂ/ਵਿਦਵਾਨਾਂ ਤੇ ਵੀ ਦੇਖਣ ਨੂੰ ਮਿਲਿਆ ਹੈ ਜਿਸ ਵਿਚ ਉਹ ਕਰਾਮਾਤਾਂ ਨੂੰ ਨਕਾਰਨ ਦਾ ਯਤਨ ਕਰਦੇ ਨੇ ਇਹ ਵਿਸ਼ਾ ਬਿਨਾਂ ਅਭਿਆਸ ਕੀਤੇ ਨਹੀਂ ਸਮਝਿਆ ਜਾਂਦਾ ਸਿੱਖ, ਗੁਰੂ ਸਾਹਿਬ ਦੀ ਕਰਨੀ ਤੇ ਕਰਾਮਾਤਾਂ ਦੇ ਵਿਚ ਇਸ ਲਈ ਵਿਸ਼ਵਾਸ ਕਰਦੇ ਨੇ ਕਿਉਂਕਿ ਉਹ ਗੁਰੂ ਨੂੰ ਸਭ ਦਾ ਕਰਤਾ-ਧਰਤਾ ਮੰਨਦੇ ਨੇ, ਤੇ ਉਹ ਗੁਰੂ ਸਭ ਕੁਝ ਕਰਨ ਦੇ ਸਮਰਥ ਹੈ ਦੂਜੇ ਪਾਸੇ ਉਹ ਲੋਕ ਨੇ ਜੋ ਸਿਰਫ਼ ਉਨ੍ਹਾਂ ਹੀ ਯਕੀਨ ਕਰਨ ਵਿਚ ਵਿਸ਼ਵਾਸ ਰੱਖਦੇ ਨੇ ਜਿੰਨਾਂ ਉਹ ਸਮਝ ਸਕਦੇ ਨੇ ਕਰਾਮਾਤ ਕੋਈ ਆਮ ਮਨੁੱਖ ਨਹੀਂ ਸਮਝ ਸਕਦਾ, ਇਸ ਲਈ ਉਸਦੀ ਸਮਰੱਥਾ ਓਨੀ ਹੀ ਹੈ ਜਿੰਨੀ ਉਸਨੂੰ ਸੋਝੀ ਹੈ ਜਿਵੇਂ ਮੈਕਲੋਡ ਨੇ ਇਹ ਬਿਆਨ ਕੀਤਾ ਕਿ ਨਾਥ ਸਨ ਤੇ ਗੁਰੂ ਸਾਹਿਬ ਸਨ, ਪਰ ਉਹ ਉਨ੍ਹਾਂ ਦੀਆਂ ਹੋਈਆਂ ਗੱਲਾਂ-ਬਾਤਾਂ ਨੂੰ ਨਹੀਂ ਸਮਝ ਸਕਿਆ, ਇਸ ਲਈ ਉਸਨੇ ਕਹਾਣੀ ਤੇ ਇਵੇਂ ਹੀ ਰੱਖੀ ਪਰ ਉਸਨੂੰ ਇਕ ਅਲੱਗ ਵਿਸ਼ੇ ਵਿਚ ਢਾਲ ਲਿਆ

ਇਹ ਸਿਰਫ਼ ਸੁਮੇਰ ਪਰਬਤ ਵਾਲੀ ਸਾਖੀ ਦੇ ਵਿਚ ਨਹੀਂ ਹੈ ਇਹ ਸਿੱਖ ਧਰਮ ਦੀਆਂ ਬਹੁਤ ਸਾਰੀਆਂ ਸਾਖੀਆਂ ਦੇ ਵਿਚ ਦੇਖਣ ਨੂੰ ਮਿਲੇਗਾ ਕਿ ਸਾਖੀ ਓਹੀ ਰੱਖੀ ਗਈ, ਪਰ ਉਸ ਨੂੰ ਇਕ ਨਵਾਂ ਰੰਗ ਦੇ ਦਿੱਤਾ ਗਿਆ

ਕਈ ਸਿੱਖ ਇਹ ਵੀ ਕਹਿ ਦਿੰਦੇ ਨੇ ਕਿ ਧਰਮ ਖੋਜੀਆਂ ਤੇ ਵਿਦਵਾਨਾਂ ਦਾ ਵਿਸ਼ਾ ਨਹੀਂ ਹੈ ਮੈਂ ਇਸ ਨਾਲ ਸਹਿਮਤ ਨਹੀਂ ਹਾਂ ਖੋਜੀਆਂ ਤੇ ਵਿਦਵਾਨਾਂ ਦਾ ਆਪਣਾ ਨਜ਼ਰੀਆ ਹੁੰਦਾ ਹੈ ਬਹੁਤ ਹੀ ਘੱਟ ਗੱਲਾਂ ਅਜਿਹੀਆਂ ਮਿਲਣਗੀਆਂ ਖੋਜੀਆਂ ਦੀਆਂ ਕਿਤਾਬਾਂ ਦੇ ਵਿਚ ਜੋ ਗੁਰਮਤਿ ਤੋਂ ਉਲਟ ਹੋਣ ਹਾਂ ਕਈ ਥਾਈਂ ਕੁਝ ਵਿਦਵਾਨ ਵਿਗਿਆਨ ਘਸੋੜ ਕੇ ਕਰਾਮਾਤਾਂ ਨੂੰ ਨਕਾਰ ਜਾਂਦੇ ਨੇ ਇਸਦਾ ਇਹ ਮਤਲਬ ਨਹੀਂ ਲੈਣਾ ਚਾਹੀਦਾ ਕਿ ਉਨ੍ਹਾਂ ਦੀ ਸਾਰੀ ਮਿਹਨਤ ਹੀ ਖ਼ਰਾਬ ਹੈ ਸਿੱਖ ਹੰਸ ਹਨ; ਜੋ ਮੋਤੀ ਹੋਣ ਉਨ੍ਹਾਂ ਦੀ ਖੋਜ ਵਿਚ ਉਹ ਚੁਗ ਲਵੋ, ਬਾਕੀ ਛੱਡ ਦੇਵੋ ਪਰ ਜੇ ਉਨ੍ਹਾਂ ਦੀ ਪੂਰੀ ਖੋਜ ਹੀ ਸਿੱਖੀ ਦੀ ਹਾਨੀ ਕਰਦੀ ਹੋਵੇ ਤਾਂ ਆਪਾਂ ਨੂੰ ਥੋੜ੍ਹਾ ਸੋਚਣਾ ਪਵੇਗਾ

ਦੁਨੀਆਂ ਤੇ ਬਹੁਤ ਸਾਰੇ ਲੋਕ ਆਏ ਤੇ ਬਹੁਤ ਸਾਰੇ ਲੋਕ ਆਉਣਗੇ ਜੋ ਗੁਰੂ ਨਾਨਕ ਦੇਵ ਜੀ ਨੂੰ ਆਪਣੀ ਸੰਸਾਰੀ ਬੁੱਧੀ ਨਾਲ ਸਮਝਣ ਦਾ ਯਤਨ ਕਰਨਗੇ ਤੇ ਓਹੀ ਗ਼ਲਤੀਆਂ ਕਰਦੇ ਰਹਿਣਗੇ ਜੋ ਇਨ੍ਹਾਂ ਤੋਂ ਪਹਿਲੇ ਹੋਏ ‘ਖੋਜੀਆਂ’ ਨੇ ਕੀਤੀਆਂ ਨੇ



[1] ਦਬਇਸਤਾਨ-ਏ-ਮਜ਼ਹਬ, ਜੋ ਕਿ 17ਵੀਂ ਸਦੀ ਦੇ ਮੱਧ ਦੀ ਕਿਤਾਬ ਹੈ, ਦਾ ਇਰਾਨੀ ਕਰਤਾ ਲਿਖਦਾ ਹੈ, ‘ਸਿੱਖ ਇਹ ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਵੀ ਇਸ ਤਰ੍ਹਾਂ ਦੇ ਸਨ: ਉਨ੍ਹਾਂ ਦਾ ਕੋਈ ਸ਼ਰੀਰ ਨਹੀਂ ਸੀ, ਪਰ ਆਪਣੀ ਤਾਕਤ ਦੇ ਨਾਲ ਉਨ੍ਹਾਂ ਨੇ ਆਪਣੇ ਸਰੂਪ ਦੇ ਦਰਸ਼ਨ ਦਿੱਤੇ ’ - ਸਿੱਖ ਹਿਸਟਰੀ ਫਰੌਮ ਪਰਸ਼ੀਅਨ ਸੋਰਸਿਸ, ਪੰਨਾ 64

[2] ਅਰਨਸਟ ਟਰੰਪ ਐਂਡ ਡਬਲਿਊ ਐਚ ਮੈਕਲੋਡ ਐਸ ਸਕੋਲਰਸ ਆਫ਼ ਸਿੱਖ ਹਿਸਟਰੀ, ਰਿਲਿਜਨ ਐਂਡ ਕਲਚਰ, ਪੇਜ 11

[3] ਅਰਲੀ ਸਿੱਖ ਟ੍ਰੀਡੀਸ਼ਨ: ਏ ਸਟੱਡੀ ਆਫ਼ ਦ ਜਨਮਸਾਖੀਸ, ਪੇਜ 73