੨.
ਲੇਖਕ/ਇਤਿਹਾਸ
ਕਿਸੇ ਵੀ ਕੌਮ ਦਾ ਇਤਿਹਾਸ ਉਸ ਕੌਮ ਦਾ ਸਰਮਾਇਆ ਹੁੰਦਾ ਹੈ । ਓਹੀ ਕੌਮਾਂ ਜਿਉਂਦੀਆਂ ਰਹਿ ਸਕਦੀਆਂ ਨੇ ਜਿਨ੍ਹਾਂ ਨੇ ਆਪਣਾ ਇਤਿਹਾਸ ਸੰਭਾਲ ਕੇ ਰੱਖਿਆ ਹੈ । ਬਿਨਾਂ ਇਤਿਹਾਸ ਤੋਂ ਕੋਈ ਵੀ ਨਵੀਂ ਪੀੜ੍ਹੀ ਕੋਈ ਲਾਹਾ ਨਹੀਂ ਲੈ ਸਕਦੀ । ਪੁਰਾਣੇ ਸਮਿਆਂ 'ਚ ਦੀਵਾਰਾਂ ਤੇ ਚਿਤਰ ਬਣਾ ਕਰਕੇ ਇਤਿਹਾਸ ਲਿਖੇ ਜਾਣ ਦਾ ਵੀ ਜ਼ਿਕਰ ਆਉਂਦਾ ਹੈ । ਜਦੋਂ ਲੋਕਾਂ ਨੇ ਇਤਿਹਾਸ ਲਿਖਣ 'ਚ ਕੋਈ ਰੁਚੀ ਨਹੀਂ ਦਰਸਾਈ ਤਦੋਂ ਉਨ੍ਹਾਂ ਨੇ ਜੁਬਾਨੀ ਆਪਣਾ ਪਿਛੋਕੜ ਨਵੀਂ ਪੀੜੀ ਨੂੰ ਸੁਣਾਇਆ । ਕੋਈ ਨਾ ਕੋਈ ਉਪਾਅ ਕਰਕੇ ਬੀਤੀਆਂ ਗੱਲਾਂ ਨੂੰ ਯਾਦਗਾਰ ਬਣਾ ਦਿੱਤਾ ਜਾਂਦਾ ਹੈ, ਚਾਹੇ ਓਹ ਕਿਤਾਬਾਂ ਦੇ ਰੂਪ 'ਚ ਹੋਵੇ ਜਾਂ ਫਿਰ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਰਾਹੀ ਕਹਾਣੀਆਂ 'ਚ ।
ਇਤਿਹਾਸ ਨਾ ਕੇਵਲ ਆਪਾਂ ਨੂੰ ਬੀਤ ਚੁੱਕੇ ਸਮੇਂ ਦੀ ਗੱਲ ਦੱਸਦਾ ਹੈ ਬਲਕਿ ਚੱਲ ਰਹੇ ਸਮੇਂ ਜਾਂ ਆਉਣ ਵਾਲੇ ਸਮੇਂ ਦੀ ਵੀ ਇੱਕ ਝਲਕ ਦੇ ਦਿੰਦਾ ਹੈ । ਇਸ ਕਰਕੇ ਹੀ ਕਿਹਾ ਗਿਆ ਹੈ ਕਿ ਜੋ ਲੋਕ ਇਤਿਹਾਸ ਨਹੀਂ ਪੜ੍ਹਦੇ ਓਹ ਲੋਕ ਇਸਨੂੰ ਫਿਰ ਤੋਂ ਦੁਹਰਾਉਂਦੇ ਹਨ । ਬਹੁਤ ਸਾਰੀਆਂ ਚੀਜ਼ਾਂ ਲੋਕਾਂ ਨੇ ਇਤਿਹਾਸ ਪੜ੍ਹ ਕੇ ਹੀ ਕੀਤੀਆਂ । ਜਦ ਪੰਜਾਬ 'ਚ ਅੰਗਰੇਜ਼ਾਂ ਨੇ ਆਪਣਾ ਰਾਜ ਕਰਨਾ ਸੀ ਤਾਂ ਸਭ ਤੋਂ ਪਹਿਲਾਂ ਮਹਾਨ ਸਿੰਘ ਕੌਮ ਬਾਰੇ ਪਤਾ ਕੀਤਾ ਗਿਆ । ਬਿਨਾਂ ਕਿਸੇ ਬਾਰੇ ਜਾਣਕਾਰੀ ਹਾਸਲ ਕੀਤੇ ਉਸ ਬਾਰੇ ਨਹੀਂ ਸਮਝਿਆ ਜਾ ਸਕਦਾ । ਕਈ ਗ੍ਰੰਥ ਵੀ ਇਸ ਕਰਕੇ ਲਿਖੇ ਗਏ ਤਾਂ ਜੋ ਅੰਗਰੇਜ਼ਾਂ ਨੂੰ ਆਪਣਾ ਸਹੀ ਇਤਿਹਾਸ ਦੱਸਿਆ ਜਾ ਸਕੇ । ਇਕ ਸ਼ੇਰ ਦੀ ਗਾਥਾ ਇਕ ਸ਼ੇਰ ਹੀ ਦੱਸ ਸਕਦਾ ਹੈ, ਬਿੱਲੀਆਂ ਵਿਚਾਰੀਆਂ ਨੂੰ ਕੀ ਪਤਾ ਸ਼ੇਰਾਂ ਬਾਰੇ ।
ਜਦੋਂ ਵੀ ਸਿੰਘਾਂ ਵਿਚਲਾਂ ਜੋਸ਼ ਝਲਕ ਕੇ ਸਾਹਮਣੇ ਆਇਆ ਅੰਗਰੇਜ਼ਾਂ ਦੇ ਤਾਂ ਉਨ੍ਹਾਂ ਹਮੇਸ਼ਾ ਗੁਰੂ ਗੋਬਿੰਦ ਸਿੰਘ ਜੀ ਦੀ ਜਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਗੱਲ ਕੀਤੀ । ਬਹੁਤ ਸਾਰੀਆਂ ਜੰਗਾਂ ਗੁਰੂ ਕਾਲ ਦੇ ਸਮੇਂ 'ਚ ਹੋਈਆਂ, ਜਿਥੇ ਏਨਾ ਖ਼ੂਨ ਵਗਿਆ ਕਿ ਕਦੋਂ ਦੀ ਪਿਆਸੀ ਧਰਤੀ ਦੀ ਪਿਆਸ ਬੁੱਝ ਗਈ । ਕਿੰਨੀਆਂ ਹੀ ਸ਼ਹੀਦੀਆਂ ਹੋਈਆਂ ਸਿੰਘਾਂ ਦੀਆਂ ਤੇ ਕਿੰਨੇ ਮੌਤ ਦੇ ਘਾਟ ਮੁਗ਼ਲ ਜਾਂ ਪਹਾੜੀ ਰਾਜੇ ਉਤਾਰੇ । ਇਹ ਇਤਿਹਾਸ ਪੜ੍ਹ ਕੇ ਅੰਗਰੇਜ਼ਾਂ ਨੂੰ ਪਤਾ ਚੱਲ ਗਿਆ ਸੀ ਕਿ ਓਹ ਕਿਸ ਕੌਮ ਨਾਲ ਵਾਹ ਪਾਉਣ ਜਾ ਰਹੇ ਹਨ । ਸਿੰਘਾਂ ਦੀਆਂ ਫ਼ੌਜਾਂ 'ਚ ਲੁਕੇ ਹੋਏ ਕਈਆਂ ਨੇ ਅੰਗਰੇਜ਼ਾਂ ਨੂੰ ਭੇਤ ਦੇਣਾ ਆਰੰਭ ਕਰ ਦਿੱਤਾ । ਹੌਲੀ ਹੌਲੀ ਸਿੰਘਾਂ ਦੇ ਹੱਥੋਂ ਰਾਜ ਜਾਂਦਾ ਰਿਹਾ ਤੇ ਅੱਜ ਵੀ ਕਈ ਓਸ ਰਾਜ ਨੂੰ ਲੈਣ ਲਈ ਜੱਦੋ ਜਹਿਦ ਕਰ ਰਹੇ ਹਨ ।
ਅੱਜ ਵੀ ਜਦੋਂ ਭਾਈ ਰਤਨ ਸਿੰਘ ਭੰਗੂ ਦੀ ਲਿਖਤ ਜਾਂ ਗਿਆਨੀ ਗਿਆਨ ਸਿੰਘ ਦਾ ਕਾਵਿ ਪੜ੍ਹਦੇ ਹਾਂ ਤਾਂ ਇੱਕ ਅਲੱਗ ਹੀ ਜੋਸ਼ ਭਰ ਜਾਂਦਾ ਹੈ ਸ਼ਰੀਰ ਵਿੱਚ । ਜਿਵੇਂ ਕਿ ਆਪਾਂ ਓਸ ਜੰਗ ਦੇ ਮੈਦਾਨ 'ਚ ਆਪ ਜਾ ਖਲੋਗੇ ਹੋਈਏ ਤੇ ਮਰ ਮਿਟਣ ਲਈ ਤਿਆਰ ਹੋਈਏ । ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਮੇਂ ਵਾਰਾਂ ਵੀ ਇਸ ਲਈ ਹੀ ਸ਼ੁਰੂ ਹੋਈਆਂ । ਅੱਜ ਵੀ ਅਕਾਲ ਤਖ਼ਤ ਦੇ ਸਾਹਮਣੇ ਕਈ ਢਾਡੀ ਜੱਥੇ ਇਤਿਹਾਸ ਸੁਣਾਉਂਦੇ ਦੇਖੇ ਜਾ ਸਕਦੇ ਨੇ । ਕਈਆਂ ਦੀਆਂ ਤਾਂ ਆਵਾਜ਼ਾਂ ਹੀ ਐਸੀਆਂ ਜੋਸ਼ੀਲੀਆਂ ਹੁੰਦੀਆਂ ਨੇ ਕਿ ਦਿਲ ਨੂੰ ਕੰਬਾਅ ਜਾਂਦੀਆਂ ਨੇ । ਇਹ ਠਾਠਾਂ ਮਾਰਦਾ ਜੋਸ਼ ਹਮੇਸ਼ਾ ਸਾਹਿਤ ਤੋਂ ਪੈਦਾ ਹੁੰਦਾ ਹੈ ਜਾਂ ਫਿਰ ਜਿਸਨੇ ਸਾਹਿਤ ਜਾਂ ਇਤਿਹਾਸ ਪੜ੍ਹਿਆ ਹੋਵੇ ਉਹ ਆਪਾਂ ਨੂੰ ਸੁਣਾਵੇ ।
ਇਤਿਹਾਸ 'ਚ ਝਾਤੀ ਮਾਰ ਕੇ ਪਤਾ ਚੱਲ ਜਾਂਦਾ ਹੈ ਕਿ ਜਿਸ ਤਰ੍ਹਾਂ ਅੰਗਰੇਜ਼ਾਂ ਦੇ ਪਿੱਠੂ ਬਣਕੇ ਕਈ ਸਿੱਖਾਂ ਨੇ ਸੰਗਤ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸੇ ਤਰ੍ਹਾਂ ਅੱਜ ਦੇ ਕਈ ਵਿਦਵਾਨ ਜਾਂ ਪ੍ਰਚਾਰਕ ਕਹਾਉਣ ਵਾਲੇ ਸਿੱਖ ਆਪਣੀਆਂ ਮਨ ਮਰਜ਼ੀਆਂ ਕਰਕੇ ਜਾਂ ਕਿਸੇ ਸਿੱਖ ਵਿਰੋਧੀ ਸੰਸਥਾ ਦੇ ਅੜਿੱਕੇ ਚੜ੍ਹ ਕੇ ਸੰਗਤ ਨੂੰ ਗੁਮਰਾਹ ਕਰ ਰਹੇ ਹਨ । ਸਿੱਖਾਂ ਦਾ ਏਨਾ ਵੱਡਾ ਇਤਿਹਾਸ ਹੈ ਕਿ ਕਈ ਮਹੀਨੇ ਬੀਤ ਜਾਂਦੇ ਨੇ ਪੜ੍ਹਦੇ ਪੜ੍ਹਦੇ, ਪਰ ਅੱਜ ਕਈ ਲੋਕਾਂ ਨੇ ਸਿੱਖਾਂ ਨੂੰ ਇੱਕ ਅਜਿਹੀ ਜਗ੍ਹਾ ਤੇ ਲਿਆਉਣਾ ਚਾਹਿਆ ਹੈ ਕਿ ਆਪਾਂ ਇਤਿਹਾਸ ਤੇ ਗੁਰਬਾਣੀ ਦੋਨਾਂ ਤੋਂ ਬੇਮੁੱਖ ਹੋ ਜਾਈਏ ।
ਪਹਿਲੇ ਅਧਿਆਇ 'ਚ ਆਪਾਂ ਪੜ੍ਹ ਆਏ ਹਾਂ ਕਿ ਕਿਸ ਤਰ੍ਹਾਂ ਮਰਯਾਦਾ ਤੇ ਸੱਟ ਮਾਰੀ ਜਾ ਰਹੀ ਹੈ । ਉਸੇ ਤਰ੍ਹਾਂ ਇਤਿਹਾਸ, ਜਿਹੜਾ ਕੇ ਆਪਾਂ ਨੂੰ ਆਪਣੇ ਸਿੰਘਾਂ ਸੂਰਬੀਰਾਂ ਦੀਆਂ ਗੱਲਾਂ ਦੱਸਦਾ ਹੈ ਜਾਂ ਗੁਰੂ ਸਾਹਿਬਾਨਾਂ ਦੇ ਜੀਵਣ ਬਾਰੇ ਚਾਨਣਾ ਪਾਉਂਦਾ ਹੈ, ਉਸ ਨੂੰ ਵੀ ਨਿਕਾਰਨ ਤੇ ਕਈ ਲੋਕ ਆ ਗਏ ਹਨ । ਜਿਸਦਾ ਕਾਰਣ ਸਿੱਖਾਂ ਨੂੰ ਇਕ ਅਜਿਹੇ ਰਸਤੇ ਤੇ ਲੈ ਆਉਣਾ ਹੈ ਜਿਸ ਵਿੱਚ ਗੁਰੂ ਸਾਹਿਬਾਨਾਂ ਦੀ ਹੋਂਦ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ । ਦੂਜਾ ਕਾਰਣ ਜੋ ਜਾਪਦਾ ਹੈ ਉਹ ਇਹ ਕਿ ਸਿੱਖ ਆਪਣੇ ਪੁਰਖਾਂ ਵੱਲੋਂ ਕੀਤੀਆਂ ਕੁਰਬਾਨੀਆਂ ਭੁੱਲ ਜਾਣ ਤਾਂ ਜੋ ਅੱਜ ਦੇ ਸਮੇਂ ਅਨੁਸਾਰ ਢੱਲ ਜਾਣ । ਆਉ ਇਸ ਬਾਰੇ ਵੀਚਾਰ ਕਰੀਏ ।
ਈਸਾਈ ਧਰਮ ਜਾਂ ਫਿਰ ਹਿੰਦੂ ਧਰਮ ਵਿੱਚ ਕਈ ਲੋਕ ਅਜਿਹੇ ਦੇਖੇ ਜਾ ਸਕਦੇ ਨੇ ਜਿਨ੍ਹਾਂ ਨੇ ਆਪਣੇ ਇਤਿਹਾਸ ਵਿੱਚ ਲਿਖੀਆਂ ਗੱਲਾਂ ਨੂੰ ਨਾ ਹੀ ਕੇਵਲ ਨਿਕਾਰਿਆ ਬਲਕਿ ਆਪਣੇ ਧਰਮ ਵਿੱਚ ਲਿਖੇ ਹੋਏ ਲੋਕਾਂ ਦੀ ਹੋਂਦ ਤੇ ਵੀ ਸ਼ੱਕ ਕੀਤਾ । ਬਹੁਤ ਸਾਰੇ ਲੋਕਾਂ ਤੋਂ ਮੈਂ ਈਸਾ ਮਸੀਹ ਦੀ ਹੋਂਦ ਨੂੰ ਲੈ ਕਰਕੇ ਗੱਲਬਾਤ ਹੁੰਦੀ ਆਪ ਸੁਣੀ । ਉਨ੍ਹਾਂ ਦਾ ਇਹ ਕਹਿਣਾ ਹੈ ਕਿ ਈਸਾ ਮਸੀਹ ਨਾਂ ਦਾ ਕੋਈ ਇਨਸਾਨ ਹੋਇਆ ਹੀ ਨਹੀਂ । ਇਹ ਸਿਰਫ਼ ਕਹਾਣੀਕਾਰਾਂ ਨੇ ਆਪਣੀਆਂ ਕਿਤਾਬਾਂ 'ਚ ਲਿਖ ਛੱਡਿਆ ਹੈ । ਓਹੀ ਗੱਲਾਂ ਕਈ ਹਿੰਦੂਆਂ ਨੇ ਵੀ ਕੀਤੀਆਂ ਨੇ ਰਾਮ ਚੰਦਰ ਜਾਂ ਕ੍ਰਿਸ਼ਨ ਬਾਰੇ । ਓਹ ਇਸ ਲਈ ਇਹਨਾਂ ਦੀ ਹੋਂਦ ਨੂੰ ਨਹੀ ਸਵੀਕਾਰਦੇ ਕਿਉਂਕਿ ਖੋਜਕਾਰਾਂ ਨੇ ਕੋਈ ਵੀ ਸਬੂਤ ਪੇਸ਼ ਨਹੀਂ ਕੀਤੇ ਮਹਾਂਭਾਰਤ ਦੀ ਜੰਗ ਦੇ । ਰਾਮ ਚੰਦਰ ਜੀ ਤਾਂ ਕ੍ਰਿਸ਼ਨ ਤੋਂ ਕਈ ਵਰ੍ਹੇ ਪਹਿਲਾਂ ਪੈਦਾ ਹੋਏ ਸਨ । ਹਾਲਾ ਦੀ ਘੜੀ 'ਚ ਇਹ ਵੀ ਸੁਨਣ 'ਚ ਆਇਆ ਸੀ ਕਿ ਜਿਹੜੇ ਚਾਰ ਯੁੱਗ ਕਹੇ ਜਾਂਦੇ ਨੇ ਇਹ ਕੋਈ ਬਹੁਤੇ ਵਰ੍ਹਿਆਂ ਦੇ ਨਹੀਂ ਹੁੰਦੇ । ਕਿਸੇ ਨੇ ਤਾਂ ਇਹ ਵੀ ਕਹਿ ਦਿੱਤਾ ਕਿ ਕੋਈ ਤਿੰਨ ਤੋਂ ਸੱਤ ਹਜ਼ਾਰ ਸਾਲ ਪਹਿਲਾਂ ਰਾਮ ਚੰਦਰ ਜੀ ਹੋਏ ਸਨ ।
ਬਹੁਤੇ ਲੋਕ ਈਸਾ ਮਸੀਹ ਅਤੇ ਰਾਮ ਚੰਦਰ ਜਾਂ ਕ੍ਰਿਸ਼ਨ ਦੀ ਹੋਂਦ ਨੂੰ ਸਵੀਕਾਰਦੇ ਨੇ ਤੇ ਕਈ ਤਰ੍ਹਾਂ ਦੀਆਂ ਇਤਿਹਾਸਿਕ ਖੋਜਾਂ ਬਾਰੇ ਵੀ ਜ਼ਿਕਰ ਕਰਦੇ ਨੇ । ਮੇਰਾ ਇਥੇ ਇਹ ਦੋਹ ਧਰਮਾਂ ਦੀਆਂ ਉਦਾਹਰਣਾਂ ਦੇਣ ਦਾ ਕਾਰਣ ਇਸ ਗੱਲ ਵੱਲ ਇਸ਼ਾਰਾ ਕਰਨ ਦਾ ਹੈ ਕਿ ਲੋਕਾਂ ਨੇ ਬਹੁਤ ਪਹਿਲਾਂ ਜਨਮ ਲੈ ਚੁੱਕੇ ਕਈ ਪੀਰ ਪੈਗੰਬਰਾਂ ਦੀਆਂ ਜੀਵਨੀਆਂ ਜਾਂ ਫਿਰ ਉਨ੍ਹਾਂ ਦੀ ਹੋਂਦ ਨੂੰ ਕਹਿ ਲਵੋ ਨਿਕਾਰ ਦਿੱਤਾ ਹੈ । ਤੇ ਕਈ ਇਨ੍ਹਾਂ ਹੀ ਧਰਮਾਂ ਦੇ ਪੈਰੋਕਾਰ ਉਨ੍ਹਾਂ ਲੋਕਾਂ ਦੀਆਂ ਗੱਲਾਂ ਤੋਂ ਪ੍ਰਭਾਵਿਤ ਹੋ ਕਰਕੇ ਉਸ ਰਸਤੇ ਤੇ ਚੱਲ ਪਏ ਨੇ ।
ਜਦ ਆਪਾਂ ਆਪਣੇ ਸਿੱਖਾਂ ਦੀਆਂ ਇਤਿਹਾਸਿਕ ਲਿਖਤਾਂ ਵੱਲ ਨਜ਼ਰ ਮਾਰੀਏ ਤਾਂ ਆਪਣੇ ਇਤਿਹਾਸ 'ਚ ਬਹੁਤ ਕੁਝ ਲਿਖਿਆ ਜਾ ਚੁੱਕਾ ਹੈ । ਜੇਕਰ ਇਤਿਹਾਸਿਕ ਗ੍ਰੰਥਾਂ ਨੂੰ ਹੀ ਨਿਕਾਰ ਦਿੱਤਾ ਤਾਂ ਆਪਣੇ ਨਾਲ ਵੀ ਇਹੋ ਜਿਹੀਆਂ ਗੱਲਾਂ ਹੋਣ ਦੀ ਸੰਭਾਵਨਾ ਹੈ । ਲੋਕਾਂ ਨੇ ਇਥੋਂ ਤੱਕ ਤਾਂ ਕਹਿ ਹੀ ਦਿੱਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਇਕ ਗਿਆਨ ਦੇਣ ਵਾਲਾ ਗ੍ਰੰਥ ਹੈ । ਓਹ ਦਿਨ ਦੂਰ ਨਹੀਂ ਜਦ ਇਹ ਵੀ ਪ੍ਰਚਾਰਿਆ ਜਾਵੇਗਾ ਕਿ ਸਿੱਖ ਗੁਰੂ ਤਾਂ ਕੋਈ ਹੋਇਆ ਹੀ ਨਹੀਂ ਸੀ ਇਹ ਤਾਂ ਸਿਰਫ਼ ਲੋਕਾਂ ਨੂੰ ਲੜਾਈ ਤੋਂ ਹਟਾਉਣ ਲਈ ਕਈ ਲੋਕਾਂ ਨੇ ਮਿਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕਰ ਦਿੱਤੀ ਤੇ ਫੇਰ ਝੂਠਾ ਪ੍ਰਚਾਰ ਕਰ ਦਿੱਤਾ ਗੁਰੂਆਂ ਦੀ ਹੋਂਦ ਦਾ । ਤੁਸੀਂ ਖ਼ੁਦ ਦੇਖੋਗੇ ਕਿ ਆਉਣ ਵਾਲੇ ਸਮੇਂ 'ਚ ਇਹ ਅਨਪੜ੍ਹਤਾ ਵੀ ਫੈਲੇਗੀ ਕਿ ਸਿਰਫ਼ ਪਹਿਲੇ ਪੰਜ ਗੁਰੂ ਸਾਹਿਬਾਨ ਤੇ ਨੌਵੇਂ ਗੁਰੂ ਤੇਗ ਬਹਾਦਰ ਜੀ ਹੋਏ ਨੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਤੇ ਵੀ ਛੇਵੇਂ, ਸੱਤਵੇਂ, ਅੱਠਵੇਂ ਅਤੇ ਦਸਮੇਂ ਗੁਰੂ ਦਾ ਜ਼ਿਕਰ ਨਹੀਂ ਆਇਆ, ਇਸਦਾ ਪ੍ਰਚਾਰ ਉਹ ਲੋਕ ਕਰਨਗੇ ਜੋ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਮੁਨਕਰ ਨੇ । ਇਸ ਤੋਂ ਬਾਅਦ ਇਹ ਵੀ ਕਿਹਾ ਜਾਵੇਗਾ ਕੇ ਜਿਸਨੇ ਵੀ ਗੁਰੂ ਗ੍ਰੰਥ ਸਾਹਿਬ ਲਿਖਿਆ ਹੈ ਉਸ ਤੋਂ ਇਹ ਭੁੱਲ ਹੋਈ ਹੈ ਕਿ ਉਸਨੇ ਛੇਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਨੂੰ ਨੌਵੇਂ ਗੁਰੂ ਲਿਖ ਦਿੱਤਾ ਹੈ ।
ਹੌਲੀ ਹੌਲੀ ਫਿਰ 'ਛੇ ਗੁਰੂ ਸਾਹਿਬਾਨਾਂ' ਦੀ ਹੋਂਦ ਨੂੰ ਵੀ ਝੂਠਾ ਸਾਬਿਤ ਕਰ ਦਿੱਤਾ ਜਾਵੇਗਾ । ਇਹ ਕੋਈ ਬਹੁਤ ਕਾਹਲੀ 'ਚ ਨਹੀਂ ਹੋਵੇਗਾ । ਇਹ ਕੰਮ ਬਹੁਤ ਹੌਲੀ ਹੌਲੀ ਕੀਤਾ ਜਾਵੇਗਾ । ਜੇਕਰ ਬਹੁਤ ਹੀ ਥੋੜ੍ਹੀ ਮਾਤਰਾ 'ਚ ਜ਼ਹਿਰ ਦਿੱਤਾ ਜਾਵੇ ਤਾਂ ਉਸਦਾ ਕੋਈ ਮਾੜਾ ਅਸਰ ਨਹੀਂ ਹੁੰਦਾ । ਉਹ ਮਿੱਠਾ ਲੱਗਦਾ ਹੈ । ਇਹੀ ਕਈ ਲੋਕਾਂ ਨੂੰ ਲੱਗ ਰਿਹਾ ਹੈ ਜੋ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਨਹੀਂ ਮੰਨਦੇ ।
ਜੋ ਲੋਕ ਬੁੱਧੀ ਦਾ ਬਹੁਤ ਜ਼ਿਆਦਾ ਪ੍ਰਯੋਗ ਕਰਦੇ ਨੇ ਉਨ੍ਹਾਂ ਨੇ ਕਈ ਕਿਸਮ ਦੀਆਂ ਦਲੀਲਾਂ ਦੇ ਕਰ ਇਹ ਸਿੱਧ ਵੀ ਕਰਨਾ ਹੁੰਦਾ ਹੈ ਕਿ ਅੱਜ ਦਾ ਸਮੇਂ 'ਚ ਕਿਸੇ ਧਰਮ ਦੀਆਂ ਗੱਲਾਂ ਕਿਉਂ ਮਾਇਣੇ ਨਹੀਂ ਰੱਖਦੀਆਂ । ਮੈਂ ਬਹੁਤ ਸਾਰੇ ਲੋਕ ਇਸ ਬਾਰੇ ਵੀਚਾਰਾਂ ਕਰਦੇ ਦੇਖੇ ਨੇ । ਉਨ੍ਹਾਂ ਦੀਆਂ ਸ਼ਾਇਦ ਕਈ ਗੱਲਾਂ ਸਹੀ ਵੀ ਹੋਣ । ਪਰ ਜਦੋਂ ਉਹ ਦੇਸ਼ ਨੂੰ ਸਾਹਮਣੇ ਰੱਖ ਦੇ ਜਾਂ ਫਿਰ ਕਾਨੂੰਨ ਨੂੰ ਸਭ ਤੋਂ ਸ਼੍ਰੋਮਣੀ ਮੰਨ ਕੇ ਧਰਮ ਨੂੰ ਗ਼ਲਤ ਦਰਸਾਉਂਦੇ ਨੇ ਤਾਂ ਇਸ ਵਿੱਚ ਧਰਮਾਂ ਨੂੰ ਢਾਅ ਲਾਉਣ ਦੀ ਕੋਸ਼ਿਸ਼ ਹੁੰਦੀ ਹੈ । ਜਿਸ ਤਰ੍ਹਾਂ ਆਪਾਂ ਪੜ੍ਹ ਆਏ ਹਾਂ ਕ੍ਰਿਪਾਨ ਦੇ ਬਾਬਤ ਪਹਿਲੇ ਅਧਿਆਇ 'ਚ । ਜਦ ਵੀ ਧਰਮ ਤੇ ਚੋਟ ਕੀਤੀ ਜਾਂਦੀ ਹੈ ਤਾਂ ਬਹੁਤੀ ਵਾਰ ਇਹ ਚੰਗੇ ਜਾਂ ਬੁਰੇ ਨੂੰ ਸੋਚ ਸਮਝ ਕਿ ਨਹੀਂ ਬਲਕਿ ਰਾਸ਼ਟਰਵਾਦ/ਦੇਸ਼-ਭਗਤੀ ਦੇ ਨਾਂ ਹੇਠ ਸ਼ੁਰੂ ਹੋਏ ਨਾਟਕ ਕਰਕੇ ਕੀਤਾ ਜਾਂਦਾ ਹੈ, ਜੋ ਕਿ ਅੱਜ ਦੇ ਸਮੇਂ 'ਚ ਭਾਰਤ ਅਤੇ ਬਾਕੀ ਦੇਸ਼ਾਂ 'ਚ ਰੱਜ ਕੇ ਚੱਲ ਰਿਹਾ ਹੈ । ਇਹ ਬੁੱਧੀਜੀਵੀ ਨਾ ਕੇਵਲ ਧਰਮ ਨੂੰ ਨੁਕਸਾਨ ਪਹੁੰਚਾਉਂਦੇ ਹਨ ਬਲਕਿ ਰਾਸ਼ਟਰਵਾਦ ਦੇ ਨਾਂ ਹੇਠ ਕੱਟੜ ਲੋਕਾਂ ਨੂੰ ਇਕ ਝੰਡੇ ਥੱਲੇ ਇਕੱਠਾ ਕਰਦੇ ਨੇ । ਇਸ ਅੰਨ੍ਹੇਵਾਦ ਵਿੱਚ ਨਾ ਕੇਵਲ ਬੁੱਧੀ ਨੂੰ ਬਲਕਿ ਭਾਵਨਾਵਾਂ ਨੂੰ ਵੀ ਜੋੜ ਦਿੱਤਾ ਜਾਂਦਾ ਹੈ ।
ਉਹ ਇਨਸਾਨ ਜੋ ਧਰਮ ਦੀਆਂ ਗੱਲਾਂ ਨੂੰ ਗ਼ਲਤ ਦੱਸ ਕੇ ਰਾਸ਼ਟਰਵਾਦ ਦੀ ਲਹਿਰ ਨਾਲ ਜੁੜ ਜਾਂਦਾ ਹੈ ਹੁਣ ਹਰ ਇੱਕ ਗੱਲ ਕਾਨੂੰਨ ਦੀ ਕਿਤਾਬ ਨਾਲ ਮੁਲਾਂਕਣ ਕਰਕੇ ਦੇਖਦਾ ਹੈ । ਜੇਕਰ ਉਸਨੂੰ ਕੋਈ ਗੱਲ ਗ਼ਲਤ ਵੀ ਲੱਗਦੀ ਹੈ ਕਾਨੂੰਨ ਦੀ ਤਾਂ ਉਹ ਇਸ ਖ਼ਿਲਾਫ਼ ਆਵਾਜ਼ ਚੁੱਕਣ ਤੋਂ ਵੀ ਘਬਰਾਉਂਦਾ ਹੈ, ਕਿਉਂਕਿ ਉਸਨੂੰ ਡਰ ਲੱਗਾ ਰਹਿੰਦਾ ਹੈ ਰਾਸ਼ਟਰਵਾਦ ਦੇ ਨਾਲ ਜੁੜੇ ਲੋਕਾਂ ਤੋਂ ਜੋ ਕੁਝ ਵੀ ਕਰ ਸਕਦੇ ਨੇ ਕਾਨੂੰਨ ਨੂੰ ਸਹੀ ਸਿੱਧ ਕਰਨ ਲਈ । ਜੋ ਇਸ ਖ਼ਿਲਾਫ਼ ਜਾਂਦੇ ਨੇ ਉਹ ਜਾਂ ਤਾਂ ਜੇਲ੍ਹ 'ਚ ਡੱਕ ਦਿੱਤੇ ਜਾਂਦੇ ਹਨ ਜਾਂ ਫਿਰ ਮਾਰ ਦਿੱਤੇ ਜਾਂਦੇ ਹਨ ।
ਮੈਂ ਇਹ ਸਮਝਦਾ ਹਾਂ ਕਿ ਅੱਜ ਦੇ ਲੋਕਤੰਤਰ ਤੇ ਪੁਰਾਣੇ ਸਮੇਂ ਦੇ ਸ਼ਾਸਕਾਂ 'ਚ ਕੋਈ ਖ਼ਾਸ ਭਿੰਨਤਾ ਨਹੀਂ ਹੈ । ਦੋਵੇਂ ਆਪਣੇ ਆਪ ਨੂੰ ਲੋਕਾਂ ਤੇ ਰਾਜ ਕਰਨ ਲਈ ਕੁਝ ਵੀ ਕਰ ਸਕਦੇ ਨੇ । ਭਾਰਤ 'ਚ ਤਾਂ ਕਿੰਨੇ ਹੀ ਧਰਮ ਜਾਂ ਜਾਤ ਦੇ ਨਾਂ ਤੇ ਦੰਗੇ ਹੋ ਚੁੱਕੇ ਨੇ । ਕਿਸੇ ਵੀ ਮਾਸੂਮ ਨੂੰ ਮਾਰਨ 'ਚ ਕਿਸੇ ਵੀ ਧਰਮ ਦਾ ਕੋਈ ਭਲਾ ਨਹੀਂ ਹੁੰਦਾ । ਪਰ ਸੱਤਾ 'ਚ ਬੈਠੇ ਲੋਕ ਜਾਂ ਫਿਰ ਸੱਤਾ 'ਚ ਆਉਣ ਦੇ ਚਾਹਵਾਨ ਲੋਕਾਂ ਨੂੰ ਇਕ ਖ਼ਾਸ ਸਮੁਦਾਇ ਦੇ ਲੋਕਾਂ ਨੂੰ ਖੁੱਲੀ ਛੁੱਟੀ ਦੇਣ ਨਾਲ ਵੋਟਾਂ ਜ਼ਰੂਰ ਮਿੱਲ ਜਾਂਦੀਆਂ ਨੇ । ਅਮਰੀਕਾ ਤੇ ਹੋਰ ਦੇਸ਼ ਜੋ ਤੇਲ ਨਾਲ ਭਰੇ ਦੇਸ਼ਾਂ ਤੇ ਹਮਲਾ ਕਰਦੇ ਨੇ ਉਹ ਸਿਰਫ਼ ਤੇ ਸਿਰਫ਼ ਪੈਸੇ ਲਈ ਹੁੰਦਾ ਹੈ, ਕਾਰਨ ਉਸਦਾ ਕੁਝ ਵੀ ਬਣਾ ਦਿੱਤਾ ਜਾਂਦਾ ਹੈ । ਬਿਨਾਂ ਪੈਸਿਆਂ ਤੋਂ ਕੋਈ ਵੀ ਦੇਸ਼ ਅੱਗੇ ਨਹੀਂ ਵੱਧ ਸਕਦਾ । ਪੈਸੇ ਨਾਲ ਨਾ ਕੇਵਲ ਦੇਸ਼ ਕੋਈ ਆਮ ਇਨਸਾਨ ਵੀ ਆਪਣਾ ਜੀਵਣ ਨਹੀਂ ਚਲਾ ਸਕਦਾ । ਪਰ ਅੰਨ੍ਹੇ ਪੈਸੇ ਦੀ ਭੁੱਖ ਦੁਨੀਆਂ ਨੂੰ ਇੱਕ ਚੋਟੀ ਤੇ ਲੈ ਕੇ ਜਾ ਰਹੀ ਹੈ ਜਿਸ ਤੇ ਆਪਾਂ ਸਾਰੇ ਖਾਈ 'ਚ ਡਿੱਗਣ ਲਈ ਤਿਆਰ ਹਾਂ ਤੇ ਆਪਾਂ ਨੂੰ ਇਸ ਬਾਰੇ ਪਤਾ ਵੀ ਨਹੀਂ ਹੈ ।
ਚਾਹੇ ਕੋਈ ਝੂਠਾ ਰਾਸ਼ਟਰਵਾਦ ਹੋਵੇ ਜਾਂ ਫਿਰ ਬੁਧੀਜੀਵਾਂ ਦੀਆਂ ਦਲੀਲਾਂ, ਇਨ੍ਹਾਂ ਸਾਰਿਆਂ ਦਾ ਮਨੋਰਥ ਧਰਮ ਨੂੰ ਛੋਟਾ ਜਣਾ ਕੇ ਦੇਸ਼ ਨੂੰ ਸਰਵ ਉੱਤਮ ਮੰਨਣਾ ਹੁੰਦਾ ਹੈ । ਤੇ ਇਸ ਲਈ ਇਹ ਲੋਕ ਰਾਤ ਦਿਨ ਇਸ ਕੰਮ 'ਚ ਜੁਟੇ ਹੋਏ ਨੇ ।
ਜੋ ਦੂਜਾ ਕਾਰਣ ਹੋ ਸਕਦਾ ਹੈ ਇਤਿਹਾਸ ਨੂੰ ਨਿਕਾਰਨ ਦਾ ਉਹ ਹੈ ਸੂਰਬੀਰਾਂ ਦੀ ਗਾਥਾ, ਜਿਨ੍ਹਾਂ ਨੇ ਆਪਣੇ ਖ਼ੂਨ ਨਾਲ ਪੰਜਾਬ ਦੀ ਧਰਤੀ ਨੂੰ ਰੰਗਿਆ ਹੈ ।
ਗੁਰੂ ਅਰਜਨ ਦੇਵ ਜੀ ਸਿੱਖ ਕੌਮ 'ਚ ਪਹਿਲੇ ਸ਼ਹੀਦ ਹੋਏ ਨੇ । ਉਨ੍ਹਾਂ ਤੋਂ ਬਾਅਦ ਤਾਂ ਕਿੰਨੀਆਂ ਹੀ ਅਣਗਿਣਤ ਸ਼ਹੀਦੀਆਂ ਹੋ ਚੁੱਕੀਆਂ ਹਨ । ਸੂਰਬੀਰਾਂ ਦੀਆਂ ਜੀਵਨੀਆਂ ਪੜ੍ਹ ਕੇ ਜੋਸ਼ ਤਾਂ ਪੈਦਾ ਹੁੰਦਾ ਹੀ ਹੈ ਪਰ ਨਾਲ ਹੀ ਨਾਲ ਇਤਿਹਾਸ ਰਾਹੀ ਜਾਣਕਾਰੀ ਵੀ ਮਿਲਦੀ ਹੈ ਕਿ ਕਿਸ ਤਰ੍ਹਾਂ ਸਿੰਘਾਂ ਨੇ ਕਈ ਜੰਗਾਂ 'ਚ ਆਖ਼ਰੀ ਦਮ ਤੱਕ ਯੁੱਧ ਕੀਤਾ । ਇਨ੍ਹਾਂ ਸੂਰਬੀਰਾਂ ਬਾਰੇ ਪੜ੍ਹ ਕੇ ਹੀ ਇਹ ਜਾਣਕਾਰੀ ਹਾਸਲ ਹੁੰਦੀ ਹੈ ਕਿ ਕੌਣ ਕੌਣ ਸਿੱਖ ਕੌਮ ਦੇ ਰਸਤੇ 'ਚ ਰੁਕਾਵਟ ਬਣ ਕੇ ਖੜ੍ਹਾ ਸੀ । ਕੌਣ ਆਪਣਾ ਸੀ ਤੇ ਕੌਣ ਪਰਾਇਆ ।
ਮਿਸਾਲ ਦੇ ਤੌਰ ਨੇ ਅੱਜ ਕੱਲ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਸਿੱਖ ਗੁਰੂ ਜਾਂ ਫਿਰ ਸਿੱਖ ਸਿਰਫ਼ ਮੁਸਲਮਾਨਾਂ ਦੇ ਖ਼ਿਲਾਫ਼ ਲੜੇ, ਸਿੱਖਾਂ ਤੇ ਹਿੰਦੂਆਂ ਦੀ ਕੋਈ ਲੜਾਈ ਹੀ ਨਹੀਂ ਸੀ । ਇਹ ਲੋਕ ਨਾ ਸਿਰਫ਼ ਇਤਿਹਾਸ ਨੂੰ ਝੂਠਾ ਕਰਨ ਤੇ ਤੁਲੇ ਹੋਏ ਨੇ ਬਲਕਿ ਇਕ ਖ਼ਾਸ ਧਰਮ ਦੇ ਖ਼ਿਲਾਫ਼ ਸਿੱਖਾਂ ਨੂੰ ਭੜਕਾ ਵੀ ਰਹੇ ਨੇ । ਮੇਰਾ ਇਸ ਬਾਰੇ ਲਿਖਣ ਦਾ ਕਾਰਣ ਇਹ ਨਹੀਂ ਕਿ ਹਿੰਦੂ ਬੁਰੇ ਨੇ । ਮੇਰਾ ਇਹ ਮੰਨਣਾ ਹੈ ਕਿ ਕੋਈ ਧਰਮ ਦਾ ਇਨਸਾਨ ਚੰਗਾ ਜਾਂ ਬੁਰਾ ਹੋ ਸਕਦਾ ਹੈ, ਪਰ ਪੂਰੇ ਧਰਮ ਨੂੰ ਮਾੜਾ ਨਹੀਂ ਕਿਹਾ ਜਾ ਸਕਦਾ । ਪਰ ਇਸ 'ਚ ਵੀ ਕੋਈ ਸ਼ੱਕ ਨਹੀਂ ਕਿ ਕਈ ਹਿੰਦੂ ਆਪਣੇ ਆਪ ਨੂੰ ਬਹੁਤ ਚੰਗਾ ਦਰਸਾ ਕਿ ਉਨ੍ਹਾਂ ਵੱਲੋਂ ਸਿੱਖਾਂ ਖ਼ਿਲਾਫ਼ ਕੀਤੀਆਂ ਕਾਰਵਾਈਆਂ ਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ । ਬਹੁਤੇ ਇਹੋ ਜਿਹੇ ਲੋਕ ਵੀ ਮਿਲਦੇ ਨੇ ਜੋ ਇਹ ਕਹਿੰਦੇ ਨਹੀਂ ਥੱਕਦੇ ਕੇ ਸਿੱਖ ਤੇ ਹਿੰਦੂ ਇੱਕ ਹੀ ਹਨ, ਇਹ ਤਾਂ ਅੰਗਰੇਜ਼ਾਂ ਨੇ ਪ੍ਰਚਾਰ ਕੀਤਾ ਕਿ ਇਹ ਅਲੱਗ ਅਲੱਗ ਨੇ । ਮੈਂ ਇਸ ਬਾਰੇ 'ਸਿੱਖ ਇਕ ਵੱਖਰਾ ਧਰਮ' 'ਚ ਬਹੁਤੇ ਵਿਸਤਾਰ ਨਾਲ ਲਿਖਣ ਦਾ ਯਤਨ ਕਰਾਂਗਾ ।
ਸਿੱਖ ਯੋਧੇ ਜੋ ਧਰਮ ਦੀ ਖ਼ਾਤਰ ਲੜੇ ਉਨ੍ਹਾਂ ਨੂੰ ਇਕ ਖ਼ਾਸ ਧਰਮ ਦੇ ਰਖਵਾਲੇ ਜਾਂ ਇਕ ਖ਼ਾਸ ਦੇਸ਼ ਦੇ ਰਖਵਾਲੇ ਕਹਿ ਕੇ ਪ੍ਰਚਾਰ ਕੀਤਾ ਜਾ ਰਿਹਾ ਹੈ । ਇਨ੍ਹਾਂ ਵਿੱਚ ਬਹੁਤੇ ਹਿੰਦੂ ਹੁੰਦੇ ਨੇ ਜੋ ਮੁਸਲਮਾਨਾਂ ਨਾਲ ਨਫ਼ਰਤ ਕਰਦੇ ਨੇ । ਇਹ ਨਫ਼ਰਤ ਬਹੁਤ ਹੀ ਭੈੜੀ ਚੀਜ਼ ਹੁੰਦੀ ਹੈ ਤੇ ਬਹੁਤੇ ਆਪਣੇ ਆਪ ਨੂੰ ਧਰਮੀ ਕਹਾਉਣ ਵਾਲੇ ਲੋਕ ਵੀ ਇਹ ਆਪਣੇ ਖੀਸੇ 'ਚ ਰੱਖਦੇ ਨੇ ਤਾਂ ਜੋ ਜਦੋਂ ਲੋੜ ਪਈ ਕੱਢ ਕੇ ਦੇ ਦੇਵੇ । ਕੁਝ ਹਫ਼ਤੇ ਪਹਿਲਾ ਬਾਬਾ ਪਾਲਾ ਸਿੰਘ ਜੀ ਚੜ੍ਹਾਈ ਕਰ ਗਏ । ਮੈਂ ਤਾਂ ਕਦੇ ਉਨ੍ਹਾਂ ਦਾ ਨਾਉਂ ਸੁਣਿਆ ਵੀ ਨਹੀਂ ਸੀ । ਪਰ ਸਿੰਘਾਂ ਨੇ ਕਿਹਾ ਕਿ ਉਨ੍ਹਾਂ ਨੇ ਮੱਝਾਂ ਗਾਵਾਂ ਦੀ ਬਹੁਤ ਪਾਲਣਾ ਕੀਤੀ ਹੈ । ਕੁਝ ਕੁ ਸਿੱਖਾਂ ਨੂੰ ਇਹ ਗੱਲ ਫਬੀ ਨਹੀਂ ਕਿ ਇੱਕ ਸਿੱਖ ਕਿਵੇਂ ਗਊਆਂ ਮੱਝਾਂ ਪਾਲ ਸਕਦਾ ਹੈ, ਇਹ ਤਾਂ ਨਿਰ੍ਹਾਂ ਹਿੰਦੂਵਾਦ ਹੈ । ਬਹੁਤ ਸਾਰੇ ਅਸੂਲ ਸਿੱਖਾਂ ਦੇ ਐਸੇ ਹਨ ਜੋ ਹਿੰਦੂਆਂ ਨਾਲ ਨਹੀਂ ਮਿਲਦੇ, ਪਰ ਸਿਰਫ਼ ਮੱਝਾਂ ਗਊਆਂ ਪਾਲਣ ਨਾਲ ਕਿਸੇ ਨੂੰ ਹਿੰਦੂਵਾਦੀ ਕਹਿ ਦੇਣਾ ਕਿੰਨੀ ਵੱਡੀ ਬੇਵਕੂਫੀ ਹੈ । ਇਹ ਉਨ੍ਹਾਂ ਸਿੱਖਾਂ ਦੀ ਹਿੰਦੂਆਂ ਪ੍ਰਤੀ ਨਫ਼ਰਤ ਹੀ ਤਾਂ ਹੈ ਜੋ ਇਹ ਕਹਿ ਰਹੀ ਹੈ । ਮੇਰੀ ਇਹ ਸਭ ਦੇ ਚਰਨਾਂ 'ਚ ਬੇਨਤੀ ਹੈ ਕਿ ਕਿਸੇ ਧਰਮ ਨੂੰ ਨਫ਼ਰਤ ਕਰਨ ਨਾਲ ਕਿਸੇ ਦਾ ਵੀ ਕੁਝ ਨਹੀਂ ਸਵਰਨਾ ਸੋ ਇਹ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ।
ਮੈਂ ਕਾਫ਼ੀ ਕਿਤਾਬਾਂ ਪੜ੍ਹੀਆਂ ਪਰ ਜੋ ਪ੍ਰਚਾਰ ਅੱਜ ਕੀਤਾ ਜਾ ਰਿਹਾ ਹੈ ਸਿੱਖ-ਵਿਰੋਧੀਆਂ ਵੱਲੋਂ ਉਹ ਸੱਚਾਈ ਤੋਂ ਕੋਹਾਂ ਦੂਰ ਹੈ । ਜਦ ਮੈਂ ਪਹਿਲੀ ਵਾਰ ਪੜ੍ਹਿਆ ਕਿ ਸਿੱਖਾਂ ਦਾ ਮੁੱਖ ਮਕਸਦ ਭਾਰਤ ਨੂੰ ਮੁਸਲਮਾਨਾਂ ਤੋਂ ਆਜ਼ਾਦ ਕਰਾਉਣਾ ਸੀ ਤਾਂ ਨਾ ਕੇਵਲ ਮੈਨੂੰ ਹਾਸਾ ਆਇਆ ਬਲਕਿ ਹੈਰਾਨੀ ਵੀ ਹੋਈ ਕਿ ਸਿੱਖਾਂ ਪ੍ਰਤੀ ਕੀ ਕੁਝ ਬੋਲਿਆ ਤੇ ਲਿਖਿਆ ਜਾ ਰਿਹਾ ਹੈ । ਇਸ ਦਾ ਜ਼ਿਆਦਾ ਪ੍ਰਚਾਰ ਇੰਟਰਨੈੱਟ ਤੇ ਹੋ ਰਿਹਾ ਹੈ, ਉਨ੍ਹਾਂ ਲੋਕਾਂ ਵੱਲੋਂ ਜੋ ਸਿੱਖੀ ਤੋਂ ਕੋਹਾਂ ਦੂਰ ਨੇ ।
ਜਦੋਂ ਵੀ ੧੯੮੦ ਜਾਂ ੯੦ ਦੇ ਦਹਾਕਿਆਂ ਦੀ ਗੱਲ ਹੁੰਦੀ ਹੈ ਤਾਂ ਆਪਣਾ ਪਿਛੋਕੜ ਸਾਹਮਣੇ ਆ ਜਾਂਦਾ ਹੈ । ਓਦੋਂ ਵੀ ਹਾਲਾਤ ਉਸ ਤਰ੍ਹਾਂ ਦੇ ਹੀ ਸਨ ਜਦ ਸ਼ਾਸਕ ਸਿੱਖਾਂ ਦੇ ਖ਼ੂਨ ਦੇ ਪਿਆਸੇ ਬਣ ਗਏ ਸਨ । ਅੱਜ ਦੇ ਸਮੇਂ 'ਚ ਜੇਕਰ ਪੁਰਾਤਨ ਸ਼ਹੀਦਾਂ ਦੀ ਗੱਲ ਕਰਕੇ ਦੱਸਿਆ ਜਾਵੇ ਕੇ ੯੦ ਦੇ ਦਹਾਕਿਆਂ 'ਚ ਸਿੱਖਾਂ ਵੱਲੋਂ ਕੀਤਾ ਸੰਘਰਸ਼ ਸਹੀ ਸੀ ਤਾਂ ਇਹ ਕਹਿ ਕੇ ਗ਼ਲਤ ਸਿੱਧ ਕੀਤਾ ਜਾਂਦਾ ਹੈ ਕਿ ਓਦੋਂ ਸਮਾਂ ਕੁਝ ਹੋਰ ਸੀ । ਇਹੀ ਲੋਕ ਜਦ ਆਪਣੀ ਇੱਜ਼ਤ/ਹੋਂਦ ਤੇ ਆ ਬਣੀ ਸੀ ਤਦ ਸਿੱਖਾਂ ਨੂੰ ਦਹਾਈਆਂ ਪਾ ਰਹੇ ਸਨ । ਜੋ ਵੀ ਨਾਟਕ ਖੇਡਿਆ ਜਾ ਰਿਹਾ ਹੈ ਇਹ ਰਾਸ਼ਟਰਵਾਦ ਅਤੇ ਦੇਸ਼-ਭਗਤੀ ਦੇ ਨਾਂ ਹੇਠ ਕੀਤਾ ਜਾ ਰਿਹਾ ਹੈ । ਰਾਸ਼ਟਰਵਾਦ ਨੇ ਅਜਿਹਾ ਮਨ ਤੇ ਅਸਰ ਕੀਤਾ ਹੈ ਕਿ ਫ਼ੌਜੀਆਂ ਤੇ ਪੁਲੀਸ ਵੱਲੋਂ ਨਿਰਦੋਸ਼ ਲੋਕਾਂ ਦੇ ਕਤਲ ਕੀਤੇ ਦਿਖਾਈ ਨਹੀਂ ਦਿੰਦੇ ।
ਹੁਣ ਜਦੋਂ ਇਹ ਪ੍ਰਚਾਰ ਜ਼ੋਰਾਂ ਤੇ ਹੈ ਕਿ ਸਿੱਖਾਂ ਨੇ ਪੁਰਾਣੇ ਸਮੇਂ 'ਚ ਹਥਿਆਰ ਮੁਸਲਮਾਨਾਂ ਖ਼ਿਲਾਫ਼ ਚੁੱਕੇ ਸੀ ਤਦ ਕਿਸ ਤਰ੍ਹਾਂ ਇਹ ਲੋਕ ਨਿਰਦੋਸ਼ ਸਿੱਖਾਂ ਦੇ ਕਤਲ ਨੂੰ ਗ਼ਲਤ ਕਹਿ ਸਕਦੇ ਨੇ । ਇਨ੍ਹਾਂ ਕਈਆਂ ਲਈ ਤਾਂ 'ਹਿੰਦੂ ਹਿੰਦੀ ਤੇ ਹਿੰਦੋਸਤਾਨ' ਦੇ ਨਾਅਰੇ ਹੀ ਕਾਫ਼ੀ ਨੇ ਕਿਉਂਕਿ ਸੱਤਾ 'ਚ ਬੈਠ ਕੇ ਆਨੰਦ ਮਾਣਨਾ ਬਹੁਤ ਆਸਾਨ ਹੁੰਦਾ ਹੈ, ਪਰ ਸਿਰ ਦੇਣ ਵੇਲੇ ਸਿੱਖਾਂ ਦੇ ਸਿਰ ਚਾਹੀਦੇ ਹੁੰਦੇ ਨੇ ।
ਇਹ ਇਤਿਹਾਸ ਹੈ ਸਿੰਘਾਂ ਸੂਰਬੀਰਾਂ ਦਾ
ਉਨ੍ਹਾਂ ਉਚ ਕੋਟੀ ਦੇ ਪੀਰਾਂ ਦਾ
ਜਿਨ੍ਹਾਂ ਦੇ ਕੇ ਬਾਣੀ ਅਕਾਲ ਦੀ
ਸਜਾਈ ਇੱਕ ਕੌਮ ਮਹਾਨ ਜੀ
ਹੁਣ ਵੱਧਗੇ ਬਹੁਤ ਨੇ ਪੰਥ ਵਿਰੋਧੀ
ਜੋ ਕਰਨਗੇ ਗੱਲ ਕੌਮ ਵਿਰੋਧੀ
ਸ਼ਸਤਰ ਤੇ ਗੁਰਬਾਣੀ ਨਾਲ
ਮੋੜਾਂਗੇ ਭਾਜੀ ਵਿਆਜ ਨਾਲ
ਜੁੜਨਗੇ ਸਾਰੇ ਸਿੱਖੀ ਨਾਲ
ਬਾਕੀ ਰੋਣਗੇ ਸਲੀਕੇ ਨਾਲ
ਚੱਲੀਏ ਆਪਾਂ ਸਾਰੇ ਉਸ ਗੁਰੂ ਦੇ ਕੋਲ
ਜੋ ਅੱਜ ਵੀ ਉਡੀਕੇ ਬਾਹਾਂ ਖੋਲ
ਬਾਣੀ ਤੇ ਬਾਣਾ ਦੋਵੇਂ ਹੀ ਜ਼ਰੂਰੀ
ਬਿਨ ਇਸ ਤੋਂ ਕੌਮ ਆਪਣੀ ਅਧੂਰੀ
ਤਾਂਈਓ ਤਾਂ ਇਹ ਦੋ ਹੀ ਚੀਜ਼ਾਂ
ਚੁਣੀਆਂ ਪੰਥ ਵਿਰੋਧੀਆਂ ਨੇ
ਪਤਾ ਉਨ੍ਹਾਂ ਨੂੰ ਵੀ ਹੈ ਇਸ ਗੱਲ ਦਾ
ਇਹ ਕਿੰਨੀਆਂ ਸਿੰਘਾਂ ਲਈ ਜ਼ਰੂਰੀ ਨੇ
ਸੋਚੋ ਵੀਰੋ ਕਦੇ ਤਾਂ ਬਹਿ ਕੇ
ਕਿਉਂ ਖੜਾਉਣਾ ਚਾਹੁੰਦੇ ਉਸ ਰਾਹ ਤੇ
ਜਿਥੇ ਬਸ ਹੈ ਕੰਢੇ ਬਿਨ ਬਾਣੀ
ਓਥੇ ਮਰਾਂਗੇ ਜਿਵੇਂ ਮਛਲੀ ਬਿਨ ਪਾਣੀ
ਸੇਧਾਂ ਆਪਾਂ ਲੈਣੀਆਂ ਇਤਿਹਾਸ ਤੋਂ
ਜੋ ਬੀਤ ਚੁੱਕਾਂ ਹੈ ਆਪਣੇ ਤੋਂ
ਉਹੀ ਅੱਗੇ ਓਨ੍ਹਾਂ ਨੇ ਕਰਨਾ
ਤਾਹੀਓ ਰੋਕਣ ਇਤਿਹਾਸ ਨੂੰ ਪੜ੍ਹਨਾ
ਪਤਾ ਇਨ੍ਹਾਂ ਨੂੰ ਵੀ ਹੈ ਇਹ
ਲੰਘਾਉਣੇ ਓਸੇ ਰਾਹ ਤੋਂ ਇਹ
ਜੋ ਹੈ ਖਾਲਸੇ ਦਾ ਮਿੱਤਰ
ਰੱਖੀਏ ਯਾਦ ਉਸਨੂੰ ਦਿਲ ਅੰਦਰ
ਜੋ ਸਿੱਖੀ ਤੇ ਕਰਨ ਹਮਲੇ
ਉਹ ਤੇਗਾਂ ਦੇ ਘਾਟ ਉਤਰਨੇ
ਮੇਰੀ ਅਰਦਾਸ ਸੁਣੋ ਖਾਲਸਾ ਜੀ
ਕਰੋ ਕ੍ਰਿਪਾ 'ਅਨਪੜ੍ਹ ਬਾਬੇ' ਤੇ ਜੀ ।
ਤੀਜਾ ਕਾਰਣ ਜੋ ਲਗਦਾ ਹੈ ਓਹ ਹੈ ਸ਼ਕਤੀ ਨੂੰ ਨਿਕਾਰਨਾ । ਗੁਰੂ ਨਾਨਕ ਦੇ ਘਰ 'ਚ ਸ਼ਕਤੀ ਹੀ ਸ਼ਕਤੀ ਹੈ । ਜਿਥੇ ਪ੍ਰਮਾਤਮਾ ਖ਼ੁਦ ਹੈ ਓਥੇ ਉਸਦੀ ਸ਼ਕਤੀ ਨਾ ਹੋਵੇ ਏਦਾਂ ਨਹੀਂ ਹੋ ਸਕਦਾ । ਜਦ ਵੀ ਆਪਾਂ ਪੁਰਾਤਨ ਸਮੇਂ 'ਚ ਲਿਖੇ ਗ੍ਰੰਥ ਪੜ੍ਹਦੇ ਹਾਂ ਤਾਂ ਪਤਾ ਚਲਦਾ ਹੈ ਕਿ ਬਹੁਤੇ ਗ੍ਰੰਥਾਂ 'ਚ ਕਲਾ ਵਰਤਣੀ ਲਿਖੀ ਹੋਈ ਹੈ । ਇਹ ਚੀਜ਼ ਹੀ ਕੁਝ ਪੰਥ ਦੇ ਗੱਦਾਰਾਂ ਨੂੰ ਚੰਗੀ ਨਹੀਂ ਲੱਗਦੀ । ਜੋ ਵੀ ਇਤਿਹਾਸ ਨੂੰ ਨਹੀਂ ਮੰਨੇਗਾ ਓਹ ਸ਼ਕਤੀ ਨੂੰ ਵੀ ਨਹੀਂ ਮੰਨੇਗਾ । ਤੇ ਜਦ ਗੁਰਬਾਣੀ ਦੇ ਲਿਖੇ ਹੋਏ ਵਾਕਾਂ ਦੇ ਅਨੁਸਾਰ ਸ਼ਕਤੀ ਦੀ ਗੱਲ ਹੋਵੇ ਉਹ ਵੀ ਨਿਕਾਰ ਦਿੱਤੀ ਜਾਵੇਗੀ । ਹੁਣ ਤਾਂ ਸਮਾਂ ਏਨਾ ਭਿਆਨਕ ਆ ਗਿਆ ਹੈ ਕਿ ਲੋਕਾਂ ਨੇ ੮੪ ਦੇ ਗੇੜ ਨੂੰ ਹੀ ਖ਼ਤਮ ਕਰ ਦਿੱਤਾ ਹੈ ਤੇ ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਇਹ ਤਾਂ ਬਸ ਮਨ ਦੀ ਹੀ ਅਵਸਥਾ ਹੈ । ਜਿਵੇਂ ਜਦ ਇਕ ਇਨਸਾਨ ਗ਼ਲਤ ਮਲਤ ਬੋਲਦਾ ਹੈ ਤਾਂ ਉਹ ਭੌਂਕ ਰਿਹਾ ਹੁੰਦਾ ਹੈ ਸੋ ਉਹ ਇਕ ਕੁੱਤੇ ਦੀ ਜੂਨੀ 'ਚ ਹੈ । ਇਸ ਤਰ੍ਹਾਂ ਦਾ ਪ੍ਰਚਾਰ ਬਹੁਤ ਜ਼ੋਰਾਂ ਤੇ ਹੈ ਅੱਜ ਕੱਲ ।
ਸਿੰਘਾਂ ਵੱਲੋਂ ਕੀਤੇ ਹੋਏ ਅਭਿਆਸ ਇਸ ਗੱਲ ਦੀ ਗਵਾਹੀ ਭਰਦੇ ਨੇ ਕਿ ਪ੍ਰਮਾਤਮਾ ਦਾ ਸਿਮਰਨ ਕਰਕੇ ਇਨਸਾਨ ਨੂੰ ਸਭ ਕੁਝ ਦਿਖਣ ਲੱਗ ਜਾਂਦਾ ਹੈ, ਸਾਰੀਆਂ ਸ਼ਕਤੀਆਂ ਕੋਲ ਆ ਕਰ ਖੜ੍ਹੀਆਂ ਹੋ ਜਾਂਦੀਆਂ ਨੇ, ਉਹ ਪਰਮ ਜੋਤਿ ਦਿੱਖ ਜਾਂਦੀ ਹੈ, ਗੁਰੂ ਸਾਹਿਬਾਨਾਂ ਦੇ ਦਰਸ਼ਨ ਹੋ ਜਾਂਦੇ ਨੇ, ਅੰਤਰਯਾਮਤਾ ਹੋ ਜਾਂਦੀ ਹੈ, ਉਹ ਸਾਰੀਆਂ ਚੀਜ਼ਾਂ ਜਿਸ ਬਾਰੇ ਗੁਰਬਾਣੀ ਜ਼ਿਕਰ ਕਰਦੀ ਹੈ ਪ੍ਰਤੱਖ ਹੋ ਜਾਂਦੀਆਂ ਨੇ । ਜੋ ਇਨ੍ਹਾਂ ਤੋਂ ਇਨਕਾਰੀ ਹੁੰਦਾ ਹੈ ਉਹ ਨਾ ਹੀ ਅੰਮ੍ਰਿਤ ਵੇਲਾ ਮੰਨਦਾ ਹੈ, ਨਾ ਹੀ ਇਤਿਹਾਸ, ਨਾ ਹੀ ਸ਼ਕਤੀ । ਉਸ ਲਈ ਸਿਰਫ਼ ਜੋ ਦਿਮਾਗ਼ ਨਾਲ ਸੋਚੀ ਚੀਜ਼ ਸੰਭਵ ਹੋ ਸਕੇ ਓਹੀ ਸਹੀ ਹੈ ।
ਅੱਜ ਤੋਂ ਕੋਈ ੨੦ ਹਜ਼ਾਰ ਸਾਲ ਪਹਿਲਾਂ ਦੇ ਸਮੇਂ ਰਹਿ ਰਹੇ ਲੋਕਾਂ ਨੂੰ ਜੇਕਰ ਕੋਈ ਕਹਿੰਦਾ ਕਿ ਆਸਮਾਨ ਤੱਕ ਇਨਸਾਨ ਉਡਾਰੀ ਲਾ ਸਕਦਾ ਹੈ ਜਾਂ ਇਕ ਚਾਰ ਪਹੀਆਂ ਵਾਲੇ ਵਾਹਨ 'ਚ ਬੈਠ ਕਰਕੇ ਬਿਨਾਂ ਜਾਨਵਰਾਂ ਤੋਂ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਜਾਇਆ ਜਾ ਸਕਦਾ ਹੈ ਤਾਂ ਉਨ੍ਹਾਂ ਸ਼ਾਇਦ ਇਸਦਾ ਵਿਸ਼ਵਾਸ ਨਹੀਂ ਕਰਨਾ ਸੀ । ਸਾਇੰਸ ਇਕ ਅਜਿਹੀ ਚੀਜ਼ ਹੈ ਜੋ ਕਦੇ ਵੀ ਸਥਿਰ ਨਹੀਂ ਰਹੀ । ਸਮੇਂ ਅਨੁਸਾਰ ਬਹੁਤ ਸਾਰੀਆਂ ਕਾਢਾਂ ਕੱਢੀਆਂ ਜਾ ਰਹੀਆਂ ਨੇ । ਜੋ ਕੁਝ ਅੱਜ ਨਾ-ਮੁਮਕਨ ਜਾਪਦਾ ਹੈ ਉਹ ਕੱਲ ਸ਼ਾਇਦ ਸਾਹਮਣੇ ਆ ਖੜ੍ਹਾ ਹੋਵੇ । ਪਰ ਸਾਇੰਸ ਤੋਂ ਵੀ ਉੱਤੇ ਇਕ ਚੀਜ਼ ਹੈ ਉਹ ਹੈ ਸਿਮਰਨ, ਜਿਸ ਵਿੱਚ ਆਪਣੇ ਅੰਦਰ ਝਾਤੀ ਮਾਰ ਕੇ ਇਨਸਾਨ ਨੂੰ ਉਹ ਪਰਮ ਜੋਤਿ ਦਿੱਖਦੀ ਹੈ । ਸਾਇੰਸ ਜਿੰਨੀ ਮਰਜ਼ੀ ਤਰੱਕੀ ਕਰ ਲਵੇ ਪਰ ਕੁਝ ਚੀਜ਼ਾਂ ਤੋਂ ਹਮੇਸ਼ਾ ਸੱਖਣੀ ਰਹੇਗੀ । ਜੇਕਰ ਕੋਈ ਅਣੂਆਂ ਨੂੰ ਦੇਖਣ ਲਈ ਦੂਰਬੀਨ ਦੀ ਵਰਤੋਂ ਕਰੇ ਤਾਂ ਇਹ ਉਸ ਇਨਸਾਨ ਦੀ ਇੱਕ ਭੁੱਲ ਹੈ । ਉਸੇ ਤਰ੍ਹਾਂ ਉਸ ਪਰਮ ਜੋਤਿ ਨੂੰ ਦੇਖਣ ਲਈ ਜਾਂ ਅਦਿੱਖ ਦੁਨੀਆਂ ਦੇਖਣ ਲਈ ਜੇਕਰ ਕੋਈ ਸਾਇੰਸ ਦਾ ਕੋਈ ਯੰਤਰ ਵਰਤੇ ਤਾਂ ਇਹ ਗ਼ਲਤ ਹੋਵੇਗਾ ।
ਸਿੱਖਾਂ ਨੂੰ ਇਹ ਸਿਖਾਇਆ ਜਾ ਰਿਹਾ ਹੈ ਕਿ ਗੁਰਬਾਣੀ 'ਚ ਕੋਈ ਵੀ ਸ਼ਕਤੀ ਨਹੀਂ ਹੈ, ਸਿਮਰਨ 'ਚ ਕੋਈ ਵੀ ਸ਼ਕਤੀ ਨਹੀਂ ਹੈ । ਸਮੇਂ ਦੇ ਸ਼ਾਸਕਾਂ ਨੇ ਇਹ ਬੁੱਝ ਲਿਆ ਹੈ ਕਿ ਗੁਰਬਾਣੀ ਤੋਂ ਸਿੰਘਾਂ ਨੇ ਕਿੰਨੀ ਸ਼ਕਤੀ ਹਾਸਿਲ ਕੀਤੀ । ੧੯੮੦ ਦੇ ਦਹਾਕਿਆਂ ਬਾਅਦ ਗੁਰਬਾਣੀ ਦੇ ਉਲਟ ਜ਼ਿਆਦਾ ਪ੍ਰਚਾਰ ਕੀਤਾ ਗਿਆ ਤਾਂ ਕਿ ਸਿੱਖ ਏਨਾਂ ਉਲਝਣਾ 'ਚ ਫੱਸ ਕੇ ਰਹਿ ਜਾਣ । ਪਰ ਕੀ ਪਤਾ ਇਨ੍ਹਾਂ ਅਕਲ ਦੇ ਮਾਰਿਆ ਨੂੰ ਕਿ ਇਸ ਪੰਥ ਨੂੰ ਤਾਂ ਜਦ ਹਰ ਰੋਜ ਸੌਆਂ ਦੀ ਗਿਣਤੀ 'ਚ ਮਾਰਿਆ ਜਾਂਦਾ ਸੀ ਇਹ ਤਾਂ ਤਦ ਨੀ ਮਰੇ, ਬਾਕੀ ਰਹਿੰਦੀ ਖੁੰਦੀ ਕਸਰ ੧੯੮੪ ਦੇ ਸਿੱਖ-ਵਿਰੋਧੀ ਕਤਲੇਆਮ 'ਚ ਵੀ ਕਰਕੇ ਦੇਖ ਲਈ, ਫਿਰ ਵੀ ਕੁਝ ਵਿਗਾੜ ਨਹੀਂ ਸਕੇ ।
ਜਿਹੜੇ ਕੌਮ ਨੂੰ ਪਿਆਰ ਕਰਨ ਵਾਲੇ ਨੇ ਉਹ ਤਾਂ ਸਦਾ ਹੀ ਮਰਯਾਦਾ 'ਤੇ ਡੱਟ ਕੇ ਪਹਿਰਾ ਦੇਂਦੇ ਰਹਿਣਗੇ । ਰਹਿ ਗਈ ਗੱਲ ਇਨ੍ਹਾਂ ਗੁਰ ਨਿੰਦਕਾਂ ਦੀ ਤਾਂ ਇਹ ਬਸ ਕਈ ਲੋਕਾਂ ਨੂੰ ਆਪਣੇ ਮਗਰ ਲਗਾ ਸਕਦੇ ਨੇ, ਪਰ ਸਿੱਖੀ ਦੇ ਅਸੂਲ ਨਹੀਂ ਬਦਲ ਸਕਦੇ । ਆਪਣੇ ਵੱਲੋਂ ਨਵਾਂ ਧਰਮ ਵੀ ਚਲਾ ਸਕਦੇ ਨੇ, ਨਵੀਆਂ ਮਰਯਾਦਾਵਾਂ ਵੀ ਬਣਾ ਸਕਦੇ ਨੇ, ਪਰ ਪੁਰਾਤਨ ਮਰਯਾਦਾ ਗੁਰੂ ਸਾਹਿਬ ਵੱਲੋਂ ਦੱਸੀ ਹੋਈ ਬਦਲ ਨਹੀਂ ਸਕਦੇ ।
ਸੂਰਜ ਪ੍ਰਕਾਸ਼ ਗ੍ਰੰਥ ਜਾਂ ਪੰਥ ਪ੍ਰਕਾਸ਼ ਤੇ ਕੁਝ ਕੁ ਪੰਥ ਦੇ ਵਿਰੋਧੀਆਂ ਨੇ ਬਹੁਤ ਜ਼ਿਆਦਾ ਰੌਲਾ ਪਾਇਆ ਹੋਇਆ ਹੈ । ਜੋ ਲੋਕਾਂ ਨੂੰ ਸ਼ਾਇਦ ਕਾਵਿ ਜਾਂ ਪਿੰਗਲ ਦਾ ਕੋਈ ਗਿਆਨ ਨਹੀਂ ਹੋਵੇਗਾ ਉਹ ਉੱਠ ਕੇ ਹੁਣ ਦੱਸਣਗੇ ਇਨ੍ਹਾਂ ਗ੍ਰੰਥਾਂ ਬਾਰੇ । ਜੇਕਰ ਕੁਝ ਗੁਰਬਾਣੀ ਦੇ ਅਨੁਕੂਲ ਗੱਲਾਂ ਨਹੀਂ ਹਨ ਇਤਿਹਾਸਿਕ ਗ੍ਰੰਥਾਂ 'ਚ ਤਾਂ ਉਹ ਨਾ ਪੜ੍ਹੋ, ਪਰ ਪੂਰਾ ਇਤਿਹਾਸ ਹੀ ਨਿਕਾਰ ਦੇਣਾ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ । ਜੋ ਇਨ੍ਹਾਂ ਗ੍ਰੰਥਾਂ ਨੂੰ ਨਿੰਦਦਾ ਹੈ ਉਹ ਭਾਈ ਗੁਰਦਾਸ ਜੀ ਦੀਆਂ ਵਾਰਾਂ ਬਾਰੇ ਵੀ ਆਪਣੀ ਸਹਿਮਤੀ ਨਹੀਂ ਦਿੰਦਾ । ਇਸਦਾ ਮੂਲ ਕਾਰਣ ਜੋ ਮੈਨੂੰ ਜਾਪਦਾ ਹੈ ਉਹ ਇਹ ਹੈ ਕਿ ਲੋਕਾਂ ਵੱਲੋਂ ਗੁਰ ਸਾਹਿਬਾਨਾਂ ਦੀ ਹੋਂਦ ਨੂੰ ਮਿਟਾਉਣ ਦਾ ਯਤਨ ਕੀਤਾ ਜਾ ਰਿਹਾ ਹੈ । ਇਤਿਹਾਸ ਨੂੰ ਮਿਥਿਹਾਸ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।
ਨਿੰਦਕਾਂ ਨੇ ਇਹ ਵੀ ਪ੍ਰਚਾਰ ਬਹੁਤ ਕੀਤਾ ਹੈ ਕਿ ਇਹ ਗ੍ਰੰਥ ਤਾਂ ਜੀ ਨਿਰਮਲੇ ਸਾਧਾਂ ਵੱਲੋਂ ਲਿਖੇ ਗਏ ਨੇ ਜਾਂ ਨਿਰਮਲਿਆਂ ਕੋਲੋਂ ਪੜ੍ਹੇ ਲੋਕਾਂ ਨੇ ਲਿਖੇ ਨੇ ਸੋ ਇਹ ਠੀਕ ਨਹੀਂ ਹੈ । ਕਿੰਨੀ ਹੀ ਵੱਡੀ ਮੂਰਖ਼ਤਾ ਦੀ ਨਿਸ਼ਾਨੀ ਹੈ ਇਹ । ਚਾਹੇ ਕੋਈ ਵੀ ਸੰਪਰਦਾ 'ਚ ਪੜ੍ਹਿਆਂ ਹੋਵੇ ਨੌਜਵਾਨ, ਜੇਕਰ ਉਸਦੀ ਖੋਜ ਨੂੰ ਸਿਰਫ਼ ਇਸ ਲਈ ਗ਼ਲਤ ਕਹਿਣਾ ਹੈ ਕਿ ਉਹ ਇਕ ਖ਼ਾਸ ਜਗ੍ਹਾ ਤੋਂ ਪੜ੍ਹਿਆ ਹੋਇਆ ਹੈ ਤਾਂ ਇਹ ਉਨ੍ਹਾਂ ਦੀ ਮੂਰਖ਼ਤਾ ਹੈ । ਕਈ ਮੁਸਲਮਾਨਾਂ, ਹਿੰਦੂਆਂ ਤੇ ਈਸਾਈਆਂ ਨੇ ਵੀ ਸਿੱਖ ਸਾਹਿਤ ਬਾਰੇ ਲਿਖਿਆ ਹੈ, ਕੀ ਆਪਾਂ ਇਨ੍ਹਾਂ ਸਾਰਿਆਂ ਨੂੰ ਇਸ ਲਈ ਨਿਕਾਰ ਦੇਣਾ ਹੈ ਕਿਉਂਕਿ ਇਹ ਸਿੱਖ ਨਹੀਂ ? ਨਾਲੇ ਨਿਰਮਲੇ ਤਾਂ ਹੈ ਹੀ ਸਿੱਖ ਨੇ, ਉਨ੍ਹਾਂ ਵੱਲੋਂ ਲਿਖਿਆ ਇਤਿਹਾਸ ਕਿਉਂ ਨਾ ਪੜ੍ਹੀਏ ਬਈ ਆਪਾਂ ।
ਇਤਿਹਾਸ ਹੀ ਆਪਾਂ ਨੂੰ ਬੀਤੇ ਹੋਏ ਸਮੇਂ ਬਾਰੇ ਦੱਸ ਸਕਦਾ ਹੈ । ਇਹੀ ਚੀਜ਼ ਲੋਕਾਂ ਨੂੰ ਚੰਗੀ ਨਹੀਂ ਲੱਗਦੀ । ਕਈ ਇਹ ਵੀ ਪ੍ਰਚਾਰ ਕਰ ਰਹੇ ਨੇ ਕਿ ਗੁਰਬਾਣੀ ਤੇ ਇਤਿਹਾਸ 'ਚ ਅੰਗਰੇਜ਼ਾਂ ਨੇ ਰਲਾ ਪਾ ਦਿੱਤਾ ਸੀ ਜੋ ਸਿੱਖਾਂ ਨੂੰ ਹਿੰਦੂਆਂ ਤੋਂ ਅਲੱਗ ਕਰਦਾ ਹੈ । ਇਹ ਵਿਚਾਰੇ ਨਾ ਹੀ ਜ਼ਿਆਦਾ ਪੜ੍ਹੇ ਲਿਖੇ ਹੁੰਦੇ ਨੇ ਤੇ ਨਾ ਹੀ ਖੋਜੀ ਬਿਰਤੀ ਵਾਲੇ । ਇਨ੍ਹਾਂ ਨੂੰ ਤਾਂ ਬਸ ਪੈਸੇ ਦੀ ਭੁੱਖ ਹੁੰਦੀ ਹੈ ਜਿਸ ਕਾਰਣ ਇਹ ਸਭ ਕੁਝ ਕਰ ਰਹੇ ਨੇ । ਅੰਗਰੇਜ਼ਾਂ ਨੂੰ ਕੋਈ ਹੋਰ ਕੰਮ ਨਾ ਰਹਿ ਕੇ ਇਹੀ ਰਹਿ ਗਿਆ ਹੋਵੇਗਾ ਕਿ ਸਿੱਖਾਂ ਨੂੰ ਹਿੰਦੂਆਂ ਤੋਂ ਅਲੱਗ ਕਰ ਦੇਵੋ । ਨਾਲੇ ਇਹ ਸਿੱਖਾਂ ਲਈ ਹੀ ਕਿਉਂ ਸੀ ਬਾਕੀ ਕੌਮਾਂ ਲਈ ਕਿਉ ਨਹੀਂ ? ਹਾਲਾਂਕਿ ਕਈ ਸੱਜਣਾਂ ਤੋਂ ਇਹ ਸੁਣਿਆਂ ਹੈ ਕਿ ਰਾਗਮਾਲਾ ਨੂੰ ਗੁਰੂ-ਕ੍ਰਿਤ ਨਾ ਸਾਬਿਤ ਕਰਨ ਲਈ ਅੰਗਰੇਜ਼ਾਂ ਨੇ ਪੈਸੇ ਦਿੱਤੇ ਸਨ । ਪਰ ਸਿੱਖਾਂ ਨੂੰ ਹਿੰਦੂਆਂ ਤੋਂ ਵੱਖਰੀ ਕੌਮ ਦਾ ਤਾਂ ਓਨ੍ਹਾਂ ਲੋਕਾਂ ਨੇ ਜ਼ਿਆਦਾ ਰੌਲਾ ਪਾਇਆ ਹੈ ਜੋ ਸਿੱਖਾਂ ਦੀ ਵੱਖਰੀ ਪਛਾਣ ਤੋਂ ਡਰਦੇ ਨੇ ।
੨੦ਵੀਂ ਸਦੀ ਦੇ ਸ਼ੁਰੂਆਤ 'ਚ ਕਈ ਸੱਜਣਾਂ ਨੇ ਆਪਣੀ ਲੇਖਣੀ ਨਾਲ ਭੁੱਲ ਚੁੱਕੇ ਲੋਕਾਂ ਨੂੰ ਸਹੀ ਰਾਹ ਤੇ ਫਿਰ ਤੋਰਿਆ । ਭਾਈ ਵੀਰ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਇਤਿਆਦਿ ਕਈ ਸਿੱਖਾਂ ਨੇ ਗੁਰ-ਨਿੰਦਕਾਂ ਦੇ ਮੂੰਹ ਭੰਨ ਦਿੱਤੇ ਆਪਣੇ ਗਿਆਨ ਨਾਲ । ਇਸ ਸਮੇਂ 'ਚ ਰਹਿ ਰਹੇ ਗੁਰ-ਨਿੰਦਕਾਂ ਨੇ ਓਨ੍ਹਾਂ ਸਿੱਖਾਂ ਨੂੰ ਵੀ ਨਿੰਦਣਾ ਸ਼ੁਰੂ ਕਰ ਦਿੱਤਾ ਹੈ ਜਿਸਦਾ ਕਾਰਣ ਓਨ੍ਹਾਂ ਦਾ ਇਤਿਹਾਸ 'ਚ ਵਿਸ਼ਵਾਸ ਸੀ । ਨਾ ਹੀ ਸਿਰਫ਼ ਇਤਿਹਾਸ ਬਲਕਿ ਗੁਰਬਾਣੀ ਵੀ । ਕਿੰਨੇ ਹੀ ਐਸੇ ਸਿੱਖ ਸਨ ਜਿਨ੍ਹਾਂ ਨੇ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਗੁਰੂ-ਕ੍ਰਿਤ ਮੰਨਿਆ । ਤੁਸੀਂ ਦੇਖੋਗੇ ਆਉਣ ਵਾਲੇ ਸਮੇਂ 'ਚ ਉਹ ਸਾਰੇ ਲੋਕ ਹੀ ਨਿੰਦੇ ਜਾਣਗੇ ਜੋ ਦਸਮ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਮੰਨਦੇ ਨੇ ।
ਸੋ ਕਹਿਣ ਦਾ ਭਾਵ ਇਹ ਹੈ ਕਿ ਕਿਸੇ ਵੀ ਕੌਮ ਦਾ ਇਤਿਹਾਸ ਸਾਂਭਣ ਦਾ ਕੰਮ ਲੇਖਕਾਂ ਦਾ ਹੁੰਦਾ ਹੈ, ਜੋ ਖੋਜੀ ਬਿਰਤੀ ਵਾਲਾ ਹੋਵੇ । ਅੱਜ ਦੇ ਸਮੇਂ 'ਚ ਵੀ ਬਹੁਤ ਚੰਗੇ ਲੇਖਕ ਨੇ ਜੋ ਸਿੱਖੀ ਲਈ ਕੰਮ ਕਰ ਰਹੇ ਹਨ । ਕਈ ਦੇਸ਼ ਦੀਆਂ ਲਹਿਰਾਂ ਨਾਲ ਜੁੜੇ ਹੋਏ ਲੋਕਾਂ ਨੇ ਵੀ ਸਿੱਖਾਂ ਦੇ ਇਤਿਹਾਸ ਬਾਰੇ ਬਹੁਤ ਕੁਝ ਲਿਖਿਆ । ਭਾਰਤ 'ਚ ਨਕਸਲਵਾਦ ਨਾਲ ਜੁੜੇ ਕਈ ਸਿੱਖ ਵੀ ਸਾਹਮਣੇ ਆਏ ਜਿਨ੍ਹਾਂ ਨੇ ਆਪਣੀ ਲੇਖਣੀ ਨਾਲ ਮੂੰਹ ਤੋੜ ਜਵਾਬ ਦਿੱਤੇ ਪੰਥ ਦੇ ਵਿਰੋਧੀਆਂ ਨੂੰ । ਸ: ਅਜਮੇਰ ਸਿੰਘ ਹੋਣਾ ਦਾ ਨਾਂ ਬਹੁਤ ਵਾਰ ਲਿੱਤਾ ਜਾਂਦਾ ਹੈ ਜਦੋਂ ਵੀ ਅਜੋਕੇ ਸਮੇਂ 'ਚ ਇੱਕ ਸਿੱਖ ਚਿੰਤਕ ਦੀ ਗੱਲ ਕੀਤੀ ਜਾਂਦੀ ਹੈ । ਮੈਨੂੰ ਯਾਦ ਹੈ ਜਦ ਮੈਂ ਪਹਿਲੀ ਵਾਰ ਸੁਣੀ ਸੀ ਸ: ਅਜਮੇਰ ਹੋਣਾ ਦੀ ਸਪੀਚ ਤਾਂ ਮੈਂ ਕੀਲਿਆ ਗਿਆ ਸੀ । ਮੈਨੂੰ ਇੰਝ ਮਹਿਸੂਸ ਹੋਇਆ ਸੀ ਕਿ ਆਪਣੇ ਪੰਥ 'ਚ ਅੱਜ ਵੀ ਕਈ ਮਹਾਨ ਲੇਖਕ ਨੇ । ਮੈਨੂੰ ੨੦ਵੀਂ ਸਦੀ ਦੇ ਕਈ ਲੇਖਕਾਂ ਦੀਆਂ ਪੁਸਤਕਾਂ ਪੜ੍ਹਨ ਦਾ ਮੌਕਾ ਮਿਲਿਆ ਜਿਸਨੂੰ ਪੜ੍ਹ ਕੇ ਮਨ ਦੀ ਤਸੱਲੀ ਹੋ ਜਾਂਦੀ ਹੈ । ਮੈਨੂੰ ਇਉਂ ਜਾਪਣ ਲੱਗਾ ਕੇ ਹੁਣ ਵੀ ਪੰਥ 'ਚ ਕਈ ਓਹੋ ਜੇ ਸਿੱਖ ਮੌਜੂਦ ਨੇ । ਇਥੇ ਗੱਲ ਸਿੱਖ ਪ੍ਰਚਾਰਕਾਂ ਦੀ ਨਹੀਂ ਹੋ ਰਹੀ, ਕਿਉਂਕਿ ਐਸ ਸਮੇਂ ਵੀ ਬਹੁਤ ਹੀ ਸੁੰਦਰ ਕਥਾ ਕਰਨ ਵਾਲੇ ਸਿੰਘ ਮੌਜੂਦ ਨੇ । ਇਥੇ ਗੱਲ ਹੈ ਲੇਖਕਾਂ ਦੀ ।
ਬਹੁਤ ਸਾਰੀਆਂ ਵੀਡੀਉ ਦੇਖਣ ਤੋਂ ਬਾਅਦ ਮੈਂ ਇਹ ਸਮਝ ਗਿਆ ਸੀ ਕਿ ਸ: ਅਜਮੇਰ ਸਿੰਘ ਹੋਣੀ ਬਹੁਤ ਹੀ ਸੁਲਝੇ ਹੋਏ ਇਨਸਾਨ ਦੇ । ਕੋਈ ਵੀ ਸਿੱਖ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਪ੍ਰਭਾਵਿਤ ਹੋ ਸਕਦਾ ਹੈ । ਉਨ੍ਹਾਂ ਦੀ ਬੋਲਣੀ 'ਚ ਸੁਹਿਰਦਤਾ ਤਾਂ ਹੈ ਹੀ ਨਾਲ ਦੀ ਨਾਲ ਨਾ ਸਿਰਫ਼ ਆਪਣੇ ਦੇਸ਼ 'ਚ ਬਲਕਿ ਦੂਜੇ ਦੇਸ਼ਾਂ 'ਚ ਵਾਪਰ ਚੁੱਕੀਆਂ ਘਟਨਾਵਾਂ ਦਾ ਆਪਣੇ ਨਾਲ ਮੁਲਾਂਕਣ ਕਰਕੇ ਬਹੁਤ ਹੀ ਦਿਲ ਖਿਚਵੀਂ ਤਸਵੀਰ ਪੇਸ਼ ਕੀਤੀ ਜਾਂਦੀ ਹੈ । ਉਨ੍ਹਾਂ ਵੱਲੋਂ ਲਿਖੀਆਂ ਗਈਆਂ ਕਿਤਾਬਾਂ ਵੀ ਮੇਰੀ ਲਿਸਟ 'ਚ ਨੇ ਜੋ ਮੈਂ ਪੜ੍ਹਨਾ ਚਾਹੁੰਦਾ ਹਾਂ ।
ਇਹ ਸਭ ਦੇਖਦੇ ਦੇਖਦੇ ਇਕ ਹੋਰ ਵੀਡੀਉ ਦੇਖਣ ਨੂੰ ਮਿਲੀ ਜਿਸ 'ਚ ਸ: ਅਜਮੇਰ ਸਿੰਘ ਹੋਣਾ ਨੇ ਕਿਹਾ 'ਸਭ ਨੂੰ ਪਤਾ ਕੇ ਪੰਥ ਨੇ ਕਦੇ ਵੀ ਇਕ ਆਵਾਜ਼ ਹੋ ਕੇ ਇਹ ਪੋਜੀਸ਼ਨ ਨਹੀਂ ਲਈ ਕਿ ਦਸਮ ਗ੍ਰੰਥ ਸਾਰੀ ਬਾਣੀ ਦਸਮ ਪਾਤਸ਼ਾਹ ਦੀ ਬਾਣੀ ਹੈ ।' ਜਿਸਨੂੰ ਸੁਣਕੇ ਮਨ ਨੂੰ ਇੱਕ ਠੇਸ ਪੁੱਜੀ । ਸਿੰਘਾਂ ਤੋਂ ਸੁਣੀ ਹੋਈ ਕਥਾ ਨੇ ਮੈਨੂੰ ਬਿਲਕੁਲ ਵੀ ਉਨ੍ਹਾਂ ਦੇ ਨਾਲ ਸਹਿਮਤੀ ਪ੍ਰਗਟਾਉਣ ਲਈ ਰਾਜ਼ੀ ਨਹੀਂ ਕੀਤਾ । ਪਰ ਮੈਨੂੰ ਇਹ ਪਤਾ ਹੈ ਕਿ ਜੇਕਰ ਮੈਂ ਸਿਰਫ਼ ਲੇਖਕਾਂ ਨੂੰ ਹੀ ਸੁਣਦਾ ਤਾਂ ਸ਼ਾਇਦ ਮੈਂ ਹਾਮੀ ਭਰ ਦੇਣੀ ਸੀ ਉਨ੍ਹਾਂ ਨਾਲ ।
ਕਥਾ ਇਕ ਇਹੋ ਜਿਹੀ ਚੀਜ਼ ਹੁੰਦੀ ਹੈ ਜੋ ਕਦੇ ਵੀ ਇੱਕ ਇਨਸਾਨ ਨੂੰ ਪੰਥ ਵਿਰੋਧੀ ਗਤੀਵਿਧੀਆਂ ਨਾਲ ਜੁੜਨ ਨਹੀਂ ਦੇਂਦੀ । ਇਥੇ ਕਹਿਣ ਦਾ ਭਾਵ ਸ: ਅਜਮੇਰ ਸਿੰਘ ਹੋਣਾ ਨਾਲ ਜੋੜਨ ਦਾ ਨਾ ਹੋਕੇ ਉਨ੍ਹਾਂ ਲੋਕਾਂ ਲਈ ਹੈ ਜੋ ਇਤਿਹਾਸ ਤੇ ਗੁਰਬਾਣੀ ਨੂੰ ਨਿਕਾਰਦੇ ਨੇ । ਸ: ਅਜਮੇਰ ਸਿੰਘ ਹੋਣਾ ਨੇ ਵੀ ਇਹ ਕਿਹਾ ਕਿ ਅੱਜ ਕੱਲ ਹਰ ਇਕ ਗੱਲ ਬ੍ਰਾਹਮਣਵਾਦ ਕਹਿ ਕੇ ਨਿਕਾਰਨੀ ਬਹੁਤ ਹੀ ਗ਼ਲਤ ਗੱਲ ਹੈ । ਆਪਣੀ ਹੀ ਮਰਯਾਦਾ ਆਪਾਂ ਨਹੀਂ ਮੰਨ ਰਹੇ ।
ਆਉਣ ਵਾਲਾ ਸਮਾਂ ਸ਼ਾਇਦ ਇਸ ਤਰ੍ਹਾਂ ਦਾ ਵੀ ਆਵੇਗਾ ਜਦ ਲੇਖਕ ਆਪਣੇ ਹੀ ਇਤਿਹਾਸ ਤੇ ਗੁਰਬਾਣੀ ਦੇ ਉਲਟ ਹੋ ਜਾਣਗੇ । ਪਰਤੱਖ ਉਦਾਹਰਣ ਹਰਜਿੰਦਰ ਸਿੰਘ ਦਿਲਗੀਰ ਦੀ ਹੈ । ਆਪਾਂ ਨੂੰ ਥੋੜ੍ਹਾ ਧਿਆਨ ਰੱਖਣਾ ਪਵੇਗਾ ਆਉਣ ਵਾਲੇ ਸਮੇਂ ਚ । ਸ਼ਾਇਦ ਦਿਲਗੀਰ ਵਰਗੇ ਕਈ ਲੋਕ ਹੋਣ ਜੋ ਪਹਿਲਾਂ ਪਹਿਲ ਆਪਾਂ ਨੂੰ ਚੰਗੀਆਂ ਗੱਲਾਂ ਦੱਸਣ ਫੇਰ ਇਹੋ ਜਿਹਾ ਜ਼ਹਿਰ ਦੇਣ ਕਿ ਓਵੀ ਮਿੱਠਾ ਲੱਗੇ । ਜੋ ਲੋਕ ਅੱਜ ਦੇ ਸਮੇਂ 'ਚ ਢੱਡਰੀਆਂ ਵਾਲੇ ਨਾਲ ਜੁੜ੍ਹੇ ਹੋਏ ਨੇ ਬਹੁਤਿਆਂ ਨੂੰ ਪਤਾ ਵੀ ਨਹੀਂ ਲੱਗਿਆ ਕਿ ਖੰਡ ਕਦੋਂ ਜ਼ਹਿਰ ਬਣ ਗਈ ।
ਦੁਨੀਆਂ 'ਚ ਬਹੁਤ ਸਾਰੀਆਂ ਇਹੋ ਜਿਹੀਆਂ ਲਹਿਰਾਂ ਹਨ ਜਿਨ੍ਹਾਂ ਨੇ ਦੁਨੀਆਂ ਦੇ ਨਕਸ਼ੇ ਨੂੰ ਬਦਲ ਕੇ ਰੱਖ ਦਿੱਤਾ । ਲੇਖਕ ਦੀ ਕਲਮ 'ਚ ਬਹੁਤ ਸ਼ਕਤੀ ਹੁੰਦੀ ਹੈ ਜਿਸ ਨਾਲ ਉਹ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਕ ਨਵਾਂ ਮਾਰਗ ਦਿਖਾ ਸਕਦਾ ਹੈ । ਭਾਈ ਵੀਰ ਸਿੰਘ, ਗਿਆਨੀ ਗਿਆਨ ਸਿੰਘ, ਗਿਆਨੀ ਦਿੱਤ ਸਿੰਘ, ਭਾਈ ਰਣਧੀਰ ਸਿੰਘ ਹੋਣਾ ਵਰਗੇ ਬਹੁਤ ਹੀ ਸੂਝਵਾਨ ਸੱਜਣ ਹੋਏ ਨੇ ਜਿਨ੍ਹਾਂ ਨੇ ਆਪਣੀ ਕਲਮ ਨਾਲ ਇਹੋ ਜਿਹਾ ਸਾਹਿਤ ਲਿਖਿਆ ਜੋ ਅੱਜ ਵੀ ਸਿੱਖਾਂ ਨੂੰ ਪ੍ਰੇਰ ਰਿਹਾ ਹੈ । ਅੱਜ ਵੀ ਓਹੀ ਮੁੱਦੇ ਚੁੱਕੇ ਜਾ ਰਹੇ ਨੇ ਜੋ ਪਹਿਲਾਂ ਹੀ ਲਿਖਤੀ ਰੂਪ 'ਚ ਲਿਖ ਕੇ ਉੱਤਰ ਦੇ ਰੂਪ 'ਚ ਉਪਲੱਬਧ ਨੇ । ਮੇਰੇ ਲਈ ਵੀ ਇਨ੍ਹਾਂ ਸਿੱਖਾਂ ਦੀਆਂ ਲਿਖਤਾਂ ਬਹੁਤ ਜ਼ਿਆਦਾ ਲਾਹੇਵੰਦ ਸਾਬਿਤ ਹੋਈਆਂ ਨੇ । ਬਹੁਤ ਹੀ ਘੱਟ ਇਹੋ ਜਿਹਾ ਕੋਈ ਕਾਰਣ ਬਣਿਆ ਹੋਵੇਗਾ ਜਦ ਇਨ੍ਹਾਂ ਦੇ ਸਾਹਿਤ ਵਿੱਚੋਂ ਕੋਈ ਇਤਿਹਾਸਿਕ ਪ੍ਰਮਾਣ ਜਾਂ ਕੋਈ ਸਿੱਖ ਵਿਰੋਧੀ ਗੱਲ ਦਾ ਉੱਤਰ ਨਾ ਮਿਲਿਆ ਹੋਵੇ ।
ਸਿੱਖ ਬਹੁਤ ਜਜ਼ਬਾਤੀ ਹੁੰਦੇ ਨੇ । ਆਪਣਾ ਬਹੁਤ ਸਾਰਾ ਨੌਜਵਾਨ ਭਾਵੁਕਤਾ 'ਚ ਬਹਿ ਜਾਂਦਾ ਹੈ । ਜਿਥੇ ਸਾਨੂੰ ਜੋਸ਼ ਤੋਂ ਕੰਮ ਲੈਣਾ ਹੈ ਓਥੇ ਹੀ ਹੋਸ਼ ਤੋਂ ਵੀ ਲੈਣਾ ਹੈ । ਇਹ ਦੋਨੋਂ ਅਗਰ ਨਾਲ ਨਾਲ ਚੱਲਣ ਤਾ ਬਹੁਤ ਲਾਹੇਵੰਦ ਸਾਬਿਤ ਹੋ ਜਾਂਦੇ ਨੇ । ਅੱਜ ਦੇ ਸਮੇਂ 'ਚ ਕਈ ਲੋਕ ਜ਼ਿਆਦਾ ਭਾਵੁਕਤਾ ਵੱਲ ਲੈ ਜਾ ਕਰ ਸਿੱਖਾਂ ਨੂੰ ਕੁਰਾਹੇ ਪਾਉਣ ਦਾ ਜਤਨ ਕਰ ਰਹੇ ਨੇ । ਇਥੇ ਗੱਲ ਭਾਵਨਾ ਦੀ ਨਹੀਂ ਹੋ ਰਹੀ । ਭਾਵਨਾ ਅਤੇ ਭਾਵੁਕਤਾ ਨੂੰ ਅਲੱਗ ਅਲੱਗ ਕਰਕੇ ਦੇਖਿਆ ਜਾਵੇ ।
ਸਿੱਖ ਦੀ ਭਾਵਨਾ ਗੁਰੂ ਸਾਹਿਬ ਨਾਲ ਹਮੇਸ਼ਾ ਹੀ ਜੁੜੀ ਰਹੇਗੀ । ਗੁਰੂ ਸਾਹਿਬਾਨਾਂ ਦਾ ਸਤਿਕਾਰ, ਉਨ੍ਹਾਂ ਵੱਲੋਂ ਬਖ਼ਸ਼ੀ ਹੋਈ ਮਰਯਾਦਾ ਨੇ ਹਮੇਸ਼ਾ ਆਪਣੇ ਨਾਲ ਰਹਿਣਾ ਹੈ । ਲੋਕਾਂ ਨੇ ਬਹੁਤਾ ਇਸ ਸਮੇਂ ਪਹਿਲਾਂ ਗਿਆਨ ਦੀ ਗੱਲ ਕੀਤੀ ਹੈ, ਪਰ ਪਹਿਲਾਂ ਭਾਵਨਾ ਹੋਵੇ ਗੁਰੂ ਪ੍ਰਤੀ ਤਾਂ ਗਿਆਨ ਸਿੱਧੇ ਸਿੱਧ ਹੀ ਆ ਜਾਂਦਾ ਹੈ । ਕਈ ਲੋਕ ਬਸ ਪੁੱਠੇ ਤੁਰ ਪਏ ਨੇ, ਸਿਰਫ਼ ਇਸ ਕਰਕੇ ਤਾਂ ਕੇ ਉਨ੍ਹਾਂ ਨੂੰ ਇਹ ਸਿੱਧ ਕਰਨ 'ਚ ਕੋਈ ਪ੍ਰੇਸ਼ਾਨੀ ਨਾ ਹੋਵੇ ਕਿ ਉਹ ਠੀਕ ਨੇ ।
ਦੂਸਰੀ ਤਰਫ਼ ਭਾਵੁਕਤਾ ਬਿਨਾਂ ਹੋਸ਼ ਤੋਂ ਇਕ ਕੁਰਾਹੇ ਪੈਣ ਵਾਲਾ ਤਰੀਕਾ ਹੋਵੇਗਾ । ਪਰ ਕਈ ਵਾਰ ਲੋਕਾਂ ਨੇ ਏਨੀ ਨਫ਼ਰਤ ਜਾਂ ਇਹ ਕਹਿ ਲਵੋ ਗੁਰੂ ਸਾਹਿਬਾਨਾਂ ਪ੍ਰਤੀ ਭੱਦੀ ਸ਼ਬਦਾਵਲੀ ਵਰਤੀ ਹੁੰਦੀ ਹੈ ਕਿ ਆਦਮੀ ਭਾਵੁਕ ਹੋ ਕਰ ਕੁਝ ਵੀ ਕਰਨ ਨੂੰ ਰਾਜ਼ੀ ਹੋ ਜਾਂਦਾ ਹੈ । ਮੇਰਾ ਇਹ ਕਹਿਣ ਦਾ ਭਾਵ ਇਸ ਗੱਲ ਵੱਲ ਇਸ਼ਾਰਾ ਕਰਨਾ ਹੈ ਕਿ ਬਹੁਤੇ ਸਿੱਖ ਅੱਜ ਕੱਲ ਲੇਖਕਾਂ ਨੂੰ ਜ਼ਿਆਦਾ ਸੁਣਨਾ ਪਸੰਦ ਕਰਦੇ ਨੇ । ਵਿਕੇ ਹੋਏ ਲੇਖਕ ਜਾਂ ਜੋ ਵਿਕ ਜਾਣ ਦੀ ਕਤਾਰ 'ਚ ਖੜ੍ਹੇ ਨੇ ਉਹ ਆਪਣੀਆਂ ਭਾਵਨਾਵਾਂ ਨਾਲ ਵੀ ਖੇਡ ਸਕਦੇ ਨੇ । ਆਪਾਂ ਨੂੰ ਇਕ ਇਸ ਦਿਸ਼ਾ ਵੱਲ ਪ੍ਰੇਰਿਆ ਜਾ ਸਕਦਾ ਹੈ ਜੋ ਸਿੱਖ ਵਿਰੋਧੀ ਲੋਕ ਹਮੇਸ਼ਾ ਤੋਂ ਚਾਹ ਰਹੇ ਹੋਣ । ਜਦ ਉਸ ਦਿਸ਼ਾ 'ਚ ਆਪਾਂ ਤੁਰ ਜਾਂਦੇ ਹਾਂ ਤਾਂ ਬਹੁਤੀ ਸੋਚਣ ਸਮਝਣ ਦੀ ਸ਼ਕਤੀ ਨਹੀਂ ਰਹਿੰਦੀ ।
ਸ: ਅਜਮੇਰ ਸਿੰਘ ਹੋਣਾ ਨੇ ਆਪਣੇ ਨਕਸਲਵਾਦ ਦੇ ਨਾਲ ਜੁੜੇ ਹੋਣ ਬਾਰੇ ਗੱਲ ਕੀਤੀ । ਉਨ੍ਹਾਂ ਨੇ ਕਿਹਾ ਕਿ ਅਸੀਂ ਆਪਣੀ ਪੜ੍ਹਾਈ ਛੱਡ ਕੇ ਚਲੇ ਗਏ ਕੁਝ ਕਰਨ । ਨਾਲ ਉਨ੍ਹਾਂ ਦੇ ਕਈ ਸਾਥੀ ਵੀ ਸਨ । ਉਨ੍ਹਾਂ ਨੇ ੧੯੮੪ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਸਾਡੇ ਨਾਲ ਦੇ ਕਈ ਸਾਥੀਆਂ ਨੇ ਦਰਬਾਰ ਸਾਹਿਬ ਤੇ ਹੋਏ ਹਮਲੇ ਦਾ ਸਮਰਥਨ ਕੀਤਾ । ਪਰ ਉਨ੍ਹਾਂ ਨੂੰ ਇਹ ਨਹੀਂ ਭਾਇਆ । ਹੁਣ ਤੁਸੀਂ ਸੋਚੋ ਕਿ ਨਕਸਲਵਾਦ ਦੇ ਸਿਧਾਂਤ ਨੇ ਕਿਹੋ ਜਿਹੇ ਤਰੀਕੇ ਨਾਲ ਸਿੱਖਾਂ ਦੇ ਆਪਣੇ ਸਥਾਨ ਤੇ ਹੋਏ ਹਮਲੇ ਨੂੰ ਵਾਜਿਬ ਠਹਿਰਾਇਆ । ਇਹ ਹੁੰਦਾ ਹੈ ਤਰੀਕਾ ਜਿਸ ਕਰਕੇ ਇਕ ਕਲਮ ਨਾਲ ਲਿਖਿਆ ਹੋਇਆ ਸਾਹਿਤ ਸਾਨੂੰ ਆਪਣੇ ਹੀ ਵਿਰਸੇ ਤੋਂ ਤੋੜ ਕੇ ਰੱਖ ਦਿੰਦਾ ਹੈ । ਇਹ ਹੌਲੀ ਹੌਲੀ ਪੰਜਾਬ ਵੱਲ ਆਪਣਾ ਰੁੱਖ ਕਰ ਰਿਹਾ ਹੈ । ਆਪਣੀਆਂ ਜੜ੍ਹਾਂ ਨੂੰ ਡੂੰਗਾ ਕਰਨ ਦੇ ਲਈ ਸਿੱਖਾਂ ਨੂੰ ਪ੍ਰੇਰਿਆ ਜਾ ਰਿਹਾ ਹੈ ਤਾਂ ਜੋ ਸਿੱਖ ਇਸਦੀ ਭੇਟਾ ਚੜ੍ਹਕੇ ਆਪਣੇ ਇਤਿਹਾਸ ਨੂੰ ਭੁੱਲ ਜਾਣ ।
ਦੁਨੀਆਂ ਦੇ ਸ਼ਾਸਕਾਂ ਨੂੰ ਹਥਿਆਰਾਂ ਤੋਂ ਏਨਾ ਖ਼ਤਰਾ ਨਹੀਂ ਜਾਪਦਾ ਜਿੰਨਾ ਕਲਮਾਂ ਤੋਂ । ਇਕ ਕਲਮ ਲੱਖਾਂ ਲੋਕਾਂ ਨੂੰ ਆਪਣੇ ਮਗਰ ਲਗਾ ਸਕਣ ਦੀ ਸਮਰਥਾ ਰੱਖਦੀ ਹੈ । ਜੋ ਸਿੱਖ ਕੌਮ ਨਾਲ ਬਹੁਤ ਲਗਾਵ ਰੱਖਦੇ ਨੇ ਪਹਿਲਾਂ ਓਨ੍ਹਾਂ ਲੋਕਾਂ ਨੂੰ ਬਦਨਾਮ ਕੀਤਾ ਜਾਂਦਾ ਹੈ । ਚਾਹੇ ਉਹ ਕੋਈ ਪੁਰਾਣੀ ਗੱਲ ਹੋਵੇ ਜਾਂ ਝੂਠ ਜਾਂ ਤੋੜ ਮਰੋੜ ਕੇ ਪੇਸ਼ ਕੀਤੇ ਤੱਥ ਜਾਂ ਗ਼ਲਤ ਤਰੀਕੇ ਰਾਹੀ ਅਧਿਐਨ ਕਰਨਾ, ਇਹ ਪ੍ਰਮੁੱਖ ਤਰੀਕੇ ਨੇ ਕਿਸੇ ਨੂੰ ਬਦਨਾਮ ਕਰਨ ਲਈ । ਉਦਾਹਰਣ ਦੇ ਤੌਰ ਤੇ ਇਕ ਗੁਰਪ੍ਰੀਤ ਸਿੰਘ ਕੈਲੀਫੋਰਨੀਆਂ ਨਾਮੀ ਸਿੱਖ ਨੇ ਗੁਰ-ਨਿੰਦਕਾਂ ਦਾ ਡੱਟ ਕੇ ਮੁਕਾਬਲਾ ਕੀਤਾ । ਰੱਜ ਕੇ ਖੁੰਝੇ ਲਾਏ ਸਾਰੇ ਨਿੰਦਕ । ਜਦ ਇਹ ਦੌਰ ਚੱਲ ਰਿਹਾ ਸੀ ਤਾਂ ਕਈ ਲੇਖ ਅਤੇ ਵੀਡੀਉ ਉਭਰ ਕੇ ਆਈਆਂ ਜਿਸ ਵਿੱਚ ਇਹ ਪ੍ਰਚਾਰ ਕੀਤਾ ਜਾ ਰਿਹਾ ਸੀ ਕਿ ਇਹ ਇਨਸਾਨ ਤਾਂ ਆਰ.ਐਸ.ਐਸ ਦਾ ਬੰਦਾ ਹੈ, ਇਹ ਤਾਂ ਕੋਈ ਹਿੰਦੂ ਹੈ, ਇਹ ਤਾਂ ਸਰਕਾਰੀ ਏਜੰਟ ਹੈ । ਇਸਨੂੰ ਕਿਹਾ ਜਾਂਦਾ ਹੈ 'ਕਰੈਕਟਰ ਅਸੈਸੀਨੇਸ਼ਨ', ਜਿਸ ਰਾਹੀ ਝੂਠ ਦਾ ਪ੍ਰਚਾਰ ਕਰਕੇ ਇਕ ਆਦਮੀ ਦਾ ਪ੍ਰਭਾਵ ਦੂਜੇ ਲੋਕਾਂ ਤੇ ਘਟਾਇਆ ਜਾਂਦਾ ਹੈ ।
ਇਹ ਕੋਈ ਹੁਣ ਦੀ ਹੀ ਗੱਲ ਨਹੀਂ । ਸਰਕਾਰਾਂ ਨੇ ਪਤਾ ਨਹੀਂ ਕਿੰਨੇ ਹੀ ਵਰ੍ਹਿਆਂ ਤੋਂ ਇਹ ਚੀਜ਼ ਅਪਣਾਈ ਹੋਈ ਹੈ । ੧੯੮੦ ਦੇ ਦਹਾਕਿਆਂ ਦੌਰਾਨ ਇਹ ਪ੍ਰਚਾਰ ਵੀ ਹੋਇਆ ਕਿ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਇੱਕ ਕਾਂਗਰਸੀ ਸਨ । ਅੱਜ ਦੇ ਦੌਰ 'ਚ ਵੀ ਇਹ ਗੱਲ ਪ੍ਰਚਾਰੀ ਜਾਂਦੀ ਹੈ ਤਾਂ ਕਿ ਸੰਤਾਂ ਦਾ ਪ੍ਰਭਾਵ ਸਿੱਖ ਨੌਜਵਾਨਾਂ ਉੱਤੋਂ ਘਟਾਇਆ ਜਾ ਸਕੇ । ਪਰ ਇਸਦਾ ਅਸਰ ਹਮੇਸ਼ਾ ਵੈਰੀਆਂ ਤੇ ਉਲਟਾ ਹੁੰਦਾ ਹੈ । ਹਫ਼ਤਾ ਪਹਿਲਾਂ ਦੀ ਗੱਲ ਹੋਵੇਗੀ ਜਦ ਹਰਿਆਣੇ ਦੇ ਮੁੱਖ ਮੰਤਰੀ ਖੱਟੜ ਨੇ ਇਹ ਕਿਹਾ ਕਿ ਓਹ ਇਕ ਸਮਾਗਮ 'ਚ ਇਸ ਲਈ ਨਹੀਂ ਗਿਆ ਕਿਉਂਕਿ ਉੱਥੇ ਭਿੰਡਰਾਂਵਾਲੇ ਸੰਤਾਂ ਦੀ ਫੋਟੋ ਲੱਗੀ ਹੈ । ਉਸਦੇ ਇਸ ਬਿਆਨ ਨੇ ਕਈ ਲੋਕਾਂ ਦੇ ਘਰੇ ਤੇ ਗੁਰਦੁਆਰਾ ਸਾਹਿਬ 'ਚ ਸੰਤਾਂ ਦੀਆਂ ਫੋਟੋਆਂ ਲਗਵਾ ਦਿੱਤੀਆਂ । ਇਹੀ ਗੱਲ ਕੈਲੀਫੋਰਨੀਆਂ ਵਾਲੇ ਸਿੰਘ ਨਾਲ ਵਾਪਰੀ । ਉਸਦੇ ਉਲਟ ਏਨਾ ਪ੍ਰਚਾਰ ਹੋਇਆ ਕਿ ਲੋਕਾਂ ਨੇ ਉਸਨੂੰ ਸੁਣਨਾ ਸ਼ੁਰੂ ਕਰ ਦਿੱਤਾ ਤੇ ਸਮਝ ਗਏ ਕਿ ਕੁਝ ਪੰਥ ਵਿਰੋਧੀ ਕਿਸ ਤਰ੍ਹਾਂ ਗੁਰਬਾਣੀ ਤੇ ਕਿੰਤੂ ਪ੍ਰੰਤੂ ਕਰ ਰਹੇ ਨੇ ਜਾਂ ਅਰਥਾਂ ਦੇ ਅਨਰਥ ਕਰ ਰਹੇ ਨੇ ।
ਇਹ ਇਥੇ ਹੀ ਨਾ ਰੁਕ ਕੇ ਅੱਗੇ ਵੀ ਹੋਵੇਗਾ । ਜੋ ਸਿੱਖ ਕੌਮ ਦੇ ਨਾਲ ਹਮਦਰਦੀ ਰੱਖਣ ਵਾਲੇ ਨੇ ਤੇ ਹਮੇਸ਼ਾ ਹੀ ਤਿਆਰ ਰਹਿੰਦੇ ਨੇ ਕੌਮ ਦੇ ਨਾਲ ਖੜੇ ਹੋਣ ਲਈ ਉਨ੍ਹਾਂ ਤੇ ਇਸ ਤਰ੍ਹਾਂ ਦੇ 'ਕਰੈਕਟਰ ਅਸੈਸੀਨੇਸ਼ਨ' ਹੋਣੇ ਹੀ ਰਹਿਣੇ ਨੇ । ਇਸਦੇ ਉਲਟ ਜੋ ਲੋਕ ਗੁਰਬਾਣੀ ਦੇ ਖ਼ਿਲਾਫ਼ ਖੜ੍ਹੇ ਨੇ ਉਨ੍ਹਾਂ ਨੇ ਵੀ ਇਹ ਪ੍ਰਚਾਰ ਕਰਨਾ ਹੈ ਕਿ ਕਿਸ ਤਰ੍ਹਾਂ ਉਹ ਸੱਚਵਾਦੀ ਨੇ ਤੇ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ । ਜਿਸ ਤਰ੍ਹਾਂ ਕਾਲਾ ਅਫ਼ਗ਼ਾਨਾ, ਦਰਸ਼ਨ ਸਿੰਘ ਦਰਸ਼ੂ, ਢੱਡਰੀਆਂ ਵਾਲਾ, ਬਲਜੀਤ ਦਿੱਲੀ, ਦਿਲਗੀਰ, ਘੱਗਾ, ਜਿਉਣਵਾਲਾ, ਇਤਿਆਦਿ, ਇਨ੍ਹਾਂ ਲੋਕਾਂ ਨੇ ਇਹ ਕਹਿਣਾ ਸ਼ੁਰੂ ਕੀਤਾ ਹੋਇਆ ਹੈ ਕਿ ਅਸੀਂ ਕੌਮ ਪ੍ਰਤੀ ਬਹੁਤ ਜਾਗਰੂਕ ਹਾਂ ਤੇ ਸਿੱਖੀ ਦਾ ਬਹੁਤ ਪ੍ਰਚਾਰ ਕਰ ਰਹੇ ਹਾਂ । 'ਉਲਟਾ ਚੋਰ ਕੋਤਵਾਲ ਕੋ ਡਾਂਟੇ' ਵਾਲੀ ਕਹਾਵਤ ਇਨ੍ਹਾਂ ਤੇ ਸਿੱਧ ਹੁੰਦੀ ਹੈ ।
ਤੇ ਇਹ ਵਿਕ ਚੁੱਕੇ ਪ੍ਰਚਾਰਕ ਐਨੇ ਡਰਪੋਕ ਹੁੰਦੇ ਨੇ ਕਿ ਬਿਆਨ ਨਹੀਂ ਕੀਤਾ ਜਾ ਸਕਦਾ । ਦਿਲਗੀਰ ਦੀ ਇਕ ਵੀਡੀਉ 'ਚ ਇਹ ਕਹਿੰਦੇ ਹੋਏ ਸੁਣਿਆ ਉਸਨੂੰ ਕਿ ਉਸਦਾ ਨਾਂ ਨਿਰਮਲ ਸਿੰਘ ਹੈ । ਹੋਵੇ ਵੀ ਕਿਵੇਂ ਨਾ ਜਦ ਸਿੰਘਾਂ ਨੇ ਘੇਰ ਲਿਆ । ਇਹੀ ਹਾਲ ਢੱਡਰੀ ਦਾ ਹੈ । ਆਪਣੇ ਆਪ ਨੂੰ ਸੱਚ ਦਾ ਪ੍ਰਚਾਰਕ ਕਹਾਉਣ ਵਾਲੇ ਨੂੰ ਜਦ ਵੀ ਵਿਚਾਰ ਲਈ ਕਿਹਾ ਗਿਆ ਤਾਂ ਕਦੇ ਵੀ ਰਾਜ਼ੀ ਨਹੀਂ ਹੋਇਆ । ਮੈਂ ਇਹ ਨਹੀਂ ਕਹਿ ਰਿਹਾ ਕਿ ਇਹ ਲੋਕ ਸਾਰੇ ਹੀ ਐਸੇ ਨੇ । ਕਈ ਇਨ੍ਹਾਂ 'ਚੋਂ ਵਿਚਾਰ ਲਈ ਅੱਗੇ ਵੀ ਆਏ । ਘੱਗੇ ਤੇ ਦਰਸ਼ੂ ਦੀਆਂ ਵਿਚਾਰਾਂ ਸਿੰਘਾਂ ਨਾਲ ਹੋਈਆਂ ਨੇ ਇਨ੍ਹਾਂ ਪੰਥ ਵਿਰੋਧੀਆਂ ਨੇ ਆਪਣੇ ਆਪ ਦਾ ਮਜ਼ਾਕ ਬਣਾ ਕੇ ਰੱਖ ਲਿਆ । ਪਰ ਇਹ ਬਹੁਤ ਵਧੀਆ ਹੋਇਆ, ਸਿੱਖ ਸੰਗਤਾਂ ਦੇ ਸਾਹਮਣੇ ਇਨ੍ਹਾਂ ਦੀ ਸੱਚਾਈ ਸਾਹਮਣੇ ਆਈ । ਨਹੀਂ ਤਾਂ ਪਤਾ ਨੀ ਹੋਰ ਕਿੰਨੇ ਕੁ ਸਿੱਖਾਂ ਨੂੰ ਇਨ੍ਹਾਂ ਨੇ ਆਪਣੇ ਨਾਲ ਜੋੜ ਕੇ ਕੁਰਾਹੇ ਪਾਉਣਾ ਸੀ ।
ਇਤਿਹਾਸ ਇੱਕ ਬਹੁਤ ਹੀ ਵਡਮੁੱਲੀ ਵਸਤੂ ਹੈ ਕਿਸੇ ਵੀ ਕੌਮ ਲਈ । ਆਪਣੀ ਹੋਂਦ ਕਿਵੇਂ ਬਰਕਰਾਰ ਰਹੀ ਇਹ ਇਤਿਹਾਸ ਪੜ੍ਹ ਕੇ ਹੀ ਪਤਾ ਚੱਲਦਾ ਹੈ । ਕਿਵੇਂ ਸਿੰਘਾਂ ਨੇ ਡੱਟ ਕੇ ਮੁਕਾਬਲਾ ਕੀਤਾ ਜ਼ਾਲਮਾਂ ਦਾ ਇਹ ਵੀ ਇਤਿਹਾਸ ਪੜ੍ਹ ਕੇ ਹੀ ਪਤਾ ਚੱਲਦਾ ਹੈ । ਆਓ ਆਪਾਂ ਆਪਣੇ ਇਤਿਹਾਸ ਨੂੰ ਆਪ ਪੜ੍ਹੀਏ ਤਾਂ ਕਿ ਕਿਸੇ ਪੰਥ ਦੋਖੀ ਦੇ ਆਖੇ ਲੱਗ ਕੇ ਗ਼ਲਤ ਰਸਤੇ ਤੇ ਨਾ ਤੁਰ ਪਈਏ ।
ਗੁਰੂਆਂ ਦਾ ਤੇ ਸਿੱਖਾਂ ਦਾ ਇਤਿਹਾਸ ਬੜਾ ਵਿਲੱਖਣ ਜੀ
ਪੜ੍ਹ ਕੇ ਇਸਨੂੰ ਮਿਲਦੀ ਇਕ ਅਜੀਬ ਕਿਸਮ ਦੀ ਦੱਖਣਾ ਜੀ
ਜੋ ਜੋ ਹੋਇਆ ਸਿੱਖਾਂ ਨਾਲ ਪੜ੍ਹੋ ਬੈਠ ਕੇ ਸਾਰੇ ਜੀ
ਪਤਾ ਲੱਗੂ ਕਿਵੇਂ ਰੱਖੀ ਸੀ ਆਪਣੀ ਹੋਂਦ ਬਰਕਰਾਰ ਜੀ ।
ਇਹੀ ਵੇਲਾ ਹੈ ਜਾਗਣ ਦਾ ਨੌਜਵਾਨੋਂ ਵੇ
ਨਹੀਂ ਤਾਂ ਰੁਲ ਜਾਵਾਂਗੇ ਆਪਾਂ ਸਾਰੇ ਵੇ
ਇਕ ਮੁੱਠ ਹੋਕੇ ਹੀ ਇਸਨੂੰ ਆਪਾਂ ਸਾਂਭਣਾ ਵੇ
ਆਉ ਕਰੀਏ ਤਿਆਰੀ ਆਪਾਂ ਸਾਰੇ ਰਲ ਕੇ ਵੇ ।
ਐਤਬਾਰ ਨੀ ਕਰਨਾ ਗੁਰ ਦੋਖੀਆਂ ਦਾ ਆਪਾਂ
ਸਮਝ ਲਈਏ ਇਸਨੂੰ ਚੰਗੀ ਤਰ੍ਹਾਂ ਆਪਾਂ
ਨਹੀਂ ਕਰਾਉਣਾ ਹੋਰ ਨੁਕਸਾਨ ਵੀਰੋ ਆਪਾਂ ਆਪਣਾ
'ਅਨਪੜ੍ਹ ਬਾਬਾ' ਕਰੇ ਪੁਕਾਰ ਥੋਨੂੰ ਸਮਝ ਕੇ ਆਪਣਾ ।
No comments:
Post a Comment
Please note there are couple of articles on different topics on this blog. There are very good chances that what you're going to bring in the comment section has already been discussed. And your comment will not be published if it has the same arguments/thoughts.
Kindly read this page for more information: https://sikhsandsikhi.blogspot.com/p/read-me.html
Or read the footer of any article: 'A request to the readers!'