Sunday, 19 September 2021

ਲੋਕ ਕਹਿੰਦੇ ਮੈਨੂੰ ਬਿਪਰਵਾਦੀ

ਮੈਂ ਪੜ੍ਹਦਾ ਗੁਰੂਆਂ ਦੀ ਬਾਣੀ, ਨਹੀਂ ਮਾਰਦਾ ਵਿਚ ਮਧਾਣੀ ।

ਜੋ ਗੁਰੂ ਲਿਖ ਦਿੱਤਾ ਮੰਨੀ ਜਾਵਾਂ, ਨਹੀਂ ਆਪਣੀ ਮਨਮਰਜ਼ੀ ਚਲਾਵਾਂ ।

ਕੀ ਸਮਝ ਲਵਾਂ ਨਾਲ ਬੁੱਧੀ, ਨਹੀਂ ਸਮਝ ਹੋਣਾ ਜੇ ਨ੍ਹਾਵਾਂ ਦੁੱਧੀ ।

ਬਸ ਮੇਰਾ ਜਾਂਦਾ ਸਿਰ ਝੁਕ, ਜਿਥੇ ਜਾਣ ਸਭ ਗੱਲਾਂ ਮੁੱਕ ।

ਮੈਂ ਹਾਂ ਇਕ ਸਿੱਖਾਂ ਦਾ ਦਰਦੀ, ਲੋਕ ਕਹਿੰਦੇ ਮੈਨੂੰ ਬਿਪਰਵਾਦੀ ।

 

ਗੱਲ ਮੈਂ ਇਤਿਹਾਸ ਦੀ ਕਰਦਾ, ਜੋ ਲਿਖਿਆ ਉਹ ਸਭ ਨੂੰ ਦੱਸਦਾ ।

ਸੱਚ ਝੂਠ ਸਭ ਪਤਾ ਲੱਗ ਜਾਂਦਾ, ਜਦ ਕੋਈ ਵਿਦਵਾਨ ਲਿਖ ਜਾਂਦਾ ।

ਲੋਕ ਕਰਦੇ ਸਿਰਫ਼ ਝੂਠ ਦੀ ਗੱਲ, ਜਿਸਨੂੰ ਪਾਉਣਾ ਚਾਹੁੰਦਾ ਮੈਂ ਠੱਲ ।

ਜੋ ਵੀ ਹੈ ਗੁਰੂਆਂ ਦਾ ਇਤਿਹਾਸ, ਕਹਿੰਦੇ ਲੋਕ ਇਸਨੂੰ ਮਿਥਿਹਾਸ ।

ਜੋ ਨਹੀਂ ਇਸਦੇ ਹਨ ਆਦੀ, ਕਹਿੰਦੇ ਮੈਨੂੰ ਉਹ ਬਿਪਰਵਾਦੀ ।

 

ਗੁਰਬਾਣੀ ਸਭ ਤੋਂ ਉੱਤਮ ਹੈ, ਇਸ ਵਿਚ ਨਹੀਂ ਕੋਈ ਝੂਠੀ ਸ਼ੈ ।

ਆ ਕੇ ਵਿਚ ਲੋਕ ਬੁਖਲਾਵਟ, ਕਹਿੰਦੇ ਰਾਗਮਾਲਾ ਹੈ ਮਿਲਾਵਟ ।

ਜੋ ਕਹਿੰਦੇ ਮੰਨੀਏ ਗੁਰਬਾਣੀ, ਨਹੀਂ ਹਨ ਉਹ ਵੀ ਆਪਣੇ ਹਾਣੀ ।

ਆਦਿ ਅੰਤ ਨਾ ਜੋ ਮੰਨਦੇ, ਉਹ ਗੁਰੂ ਦੀ ਗੱਲ ਕਿਥੇ ਕਰਦੇ ।

ਨਹੀਂ ਹਨ ਜੋ ਸਿੱਖੀ ਦੇ ਪਾਂਧੀ, ਕਹਿੰਦੇ ਮੈਨੂੰ ਉਹ ਬਿਪਰਵਾਦੀ ।

 

ਨਾ ਫਿਰ ਉਹ ਵਾਰਾਂ ਨੂੰ ਮੰਨਣ, ਜੋ ਦੇਣ ਖ਼ੁਸ਼ਬੂ ਵਾਂਗ ਚੰਦਣ ।

ਗੁਰੂ ਕਹਿਆ ਇਹ ਹੈ ਇਕ ਕੁੰਜੀ, ਨਹੀਂ ਸਾਂਭਦੇ ਉਹ ਇਹ ਪੂੰਜੀ ।

ਹਰ ਇਕ ਗੱਲ ਲੱਗਦੀ ਝੂਠੀ ਸ਼ੈ, ਨਾ ਇਨ੍ਹਾਂ ਦੀ ਮਰਦੀ ਮੈਂ ।

ਇੰਝ ਕਰਦੇ ਹਨ ਇਹ ਪ੍ਰਚਾਰ, ਬਣਾਉਂਦੇ ਸਿੱਖਾਂ ਨੂੰ ਲਾਚਾਰ ।

ਰੰਗਤ ਸੰਗਤ ਨਹੀਂ ਹੈ ਚੜਦੀ, ਕਹਿੰਦੇ ਮੈਨੂੰ ਉਹ ਬਿਪਰਵਾਦੀ ।

 

ਦਸਮ ਦਾ ਵੀ ਰੌਲਾ ਪਾਇਆ, ਜਿਸਨੂੰ ਦੇਖ ਮਨ ਦੁਖਾਇਆ ।

ਊਲ-ਜਲੂਲ ਹੈ ਗੱਲਾਂ ਕਰਦੇ, ਗੁਰਬਾਣੀ ਦੀ ਕਦਰ ਨੀ ਕਰਦੇ ।

ਸਿੱਖਾਂ ਨੂੰ ਇਹ ਕਰਦੇ ਗੁੰਮਰਾਹ, ਗੋਡੇ-ਗੋਡੇ ਇਸਦਾ ਚਾਅ ।

ਕਈ ਤਰ੍ਹਾਂ ਦੀਆਂ ਕਿਤਾਬਾਂ ਲਿਖ ਕੇ, ਕਹਿੰਦੇ ਲਾ ਤੇ ਸਭ ਛਿੱਕੇ ।

ਕੋਈ ਨਹੀਂ ਦਿਸਦਾ ਗੁਰੂ ਦਾ ਪਾਂਧੀ, ਕਹਿੰਦੇ ਮੈਨੂੰ ਉਹ ਬਿਪਰਵਾਦੀ ।

 

ਸਿੱਖੀ ਹੈ ਸਭ ਤੋਂ ਨਿਆਰੀ, ਜੋ ਉਪਜੀ ਵਿਚ ਇਕ ਕਿਆਰੀ ।

ਬੂਟਾ ਪਹਿਲੇ ਪਾਤਸ਼ਾਹ ਲਾਇਆ, ਬਾਕੀਆਂ ਨੇ ਹੱਲ ਚਲਾਇਆ ।

ਹੁਣ ਹੈ ਇਸਦੀ ਡੂੰਗੀ ਜੜ੍ਹ, ਦੇਖ ਕੇ ਸਭ ਲੋਕ ਜਾਂਦੇ ਸੜ ।

ਉਹ ਇਸਨੂੰ ਪੱਟਣਾ ਚਾਹੁੰਦੇ, ਆਪਣੇ ਆਪ ਨੂੰ ਸਿੱਖ ਕਹਾਉਂਦੇ ।

ਬਣਦੇ ਬਹੁਤੇ ਉਹ ਉਦਾਰਵਾਦੀ, ਕਹਿੰਦੇ ਮੈਨੂੰ ਉਹ ਬਿਪਰਵਾਦੀ ।

 

ਭੁੱਲ ਗਏ ਸਿੱਖਾਂ ਦੇ ਸਿਰ ਲੱਗੇ, ਕਿੱਦਾਂ ਸੀ ਨੇਜਿਆਂ ਤੇ ਟੰਗੇ ।

ਦਰਦ ਭਰਿਆਂ ਸਮਾਂ ਸੀ ਆਇਆ, ਸਿੱਖਾਂ ਨੇ ਪਿੰਡੇ ਹੰਡਾਇਆ ।

ਨਹੀਂ ਸਨ ਉਹ ਸਿੱਖ ਖੋਟੇ, ਬੱਚਿਆਂ ਦੇ ਕਰਾ ਦਿੱਤੇ ਸਨ ਟੋਟੇ ।

ਹੁਣ ਹੈ ਚੰਗਾ ਸਮਾਂ ਆਇਆ, ਅਕਲ ਥੋੜ੍ਹੀ ਨਾਲ ਲਿਆਇਆ ।

ਤਾਈਂਓਂ ਭੁੱਲ ਗਏ ਰਹਿਤ ਅਨਾਦੀ, ਜੋ ਕਹਿੰਦੇ ਮੈਨੂੰ ਬਿਪਰਵਾਦੀ ।

 

ਕਹਿੰਦੇ ਸਭ ਕੁਝ ਹੈ ਇਥੇ, ਅੱਗੇ ਹੈ ਕੁਝ ਲਿਖਿਆ ਕਿਥੇ ।

ਸਭ ਵਿਹਲੇ ਬਾਬਿਆਂ ਦੀ ਗੱਲਾਂ, ਮੈਂ ਨਹੀਂ ਇਨ੍ਹਾਂ ਤੇ ਹੁਣ ਚੱਲਾਂ ।

ਕੇਸ ਦਾੜ੍ਹੇ ਨਾ ਹੁਣ ਫਬਦੇ, ਨਹੀਂ ਸਾਨੂੰ ਇਹ ਚੰਗੇ ਲੱਗਦੇ ।

ਬਣ ਗਏ ਹਾਂ ਆਧੁਨਿਕ ਸਿੱਖ, ਸਾਡੇ ਤੋਂ ਵਧੀਆ ਕਿਸਦੀ ਦਿੱਖ ।

ਅਸੀਂ ਨਹੀਂ ਹਾਂ ਕੱਟੜਵਾਦੀ, ਕਹਿੰਦੇ ਮੈਨੂੰ ਉਹ ਬਿਪਰਵਾਦੀ ।

 

ਬਹੁਤ ਲੋਕਾਂ ਦਾ ਇਸ ਵਿਚ ਹੱਥ, ਦੱਸਾਂ ਮੈਂ ਤੁਹਾਨੂੰ ਕਿਥੋਂ ਤੱਕ ।

ਸਭ ਭਾਲਦੇ ਹਨ ਚੌਧਰੀਆਂ, ਇਸ ਲਈ ਰਹਿਤਾਂ ਛਿੱਕੇ ਧਰੀਆਂ ।

ਕੁਝ ਲੋਕਾਂ ਨੇ ਗੁੰਮਰਾਹ ਕਰਤੇ, ਸਾਹਮਣੇ ਕਈ ਭੁਲੇਖੇ ਧਰਤੇ ।

 ਕਰਦੇ ਹੁਣ ਉਹ ਸਿੱਖਾਂ ਨੂੰ ਟਿੱਚ, ਮੰਨੀ ਜਾਂਦੇ ਸਭ ਅੱਖਾਂ ਮਿਚ ।

ਕਹਾਉਂਦੇ ਕਈ ਸਿੱਖ ਅਨਾਦੀ, ਕਹਿੰਦੇ ਸਾਨੂੰ ਉਹ ਬਿਪਰਵਾਦੀ ।

 

ਕਈ ਡਰ ਗਏ ਹਨ, ਕਈ ਮਰ ਗਏ ਹਨ ।

ਕਈ ਵਿਕ ਗਏ ਹਨ, ਕਈ ਮਿਟ ਗਏ ਹਨ ।

ਕਈ ਸੁਖੀ ਰਹੇ ਹਨ, ਕਈ ਦੁਖੀ ਰਹੇ ਹਨ ।

ਕਈ ਸਮਝ ਗਏ ਹਨ, ਕਈ ਉਲਝ ਗਏ ਹਨ ।

 

ਨਹੀਂ ਮੰਨਦਾ ਢੱਡਰੀ ਨੂੰ ਜਿਸ ਨੇ ਤਰਕ ਕਮਾਇਆ ।

ਨਾ ਹੀ ਧੂੰਦੇ ਨੂੰ ਸੁਣਦਾ ਜਿਸ ਨੇ ਝੂਠ ਸਮਝਾਇਆ ।

ਨਾ ਜਿਉਣਵਾਲਾ ਚੰਗਾ ਜਿਸਨੇ ਬਾਣੀ ਨੂੰ ਝੁਠਲਾਇਆ ।

ਨਾ ਦਲਗੀਰ, ਨਾ ਜਾਚਕ, ਨਾ ਬਲਜੀਤ ਦਿੱਲੀ,

ਜਿਸਨੇ ਸਿੱਖਾਂ ਨੂੰ ਮਨਮੁਖ ਬਣਾਇਆ ।

ਨਾ ਹਿੰਦੂਵਾਦੀ, ਨਾ ਅੰਗਰੇਜ਼, ਨਾ ਮੁਸਲਮਾਨ,

ਜਿਨ੍ਹਾਂ ਸਿੱਖਾਂ ਨੂੰ ਆਪਣੇ ਨਾਲ ਮਿਲਾਇਆ ।

ਸਿੱਖੀ ਬਹੁਤੀ ਡੂੰਗੀ ਪਿਆਰਿਓ,

ਨਾ ਇਨ੍ਹਾਂ ਮਿਲ ਦਗ਼ਾ ਕਮਾਇਓ ।

 

ਗੁਰੂ ਦੀ ਰਹਿਤ ਪਿਆਰੀ ਮੈਨੂੰ

ਸਿੱਖ, ਸੰਤ, ਜਾਂ ਹੋਵੇ ਬ੍ਰਹਮਗਿਆਨੀ

ਟਕਸਾਲ, ਨਿਹੰਗ, ਉਦਾਸੀ, ਨਿਰਮਲੇ,

ਸੇਵਾਪੰਥੀ, ਜੋ ਵੀ ਸੰਪਰਦਾਵਾਂ

ਜੋ ਕਰੇ ਗੁਰੂ ਗੁਰੂ

ਜੋ ਹਨ ਰਹਿਤ ਦੇ ਪੂਰੇ

ਜੋ ਧਿਆਨ ਗੁਰੂ ਦਾ ਧਰਦੇ

ਜੋ ਗੱਲ ਸਿੱਖੀ ਦੀ ਕਰਦੇ

ਜੋ ਗੱਲ ਗੁਰੂ ਦੀ ਮੰਨਦੇ

ਜੋ ਸਤਿਕਾਰ ਗੁਰੂ ਦਾ ਕਰਦੇ

ਜੋ ਮੰਨਦੇ ਇਤਿਹਾਸ ਨੂੰ

ਜੋ ਮੰਨਦੇ ਸਿਮਰਨ ਨੂੰ

ਜੋ ਮੰਨਦੇ ਗੁਰੂ ਨੂੰ

ਸਾਰਿਆਂ ਨੂੰ ਅਨਪੜ੍ਹ ਬਾਬੇ ਦਾ ਨਮਸਕਾਰ ।