ਅੰਗਰੇਜ਼ ਅਤੇ ਸਿੱਖ ਧਰਮ
ਕਈ ਲੋਕ ਜੋ ਸਿੱਖਾਂ ਦੀ ਵੱਖਰੀ ਹੋਂਦ ਤੋਂ ਮੁਨਕਰ ਨੇ ਉਹ ਇਹ ਕਹਿਣ ਤੋਂ ਵੀ ਨਹੀਂ ਰੁਕੇ ਕਿ ਸਿੱਖ ਧਰਮ ਅੰਗਰੇਜ਼ਾਂ ਦੀ ਦੇਣ ਸੀ । ਇਸਦਾ ਉਨ੍ਹਾਂ ਕੋਲ ਬਸ ਜ਼ਿਆਦਾਤਰ ਇਕ ਹੀ ਜਵਾਬ ਹੈ ਉਹ ਇਹ ਕਿ ਮੈਕਾਲਿਫ਼ ਨੇ ਸਿੱਖ ਧਰਮ ਬਾਰੇ ਲਿਖਿਆ ।
ਮੈਕਾਲਿਫ਼ ਉਹ ਲਿਖਾਰੀ ਸੀ ਜਿਸ ਨੇ ਸਿੱਖ ਇਤਿਹਾਸ ਉਸ ਤਰੀਕੇ ਨਾਲ ਲਿਖਿਆ ਜਿਸ ਤਰੀਕੇ ਨਾਲ ਸਿੱਖ ਮੰਨਦੇ ਹਨ । ਹਾਂ, ਉਸਦੀ ਲੇਖਣੀ ਵਿਚ ਵੀ ਕਿਤੇ-ਕਿਤੇ ਟਪਲੇ ਹਨ, ਪਰ ਬਹੁਤਾਤ ਦੇ ਵਿਚ ਉਹ ਸਹੀ ਲਿਖਦਾ ਹੈ । ਕਾਰਣ ਉਸਦਾ ਇਹ ਹੈ ਕਿ ਉਹ ਸਿੰਘ ਸਭਾ ਦੇ ਵੇਲੇ ਸਿੱਖਾਂ ਦੇ ਨਜ਼ਦੀਕ ਰਿਹਾ ਅਤੇ ਉਨ੍ਹਾਂ ਨੂੰ ਸਮਝਿਆ ਕਿ ਉਹ ਹੈ ਕੌਣ । ਆਪਣੀ ਕਿਤਾਬ ਦੇ ਵਿਚ ਉਹ ਸਾਫ਼-ਸਾਫ਼ ਲਿਖਦਾ ਹੈ ਕਿ ਸਿੱਖ ਇਕ ਵੱਖਰਾ ਧਰਮ ਹੈ ।
1. ਮੇਰੇ ਤੋਂ ਇਹ ਆਮ ਪੁੱਛਿਆ ਜਾਂਦਾ ਹੈ ਉਨ੍ਹਾਂ ਦੇਸ਼ਾਂ ਦੇ ਪੜ੍ਹਿਆਂ-ਲਿਖਿਆਂ ਲੋਕਾਂ ਵੱਲੋਂ ਜਿਨ੍ਹਾਂ ਵਿਚ ਮੈਂ ਰਿਹਾ ਹਾਂ, ਭਾਰਤ ਦੇ ਵਿਚ ਵੀ, ਕਿ ਸਿੱਖ ਧਰਮ ਕੀ ਸੀ, ਅਤੇ ਕੀ ਸਿੱਖ ਹਿੰਦੂ ਸਨ, ਬੁੱਤ-ਪੂਜਕ, ਜਾਂ ਮੁਸਲਮਾਨ । ਇਹ ਅਗਿਆਨਤਾ ਭਾਰਤ ਦੀਆਂ ਔਖੀਆਂ ਉਪਭਾਸ਼ਾਵਾਂ ਦਾ ਨਤੀਜਾ ਹੈ ਜਿਸ ਵਿਚ ਉਨ੍ਹਾਂ ਦੀਆਂ ਧਾਰਮਿਕ ਕਿਤਾਬਾਂ ਲਿਖੀਆਂ ਗਈਆਂ ਹਨ । - ਦ ਸੀਖ ਰਿਲੀਜਨ, ਭਾਗ ਪਹਿਲਾ, ਮੈਕਾਲਿਫ਼, ਪੰਨਾ V
2. ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦੀ ਲਹਿਰ, ਜੋ ਕੇ ਸਿੱਖ-ਗੁਰੂਆਂ ਦੀ ਸਿੱਖਿਆਂ ਦੇ ਬਿਲਕੁਲ ਉਲਟ ਹੈ, ਕਾਫ਼ੀ ਲੰਬੇ ਸਮੇਂ ਤੋਂ ਫੈਲੀ ਹੋਈ ਹੈ । - ਦ ਸੀਖ ਰਿਲੀਜਨ, ਭਾਗ ਪਹਿਲਾ, ਮੈਕਾਲਿਫ਼, ਪੰਨਾ XXIII
ਇਹ ਦੋ ਪ੍ਰਮੁੱਖ ਕਾਰਣ ਨੇ ਕਿ ਉਹ ਹਿੰਦੂਵਾਦੀਆਂ ਦੀਆਂ ਨਜ਼ਰਾਂ ਦੇ ਵਿਚ ਰੜਕਦਾ ਹੈ । ਇਹ ਵੀ ਇਕ ਸੱਚਾਈ ਹੈ ਕਿ ਜੋ ਭਾਈ ਕਾਨ੍ਹ ਸਿੰਘ ਨਾਭਾ ਨੂੰ ਪਸੰਦ ਨਹੀਂ ਕਰਦਾ ਉਹ ਮੈਕਾਲਿਫ਼ ਨੂੰ ਵੀ ਪਸੰਦ ਨਹੀਂ ਕਰੇਗਾ ਕਿਉਂਕਿ ਇਹ ਭਾਈ ਕਾਨ੍ਹ ਸਿੰਘ ਨਾਭੇ ਕੋਲ ਪੜ੍ਹਿਆ ਹੋਇਆ ਸੀ ।
ਮੈਕਾਲਿਫ਼ ਦੀਆਂ ਇਨ੍ਹਾਂ ਕਿਤਾਬਾਂ ਕਰਕੇ ਲੋਕਾਂ ਨੇ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਕਿ ਅੰਗਰੇਜ਼ ਇਸ ਲਈ ਸਿੱਖਾਂ ਦੀਆਂ ਕਿਤਾਬਾਂ ਲਿਖ ਰਹੇ ਹਨ ਤਾਂ ਜੋ ਸਿੱਖਾਂ ਅਤੇ ਹਿੰਦੂਆਂ ਦੇ ਵਿਚ ਫੁੱਟ ਪਾਈ ਜਾ ਸਕੇ । ਪਰ ਜਿਵੇਂ ਭਾਈ ਕਾਨ੍ਹ ਸਿੰਘ ਦੀ ‘ਹਮ ਹਿੰਦੂ ਨਹੀਂ’ ਕਿਤਾਬ ਦੇ ਵੇਲੇ ਹੋਇਆ ਕਿ ਇਹ ਕਿਤਾਬ ਫ਼ਸਾਦ ਕਰਾਉਣ ਲਈ ਲਿਖੀ ਗਈ ਹੈ, ਉਵੇਂ ਹੀ ਮੈਕਾਲਿਫ਼ ਨਾਲ ਹੋਇਆ । ਦਰਅਸਲ ਦੇ ਵਿਚ ਹਿੰਦੂਵਾਦੀ ਸਿੱਖਾਂ ਨੂੰ ਵੱਖਰੀ ਕੌਮ ਵਜੋਂ ਦੇਖਣਾ ਹੀ ਨਹੀਂ ਚਾਹੁੰਦੇ । ਉਹ ਹਮੇਸ਼ਾ ਆਪਣੀ ਧਿਰ ਨੂੰ ਸਭ ਤੋਂ ਉੱਪਰ ਮੰਨਦੇ ਹਨ । ਡਾ ਗੰਡਾ ਸਿੰਘ ਦੇ ਸ਼ਬਦਾਂ ਵਿਚ:
1. ਅਸਲ ਵਿਚ ਹਿੰਦੂਆਂ ਵਿਚੋਂ ਆਰੀਆ ਸਮਾਜੀ ਅਤੇ ਉਨ੍ਹਾਂ ਦਾ ਕੁਝ ਪਿੱਛਲੱਗ ਭਾਈਚਾਰਾ ਇਹ ਬਰਦਾਸ਼ਤ ਹੀ ਨਹੀਂ ਕਰ ਸਕਦਾ ਕਿ ਸਿੱਖ ਧਾਰਮਕ ਤੌਰ ’ਤੇ ਆਪਣੇ ਆਪ ਨੂੰ ਹਿੰਦੂ ਧਰਮ ਤੋਂ ਆਜ਼ਾਦ ਰੱਖ ਸਕਣ ਵਿਚ ਪੂਰੀ ਤਰ੍ਹਾਂ ਸਫਲ ਹੋ ਜਾਣ ਜਾਂ ਰਾਜਸੀ ਤੌਰ ’ਤੇ ਆਪਣੀਆਂ ਕੋਈ ਵੱਖਰੀਆਂ ਅਤੇ ਆਜ਼ਾਦ ਉਮੰਗਾਂ ਅਤੇ ਆਸਾਂ ਲਾਈ ਰੱਖਣ । ਉਹ ਸਿੱਖ ਧਰਮ ਨੂੰ ਹਿੰਦੂ ਧਰਮ ਦੇ ਇਕ ਫ਼ਿਰਕੇ ਤੋਂ ਵੱਧ ਨਹੀਂ ਰਹਿਣ ਦੇਣਾ ਚਾਹੁੰਦੇ ਅਤੇ ਸਿੱਖਾਂ ਨੂੰ ਆਪਣੀ ਇਕ ਫ਼ੌਜੀ ਜਮਾਤ ਤੋਂ ਵੱਧ ਨਹੀਂ ਦੇਖਣਾ ਚਾਹੁੰਦੇ ਤਾਂ ਕਿ ਹੌਲੀ-ਹੌਲੀ ਇਹ ਹਿੰਦੂਆਂ ਵਿਚ ਜਜ਼ਬ ਹੋ ਕੇ ਇਨ੍ਹਾਂ ਦੀ ਵੱਖਰੀ ਹਸਤੀ ਹੀ ਸਦਾ ਲਈ ਖ਼ਤਮ ਹੋ ਜਾਏ । ਇਹ ਇਕ ਪਾਪ ਦੀ ਸੋਚਣੀ ਹੈ ਜੋ ਅੰਤ ਪਾਪੀ ਨੂੰ ਮਹਿੰਗੀ ਪਿਆ ਕਰਦੀ ਹੈ । - ਮੁੱਖ ਬੰਧ, ਪੇਜ 55, ਸਾਚੀ ਸਾਖੀ – ਸਿਰਦਾਰ ਕਪੂਰ ਸਿੰਘ
ਅੰਗਰੇਜ਼ ਹੋਣ ਦੇ ਨਾਤੇ ਨਾ ਸਿਰਫ਼ ਸਿੱਖਾਂ ਨੂੰ ਅਲੱਗ ਕਰਨ ਦੇ ਇਲਜ਼ਾਮ ਲੱਗੇ ਮੈਕਾਲਿਫ਼ ਤੇ ਬਲਕਿ ਇਹ ਵੀ ਕਿਹਾ ਗਿਆ ਕਿ ਬਾਹਮਣਾਂ ਵਿਰੁੱਧ ਨਫ਼ਰਤ ਵੀ ਇਸਨੇ ਹੀ ਫ਼ੈਲਾਈ । ਜਿਵੇਂ ਕਿ ਮੈਂ ਪਹਿਲਾਂ ਕਿਹਾ ਕਿ ਬਿਨਾਂ ਕਿਸੇ ਸਬੂਤ ਤੇ ਹੱਥ-ਪੈਰ ਮਾਰਨ ਨਾਲ ਕੁਝ ਨਹੀਂ ਹੁੰਦਾ । ਮੈਕਾਲਿਫ਼ ਦੇ ਜਨਮ ਤੋਂ ਪਹਿਲਾਂ ਹੀ ਸਿੱਖ ਧਰਮ ਨਾਲ ਸੰਬੰਧਿਤ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਸਨ, ਅਤੇ ਉਸਨੇ ਇਸ ਨੂੰ ਇਸਤੇਮਾਲ ਵੀ ਕੀਤਾ । ਉਨ੍ਹਾਂ ਕਿਤਾਬਾਂ ਵਿਚ ਵੀ ਸਾਫ਼-ਸਾਫ਼ ਲਿਖਿਆ ਹੈ ਕਿ ਬਾਹਮਣਾਂ ਨੇ ਗੁਰੂ ਅਮਰਦਾਸ ਜੀ ਦੇ ਸਮੇਂ ਤੇ ਕੀ ਕੀਤਾ, ਕਿਵੇਂ ਸ਼ਿਕਾਇਤਾਂ ਲਗਵਾਈਆਂ ।
ਇਸਦੀ ਪ੍ਰੋੜਤਾ ਕਿ ਇਸ ਵਿਚ ਮੈਕਾਲਿਫ਼ ਜਾਂ ਅੰਗਰੇਜ਼ਾਂ ਦਾ ਕੋਈ ਹੱਥ ਨਹੀਂ ਸੀ ਡਾ ਗੰਡਾ ਸਿੰਘ ਅਮਰਨਾਮੇ ਦੇ ਮੁੱਖ ਬੰਧ ਦੇ ਵਿਚ ਕਰਦੇ ਹਨ । ਇਹ ਕਿਤਾਬ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇ ਪ੍ਰਸਿੱਧ ਢਾਡੀ ਨੱਥ ਮੱਲ ਵੱਲੋਂ ਲਿਖੀ ਗਈ ਸੀ ।
1. ਪਰ ਕੁਝ ਸਮੇਂ ਤੋਂ ਬਰਾਹਮਣ-ਮਤੀਆਂ ਨੇ ਇਹ ਕਹਿਣਾ ਆਰੰਭ ਕੀਤਾ ਹੋਇਆ ਹੈ ਕਿ ਇਹ ਪਰਚਾਰ ਅੰਗਰੇਜ਼ਾਂ ਦੀ ਸ਼ਹਿ ਤੇ ਕੀਤਾ ਗਿਆ ਹੈ, ਅਤੇ ਇਸ ਦੀ ਜ਼ੁਮੇਵਾਰੀ ‘ਸਿਖ ਰਿਲਿਜਨ’ ਦੇ ਕਰਤਾ ਮਿਸਟਰ ਮੈਕਾਲਿਫ਼ ਤੇ ਸੁੱਟੀ ਜਾਂਦੀ ਹੈ । ‘ਅਮਰਨਾਮਾ’ ਸੰਮਤ 1756 ਬਿਕਰਮੀ ਮੁਤਾਬਕ ਸਨ 1708 ਈਸਵੀ ਵਿਚ ਰਚਿਆ ਗਿਆ ਸੀ ਜਿਸ ਨੂੰ ਢਾਈ ਸੌ ਸਾਲ ਹੋਣ ਵਾਲਾ ਹੈ ਅਤੇ ਅੰਗਰੇਜ਼ਾਂ ਦੇ ਪੰਜਾਬ ਵਿਚ ਆਉਣ ਤੋਂ ਇਕ ਸੌ ਇਕਤਾਲੀ ਵਰੇ ਪਹਿਲਾਂ ਦੀ ਗੱਲ ਹੈ । ਢਾਡੀਆਂ ਦੀਆਂ ਵਾਰਾਂ ਸੁਣਨ ਲਈ ਪਰੇਰਨਾ ਕਰਦਾ ਹੋਇਆ ਨਥ ਮਲ ਬਰਾਹਮਣਾਂ ਸੰਬੰਧੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਦਾ ਜ਼ਿਕਰ ਇਸ ਤਰਾਂ ਕਰਦਾ ਹੈ:-
ਹਯਾ ਅਜ਼ ਬ੍ਰਹਮਨ-ਪ੍ਰਸਤੀ ਕੁਨੰਦ ।
ਕਿ ਈਂ ਚਾਰ ਫਰਜ਼ੰਦਿ ਮਨ ਕੁਸ਼ਤਾ ਅੰਦ ।140।
ਮਕੁਨ ਹਰਚਿ ਗੋਬਿੰਦ ਕਿਰਿਆ ਕਰਮ ।
ਸਦਾ ਮੀ-ਦਿਹੰਦ ਸਿੰਘਿ ਮਾ ਰਾ ਖ਼ਸਮ ।141।
ਅਰਥਾਤ,
ਬਰਾਹਮਣਾਂ ਦੀ ਪੂਜਾ ਸੇਵਾ ਤੋਂ (ਸਿੰਘ) ਸ਼ਰਮ ਕਰਨ ਕਿਉਂਕਿ ਇਨ੍ਹਾਂ ਅਸਾਡੇ ਚਾਰ ਪੁਤਰ ਮਾਰੇ ਹਨ ।
ਜੋ ਭੀ ਕਿਰਿਆ-ਕਰਮ ਇਹ ਕਹਿੰਦੇ ਹਨ, ਨਾ ਕਰੋ । ਇਹ ਸਦਾ ਸਾਡੇ ਸਿੰਘਾਂ ਨੂੰ ਦੁਖ ਦਿੰਦੇ ਹਨ । - ਪੇਜ 14, ਅਮਰਨਾਮਾ, ਸੰਪਾਦਕ ਡਾ ਗੰਡਾ ਸਿੰਘ
ਅਤੇ ਇਨ੍ਹਾਂ ਵਿਚੋਂ ਹਜੇ ਵੀ ਕਈ ਦੁਖ ਦਿੰਦੇ ਹਨ ।
ਹਾਂ ਇਹ ਗੱਲ ਜ਼ਰੂਰ ਹੈ ਕਿ ਸਿੱਖਾਂ ਨੂੰ ਇਕ ਬਹਾਦਰ ਕੌਮ ਜਾਣ ਕੇ ਅੰਗਰੇਜ਼ਾਂ ਨੇ ਆਪਣੀ ਫ਼ੌਜ ਦੇ ਵਿਚ ਭਰਤੀ ਜ਼ਰੂਰ ਕੀਤਾ ਸੀ । ਇਹ ਵੀ ਫਿਰ ਕਈਆਂ ਲਈ ਪਰੇਸ਼ਾਨੀ ਦਾ ਕਾਰਣ ਬਣ ਗਿਆ । ਡੀ ਪੈਟਰੀ ਵੱਲੋਂ 1911 ਵਿਚ ਲਿਖੀ ਗਈ ਸਿੱਖ ਰਾਜਨੀਤੀ ਤੇ ਰਿਪੋਟ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਕਿਸ ਤਰ੍ਹਾਂ ਖਾਲਸਾ ਦੀਵਾਨ ਅੰਗਰੇਜ਼ਾਂ ਤੋਂ ਰਾਜ ਖੋ ਕੇ ਆਪਣਾ ਰਾਜ ਸਥਾਪਤ ਕਰ ਸਕਦਾ ਹੈ ।
1. ਤੱਤ ਖਾਲਸਾ ਬਾਰੇ ਫ਼ੈਸਲਾ ਇਸਦੇ ਲੀਡਰਾਂ ਦੀਆਂ ਗਤੀਵਿਧੀਆਂ ਦੇ ਅਧਾਰ ਤੇ ਕਰਨਾ ਚਾਹੀਦਾ ਹੈ, ਅਤੇ ਆਮ ਤੌਰ ਤੇ ਇਸ ਦੀਆਂ ਗਤੀਵਿਧੀਆਂ ਭਰੋਸੇ ਵਾਲੀਆਂ ਨਹੀਂ ਹਨ । ਜੇਕਰ ਤੱਤ ਖਾਲਸਾ ਦੇ ਸਾਰੇ ਲੋਕ ਰਾਜਨੀਤਿਕ ਨਹੀਂ ਹਨ, ਤਾਂ ਵੀਂ ਬਹੁਤੇ ਲੋਕ ਰਾਸ਼ਟਰਵਾਦ ਦੀ ਵਿਚਾਰਧਾਰਾ ਨਾਲ ਭਰੇ ਹੋਏ ਨੇ । ਇਹ ਲੋਕਾਂ ਦਾ ਨਾ ਕੇਵਲ ਸਿਰਫ਼ ਇਕਸਾਰ ਇਕ ਸਿੱਖ ਕੌਮ ਬਣਾਉਣ ਦਾ ਨਿਸ਼ਾਨਾ ਹੈ, ਜਿਹੜੇ ਆਪਣੇ ਆਪ ਨੂੰ ਦੂਜੀਆਂ ਧਿਰਾਂ ਤੋਂ ਬਚਾ ਸਕਣਗੇ, ਬਲਕਿ ਸਿੱਖ ਰਾਜ ਨੂੰ ਵੀ ਮੁੜ ਸੁਰਜੀਤ ਦੀ ਗੱਲ ਕਰਦੇ ਨੇ, ਜਿਹੜੇ ਅੰਗਰੇਜ਼ਾਂ ਦੇ ਹੱਥਾਂ ਵਿਚੋਂ ਰਾਜ ਖੋ ਕੇ ਆਪਣਾ ਰਾਜ ਫਿਰ ਤੋਂ ਪੰਜਾਬ ਦੇ ਵਿਚ ਸਥਾਪਤ ਕਰਨਗੇ[1] ।
ਅੰਗਰੇਜ਼ਾਂ ਨੇ ਸਿੱਖਾਂ ਨੂੰ ਵਰਤਿਆ ਵੀ ਅਤੇ ਇਨ੍ਹਾਂ ਦੀਆਂ ਕਿਤਾਬਾਂ ਅਤੇ ਅਸੂਲਾਂ ਵਿਚ ਬਦਲਾਅ ਕਰਨ ਦੀ ਕੋਸ਼ਿਸ਼ ਵੀ ਕੀਤੀ, ਜੋ ਅਸਫ਼ਲ ਰਹੀ । ਹਾਂ ਇਨ੍ਹਾਂ ਨੇ ਸਿੱਖਾਂ ਬਾਰੇ ਕਿਤਾਬਾਂ ਵੀ ਲਿਖੀਆਂ । ਇਹ ਕਿਤਾਬਾਂ ਪੰਜਾਬ ਵਿਚ ਇਨ੍ਹਾਂ ਦੇ ਰਾਜ ਤੋਂ ਪਹਿਲਾਂ ਤੋਂ ਹੀ ਲਿਖੀਆਂ ਜਾਣੀਆਂ ਸ਼ੁਰੂ ਹੋ ਗਈਆਂ ਸਨ, ਕਈਆਂ ਨੇ ਸਫ਼ਰ ਕਰਦੇ ਹੋਏ ਕਿਤਾਬਾਂ ਲਿਖੀਆਂ ਜਿਸ ਵਿਚ ਸਿੱਖਾਂ ਦਾ ਜ਼ਿਕਰ ਆਇਆ, ਜਾਂ ਫਿਰ ਇਹ ਬਹਾਦਰ ਕੌਮ ਹੈ ਕੌਣ ਇਸ ਬਾਰੇ ਜਾਨਣ ਲਈ ਕਿਤਾਬਾਂ ਲਿਖੀਆਂ ਗਈਆਂ । ਕਈ ਉਨ੍ਹਾਂ ਦੇ ਖ਼ਿਆਲ ਸਨ, ਕਈ ਉਨ੍ਹਾਂ ਦੀ ਛਾਣਬੀਣ, ਅਤੇ ਕਈ ਸੱਚ । ਇਕ ਅੰਗਰੇਜ਼ ਵੱਲੋਂ ਲਿਖੀ ਕਿਤਾਬ ਦੇ ਵਿਚ ਇਹ ਚੀਜ਼ਾਂ ਮਿਲਣਗੀਆਂ । ਕਈਆਂ ਵਿਚ ਕੁਝ ਜ਼ਿਆਦਾ ਹੈ, ਕਈਆਂ ਵਿਚ ਕੁਝ । ਪਰ ਕਿਸੇ ਅੰਗਰੇਜ਼ ਵੱਲੋਂ ਕੋਈ ਵੀ ਗੱਲ ਸਿੱਖ ਧਰਮ ਦੇ ਅਸੂਲਾਂ ਦੇ ਵਿਚ ਨਹੀਂ ਪਾਈ ਗਈ । ਇਹ ਬਸ ਹਿੰਦੂਵਾਦੀਆਂ ਦੀ ਸੋਚ ਦੇ ਵਿਚ ਹੀ ਹੈ ।
ਸਿੰਘ ਸਭਾ ਦਾ ਪ੍ਰਮੁੱਖ ਉਦੇਸ਼ ਜ਼ਰੂਰ ਸਿੱਖੀ ਦਾ ਪ੍ਰਚਾਰ ਕਰਨਾ ਸੀ, ਪਰ ਇਸ ਲਈ ਉਹ ਸਿਰਫ਼ ਕਿਤਾਬਾਂ ਲਿਖਣ ਤੱਕ ਹੀ ਨਹੀਂ ਸੀਮਤ ਨਹੀਂ ਰਹੇ ਬਲਕਿ ਕਾਲਜ ਅਤੇ ਸਕੂਲ ਵੀ ਖੜ੍ਹੇ ਕੀਤੇ, ਵਿਆਹ ਲਈ ਐਕਟ ਵੀ ਆਇਆ, ਪੈਟਰੀ ਦੀ ਰਿਪੋਟ ਅਨੁਸਾਰ ਸਿੱਖ ਰਾਜ ਦੀ ਗੱਲ ਵੀ ਹੋਣ ਲੱਗ ਗਈ ਸੀ, ਇਤਿਆਦਿ । ਇਹ ਸਮਾਂ ਪੜ੍ਹਨੇ ਯੋਗ ਹੈ ਖ਼ਾਸ ਕਰ ਜਦ ਇਸ ਸਮੇਂ ਦੇ ਵਿਚ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਗਈਆਂ ਜੋ ਉਸ ਸਮੇਂ ਨੂੰ ਬਿਆਨ ਕਰਦੀਆਂ ਹਨ ।
ਭਿੰਡਰਾਂਵਾਲੇ ਸੰਤ ਅਤੇ ਖਾਲਿਸਤਾਨ
ਜੇ ਆਪਾਂ ਸਿੱਖਾਂ ਦਾ ਸਭ ਤੋਂ ਨੇੜਲਾ ਸੰਘਰਸ਼ ਦੇਖੀਏ ਤਾਂ 1980 ਤੇ 90 ਦੇ ਦਹਾਕਿਆਂ ਦਾ ਹੈ । ਇਹ ਸੰਘਰਸ਼ ਨਾ ਸਿਰਫ਼ ਵਿਚਾਰਧਾਰਕ ਸੀ ਬਲਕਿ ਹਥਿਆਰਬੰਦ ਵੀ । ਇਸ ਸੰਘਰਸ਼ ਦੇ ਸਭ ਤੋਂ ਉੱਘਦੇ ਸਿਤਾਰੇ ਜੋ ਸਨ ਉਹ ਸਨ ਸੰਤ ਗਿਆਨੀ ਜਰਨੈਲ ਸਿੰਘ ਜੀ, ਜੋ ਭਿੰਡਰਾਂਵਾਲੇ ਸੰਤਾਂ ਦੇ ਨਾਂ ਨਾਲ ਜਾਣੇ ਗਏ ਅਤੇ ਜਾਣੇ ਜਾਂਦੇ ਹਨ ।
ਇਹ ਸੰਘਰਸ਼ ਕੋਈ ਮਿੱਥੀ ਹੋਈ ਯੋਜਨਾ ਦਾ ਨਤੀਜਾ ਨਹੀਂ ਸੀ । ਇਹ ਉਨ੍ਹਾਂ ਵਿਚਾਰਧਾਰਕ ਮਸਲਿਆਂ ਦੀ ਉਪਜ ਸੀ ਜੋ ਸਰਕਾਰਾਂ ਨੇ ਜਾਣਬੁਝ ਕੇ ਆਪਣੇ ਫ਼ਾਇਦੇ ਲਈ ਪੈਦਾ ਕੀਤੇ ਜਾਂ ਫਿਰ ਰੋਕਣ ਦੇ ਵਿਚ ਅਸਫ਼ਲ ਰਹੇ । ਹਜ਼ਾਰਾਂ ਦੀ ਗਿਣਤੀ ਦੇ ਵਿਚ ਸਿੱਖ ਨੌਜਵਾਨੀ ਦਾ ਘਾਣ ਕੀਤਾ ਗਿਆ ਸਰਕਾਰਾਂ ਵੱਲੋਂ ਅਤੇ ਇਸ ਦੇ ਲਈ ਫਿਰ ਪੁਰਸਕਾਰ ਵੀ ਦਿੱਤੇ ਗਏ । ਅੰਤ ਵਿਚ ਇਸਨੂੰ ਇਕ ਅੱਤਵਾਦ ਦੇ ਨਾਂ ਨਾਲ ਜਾਣਿਆ ਜਾਣ ਲੱਗਾ, ਅਤੇ ਸਿੱਖਾਂ ਤੇ ਹੋਏ ਅਣ-ਮਨੁੱਖੀ ਤਸ਼ੱਦਦ ਨੂੰ ਭੁਲਾ ਦਿੱਤਾ ਗਿਆ ।
ਭਿੰਡਰਾਂਵਾਲੇ ਸੰਤਾਂ ਨੇ ਡੰਕੇ ਦੀ ਚੋਟ ਤੇ ਇਹ ਗੱਲ ਕਹੀ ਸੀ ਕਿ ਸਿੱਖ ਹਿੰਦੂ ਨਹੀਂ ਹਨ । ਉਨ੍ਹਾਂ ਦੇ ਬਹੁਤ ਸਾਰੇ ਭਾਸ਼ਨਾਂ ਦੇ ਵਿਚ ਇਹ ਗੱਲ ਆਉਂਦੀ ਹੈ । ਹਿੰਦੂਵਾਦੀ ਸ਼ਾਇਦ ਕਿਸੇ ਹੱਦ ਤੱਕ ਉਨ੍ਹਾਂ ਦੇ ਹਥਿਆਰਬੰਦ ਸੰਘਰਸ਼ ਦੇ ਵਿਚ ਹਾਮੀ ਵੀ ਭਰ ਦੇਣ, ਪਰ ਉਹ ਉਨ੍ਹਾਂ ਦੇ ਸਿੱਖ ਕੌਮ ਨੂੰ ਵੱਖਰਾ ਧਰਮ ਮੰਨਣ ਨੂੰ ਨਹੀਂ ਮੰਨਣਗੇ । ਕਿਉਂਕਿ ਭਿੰਡਰਾਂਵਾਲੇ ਸੰਤਾਂ ਨੇ ਸਿੱਖਾਂ ਨੂੰ ਹਿੰਦੂਆਂ ਤੋਂ ਵੱਖਰਾ ਕਿਹਾ ਸੀ, ਹਿੰਦੂਵਾਦੀਆਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਇਹ ਪ੍ਰਚਾਰ ਭਿੰਡਰਾਂਵਾਲਿਆਂ ਸੰਤਾਂ ਨੇ ਸ਼ੁਰੂ ਕੀਤਾ ਸੀ । ਹੁਣ ਤਾਂ ਇਹ ਸਮਾਂ ਆ ਗਿਆ ਹੈ ਕਿ ਜੇ ਤੁਸੀਂ ਸਿੱਖਾਂ ਨੂੰ ਵੱਖਰੀ ਕੌਮ ਮੰਨਦੇ ਹੋ ਤਾਂ ਤੁਹਾਨੂੰ ਖਾਲ਼ਿਸਤਾਨੀ ਕਹਿ ਦਿੱਤਾ ਜਾਂਦਾ ਹੈ ।
ਇਸ ਸਾਰੇ ਮਸਲੇ ਦੇ ਵਿਚ ਤੁਸੀਂ ਦੇਖੋਗੇ ਕਿ ਇਹ ਕਿਤੇ ਵੀ ਟਿਕਦੇ ਨਹੀਂ । ਕਿਤੇ ਕੁਝ ਕਹਿ ਦਿੰਦੇ ਨੇ ਅਤੇ ਕਿਤੇ ਕੁਝ । ਇਕ ਗੱਲ ਜੇ ਇਨ੍ਹਾਂ ਨੂੰ ਸਮਝ ਨਹੀਂ ਆਈ ਉਹ ਇਹ ਕਿ ਸਿੰਘ ਸਭਾ ਦੇ ਵੇਲੇ ਜਾਂ ਭਿੰਡਰਾਂਵਾਲੇ ਸੰਤਾਂ ਦੇ ਸਮੇਂ ਜੋ ਗੱਲਾਂ ਵੀ ਕੀਤੀਆਂ ਗਈਆਂ ਸਿੱਖ ਧਰਮ ਦੇ ਨਿਆਰੇਪਨ ਬਾਰੇ ਉਹ ਸਿੱਖ-ਗੁਰੂਆਂ ਦੀ ਦੇਣ ਸੀ, ਨਾ ਕਿ ਕਿਸੇ ਆਮ ਸਿੱਖ ਜਾਂ ਸੰਤਾਂ ਦੀ । ਇਹ ਇਸ ਲਈ ਇਕੋ-ਜਿਹੀ ਹੈ ਕਿਉਂਕਿ ਸਿੰਘ ਸਭਾ ਤੇ ਸੰਤਾਂ ਦੇ ਸਮੇਂ ਤੇ ਉਨ੍ਹਾਂ ਨੇ ਗੁਰਬਾਣੀ ਨੂੰ ਅਧਾਰ ਬਣਾਇਆ ਸੀ, ਫਿਰ ਇਤਿਹਾਸ ਨੂੰ । ਇਹ ਇਕਸਾਰ ਵਿਚਾਰਾਂ ਗੁਰਬਾਣੀ ਦੀ ਦੇਣ ਹਨ, ਜੋ ਹਿੰਦੂਵਾਦੀ ਸਮਝ ਨਹੀਂ ਪਾਏ ।
ਹਾਂ ਇਹ ਸਹੀ ਹੈ ਕਿ ਜੇ ਕੋਈ ਭਿੰਡਰਾਂਵਾਲੇ ਸੰਤਾਂ ਨੂੰ ਮੰਨਦਾ ਹੈ ਤਾਂ ਉਹ ਇਹ ਜ਼ਰੂਰ ਮੰਨੇਗਾ ਕਿ ਸਿੱਖ ਇਕ ਵੱਖਰੀ ਕੌਮ ਹੈ । ਜ਼ਿਆਦਾਤਰ ਲੋਕ ਜੋ ਭਿੰਡਰਾਂਵਾਲੇ ਸੰਤਾਂ ਨੂੰ ਮਾੜਾ ਬੋਲਦੇ ਹਨ ਜਾਂ ਤਾਂ ਉਹ ਹਿੰਦੂਵਾਦੀ ਹਨ ਜਾਂ ਫਿਰ ਰਾਜਨੀਤਿਕ ਪਾਰਟੀ ਦੇ ਲੋਕ, ਅਤੇ ਬਹੁਤਾਤ ਦੇ ਵਿਚ ਇਹ ਲੋਕ ਸਿੱਖਾਂ ਦੀ ਵੱਖਰੀ ਹੋਂਦ ਤੋਂ ਮੁਨਕਰ ਹਨ । ਇਨ੍ਹਾਂ ਦੀ ਵਿਚਾਰਧਾਰਾ ਸੰਘ ਦੇ ਨਾਲ ਜੁੜਦੀ ਹੈ ।
ਸਿੱਖਾਂ ਦਾ ਵਖਰਾਪਣ
ਗੁਰੂ ਨਾਨਕ ਦੇਵ ਜੀ ਨੇ ਹਿੰਦੂਆਂ ਤੋਂ ਵੱਖਰੀ ਹੋਂਦ ਦਾ ਨਗਾਰਾ ਜਨੇਊ ਪਾਉਣ ਤੋਂ ਮਨ੍ਹਾਂ ਕਰਕੇ ਵਜਾ ਦਿੱਤਾ ਸੀ । ਉਹ ਇਕ ਸੰਸਾਰੀ ਰੀਤੀ ਨਹੀਂ ਸਗੋਂ ਉਸ ਫ਼ਲਸਫ਼ੇ ਦਾ ਹਿੱਸਾ ਸੀ ਜਿਸ ਵਿਚ ਉਹ ਸਾਰੇ ਕੰਮ ਫ਼ਜ਼ੂਲ ਹਨ ਜੋ ਤੁਹਾਨੂੰ ਪਰਮਾਤਮਾ ਦੇ ਕੋਲ ਨਹੀਂ ਲੈ ਕੇ ਜਾਂਦੇ । ਇਹ ਨਹੀਂ ਕਿ ਗੁਰੂ ਸਾਹਿਬ ਇਹ ਕਹਿੰਦੇ ਹਨ ਕਿ ਹਿੰਦੂ ਜਨੇਊ ਪਾਉਣਾ ਛੱਡ ਦੇਣ । ਨਹੀਂ । ਬਲਕਿ ਉਨ੍ਹਾਂ ਦੇ ਦਿਖਾਏ ਮਾਰਗ ਦੇ ਵਿਚ ਉਸ ਧਾਗੇ ਦੀ ਕੀਮਤ ਨਹੀਂ ਹੈ ਜੋ ਇਕ ਇਨਸਾਨ ਪਹਿਨਦਾ ਹੈ ਪਰ ਫਿਰ ਵੀ ਉਹ ਰੱਬ ਨੂੰ ਪਾਉਣ ਵਾਲੇ ਕੰਮਾਂ ਵਾਲੇ ਪਾਸੇ ਨਹੀਂ ਪਿਆ, ਜਾਂ ਆਪਣੇ ਧਾਗੇ ਕਰਕੇ ਉਹ ਬਾਕੀ ਲੋਕਾਂ ਨੂੰ ਨੀਵਾਂ ਸਮਝਦਾ ਹੈ ਤੇ ਉਹ ਸਾਰੇ ਕੰਮ ਕਰਦਾ ਹੈ ਜੋ ਜਾਤੀਵਾਦ ਦੇ ਨਾਲ ਸੰਬੰਧਿਤ ਨੇ ।
ਕਈਆਂ ਨੇ ਕਿਹਾ ਕਿ ਜੇ ਜਨੇਊ ਪਾਉਣਾ ਗ਼ਲਤ ਹੈ ਫਿਰ ਕਿਰਪਾਨ ਪਾਉਣੀ ਸਹੀ ਕਿਵੇਂ । ਕਈਆਂ ਨੇ ਕਿਰਪਾਨ ਨੂੰ ਹੀ ਜਨੇਊ ਦੀ ਨਜ਼ਰ ਨਾਲ ਦੇਖਣਾ ਸ਼ੁਰੂ ਕਰ ਦਿੱਤਾ । ਇਸ ਵਿਚ ਦੋ ਤਰ੍ਹਾਂ ਦੇ ਲੋਕ ਆਉਂਦੇ ਹਨ । ਇਕ ਉਹ ਜੋ ਸਿੱਖ ਹੋ ਕੇ ਅੰਮ੍ਰਿਤ ਨਹੀਂ ਛਕਣਾ ਚਾਹੁੰਦੇ; ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਦਿੱਤੀ ਹੋਈ ਮਰਯਾਦਾ ਜ਼ੰਜੀਰ ਲੱਗਦੀ ਹੈ । ਦੂਜੇ ਤੇ ਹਿੰਦੂ ਹਨ ਜਿਨ੍ਹਾਂ ਨੂੰ ਸਿੱਖਾਂ ਦਾ ਜਨੇਊ ਨਾ ਪਾਉਣਾ ਤੇ ਕਿੰਤੂ-ਪ੍ਰੰਤੂ ਉਨ੍ਹਾਂ ਦੇ ਧਰਮ ਤੇ ਇਕ ਵਾਰ ਲੱਗਦਾ ਹੈ ।
ਇਸ ਵਿਚ ਫ਼ਰਕ ਬਹੁਤ ਜ਼ਿਆਦਾ ਹੈ, ਪਰ ਸਮਝਿਆ ਅਸਾਨੀ ਨਾਲ ਜਾ ਸਕਦਾ ਹੈ । ਜੇ ਹਿੰਦੂਆਂ ਦਾ ਜਨੇਊ ਅਤੇ ਸਿੱਖਾਂ ਦੀ ਕਿਰਪਾਨ ਇਕ ਹੀ ਗੱਲ ਹੈ ਤਾਂ ਗੁਰੂ ਸਾਹਿਬਾਨਾਂ ਨੇ ਇਕ ਨੂੰ ਪਰਵਾਨ ਤੇ ਦੂਜੇ ਨੂੰ ਖੰਡਨ ਕਿਉਂ ਕੀਤਾ ? ਇਹੀਓ ਗੱਲ ਮੂਰਤੀ-ਪੂਜਾ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਹੈ । ਲੋਕ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣਾ ਵੀ ਮੂਰਤੀ-ਪੂਜਾ ਹੈ । 230 ਸਾਲਾਂ ਦੇ ਗੁਰੂ-ਕਾਲ ਦੇ ਸਮੇਂ ਵਿਚ ਗੁਰੂ ਸਾਹਿਬ ਕਦੇ ਮੂਰਤੀ-ਪੂਜਕ ਨਹੀਂ ਰਹੇ ਤੇ ਨਾ ਹੀ ਮੂਰਤੀ-ਪੂਜਾ ਦਾ ਪ੍ਰਚਾਰ ਕੀਤਾ । ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਵਿਚ ਵੀ ਮੂਰਤੀ-ਪੂਜਾ ਦੀ ਮਨਾਹੀ ਹੈ । ਜੇ ਗੁਰੂ ਸਾਹਿਬ ਮੂਰਤੀ-ਪੂਜਾ ਦੇ ਖ਼ਿਲਾਫ਼ ਸਨ, ਅਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਤੇ ਮੂਰਤੀ-ਪੂਜਾ ਇਕ ਹੀ ਹੈ, ਤਾਂ ਗੁਰੂ ਸਾਹਿਬ ਨੇ ਆਦਿ ਗ੍ਰੰਥ ਸਾਹਿਬ ਨੂੰ ਗੁਰਤਾਗੱਦੀ ਕਿਉਂ ਦਿੱਤੀ ? ਇਨ੍ਹਾਂ ਵਿਚ ਫ਼ਰਕ ਸੀ ਤਾਂ ਹੀ ਕੀਤਾ ਸੀ ਨਾ ।
ਹੋਇਆ ਕੀ ਹੈ ਕਿ ਜਿਹੜੀਆਂ ਹਿੰਦੂ ਪਰੰਪਰਾਵਾਂ ਦਾ ਖੰਡਣ ਗੁਰੂ ਸਾਹਿਬ ਨੇ ਕੀਤਾ ਹੈ ਉਹ ਹਿੰਦੂਆਂ ਨੂੰ ਭਾਇਆ ਨਹੀਂ, ਸੋ ਉਹ ਓਹੀ ਚੀਜ਼ਾਂ ਸਿੱਖ ਧਰਮ ਵਿਚ ਲੱਭਣ ਦਾ ਯਤਨ ਕਰਦੇ ਨੇ । ਉਹ ਚੀਜ਼ਾਂ ਤਾਂ ਨਹੀਂ ਮਿਲ ਸਕਦੀਆਂ ਉਨ੍ਹਾਂ ਨੂੰ ਸਿੱਖੀ ਦੇ ਵਿਚ ਸੋ ਉਹ ਹੋਰ ਗੱਲਾਂ ਨੂੰ ਲੈ ਕੇ ਆਪਣੀਆਂ ਰੱਦ ਹੋਈਆਂ ਪਰੰਪਰਾਵਾਂ ਨਾਲ ਜੋੜ ਕੇ ਵੇਖਣ ਲੱਗ ਪੈਂਦੇ ਨੇ । ਇਸ ਨਾਲ ਫਿਰ ਸ਼ੁਰੂ ਹੁੰਦਾ ਹੈ ਗੁੰਮਰਾਹਕੁੰਨ ਪ੍ਰਚਾਰ ।
ਖ਼ੈਰ, ਆਪਾਂ ਗੱਲ ਕਰਦੇ ਸੀ ਵਖਰੇਪਣ ਦੀ । ਇਹ ਵਖਰਾਪਣ ਗੁਰੂ ਸਾਹਿਬ ਦੀਆਂ ਉਦਾਸੀਆਂ ਦੇ ਵਿਚ ਵੀ ਦੇਖਣ ਨੂੰ ਮਿਲਦਾ ਹੈ ਜਦੋਂ ਉਹ ਅਲੱਗ-ਅਲੱਗ ਧਰਮਾਂ ਦੇ ਲੋਕਾਂ ਨਾਲ ਚਰਚਾ ਕਰਦੇ ਨੇ ਅਤੇ ਆਪਣਾ ਪੱਖ ਰੱਖਦੇ ਨੇ । ਇਸਦਾ ਜ਼ਿਕਰ ਜਨਮਸਾਖੀਆਂ ਦੇ ਵਿਚ ਵੀ ਮਿਲਦਾ ਹੈ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿਚ ਵੀ, ਅਤੇ ਗੁਰਬਾਣੀ ਦੇ ਵਿਚ ਵੀ । ਇਨ੍ਹਾਂ ਸਭ ਸਬੂਤਾਂ ਨੂੰ ਛਿੱਕੇ ਟੰਗ ਕੇ ਲੋਕ ਗੁਰਮਤਿ ਵਿਰੋਧੀ ਗੱਲਾਂ ਲਿਆ ਕੇ ਆਪਣਾ ਪੱਖ ਰੱਖਣ ਦਾ ਯਤਨ ਕਰਦੇ ਨੇ ।
ਮਿਸਾਲ ਦੇ ਤੌਰ ਤੇ ਮੈਕਲੋਡ ਆਪਣੀ ਕਿਤਾਬ ਦੇ ਵਿਚ 1701 ਈਸਵੀ ਦੀ ਇਕ ਰਚਨਾ ਦਾ ਹਵਾਲਾ ਦੇ ਕੇ ਲਿਖਦਾ ਹੈ ਕਿ ਗੁਰੂ ਨਾਨਕ ਸਾਹਿਬ ਆਪਣੇ ਆਪ ਨੂੰ ਹਿੰਦੂ ਕਹਿੰਦੇ ਸਨ[2] । ਪਰ ਉਹ 1658 ਈਸਵੀ ਵਾਲੀ ਲਿਖਤ ਨੂੰ ਵਾਚਦਾ ਵੀ ਨਹੀਂ ਹੈ ਜਿਸ ਵਿਚ ਗੁਰੂ ਸਾਹਿਬ ਕਹਿ ਰਹੇ ਨੇ ਨਾ ਉਹ ਹਿੰਦੂ ਹਨ ਨਾ ਮੁਸਲਮਾਨ[3] । ਇਥੇ ਇਹ ਵੀ ਨਹੀਂ ਮੰਨਿਆ ਜਾ ਸਕਦਾ ਕਿ ਉਸਨੂੰ ਇਸ ਲਿਖਤ ਬਾਰੇ ਪਤਾ ਨਹੀਂ ਸੀ ਜਦਕਿ ਉਸ ਨੇ ਖ਼ੁਦ ਜਨਮਸਾਖੀਆਂ ਤੇ ਇਕ ਕਿਤਾਬ ਲਿਖੀ ਹੈ । ਹੋਈ ਨਾ ਫਿਰ ਇਹ ਵਿਕੀ ਹੋਈ ਕਲਮ ।
ਸੋ ਜੋ ਵਖਰਾਪਣ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਸ਼ੁਰੂ ਹੋਇਆ ਉਹ ਗੁਰੂ ਨਾਨਕ ਦੇਵ ਜੀ ਦੀ ਅਗਲੀ ਜੋਤਿ ਨੇ ਵੀ ਜਾਰੀ ਰੱਖਿਆ । ਇਹ ਸਿਲਸਿਲਾ ਗੁਰੂ ਗੋਬਿੰਦ ਸਿੰਘ ਜੀ ਤੱਕ ਚਲਦਾ ਰਿਹਾ ਜਿਸ ਵਿਚ ਗੁਰੂ ਸਾਹਿਬਾਨਾਂ ਨੇ ਸਿੱਖਾਂ ਨੂੰ ਵੱਖਰਾ ਗ੍ਰੰਥ, ਵੱਖਰੇ ਪਾਠ-ਪੂਜਾ ਦੇ ਸਥਾਨ, ਵੱਖਰੀ ਰਹਿਣੀ, ਵਿਆਹ ਲਈ ਵੱਖਰੇ ਪ੍ਰਬੰਧ, ਦਿਨ-ਪ੍ਰਤਿਦਿਨ ਦੇ ਵੱਖਰੇ ਅਸੂਲ, ਇਤਿਆਦਿ ਬਹੁਤ ਕੁਝ ਦਿੱਤਾ । ਜੋ ਵਖਰਾਪਣ ਗੁਰੂ ਨਾਨਕ ਦੇਵ ਜੀ ਤੋਂ ਸ਼ੁਰੂ ਹੋਇਆ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਤੇ ਜਾ ਕੇ ਪੂਰਾ ਹੋਇਆ, ਜਿਸਦਾ ਕੇ ਸਿੱਖ ਅੱਜਕਲ੍ਹ ਧਾਰਨੀ ਹੈ ।
ਹਿੰਦੂਆਂ ਦੀ ਨਾ-ਸਮਝੀ
ਸਿੱਖ ਧਰਮ ਨੂੰ ਆਪਣਾ ਇਕ ਅੰਗ ਦੱਸਣ ਦੇ ਕੀ ਕਾਰਣ ਹੋ ਸਕਦੇ ਨੇ, ਇਸਨੂੰ ਬੜੀ ਸਮਝਣ ਦੀ ਲੋੜ ਹੈ । ਹੇਠ ਲਿਖੇ ਕੁਝ ਕਾਰਣ ਜੋ ਮੇਰੀ ਸਮਝ ਦੇ ਵਿਚ ਆਏ ਨੇ ਜਾਂ ਕਹਿ ਲਵੋ ਕਿ ਜੋ ਲੋਕ ਆਮ ਹੀ ਕਰਕੇ ਮੰਨਦੇ ਨੇ ਉਹ ਇਹ ਹਨ ।
1. ਸਿੱਖਾਂ ਨੂੰ ਆਪਣੇ ਵਿਚ ਰਲਾਉਣ ਦਾ ਜੋ ਸਭ ਤੋਂ ਵੱਡਾ ਕਾਰਨ ਜਾਪਦਾ ਹੈ ਉਹ ਇਹ ਕਿ ਸਿੱਖ ਇਕ ਬਹਾਦਰ ਕੌਮ ਹੈ । ਇਹ ਆਮ ਹੀ ਦੇਖਿਆ ਗਿਆ ਹੈ ਕਿ ਸਿੱਖਾਂ ਦੀਆਂ ਕਹਾਣੀਆਂ ਬਹਾਦਰ ਲੋਕਾਂ ਕਰਕੇ ਜਾਣੀਆਂ ਜਾਂਦੀਆਂ ਹਨ ।[4] ਸੋ ਜਿਹੜਾ ਇਹ ਬਹਾਦਰੀ ਦਾ ਤਾਜ ਹੈ ਇਹ ਹਿੰਦੂ ਆਪਣੇ ਆਪ ਲਈ ਰੱਖ ਲੈਣ, ਇਹ ਕਾਰਨ ਜਾਪਦਾ ਹੈ ।
ਤੁਸੀਂ ਸ਼ਾਇਦ ਇਹ ਦੇਖਿਆ ਹੋਵੇਗਾ ਕਿ ਕਈ ਇਹ ਕਹਿੰਦੇ ਹਨ ਕਿ ਸਿੱਖਾਂ ਦੀ ਬਹਾਦਰੀ ਤਾਂ ਕਰਕੇ ਹੈ ਕਿਉਂਕਿ ਸਿੱਖਾਂ ਨੂੰ ਸ਼ਸਤਰ-ਵਿੱਦਿਆ ਰਾਜਪੂਤਾਂ ਨੇ ਸਿਖਾਈ ਸੀ । ਜਾਂ ਕਹਿ ਲਵੋ ਕਿ ਜਿੰਨਾਂ ਲੋਕਾਂ ਨੇ ਹਿੰਦੂ ਧਰਮ ਦੇ ਵਿਚੋਂ ਆ ਕੇ ਸਿੱਖੀ ਧਾਰਨ ਕੀਤੀ ਸੀ ਉਨ੍ਹਾਂ ਨੇ ਸਿਖਾਈ । ਸੋ ਕਹਿਣ ਦਾ ਭਾਵ ਇਹ ਕਿ ਕਈ ਹਿੰਦੂ ਸਿੱਖਾਂ ਦਾ ਆਪਣਾ ਕੁਝ ਵੀ ਰਹਿਣ ਨਹੀਂ ਦਿੰਦੇ । ਉਨ੍ਹਾਂ ਨੂੰ ਇਹ ਲੱਗਦਾ ਹੈ ਕਿ ਜਿਹੜੀ ਚੀਜ਼ ਵੀ ਸਿੱਖਾਂ ਵਿਚ ਹੈ, ਚਾਹੇ ਉਹ ਗੁਰਬਾਣੀ ਹੋਵੇ, ਸਿਧਾਂਤ ਹੋਣ, ਰਹਿਣੀ ਹੋਵੇ, ਆਦਿ, ਉਹ ਸਾਰਾ ਕੁਝ ਹਿੰਦੂਆਂ ਦੀ ਦੇਣ ਹੈ ।
ਜਿਹੜੇ ਹਿੰਦੂ ਪੰਥ ਦੇ ਛੱਤ੍ਰੀ ਸੀ ਉਹ ਵੀ ਬਹਾਦਰ ਸਨ । ਮੈਂ ਇਹ ਨਹੀਂ ਕਹਿ ਰਿਹਾ ਕਿ ’ਕੱਲੀ ਸਿੱਖ ਹੀ ਬਹਾਦਰ ਕੌਮ ਹੈ । ਨਹੀਂ । ਪਰ ਫਿਰ ਕੀ ਕਾਰਣ ਹੋ ਸਕਦਾ ਹੈ ਕਿ ਇਨ੍ਹਾਂ ਨੂੰ ਸਿੱਖਾਂ ਨੂੰ ਆਪਣੇ ਵਿਚ ਰਲਾਉਣ ਦੀ ਲੋੜ ਪੈ ਗਈ । ਕਾਰਣ ਇਹ ਹੈ ਕਿ ਉੱਤਰੀ ਹਿੱਸੇ ਦੇ ਵਿੱਚ ਸਿੱਖਾਂ ਦੀ ਹੀ ਚੜ੍ਹਤ ਸੀ । ਹਾਲਾਂਕਿ ਮਰਾਠੇ ਵੀ ਆਏ ਕੁਝ ਸਮੇਂ ਲਈ ਪਰ ਉਹ ਟਿਕ ਨੀ ਪਾਏ । ਸੋ ਜੋ ਉਹ ਉੱਤਰੀ ਹਿੱਸੇ ਦੇ ਵਿਚ ਜੰਗ-ਯੁੱਧ ਹੋਏ, ਉਹ ਕਿਸ ਹਿੱਸੇ ਆਉਣ ? ਹੈਗੇ ਉਥੇ ਮੁਸਲਮਾਨ ਵੀ ਸਨ । ਪਰ ਹਿੰਦੂ ਉਨ੍ਹਾਂ ਦੀ ਤਾਰੀਫ਼ ਤਾਂ ਨਹੀਂ ਕਰ ਸਕਦੇ । ਰਹਿ ਗਏ ਸਿੱਖ, ਜੇ ਉਨ੍ਹਾਂ ਨੂੰ ਵੀ ਛੱਡ ਦਿੰਦੇ ਨੇ ਤਾਂ ਉਹ ਸਾਰੇ ਜੰਗ-ਯੁੱਧ ਉਨ੍ਹਾਂ ਦੇ ਹਿੱਸਿਓ ਨਿਕਲ ਜਾਂਦੇ ਨੇ ।
ਇਸ ਵਿਚ ਸਿਰਫ਼ ਇਕ ਹੀ ਚਾਰਾ ਰਹਿ ਜਾਂਦਾ ਉਹ ਹੈ ਸਿੱਖਾਂ ਦੀ ਬਹਾਦਰੀ ਨੂੰ ਆਪਣਾ ਦੱਸਣਾ । ਕਈ ਇਸਨੂੰ ਹਿੰਦੂਆਂ ਦੀ ਹੀਣਤਾ ਦੇ ਵਿਚੋਂ ਪੈਦਾ ਹੋਇਆ ਵੀ ਮੰਨਦੇ ਹਨ ।
2. ਦੂਜਾ ਹੈ ਸਿੱਖਾਂ ਨੂੰ ਇਕ ਢਾਲ ਦੀ ਤਰ੍ਹਾਂ ਇਸਤੇਮਾਲ ਕਰਨਾ । ਜੇਕਰ ਦੇਖਿਆ ਜਾਵੇ ਤਾਂ ਸਿੱਖਾਂ ਤੇ ਮੁਸਲਮਾਨਾਂ ਦੇ ਰਿਸ਼ਤੇ ਜ਼ਿਆਦਾ ਕੁੜੱਤਣ ਵਾਲੇ ਨਹੀਂ ਹਨ । ਉਹ ਪੁਰਾਣੇ ਸਮੇਂ ਦੇ ਵਿਚ ਹੋਈਆਂ ਜ਼ਿਆਦਤੀਆਂ ਭੁੱਲੇ ਨਹੀਂ ਹਨ, ਪਰ ਉਹ ਉਨ੍ਹਾਂ ਦਾ ਗ਼ੁੱਸਾ ਹੁਣ ਵਾਲੇ ਮੁਸਲਮਾਨਾਂ ਤੇ ਨਹੀਂ ਕੱਢਦੇ । ਹਿੰਦੂ ਕਈ ਅਜਿਹੇ ਹਨ ਕਿ ਉਹ ਪੁਰਾਣੇ ਸਮੇਂ ਦੇ ਵਿਚ ਹੋਏ ਅਤਿਆਚਾਰਾਂ ਲਈ ਹੁਣ ਦੇ ਮੁਸਲਮਾਨਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ । ਇਹ ਹੁਣ ਵਾਲੇ ਭਾਰਤ ਦੇ ਸਮਾਜ ਵਿਚ ਆਮ ਦੇਖਿਆ ਜਾ ਸਕਦਾ ਹੈ । ਕਈ ਹਿੰਦੂਆਂ ਦੇ ਮਨਾਂ ਦੇ ਵਿਚ ਇੰਨੀ ਨਫ਼ਰਤ ਭਰ ਦਿੱਤੀ ਗਈ ਹੈ ਕਿ ਉਹ ਹਰ ਇਕ ਮੁਸਲਮਾਨ ਨੂੰ ਆਪਣਾ ਦੁਸ਼ਮਣ ਸਮਝੀ ਬੈਠੇ ਨੇ ।
ਸੋ ਜਦੋਂ ਇਹ ਵਹਿਣ ਮੁਸਲਮਾਨਾਂ ਦੇ ਖ਼ਿਲਾਫ਼ ਹੋ ਜਾਂਦਾ ਹੈ ਤਾਂ ਸਿੱਖਾਂ ਨੂੰ ਇਹ ਯਾਦ ਕਰਾਇਆ ਜਾਂਦਾ ਹੈ ਕਿ ਮੁਗ਼ਲਾਂ ਨੇ ਸਿੱਖਾਂ ਨਾਲ ਕੀ-ਕੀ ਕੀਤਾ । ਇਹ ਇਕ ਸਿੱਖਾਂ ਨੂੰ ਢਾਲ ਦੀ ਤਰ੍ਹਾਂ ਵਰਤਣ ਲਈ ਕੀਤਾ ਜਾਂਦਾ ਹੈ । ਤੁਸੀਂ ਆਪਣਾ ਕੰਮ ਵੀ ਸਾਰ ਲਿਆ ਤੇ ਸਿੱਖਾਂ ਨੂੰ ਵਰਤ ਵੀ ਲਿਆ । ਇਸ ਦੀ ਸਭ ਤੋਂ ਵੱਡੀ ਮਿਸਾਲ ਸਾਕਾ ਨੀਲਾ-ਤਾਰਾ ਦੇ ਵਿਚ ਦੇਖਣ ਨੂੰ ਮਿਲਦੀ ਹੈ ।
ਓਦੋਂ ਉਥੇ ਇਕ ਤੀਰ ਨਾਲ ਦੋ ਨਿਸ਼ਾਨੇ ਹੁੰਦੇ ਨੇ । ਪਹਿਲਾਂ ਇਹ ਕਿ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਹੁੰਦੀ ਹੈ । ਦੂਜਾ ਇਹ ਕਿ ਇਸ ਵਿਚ ਸਿੱਖਾਂ ਨੂੰ ਹੀ ਵਰਤ ਲਿਆ ਜਾਂਦਾ ਹੈ । ਜੇਕਰ ਇਹ ਕਿਹਾ ਜਾਵੇ ਕਿ ਦਰਬਾਰ ਸਾਹਿਬ ਵਿਚ ‘ਅੱਤਵਾਦੀ’ ਲੁਕੇ ਹੋਏ ਸਨ ਤਾਂ ਸਿੱਖਾਂ ਨੂੰ ਛੱਡ ਕੇ ਹੋਰ ਕਿੰਨੀਆਂ ਫ਼ੌਜ ਦੀਆਂ ਟੁਕੜੀਆਂ ਸਨ ? ਇਸ ਨਾਲ ਸਰਕਾਰ ਇਸ ਦੂਸ਼ਣ ਤੋਂ ਵੀ ਬਚ ਗਈ ਕਿ ਇਹ ਸਿੱਖਾਂ ਦੇ ਖ਼ਿਲਾਫ਼ ਕਾਰਵਾਈ ਸੀ ਕਿਉਂਕਿ ਜੇ ਅਜਿਹਾ ਹੁੰਦਾ ਤਾਂ ਸਿੱਖ ਟੁਕੜੀ ਮਨ੍ਹਾਂ ਕਰ ਦਿੰਦੀ । ਪਰ ਉਹ ਫਿਰ ਇਸਦੀ ਗੱਲ ਨਹੀਂ ਕਰਦੇ ਕਿ ਕਈ ਫ਼ੌਜੀ ਆਪਣੀ ਨੌਕਰੀ ਛੱਡ ਗਏ ਸਨ ਰੋਸ ਦੇ ਕਾਰਣ ।
ਸਿੱਧੇ ਤੌਰ ਤੇ ਨਹੀਂ ਤਾਂ ਅਸਿੱਧੇ ਤੌਰ ਤੇ ਤੁਸੀਂ ਇਹ ਦੇਖਿਆ ਹੋਵੇਗਾ ਕਿ ਕਈ ਹਿੰਦੂ ਇਹ ਵੀ ਕਹਿਣ ਵਿਚ ਝਿਜਕ ਨਹੀਂ ਕਰਦੇ ਕਿ ਜਦੋਂ ਦੇਸ਼ ਨੂੰ ਬਚਾਉਣ ਦੀ ਲੋੜ ਪਈ ਤਾਂ ਉਨ੍ਹਾਂ ਨੇ ਸਿੱਖਾਂ ਨੂੰ ਜਨਮ ਦਿੱਤਾ । ਇਹ ਸ਼ਾਇਦ ਉਸ ਸੰਦਰਭ ਦੇ ਵਿਚੋਂ ਹੀ ਨਿਕਲਿਆ ਹੋਇਆ ਹੈ ਕਿ ਸਭ ਕੁਝ ਸਾਡੇ ਕੋਲ ਹੈ ਤੇ ਸਭ ਲੋਕਾਂ ਨੇ ਸਭ ਕੁਝ ਸਾਡੇ ਕੋਲੋਂ ਲਿਆ ਹੈ ।
ਮੁਸਲਮਾਨਾਂ ਨਾਲ ਸਿੱਖ ਮੋਢਾ ਜੋੜ ਕੇ ਖੜ੍ਹੇ ਦਿਖਾਈ ਦਿੰਦੇ ਨੇ । ਖ਼ਾਸ ਕਰ ਪੰਜਾਬ ਦੇ ਵਿਚ ਮੁਸਲਮਾਨਾਂ ਤੇ ਸਿੱਖਾਂ ਦੀ ਨਿਭ ਰਹੀ ਹੈ । ਜਦੋਂ ਵੀ ਸਿਖ ਆਪਣੇ ਮੁੱਦੇ ਲੈ ਕੇ ਸੜਕਾਂ ਤੇ ਆਉਂਦੇ ਹਨ ਤਾਂ ਮੁਸਲਮਾਨ ਵੀ ਨਾਲ ਚੱਲਦੇ ਹਨ । ਇਹ ਗੱਲ ਕੁਝ ਨਫ਼ਰਤ ਫੈਲਾਉਣ ਵਾਲੇ ਲੋਕਾਂ ਨੂੰ ਪਚਦੀ ਨਹੀਂ । ਉਨ੍ਹਾਂ ਨੂੰ ਆਏ ਹੈ ਕਿ ਮੁਸਲਮਾਨ ਇਕੱਲਾ ਰਹਿ ਜਾਵੇ ਕਿਸੇ ਤਰੀਕੇ ਨਾਲ । ਤਾਂ ਜੋ ਕਾਬੂ ਕਰਨਾ ਸੌਖਾ ਹੋ ਜਾਵੇ ਤੇ ਜੇ ਕੱਲ੍ਹ ਨੂੰ ਸਿੱਖਾਂ ਤੇ ਮੁਸਲਮਾਨਾਂ ਦੇ ਰਿਸ਼ਤੇ ਵਿਚ ਦਰਾੜ ਵੀ ਆਉਂਦੀ ਹੈ ਤਾਂ ਸੰਘੀ ਸਿੱਖਾਂ ਨੂੰ ਵਰਤ ਸਕਣ ।
ਇਸ ਦੇ ਲਈ ਤੁਸੀਂ ਇਹ ਉਦਾਹਰਣ ਦੇਖੋ:
ਸਾਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਇਤਿਹਾਸ ਦੇ ਵਿਚ ਹਿੰਦੂ-ਸਿੱਖ ਟਕਰਾ ਘੱਟ ਹਨ ਮੁਸਲਮਾਨ-ਸਿੱਖ ਟਕਰਾਵਾਂ ਨਾਲੋਂ । ਸਾਡਾ ਇਹ ਮੰਨਣਾ ਹੈ ਕਿ ਛੋਟੇ-ਮੋਟੇ ਹਿੰਦੂ-ਸਿੱਖ ਫ਼ਰਕ ਕਰਕੇ ਵੀ, ਦੋਨੋਂ ਇਕ ਹੋਏ ਹਨ ਮੁਸਲਮਾਨਾਂ ਦੇ ਵਿਰੋਧ ਵਿਚ, ਸਾਰੇ ਸਮਿਆਂ ਦੇ ਵਿਚ[5] ।
3. ਤੀਜੇ ਕਾਰਣ ਦੇ ਵਿਚ ਕਈ ਲੋਕ ਇਸ ਤਰ੍ਹਾਂ ਕਹਿੰਦੇ ਨੇ ਕਿ ਜੇਕਰ ਸਿੱਖਾਂ ਦੇ ਮਨਾਂ ਦੇ ਵਿਚ ਇਹ ਗੱਲ ਘਰ ਕਰ ਗਈ ਕਿ ਉਹ ਹਿੰਦੂਆਂ ਨਾਲੋਂ ਵੱਖਰੇ ਨੇ ਤਾਂ ਉਨ੍ਹਾਂ ਵਿਚ ਆਪਣੇ ਦੇਸ਼ ਦੀ ਗੱਲ ਚੱਲ ਪਵੇਗੀ । ਇਹ ਸੋਚ ਸਿੱਖਾਂ ਵਿਚ ਉਦੋਂ ਉਭਰ ਕੇ ਸਾਹਮਣੇ ਆਉਂਦੀ ਹੈ ਜਦੋਂ ਸੰਘਵਾਦ ਦਾ ਸ਼ਿਕਾਰ ਹੋਏ ਕਈ ਲੋਕ ਇਹ ਕਹਿੰਦੇ ਨੇ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ ਹੈ । ਦੇਖੋ ਕੀ ਹਾਲਾਤ ਨੇ, ਜਦੋਂ ਕੋਈ ਸਿਖ ਕਹਿ ਦੇਵੇ ਕਿ ਅਸੀਂ ਇਕ ਵੱਖਰਾ ਦੇਸ਼ ਬਣਾਉਣ ਦੇ ਹਾਮੀ ਹਾਂ ਤਾਂ ਉਹ ਅੱਤਵਾਦੀ ਬਣ ਜਾਂਦਾ ਹੈ, ਜਦੋਂ ਇਕ ਹਿੰਦੂ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਕਰੇ ਤਾਂ ਉਹ ਆਮ ਇਨਸਾਨ ਹੀ ਰਹਿੰਦਾ ਹੈ ।
ਹਿੰਦੂ ਦੀ ਪਰਿਭਾਸ਼ਾ: ਇਹ ਗੱਲ ਬਹੁਤ ਹੀ ਵਾਰ-ਵਾਰ ਕਹੀ ਜਾਂਦੀ ਹੈ ਕਿ ਸਿੱਖ ਹਿੰਦੂ ਹਨ । ਪਰ ਹਿੰਦੂ ਕੌਣ ਹੈ ? ਕੀ ਪਰਿਭਾਸ਼ਾ ਹੈ ਹਿੰਦੂ ਦੀ ? ਜੇਕਰ ਸਿੱਖਾਂ ਨੂੰ ਹਿੰਦੂ ਸਾਬਤ ਕਰਨਾ ਹੈ ਤਾਂ ਇਹ ਤਾਂ ਪਤਾ ਕਰ ਲਿਆ ਜਾਵੇ ਕਿ ਹਿੰਦੂ ਹੈ ਕੌਣ । ਸਿੱਖ ਦੀ ਪਰਿਭਾਸ਼ਾ ਬਹੁਤ ਸਰਲ ਜੀ ਹੈ ਉਹ ਇਹ ਕਿ ਜੋ ਸਿੱਖ-ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਤੇ ਤੁਰਦਾ ਹੈ ਉਹ ਸਿੱਖ ਹੈ । ਪਰ ਹਿੰਦੂ ਦੀ ਅਜਿਹੀ ਕੋਈ ਪਰਿਭਾਸ਼ਾ ਹੀ ਨਹੀਂ ਹੈ । ਦਰਅਸਲ ਦੇ ਵਿਚ ਹਿੰਦੂ ਇਕ ਬੱਝਿਆ ਹੋਇਆ ਧਰਮ ਨਹੀਂ ਹੈ । ਤੁਸੀਂ ਇਹ ਨਹੀਂ ਕਹਿ ਸਕਦੇ ਕਿ ਕੋਈ ਬੰਦਾ ਜੇਕਰ ਇਸ ਚੀਜ਼ ਨੂੰ ਮੰਨਦਾ ਹੈ ਤਾਂ ਉਹ ਹਿੰਦੂ ਹੈ ।
ਨਾ ਹੀ ਹਿੰਦੂ ਲਫ਼ਜ਼ ਇਨ੍ਹਾਂ ਦੇ ਧਾਰਮਿਕ ਗ੍ਰੰਥਾਂ ਦੇ ਵਿਚ ਆਇਆ ਹੈ । ਹਾਂ, ਕੁਝ ਲੋਕ ਇਧਰ-ਉਧਰ ਦੀਆਂ ਗੱਲਾਂ ਕਰਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਦੇ ਵਿਚ ਲੱਗੇ ਰਹਿੰਦੇ ਨੇ ਕਿ ਇਹ ਧਾਰਮਿਕ ਗ੍ਰੰਥਾਂ ਦੇ ਵਿਚ ਮੌਜੂਦ ਹੈ । ਇਕ ਨੇ ਤਾਂ ਇਹ ਵੀ ਲਿਖਿਆ ਸੀ ਕਿ ਹਿਮਾਲਿਆਂ ਅਤੇ ਹਿੰਦ ਮਹਾਸਾਗਰ ਦੇ ਵਿਚਕਾਰ ਰਹਿੰਦੇ ਲੋਕਾਂ ਨੂੰ ਹਿੰਦੂ ਕਹਿੰਦੇ ਹਨ ।
ਹਿੰਦੂ ਸ਼ਬਦ ਦੇ ਕਈ ਅਰਥ ਹਨ । ਪਰ ਆਪਾਂ ਇਥੇ ਦੋ ਤਰ੍ਹਾਂ ਦੇ ਅਰਥ ਹੀ ਦੇਖਾਂਗੇ ।
ਪਹਿਲਾ ਹੈ ਭੂਗੋਲ ਨਾਲ ਸੰਬੰਧਿਤ । ਇਹ ਕਿਹਾ ਜਾਂਦਾ ਹੈ ਕਿ ਸਿੰਧ ਨਦੀ ਤੋਂ ਪਰਲੇ ਪਾਸੇ ਰਹਿਣ ਵਾਲੇ ਲੋਕ ਹਿੰਦੂ ਹਨ; ਕਈਆਂ ਨੇ ਇਹ ਵੀ ਲਿਖਿਆ ਹੈ ਕਿ ਸਿੰਧ ਨਦੀ ਦੇ ਨੇੜੇ-ਤੇੜੇ ਰਹਿਣ ਵਾਲੇ ਲੋਕ ਹਿੰਦੂ ਹਨ । ਇਹ ਇਕ ਭੂਗੋਲਿਕ ਪਹਿਚਾਣ ਕਹੀ ਜਾ ਸਕਦੀ ਹੈ । ਇਸਦੇ ਹਿੰਦੂਵਾਦੀਆਂ ਨੂੰ ਫ਼ਾਇਦੇ ਵੀ ਹਨ ਤੇ ਨੁਕਸਾਨ ਵੀ ।
ਫ਼ਾਇਦਾ ਇਹ ਹੈ ਕਿ ਜੇਕਰ ਹਿੰਦੂ ਇਕ ਭੂਗੋਲਿਕ ਪਹਿਚਾਨ ਹੈ ਤਾਂ ਫਿਰ ਸਿੱਖ, ਬੋਧੀ, ਜੈਨੀ, ਆਦਿ, ਧਰਮਾਂ ਨੂੰ ਹਿੰਦੂ ਸਾਬਤ ਕਰਨਾ ਬਹੁਤ ਸੌਖਾ ਕੰਮ ਹੈ । ਹੁਣ ਤਾਂ ਇਹ ਦਲੀਲਾਂ ਵੀ ਬਣ ਗਈਆਂ ਨੇ ਕਿ ਜੇਕਰ ਕਨੇਡਾ ਦੇ ਵਿਚ ਰਹਿਣ ਵਾਲਾ ਕਨੇਡੀਅਨ ਹੋ ਸਕਦਾ ਹੈ, ਅਮਰੀਕਾ ਦੇ ਵਿਚ ਰਹਿਣ ਵਾਲਾ ਅਮਰੀਕਨ, ਤਾਂ ਫਿਰ ਹਿੰਦੋਸਤਾਨ ਦੇ ਵਿਚ ਰਹਿਣ ਵਾਲਾ ਹਿੰਦੂ ਕਿਉਂ ਨਹੀਂ । ਇਸ ਦਾ ਜੋ ਦੂਜਾ ਕਾਰਨ ਉਹ ਦੱਸਦੇ ਹਨ ਉਹ ਇਹ ਕਿ ਹਿੰਦੂ ਪਹਿਚਾਣ ਸਾਰੇ ਭਾਰਤ ਦੇ ਲੋਕਾਂ ਨੂੰ ਜੋੜਨ ਲਈ ਹੈ । ਇਹ ਕੋਈ ਲੁਕਿਆ-ਛਿਪਿਆ ਨਹੀਂ ਹੈ ਕਿ ਇਹ ਤੁਹਾਡੀ ਧਾਰਮਿਕ ਪਹਿਚਾਣ ਨੂੰ ਪਿਛੇ ਕਰਨ ਦੇ ਲਈ ਮੁਹਿੰਮ ਹੈ । ਜਿਵੇਂ ਕਈ ਖੱਬੇ-ਪੱਖੀਆਂ ਨੇ ਗ਼ਦਰੀ ਬਾਬਿਆਂ ਨੂੰ ਖੱਬੇ-ਪੱਖੀ ਜਾਂ ਭਾਰਤੀ ਤੱਕ ਹੀ ਸੀਮਤ ਰੱਖਿਆ ਹੈ, ਅਤੇ ਜੋ ਉਨ੍ਹਾਂ ਦੀ ਇਕ ਸਿੱਖ ਵਜੋਂ ਪਹਿਚਾਨ ਸੀ ਉਹ ਖ਼ਤਮ ਕਰਨ ਦਾ ਯਤਨ ਕੀਤਾ ਹੈ । ਇਸੇ ਤਰ੍ਹਾਂ ਹੀ ਇਹ ਭੂਗੋਲਿਕ ਹਿੰਦੂ ਪਹਿਚਾਨ ਨਾਲ ਹੋ ਰਿਹਾ ਹੈ ।
ਇਸ ਦਾ ਜੋ ਨੁਕਸਾਨ ਹੈ ਉਨ੍ਹਾਂ ਨੂੰ ਉਹ ਇਹ ਕਿ ਇਸ ਵਿਚ ਮੁਸਲਮਾਨ ਵੀ ਆ ਗਏ ਨੇ । ਹਿੰਦੂਵਾਦੀ ਮੁਸਲਮਾਨਾਂ ਨੂੰ ਸਿਰਫ਼ ਇਕ ਮਾਰ-ਧਾੜ ਕਰਨ ਵਾਲੀ ਕੌਮ ਹੀ ਮੰਨਦੇ ਨੇ । ਉਹ ਇਹ ਹਰਗਿਜ਼ ਨਹੀਂ ਮੰਨ ਸਕਦੇ ਕਿ ਮੁਸਲਮਾਨ ਵੀ ਹਿੰਦੂ ਹਨ । ਇਸ ਨਾਲ ਉਨ੍ਹਾਂ ਦਾ ਇਹ ਕਹਿਣਾ ਗ਼ਲਤ ਹੋ ਜਾਵੇਗਾ ਕਿ ਅਸੀਂ ਮੁਸਲਮਾਨਾਂ ਨੂੰ ਹਿੰਦੂ ਬਣਾਉਣਾ ਹੈ, ਉਹ ਮੁਸਲਮਾਨ ਜੋ ਪਹਿਲਾਂ ਹਿੰਦੂ ਹੁੰਦੇ ਸਨ ਉਨ੍ਹਾਂ ਦੇ ਵਿਚਾਰਾਂ ਅਨੁਸਾਰ । ਫਿਰ ਤਾਂ ਸਾਰੇ ਵਖਰੇਵੇਂ ਹੀ ਖ਼ਤਮ ਹੋ ਜਾਣਗੇ । ਜੋ ਸੰਘਵਾਦ ਦਾ ਢਾਂਚਾ ਖੜ੍ਹਾ ਹੈ ਉਹ ਮੁਸਲਮਾਨਾਂ ਨੂੰ ਨਫ਼ਰਤ ਦੇ ਅਧਾਰ ਤੇ ਹੈ[6] ।
ਦੂਜਾ ਨੁਕਸਾਨ ਜੋ ਹੈ ਉਹ ਇਹ ਕਿ ਇਹ ਕਹਿਣਾ ਕਿ ਸਿੱਖਾਂ ਨੂੰ ਪਹਿਲਾਂ ਵਾਲੇ ਸਿੱਖ ਬਣਨਾ ਚਾਹੀਦਾ ਹੈ; ਇਸ ਵਿਚ ਉਹ ਇਹ ਮੰਨਦੇ ਹਨ ਕਿ ਸਿੰਘ ਸਭਾ ਲਹਿਰ ਵੇਲੇ ਸਿੱਖਾਂ ਨੇ ਸਿੱਖੀ ਨੂੰ ਬਦਲ ਕੇ ਰੱਖ ਦਿੱਤਾ, ਇਸ ਬਾਰੇ ਆਪਾਂ ਅੱਗੇ ਜਾ ਕੇ ਗੱਲ ਕਰਾਂਗੇ । ਜੇ ਇਹ ਇਕ ਭੂਗੋਲਿਕ ਪਹਿਚਾਣ ਹੈ ਤਾਂ ਫਿਰ ਪਹਿਲਾਂ ਜਾਂ ਬਾਅਦ ਦੀ ਸਿੱਖੀ ਕੀ, ਫਿਰ ਤਾਂ ਤੁਸੀਂ ਕੁਝ ਵੀ ਹੋਵੋ, ਤੁਸੀਂ ਹਿੰਦੂ ਹੀ ਹੋ । ਫਿਰ ਇਹ ਫ਼ਰਕ ਨਹੀਂ ਪੈਦਾ ਕਿ ਤੁਸੀਂ ਕੀ ਹੋ ਜਾਂ ਕੀ ਨਹੀਂ ਮੰਨਦੇ, ਤੁਸੀਂ ਹਿੰਦੂ ਹੀ ਰਹੋਗੇ ।
ਪਰ ਇਹ ਭੂਗੋਲਿਕ ਪਹਿਚਾਣ ਸਿਰਫ਼ ਉੱਪਰ ਪਾਈ ਚਾਦਰ ਹੈ, ਇਸਦੇ ਥੱਲੇ ਓਹੀ ਹਿੰਦੂ ਧਰਮ ਦੀ ਪਹਿਚਾਣ ਹੈ ਜਿਸ ਬਾਰੇ ਆਪਾਂ ਹੁਣ ਗੱਲ ਕਰਾਂਗੇ ।
ਦੂਜੀ ਪਰਿਭਾਸ਼ਾ ਦੇ ਵਿਚ ਹਿੰਦੂ ਲਫ਼ਜ਼ ਇਕ ਧਰਮ ਦੇ ਲਈ ਵਰਤਿਆ ਜਾਂਦਾ ਹੈ । ਪਰ ਇਹ ਧਰਮ ਹੈ ਕੀ, ਇਸਦੀ ਕੋਈ ਇਕ ਪਰਿਭਾਸ਼ਾ ਨਹੀਂ ਹੈ । ਕੌਣ ਹਿੰਦੂ ਹੈ ਅਤੇ ਕੌਣ ਨਹੀਂ ਇਸ ਬਾਰੇ ਕੁਝ ਵੀ ਸਾਰਥਕ ਨਹੀਂ ਹੈ । ਕੁਝ ਲੋਕ ਹਿੰਦੂ ਲਫ਼ਜ਼ ਦੇ ਵਿਰੋਧੀ ਹਨ, ਜੋ ਇਹ ਮੰਨਦੇ ਹਨ ਕਿ ਇਸਨੂੰ ਸਨਾਤਨ ਧਰਮ ਕਹਿਣਾ ਚਾਹੀਦਾ ਹੈ । ਲਫ਼ਜ਼ ਜੋ ਮਰਜ਼ੀ ਹੋਵੇ, ਪਰ ਉਸਦੀ ਪਰਿਭਾਸ਼ਾ ਦੀ ਕੋਈ ਹੱਦ ਨਹੀਂ ਹੈ ।
ਹੁਣ ਦੇਖੋ ਲੋਕਾਂ ਦੀ ਮੂਰਖ਼ਤਾ ਕਿ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦੇ ਲਈ ਤਰਲੋ-ਮੱਛੀ ਹੋਏ ਪਏ ਨੇ ਪਰ ਅਜੇ ਤੱਕ ਇਹ ਨਹੀਂ ਦੱਸਿਆ ਕਿ ਹਿੰਦੂ ਦਰਅਸਲ ਦੇ ਵਿਚ ਹੈ ਕੌਣ । ਕੀ ਵੇਦਾਂ ਨੂੰ ਮੰਨਣ ਵਾਲਾ ਹਿੰਦੂ ਹੈ ? ਕੀ ਦੇਵਤਿਆਂ ਦੀ ਪੂਜਾ ਕਰਨ ਵਾਲਾ ਹਿੰਦੂ ਹੈ ? ਕੀ ਵਰਨ-ਵੰਡ ਨੂੰ ਮੰਨਣ ਵਾਲਾ ਹਿੰਦੂ ਹੈ ? ਪਰ ਸਿੱਖ ਤਾਂ ਇਨ੍ਹਾਂ ਨੂੰ ਕਿਸੇ ਨੂੰ ਨਹੀਂ ਮੰਨਦੇ, ਫਿਰ ਸਿੱਖ ਹਿੰਦੂ ਕਿਵੇਂ ਹੋਏ ?
ਇਸਦਾ ਉਨ੍ਹਾਂ ਨੇ ਨਵਾਂ ਪੈਂਤੜਾ ਕੱਢਿਆ ਹੈ ਉਹ ਇਹ ਕਿ ਹਿੰਦੂਆਂ ਦੇ ਵਿਚ ਤੁਸੀਂ ਨਿਰਗੁਣ ਦੀ ਵੀ ਉਪਾਸਨਾ ਕਰ ਸਕਦੇ ਹੋ । ਸੋ ਜੇਕਰ ਆਪਾਂ ਇਹ ਕਹਿ ਦਿੰਦੇ ਹਾਂ ਕਿ ਅਸੀਂ ਦੇਵੀ-ਦੇਵਤਿਆਂ ਨੂੰ ਨਹੀਂ ਮੰਨਦੇ ਤਾਂ ਕਾਫ਼ੀ ਨਹੀਂ ਹੈ । ਕਿਸੇ ਨਾ ਕਿਸੇ ਤਰੀਕੇ ਨਾਲ ਉਹ ਸਿੱਖਾਂ ਨੂੰ ਹਿੰਦੂ ਸਾਬਤ ਕਰ ਹੀ ਦੇਣਗੇ । ਪਰ ਪ੍ਰਸ਼ਨ ਤਾਂ ਇਹ ਹੈ ਕਿ ਹਿੰਦੂ ਹੈ ਕੌਣ । ਜਿਸਦੀ ਪਰਿਭਾਸ਼ਾ ਹੀ ਨਹੀਂ ਹੈ ਤੁਸੀਂ ਉਸ ਵਿਚ ਸਿੱਖਾਂ ਨੂੰ ਘਸੋੜਨਾ ਚਾਹੁੰਦੇ ਹੋ । ਕੁਝ ਲੋਕ ਇਹ ਮੰਨਦੇ ਨੇ ਕਿ ਹਿੰਦੂ ਧਰਮ ਦਾ ਮੁੱਢ ਬਾਹਮਣਵਾਦ ਧਰਮ ਹੈ ਜੋ ਬਾਹਮਣਾਂ ਨੂੰ ਸਿਖਰ ਤੇ ਬਿਠਾਉਂਦਾ ਹੈ, ਪਰ ਸਿੱਖਾਂ ਨੇ ਤਾਂ ਇਹ ਵਰਨ-ਵੰਡ ਹੀ ਖ਼ਤਮ ਕਰ ਦਿੱਤੀ ਹੈ ।
ਲੇਖਕ ਕਹਿੰਦੇ ਹਨ ਕਿ ਇਸਦੀ ਪਰਿਭਾਸ਼ਾ ਓਦੋਂ ਹੀ ਆਉਂਦੀ ਹੈ ਜਦੋਂ ਕੋਈ ਹੋਰ ਧਰਮ ਇਸ ਦੇ ਸਾਹਮਣੇ ਆਉਂਦਾ ਹੈ, ਨਹੀਂ ਤਾਂ ਇਸਦੀ ਕੋਈ ਪਰਿਭਾਸ਼ਾ ਨਹੀਂ ਹੈ । ਅਤੇ ਜਦੋਂ ਕੋਈ ਧਰਮ ਇਸਦੇ ਸਾਹਮਣੇ ਆਉਂਦਾ ਹੈ ਤਾਂ ਇਹ ਅਜਗਰ ਦੀ ਤਰ੍ਹਾਂ ਕੰਮ ਕਰਦਾ ਹੈ ਤੇ ਉਸਨੂੰ ਨਿਗਲ ਜਾਂਦਾ ਹੈ ਤਾਂਕਿ ਸਿਰਫ਼ ਇਹ ਹੀ ਬਚੇ ।
1. ਹਿੰਦੂਆਂ ਨੇ ਆਪਣੇ ਆਪ ਨੂੰ ਇਕ ਅਲੱਗ ਧਰਮ ਮੰਨਣ ਦੀ ਭਾਵਨਾ ਉਜਾਗਰ ਨਹੀਂ ਕੀਤੀ ਓਦੋਂ ਤੱਕ ਜਦੋਂ ਤੱਕ ਦੂਜੇ ਧਰਮਾਂ ਦੇ ਸਾਹਮਣੇ ਉਨ੍ਹਾਂ ਨੇ ਆਪਣੇ ਆਪ ਨੂੰ ਪਰਿਭਾਸ਼ਿਤ ਨਹੀਂ ਕਰਨਾ ਸੀ, ਬਿਲਕੁਲ ਉਸੇ ਤਰ੍ਹਾਂ ਜਿਵੇਂ ਇਕ ਹੌਲੀਵੁੱਡ ਫ਼ਿਲਮ ਦੇ ਵਿਚ ਇਕ ਗ਼ਾਇਬ ਆਦਮੀ ਸੀ ਜੋ ਓਦੋਂ ਹੀ ਦੇਖਿਆ ਸਕਦਾ ਸੀ ਜਦੋਂ ਉਸਨੇ ਕੱਪੜੇ ਪਾਏ ਹੋਣ, ਜੋ ਉਸਦਾ ਹਿੱਸਾ ਨਹੀਂ ਸਨ ।[7]
2. ਹਿੰਦੂ ਧਰਮ ਦੀ ਤਾਕਤ ਅਤੇ ਊਰਜਾ ਬਹੁਤ ਹੀ ਅਦਭੁਤ ਹੈ । ਇਹ ਇਕ ਭਾਰਤੀ ਜੰਗਲਾਂ ਦੇ ਅਜਗਰ ਦੀ ਤਰ੍ਹਾਂ ਹੈ । ਜਦੋਂ ਇਸ ਦੇ ਸਾਹਮਣੇ ਇਕ ਛੋਟਾ ਦੁਸ਼ਮਣ ਆਉਂਦਾ ਹੈ ਚਿੰਤਿਤ ਕਰਨ ਦੇ ਲਈ, ਇਹ ਇਸਦੇ ਆਲੇ-ਦੁਆਲੇ ਝਪੱਟਾ ਮਾਰਦਾ ਹੈ, ਤੇ ਪਸੀਜਦਾ ਹੈ ਆਪਣੇ ਅੰਦਰ, ਅਤੇ ਆਖ਼ਰ ਤੇ ਆਪਣੇ ਅੰਦਰਲੇ ਵੱਡੇ ਹਿੱਸੇ ਦੇ ਵਿਚ ਸਮਾ ਲੈਂਦਾ ਹੈ । ਇਸੇ ਤਰ੍ਹਾਂ ਕਈ ਸਦੀਆਂ ਪਹਿਲਾਂ, ਹਿੰਦੂ ਧਰਮ ਨੇ ਬੁੱਧ ਧਰਮ ਨੂੰ ਸਮਾ ਲਿਆ, ਜੋ ਇਕ ਹਿੰਦੂ ਸੁਧਾਰ ਲਹਿਰ ਸੀ; ...... ਇਸ ਤਰ੍ਹਾਂ ਇਸਨੇ ਅਨਪੜ੍ਹ ਇਸਲਾਮ (ਮੁਸਲਮਾਨਾਂ) ਨੂੰ ਭਾਰਤ ਅੰਦਰ ਇਕ ਤੋਂ ਵੱਧ ਰੱਬ ਨੂੰ ਮੰਨਣ ਵਾਲਿਆਂ ਵਿਚ ਬਦਲ ਲਿਆ; ਇਸੇ ਤਰ੍ਹਾਂ ਇਹ ਬਾਬੇ ਨਾਨਕ ਦੇ ਉਮੀਦ ਵਾਲੇ ਧਰਮ ਨੂੰ ਆਪਣੇ ਅੰਦਰ ਸਮਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਇਕ ਸੁਧਾਰ ਲਹਿਰ ਸੀ । - ਦ ਸੀਖ ਰਿਲੀਜਨ, ਮੈਕਾਲਿਫ਼, ਪੰਨਾ 7
ਲੇਖਕਾਂ ਦੀ ਨਾ-ਸਮਝੀ
ਅੰਗਰੇਜ਼ੀ ਅਤੇ ਪੰਜਾਬੀ ਦੇ ਬਹੁਤ ਅਜਿਹੇ ਨਾ-ਸਮਝ ਲੇਖਕ ਹੋਏ ਨੇ ਜਿਨ੍ਹਾਂ ਨੇ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦੀ ਬਹੁਤ ਕੋਸ਼ਿਸ਼ ਕੀਤੀ । ਇਸ ਵਿਚ ਜੋ ਸਿੱਖ ਨੇ ਉਨ੍ਹਾਂ ਦਾ ਤਾਂ ਨਹੀਂ ਨੁਕਸਾਨ ਹੋਇਆ ਪਰ ਜੋ ਵਿਦੇਸ਼ਾਂ ਦੇ ਵਿਚ ਲੋਕ ਬੈਠੇ ਹਨ, ਜੋ ਅਸਿੱਖ ਹਨ ਪਰ ਸਿੱਖੀ ਨੂੰ ਸਮਝਣਾ ਚਾਹੁੰਦੇ ਹਨ, ਉਨ੍ਹਾਂ ਨੂੰ ਇਸਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ । ਉਹ ਵਿਚਾਰੇ ਪੰਜਾਬੀ ਪੜ੍ਹਨੀ ਨਹੀਂ ਜਾਣਦੇ ਅਤੇ ਜੋ ਅੰਗਰੇਜ਼ੀ ਦੇ ਵਿਚ ਮਿਲ ਰਿਹਾ ਹੈ ਉਹ ਜ਼ਿਆਦਾ ਕੂੜ-ਕਬਾੜ ਹੀ ਹੈ ।
ਲੇਖਕਾਂ ਦੀ ਇਹ ਨਾ-ਸਮਝੀ ਦੋ ਤਰੀਕਿਆਂ ਦੇ ਵਿਚ ਦੇਖੀ ਜਾ ਸਕਦੀ ਹੈ ।
1. ਉਹ ਲੇਖਕ ਜੋ ਕਿਸੇ ਖ਼ਾਸ ਕਾਰਨ ਕਰਕੇ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਤੇ ਤੁਲੇ ਹੋਏ ਨੇ । ਸ਼ਾਇਦ ਉਨ੍ਹਾਂ ਨੂੰ ਪੈਸੇ ਮਿਲੇ ਹੋਏ ਨੇ ਤੇ ਉਨ੍ਹਾਂ ਦਾ ਚੁੱਲ੍ਹਾ ਇਸ ਕਰਕੇ ਹੀ ਚਲਦਾ ਹੈ । ਕਿਉਂਕਿ ਝੂਠ ਲਿਖਣਾ ਬੇ-ਮਤਲਬ ਕਰਕੇ ਇਕ ਆਮ ਬੰਦੇ ਦੇ ਮਨ ਦੀ ਉਪਜ ਨਹੀਂ ਹੈ । ਜਿੰਨਾ ਚਿੱਕਰ ਸਿਆਹੀ ਦੀ ਥਾਈਂ ਪੈਸਾ ਨਹੀਂ ਪੈਂਦਾ ਤਦ ਤੱਕ ਉਨ੍ਹਾਂ ਦੀ ਕਲਮ ਕੰਮ ਨਹੀਂ ਕਰਦੀ । ਇਹ ਸ਼ਾਇਦ ਹਿੰਦੂਵਾਦੀਆਂ ਦੇ ਇਸ਼ਾਰੇ ਤੇ ਕੰਮ ਕਰਦੇ ਹੋਣ ।
2. ਦੂਜੇ ਤੇ ਉਹ ਲੋਕ ਆਉਂਦੇ ਨੇ ਜੋ ਕਹਿੰਦੇ ਨੇ ਕਿ ਸਿੱਖਾਂ ਦੇ ਕਈ ਅਸੂਲ ਹਿੰਦੂਆਂ ਨਾਲ ਮਿਲਦੇ ਹਨ ਇਸ ਲਈ ਉਹ ਹਿੰਦੂ ਹਨ । ਇਹ ਇਕ ਫਿਰ ਤੋਂ ਨਾ-ਸਮਝੀ ਵਾਲੀ ਗੱਲ ਹੈ ਕਿਉਂਕਿ ਕਈ ਧਰਮਾਂ ਦੇ ਵਿਚ ਕੁਝ ਅਸੂਲ ਇੱਕੋ-ਜਿੱਕੇ ਹੁੰਦੇ ਹਨ । ਕਈ ਫਿਰ ਇਹ ਵੀ ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਉੱਤੇ ਹਿੰਦੂਆਂ ਅਤੇ ਮੁਸਲਮਾਨਾਂ ਦਾ ਬਹੁਤ ਪ੍ਰਭਾਵ ਸੀ, ਇਸ ਲਈ ਸਿੱਖ ਧਰਮ ਦੋਨਾਂ ਧਰਮਾਂ ਨੂੰ ਮਿਲਾ ਕੇ ਬਣਿਆ ਹੈ ।
ਪਰ ਉਹ ਇਹ ਗੱਲ ਭੁੱਲ ਜਾਂਦੇ ਨੇ ਕਿ ਗੁਰੂ ਸਾਹਿਬ ਦੋਨਾਂ ਮਜ਼੍ਹਬਾਂ ਦੇ ਧਾਰਮਿਕ ਸਥਾਨਾਂ ਤੇ ਗਏ ਸਨ, ਅਤੇ ਦੋਨਾਂ ਨੂੰ ਹੀ ਕਈ ਥਾਈਂ ਗ਼ਲਤ ਦੱਸਿਆ ਸੀ । ਉਨ੍ਹਾਂ ਨੇ ਆਪਣੀ ਲਿਖਤ ਦੇ ਵਿਚ ਕਿਤੇ ਨਹੀਂ ਲਿਖਿਆ ਕਿ ਉਹ ਕਿਸੇ ਧਰਮ ਤੋਂ ਸਿੱਖਿਆ ਲੈ ਰਹੇ ਨੇ । ਕਿੰਨੀ ਅਜੀਬ ਗੱਲ ਹੈ ਕਿ ਵੱਡੇ-ਵੱਡੇ ਲੇਖਕ ਇਹ ਤਾਂ ਕਹਿ ਦਿੰਦੇ ਨੇ ਕਿ ਗੁਰੂ ਸਾਹਿਬ ਮਹਾਨ ਨੇ, ਚਾਹੇ ਉਹ ਇਕ ਇਨਸਾਨ ਦੇ ਰੂਪ ਦੇ ਵਿਚ ਹੀ ਕਿਉਂ ਨਾ ਦੇਖਦੇ ਹੋਣ ਉਨ੍ਹਾਂ ਨੂੰ, ਪਰ ਫਿਰ ਉਨ੍ਹਾਂ ਨੂੰ ਇੰਨਾਂ ਲਾਚਾਰ ਜੇ ਦਿਖਾ ਦੇਣਗੇ ਜਿਵੇਂ ਉਹ ਕਿਸੇ ਤੋਂ ਸਿੱਖਿਆ ਲਏ ਬਗ਼ੈਰ ਕੁਝ ਨਹੀਂ ਕਰ ਸਕਦੇ ਸਨ ।
ਜੇਕਰ ਗੁਰੂ ਮਹਾਰਾਜ ਨੂੰ ਉਹ ਮਹਾਨ ਮੰਨਦੇ ਨੇ ਤਾਂ ਉਹ ਇਹ ਕਿਉਂ ਨਹੀਂ ਦੱਸਦੇ ਕਿ ਗੁਰੂ ਮਹਾਰਾਜ ਨੇ ਆਪਣੀ ਲਿਖਤ ਦੇ ਵਿਚ ਇਹ ਕਿਉਂ ਨਹੀਂ ਲਿਖਿਆ ਕਿ ਭਾਈ ਮੇਰੀ ਲੇਖਣੀ ਤੇ ਕਿਸੇ ਖ਼ਾਸ ਮੱਤ ਦੇ ਪ੍ਰਭਾਵ ਹੈ ? ਨਾਲੇ ਗੁਰੂ ਸਾਹਿਬ ਨੂੰ ਕਿਵੇਂ ਪਤਾ ਲੱਗਿਆ ਕਿ ਭਾਈ ਇਹ ਚੀਜ਼ ਗ਼ਲਤ ਹੈ ਤੇ ਇਹ ਸਹੀ ? ਕਈ ਇਹ ਗ਼ਲਤੀ ਵੀ ਕਰਦੇ ਨੇ ਕਿ ਗੁਰੂ ਸਾਹਿਬ ਦਾ ਕੋਈ ਗੁਰੂ ਸੀ, ਭਾਵ ਕਿ ਇਕ ਇਨਸਾਨ ਗੁਰੂ ਸੀ । ਜੇ ਇਹ ਗੱਲ ਵੀ ਮੰਨ ਲਈ ਜਾਵੇ ਤਾਂ ਉਨ੍ਹਾਂ ਨੇ ਇਸਦਾ ਜ਼ਿਕਰ ਆਪਣੀ ਬਾਣੀ ਦੇ ਵਿਚ ਕਿਉਂ ਨਹੀਂ ਕੀਤਾ ?
ਇਨ੍ਹਾਂ ਲੇਖਕਾਂ ਦੀ ਨਾ-ਸਮਝੀ ਕਾਰਨ ਹੀ ਲੋਕ ਕੁਰਾਹੇ ਪੈ ਰਹੇ ਨੇ । ਜੇ ਉਹ ਸਿੱਖਾਂ ਦੀਆਂ ਅਸਲੀ ਕਿਤਾਬਾਂ ਪੜ੍ਹਨ ਤਾਂ ਉਨ੍ਹਾਂ ਨੂੰ ਸਮਝ ਲੱਗੇ ਕਿ ਸਿੱਖੀ ਦਰਅਸਲ ਦੇ ਵਿਚ ਹੈ ਕੀ । ਮੈਂ ਸਮਝਦਾ ਹਾਂ ਕਿ ਇਹ ਅੰਗਰੇਜ਼ੀ ਦੇ ਵਿਚ ਦਲੀਲਾਂ ਵਾਲੀਆਂ ਕਿਤਾਬਾਂ ਪੜ੍ਹ ਕੇ ਲੋਕ ਵੱਡੇ ਦਲੀਲਕਾਰ ਤਾਂ ਬਣ ਜਾਣਗੇ ਪਰ ਅਧਿਆਤਮ ਦੇ ਰਸਤੇ ਤੇ ਨਹੀਂ ਚਲ ਪਾਉਣਗੇ । ਤੇ ਸਿੱਖੀ ਸਾਰੀ ਅਧਿਆਤਮਿਕਤਾ ਦਾ ਹੀ ਰਸਤਾ ਹੈ । ਜੇ ਇਹ ਸਾਰੀਆਂ ਕਿਤਾਬਾਂ ਪੜ੍ਹ ਕੇ ਅੰਦਰੋਂ ਪ੍ਰੇਮ ਨਹੀਂ ਉਪਜਦਾ, ਭਗਤੀ ਕਰਨ ਨੂੰ ਮਨ ਨਹੀਂ ਕਰਦਾ, ਤਾਂ ਇਹ ਸਭ ਵਿਅਰਥ ਹੈ ।
ਕੁਝ ਅਗਿਆਨੀ ਲੋਕ ਉਹ ਵੀ ਹਨ ਜਿਨ੍ਹਾਂ ਨੇ ਇਹ ਮੰਨ ਲਿਆ ਹੈ ਕਿ ਸਿੱਖ ਹਿੰਦੂ ਹਨ ਤੇ ਉਹ ਉਸ ਵਿਚਾਰ ਨੂੰ ਆਪਣੇ ਸਾਹਮਣੇ ਰੱਖ ਕੇ ਕਿਤਾਬਾਂ ਲਿਖਣੀਆਂ ਸ਼ੁਰੂ ਕਰਦੇ ਨੇ । ਇਹ ਸਭ ਤੋਂ ਘਟੀਆ ਕਿਸਮ ਦੇ ਲੇਖਕ ਹੁੰਦੇ ਹਨ । ਹੋਣ ਚਾਹੇ ਇਹ ਉੱਪਰ ਵਾਲੇ ਦੋਹਾਂ ਨੁਕਤਿਆਂ ਵਿਚੋਂ ਹੀ, ਪਰ ਇਨ੍ਹਾਂ ਦੀ ਮੈਲੀ ਬੁੱਧੀ ਕਰਕੇ ਇਹ ਲੇਖਕ ਕਹਾਉਣ ਦੇ ਲਾਇਕ ਨਹੀਂ ਹਨ ।
ਇਹ ਜੋ ਸਿਲਸਿਲਾ ਹੈ ਲੇਖਕਾਂ ਦੀ ਨਾ-ਸਮਝੀ ਦਾ ਇਹ ਇਥੇ ਰੁਕਣ ਵਾਲਾ ਨਹੀਂ ਹੈ । ਪਿਛਲੇ ਕੁਝ ਸਮੇਂ ਦੇ ਵਿਚ ਦੇਖਿਆ ਹੈ ਕਿ ਸਿੱਖਾਂ ਦੀ ਵੱਖਰੀ ਹੋਂਦ ਨੂੰ ਲੈ ਕੇ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਨੇ ਕੁਝ ਜ਼ਿਆਦਾ ਦਿਲਚਸਪੀ ਦਿਖਾਈ ਹੈ, ਤੇ ਉਹ ਵੀ ਇਕ ਨਾ-ਪੱਖੀ ਰਵੱਈਏ ਤੋਂ । ਆਉਣ ਵਾਲੇ ਸਮੇਂ ਦੇ ਵਿਚ ਵੀ ਇਹ ਨਾ-ਸਮਝੀ ਚਲਦੀ ਰਹੇਗੀ । ਉਨ੍ਹਾਂ ਦਾ ਪੂਰਾ ਜ਼ੋਰ ਇਸ ਵਿਚ ਲੱਗਿਆ ਰਹਿੰਦਾ ਹੈ ਕਿ ਅਸੀਂ ਕਿਸੇ ਤਰੀਕੇ ਨਾਲ ਸਿੱਖਾਂ ਨੂੰ ਹਿੰਦੂ ਸਾਬਤ ਕਰ ਦੇਈਏ । ਜਿੰਨੀਆਂ ਵੀ ਪਹਿਲਾਂ ਕਿਤਾਬਾਂ ਲਿਖੀਆਂ ਜਾ ਚੁੱਕੀਆਂ ਨੇ ਉਹ ਉਸ ਵੱਲ ਨਿਗ੍ਹਾ ਵੀ ਨਹੀਂ ਮਾਰਦੇ । ਜੇ ਕਿਸੇ ਕਾਰਣ ਦੇਖ ਵੀ ਲੈਣ ਤਾਂ ਇਹ ਕਹਿ ਕੇ ਨਕਾਰ ਦਿੰਦੇ ਨੇ ਕਿ ਇਸ ਤੇ ਖ਼ਾਲਸਾ ਰਹਿਣੀ ਦਾ ਪ੍ਰਭਾਵ ਹੈ । ਮਤਲਬ ਕਿ ਇਹ ਪਹਿਲਾਂ ਹੀ ਮੰਨਿਆਂ ਹੋਇਆ ਹੈ ਕਿ ਪਹਿਲਾਂ ਵਾਲੇ ਸਿੱਖ ਅਤੇ ਖ਼ਾਲਸਾ ਸਿੱਖ ਵੱਖਰੇ ਹਨ[8] ।
ਮੈਂ ਇਹ ਨਹੀਂ ਕਹਿ ਰਿਹਾ ਕਿ ਲੇਖਕਾਂ ਨੂੰ ਪਹਿਲਾਂ ਕੁਝ ਮੰਨਣਾ ਨਹੀਂ ਚਾਹੀਦਾ । ਉਹ ਮੰਨ ਸਕਦੇ ਹਨ । ਪਰ ਘੱਟੋ-ਘੱਟ ਉਨ੍ਹਾਂ ਕੋਲ ਕੋਈ ਸਬੂਤ ਤਾਂ ਹੋਵੇ ਨਾ । ਜਦ ਗੁਰਬਾਣੀ ਇਹ ਕਹਿ ਰਹੀ ਹੈ ਕਿ ਸਿੱਖ-ਗੁਰੂਆਂ ਦੇ ਵਿਚ ਇਕ ਜੋਤਿ ਹੀ ਵਿਚਰੀ ਹੈ, ਫਿਰ ਇਹ ਕਹਿ ਦੇਣਾ ਕਿ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਤੇ ਬਾਕੀ ਗੁਰੂਆਂ ਦੀ ਸਿੱਖੀ ਦੇ ਵਿਚ ਫ਼ਰਕ ਹੈ ਇਹ ਇਕ ਮੂਰਖ਼ਤਾ ਹੈ । ਇਹ ਲੇਖਕ ਅਜਿਹੀਆਂ ਕਮੀਨਗੀਆਂ ਦਿਖਾਉਂਦੇ ਹਨ ਕਿ ਕੁਝ ਵੀ ਚੁਕ ਲੈਂਦੇ ਹਨ ਤੇ ਕੁਝ ਵੀ ਛੱਡ ਦਿੰਦੇ ਹਨ । ਹੁਣ ਜਿਸਨੂੰ ਖ਼ਾਲਸੇ ਤੇ ਪਹਿਲਾਂ ਵਾਲੇ ਸਿੱਖ ਵੱਖਰੇ ਲੱਗਦੇ ਹਨ ਉਹ ਇਹ ਕਿਉਂ ਨੀ ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਨੂੰ ਵੀ ਤਾਂ ਗੁਰਤਾਗੱਦੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਸੀ, ਪਹਿਲਾਂ ਵਾਲੇ ਸਿੱਖ ਤਾਂ ਨਹੀਂ ਮੰਨਦੇ ਸਨ ਆਦਿ ਗ੍ਰੰਥ ਨੂੰ ਗੁਰੂ ਜਿਵੇਂ ਕਿ ਹੁਣ ਮੰਨਦੇ ਆ, ਸੋ ਉਹ ਵੀ ਨਹੀਂ ਕਰਨਾ ਚਾਹੀਦਾ ਕਈਆਂ ਨੂੰ । ਪਰ ਉਹ ਇਸ ਤੇ ਨਹੀਂ ਆਉਂਦੇ, ਸ਼ਾਇਦ ਆਉਣ ਵਾਲੇ ਸਮੇਂ ਦੇ ਵਿਚ ਆ ਜਾਣ । ਇਸੇ ਲਈ ਕਿਹਾ ਕਿ ਆਪਣੀ ਮਰਜ਼ੀ ਨਾਲ ਕੁਝ ਵੀ ਚੁਕ ਲੈਂਦੇ ਨੇ ਤੇ ਕੁਝ ਵੀ ਛੱਡ ਦਿੰਦੇ ਨੇ । ਇਹ ਸਭ ਮੈਕਲੋਡ ਨੇ ਸ਼ੁਰੂ ਕੀਤਾ ਤੇ ਹੁਣ ਉਸਦੇ ਕੁੱਛੜ ਚੁੱਕੇ ਬੱਚੇ ਕਰ ਰਹੇ ਨੇ ।
ਸਿੱਖਾਂ ਦੀ ਨਾ-ਸਮਝੀ
18ਵੀਂ ਸਦੀ ਦੇ ਵਿਚ ਜਦੋਂ ਸਿੱਖ ਹੌਲੀ-ਹੌਲੀ ਬਾਹਮਣਵਾਦ ਦੇ ਜਾਲ ਵਿਚ ਫਸ ਰਿਹਾ ਸੀ ਤਾਂ ਇਸਦਾ ਪ੍ਰਭਾਵ ਉਸਦੀ ਲੇਖਣੀ ਤੇ ਵੀ ਪਿਆ । ਫਿਰ ਹੌਲੀ-ਹੌਲੀ ਸਿੰਘ-ਸਭਾਵਾਂ ਸ਼ੁਰੂ ਹੋਈਆਂ ਤੇ ਉਨ੍ਹਾਂ ਨੇ ਯਤਨ ਕੀਤਾ ਕਿ ਜਿਹੜੇ ਸਿੱਖ ਇਸ ਜਾਲ ਦੇ ਵਿਚ ਫਸ ਗਏ ਨੇ ਉਨ੍ਹਾਂ ਨੂੰ ਬਾਹਰ ਕੱਢਿਆ ਜਾਏ । ਪਰ ਉਹ ਲੋਕ ਜੋ ਆਪਣੇ ਆਪ ਨੂੰ ਹਿੰਦੂਆਂ ਦਾ ਇਕ ਅੰਗ ਮੰਨ ਕੇ ਬੈਠ ਗਏ ਸਨ ਉਨ੍ਹਾਂ ਲਈ ਇਹ ਪ੍ਰਚਾਰ ਸਮਝਣਾ ਔਖਾ ਹੋ ਗਿਆ । ਉਹ ਹੁਣ ਇਹ ਸਮਝਣ ਲੱਗ ਗਏ ਸਨ ਕਿ ਉਹ ਹਿੰਦੂ ਸਨ ਜਾਂ ਕਹਿ ਲਵੋ ਕਿ ਜਿਹੜੀਆਂ ਰੀਤੀਆਂ ਉਹ ਕਰ ਰਹੇ ਸਨ ਉਹ ਸਿੱਖ ਰੀਤੀਆਂ ਸਨ, ਕਿ ਗੁਰੂ ਸਾਹਿਬਾਨਾਂ ਨੇ ਇਹੀਓ ਪ੍ਰਚਾਰ ਕੀਤਾ ।
ਇਹ ਸਭ ਕੋਈ ਦਲੀਲਾਂ ਨਾਲ ਨਹੀਂ ਹੋਇਆ ਬਲਕਿ ਇਸ ਲਈ ਗੁਰਬਾਣੀ ਦਾ ਪ੍ਰਯੋਗ ਵੀ ਕੀਤਾ ਗਿਆ, ਗੁਰਬਾਣੀ ਦੇ ਗ਼ਲਤ ਅਰਥ ਵੀ ਕੀਤੇ ਗਏ । ਜਿਵੇਂ ਇਹ ਗੱਲ 17ਵੀਂ ਸਦੀ ਦੇ ਵਿਚ ਪ੍ਰਚਲਿਤ ਕਰ ਦਿੱਤੀ ਗਈ ਸੀ ਕਿ ਗੁਰੂ ਨਾਨਕ ਦੇਵ ਜੀ ਰਾਜਾ ਜਨਕ ਦੇ ਅਵਤਾਰ ਸਨ । ਇਹ ਗੁਰਬਾਣੀ ਦੇ ਗ਼ਲਤ ਅਰਥ ਕਰਨ ਦੀ ਨਤੀਜਾ ਸੀ । ਇਹ ਬਹੁਤਾਤ ਦੇ ਵਿਚ ਸਿੰਘ ਸਭਾ ਦੇ ਸਮੇਂ ਤੇ ਸ਼ੁਰੂ ਹੋਇਆ ਅਤੇ ਹੁਣ ਵੀ ਜਾਰੀ ਹੈ ।
ਕਈ ਅਜਿਹੇ ਸਿੱਖ ਹਨ ਜੋ ਗੁਰਬਾਣੀ ਨੂੰ ਅਧਾਰ ਬਣਾ ਕੇ ਦੇਵੀ-ਦੇਵਤਿਆਂ ਦੇ ਸੋਹਲੇ ਗਾਉਂਦੇ ਹਨ ਅਤੇ ਕਹਿੰਦੇ ਹਨ ਕਿ ਗੁਰਬਾਣੀ ਇਸਦੀ ਪ੍ਰੋੜਤਾ ਕਰਦੀ ਹੈ । ਉਨ੍ਹਾਂ ਨੂੰ ਉਨ੍ਹਾਂ ਸ਼ਬਦਾਂ ਦੇ ਅਰਥ ਤਾਂ ਨਹੀਂ ਪਤਾ ਹੁੰਦੇ ਪਰ ਇਹ ਜ਼ਰੂਰ ਪਤਾ ਹੁੰਦਾ ਕਿ ਕਿਹੜੇ ਦੇਵਤੇ ਦਾ ਕਿਹੜਾ ਨਾਂ ਹੈ । ਮਿਸਾਲ ਦੇ ਤੌਰ ਤੇ ਤੁਸੀਂ ਰਾਮ ਸ਼ਬਦ ਨੂੰ ਦੇਖ ਸਕਦੇ ਹੋ । ਹਿੰਦੂ ਇਹ ਮੰਨਦੇ ਨੇ ਕਿ ਰਾਮ ਗੁਰਬਾਣੀ ਦੇ ਵਿਚ ਰਾਮਚੰਦਰ ਲਈ ਹੀ ਆਇਆ ਹੈ । ਉਨ੍ਹਾਂ ਨੂੰ ਰਾਮ ਕਿਸ ਦਾ ਨਾਂ ਹੈ ਦੇਵੀ-ਦੇਵਤਿਆਂ ਦੇ ਵਿਚੋਂ ਇਹ ਪਤਾ ਹੈ, ਪਰ ਰਾਮ ਸ਼ਬਦ ਦੇ ਅਰਥ ਨਹੀਂ ਪਤਾ । ਇਹੀਓ ਹਾਲ ਕਈ ਸਿੱਖਾਂ ਦਾ ਹੈ । ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਰਾਮ ਦਾ ਮਤਲਬ ਰਮਿਆ ਹੋਇਆ ਹੁੰਦਾ ਹੈ ।
ਮੈਨੂੰ ਇਕ ਬੰਦੇ ਨਾਲ ਗੱਲ ਕਰਨ ਦੇ ਮੌਕਾ ਮਿਲਿਆ ਜੋ ਕਹਿ ਰਿਹਾ ਸੀ ਕਿ ਸਾਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਕ੍ਰਿਸ਼ਨ ਜਾਂ ਰਾਮ ਹਿੰਦੂਆਂ ਦਾ ਹੈ । ਮੈਂ ਇਸ ਨਾਲ ਸਹਿਮਤ ਹਾਂ । ਪਰ ਇਸਦਾ ਇਹ ਭਾਵ ਨਹੀਂ ਲੈਣਾ ਚਾਹੀਦਾ ਕਿ ਅਸੀਂ ਉਨ੍ਹਾਂ ਦੀ ਪੂਜਾ ਕਰਨੀ ਹੈ । ਉਹ ਦੇਵੀ-ਦੇਵਤੇ ਇਕੱਲੇ ਹਿੰਦੂਆਂ ਲਈ ਨਹੀਂ ਹਨ । ਉਹ ਤਾਂ ਪਰਮਾਤਮਾ ਦਾ ਜਸ ਕਰਦੇ ਨੇ । ਕੋਈ ਵੀ ਦੇਵਤਾ ਹੋਵੇ ਕਿਸੇ ਵੀ ਸਭਿਆਚਾਰ ਦੇ ਵਿਚ ਉਹ ਸਿਰਫ਼ ਉਨ੍ਹਾਂ ਲਈ ਹੀ ਕੰਮ ਨਹੀਂ ਕਰਦੇ ਪਰ ਪੂਰੀ ਦੁਨੀਆਂ ਦੇ ਲੋਕਾਂ ਲਈ ਉਹ ਕੰਮ ਕਰਦੇ ਨੇ ।
ਹੁਣ ਜੇਕਰ ਕੋਈ ਕਹਿ ਦੇਵੇ ਕਿ ਭਾਈ ਬ੍ਰਹਮਾ ਤਾਂ ’ਕੱਲਾ ਹਿੰਦੂਆਂ ਦੇ ਲਈ ਦੁਨੀਆਂ ਬਣਾਉਂਦਾ, ਤੇ ਸਿੱਖਾਂ ਤੇ ਮੁਸਲਮਾਨਾਂ ਲਈ ਕੋਈ ਹੋਰ ਹੈ ਤਾਂ ਇਹ ਮੂਰਖ਼ਤਾ ਹੋਵੇਗੀ । ਨਾਂ ਉਸਦਾ ਕੋਈ ਵੀ ਹੋ ਸਕਦਾ ਹੈ । ਗੱਲ ਇਥੇ ਨਾਵਾਂ ਦੀ ਨਹੀਂ ਹੈ, ਪਰ ਕੰਮ ਦੀ ਹੈ ਜੋ ਉਹ ਪਰਮਾਤਮਾ ਦੇ ਹੁਕਮ ਦੇ ਵਿਚ ਕਰਦੇ ਨੇ । ਪਰ ਉਹ ਇਨਸਾਨ ਜਿਸਦੀ ਮੈਂ ਗੱਲ ਕਰ ਰਿਹਾ ਸੀ ਉਸਦਾ ਭਾਵ ਕਹਿਣ ਦਾ ਇਹ ਸੀ ਕਿ ਆਪਾਂ ਉਨ੍ਹਾਂ ਨੂੰ ਹਿੰਦੂ ਦੇਵਤੇ ਨਾ ਕਹੀਏ ਤੇ ਉਨ੍ਹਾਂ ਦੀ ਪੂਜਾ ਕਰੀਏ ਪਰਮਾਤਮਾ ਸਮਝ ਕੇ ।
ਪੰਜਾਬ ਦੇ ਵਿਚ ਰਹਿਣ ਵਾਲੇ ਲੋਕਾਂ ਨੂੰ ਜ਼ਿਆਦਾ ਪਤਾ ਹੋਵੇਗਾ ਕਿ ਕਈ ਅਜਿਹੇ ਸਿੱਖ ਵੀ ਹਨ ਜੋ ਵੈਸ਼ਨੋ ਦੇਵੀ ਜਾਂਦੇ ਹਨ ਜਿਵੇਂ ਕੇ ਉਹ ਕੋਈ ਸਿੱਖਾਂ ਦਾ ਤੀਰਥ ਹੋਵੇ[9] । ਇਹ ਕੋਈ ਡੂੰਗਾ ਵਿਸ਼ਾ ਨਹੀਂ ਹੈ ਕਿ ਸਿੱਖ ਦੇਵੀ-ਦੇਵਤਿਆਂ ਨੂੰ ਨਹੀਂ ਮੰਨਦਾ, ਪਰ ਕਈ ਅਣਜਾਣ ਸਿੱਖਾਂ ਨੂੰ ਇਸਦੀ ਸਮਝ ਨਹੀਂ ਹੈ । ਕਈ ਹਿੰਦੂ ਇਹ ਕਹਿੰਦੇ ਨੇ ਕਿ ਅਸੀਂ ਜਦ ਗੁਰਦੁਆਰਿਆਂ ਦੇ ਵਿਚ ਜਾਂਦੇ ਹਾਂ ਤਾਂ ਫਿਰ ਸਿੱਖਾਂ ਨੂੰ ਕੀ ਹਰਜ ਹੈ ਮੰਦਰਾਂ ਦੇ ਵਿਚ ਜਾਣ ਦਾ ?
ਦੇਖੋ, ਹਿੰਦੂਆਂ ਦੇ ਧਰਮ ਦੇ ਵਿਚ ਕਿਤੇ ਕਿਸੇ ਨੇ ਜੇ ਕੋਈ ਪਾਬੰਦੀ ਲਾਈ ਹੋਵੇ ਤਾਂ ਫਿਰ ਇਹ ਪ੍ਰਸ਼ਨ ਕਰਨਾ ਬਣਦਾ ਹੈ । ਪਰ ਜੇਕਰ ਆਪਾਂ ਸਿੱਖ ਧਰਮ ਦੀ ਗੱਲ ਕਰੀਏ ਤਾਂ ਸਿੱਖਾਂ ਦੇ ਅਸੂਲ ਬੜੇ ਸਿੱਧੇ ਤੇ ਸਪਸ਼ਟ ਹਨ । ਇਨ੍ਹਾਂ ਦੇ ਵਿਚ ਦੂਜੇ ਧਰਮਾਂ ਦਾ ਸਤਿਕਾਰ ਤਾਂ ਹੈ ਪਰ ਮੰਨਣ ਦੀ ਮਨਾਹੀ ਹੈ । ਜੇਕਰ ਉਸ ਧਰਮ ਦੇ ਵਿਚ ਸਿੱਖਾਂ ਵਾਲੇ ਕੁਝ ਅਸੂਲ ਹਨ ਤਾਂ ਉਹ ਪਰਵਾਨ ਹਨ, ਜੇਕਰ ਨਹੀਂ ਤਾਂ ਉਹ ਪਰਵਾਨ ਨਹੀਂ ਹਨ ।
ਸਿੱਖਾਂ ਦੀ ਬੇਸਮਝੀ ਇਥੇ ਨਹੀਂ ਰੁਕਦੀ । ਉਹ ਇਕ ਫ਼ਰਲਾਂਗ ਹੋਰ ਮਾਰਦੇ ਨੇ ਤੇ ਕਹਿੰਦੇ ਨੇ ਕਿ ਸਿੱਖਾਂ ਤੇ ਹਿੰਦੂਆਂ ਦੇ ਵਿਆਹ ਆਮ ਜੀ ਹੀ ਗੱਲ ਹੈ, ਜੇਕਰ ਸਿੱਖਾਂ ਤੇ ਹਿੰਦੂਆਂ ਦੇ ਵਿਚ ਫ਼ਰਕ ਹੁੰਦਾ ਤਾਂ ਸਿੱਖਾਂ ਤੇ ਹਿੰਦੂਆਂ ਦੇ ਕਦੇ ਨਾਤੇ ਨਾ ਹੁੰਦੇ । ਇਹ ਵੀ ਸਿੱਖੀ ਤੋਂ ਅਣਜਾਣ ਲੋਕਾਂ ਦੀਆਂ ਦਲੀਲਾਂ ਹਨ ਜਿਨ੍ਹਾਂ ਨੇ ਕਦੇ ਕੋਈ ਰਹਿਤਨਾਮਾ[10] ਨਹੀਂ ਪੜ੍ਹਿਆ । ਚਲੋ ਮੰਨ ਲੈਂਨੇ ਆ ਕਿ ਵਿਆਹ ਹੁੰਦੇ ਹੋਣਗੇ, ਪਰ ਇਹ ਸਿੱਧ ਕਿਵੇਂ ਹੋਇਆ ਕਿ ਸਹੀ ਹੈ ? ਪੰਜਾਬ ਦੇ ਵਿਚ ਕਿੰਨੇ ਅਜਿਹੇ ਲੋਕ ਨੇ ਜੋ ਆਪਣੇ ਆਪ ਨੂੰ ਸਿੱਖ ਕਹਿੰਦੇ ਨੇ ਪਰ ਸ਼ਰਾਬ ਪੀਂਦੇ ਨੇ । ਕੀ ਇਹ ਵੀ ਮੰਨ ਲਿਆ ਜਾਵੇ ਕਿ ਜੇਕਰ ਸ਼ਰਾਬ ਪੀਣੀ ਮਨ੍ਹਾਂ ਹੁੰਦੀ ਸਿੱਖੀ ਦੇ ਵਿਚ ਤਾਂ ਲੋਕ ਨਾ ਪੀਂਦੇ ? ਉਹ ਪੀਂਦੇ ਆ ਇਸ ਕਰਕੇ ਮਨ੍ਹਾਂ ਨਹੀਂ ਹੈ ? ਸਿੱਖੀ ਇਹ ਨਹੀਂ ਹੈ ਕਿ ਸਿੱਖ ਕੀ ਕਰਦੇ ਨੇ, ਕਿਉਂਕਿ ਲਗਭਗ ਸਾਰੇ ਲੋਕ ਜੋ ਸਿੱਖ ਪਰਿਵਾਰਾਂ ਦੇ ਵਿਚ ਜਨਮੇ ਹਨ ਆਪਣੇ ਆਪ ਨੂੰ ਸਿੱਖ ਕਹਾਉਂਦੇ ਹਨ, ਸਿੱਖੀ ਇਹ ਹੈ ਕਿ ਗੁਰੂ ਸਾਹਿਬਾਨ ਦਾ ਕੀ ਉਪਦੇਸ਼ ਹੈ । ਜੇਕਰ ਸਿੱਖਾਂ ਦਾ ਹਿੰਦੂਆਂ ਦੇ ਵਿਚ ਵਿਆਹ ਕਰਾਉਣਾ ਮਨ੍ਹਾਂ ਹੈ ਉਹ ਇਸ ਕਰਕੇ ਨਹੀਂ ਕਿ ਹਿੰਦੂ ਮਾੜੇ ਹਨ, ਬਲਕਿ ਇਸ ਕਰਕੇ ਕਿ ਉਨ੍ਹਾਂ ਦੀ ਰਹਿਣੀ-ਸਹਿਣੀ ਸਿੱਖਾਂ ਨਾਲ ਨਹੀਂ ਮਿਲਦੀ ।
1. ਅਰੁ ਸੰਜੋਗ ਤਬ ਕੈਸੇ ਕੁਲ ਬਿਖੈ ਕਰੇ ? ਜਿੱਥੇ ਸਿੱਖੀ ਅਕਾਲ ਪੁਰਖ ਦੀ ਹੋਇ । - ਪ੍ਰੇਮ ਸੁਮਾਰਗ ਗ੍ਰੰਥ, ਧਿਆਇ ਚੌਥਾ, ਪੇਜ 18
2. ਗੁਰੂ ਕਾ ਸਿਖ ਸਾਕ ਸਿਖ ਨਾਲ ਕਰੈ । - ਰਹਿਤਨਾਮੇ, ਪਿਆਰਾ ਸਿੰਘ ਪਦਮ, ਰਹਿਤਨਾਮਾ ਭਾਈ ਚੌਪਾ ਸਿੰਘ, ਪੇਜ 85
3. ਸਿਖ ਕੋ ਸਿਖ ਪੁਤ੍ਰੀ ਦਈ ਸੁਧਾ ਸੁਧਾ ਮਿਲ ਜਾਇ
ਦਈ ਭਾਦਨੀ ਕੋ ਸੁਤਾ ਅਹਿ ਮੁਖ ਅਮੀ ਚੁਆਇ । - ਰਹਿਤਨਾਮੇ, ਪਿਆਰਾ ਸਿੰਘ ਪਦਮ, ਰਹਿਤਨਾਮਾ ਭਾਈ ਦਯਾ ਸਿੰਘ, ਪੇਜ 72
(ਭਾਵ ਸਿੱਖ ਨੂੰ ਪੁਤਰੀ ਦੇਣੀ ਇੰਝ ਹੈ ਜਿਵੇਂ ਅੰਮ੍ਰਿਤ ਨਾਲ ਅੰਮ੍ਰਿਤ ਮਿਲਾਉਣਾ, ਮੋਨੇ ਨੂੰ ਪੁਤਰੀ ਦੇਣੀ ਸੱਪ ਨੂੰ ਦੁੱਧ/ਅੰਮ੍ਰਿਤ ਪਿਆਉਣ ਦੇ ਬਰਾਬਰ ਹੈ ।)
ਹਿੰਦੂ ਧਰਮ ਦੇ ਵਿਚ ਬਹੁਤ ਸਾਰੇ ਅਸੂਲ ਹਨ ਜੋ ਆਪਸ ਦੇ ਵਿਚ ਵੀ ਨਹੀਂ ਮਿਲਦੇ । ਹਿੰਦੂ ਧਰਮ ਦੇ ਵਿਚ ਕੋਈ ਅਜਿਹੇ ਅਸੂਲ ਨਹੀਂ ਹਨ ਜੋ ਸਾਰੇ ਹਿੰਦੂਆਂ ਨੂੰ ਮੰਨਣੇ ਪੈਣੇ ਨੇ ਆਪਣੇ ਆਪ ਨੂੰ ਹਿੰਦੂ ਕਹਾਉਣ ਦੇ ਲਈ । ਪਰ ਸਿੱਖਾਂ ਦੇ ਕੁਝ ਮੁਢਲੇ ਅਸੂਲ ਨੇ ਜਿਸ ਬਿਨਾਂ ਕੋਈ ਆਪਣੇ ਆਪ ਨੂੰ ਸਿੱਖ ਨਹੀਂ ਕਹਾ ਸਕਦਾ । ਜੇ ਕੋਈ ਪਾਂਧੀ ਖੱਬੇ ਪਾਸੇ ਜਾਣਾ ਚਾਹੁੰਦੇ ਹੋਵੇ ਤੇ ਦੂਜਾ ਸੱਜੇ ਪਾਸੇ ਤਾਂ ਉਹ ਇਕੱਠੇ ਨਹੀਂ ਚਲ ਪਾਉਣਗੇ । ਕਈ ਸ਼ਾਇਦ ਇਹ ਕਹਿ ਦੇਣ ਕਿ ਪਹਿਲਾਂ ਇਕ ਰਸਤੇ ਤੇ ਚਲ ਪਵੋ ਫਿਰ ਦੂਜੇ ਰਸਤੇ ਤੇ । ਇਸ ਤਰ੍ਹਾਂ ਦਾ ਪ੍ਰਬੰਧ ਸਿੱਖਾਂ ਦੇ ਵਿਚ ਨਹੀਂ ਹੈ । ਜੋ ਮਾਰਗ ਗੁਰੂ ਦਾ ਮਾਰਗ ਨਹੀਂ ਹੈ ਉਸ ਤੇ ਸਿੱਖ ਨਹੀਂ ਚਲ ਸਕਦਾ । ਜੇ ਉਹ ਚੱਲੇਗਾ ਤਾਂ ਉਹ ਸਿੱਖ ਨਹੀਂ ਹੈ ।
ਜ਼ਹਿਰ ਦੀ ਸ਼ੁਰੂਆਤ
ਕਈ ਅਜਿਹੇ ਹਿੰਦੂ ਵੀ ਦੇਖਣ ਦੇ ਵਿਚ ਆਏ ਨੇ ਜੋ ਕਹਿੰਦੇ ਨੇ ਕਿ ਇਹ ਇਕ ਨਫ਼ਰਤ ਫ਼ੈਲਾਉਣ ਵਾਂਗ ਹੈ ਕਿ ਸਿੱਖ ਹਿੰਦੂ ਨਹੀਂ ਹਨ । ਮੈਂ ਇਸ ਨਾਲ ਸਹਿਮਤ ਨਹੀਂ ਹਾਂ । ਕਈ ਅਜਿਹੇ ਹਿੰਦੂ ਵੀ ਹਨ ਜੋ ਹਰ ਇਕ ਸਿੱਖ ਨੂੰ ਖ਼ਾਲਿਸਤਾਨੀ ਕਹਿਣ ਲੱਗ ਜਾਂਦੇ ਨੇ ਜੇ ਉਹ ਸਿੱਖਾਂ ਦਾ ਵੱਖਰਾ ਧਰਮ ਮੰਨਦੇ ਹਨ । ਕੋਈ ਤਾਂ ਗੱਲ ਹੋਵੇਗੀ 2% ਵਾਲਿਆਂ ਵਿਚ ਜੋ ਆਪਣੇ ਆਪ ਨਾਲ ਜੋੜ ਕੇ ਰੱਖਣਾ ਚਾਹੁੰਦੇ ਹਨ ।
ਦੂਜੇ ਤੇ ਕਈ ਹਿੰਦੂ ਇਹ ਵੀ ਕਹਿੰਦੇ ਹਨ ਕਿ ਕੀ ਫਿਰ ਅਸੀਂ ਵੀ ਗੁਰਦੁਆਰੇ ਜਾਣਾ ਛੱਡ ਦੇਈਏ ? ਸਿੱਖਾਂ ਨੇ ਇਹ ਕਦੇ ਨਹੀਂ ਕਿਹਾ ਕਿ ਗੁਰਦੁਆਰਿਆਂ ਦੇ ਵਿਚ ਸਿਰਫ਼ ਸਿੱਖ ਹੀ ਆ ਸਕਦੇ ਨੇ । ਗੁਰਦੁਆਰਿਆਂ ਦੇ ਵਿਚ ਕੋਈ ਭੇਦ-ਭਾਵ ਨਹੀਂ ਹੈ । ਕੋਈ ਵੀ ਗੁਰਬਾਣੀ ਸੁਨਣ ਦਾ ਅਨੰਦ ਲੈ ਸਕਦਾ ਹੈ । ਕੋਈ ਵੀ ਲੰਗਰ ਦੇ ਵਿਚ ਪਰਸ਼ਾਦਾ ਛੱਕ ਸਕਦਾ ਹੈ । ਹਾਂ, ਗੁਰਦੁਆਰਾ ਸਾਹਿਬ ਦੇ ਆਪਣੇ ਅਸੂਲ ਹਨ, ਜੋ ਸਾਰਿਆਂ ਨੂੰ ਪਾਲਣ ਕਰਨੇ ਪੈਣਗੇ । ਰਹੀ ਗੱਲ ਕਿ ਕੀ ਹਿੰਦੂਆਂ ਨੂੰ ਗੁਰਦੁਆਰੇ ਜਾਣਾ ਚਾਹੀਦਾ ਹੈ ਕਿ ਨਹੀਂ, ਇਹ ਉਨ੍ਹਾਂ ਦੀ ਆਪਣੀ ਮਰਜ਼ੀ ਹੈ । ਉਨ੍ਹਾਂ ਨੂੰ ਕੀ ਠੀਕ ਲੱਗਦਾ ਹੈ ਆਪਣੇ ਲਈ ਇਹ ਉਨ੍ਹਾਂ ਨੇ ਨਿਰਣਾ ਕਰਨਾ ਹੈ । ਗੁਰਦੁਆਰੇ ਸਾਹਿਬਾਨ ਸਾਰੇ ਲੋਕਾਂ ਲਈ ਖੁੱਲ੍ਹੇ ਹਨ ਬਿਨਾਂ ਵਿਤਕਰੇ ਦੇ ।
ਸਿੱਖਾਂ ਦਾ ਕੋਈ ਹਿੰਦੂਆਂ ਦੇ ਨਾਲ ਵੈਰ ਨਹੀਂ ਹੈ । ਇਕ ਸਮਾਜ ਦੇ ਵਿਚ ਰਹਿੰਦੇ ਹੋਏ ਸਾਨੂੰ ਆਪਣੇ ਦੁਖ-ਸੁਖ ਵੰਡਣੇ ਚਾਹੀਦੇ ਹਨ । ਇਸ ਨਾਲ ਭਾਈਚਾਰਕ ਸਾਂਝ ਵੱਧਦੀ ਹੈ । ਪਰ ਇਸ ਨੂੰ ਇਹ ਵੀ ਨਹੀਂ ਸਮਝਣਾ ਚਾਹੀਦਾ ਕਿ ਉਹ ਇਕ ਹਨ ਧਾਰਮਿਕ ਤੌਰ ਤੇ । ਜਿੰਨੇ ਸਿੱਖ ਤੇ ਮੁਸਲਮਾਨ ਇਕ ਨੇ ਓਨੇ ਹੀ ਹਿੰਦੂ ਤੇ ਸਿੱਖ ਇਕ ਨੇ ; ਭਾਵ ਕਿ ਦੋਨਾਂ ਦੇ ਵਿਚ ਸਮਾਨਤਾਵਾਂ ਹੋਣ ਦੇ ਬਾਵਜੂਦ ਵੀ ਵੱਖ ਹਨ ।
ਕਈ ਅੰਗਰੇਜ਼ੀ ਤੇ ਪੰਜਾਬੀ ਲੇਖਕਾਂ ਨੇ ਇਹ ਵੀ ਕਹਿ ਦਿੱਤਾ ਸੀ ਕਿ ਸਿੱਖਾਂ ਨੂੰ ਇਹ ਨਹੀਂ ਪਤਾ ਸੀ ਕਿ ਉਹ ਇਕ ਵੱਖਰੀ ਕੌਮ ਹੈ ਜਾਂ ਉਹ ਹਿੰਦੂ ਨਹੀਂ ਹਨ । ਮੈਂ ਸਮਝਦਾ ਹਾਂ ਕਿ ਜਿੰਨਾਂ ਬੇੜਾ-ਗਰਕ ਸਿੱਖੀ ਅਤੇ ਸਿੱਖ ਇਤਿਹਾਸ ਦਾ ਨਵੀਨ ਲੇਖਕਾਂ ਨੇ ਕੀਤਾ ਹੈ ਸ਼ਾਇਦ ਹੀ ਕਿਸੇ ਨੇ ਕੀਤਾ ਹੋਵੇ । ਪੁਰਾਤਨ ਇਤਿਹਾਸਕ ਕਿਤਾਬਾਂ ਦੇ ਵਿਚ ਸਾਫ਼-ਸਾਫ਼ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇਕ ਨਵਾਂ ਧਰਮ ਚਲਾਇਆ । ਜੇਕਰ ਹੁਣ ਕਿਸੇ ਦੀਆਂ ਅੱਖਾਂ ਹੀ ਨਾ ਕੰਮ ਕਰਦੀਆਂ ਹੋਣ ਤਾਂ ਕੀ ਕਰ ਸਕਦੇ ਹਾਂ ।
ਸੋ ਇਸ ਜ਼ਹਿਰ ਦੀ ਸ਼ੁਰੂਆਤ ਹੋਈ ਕਿਥੋਂ ?
ਇਹ ਇਕ ਇਤਿਹਾਸਿਕ ਸੱਚਾਈ ਹੈ ਕਿ ਜਿਸ ਵਾਤਾਵਰਨ ਦੇ ਵਿਚ ਤੁਸੀਂ ਰਹਿੰਦੇ ਹੋ ਤੁਹਾਡੇ ਤੇ ਉਸਦਾ ਪ੍ਰਭਾਵ ਜ਼ਰੂਰ ਪੈਂਦਾ ਹੈ । ਜੇਕਰ ਇਸਨੂੰ ਹੁਣ ਦੇ ਸਮੇਂ ਦੇ ਰਾਹੀਂ ਸਮਝਣਾ ਹੋਵੇ ਤਾਂ ਨੇਕੀ ਅਤੇ ਢੱਡਰੀਆਵਾਲੇ ਵੱਲ ਦੇਖਿਆ ਜਾ ਸਕਦਾ ਹੈ । ਦੇਖੋ ਕਿੰਨੇ ਸਿੱਖ ਨੇ ਜੋ ਉਨ੍ਹਾਂ ਨੂੰ ਸੁਣਦੇ ਨੇ, ਕਿਸੇ ਨੂੰ ਪਤਾ ਨਹੀਂ ਲੱਗਿਆ ਕਿ ਉਹ ਜ਼ਹਿਰ ਪਰੋਸ ਰਹੇ ਨੇ । ਇਹ ਕੋਈ ਸਦੀਆਂ ਦੀ ਗੱਲ ਨਹੀਂ ਹੈ, ਮਸਾਂ ਕੋਈ 8-9 ਸਾਲ ਹੋਏ ਹੋਣਗੇ ਇਸ ਸਭ ਨੂੰ । ਸਿੱਖ ਸਮਝ ਹੀ ਨਹੀਂ ਸਕੇ ਇਸ ਨੂੰ । ਕਾਰਣ ਇਸ ਦਾ ਕੀ ਹੈ ? ਕਾਰਣ ਇਹ ਹੈ ਕਿ ਉਨ੍ਹਾਂ ਨੂੰ ਸਿੱਖੀ ਬਾਰੇ ਕੋਈ ਗਿਆਨ ਹੀ ਨਹੀਂ ਸੀ । ਜੇਕਰ ਹੁੰਦਾ ਤਾਂ ਝੱਟ ਸਮਝ ਲੈਂਦੇ ਕਿ ਇਹ ਲੋਕ ਕੀ ਬਕਵਾਸ ਕਰ ਰਹੇ ਨੇ । ਜੋ ਥੋੜੇ ਬਹੁਤੇ ਸਮਝੇ ਉਹ ਇਨ੍ਹਾਂ ਨੂੰ ਛੱਡ ਕੇ ਚਲੇ ਗਏ । ਉਨ੍ਹਾਂ ਨੂੰ ਪਤਾ ਲੱਗ ਗਿਆ ਸੀ ਕਿ ਇਹ ਰਸਤਾ ਕਿਧਰ ਨੂੰ ਲੈ ਕੈ ਜਾਵੇਗਾ ।
ਉਸੇ ਤਰ੍ਹਾਂ ਹੀ ਸਿੱਖਾਂ ਨਾਲ ਹੋਇਆ ਪੁਰਾਣੇ ਸਮੇਂ ਦੇ ਵਿਚ । ਜਦੋਂ ਸਿੱਖ ਜੰਗਲਾਂ ਵੱਲ ਨੂੰ ਤੁਰ ਪਏ ਤਾਂ ਪਿਛੇ ਰਹਿ ਗਏ ਕੁਝ ਸਿਖ ਬਾਹਮਣਵਾਦ ਦਾ ਸ਼ਿਕਾਰ ਹੋ ਗਏ । ਇਹ ਇਨ੍ਹਾਂ ਦੀਆਂ ਲਿਖਤਾਂ ਦੇ ਵਿਚ ਸਾਫ਼ ਝਲਕਦਾ ਹੈ । ਚਾਹੇ ਮਾਤਰਾ ਥੋੜੀ ਸੀ ਚਾਹੇ ਜ਼ਿਆਦਾ, ਇਸਦਾ ਅਸਰ ਸੀਗਾ । ਇਥੋਂ ਹੀ ਫਿਰ ਸ਼ੁਰੂਆਤ ਹੁੰਦੀ ਹੈ ਸਿੱਖ-ਗੁਰੂਆਂ ਨੂੰ ਉਹ ਕੰਮ ਕਰਦੇ ਦਰਸਾਉਣਾ ਜੋ ਉਨ੍ਹਾਂ ਦੀ ਆਪਣੀ ਲੇਖਣੀ ਦੇ ਉਲਟ ਹੈ ਤੇ ਬਾਹਮਣਵਾਦੀ ਹੈ । ਕਈ ਸਿੱਖਾਂ ਦੇ ਦਿਲਾਂ ਦੇ ਵਿਚ ਇਹ ਅਜੇ ਵੀ ਗੱਲ ਘਰ ਕਰ ਗਈ ਹੈ ਕਿ ਸਿੱਖ-ਗੁਰੂ ਹਿੰਦੂ ਰਹੁ-ਰੀਤੀਆਂ ਹੀ ਕਰਦੇ ਸਨ ।
ਤੇ ਜੇ ਕੋਈ ਸਮਝਾਉਣ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਉਸਨੂੰ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਹਿਣ ਲੱਗ ਜਾਂਦੇ ਨੇ । ਇਸ ਜ਼ਹਿਰ ਦਾ ਅਸਰ ਘੱਟ ਕਰਨ ਦਾ ਇਕੋ-ਇਕ ਤਰੀਕਾ ਹੈ ਉਹ ਇਹ ਕਿ ਸਿੱਖ ਗੁਰਬਾਣੀ ਨਾਲ ਜੁੜਨ ਤੇ ਇਤਿਹਾਸ ਨੂੰ ਫਰੋਲਣ । ਇਹ ਨਹੀਂ ਕਿ ਜੋ ਗੁਰਮਤਿ ਵਿਰੋਧੀ ਗੱਲਾਂ ਨੇ ਉਹ ਬਸ ਕੱਢ ਕਿ ਦਿਖਾਈ ਜਾਣੀਆਂ ਆਪਣੀਆਂ ਦਲੀਲਾਂ ਦੇ ਲਈ । ਸਮਝੋ । ਵਿਚਾਰੋ । ਫਿਰ ਕਿਸੇ ਸਿੱਟੇ ਤੇ ਪਹੁੰਚੋ । ਦੇਖਾ-ਦੇਖੀ ਦਾ ਸ਼ਿਕਾਰ ਕਈ ਵਾਰੀ ਖੁੱਡੇ ਵਿਚ ਸੁੱਟ ਦਿੰਦਾ ਹੈ । ਫਿਰ ਉਸ ਵਿਚੋਂ ਬਾਹਰ ਨਿਕਲਣਾ ਔਖਾ ਹੋ ਜਾਂਦਾ ਹੈ ।
ਸਿੱਖਾਂ ਨੂੰ ਇਸ ਵੱਲ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਕਿਸੇ ਹਿੰਦੂ ਜਾਂ ਕਿਸੇ ਵੀ ਹੋਰ ਧਰਮ ਦਾ ਜਾਣਬੁਝ ਕੇ ਮਜ਼ਾਕ ਨਾ ਉਡਾਉਣ । ਮੈਂ ਇਹ ਗੱਲ ਦੇਖੀ ਹੈ ਕਿ ਜਦ ਇਹੋ ਜਿਹੇ ਮੁੱਦੇ ਆਉਂਦੇ ਹਨ ਤਾਂ ਸਿੱਖ ਹਿੰਦੂਆਂ ਦਾ ਮਜ਼ਾਕ ਬਣਾਉਣ ਲੱਗ ਜਾਂਦੇ ਨੇ । ਇਹ ਬਿਲਕੁਲ ਗ਼ਲਤ ਹੈ । ਜੋ ਚੀਜ਼ਾਂ ਉਹ ਆਪਣੇ ਧਰਮ ਦੇ ਅਨੁਸਾਰ ਨਹੀਂ ਬੋਲਦੇ ਉਨ੍ਹਾਂ ਦਾ ਉੱਤਰ ਇਕ ਅਲੱਗ ਤਰੀਕੇ ਨਾਲ ਦਿੱਤਾ ਜਾ ਸਕਦਾ ਹੈ । ਪਰ ਕਿਸੇ ਦੇ ਮਨ ਨੂੰ ਜਾਣਬੁਝ ਕੇ ਠੇਸ ਪਹੁੰਚਾਉਣੀ ਮੂਰਖ਼ਤਾ ਹੈ ।
ਪੰਥ ਅਤੇ ਧਰਮ
ਇਕ ਗੱਲ ਜੋ ਹਿੰਦੂ ਲੈ ਕੇ ਆਉਂਦੇ ਹਨ ਉਹ ਇਹ ਕਿ ਸਿੱਖ ਇਕ ਪੰਥ ਹੈ, ਧਰਮ ਨਹੀਂ । ਉਨ੍ਹਾਂ ਦਾ ਇਹ ਮੰਨਣਾ ਹੈ ਕਿ ਪੰਥ ਇਕ ਧਰਮ ਦਾ ਅੰਗ ਹੁੰਦਾ ਹੈ । ਤੇ ਇਹ ਧਰਮ ਉਹ ਹਿੰਦੂ ਸਮਝਦੇ ਹਨ । ਬਹੁਤ ਸਾਰੀਆਂ ਮੂਰਖ਼ਤਾ ਭਰੀਆਂ ਗੱਲਾਂ ਕੀਤੀਆਂ ਗਈਆਂ ਨੇ ਜਿਵੇਂ ਹਿੰਦੂ ਧਰਮ ਇਕ ਦਰਖ਼ਤ ਹੈ ਤੇ ਸਿੱਖ ਟਾਹਣੀ, ਹਿੰਦੂ ਧਰਮ ਇਕ ਸਮੁੰਦਰ ਹੈ ਤੇ ਸਿੱਖ ਇਕ ਨਦੀ ਜੋ ਸਮੁੰਦਰ ਦੇ ਵਿਚ ਸਮਾ ਜਾਉਗੀ, ਇਤਿਆਦਿ ।
ਸਿੱਖ ਧਰਮ ਨੂੰ ਧਰਮ ਨਾ ਮੰਨਣਾ ਇਨ੍ਹਾਂ ਦੇ ਆਪਣੇ ਮਨ ਦੀ ਉਪਜ ਨਹੀਂ ਹੈ । ਇਹ ਭਾਈ ਗੁਰਦਾਸ ਜੀ ਦੀ ਵਾਰ ਦਾ ਸਹਾਰਾ ਲੈਂਦੇ ਨੇ ਕਿ ਭਾਈ ਗੁਰਦਾਸ ਜੀ ਨੇ ‘ਨਿਰਮਲ ਪੰਥ’ ਲਿਖਿਆ ਹੈ ।
1. ਮਾਰਿਆ ਸਿਕਾ ਜਗਤ੍ਰਿ ਵਿਚਿ ਨਾਨਕ ਨਿਰਮਲ ਪੰਥ ਚਲਾਇਆ । - ਵਾਰਾਂ ਭਾਈ ਗੁਰਦਾਸ, ਪਉੜੀ 45ਵੀਂ
ਹੁਣ ਜਿਹੜੇ ਲੋਕਾਂ ਨੂੰ ਨਹੀਂ ਪਤਾ ਹੁੰਦਾ ਉਹ ਇਨ੍ਹਾਂ ਗੱਲਾਂ ਦੇ ਵਿਚ ਫਸ ਜਾਂਦੇ ਨੇ । ਪਰ ਉਹ ਇਹ ਨਹੀਂ ਜਾਣਦੇ ਕਿ ਸਿੱਖ ਧਰਮ, ਸਿੱਖ ਕੌਮ, ਸਿੱਖ ਪੰਥ, ਸਿੱਖ ਮਜ਼ਹਬ, ਸਿੱਖ ਰੀਤ, ਇਤਿਆਦਿ, ਦਾ ਇਕ ਹੀ ਮਤਲਬ ਹੈ । ਸਿੱਖ ਇਤਿਹਾਸ ਦੇ ਵਿਚ ਇਹ ਲਫ਼ਜ਼ ਅਦਲ-ਬਦਲ ਕੇ ਵਰਤੇ ਗਏ ਹਨ । ਆਉ ਧਰਮ ਤੇ ਪੰਥ ਨੂੰ ਥੋੜਾ ਜਾ ਸਮਝੀਏ ।
1. ਪੰਥ ਦਾ ਸਿੱਧਾ ਜਾ ਭਾਵ ਹੁੰਦਾ ਹੈ ਰਸਤਾ । ਇਸ ਰਸਤੇ ਦੇ ਵਿਚ ਅਸੂਲ ਆਉਂਦੇ ਨੇ । ਆਪਾਂ ‘ਸਿੱਖ ਪੰਥ’ ਕਹਿੰਨੇ ਆ ਕਿਉਂਕਿ ਗੁਰੂ ਸਾਹਿਬ ਨੇ ਆਪਾਂ ਨੂੰ ਅਸੂਲ ਦਿੱਤੇ ਨੇ । ਜੇਕਰ ਆਪਾਂ ਉਨ੍ਹਾਂ ਅਸੂਲਾਂ ਤੇ ਨਹੀਂ ਚੱਲਦੇ ਤਾਂ ਆਪਾਂ ਆਪਣੇ ਆਪ ਨੂੰ ਸਿੱਖ ਨਹੀਂ ਕਹਾ ਸਕਦੇ । ਇਹ ਗੱਲ ਸਿਰਫ਼ ਧਰਮਾਂ ਤੇ ਨਹੀਂ ਲੱਗਦੀ । ਜ਼ਿੰਦਗੀ ਦਾ ਕੋਈ ਵੀ ਰਸਤਾ ਹੋਵੇ ਉਹ ਬਿਨਾਂ ਅਸੂਲਾਂ ਤੋਂ ਕਦੇ ਨਹੀਂ ਹੋ ਸਕਦਾ ।
2. ਧਰਮ ਦਾ ਅਰਥ ਹੁੰਦਾ ਹੈ ਕਿ ਸਹੀ ਕੰਮ ਕਰਨਾ । ਹੁਣ ਕਿਸ ਕੰਮ ਨੂੰ ਤੁਸੀਂ ਸਹੀ ਕਹਿ ਸਕਦੇ ਹੋ ? ਕਿਸ ਨੂੰ ਗ਼ਲਤ ਕਹਿ ਸਕਦੇ ਹੋ ? ਬਿਨਾਂ ਕਿਸੇ ਅਸੂਲ ਦੇ ਤੁਸੀਂ ਕਿਸੇ ਨੂੰ ਵੀ ਗ਼ਲਤ ਜਾਂ ਸਹੀ ਨਹੀਂ ਕਹਿ ਸਕਦੇ । ਗੱਲ ਫਿਰ ਉਥੇ ਹੀ ਆ ਗਈ, ਜਿਹੜੀ ਆਪਾਂ ਪੰਥ ਬਾਰੇ ਕੀਤੀ ਸੀ ।
ਕਈ ਇਹ ਵੀ ਕਹਿੰਦੇ ਨੇ ਕਿ ਜਿਵੇਂ ਸੂਰਜ ਘੁੰਮਦਾ ਹੈ, ਅੱਖਾਂ ਝਪਕਦੀਆਂ ਹਨ, ਸੋ ਇਹ ਇਨ੍ਹਾਂ ਦਾ ਧਰਮ ਹੈ । ਗੱਲ ਫਿਰ ਅਸੂਲਾਂ ਤੇ ਆ ਖੜੀ ਹੋਈ । ਹੁਣ ਜੇ ਅੱਖਾਂ ਘੁੰਮਣ ਲੱਗ ਜਾਣ ਤੇ ਸੂਰਜ ਝਪਕਣ ਲੱਗ ਜਾਵੇ ਤਾਂ ਫਿਰ ਇਹ ਧਰਮ ਕਹਾਊਗਾ ? ਜੇ ਉੱਤਰ ਨਾ ਦੇ ਵਿਚ ਹੈ ਤਾਂ ਵੀ ਅਸੂਲ, ਜੇ ਹਾਂ ਦੇ ਵਿਚ ਹੈ ਤਾਂ ਵੀ ਅਸੂਲ ।
ਬਸ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਇਹੋ ਜਿਹੀਆਂ ਘਟੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਦੇ ਅਰਥ ਬੜੇ ਸਰਲ ਜਿਹੇ ਹੁੰਦੇ ਹਨ । ਹੁਣ ਆਪਾਂ ਇਹ ਦੇਖਣਾ ਹੈ ਕਿ ਕੀ ਕਿਤੇ ‘ਸਿੱਖ ਧਰਮ’ ਵੀ ਲਿਖਿਆ ਹੈ ਜਾਂ ਨਹੀਂ । ਆਉ ਇਸ ਵੱਲ ਝਾਤ ਮਾਰੀਏ ।
1. ਧਰਮ ਸਿਖੀ ਤਿਨ ਕੋ ਪੁਨਿ ਪ੍ਰਾਪਤਿ, ਰਾਜ, ਰੁ ਭਾਗ ਰਿਧੰ ਸਿਧ ਸਾਰੀ । - ਗੁਰਬਿਲਾਸ ਪਾਤਸ਼ਾਹੀ 10ਵੀਂ, ਕੋਇਰ ਸਿੰਘ, ਪੇਜ ੨੭੬
2. ਸ਼੍ਰੋਤਨਿ ਕੋ ਬਹੁ ਭਾਂਤਿ ਸਰਾਹਯੋ । ਜਿਨ ਬਹੁ ਸਿੱਖੀ ਧਰਮ ਨਿਬਾਹਯੋ । - ਸੂਰਜ ਪ੍ਰਕਾਸ਼, ਭਾਈ ਸੰਤੋਖ ਸਿੰਘ, ਰਾਸ 4, ਅੰਸੂ 1
3. ਤਿਨ ਇਹ ਕਲ ਮੋ ਧਰਮੁ ਚਲਾਯੋ ।। ਸਭ ਸਾਧਨ ਕੋ ਰਾਹੁ ਬਤਾਯੋ ।।
ਜੋ ਤਾਂ ਕੇ ਮਾਰਗਿ ਮਹਿ ਆਏ ।। ਤੇ ਕਬਹੂੰ ਨਹੀ ਪਾਪ ਸੰਤਾਏ ।।5।। - ਬਚਿੱਤ੍ਰ ਨਾਟਕ
ਸੋ ਜਿਵੇਂ ਆਪਾਂ ਪਹਿਲਾਂ ਕਿਹਾ ਹੈ ਕਿ ਸਿੱਖ ਧਰਮ ਅਤੇ ਸਿੱਖ ਪੰਥ ਦੋਨੋਂ ਲਫ਼ਜ਼ ਹੀ ਗ੍ਰੰਥਾਂ ਦੇ ਵਿਚ ਲਿਖੇ ਗਏ ਨੇ । ਕੋਈ ਠੋਸ ਦਲੀਲ ਵੀ ਹੋਵੇ ਤਾਂ ਬੰਦਾ ਸੋਚਦਾ ਹੈ ਕਿ ਉੱਤਰ ਕਿਵੇਂ ਦੇਣਾ ਹੈ, ਪਰ ਜੋ ਦਲੀਲ ਇਨ੍ਹਾਂ ਦੀ ਹੁੰਦੀ ਹੈ ਉਹ ਬਿਲਕੁਲ ਅਗਿਆਨਤਾ ਦੇ ਵਿਚੋਂ ਉਪਜੀ ਹੁੰਦੀ ਹੈ । ਸਿੱਖਾਂ ਨੂੰ ਇਹ ਚਾਹੀਦਾ ਹੈ ਕਿ ਉਹ ਜਿੰਨਾਂ ਹੋ ਸਕੇ ਓਨਾਂ ਇਤਿਹਾਸ ਨੂੰ ਸਮਝਣ । ਜੇ ਉਹ ਇਹ ਨਹੀਂ ਕਰਦੇ ਤਾਂ ਫਿਰ ਉਹ ਕੁਰਾਹੇ ਪੈ ਜਾਣਗੇ । ਇਹ ਆਪਾਂ ਇਤਿਹਾਸ ਵਾਲੇ ਅਧਿਆਇ ਦੇ ਵਿਚ ਦੇਖ ਆਏ ਹਾਂ ਕਿ ਇਤਿਹਾਸ ਕਿੰਨਾ ਜ਼ਰੂਰੀ ਹੁੰਦਾ ਹੈ ।
ਆਉਣ ਵਾਲਾ ਸਮਾਂ
ਇਹ ਕਹਿਣਾ ਅਗਿਆਨਤਾ ਹੋਵੇਗੀ ਕਿ ਹਿੰਦੂ ਅਤੇ ਕੁਝ ਬਾਹਰਲੀਆਂ ਯੂਨੀਵਰਸਿਟੀਆਂ ਦੇ ਵਿਚ ਬੈਠੇ ਲੋਕ ਇਹ ਗੱਲ ਸਮਝ ਲੈਣਗੇ । ਇਹ ਸਿੱਖਾਂ ਲਈ ਚੁਣੌਤੀ ਬਣੀ ਰਹੇਗੀ, ਅਤੇ ਇਸਦਾ ਹੱਲ ਇਹੋ ਹੀ ਹੈ ਕਿ ਜੋ ਵੀ ਕਿਤਾਬਾਂ ਜਾਂ ਲੇਖ ਲਿਖੇ ਜਾ ਰਹੇ ਹਨ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦੇ ਲਈ ਉਨ੍ਹਾਂ ਦੇ ਉੱਤਰਾਂ ਦੇ ਵਿਚ ਵੀ ਲੇਖ ਲਿਖੇ ਜਾਣ । ਕਿਉਂਕਿ ਅਗਿਆਨ ਵੱਸ ਹੋ ਕੇ ਕੁਝ ਲਿਖਣਾ ਸੌਖਾ ਹੁੰਦਾ ਹੈ ਪਰ ਉਸਦਾ ਸਹੀ ਮਾਇਣੇ ਦੇ ਵਿਚ ਉੱਤਰ ਦੇਣਾ ਔਖਾ ।
ਇਹ ਇਕੱਲਾ ਖੋਜੀਆਂ ਦਾ ਹੀ ਫ਼ਰਜ਼ ਨਹੀਂ ਬਲਕਿ ਸਾਰੇ ਸਿੱਖਾਂ ਨੂੰ ਇਸ ਬਾਰੇ ਆਵਾਜ਼ ਉਠਾਉਣੀ ਚਾਹੀਦੀ ਹੈ । ਇਸਦਾ ਭਾਵ ਇਹ ਵੀ ਨਹੀਂ ਲੈਣਾ ਚਾਹੀਦਾ ਕਿ ਜਾ ਕੇ ਹਿੰਦੂਆਂ ਨਾਲ ਬਹਿਸਣ ਲੱਗ ਜਾਉ । ਅਜਿਹਾ ਕਰਨ ਨਾਲ ਕੁਝ ਵੀ ਨਹੀਂ ਹੁੰਦਾ । ਮੈਂ ਇਹ ਕਰਕੇ ਦੇਖ ਲਿਆ ਹੈ । ਕਈ ਅਜਿਹੇ ਹਿੰਦੂ ਹਨ ਜਿਨ੍ਹਾਂ ਨੇ ਆਪਣੇ ਮਨ ਦੇ ਵਿਚ ਧਾਰ ਲਿਆ ਹੈ ਕਿ ਸਿੱਖ ਹਿੰਦੂ ਹਨ, ਤੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਉਨ੍ਹਾਂ ਦਾ ਮਨ ਬਦਲਣ ਦੇ ਲਈ । ਹਾਂ, ਤੁਸੀਂ ਕੋਸ਼ਿਸ਼ ਕਰ ਸਕਦੇ ਹੋ ਕਿ ਆਪਣੇ ਨੁਕਤੇ ਰੱਖੋ, ਤਾਂ ਜੋ ਉਹ ਲੋਕ ਪੜ੍ਹ ਸਕਣ ਜੋ ਪੜ੍ਹਨਾ ਚਾਹੁੰਦੇ ਹਨ ਸਿੱਖੀ ਬਾਰੇ । ਜਿਹੜੇ ਲੋਕ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦਾ ਪ੍ਰਚਾਰ ਕਰ ਰਹੇ ਨੇ ਤੁਸੀਂ ਉਨ੍ਹਾਂ ਨਾਲ ਬਹਿਸ ਕਰਕੇ ਆਪਣਾ ਸਮਾਂ ਹੀ ਗਵਾਓਗੇ ।
ਆਪਾਂ ਨੂੰ ਸਿਰਫ਼ ਇਨ੍ਹਾਂ ਗੱਲਾਂ ਵੱਲ ਨਹੀਂ ਧਿਆਨ ਦੇਣਾ ਚਾਹੀਦਾ ਕਿ ਅਸੀਂ ਸਾਰਾ ਦਿਨ ਹੀ ਇਹ ਕਹੀਂ ਜਾਣਾ ਕਿ ਸਿੱਖ ਹਿੰਦੂ ਨਹੀਂ, ਜਾਂ ਗੁਰਬਾਣੀ ਵੇਦਾਂ ਵਿਚੋਂ ਨਹੀਂ ਉਪਜੀ, ਆਦਿ, ਕਿਉਂਕਿ ਸਿੱਖੀ ਬਹੁਤ ਡੂੰਗੀ ਹੈ ਤੇ ਇਸ ਵਿਚ ਬਹੁਤ ਕੁਝ ਹੈ । ਉਨ੍ਹਾਂ ਦਾ ਵੀ ਪ੍ਰਚਾਰ ਕਰਨਾ ਆਪਣਾ ਫ਼ਰਜ਼ ਹੈ । ਅਤੇ ਸਿੱਖੀ ਨੂੰ ਸਮਝਣ ਦੇ ਲਈ ਆਪਾਂ ਨੂੰ ਪਹਿਲਾਂ ਸਿੱਖੀ ਰੂਪ ਦੇ ਵਿਚ ਆਉਣਾ ਪਵੇਗਾ । ਇੰਟਰਨੈੱਟ ਤੇ ਇਕ ਫ਼ੋਟੋ ਆਮ ਹੀ ਘੁੰਮਦੀ ਹੈ ਕਿ ਪੁਰਾਣੇ ਸਮਿਆਂ ਦੇ ਵਿਚ ਬਰਾਤੀਆਂ ਦੇ ਸਿਰਾਂ ਤੇ ਦਸਤਾਰਾਂ ਬੰਨ੍ਹੀਆਂ ਹੁੰਦੀਆਂ ਸਨ, ਹੁਣ ਤਾਂ ਪੰਜਾਬ ਦੇ ਵਿਚ ਇਹ ਸਮਾਂ ਆ ਗਿਆ ਹੈ ਕਿ ਦਸਤਾਰਾਂ ਵਾਲੇ ਵੀ ਘੱਟ ਦਿੱਖਣ ਲੱਗ ਗਏ ਹਨ । ਤੇ ਸਿੱਖਾਂ ਦੇ ਘਰਾਂ ਦੇ ਵਿਚ ਜੰਮੇ ਨਿਆਣੇ ਹੁਣ ਸਿੱਖੀ ਤੋਂ ਹੀ ਵਾਂਝੇ ਹੁੰਦੇ ਜਾ ਰਹੇ ਹਨ ਤੇ ਸਿੱਖੀ ਦੇ ਅਸੂਲਾਂ ਤੇ ਹੀ ਕਿੰਤੂ-ਪ੍ਰੰਤੂ ਕਰਨ ਲੱਗ ਗਏ ਨੇ, ਇਥੇ ਕੁ ਆ ਕੇ ਖੜ੍ਹ ਗਈ ਹੈ ਕੁਝ ਕੁ ਸਿੱਖਾਂ ਦੀ ਮਾਨਸਿਕਤਾ ।
ਸਿੱਖੀ ਨੂੰ ਤਦ ਤੱਕ ਕੋਈ ਨੁਕਸਾਨ ਨਹੀਂ ਹੋ ਸਕਦਾ ਜਦ ਤੱਕ ਸਿੱਖ ਸਿੱਖੀ ਦੇ ਨਾਲ ਜੁੜੇ ਹੋਏ ਨੇ । ਜਦੋਂ ਉਨ੍ਹਾਂ ਨੇ ਦੁਨੀਆਂ ਦੇ ਲੋਕਾਂ ਦੀਆਂ ਦਲੀਲਾਂ ਦੇ ਵਿਚ ਭਿਜਣਾ ਸ਼ੁਰੂ ਕਰ ਦਿੱਤਾ, ਤਦ ਸਿੱਖੀ ਤੇ ਸੱਟ ਵੱਜੇਗੀ । ਤੇ ਲੋਕਾਂ ਦਾ ਇਹੀਓ ਖ਼ਿਆਲ ਹੈ ਕਿ ਸਿੱਖਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੀਆਂ ਗੱਲਾਂ ਦੇ ਵਿਚ ਲਿਆ ਸਕੀਏ । ਤੇ ਇਹ ਸਿਰਫ਼ ਧਰਮ ਦੇ ਪੱਖ ਤੋਂ ਨਹੀਂ ਬਲਕਿ ਰਾਜਸੀ ਵਿਚਾਰਧਾਰਾਵਾਂ ਨਾਲ ਵੀ ਜੁੜਿਆ ਹੋਇਆ ਹੈ । ਕੁਝ ਲਾਲਚ ਵੱਸ ਹੋ ਕੇ ਤੇ ਕੁਝ ਦਲੀਲਾਂ ਦੇ ਵਿਚ ਫਸ ਕੇ ਸਿੱਖੀ ਤੋਂ ਦੂਰ ਹੋ ਰਹੇ ਹਨ ।
ਜੇ ਇਹ ਕਾਫ਼ੀ ਨਹੀਂ ਤਾਂ ਲੋਕਾਂ ਨੇ ਆਪਣੀ-ਆਪਣੀ ਧਿਰ ਬਣਾਉਣੀ ਸ਼ੁਰੂ ਕਰ ਦਿੱਤੀ ਹੈ, ਜਿਸ ਵਿਚ ਚੌਧਰ ਦੇ ਭੁੱਖੇ ਲੋਕ ਧਾਕ ਜਮਾਉਣ ਲੱਗ ਗਏ ਹਨ । ਇਹ ਫਿਰ ਸਿੱਖਾਂ ਨੂੰ ਸੁਚੇਤ ਕਰਨ ਦੀ ਬਜਾਇ, ਆਪਣੇ ਨਾਲ ਜੋੜਨ ਦਾ ਕੰਮ ਕਰ ਰਹੇ ਹਨ, ਜਿਸ ਪਿਛੇ ਰਾਜਨੀਤੀ ਕੰਮ ਕਰਦੀ ਹੈ । ਮੈਂ ਇਸ ਨੂੰ 21ਵੀਂ ਸਦੀ ਦਾ ਦੂਜਾ ਸਭ ਤੋਂ ਵੱਡਾ ਹਮਲਾ ਕਹਿ ਸਕਦਾ ਹੈ, ਜਿਸ ਵਿਚ ਸਿੱਖਾਂ ਨੂੰ ਹੀ ਵਰਤ ਕੇ ਸਿੱਖਾਂ ਦੇ ਹੱਥੋਂ ਤਾਕਤ ਖੋਣ ਦੇ ਯਤਨ ਹੋ ਰਹੇ ਹਨ, ਅਤੇ ਅਣਜਾਣ ਸਿੱਖ ਇਸ ਵਿਚ ਹੀ ਆਪਣਾ ਭਲਾ ਸਮਝ ਰਹੇ ਹਨ ।
ਸਿੱਖਾਂ ਦੀ ਸਭ ਤੋਂ ਵੱਡੀ ਕਮਜ਼ੋਰੀ ਇਹ ਬਣ ਗਈ ਹੈ ਕਿ ਉਹ ਕਿਤਾਬਾਂ ਤੋਂ ਦੂਰ ਹੋ ਗਏ ਹਨ, ਜਿਸ ਨਾਲ ਉਹ ਸਿਰਫ਼ ਉਹ ਹੀ ਦੇਖ ਸਕਦੇ ਨੇ ਜੋ ਲੋਕ ਉਨ੍ਹਾਂ ਨੂੰ ਦਿਖਾਉਣਾ ਚਾਹੁੰਦੇ ਹਨ । ਹੋਰ ਕੋਈ ਰਸਤਾ, ਹੋਰ ਕੋਈ ਕਾਰਣ, ਉਨ੍ਹਾਂ ਨੂੰ ਨਜ਼ਰ ਹੀ ਨਹੀਂ ਆਉਂਦਾ । ਉਹ ਇਕ ਅਜਿਹੇ ਹਨ੍ਹੇਰੇ ਦੇ ਵਿਚੋਂ ਗੁਜ਼ਰ ਰਹੇ ਨੇ ਕਿ ਜੇਕਰ ਕੋਈ ਵੀ ਐਰਾ-ਗੈਰਾ ਉਨ੍ਹਾਂ ਨੂੰ ਹੱਥ ਫੜ੍ਹਾ ਦੇਵੇ ਉਹ ਉਸਨੂੰ ਆਪਣਾ ਰਖਿਅਕ ਸਮਝ ਲੈਂਦੇ ਨੇ ।
ਧਰਮ ਤੋਂ ਤੁਸੀਂ ਜਿੰਨਾਂ ਦੂਰ ਹੁੰਦੇ ਜਾਵੋਗੇ ਓਨਾਂ ਤੁਸੀਂ ’ਨ੍ਹੇਰੇ ਵੱਲ ਵੱਧਦੇ ਜਾਵੋਗੇ । ਧਰਮ ਦੇ ਵਿਚ ਪੱਕੇ ਹੋਣਾ ਪਹਿਲਾਂ ਕੰਮ ਹੈ । ਫਿਰ ਹੌਲੀ-ਹੌਲੀ ਧਰਮ ਨੂੰ ਸਮਝਣ ਦੀ ਕੋਸ਼ਿਸ਼ ਕਰੋ ਤਾਂ ਜੋ ਕੋਈ ਗੁੰਮਰਾਹ ਨਾ ਕਰ ਸਕੇ ।
ਕੁਝ ਪ੍ਰਸ਼ਨਾਂ ਦੇ ਉੱਤਰ
ਆਉ ਅਖ਼ੀਰ ਉੱਤੇ ਉਨ੍ਹਾਂ ਪ੍ਰਸ਼ਨਾਂ ਦੇ ਉੱਤਰ ਦਈਏ ਜੋ ਜ਼ਿਆਦਾਤਰ ਪ੍ਰੋਫੈਛੜ ਛਾਬ ਨੇ ਆਪਣੀ ਕਿਤਾਬ ਦੇ ਵਿਚ ਲਿਖ ਕੇ ਆਪਣੀ ਅਕਲ ਦਾ ਜ਼ਨਾਜ਼ਾ ਕੱਢਿਆ ਹੈ । ਇਹ ਪ੍ਰਸ਼ਨ ਬਹੁਤ ਮਾਮੂਲੀ ਜੇ ਹਨ, ਪਰ ਪ੍ਰੋਫੈਛੜ ਛਾਬ ਨੇ ਪਹਿਲਾਂ ਹੀ ਮਨ ਬਣਾ ਲਿਆ ਹੈ ਤਾਂ ਫਿਰ ਇਨ੍ਹਾਂ ਦੇ ਉੱਤਰ ਕਿਵੇਂ ਮਿਲ ਜਾਂਦੇ । ਇਹ ਤਾਂ ਬਸ ਲੋਕਾਂ ਨੂੰ ਗੁੰਮਰਾਹ ਕਰਨ ਲਈ ਸਨ ।
ਸਿੱਖ ਕੌਣ ਹੈ ?
ਇਹ ਬਹੁਤ ਹੀ ਸਰਲ ਜਾ ਪ੍ਰਸ਼ਨ ਹੈ । ਸਿੱਖ ਕੋਈ ਇਕ ਆਮ ਜੇ ਗੁਰੂ ਨੂੰ ਮੰਨਣ ਵਾਲਾ ਇਨਸਾਨ ਨਹੀਂ ਹੈ । ਅੱਜਕਲ੍ਹ ਤਾਂ ਲੋਕਾਂ ਨੇ ਇਥੋਂ ਤੱਕ ਹੀ ਇਸਦੀ ਪਰਿਭਾਸ਼ਾ ਸੀਮਤ ਕਰ ਦਿੱਤੀ ਹੈ ਕਿ ਜੋ ਕਿਸੇ ਦਾ ਚੇਲਾ ਹੈ ਉਹ ਸਿੱਖ ਹੈ । ਜੇ ਤੁਸੀਂ ਗੁਰੂ-ਚੇਲੇ ਦੀ ਪਰੰਪਰਾ ਨੂੰ ਮੰਨਦੇ ਹੋ ਤਾਂ ਤੁਸੀਂ ਸਿੱਖ ਹੋ । ਪਰ ਇਹ ਸਹੀ ਨਹੀਂ ਹੈ । ਜੇ ਇਹ ਸੱਚ ਹੈ ਤਾਂ ਹਿੰਦੂ ਜਾਂ ਮੁਸਲਮਾਨ ਜਾਂ ਹੋਰ ਕੌਮਾਂ ਆਪਣੇ ਆਪ ਨੂੰ ਸਿੱਖ ਕਿਉਂ ਨਹੀਂ ਕਹਾਉਂਦੀਆਂ ? ਇਹ ਠੀਕ ਹੈ ਕਿਸੇ ਹੱਦ ਤੱਕ ਕਿ ਇਸਦੇ ਅੱਖਰੀ ਅਰਥ ਚੇਲਾ ਜਾਂ ਸਿੱਖਣ ਵਾਲਾ ਹੋ ਸਕਦੇ ਹਨ, ਪਰ ਧਰਮ ਦੇ ਤੌਰ ਤੇ ਇਹ ਅਰਥ ਸਹੀ ਨਹੀਂ ਹਨ ।
ਸਿੱਖ ਉਹ ਹੈ ਜੋ ਸਿੱਖ ਗੁਰੂਆਂ ਨੂੰ ਮੰਨਦਾ ਹੈ, ਇਸ ਵਿਚ ਉਨ੍ਹਾਂ ਦੇ ਉਪਦੇਸ਼ ਅਤੇ ਮਰਿਯਾਦਾਵਾਂ ਹਨ । ਇਕੱਲੇ ਗੁਰੂ ਨਾਨਕ ਦੇਵ ਜੀ ਨੂੰ ਨਹੀਂ ਬਲਕਿ ਉਨ੍ਹਾਂ ਦੇ ਬਾਕੀ ਸ਼ਰੀਰਾਂ ਨੂੰ ਵੀ । ਕਈ ਸਿੱਖ ਇਥੇ ਇਹ ਗ਼ਲਤੀ ਕਰ ਬੈਠਦੇ ਨੇ ਕਿ ਜੀ ਅਸੀਂ ਫ਼ਲਾਨੀ ਗੱਲ ਨੂੰ ਨਹੀਂ ਮੰਨਦੇ ਕਿਉਂਕਿ ਪਹਿਲਾਂ ਦੇ ਸਿੱਖ ਨਹੀਂ ਮੰਨਦੇ ਸਨ । ਸੋ ਜੇ ਉਹ ਨਹੀਂ ਮੰਨਦੇ ਸਨ ਤਾਂ ਕੀ ਉਹ ਸਿੱਖ ਨਹੀਂ ਸਨ ? ਇਹ ਵੀ ਪੱਛਮੀ ਮਨ ਦੀ ਉਪਜ ਹੈ ਜੋ ਉਨ੍ਹਾਂ ਨੇ ਆਪਣੇ ਮਨ ਦੇ ਵਿਚ ਬਿਠਾ ਲਈ ਹੈ । ਮਿਸਾਲ ਦੇ ਤੌਰ ਤੇ ਦੇਹਧਾਰੀ ਗੁਰੂਆਂ ਨੂੰ ਮੰਨਣਾ ਜਾਂ ਅੰਮ੍ਰਿਤ ਛਕਣਾ । ਤੁਸੀਂ ਪਰਿਭਾਸ਼ਾ ਦੇਖੋ ਕੀ ਹੈ । ਜੇ ਪਹਿਲਾਂ ਖੰਡੇ ਦਾ ਅੰਮ੍ਰਿਤ ਨਹੀਂ ਸੀ ਤਾਂ ਸਿੱਖ ਉਹ ਕੰਮ ਕਰਦੇ ਸਨ ਜੋ ਪਹਿਲਾਂ ਗੁਰੂ ਸਾਹਿਬਾਨਾਂ ਨੇ ਦੱਸਿਆ ਸੀ । ਸਮੇਂ-ਸਮੇਂ ਤੇ ਸਿੱਖ ਗੁਰੂ ਸਾਹਿਬਾਨਾਂ ਨੇ ਕਈ ਮਰਿਯਾਦਾਵਾਂ ਦਿੱਤੀਆਂ ।
ਕਈ ਸ਼ਾਇਦ ਇਸ ਤੋਂ ਵੀ ਮੁਨਕਰ ਹੋ ਜਾਣ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਮੰਨਦੇ ਕਿਉਂਕਿ ਗੁਰੂ ਅਰਜਨ ਦੇਵ ਜੀ ਤੋਂ ਪਹਿਲਾਂ ਦੇ ਸਿੱਖ ਤਾਂ ਮੰਨਦੇ ਨਹੀਂ ਸਨ । ਦੇਖੋ ਇਥੇ ਫਿਰ ਉਹ ਗੱਲ ਹੈ । ਪਹਿਲੀਆਂ ਚਾਰ ਪਾਤਸ਼ਾਹੀਆਂ ਦੇ ਸਮੇਂ ਤੇ ਸਿੱਖਾਂ ਨੇ ਉਹ ਕੀਤਾ ਜੋ ਉਨ੍ਹਾਂ ਨੂੰ ਉਪਦੇਸ਼ ਦਿੱਤਾ ਗਿਆ ਸੀ । ਪੰਜਵੇਂ ਪਾਤਸ਼ਾਹ ਨੇ ਆਦਿ ਬੀੜ ਦੀ ਸਥਾਪਨਾ ਕਰ ਦਿੱਤੀ । ਫਿਰ ਇਥੇ ਇਕ ਹੋਰ ਅਸੂਲ ਜੁੜ ਗਿਆ । ਓਵੇਂ ਹੀ ਫਿਰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ਼ਸਤਰਧਾਰੀ ਬਣਾ ਦਿੱਤਾ, ਉਹ ਅਸੂਲ ਵੀ ਜੁੜ ਗਿਆ । ਜਿਵੇਂ-ਜਿਵੇਂ ਗੁਰੂ ਸਾਹਿਬਾਨਾਂ ਦਾ ਉਪਦੇਸ਼ ਹੁੰਦਾ ਗਿਆ ਸਿੱਖ ਓਵੇਂ-ਓਵੇਂ ਕਰਦੇ ਗਏ ।
ਕੀ ਮੋਨੇ ਸਿੱਖ ਹਨ ?
ਇਹ ਬਹੁਤ ਹੀ ਅਜੀਬ ਢੰਗ ਦਾ ਪ੍ਰਸ਼ਨ ਹੈ ਤੇ ਜਾਣਬੁਝ ਕੇ ਪੁੱਛਿਆ ਜਾਂਦਾ ਹੈ । ਇਸਨੂੰ ਸਮਝਣ ਦੇ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਸਿੱਖ ਸਿੱਖਾਂ ਦੇ ਘਰ ਰਹਿ ਕੇ ਨਹੀਂ ਬਣੀਦਾ, ਸਿੱਖ ਸਿੱਖੀ ਕਮਾ ਕੇ ਬਨਣਾ ਪੈਂਦਾ ਹੈ । ਹਾਂ, ਸਿੱਖੀ ਦੇ ਵਿਚ ਕੇਸ ਮੁੱਢ ਹਨ । ਇਹ ਗੱਲ ਉਨ੍ਹਾਂ ਨੂੰ ਵੀ ਪਤਾ ਹੈ ਜੋ ਸਿੱਖਾਂ ਦੇ ਘਰਾਂ ਪੈਦਾ ਹੋਏ ਨੇ ਅਤੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਨੇ ਪਰ ਕੇਸ ਕੱਟਦੇ ਹਨ । ਸਿੱਖੀ ਕੇਸਾਂ ਤੋਂ ਬਗ਼ੈਰ ਨਹੀਂ ਹੈ । ਪਰ ਇਸਦਾ ਇਹ ਭਾਵ ਨਹੀਂ ਕਿ ਹਰ ਕੇਸ ਰੱਖਣ ਵਾਲਾ ਸਿੱਖ ਹੈ, ਜਾਂ ਹਰ ਇਕ ਅੰਮ੍ਰਿਤ ਛਕਣ ਵਾਲਾ ਸਿੱਖ ਹੈ ।
ਇਸ ਲਈ ਆਪਾਂ ਨੂੰ ਸਿੱਖ ਦੀ ਪਰਿਭਾਸ਼ਾ ਫਿਰ ਤੋਂ ਪੜ੍ਹਨੀ ਪਵੇਗੀ । ਜੇ ਮੈਂ ਅੰਮ੍ਰਿਤ ਛਕ ਲਿਆ ਹੈ ਪਰ ਮਰਯਾਦਾ ਤੇ ਨਹੀਂ ਚਲਦਾ ਤਾਂ ਮੈਂ ਸਿੱਖ ਨਹੀਂ ਹੋ ਸਕਦਾ । ਸਿੱਖੀ ਮਰਯਾਦਾ ਤੇ ਖੜ੍ਹੀ ਹੈ, ਜੋ ਸਿੱਖ ਗੁਰੂਆਂ ਦੇ ਉਪਦੇਸ਼ ਹਨ । ਸਿੱਖ ਉਹ ਹੈ ਜੋ ਮਰਯਾਦਾ ਉੱਤੇ ਚਲਦਾ ਹੈ । ਮੋਨੇ ਨੂੰ ਜੇ ਇਹ ਗੱਲ ਸਮਝ ਲੱਗ ਗਈ ਤਾਂ ਉਹ ਕਦੇ ਕੇਸ ਨਹੀਂ ਕਟਵਾਏਗਾ, ਅਤੇ ਜੇ ਅੰਮ੍ਰਿਤਧਾਰੀ ਨੂੰ ਸਮਝ ਲੱਗ ਗਈ ਤਾਂ ਉਹ ਮਰਯਾਦਾ ਤੇ ਹਮੇਸ਼ਾ ਚਲੇਗਾ ।
ਕੀ ਰਾਧਾਸੁਆਮੀ, ਨਾਮਧਾਰੀ, ਆਦਿ ਸਿੱਖ ਹਨ ?
ਦੇਖੋ ਇਹ ਸਾਰੇ ਪ੍ਰਸ਼ਨ ਸਿੱਖ ਦੀ ਪਰਿਭਾਸ਼ਾ ਉੱਤੇ ਖੜ੍ਹੇ ਹਨ । ਕੀ ਉਹ ਸਿੱਖ ਗੁਰੂਆਂ ਨੂੰ ਮੰਨਦੇ ਹਨ ? ਕੀ ਉਹ ਉਨ੍ਹਾਂ ਦੀ ਮਰਯਾਦਾ ਨੂੰ ਕਮਾਉਂਦੇ ਹਨ ? ਜੇ ਇਨ੍ਹਾਂ ਪ੍ਰਸ਼ਨਾਂ ਦਾ ਉੱਤਰ ਹਾਂ ਦੇ ਵਿਚ ਹੈ ਤਾਂ ਉਹ ਸਿੱਖ ਹਨ, ਨਹੀਂ ਤਾਂ ਨਹੀਂ । ਰਾਧਾਸੁਆਮੀਆਂ ਅਤੇ ਨਾਮਧਾਰੀਆਂ ਦੀ ਆਪਣੀ ਗੁਰ-ਪ੍ਰਣਾਲੀਆਂ ਹਨ, ਜੋ ਸਿੱਖ ਅਸੂਲਾਂ ਦੀ ਉਲੰਘਣਾ ਹੈ । ਨਾਮਧਾਰੀਆਂ ਦਾ ਮੰਨਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾਗੱਦੀ ਕਿਸੇ ਹੋਰ ਨੂੰ ਦਿੱਤੀ ਸੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ । ਇਸ ਉੱਤੇ ਡਾ ਗੰਡਾ ਸਿੰਘ ਦੀ ਲਿਖੀ ਹੋਈ ਕਿਤਾਬ ਗੁਰੂ ਗੋਬਿੰਦ ਸਿੰਘਸ ਡੈੱਥ ਐਟ ਨੰਦੇੜ ਪੜ੍ਹਨ ਵਾਲੀ ਹੈ ਜਿਸ ਵਿਚ ਉਨ੍ਹਾਂ ਨੇ ਇਹ ਸਾਬਤ ਕੀਤਾ ਕਿ ਇਤਿਹਾਸਿਕ ਸ੍ਰੋਤ ਇਸ ਦੀ ਪ੍ਰੋੜਤਾ ਨਹੀਂ ਕਰਦੇ ।
ਕੀ ਸਿੱਖ ਧਰਮ ਇਕ ਬੱਝੇ ਅਸੂਲਾਂ ਵਾਲਾ ਧਰਮ ਹੈ ਜਾਂ ਖੁਲ੍ਹੇ ਅਸੂਲਾਂ ਵਾਲਾ ?
ਹਰ ਇਕ ਧਰਮ ਜਿਸਨੂੰ ਕੋਈ ਚਲਾਉਣ ਵਾਲਾ ਹੈ, ਉਹ ਹਮੇਸ਼ਾ ਇਕ ਬੱਝੇ ਅਸੂਲਾਂ ਵਾਲਾ ਧਰਮ ਹੈ । ਇਹ ਨਹੀਂ ਕਿਹਾ ਜਾ ਸਕਦਾ ਕਿ ਜੇ ਤੁਸੀਂ ਕਿਸੇ ਅਸੂਲ ਨੂੰ ਨਹੀਂ ਮੰਨਦੇ ਤਾਂ ਵੀ ਤੁਸੀਂ ਉਸ ਧਰਮ ਨੂੰ ਮੰਨਣ ਵਾਲੇ ਹੋ । ਸਿੱਖੀ ਦੇ ਵਿਚ ਤਾਂ ਇਸਦੀ ਜਵਾਂ ਵੀ ਇਜਾਜ਼ਤ ਨਹੀਂ ਹੈ । ਮੈਂ ਇਹ ਨਹੀਂ ਕਹਿ ਸਕਦਾ ਕਿ ਮੈਂ ਸਿੱਖ ਧਰਮ ਦੇ ਅਸੂਲਾਂ ਨੂੰ ਨਹੀਂ ਮੰਨਦਾ ਪਰ ਮੈਂ ਸਿੱਖ ਹਾਂ । ਮੈਂ ਇਹ ਕਹਿ ਸਕਦਾ ਕਿ ਇਹ ਸਿੱਖੀ ਦੇ ਅਸੂਲ ਹਨ, ਜਿੰਨਾਂ ਕੁ ਮੇਰੇ ਵਿਚ ਬਲ ਹੈ ਮੈਂ ਇਹ ਕਰ ਪਾਉਂਦਾ ਹਾਂ ਅਤੇ ਇਹ ਨਹੀਂ ।
ਸਿੱਖੀ ਸਾਡੀ ਸਭ ਤੋਂ ਪਿਆਰੀ, ਸਾਰੇ ਰਾਹਾਂ ਨਾਲੋਂ ਨਿਆਰੀ ।
ਜਾਤ ਪਾਤ ਦਾ ਭਰਮ ਨਾ ਪਾਲੇ, ਇਹ ਰੀਤ ਸਿੱਖਾਂ ਦੇ ਨਾਲੇ ।
ਇਹ ਵੱਖਰਾ ਰਾਹ ਗੁਰੂ ਦਾ ਦੱਸਿਆ, ਆ ਕੇ ਫਿਰ ਆਪ ਜਾ ਵੱਸਿਆ ।
ਤੀਸਰ ਪੰਥ ਗੁਰੂ ਨਾਨਕ ਦੀ ਚਾਲ, ਕਿਉਂ ਮਿਲੀਏ ਹੋਰ ਵਰਗਾ ਨਾਲ ।
ਇਹ ਕੰਡਿਆਂ ਤੋਂ ਔਖਾ ਰਾਹ, ਸਾਨੂੰ ਇਸ ਤੇ ਚੱਲਣ ਦਾ ਚਾਹ ।
ਕਈਆਂ ਨੇ ਇਹ ਭਰਮ ਪਾਲਿਆ, ਜਾ-ਜਾ ਕੇ ਸਿੱਖਾਂ ਨੂੰ ਭਾਲਿਆ ।
ਕਹਿੰਦੇ ਸਾਡੇ ਨਾਲ ਮਿਲਾਉਣਾ, ਗੁਰੂ ਦੀ ਸਿੱਖਿਆ ਨੂੰ ਝੁਠਲਾਉਣਾ ।
ਰੀਤ ਇਨ੍ਹਾਂ ਦੀ ਬੜੀ ਪੁਰਾਣੀ, ਗੁਰੂ ਨਾਨਕ ਦੇ ਨਾਲ ਮਿਲਾਉਣੀ ।
ਵਾਰ ਅਲੱਗ ਤਰ੍ਹਾਂ ਦੇ ਕਰਦੇ, ਨਾ ਕਿਸੇ ਤੋਂ ਇਹ ਲੋਕ ਡਰਦੇ ।
ਕਈ ਸਾਲ ਬੀਤੇ ਇਸ ਤਰ੍ਹਾਂ, ਲੋਕ ਇਹ ਨੇ ਬੇ-ਅਕਲੇ ਨਿਰ੍ਹਾ ।
ਹੁਣ ਮਿਲ ਗਏ ਪ੍ਰੋਫੈਛੜ ਨਾਥ, ਕਹਿੰਦੇ ਦੇਵਾਂਗੇ ਤੁਹਾਡਾ ਸਾਥ ।
ਕਈ ਤਰ੍ਹਾਂ ਦੇ ਲਿਖ ਕੇ ਲੇਖ, ਗੱਡਣੀ ਚਾਹੁੰਦੇ ਆਖ਼ਰੀ ਮੇਖ਼ ।
ਕੁਰੀਤੀਆਂ ਇਹ ਨਾਲ ਲਿਆਏ, ਫਿਰ ਇਨ੍ਹਾਂ ਸਿੱਖ ਉਲਝਾਏ ।
ਗੱਲ ਇਹ ਫਿਰ ਗੁਰੂ ਦੀ ਕਰਦੇ, ਨਹੀਂ ਫਿਰ ਇਹ ਉਸਦੀ ਮੰਨਦੇ ।
ਕੀ ਕੋਈ ਸਮਝੂ ਸਾਡੇ ਗੁਰੂਆਂ ਨੂੰ, ਜਿੰਨਾਂ ਚਿੱਕਰ ਮਰਦੀ ਨੀ ਹੂੰ ।
ਅਨਪੜ੍ਹ ਲੋਕਾਂ ਨੇ ਚੁੱਕਲੇ ਮੁੱਦੇ, ਫਿਰ ਆ ਮੈਦਾਨ ਵਿਚ ਕੁੱਦੇ ।
ਜਿਵੇਂ ਹੋਈ ਪਹਿਲੇ ਨਿੰਦਕਾਂ ਨਾਲ, ਓਹੀ ਹੋਊ ਇਨ੍ਹਾਂ ਦਾ ਹਾਲ ।
ਇਹ ਗੱਲ ਹੈ ਸੌਖੀ ਬੜੀ, ਜੋ ਸਮਝ ਪੈਣੀ ਵਿਚ ਮੜ੍ਹੀ ।
ਗੁਰੂ ਨਾਨਕ ਦੀ ਇਹ ਕਲੀ, ਨਹੀਂ ਸਕਦਾ ਬਦਲ ਕੋਈ ਬਲੀ ।
ਜੋ ਸਿੱਖੀ ਸੀ ਉਹ ਰਹੂਗੀ, ਨਹੀਂ ਕਹਿਣ ਤੇ ਇਹ ਬਦਲੂਗੀ ।
ਜਿੰਨੇ ਚਾਹੁੰਣੇ ਹਮਲੇ ਕਰ ਲਵੋ, ਨਹੀਂ ਤਾਂ ਬੋਟੀ-ਬੋਟੀ ਕਰ ਦਵੋ ।
ਹਰ ਇਕ ਸਾਹ ਗੁਰੂ ਦੇ ਨਾਂ, ਹਰ ਇਕ ਬੂੰਦ ਗੁਰੂ ਦੇ ਨਾਂ ।
ਨਾ ਇਹ ਬਦਲੀ ਨਾ ਬਦਲੂਗੀ, ਸਿੱਖੀ ਇੱਦਾਂ ਹੀ ਚਲੂਗੀ ।
‘ਅਨਪੜ੍ਹ ਬਾਬਾ’ ਲਿਖਦਾ ਤੱਥ, ਕਿ ਸਿੱਖਾਂ ਦਾ ਹੈ ਤੀਸਰ ਪੰਥ ।
[1] ਡਵੈਲਪਮੈਂਟ ਇਨ ਸੀਖ ਪੌਲੀਟਿਕਸ (1900-1911), ਏ ਰਿਪੋਰਟ, ਡੀ ਪੈਟਰੀ, ਪੰਨਾ 30
Again the Tat Khalsa must be judged largely by the direction taken by the activities of its leaders, and the general nature of these activities has been far from reassuring. If the whole of the adherents of the Tat Khalsa are not political minded, there are assuredly many members of it who are imbued with nationalistic ideals. These enthusiasts aim not merely at forming a homogenous Sikh community which will be able to defend itself against other rival bodies, but preach the revival of a Sikh nation which will wrest the sceptre from the hands of the British and again establish its rule in the Punjab.
[2] ‘ਹੂ ਇਜ਼ ਏ ਸੀਖ? ਦ ਪਰੌਬਲਮ ਆਫ਼ ਸੀਖ ਆਈਡੈਨਟਟੀ’, ਪੇਜ 18
[3] ‘ਜਨਮ ਸਾਖੀ ਪਰੰਪਰਾ ਇਤਿਹਾਸਕ ਦ੍ਰਿਸ਼ਟੀਕੋਣ ਤੋਂ’ ਕਿਰਪਾਲ ਸਿੰਘ, ਪੇਜ 344
[4] ਕਈ ਮੂਰਖ਼ ਇਹ ਕਹਿੰਦੇ ਨਹੀਂ ਥੱਕਦੇ ਕਿ ਇਹ ਤਾਂ ਜੀ ‘ਮੈਕਸ ਆਰਥਰ ਮੈਕਾਲਿਫ਼’ ਨੇ ਸਿੱਖਾਂ ਨੂੰ ਅੰਗਰੇਜ਼ਾ ਦਾ ਪੱਖ ਪੂਰਨ ਲਈ ਲਿਖੀਆਂ ਸਨ । ਪਰ ਇਹ ਲੋਕ ਇਹ ਨਹੀਂ ਜਾਣਦੇ ਕਿ ਸਿੱਖਾਂ ਦੀ ਬਹਾਦਰੀ ਦੇ ਕਿੱਸੇ ਕੋਈ ਮੈਕਾਲਿਫ਼ ਤੋਂ ਸ਼ੁਰੂ ਨਹੀਂ ਹੋਏ । ਉਸ ਤੋਂ ਪਹਿਲਾਂ ਲਿਖੀਆਂ ਕਿਤਾਬਾਂ ਪੜ੍ਹੋ ਕਿ ਕੀ ਲਿਖਿਆ ਹੋਇਆ ਹੈ । ਤੇ ਇਹ ਸਿਰਫ਼ ਅੰਗਰੇਜ਼ਾਂ ਤੱਕ ਹੀ ਸੀਮਤ ਨਹੀਂ ਸੀ । ਜਿਨ੍ਹਾਂ ਨੂੰ ਕੋਈ ਸ਼ੱਕ ਹੋਵੇ ਉਹ ਜੰਗਨਾਮੇ ਪੜ੍ਹ ਸਕਦੇ ਨੇ ।
[5] We must also recognise that the historical causes of conflict between the Sikhs and Hindus are fewer than causes of conflict between Muslims and Sikhs. It is our conviction that inspite of minor Hindu-Sikh differences, the two have acted as one against the Muslims, all these ages. – ਪੇਜ 13, ਹਿੰਦੂਜ਼ ਐਂਡ ਦ ਪੰਜਾਬੀ ਸਟੇਟ, ਪ੍ਰੋਫੈਸਰ ਓਮ ਪ੍ਰਕਾਸ਼ ਕਹੋਲ
[6] ‘ਵੁਈ ਔਰ ਅਵਰ ਨੇਸ਼ਨਹੁੱਡ ਡਿਫ਼ਾਈਂਡ’, ‘ਬੰਚ ਆਫ਼ ਥੌਟਸ’ ਅਤੇ ਇਸਦੇ ਨਾਲ ਦੀਆਂ ਕਈ ਕਿਤਾਬਾਂ ਪੜ੍ਹੀਆਂ ਜਾ ਸਕਦੀਆਂ ਹਨ ਜਿਸ ਵਿਚ ਮੁਸਲਮਾਨਾਂ ਦੇ ਖ਼ਿਲਾਫ਼ ਨਫ਼ਰਤ ਸਾਫ਼ ਝਲਕਦੀ ਹੈ ।
[7] ‘Hindus did not develop a strong sense of themselves as members of a distinct religion until there were other religions against which they needed to define themselves, like the invisible man in the Hollywood film who could be seen only when he was wearing clothing that was not a part of him.’ – The Hindus: An alternative history, Wendy Doniger, Page 24
[8] ਮੈਕਲੋਡ ਦੀਆਂ ਲਿਖਤਾਂ ਕੁਝ ਇਸ ਪ੍ਰਕਾਰ ਦੀਆਂ ਹੀ ਹਨ । ਉਹ ਪਹਿਲਾਂ ਮੰਨਦਾ ਹੈ ਫਿਰ ਲਿਖਦਾ ਹੈ ।
[9] ਇਸ ਵਿਚ ਫਿਰ ਕੜਾਹੀ ਦਾ ਵੀ ਕੁਝ ਹੁੰਦਾ ਹੈ ਜੋ ਸਿੱਖ ਕਰਦੇ ਹਨ ।
[10] ਕਈ ਸਿੱਖ ਇਹ ਕਹਿੰਦੇ ਵੀ ਸੁਣੇ ਗਏ ਨੇ ਕਿ ਰਹਿਤਨਾਮਾ ਤਾਂ 1940 ਦੇ ਦਹਾਕਿਆਂ ਦੇ ਵਿਚ ਬਣਿਆ ਹੈ । ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਸ ਤੋਂ ਪਹਿਲਾਂ ਵੀ ਰਹਿਤਨਾਮੇ ਸਨ ਜੋ ਵੱਖ-ਵੱਖ ਸਿੱਖਾਂ ਵੱਲੋਂ ਲਿਖੇ ਗਏ ਸਨ 18ਵੀਂ ਅਤੇ 19ਵੀਂ ਸਦੀ ਦੇ ਵਿਚ, ਅਤੇ ਇਨ੍ਹਾਂ ਨੂੰ ਅਤੇ ਇਤਿਹਾਸ ਅਤੇ ਗੁਰਬਾਣੀ ਦਾ ਸਹਾਰਾ ਲੈ ਕੇ ਖਰੜਾ ਤਿਆਰ ਕੀਤਾ ਗਿਆ ਸੀ ।