Tuesday 11 December 2018

21st century and Sikhs - Gurbani - Part 3


੩.

ਗੁਰਬਾਣੀ

ਗੁਰਬਾਣੀ, ਮਰਯਾਦਾ ਅਤੇ ਇਤਿਹਾਸ ਸਿੱਖਾਂ ਦੀ ਪਰਿਭਾਸ਼ਾ ਨੂੰ ਦੱਸਦੇ ਹਨ । ਗੁਰਬਾਣੀ ਆਪਣੇ ਲਈ ਉਸ ਪਰਮਾਤਮਾ ਨੂੰ ਮਿਲਣ ਵਿੱਚ ਸਹਾਈ ਹੁੰਦੀ ਹੈ । ਅੰਮ੍ਰਿਤ ਵੇਲਾ, ਗੁਰਸਿੱਖੀ ਦੀ ਪਰਿਭਾਸ਼ਾ, ਦੁਨੀਆਂ ਵਿੱਚ ਵਿਚਰਨ ਦਾ ਸਹੀ ਤਰੀਕਾ, ਪਰਮਾਤਮਾ ਨੂੰ ਮਿਲਣ ਦੇ ਸੰਕਲਪ ਤੋਂ ਇੱਕ ਮਿਕ ਹੋਣ ਤੱਕ ਦਾ ਸਫ਼ਰ, ਦੁਨੀਆਂ 'ਚ ਰਹਿ ਰਹੇ ਲੋਕਾਂ ਦੇ ਸੁਚੱਜੇ ਤੇ ਕੁਚੱਜੇ ਕੰਮ, ਸਤਿਗੁਰੂ ਪ੍ਰਤੀ ਪਿਆਰ, ਵੈਰਾਗ ਰੂਪੀ ਨਦੀ, ਦੁਨੀਆਂ ਤੋਂ ਨਿਰਲੇਪਤਾ, ਆਦਿ ਬਹੁਤ ਸਾਰੀਆਂ ਚੀਜ਼ਾਂ ਆਪਾਂ ਨੂੰ ਗੁਰਬਾਣੀ ਤੋਂ ਮਿਲਦੀਆਂ ਨੇ । ਗੁਰਬਾਣੀ ਸਿੱਖਾਂ ਦਾ ਮਾਰਗ ਸੁਖਾਲਾ ਬਣਾ ਦਿੰਦੀ ਹੈ, ਇਸ ਦੁਨੀਆਂ ਦਾ ਵੀ ਤੇ ਪਰਲੀ ਦੁਨੀਆਂ ਦਾ ਵੀ ।
ਅਨੇਕ ਸਿੱਖ ਆਪਣੇ ਆਪ ਨੂੰ ਗੁਰਬਾਣੀ ਤੇ ਢਾਲ ਕੇ ਆਪਣਾ ਜੀਵਨ ਸਫਲਾ ਕਰਕੇ ਚਲੇ ਗਏ ਨੇ ਇਸ ਦੁਨੀਆਂ 'ਚੋਂ । ਜਦੋਂ ਹੁਣ ਆਪਣੀ ਵਾਰੀ ਆਈ ਹੈ, ਆਪਾਂ ਕਿਉਂ ਪਿੱਛੇ ਹਟੀਏ ਗੁਰਬਾਣੀ ਅਨੁਸਾਰ ਚੱਲਣ ਤੋਂ ? ਕਿਉਂ ਨਾ ਆਪਾਂ ਗੁਰਬਾਣੀ ਨੂੰ ਮਨ 'ਚ ਵਸਾ ਕੇ ਇਸ ਦੁਨੀਆਂ ਵਿੱਚ ਵਿਚਰੀਏ ਵੀ ਤੇ ਨਿਰਲੇਪ ਰਹਿ ਕੇ ਪਰਮਾਤਮਾ ਦੀ ਪ੍ਰਾਪਤੀ ਵੀ ਕਰੀਏ । ਗੁਰੂ ਸਾਹਿਬਾਨਾਂ ਵੱਲੋਂ ਗੁਰਬਾਣੀ ਲਿਖੀ ਹੀ ਇਸ ਕਾਰਣ ਨੂੰ ਸੀ ਕਿ ਕੋਈ ਵੀ ਆਪਣੇ ਆਪ ਨੂੰ ਗੁਰਬਾਣੀ ਦੇ ਅਨੁਸਾਰ ਢਾਲ ਕੇ ਸੁੱਖ ਪ੍ਰਾਪਤ ਕਰ ਸਕੇ । ਆਨੰਦਮਈ ਸਮਾਂ ਜੋ ਗੁਰਬਾਣੀ ਪੜ੍ਹਨ ਵੇਲੇ ਹੁੰਦਾ ਹੈ ਓਹ ਸ਼ਾਇਦ ਹੋਰ ਕਿਤੇ ਨਾ ਹੋਵੇ । ਪਰ ਆਪਾਂ ਨੂੰ ਇਹੋ ਜਿਹੀ ਘੁੰਮਣਘੇਰੀ ਵਿੱਚ ਪਾ ਛੱਡਿਆ ਹੈ ਕਿ ਗੁਰਬਾਣੀ ਤੇ ਹੀ ਕਿੰਤੂ ਪ੍ਰੰਤੂ ਸ਼ੁਰੂ ਕਰ ਦਿੱਤੇ ਨੇ । ਹੁਣ ਆਪਾਂ ਗੁਰਬਾਣੀ ਦੇ ਅਨੁਸਾਰ ਚੱਲ ਕੇ ਆਪਣਾ ਜੀਵਣ ਸਫਲਾ ਕਰਨ ਦੀ ਬਜਾਏ ਲੋਕਾਂ ਨਾਲ ਲੜ ਕੇ ਸਮਾਂ ਬਤੀਤ ਕਰ ਰਹੇ ਹਾਂ । ਓਵੀ ਇਸ ਕਰਕੇ ਤਾਂ ਕੇ ਗੁਰਬਾਣੀ ਦੇ ਕਰਤਾ ਧਰਤਾ ਗੁਰੂ ਸਾਹਿਬਾਨਾਂ ਨੂੰ ਸਾਬਿਤ ਕੀਤਾ ਜਾ ਸਕੇ । ਮੇਰੇ ਕਹਿਣ ਤੋਂ ਇਹ ਭਾਵ ਨਹੀਂ ਹੈ ਕਿ ਕੁਰਾਹੇ ਪੈ ਚੁੱਕੇ ਲੋਕਾਂ ਨੂੰ ਗੁਰਬਾਣੀ ਨਾਲ ਨਹੀਂ ਜੋੜਨਾ ਚਾਹੀਏ ਜਾਂ ਜੋ ਗ਼ਲਤ ਪ੍ਰਚਾਰ ਕਰ ਰਹੇ ਨੇ ਉਨ੍ਹਾਂ ਨੂੰ ਕੁਝ ਨਹੀਂ ਕਹਿਣਾ ਚਾਹੀਦਾ । ਮੇਰਾ ਮਤਲਬ ਇਹ ਹੈ ਕਿ ਆਪਾਂ ਲੋਕਾਂ ਨਾਲ ਲੜ ਕੇ ਬਹੁਤਾ ਸਮਾਂ ਖ਼ਰਾਬ ਕਰ ਰਹੇ ਹਾਂ, ਗੁਰਬਾਣੀ ਪੜ੍ਹ ਕੇ ਜੀਵਣ ਸਫਲਾ ਕਰਨ ਵਿੱਚ ਆਪਣਾ ਧਿਆਨ ਹੀ ਨਹੀਂ ਹੈ ।
੨੧ਵੀਂ ਸਦੀ ਵਿੱਚ ਜੋ ਪੰਥ ਵਿਰੋਧੀਆਂ ਦਾ ਪ੍ਰਮੁੱਖ ਕੰਮ ਰਿਹਾ ਹੈ ਉਹ ਹੈ ਗੁਰਬਾਣੀ ਨਾਲੋਂ ਸਿੱਖਾਂ ਨੂੰ ਤੋੜਨਾ । ਇਥੇ ਦੋ ਤਰੀਕਿਆਂ ਨਾਲ ਗੁਰਬਾਣੀ ਨਾਲੋਂ ਤੋੜਿਆ ਜਾਂਦਾ ਹੈ । ਪਹਿਲਾਂ ਗੁਰਬਾਣੀ ਦੀ ਹੋਂਦ ਨੂੰ ਲੈ ਕਰ ਸਵਾਲ ਖੜ੍ਹੇ ਕੀਤੇ ਜਾਂਦੇ ਨੇ । ਜਿਦਾਂ ਕੇ ਰਾਗਮਾਲਾ ਦੇ ਸਬੰਧ ਵਿੱਚ ਜਾਂ ਭਗਤ ਬਾਣੀ ਬਾਰੇ ਜਾਂ ਦਸਮ ਗੁਰੂ ਦੀ ਬਾਣੀ ਬਾਰੇ । ਦੂਜੇ ਪਾਸੇ ਜੋ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ ਉਹ ਹੈ ਅਰਥਾਂ ਦੇ ਅਨਰਥ ਕਰਨੇ ।
ਗੁਰਬਾਣੀ ਤੇ ਜਦੋਂ ਆਪਾਂ ਨੂੰ ਸ਼ੱਕ ਹੋਣਾ ਸ਼ੁਰੂ ਹੋ ਜਾਏ ਤਾਂ ਸਮਝਣਾ ਚਾਹੀਦਾ ਹੈ ਕਿ ਆਪਣੀ ਗੁਰੂ ਪ੍ਰਤੀ ਸ਼ਰਧਾ ਨਹੀਂ ਹੈ । ਗੁਰੂ ਪ੍ਰਤੀ ਵਿਸ਼ਵਾਸ ਨਹੀਂ ਹੈ । ਆਪਾਂ ਨਹੀਂ ਜਾਣਦੇ ਉਸ ਗੁਰੂ ਬਾਰੇ ਜਿਸਨੇ ਆਪਾਂ ਨੂੰ ਅੰਮ੍ਰਿਤ ਰੂਪੀ ਬਾਣੀ ਦਿੱਤੀ ਹੈ । ਅਹੰਕਾਰ ਹੀ ਇਹੋ ਜਿਹਾ ਹੋ ਜਾਂਦਾ ਹੈ ਕਿ ਦਿਮਾਗ਼ ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ । ਕਈ ਵਾਰ ਆਪਣੇ ਆਪ ਦੇ ਦਿਮਾਗ਼ ਰਾਹੀ ਨਹੀਂ ਤਾਂ ਗੁਰ-ਦੋਖੀਆਂ ਵੱਲੋਂ ਦਿੱਤੀਆਂ ਹੋਈਆਂ ਦਲੀਲਾਂ ਸਹੀ ਲੱਗਣ ਲੱਗ ਜਾਂਦੀਆਂ ਨੇ । ਇਹ ੨੧ਵੀਂ ਸਦੀ ਦੀ ਖ਼ਾਸੀਅਤ ਹੈ ਕਿ ਇਹ ਮਨੁੱਖ ਨੂੰ ਵਿਸ਼ਵਾਸ ਅਤੇ ਆਸਥਾ ਦੀ ਨਦੀ ਦੇ ਵਿੱਚ ਤਰਨ ਦੀ ਬਜਾਏ ਇੱਕ ਚੁੱਪ ਚੁਪੀਤੇ ਟਾਪੂ ਤੇ ਲੈ ਕਰ ਖੜ੍ਹੀ ਕਰ ਦਿੰਦੀ ਹੈ, ਜਿਸ ਵਿੱਚ ਆਪਾਂ ਕਿਸੇ ਵੀ ਮਨੁੱਖ ਦੇ ਰਾਹੀ ਉਸ ਨਦੀ ਨੂੰ ਪਾਰ ਕਰਨ ਦਾ ਯਤਨ ਕਰਦੇ ਹਾਂ ਜਿਸ ਵਿੱਚ ਤਰ ਕੇ ਜਾਣ ਨਾਲ ਆਪਣਾ ਜੀਵਣ ਸਫਲਾ ਹੋਣਾ ਸੀ । ਹੁਣ ਆਪਾਂ ਨੂੰ ਮਦਦ ਲਈ ਆਇਆ ਇਨਸਾਨ ਗੰਭੀਰ ਸ਼ੰਕਿਆਂ ਦੀ ਕਿਸ਼ਤੀ ਵਿੱਚ ਬਿਠਾ ਕਰਕੇ ਲੈ ਜਾਂਦਾ ਹੈ । ਜਿਸ ਵਿੱਚ ਸਾਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਸਿਵਾਏ ਉਸ ਕਿਸ਼ਤੀ ਦੇ ।
ਤੇ ਜਿਹੜਾ ਮਲ੍ਹਾਰ ਚਲਾ ਰਿਹਾ ਹੁੰਦਾ ਹੈ ਕਿਸ਼ਤੀ ਨੂੰ ਉਹ ਸਾਨੂੰ ਇੱਕ ਉੱਤਮ ਪੁਰਖ ਜਾਪਦਾ ਹੈ ਜੋ ਇਸ ਸੰਸਾਰ ਵਿੱਚ ਇਕਲੌਤਾ ਹੀ ਸਹੀ ਤੇ ਸੱਚਾ ਇਨਸਾਨ ਹੈ । ਏਦਾਂ ਦੀਆਂ ਬਹੁਤ ਸਾਰੀਆਂ ਕਿਸ਼ਤੀਆਂ ਤੇ ਮਲ੍ਹਾਰ ਇਸ ਦੁਨੀਆਂ ਵਿੱਚ ਵਿਚਰ ਰਹੇ ਨੇ ਜਿਨ੍ਹਾਂ ਨੇ ਆਪਣੀਆਂ ਕਿਸ਼ਤੀਆਂ ਸਿੱਖਾਂ ਦੇ ਘਰਾਂ ਦੇ ਕੋਲ ਬੰਨੀਆਂ ਹੋਈਆਂ ਨੇ । ਤੇ ਆਪਾਂ ਜਾਣੇ ਅਨਜਾਣੇ ਵਿੱਚ ਉਸਦੇ ਨਾਲ ਚੱਲਣ ਨੂੰ ਤਿਆਰ ਹੋ ਜਾਂਦੇ ਹਾਂ । ਆਪਾਂ ਨੂੰ ਪਤਾ ਵੀ ਨਹੀਂ ਚੱਲਦਾ ਕਿ ਉਹ ਇਨਸਾਨ ਆਪਾਂ ਨੂੰ ਕੁਰਾਹੇ ਪਾ ਰਿਹਾ ਹੈ ।
ਕਈ ਵਾਰੀ ਇਸ ਬਾਰੇ ਗੱਲ ਕੀਤੀ ਜਾ ਚੁੱਕੀ ਹੈ ਕਿ ਗੁਰ-ਦੋਖੀਆਂ ਨੇ ਹੁਣ ਹਿੰਦੂ ਪਹਾੜੀ ਰਾਜਿਆਂ ਵਾਲੇ ਕੱਪਣੇ ਨਹੀਂ ਪਾਉਣੇ ਤੇ ਨਾ ਹੀ ਮੁਗ਼ਲਾ ਵਾਲੇ । ਇਹ ਲੋਕਾਂ ਨੇ ਲੰਮੇ ਦਾੜ੍ਹੇ ਰੱਖਣੇ ਨੇ ਤੇ ਸਿਰ ਤੇ ਦਸਤਾਰਾਂ । ਇਕ ਇਹੋ ਜਿਹੇ ਸਮੇਂ ਵਿੱਚੋਂ ਆਪਾਂ ਲੰਘ ਰਹੇ ਹਾਂ ਜਿਸ ਵਿੱਚ ਆਪਣੇ ਪਰਾਏ ਦਾ ਫ਼ਰਕ ਕਰਨਾ ਮੁਸ਼ਕਲ ਹੋ ਜਾਂਦਾ ਹੈ । ਦਾੜ੍ਹੀਆਂ ਵੀ ਰੱਖੀਆਂ ਨੇ ਤੇ ਦਸਤਾਰਾਂ ਵੀ, ਫਿਰ ਕਿਸ ਤਰੀਕੇ ਨਾਲ ਪਤਾ ਕਰੀਏ ਕਿ ਕੌਣ ਆਪਣਾ ਹੈ ਤੇ ਕੌਣ ਦੁਸ਼ਮਣ । ਤੇ ਇਹ ਕੋਈ ਅੱਜ ਦੀ ਹੀ ਗੱਲ ਨਹੀਂ ਹੈ । ਸ਼ਾਸਕਾਂ ਨੇ ਕਈ ਵਾਰ ਇਹ ਕੰਮ ਕੀਤੇ ਨੇ, ਚਾਹੇ ਉਹ ਅੱਜ ਦੇ ਸਮੇਂ ਦੇ ਹੋਣ ਜਾਂ ਫਿਰ ਅੱਜ ਤੋਂ ਹਜ਼ਾਰ ਦੋ ਹਜ਼ਾਰ ਸਾਲ ਪਹਿਲਾਂ । ਇਸਨੂੰ ਜਾਸੂਸੀ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ । ਇਥੇ ਆ ਕਰ ਇਸਦੀ ਵਿਲੱਖਣਤਾ ਹੋਰ ਤਰੀਕੇ ਨਾਲ ਸਾਹਮਣੇ ਆਉਂਦੀ ਹੈ ।
ਪਹਿਲਾਂ ਪਹਿਲ ਜਾਸੂਸਾਂ ਦਾ ਕੰਮ ਦੂਜੇ ਲੋਕਾਂ ਦੀਆਂ ਗਤੀਵਿਧੀਆਂ ਬਾਰੇ ਦੱਸਣਾ ਹੁੰਦਾ ਸੀ । ਪਰ ਹੁਣ ਇਹ ਇਕ 'ਮੋਲ' ਦੀ ਤਰ੍ਹਾਂ ਕੰਮ ਕਰਦਾ ਹੈ ਜਿਸ ਰਾਹੀ ਦੂਜਿਆਂ ਲੋਕਾਂ ਵੱਲੋਂ ਮਿਥੇ ਹੋਏ ਕੰਮਾਂ ਨੂੰ ਸਿੱਖੀ ਵਿੱਚ ਆ ਕਰ ਅੰਜਾਮ ਦਿੱਤਾ ਜਾਂਦਾ ਹੈ । ਪਿੱਛਲੇ ਸੌ ਕੁ ਸਾਲਾਂ ਵਿੱਚ ਬਹੁਤ ਹੀ ਉਦਾਹਰਣਾਂ ਆਪਣੇ ਸਾਹਮਣੇ ਹਨ ਕਿ ਕਿਸ ਤਰੀਕੇ ਨਾਲ ਸਿੱਖਾਂ ਵਿੱਚ ਵਿਵਾਦ ਪੈਦਾ ਕੀਤੇ ਗਏ ਗੁਰਬਾਣੀ ਬਾਰੇ । ਇਹ ਸ਼ਾਇਦ ਦੁਨੀਆਂ ਦਾ ਇਕਲੌਤਾ ਇਹੋ ਜਿਹਾ ਗ੍ਰੰਥ ਹੈ ਜੋ ਗੁਰੂ ਸਾਹਿਬਾਨਾਂ ਨੇ ਆਪ ਲਿਖਵਾਇਆ ਸੀ । ਜੇਕਰ ਬਾਕੀ ਧਰਮਾਂ ਦੀ ਗੱਲ ਕਰੀਏ ਤੇ ਕਈ ਗ੍ਰੰਥ ਉਨ੍ਹਾਂ ਦੇ ਪੈਰੋਕਾਰਾਂ ਦੇ ਸਮੇਂ ਤੋਂ ਬਾਅਦ ਲਿਖੇ ਗਏ । ਇਹੀ ਗੱਲ ਨੂੰ ਮਿਟਾਉਣ ਲਈ ਕਿ ਸਿੱਖਾਂ ਦੇ ਧਾਰਮਿਕ ਗ੍ਰੰਥ ਗੁਰੂ ਸਾਹਿਬਾਨਾਂ ਵੱਲੋਂ ਲਿਖਵਾਏ ਗਏ ਸਨ ਬਹੁਤ ਹੀ ਕੋਝੇ ਯਤਨ ਹੋ ਰਹੇ ਹਨ ।
ਜੇਕਰ ਇਹ ਸਾਰਾ ਵਰਤਾਰਾ ਦੇਖਿਆ ਜਾਵੇ ਤਾਂ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਜੋ ਲੋਕਾਂ ਨੇ ਗੁਰਬਾਣੀ ਤੇ ਕਿੰਤੂ ਪ੍ਰੰਤੂ ਕੀਤਾ ਹੈ ਉਹ ਸਾਰੇ ਪਹਿਲਾਂ ਹਮਾਇਤੀ ਹੀ ਸਨ । ਤੇ ਇਹ ਇੱਕ ਦਿਨ ਵਿੱਚ ਨਹੀਂ ਸਾਰਾ ਖੇਲ ਹੋ ਗਿਆ ਸੀ । ਕਈ ਸਾਲ ਲਗਾ ਕੇ ਇਹ ਗੱਲਾਂ ਕੀਤੀਆਂ ਗਈਆਂ ਸਨ । ਥੋੜ੍ਹਾ ਥੋੜ੍ਹਾ ਕਰਕੇ ਜ਼ਹਿਰ ਦੇਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ । ਇਹੀ ਇਥੇ ਕੀਤਾ ਜਾ ਰਿਹਾ ਹੈ । ਜੋ ਸਿੱਖ ਅੱਖਾਂ ਖੋਲ ਕੇ ਵਿਚਰ ਰਹੇ ਨੇ ਇਸ ਸੰਸਾਰ ਵਿੱਚ ਉਹ ਭਲੀ ਭਾਂਤੀ ਜਾਣਦੇ ਹਨ ਕਿ ਕਿਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਗੁਰਬਾਣੀ ਪ੍ਰਤੀ ਜਾਂ ਇਤਿਹਾਸ ਪ੍ਰਤੀ ਜਾਂ ਫਿਰ ਮਰਯਾਦਾ ਬਾਰੇ । ਜਦੋਂ ਗੁਰਬਾਣੀ, ਇਤਿਹਾਸ ਤੇ ਮਰਯਾਦਾ ਨੂੰ ਕੱਢ ਦਿੱਤਾ ਸਿੱਖੀ ਵਿੱਚੋਂ ਤਾਂ ਫਿਰ ਇਹ ਸਿੱਖੀ ਨਾ ਰਹਿ ਕੇ ਕੁਝ ਹੋਰ ਹੀ ਬਣ ਜਾਵੇਗੀ ।
ਮੌਜੂਦਾ ਹਾਲਾਤ ਦੇਖ ਕੇ ਇਹ ਗੱਲ ਸੱਚ ਹੋ ਨਿਬੜਦੀ ਹੈ ਕਿ ਸਿੱਖੀ ਦਾ ਰਸਤਾ ਬਹੁਤ ਕਠਿਨ ਹੈ । ਜੋ ਲੋਕ ਅੱਜ ਮਰਯਾਦਾ ਤੇ ਉਂਗਲ ਚੁੱਕ ਰਹੇ ਨੇ ਓਹ ਇਸ ਮਰਯਾਦਾ ਦੇ ਵਿੱਚ ਆਪਣੇ ਆਪ ਨੂੰ ਨਹੀ ਢਾਲ ਸਕਦੇ, ਸੋ ਸੌਖਾ ਤਰੀਕਾ ਇਹ ਕੱਢਿਆ ਜਾਂਦਾ ਹੈ ਕਿ ਸਿੱਖੀ ਦਾ ਤੇ ਅੰਮ੍ਰਿਤ ਵੇਲੇ ਉੱਠਣ ਦਾ ਕੋਈ ਸਬੰਧ ਨਹੀਂ ਹੈ ਜਾਂ ਸਿੱਖੀ ਕੇਸਾਂ ਨਾਲ ਨਹੀਂ, ਆਤਮਾ ਨੂੰ ਮਿਲਣ ਲਈ ਹੈ । ਕਹਿਣ ਤੋਂ ਭਾਵ ਜੋ ਚੀਜ਼ ਕਠਿਨ ਲੱਗਦੀ ਹੈ ਉਸਨੂੰ ਨਿਕਾਰ ਦੇਣਾ ਬਹੁਤ ਸੌਖਾ ਹੋ ਜਾਂਦਾ ਹੈ ਕਿਉਂਕਿ ਲੋਕ ਇਹ ਤਾਂ ਨਹੀਂ ਕਹਿ ਸਕਦੇ ਕਿ ਉਹ ਗ਼ਲਤ ਹਨ, ਸੋ ਇਹ ਕਹਿਣ ਵਿੱਚ ਢਿੱਲ ਨਹੀਂ ਲਾਉਂਦੇ ਕਿ ਮਰਯਾਦਾ ਗ਼ਲਤ ਹੈ । ਇਹ ਤਾਂ ਖੰਡੇ ਤੋਂ ਤਿੱਖਾ ਤੇ ਵਾਲ ਨਾਲੋਂ ਬਾਰੀਕ ਇਕ ਬਹੁਤ ਹੀ ਕਠਿਨ ਰਸਤਾ ਹੈ, ਜੋ ਇਸ ਵਿੱਚ ਪੂਰਨ ਉਤਰਦਾ ਹੈ ਉਹ ਹੀ ਸਿੱਖ ਕਹਾਉਂਦਾ ਹੈ ।
ਆਪਣੀ ਜਵਾਨੀ ਦੇ ਦਿਨਾਂ ਵਿੱਚ ਮੈਂ ਇਹ ਕਦੇ ਵੀ ਨਹੀਂ ਸੋਚਿਆ ਸੀ ਕਿ ਸਿੱਖੀ ਦੇ ਸਿਧਾਂਤਾਂ ਦੇ ਖ਼ਿਲਾਫ਼ ਕੋਈ ਉੱਚ ਪੱਧਰੀ ਕਮੇਟੀ ਜਾਂ ਕੋਈ ਸੰਸਥਾ ਕੰਮ ਕਰ ਰਹੀ ਹੋਵੇਗੀ । ਮੇਰੀ ਇਸ ਸੋਚਣੀ ਪਿੱਛੇ ਕਾਰਣ ਇਹ ਸੀ ਕਿ ਸਿੱਖਾਂ ਨੇ ਕਦੇ ਵੀ ਕਿਸੇ ਦੇ ਧਰਮ ਦੇ ਖ਼ਿਲਾਫ਼ ਕੋਈ ਨਿੱਜੀ ਤੌਰ ਤੇ ਕੰਮ ਨਹੀਂ ਕੀਤਾ ।
ਧਰਮ ਯੁੱਧ ਮੋਰਚੇ ਬਾਰੇ ਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਬਾਰੇ ਕਾਫ਼ੀ ਕੁਝ ਪੜ੍ਹਿਆ ਅੱਜ ਤੋਂ ਡੇਢ ਦਹਾਕੇ ਪਹਿਲਾਂ । ਉਨ੍ਹਾਂ ਦੀਆਂ ਸਪੀਚਾਂ ਸੁਣ ਕੇ ਲੱਗਦਾ ਸੀ ਕਿ ਏਦਾਂ ਦਾ ਕੁਝ ਨਹੀਂ ਹੋ ਸਕਦਾ । ਕਿਉਂ ਕੋਈ ਸਰਕਾਰ ਜਾਂ ਕੋਈ ਧਰਮ ਦੀ ਸੰਸਥਾ ਸਿੱਖੀ ਦੇ ਖ਼ਿਲਾਫ਼ ਲਿਖੇਗੀ ਜਾਂ ਸਿੱਖਾਂ ਦੀਆਂ ਭਾਵਨਾਵਾਂ ਭੜਕਾਏਗੀ ? ਜਦ ਸਾਡਾ ਕਿਸੇ ਨਾਲ ਵੈਰ ਨਹੀਂ ਤਾਂ ਕਿਉਂ ਕੋਈ ਸਾਡੇ ਨਾਲ ਬਿਨਾਂ ਮਤਲਬ ਵੈਰ ਸ਼ੁਰੂ ਕਰੇਗਾ ? ਪਰ ਮੇਰੀ ਕਿਸਮਤ ਇਹੋ ਜਿਹੀ ਸੀ ਕਿ ਮੈਨੂੰ ਇਹ ਤਾਂ ਸਮਝ ਲੱਗ ਗਿਆ ਸੀ ਕਿ ਭਿੰਡਰਾਂਵਾਲੇ ਸੰਤਾਂ ਨੂੰ ਇਕ ਅਲੱਗ ਦ੍ਰਿਸ਼ ਨਾਲ ਪੇਸ਼ ਕੀਤਾ ਜਾ ਰਿਹਾ ਹੈ । ਇਹ ਤਾਂ ਹੋਣਾ ਹੀ ਸੀ ਕਿਉਂਕਿ ਜਦੋਂ ਵੀ ਕੋਈ ਧਿਰ ਸਰਕਾਰਾਂ ਦੇ ਖ਼ਿਲਾਫ਼ ਖੜ੍ਹੀ ਹੁੰਦੀ ਹੈ ਉਸ ਨਾਲ ਇਸ ਤਰ੍ਹਾਂ ਹੀ ਕੀਤਾ ਜਾਂਦਾ ਹੈ । ਲੋਕਾਂ ਦਾ ਜੁੜਨਾ ਇਕ ਖ਼ਾਸ ਮਨੁੱਖ ਨਾਲ, ਇਹ ਨਹੀਂ ਭਾਉਂਦਾ ਕਿਸੇ ਵੀ ਸਰਕਾਰ ਨੂੰ । ਪਰ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਲੱਗਦਾ ਸੀ ਕਿ ਉਹ ਸਰਕਾਰਾਂ ਦੀ ਨਬਜ਼ ਨੂੰ ਸਮਝ ਗਏ ਨੇ । ਉਨ੍ਹਾਂ ਨੂੰ ਪਤਾ ਚੱਲ ਗਿਆ ਸੀ ਕਿ ਕਿਸ ਤਰ੍ਹਾਂ ਦਾ ਵਰਤਾਰਾ ਹੋਣ ਵਾਲਾ ਹੈ । ਜੋ ਸੰਤਾਂ ਦੇ ਬਚਨਾਂ ਨੂੰ ਅੱਜ ਵੀ ਮੰਨਦੇ ਨੇ ਉਨ੍ਹਾਂ ਨੂੰ ਪਤਾ ਹੈ ਕਿ ਲੋਕਾਂ ਨੇ ਕਿਸ ਹੱਦ ਤੱਕ ਗਿਰਨਾ ਹੈ ਸਿੱਖੀ ਦੇ ਉਲਟ ਕੰਮ ਕਰਨ ਲਈ ।
ਮੈਨੂੰ ਇੰਝ ਮਹਿਸੂਸ ਹੁੰਦਾ ਸੀ ਕਿ ਲੋਕਾਂ ਨੂੰ ਸਮਝਾਇਆ ਜਾ ਸਕਦਾ ਹੈ ਬਿਠਾ ਕੇ । ਵਿਚਾਰਾਂ ਨਾਲ ਕੋਈ ਵੀ ਇਨਸਾਨ ਸਮਝ ਸਕਦਾ ਹੈ । ਪਰ ਇਥੇ ਆ ਕਰ ਦੇਖਿਆ ਕੁਝ ਹੋਰ ਹੀ ਵਰਤਾਰਾ ਵਰਤ ਰਿਹਾ ਹੈ । ਲੋਕਾਂ ਨੇ ਅਕਲ ਕਿਸੇ ਬਾਰੀ ਵਿੱਚ ਬੰਦ ਕਰਕੇ ਰੱਖ ਦਿੱਤੀ ਹੈ । ਸਾਡੀ ਸੰਸਥਾ ਦਾ ਵਾਹ ਤਾਂ ਹਰ ਹਫ਼ਤੇ ਕਿਸੇ ਨਾਲ ਕਿਸੇ ਨਾਲ ਪਿਆ ਹੀ ਰਹਿੰਦਾ ਹੈ । ਲੋਕਾਂ ਦੀ ਮੱਤ ਤੇ ਇਹੋ ਜਿਹਾ ਪਰਦਾ ਪਿਆ ਹੋਇਆ ਹੈ ਜਿਸਦਾ ਵਿਸਤਾਰ ਨਹੀਂ ਕੀਤਾ ਜਾ ਸਕਦਾ । ਬਹੁਤੇ ਇਨ੍ਹਾਂ ਲੋਕਾਂ ਵਿੱਚੋਂ ਉਹ ਲੋਕ ਹੁੰਦੇ ਨੇ ਜਿਨ੍ਹਾਂ ਨੇ ਸਿੱਖ ਧਰਮ ਨੂੰ ਆਪਣਾ ਅੰਗ ਮੰਨਿਆ ਹੁੰਦਾ ਹੈ । ਇਥੇ ਸਾਰੇ ਹਿੰਦੂਆਂ ਜਾਂ ਫਿਰ ਮੁਸਲਮਾਨਾਂ ਦੀ ਗੱਲ ਨਹੀਂ ਹੋ ਰਹੀ । ਕੁਝ ਕੁ ਹੁੰਦੇ ਨੇ ਜਿਨ੍ਹਾਂ ਕਰਕੇ ਲੋਕ ਸਾਰਿਆਂ ਨੂੰ ਹੀ ਇਕੋ ਜਿਹੇ ਸਮਝਣ ਲੱਗ ਜਾਂਦੇ ਨੇ ।
ਜਦ ਸਿੱਖ ਇੱਕ ਭੰਬਲਭੂਸੇ ਵਿੱਚੋਂ ਨਿਕਲੇ ਤੇ ਦੂਜੇ ਵਿੱਚ ਫਸ ਗਏ । ਇਥੇ ਹੁਣ ਗੱਲ ਆ ਗਈ ਗੁਰਬਾਣੀ ਦੇ ਅਰਥਾਂ ਦੀ ।
ਇਸ ਵਿੱਚ ਦੋਨੋਂ ਸਿੱਖ ਤੇ ਹਿੰਦੂ ਹੁੰਦੇ ਨੇ, ਜੋ ਪੈਸੇ ਦੇ ਲਾਲਚ ਜਾਂ ਫਿਰ ਪ੍ਰੋਪੇਗੰਡੇ ਦੀ ਲਪੇਟ ਵਿੱਚ ਆ ਕਰ ਆਪਣਾ ਸਭ ਗਰਕ ਕਰਾ ਚੁੱਕੇ ਨੇ । ਇਹ ਕਈ ਹਿੰਦੂ ਪੰਡਤਾਂ ਦਾ ਸਾਲਾਂ ਬੱਧੀ ਇਤਿਹਾਸ ਰਿਹਾ ਹੈ ਕਿ ਇਨ੍ਹਾਂ ਨੇ ਕਦੇ ਵੀ ਆਪਣੇ ਧਰਮ ਦੀ ਪਰਿਭਾਸ਼ਾਵਾਂ ਨੂੰ ਥੱਲੇ ਨਹੀਂ ਲੱਗਣ ਦਿੱਤਾ । ਇਥੇ ਹੀ ਰੁਕ ਕੇ ਨਹੀਂ, ਜਦੋਂ ਗੁਰੂ ਸਾਹਿਬਾਨਾਂ ਨੇ ਗੁਰਬਾਣੀ ਦੇ ਰਾਹੀ ਉਪਦੇਸ਼ ਦੇਣਾ ਸ਼ੁਰੂ ਕੀਤਾ ਤਾਂ ਕਈ ਵਾਰ ਇਹ ਪ੍ਰਸ਼ਨ ਉਠਾਏ ਗਏ ਕਿ ਤੁਹਾਡੇ ਵੱਲੋਂ ਉਚਾਰੀ ਹੋਈ ਬਾਣੀ ਵੇਦ ਸ਼ਾਸਤਰਾਂ ਦੇ ਅਨੁਕੂਲ ਹੈ ਜਾਂ ਨਹੀਂ । ਇਨ੍ਹਾਂ ਲੋਕਾਂ ਲਈ ਵੇਦ ਸ਼ਾਸਤਰ ਹੀ ਇਕ ਮਾਪ ਦੰਡ ਨੇ ਜਿਸ ਰਾਹੀ ਇਹ ਕੋਈ ਗੱਲ ਨੂੰ ਸਹੀ ਕਰਦੇ ਨੇ । ਮੈਂ ਕੋਈ ਧਾਰਮਿਕ ਗ੍ਰੰਥ ਬਾਬਤ ਇਹ ਪ੍ਰਚਾਰ ਨਹੀਂ ਕਰ ਰਿਹਾ ਕਿ ਉਹ ਗ਼ਲਤ ਨੇ । ਸਿੱਖ ਕਦੇ ਵੀ ਕੋਈ ਧਾਰਮਿਕ ਗ੍ਰੰਥ ਪੜ੍ਹਨ ਤੋਂ ਨਹੀਂ ਰੁਕਿਆ ਕਿਉਂਕਿ ਕਿਸੇ ਧਰਮ ਬਾਰੇ ਜਾਨਣਾ ਕੋਈ ਗ਼ਲਤ ਨਹੀਂ ਹੁੰਦਾ । ਬਹੁਤ ਸਾਰੀਆਂ ਸਿੱਖ ਸੰਪਰਦਾਵਾਂ ਦੇ ਵਿੱਚ ਦੂਜੇ ਧਰਮਾਂ ਦੀਆਂ ਭਾਸ਼ਾਵਾਂ ਤੇ ਗ੍ਰੰਥ ਵੀ ਪੜ੍ਹਾਏ ਜਾਂਦੇ ਨੇ ।
ਦਿੱਕਤ ਦੀ ਗੱਲ ਓਦੋਂ ਹੁੰਦੀ ਹੈ ਜਦੋਂ ਕਈ ਹਿੰਦੂ ਆਪਣੀਆਂ ਪਰਿਭਾਸ਼ਾਵਾਂ ਸਿੱਖਾਂ ਤੇ ਥੋਪਣ ਲੱਗ ਜਾਂਦੇ ਨੇ, ਖ਼ਾਸ ਕਰ ਜਦੋਂ ਗੁਰਬਾਣੀ ਬਿਲਕੁਲ ਅਲੱਗ ਗੱਲ ਕਰ ਰਹੀ ਹੁੰਦੀ ਹੈ । ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਸਿੱਖ ਇਹ ਕਹਿੰਦਾ ਨਹੀਂ ਸੁਣਿਆ ਕਿ ਜਿਸ ਤਰੀਕੇ ਨਾਲ ਅਸੀਂ ਵੇਦ ਸ਼ਾਸਤਰਾਂ ਤੇ ਕਤੇਬਾਂ ਦੇ ਅਰਥ ਕਰ ਰਹੇ ਹਾਂ ਓਹੀ ਸਹੀ ਨੇ । ਫਿਰ ਕੀ ਕਾਰਨ ਹੁੰਦਾ ਹੈ ਕਿ ਕਈ ਹਿੰਦੂ ਸਿੱਖ ਧਰਮ ਦੇ ਗ੍ਰੰਥਾਂ ਨੂੰ ਆਪਣੇ ਦੇਵੀ ਦੇਵਤਿਆਂ ਨਾਲ ਜੋੜ ਕੇ ਦੇਖਣ ਲੱਗ ਜਾਂਦੇ ਨੇ ? ਇਸਦਾ ਅਸਰ ਕਈ ਇਤਿਹਾਸਿਕ ਗ੍ਰੰਥਾਂ ਵਿੱਚ ਵੀ ਦੇਖਣ ਨੂੰ ਆਇਆ ਜਦੋਂ ਗੁਰੂ ਸਾਹਿਬਾਨਾਂ ਦੇ ਜੀਵਨ ਦੇ ਕਈ ਪਹਿਲੂ ਹਿੰਦੂ ਗ੍ਰੰਥਾਂ ਮੁਤਾਬਕ ਲਿਖੇ ਗਏ । ੨੧ਵੀਂ ਸਦੀ ਦੇ ਕੁਝ ਕੁ ਸਿੱਖਾਂ ਤੇ ਇਸਦਾ ਬਹੁਤ ਪ੍ਰਭਾਵ ਪਿਆ ਹੋਇਆ ਹੈ ।
ਕੁਝ ਸਮਾਂ ਪਹਿਲਾਂ ਲਿਖੇ ਗਏ ਇਕ ਗੁਰਬਾਣੀ ਦੇ ਸ਼ਬਦ ਦੇ ਅੰਗਰੇਜ਼ੀ ਅਨੁਵਾਦ ਤੇ ਕਈ ਲੋਕਾਂ ਨੇ ਆਪਣੀ ਮੂਰਖ਼ਤਾ ਦਿਖਾਈ । ਇਹ ਉਹ ਸ਼ਬਦ ਹੈ ਜਿਸ ਵਿੱਚ ਪਰਮਾਤਮਾ ਦੇ ਕਈ ਨਾਂ ਲਏ ਗਏ ਨੇ । ਇਕ ਹਿੰਦੂ ਨਾਲ ਹੋਈ ਵਾਰਤਾਲਾਪ ਵਿੱਚ ਉਸਦਾ ਪੂਰਾ ਜ਼ੋਰ ਇਸ ਗੱਲ 'ਚ ਲੱਗਿਆ ਰਿਹਾ ਕਿ ਇਹ ਗੁਰੂ ਸਾਹਿਬ ਨੇ ਵਿਸ਼ਨੂੰ ਦੇ ਅਵਤਾਰਾਂ ਦੀ ਗੱਲ ਕੀਤੀ ਹੈ । ਉਹ ਤਕਰੀਬਨ ੧੦੦ ਪੇਜਾਂ ਤੋਂ ਵੀ ਉਪਰ ਦਾ ਇਕ ਲੇਖ ਸੀ । ਇਨ੍ਹਾਂ ਵਿਚਾਰਧਾਰਾਵਾਂ ਦਾ ਅਸਰ ਸਿੱਖਾਂ ਤੇ ਇਸ ਪ੍ਰਕਾਰ ਹੋਇਆ ਕਿ ਇਕ ਸਿੱਖ ਨੇ ਵੀ ਇਹੋਈ ਜਬਲੀ ਮਾਰ ਦਿੱਤੀ ਕਿ ਇਹ ਵਿਸ਼ਨੂੰ ਦੇ ਨਾਮ ਨੇ । ਓਂਦੇ ਨਾਲ ਵੀ ਬੜਾ ਮੱਥਾ ਮਾਰਿਆ ਪਰ ਉਹ ਵੀ ਨਹੀਂ ਸਮਝ ਸਕਿਆ । ਹੋਰ ਤਾਂ ਹੋਰ, ਨਾਮਧਾਰੀਆਂ ਦੇ ਦਲੀਪ ਸਿੰਘ ਨੇ ਵੀ ਇਹੋ ਵਿਚਾਰ ਪ੍ਰਗਟ ਕੀਤੇ । ਇਕ ਪਾਸੇ ਆਪਣੇ ਆਪ ਨੂੰ ਸਿੱਖ ਅਖਵਾਉਣਾ ਤੇ ਦੂਜੇ ਪਾਸੇ ਗੁਰਬਾਣੀ ਦੇ ਅਰਥਾਂ ਦੇ ਅਨਰਥ ਕਰਨੇ !
ਇਹ ਬਿਮਾਰੀ ਕਦੋਂ ਤੋਂ ਸ਼ੁਰੂ ਹੋਈ ਇਸਦਾ ਕੋਈ ਖ਼ਾਸ ਸਾਲ ਨਿਰਧਾਰਿਤ ਕਰਨਾ ਮੇਰੇ ਲਈ ਮੁਸ਼ਕਲ ਹੈ । ਪਰ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਜਦੋਂ ਸਿੰਘ ਸਭਾਵਾਂ ਸ਼ੁਰੂ ਹੋਈਆਂ ਤਦੋਂ ਇਹ ਅਗਿਆਨਮੱਤੀਏ ਨਿਕਲ ਕੇ ਸਾਹਮਣੇ ਆਏ ਜੋ ਸਿੱਖਾਂ ਨੂੰ ਆਪਣੇ ਬਾਹਮਣਵਾਦ ਨਾਲ ਜੋੜਨ ਤੇ ਲੱਗੇ ਹੋਏ ਸਨ । ਸ਼ਾਇਦ ਇਹ ਪ੍ਰਚਾਰ ਓਦੋਂ ਦਾ ਜ਼ਿਆਦਾ ਸ਼ੁਰੂ ਹੋਇਆ ਹੋਵੇ । ਨਿਰਭੈ ਰਹਿ ਕੇ ਕਈ ਸਿੱਖਾਂ ਨੇ ਇਹੋ ਜਿਹੀ ਕਲਮ ਚਲਾਈ ਕਿ ਇਨ੍ਹਾਂ ਲੋਕਾਂ ਦੀਆਂ ਹਜੇ ਵੀ ਡਰ ਨਾਲ ਦੰਦੀਆਂ ਕੰਬ ਰਹੀਆਂ ਨੇ, ਜਿਸਦਾ ਅਸਰ ਘਟਾਉਣ ਲਈ ਇਹ ਸਿੰਘ ਸਭਾਵਾਂ ਨੂੰ ਹੀ ਅੰਗਰੇਜ਼ੀ ਹਕੂਮਤ ਦਾ ਇਕ ਪਾਸਾ ਦੱਸਦੇ ਨੇ । ਅੱਜ ਕੱਲ ਇਸਦਾ ਪ੍ਰਚਾਰ ਕੁਝ ਹੱਦੋਂ ਵੱਧ ਹੋ ਰਿਹਾ ਹੈ ।
ਜੋ ਵੀ ਦੇਖੋ ਇਹੀ ਕਹਿੰਦਾ ਹੋਇਆ ਸੁਣਾਈ ਦੇਵੇਗਾ ਕਿ ਰਾਮ, ਮੁਰਾਰੀ, ਗੋਬਿੰਦ ਤੇ ਹੋਰ ਨਾਉਂ ਕਿੰਨੀ ਵਾਰ ਆਏ ਨੇ ਗੁਰੂ ਗ੍ਰੰਥ ਸਾਹਿਬ ਵਿੱਚ । ਇਨ੍ਹਾਂ ਨੂੰ ਅੰਕੜੇ ਪਤਾ ਹੋਣ ਦੇ ਬਾਵਜੂਦ ਅਰਥ ਸਮਝ ਨਹੀਂ ਲੱਗੇ । ਕਾਸ਼ ਇਨ੍ਹਾਂ ਨੇ ਜਿੰਨੀ ਵਾਰੀ ਨਾਂ ਆਏ ਨੇ ਓਨੀ ਵਾਰੀ ਹੀ ਜਪ ਲਿਆ ਹੁੰਦਾ ਨਾਂ ਤਾਂ ਇਨ੍ਹਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਇਹ ਨਾਮ ਕੋਈ ਵਿਸ਼ਨੂੰ ਦੀ ਭਗਤੀ ਵਿੱਚ ਨਹੀਂ ਲਿਖੇ ਗਏ ਸਗੋਂ ਉਸ ਪਰਮਾਤਮਾ ਲਈ ਨੇ ਜੋ ਸਰਬ ਵਿਆਪਕ ਹੈ ।
ਇਹ ਇੱਕ ਬਹੁਤ ਹੀ ਵੱਡੀ ਗੱਲ ਹੈ ਕਿ ਲੋਕ ਗੁਰਬਾਣੀ ਦੇ ਅਰਥ ਬਦਲਣ ਤੇ ਲੱਗੇ ਹੋਏ ਨੇ । ਗੁਰਬਾਣੀ ਦੀ ਕਸਵੱਟੀ ਤੇ ਹੀ ਅਸੀਂ ਸਭ ਕੁਝ ਸਹੀ ਜਾਂ ਗ਼ਲਤ ਦੱਸਦੇ ਹਾਂ । ਬਹੁਤ ਸਾਰੇ ਇਤਿਹਾਸਿਕ ਪਹਿਲੂ ਆਉਂਦੇ ਨੇ ਇਤਿਹਾਸਿਕ ਗ੍ਰੰਥਾਂ ਵਿੱਚ ਜੋ ਸਿੱਖ ਸਹੀ ਨਹੀਂ ਮੰਨਦੇ ਕਿਉਂਕਿ ਗੁਰਬਾਣੀ ਦੇ ਅਨੁਕੂਲ ਨਹੀਂ ਨੇ । ਹੁਣ ਜੇਕਰ ਗੁਰਬਾਣੀ ਦੇ ਅਰਥਾਂ ਦੀ ਹੀ ਭੰਨ ਤੋੜ ਕੀਤੀ ਜਾਵੇ ਤਾਂ ਫਿਰ ਉਨ੍ਹਾਂ ਇਤਿਹਾਸਿਕ ਘਟਨਾਵਾਂ ਨੂੰ ਸਹੀ ਸਿੱਧ ਕਰਨਾ ਕੋਈ ਮੁਸ਼ਕਲ ਨਹੀਂ ਹੋਵੇਗਾ ਕਿਸੇ ਲਈ । ਇਸੇ ਲਈ ਇਹ ਵੱਧੇ ਪੱਧਰ ਤੇ ਹੋ ਰਿਹਾ ਹੈ । ਗੁਰਬਾਣੀ ਨਾਲ ਜਦੋਂ ਸਿੱਖ ਟੁੱਟ ਗਿਆ ਉਸਦੀ ਓਦੋਂ ਕੋਈ ਹੋਂਦ ਨਹੀਂ ਰਹੇਗੀ । ਫਿਰ ਸ਼ਾਇਦ ਆਪਾਂ ਵੀ ਇਹੋ ਹੀ ਕਹਿਣਾ ਸ਼ੁਰੂ ਕਰ ਦੇਵਾਂਗੇ ਕਿ ਸਿੱਖਾਂ ਲਈ ਗੁਰਬਾਣੀ ਪੜ੍ਹਨੀ ਅਤੇ ਉਸ ਦੇ ਉਪਦੇਸ਼ਾਂ ਤੇ ਚੱਲਣਾ ਲਾਜ਼ਮੀ ਨਹੀਂ ਹੈ, ਜਿਵੇਂ ਕਈ ਹਿੰਦੂ ਕਹਿੰਦੇ ਸੁਣੇ ਜਾਂਦੇ ਨੇ ਕਿ ਪਰਮਾਤਮਾ ਨੂੰ ਜੇਕਰ ਕੋਈ ਨਹੀਂ ਵੀ ਮੰਨਦਾ ਤਾਂ ਵੀ ਉਹ ਇੱਕ ਹਿੰਦੂ ਹੋ ਸਕਦਾ ਹੈ । ਇਹੋ ਜਿਹੀਆਂ ਹੀ ਗੱਲਾਂ ਸਿੱਖਾਂ ਦੇ ਵਿੱਚ ਹੋਣੀਆਂ ਸ਼ੁਰੂ ਹੋ ਜਾਣੀਆਂ ਨੇ ਜੇਕਰ ਇਨ੍ਹਾਂ ਮੂਰਖ਼ ਲੋਕਾਂ ਨੂੰ ਰੋਕਿਆ ਨਹੀਂ ਗਿਆ ।
੨੧ਵੀਂ ਸਦੀ ਵਿੱਚ ਇੰਟਰਨੈੱਟ ਨੇ ਇਹੋ ਜਿਹਾ ਜ਼ੋਰ ਫੜਿਆ ਕਿ ਲੋਕਾਂ ਲਈ ਇੱਕ ਦੂਜੇ ਨਾਲ ਜੁੜਨਾ ਬਹੁਤ ਹੀ ਸੁਖਾਲਾ ਹੋ ਗਿਆ । ਇਸ ਰਾਹੀਂ ਬਹੁਤ ਕੁਝ ਪੜ੍ਹਨ ਤੇ ਸੁਣਨ ਨੂੰ ਮਿਲਦਾ ਹੈ । ਪਹਿਲਾਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਗੱਲ ਕਰਦੇ ਹਾਂ ।
ਅਜੀਤ ਵਾਡਾਕਾਇਲ, ਜਿਸ ਬਾਰੇ ਆਪਾਂ ਕਈ ਲੇਖ ਲਿਖ ਚੁੱਕੇ ਹਾਂ ਤੇ ਵੀਡੀਉ ਵੀ ਬਣਾਈਆਂ ਨੇ, ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਗਰੇਜ਼ਾਂ ਨੇ ਕਈ ਮਿਲਾਵਟਾਂ ਕਰ ਦਿੱਤੀਆਂ । ਉਸਦਾ ਪੂਰਾ ਜ਼ੋਰ ਇਸ ਤੇ ਲੱਗਿਆ ਹੋਇਆ ਹੈ ਕਿ ਕਿਸੇ ਤਰ੍ਹਾਂ ਸਿੱਖਾਂ ਨੂੰ ਤੇ ਸਿੱਖ ਗੁਰੂਆਂ ਨੂੰ ਹਿੰਦੂ ਸਾਬਿਤ ਕੀਤਾ ਜਾ ਸਕੇ । ਨਾ ਸਿਰਫ਼ ਉਸਨੇ ਸਿੱਖਾਂ ਬਾਰੇ, ਸਗੋਂ ਹਿੰਦੂਆਂ ਦੇ ਧਾਰਮਿਕ ਗ੍ਰੰਥਾਂ ਬਾਰੇ ਵੀ ਇਹੀਓ ਲਿਖਿਆ ਕੇ ਅੰਗਰੇਜ਼ਾਂ ਨੇ ਮਿਲਾਵਟ ਕਰ ਦਿੱਤੀ ਸੀ । ਇਸਦਾ ਸਿੱਧਾ ਕਾਰਣ ਜੋ ਜਾਪਦਾ ਹੈ ਉਹ ਇਹ ਹੈ ਕਿ ਕਈ ਇਹੋ ਜਿਹੀਆਂ ਗੱਲਾਂ ਲਿਖੀਆਂ ਗਈਆਂ ਨੇ ਉਨ੍ਹਾਂ ਦੇ ਗ੍ਰੰਥਾਂ ਵਿੱਚ ਜੋ ਸਹੀ ਨਹੀਂ ਜਾਪਦੀਆਂ, ਜਿਵੇਂ ਕਿ ਕਿਸੇ ਖ਼ਾਸ ਖ਼ਿੱਤੇ ਦੇ ਲੋਕਾਂ ਨੂੰ ਨੀਚ ਕਹਿਣਾ ਤੇ ਕਈ ਸਾਲਾਂ ਤੱਕ ਉਨ੍ਹਾਂ ਤੇ ਅਤਿਆਚਾਰ ਕਰਨੇ । ਹੁਣ ਤਾਂ ਲੋਕਾਂ ਨੇ ਕੁਝ ਵੀ ਗ਼ਲਤ ਹੋਵੇ, ਅੰਗਰੇਜ਼ਾਂ ਤੇ ਹੀ ਸੁੱਟਣਾ ਹੈ, ਆਪ ਜ਼ਿੰਮੇਵਾਰੀ ਨਹੀਂ ਲੈਣੀ । ਮੇਰਾ ਇਥੇ ਇਹ ਭਾਵ ਨਹੀਂ ਕਿ ਅੰਗਰੇਜ਼ਾਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ ; ਉਨ੍ਹਾਂ ਨੇ ਵੀ ਬਹੁਤ ਅਤਿਆਚਾਰ ਕੀਤੇ ਨੇ ਭਾਰਤੀਆਂ ਤੇ । ਪਰ ਜੋ ਬਾਹਮਣਵਾਦੀਆਂ ਵੱਲੋਂ ਅਤਿਆਚਾਰ ਸ਼ੂਦਰਾਂ ਤੇ ਕੀਤੇ ਗਏ ਸਨ (ਮੈਂ ਸ਼ੂਦਰ ਸ਼ਬਦ ਇਸ ਲਈ ਵਰਤ ਰਿਹਾ ਹਾਂ ਤਾਂ ਜੋ ਇਹ ਪਤਾ ਚੱਲ ਸਕੇ ਕਿ ਕਿਸਦੀ ਗੱਲ ਹੋ ਰਹੀ ਹੈ, ਮੇਰਾ ਜਾਤ ਪਾਤ ਵਿੱਚ ਕੋਈ ਵਿਸ਼ਵਾਸ ਨਹੀਂ ਹੈ) ਉਸਦਾ ਕੋਈ ਲਾਸਾਨੀ ਸ਼ਾਇਦ ਨਹੀਂ ਹੋਵੇਗਾ । ਕਿੰਨੇ ਹੀ ਸਾਲਾਂ ਤੱਕ ਇਨ੍ਹਾਂ ਨੂੰ ਘ੍ਰਿਣਾ ਭਰੀਆਂ ਨਜ਼ਰਾਂ ਨਾਲ ਦੇਖਿਆ ਗਿਆ, ਧਾਰਮਿਕ ਕੰਮ ਨਾ ਕਰਨ ਦੇਣਾ … ਹੋਰ ਵੀ ਪਤਾ ਨੀ ਕੀ ਕੁਝ । ਤੇ ਜਦੋਂ ਅੱਜ ਕੋਈ ਗੱਲ ਕਰੇ ਤੇ ਕਹਿ ਦਿੰਦੇ ਨੇ ਕਿ ਇਹ ਤਾਂ ਅੰਗਰੇਜ਼ਾਂ ਨੇ ਸ਼ੁਰੂ ਕੀਤਾ ਸੀ, ਪਹਿਲਾਂ ਇਹੋ ਜਾਂ ਕੁਝ ਨਹੀਂ ਸੀ । ਜਾਂ ਫਿਰ ਇਹ ਤਾਂ ਮੰਨੂ ਨੇ ਸ਼ੁਰੂ ਕੀਤਾ ਸੀ, ਇਹ ਤਾਂ ਪੁਰਾਣੀਆਂ ਗੱਲਾ ਨੇ । ਜੇਕਰ ਅੱਜ ਵੀ ਮੁਗ਼ਲਾ ਤੋਂ ਪਹਿਲਾਂ ਵਾਲੇ ਹਾਲਾਤ ਹੁੰਦੇ ਤਾਂ ਕਈ ਲੋਕਾਂ ਨੇ ਇਹ ਕਹਿਣੋ ਵੀ ਸੰਕੋਚ ਨਹੀਂ ਕਰਨਾ ਸੀ ਕਿ ਇਹ ਸਹੀ ਹੈ । ਹੁਣ ਇਸਨੂੰ ਸਾਰੇ ਇਕ ਘਟੀਆਂ ਦਰਜੇ ਦੀ ਸੋਚ ਸਮਝ ਰਹੇ ਨੇ ਤਾਂ ਇਹ ਆਪਣੇ ਆਪ ਤੇ ਲੈਣ ਦੀ ਬਜਾਏ ਅੰਗਰੇਜ਼ਾਂ ਜਾਂ ਫਿਰ ਹੋਰਾਂ ਲੋਕਾਂ ਤੇ ਮੜ੍ਹ ਰਹੇ ਨੇ ।
ਸਿੱਖਾਂ ਦੇ ਧਾਰਮਿਕ ਗ੍ਰੰਥ ਗੁਰੂ ਸਾਹਿਬਾਨਾਂ ਨੇ ਆਪ ਲਿਖਵਾਏ ਸਨ । ਸਿੱਖਾਂ ਕੋਲ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾਂ ਲਿਖਿਆ ਸਰੂਪ ਵੀ ਪਿਆ ਹੈ । ਗੁਰੂ ਗ੍ਰੰਥ ਸਾਹਿਬ ਵਿੱਚ ਮਿਲਾਵਟ ਹੋਣ ਦੀ ਦਲੀਲ ਦਾ ਜੋ ਕਾਰਣ ਮੈਨੂੰ ਜਾਪਦਾ ਹੈ ਉਹ ਹੈ ਨਾਗਪੁਰ ਵਿੱਚ ਜਾ ਕਰ ਆਪਣੀ ਵਿੱਦਿਆ ਹਾਸਲ ਕਰਨੀ । ਵਿਚਾਰਿਆਂ ਨੂੰ ਇਹ ਨਹੀਂ ਪਤਾ ਕਿ ਅਸੀਂ ਤਾਂ ਭਸੌੜੀਏ ਤੇ ਕਾਲੇ ਅਫ਼ਗ਼ਾਲੇ ਵਰਗਿਆਂ ਦੀਆਂ ਨੀ ਸੁਣੀਆਂ ਜਿਨ੍ਹਾਂ ਨੇ ਕਈ ਕਿਤਾਬਾਂ ਕਾਲੀਆਂ ਕਰ ਛੱਡੀਆਂ, ਤੇਰੇ ਇਕ ਲੇਖ ਤੇ ਕਿਥੋਂ ਵਿਸ਼ਵਾਸ ਕਰ ਲਾਂਗੇ ।
ਸਿੱਖਾਂ ਨੂੰ ਆਪਣੇ ਨਾਲ ਰਲਾਉਣ ਦੀਆਂ ਚਾਲਾਂ ਜਾਂ ਫਿਰ ਗੁਰਬਾਣੀ ਤੇ ਕਿੰਤੂ ਪ੍ਰੰਤੂ ਕਰਨਾ ਕੋਈ ਵੀ ਲਾਹੇਵੰਦ ਨਹੀਂ ਹੈ ਕਿਸੇ ਲਈ ਵੀ । ਹਾਂ ਏਦਾਂ ਹੋ ਸਕਦਾ ਹੈ ਕਿ ਕੁਝ ਕੁ ਸਿੱਖ ਇਨ੍ਹਾਂ ਦੀਆਂ ਗੱਲਾਂ ਵਿੱਚ ਆ ਜਾਣ, ਪਰ ਸਿੱਖੀ ਤੇ ਇਸਦਾ ਕੋਈ ਅਸਰ ਨਹੀਂ ਹੋਵੇਗਾ । ਜਿਸਦੀ ਜੜ੍ਹ ਹੀ ਬਹੁਤ ਮਜ਼ਬੂਤ ਹੈ ਓਨੂੰ ਕਿਵੇਂ ਹਲਾਇਆ ਜਾ ਸਕਦਾ ਹੈ ! ਪ੍ਰੋਪੇਗੰਡਾ ਜ਼ਰੂਰ ਲੋਕ ਕਰ ਰਹੇ ਨੇ ਬਹੁਤ ਤਰ੍ਹਾਂ ਦਾ । ਇਸਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ । ਪਰ ਇਨ੍ਹਾਂ ਕੱਚੇ ਲੋਕਾਂ ਦਾ ਤਾਂ ਕੋਈ ਸੰਬੰਧ ਹੀ ਨਹੀਂ ਸੀ ਸਿੱਖੀ ਨਾਲ । ਜੇਕਰ ਇਹ ਲੋਕ ਸਹੀ ਮਾਇਨੇ ਦੇ ਵਿੱਚ ਸਿੱਖ ਹੁੰਦੇ ਤਾਂ ਇਨ੍ਹਾਂ ਨੂੰ ਕੋਈ ਹਲਾ ਨਾ ਸਕਦਾ । ਸਿੱਖਾਂ ਨੂੰ ਤਾਂ ਮੌਤ ਨੇ ਨਹੀ ਹਲਾਇਆ, ਤੇ ਇਥੇ ਲੋਕ ਦੋ ਚਾਰ ਕਿਤਾਬਾਂ ਪੜ੍ਹ ਕੇ ਜਾਂ ਇੰਟਰਨੈੱਟ ਤੇ ਪੰਜ-ਛੇ ਲੇਖ ਪੜ੍ਹ ਕੇ ਹਿੱਲ ਜਾਂਦੇ ਨੇ । ਇਹ ਸਿੱਖੀ ਥੋੜ੍ਹੀ ਨਾ ਹੈ । ਸਿੱਖੀ ਤਾਂ ਖੰਡਿਓ ਤਿੱਖੀ ਆ ਤੇ ਵਾਲੋਂ ਨਿੱਕੀ । ਇਥੇ ਤਾਂ ਨੰਗੇ ਖੰਡਿਆਂ ਤੇ ਨੱਚਣਾ ਪੈਂਦਾ ਹੈ ਸਿੱਖੀ ਧਰਮ ਰੱਖਣ ਲਈ, ਫਿਰ ਕਿਤੇ ਜਾ ਕੇ ਸਿੱਖੀ ਨਿਭਦੀ ਹੈ ।
੨੦ਵੀਂ ਸਦੀ ਵਿੱਚ ਜਦ ਭਗਤ ਬਾਣੀ, ਰਾਗਮਾਲਾ, ਤੇ ਭੱਟ ਬਾਣੀ ਤੇ ਕਿੰਤੂ ਪ੍ਰੰਤੂ ਕੀਤਾ ਗਿਆ ਤਾਂ ਕਈ ਲੋਕ ਇਸ ਜਾਲ ਵਿੱਚ ਵੀ ਫੱਸ ਗਏ ਸੀ । ਪਰ ਜਦ ਸਿੰਘਾਂ ਦੀ ਕਲਮ ਚੱਲੀ ਫਿਰ ਸਾਰੇ ਫਿੱਕੇ ਪੈ ਗਏ । ਸਿੱਖ ਵਿਰੋਧੀਆਂ ਨੂੰ ਪਤਾ ਹੈ ਕਿ ਸਿੱਖਾਂ ਨੂੰ ਗੁਰਬਾਣੀ ਪੜ੍ਹਨੋ ਹਟਾਉਣਾ ਬਹੁਤ ਔਖਾ ਕੰਮ ਹੈ । ਇਸ ਲਈ ਹੁਣ ੨੧ਵੀਂ ਸਦੀ ਦੇ ਵਿੱਚ ਅਰਥਾਂ ਦੇ ਅਨਰਥ ਕੀਤੇ ਜਾ ਰਹੇ ਨੇ । ਫਿਲਹਾਲ ਦੀ ਘੜੀ ਦੇ ਵਿੱਚ ਜੇਕਰ ਕੋਈ ਸਿੱਖ ਆਗੂ ਇਨ੍ਹਾਂ ਪੰਥ ਵਿਰੋਧੀਆਂ ਨਾਲ ਜਾ ਖੜ੍ਹਾ ਹੋਇਆਂ ਹੈ ਤਾਂ ਉਹ ਹੈ ਢੱਡਰੀਆਂ ਵਾਲਾ । ਦਰਅਸਲ ਵਿੱਚ ਉਸਦੇ ਕੀਤੇ ਹੋਏ ਅਰਥਾਂ ਤੇ ਗੁੱਸਾ ਘੱਟ ਤੇ ਹਾਸਾ ਜ਼ਿਆਦਾ ਆਉਂਦਾ ਹੈ । ਪੰਥ ਵਿੱਚ ਜੋ ਉਸਨੇ ਗੰਦ ਪਾਇਆ ਹੈ ਉਹ ਇਸ ੨੧ਵੀਂ ਸਦੀ ਵਿੱਚ ਕਿਸੇ ਨੇ ਸ਼ਾਇਦ ਨਹੀਂ ਪਾਇਆ ਹੋਵੇ । ਹੁਣ ਤਾਂ ਕਈ ਸਿੱਖ ਉਭਰ ਕੇ ਸਾਹਮਣੇ ਆ ਰਹੇ ਨੇ ਜੋ ਪਹਿਲਾਂ ਢੱਡਰੀ ਦੇ ਦੀਵਾਨਾਂ ਵਿੱਚ ਹਾਜ਼ਰੀ ਭਰਦੇ ਸਨ, ਪਰ ਹੁਣ ਜਦੋਂ ਉਸਦੀ ਸੱਚਾਈ ਸਾਹਮਣੇ ਆਈ ਤਾਂ ਉਸ ਨਾਲੋਂ ਸਮਝਲੋ ਜਿਵੇਂ ਨਾਤਾ ਹੀ ਤੋੜ ਲਿਆ । ਮੈਂ ਵੀ ਪਹਿਲਾਂ ਬਹੁਤ ਸੁਣਦਾ ਸੀ ਢੱਡਰੀ ਨੂੰ, ਪਰ ਏਨਾ ਕੱਚਾ ਨਹੀਂ ਸੀ ਕਿ ਉਸਦੀਆਂ ਗੱਲਾਂ ਵਿੱਚ ਆ ਜਾਂਦਾ ।
ਮੈਂ ਇੱਕ ਵੀਡੀਉ ਦੇਖੀ ਕੁਝ ਦਿਨ ਪਹਿਲਾਂ, ਜਿਸ ਵਿੱਚ ਨੇਕੀ ਨਿਊਜ਼ੀਲੈਡੀਆਂ ਆਪਣੀ ਬਕਵਾਸ ਕਰ ਰਿਹਾ ਸੀ ਤੇ ਸਿੰਘ ਉਸ ਨਾਲ ਬੜੇ ਪਿਆਰ ਨਾਲ ਗੱਲ ਕਰ ਰਿਹਾ ਸੀ । ਉਸ ਵਿੱਚ ਸਭ ਕੁਝ ਸਾਹਮਣੇ ਆ ਖੜ੍ਹਿਆ ਕਿ ਇਹ ਲੋਕਾਂ ਨੂੰ ਕਿਵੇਂ ਮੂਰਖ਼ ਬਣਾ ਰਹੇ ਨੇ । ਇਨ੍ਹਾਂ ਕੋਲ ਕੋਈ ਵੀ ਜਵਾਬ ਨਹੀਂ ਹੈ ਬਿਨਾਂ ਆਪਣੇ ਪ੍ਰੋਪੈਗੰਡੇ ਤੋਂ ਬਗ਼ੈਰ । ਕਿਸੇ ਸਿੰਘ ਨੇ ਤਾਂ ਇਹ ਵੀ ਕਿਹਾ ਕਿ ਢੱਡਰੀ ਦੇ ਪੱਲੇ ਵੀ ਕੁਝ ਨਹੀਂ ਹੈ ਤਾਂਈਉ ਉਹ ਵਿਚਾਰ ਤੋਂ ਭੱਜਦਾ ਹੈ । ਉਸਦਾ ਇਹ ਮੰਨਣਾ ਹੈ ਕਿ ਮੈਨੂੰ ਆਪਣੇ ਪ੍ਰਸ਼ਨ ਦੇ ਦਿਓ ਤੇ ਮੈਂ ਤੁਹਾਨੂੰ ਉੱਤਰ ਦੇ ਦੇਵੇਗਾ, ਪਰ ਨਾਲ ਬੈਠ ਕੇ ਵਿਚਾਰ ਨਹੀਂ ਕਰਨੀ । ਇਸਦਾ ਜੋ ਕਾਰਣ ਹੈ ਉਹ ਹੇਠ ਲਿਖੀ ਨੇਕੀ ਤੇ ਸਿੰਘ ਦੀ ਕਾਲ ਤੋਂ ਉੱਭਰ ਕੇ ਸਾਹਮਣੇ ਆਵੇਗਾ । ਉਸਦੇ ਕੁਝ ਕੁ ਅੰਸ਼ ਇਸ ਪ੍ਰਕਾਰ ਨੇ ।
ਸਿੰਘ: ਮੈਂ ਤੁਹਾਡੀਆਂ ਵੀਡੀਉ ਫੇਸਬੁੱਕ ਤੇ ਸੁਣਦਾ ਸੀ ਤੇ ਓਂਦੇ 'ਚ ਤੁਸੀਂ ਕੁਝ ਗੱਲਾਂ ਕਹੀਆਂ ਓਂਦੇ ਬਾਰੇ ਗੱਲ ਕਰਨੀ ਸੀ ।
ਨੇਕੀ: ਹਾਂ ਜੀ ।
ਸਿੰਘ: ਤੁਸੀਂ ਜਿਹੜਾ ਕਹਿੰਦੇ ਬਈ ਬਾਬਾ ਦੀਪ ਸਿੰਘ ਜੀ ਨੇ ਜੋ ਕੀਤਾ ਉਹ ਸਿੱਖੀ ਸਿਧਾਂਤ ਨੀ ਹੈਗਾ । ਸੰਤ ਜਰਨੈਲ ਸਿੰਘ ਜੀ ਨੇ ਜੋ ਕੀਤਾ ਉਹ ਨਹੀਂ ਸੀ ਕਰਨਾ ਚਾਹੀਦਾ । ਜਾਂ ਗ਼ਲਤ ਆ । ਤੇ ਪਰਮਾਤਮਾ ਦੀ ਹੋਂਦ ਨੂੰ ਵੀ ਲੈ ਕੇ ਤੁਸੀਂ ਸਵਾਲ ਕੀਤੇ ਆ ।
ਨੇਕੀ: ਹਾਂ ।
ਸਿੰਘ: ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਆ ਕਿ ਤੁਹਾਡੀ ਸੋਚ ਮੁਤਾਬਕ ਕੋਈ ਪਰਮਾਤਮਾ ਹੈ ਕੇ ਨਹੀਂ ?
ਨੇਕੀ: ਨਹੀਂ, ਪਰਮਾਤਮਾ ਜੀ ਸਾਨੂੰ ਤਾਂ ਏਦਾਂ ਈਂ ਸਮਝ ਆ ਜੀ ਜਿੰਨੀ ਸਾਨੂੰ ਸਮਝ ਆ ਕਿ ਜਿਹੜਾ ਪਰਮਾਤਮਾ ਆ ਉਹ ਕੁਦਰਤ ਵਿੱਚ ਵਸਿਆ ਹੋਇਆ ਐ ।
ਸਿੰਘ: ਨਹੀਂ, ਹੈ ਕਿ ਨਹੀਂ ? ਸਿੱਧਾ ਸਿੱਧਾ ਜਵਾਬ ਦੋ…
ਨੇਕੀ: ਕੁਦਰਤ ਹੈ … ਸਾਰੀ ਕੁਦਰਤ ਹੈ ਬਸ । ਓਹੀ ਪਰਮਾਤਮਾ ਦਾ ਸਵਰੂਪ ਆ ।
ਸਿੰਘ: ਨੇਚਰ ਤੇ ਕੁਦਰਤ ਤੁਹਾਡੇ ਵਾਸਤੇ ਇੱਕੋ ਹੀ ਚੀਜ਼ ਆ ?
ਨੇਕੀ: ਨੇਚਰ ਅੰਗਰੇਜ਼ੀ ਵਿੱਚ ਕੈਂਨੇ ਆ ਤੇ ਕੁਦਰਤ ਪੰਜਾਬੀ …
ਸਿੰਘ: ਓਹੀ ਗੱਲ, ਕੁਦਰਤ ਤੇ ਪਰਮਾਤਮਾ ਤੁਹਾਡੇ ਵਾਸਤੇ ਇੱਕੋ ਹੀ ਚੀਜ਼ ਆ ?
ਨੇਕੀ: ਇੱਕੋ ਹੀ । ਕੁਦਰਤ ਪਰਮਾਤਮਾ ਦਾ ਪਰਗਟ ਰੂਪ ਆ ਬਸ । ਸਾਡੇ ਵਾਸਤੇ ਓਹੀ ।
ਸਿੰਘ: ਨਹੀਂ ਨਹੀਂ । ਤੁਸੀਂ ਸਿੱਧਾ ਜਵਾਬ ਨਹੀਂ ਦੇ ਰਹੇ, ਘੁਮਾ ਕੇ ਗੱਲ ਕਰ ਰਹੇ ਹੋ । ਤੁਸੀਂ ਹੁਣ ਕਿਹਾ ਕਿ ਪਰਮਾਤਮਾ ਦਾ ਪਰਗਟ ਰੂਪ ਕੁਦਰਤ ਆ । ਏਦਾ ਮਤਲਬ ਓਦਾ ਕੋਈ …
ਨੇਕੀ: ਇੱਕ ਮਿੰਟ । ਤੁਸੀਂ ਕਿਸੇ ਵੇਲੇ ਰੇਡੀਓ ਤੇ ਫੋਨ ਕਰੋ ਤਾਂ ਵਧੀਆ ਨਹੀਂ ਰਹੂਗਾ ? ਔਨ ਏਅਰ ।
ਸਿੰਘ: ਰੇਡੀਓ ਤੇ ਵੀ ਕਰ ਲਵਾਂਗੇ ਉਥੇ । ਹੁਣ ਵੀ ਕਰ ਲਵੋ । ਤੇ ਥੋੜ੍ਹੀ ਜਿਹੀ …
ਨੇਕੀ: ਹੁਣ ਮਤਲਬ … ਹੁਣ ਫੈਦਾ ਕੀ ਹੋਣਾ । ਤੁਸੀਂ ਆਪਣੀ ਤੇ ਮੈਂ ਆਪਣੀ … ਓਥੇ ਸਾਰੇ ਸਰੋਤੇ ਸੁਣ ਲੈਣਗੇ, ਰਕੌਡ ਹੋਈ ਜਾਉਗੀ, ਸਾਰੇ ਯੂ ਟੂਬ ਤੇ ਵੀ ਚੱਲ ਜੂ ਗੀ । ਸਾਰਿਆ ਨੂੰ ਸਾਡਾ ਵੀ ਪਤਾ ਲੱਗੂ ਤੇਰਾ ਵੀ … ਜੋ ਅਗਲੇ ਨੇ ਫੈਸਲਾ ਕਰਨਾ ਉਹ ਕਰ ਲੂਗਾ ।
ਸਿੰਘ: ਕਿਸੇ ਨੂੰ … ਅਸੀਂ ਇਥੇ ਕਿਸੇ ਨੂੰ ਵਿੱਚ ਥੋੜ੍ਹੀ ਪੌਣਾ । ਮੈਂ ਤਾਂ ਆਪਣੀ ਸੰਤੁਸ਼ਟੀ ਵਾਸਤੇ ਗੱਲ ਕਰ ਰਿਹਾ ।
ਨੇਕੀ: ਮੈਨੂੰ ਵੀ … ਮੈਨੂੰ ਵੀ … ਫਿਰ ਮੈਨੂੰ ਵੀ ਕਾਦੇ ਲਈ ਪੁੱਛਣਾ ਤੁਸੀਂ ?
ਸਿੰਘ: ਤੁਹਾਡਾ … ਤੁਹਾਡੀਆਂ ਜਿਹੜੀਆਂ ਟੇਪਾਂ ਨੇ ਉਹ ਵਿਵਾਦਿਤ ਲੱਗਦੀਆਂ ਨਾ ਮੈਨੂੰ ਮੈਂ ਤਾਂ ਪੁੱਛ ਰਿਹਾ ।
ਨੇਕੀ: ਜੇ ਹੋਣ ਵੀ ਵਿਵਾਦਿਤ ਤਾਂ ਵੀ ਕੀ ਆ … ਤੁਸੀਂ ਕੋਈ ਅਥੌਰਟੀ ਆ ਏਦਾਂ ?
ਸਿੰਘ: ਇਕ ਸਿੱਖ ਹੋਣ ਦੇ ਨਾਤੇ, ਜੇ ਇਹੋ ਜਿਹੀ ਗੱਲ ਆਉਂਦੀ ਹੈ ਓਹਦੀ ਕਲੈਰੀਫਿਕੇਸ਼ਨ ਲੈਣੀ … ਮੇਰਾ ਫਰਜ਼ ਬਣਦੈ ।
ਨੇਕੀ: ਮੈਂ … ਉਹ ਤਾਂ ਠੀਕ ਐ, ਤਾਂਈਉ ਤਾਂ ਕੈਨਾ ਮੈਂ ਕਿ ਜੇ ਰੇਡੀਓ ਤੇ ਲੈ ਲਵੋ ਤਾਂ ਜ਼ਿਆਦਾ ਵਧੀਆ ਨੀ ਹਊਗਾ ?
ਸਿੰਘ: ਮੈਂ ਕਿਹੜਾ ਇਨਕਾਰ ਕਰਦਾ । ਮੈਂ ਤਾਂ ਕਿਹਾ ਕਿ ਆਪਾਂ ਰੇਡੀਓ ਤੇ ਵੀ ਲੈ ਲਵਾਂਗੇ ।
ਨੇਕੀ: ਤੁਸੀਂ ਛਨਿਚਰਵਾਰ ਨੂੰ … ਮੈਂ ਹੁਣ ਆਇਆਂ … ਨਿਊਜ਼ੀਲੈਂਡ ਦੇ ਢਾਈ ਤੋਂ ਸਾਡੇ ਚਾਰ, ਐਂਤਵਾਰ ਨੂੰ ਹੋਣਾ ਇੱਕ ਤੋਂ ਪੰਜ ਵਜੇ ਤੱਕ ।
ਸਿੰਘ: ਦੇਖੋ ਇਸ ਤਰ੍ਹਾਂ ਵਾ, ਹੋ ਸਕਦਾ ਕਿ ਮੈਂ ਵਿਹਲਾ ਹੀ ਨਾ ਹੋਵਾਂ । ਮੇਰੇ ਕੋਲ ਟਾਇਮ ਨਾ ਹੋਵੇ ।
ਨੇਕੀ: ਮੈਂ ਹੁਣ ਦੱਸਿਆ ਵਾ … ਹੁਣ ਸਾਡੇ ਦੱਸ ਵੱਜੇਓ ਆ … ਯਾਨੀ ਇੱਦਾਂ ਜੋ ਕੁਝ ਤੁਸੀਂ ਕਰਦੇ ਆ ਮੈਂ ਤੁਹਾਨੂੰ ਫੋਨ ਕਰਕੇ ਪੁੱਛਿਆ ਸੀ ਕਿ ਆ ਕਿਉਂ ਕਰਦੇ ਆ …
ਸਿੰਘ: ਦੇਖੋ ਮੈਂ ਤਾ ਇਕ ਸਿੰਪਲ ਜਾਂ ਸਾਧਾਰਨ ਜਾ ਇਨਸਾਨ ਆ । ਮੈਂ ਨਾ ਤਾਂ ਕੋਈ ਪਰਚਾਰਕ ਆ, ਨਾ ਕੋਈ ਬਹੁਤ ਵੱਡਾ ਧਾਰਮਿਕ ਆਗੂ ਆ । ਮਤਲਬ ਕੇ ਮੈਂ ਇਕ ਫੇਸਬੁੱਕ ਸੋਸ਼ਲ ਮੀਡਿਆ ਦੇਖਣ ਵਾਲਾ ਇੱਕ ਬੰਦਾ ਸਿੱਧਾ ਸਾਧਾ, ਹਣਾ … ਹੁਣ ਤੱਕ ਜਿਹੜਾ ਇਹ ਮੰਨਦਾ ਵਈ ਉਹ ਇਕ ਸਿੱਖ ਦੇ ਵਾਸਤੇ ਬਾਬਾ ਦੀਪ ਸਿੰਘ ਇੱਕ ਬੜੀ ਵੱਡੀ ਹਸਤੀ ਨੇ, ਸੰਤ ਜਰਨੈਲ ਸਿੰਘ ਸਾਡੀ ਕੌਮ ਦੀ ਇਕ ਬਹੁਤ ਵੱਡੀ ਹਸਤੀ ਨੇ । ਪਰ ਜੇ ਤੁਹਾਡੇ ਵਰਗਾ ਕੋਈ ਇਨਸਾਨ ਉਨ੍ਹਾਂ ਉੱਤੇ ਉਂਗਲ ਚੱਕਦੈ, ਪਰਮਾਤਮਾ ਦੀ ਕਰਨੀ ਦੇ ਉੱਤੇ ਉਂਗਲ ਚੱਕਦੈ … ਤੇ ਮੇਰਾ ਮਨ ਕੀਤਾ ਕਿ ਮੈਂ ਤੁਹਾਨੂੰ ਕਾਲ ਲਾਂਵਾ ਤੇ ਤੁਹਾਡੇ ਨਾਲ ਇਹ ਗੱਲ ਕਰਾ ਕਿ ਤੁਹਾਡੇ ਵਿਚਾਰ ਕਿਉਂ ਨਹੀਂ ਉਨ੍ਹਾਂ ਨੂੰ ਮੰਨਦੇ ।
ਨੇਕੀ: ਰੇਡੀਓ ਤੇ ਬਹੁਤ ਸਾਰੇ … ਜੇ ਤੁਸੀਂ ਰੇਡੀਓ ਤੇ ਗੱਲ ਕਰਲੋ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਤੇ ਦੁਬਾਰਾ ਪੁੱਛਦਾ …
ਸਿੰਘ: ਦੇਖੋ ਗੱਲ ਤੁਹਾਡੇ ਨਾਲ ਕਰਨੀ, ਰੇਡੀਓ ਨਾਲ ਥੋੜੀ ਕਰਨੀ ਆ … ਮੈਂ ਤਾਂ ਤੁਹਾਡੇ ਵਿਚਾਰ ਜਾਨਣੇ ਨੇ ।
ਨੇਕੀ: ਬਾਕੀ ਵੀ ਸੁਣ ਲੈਣਗੇ ਨਾ … ਏਦਾਂ … ਵਾਰੀ ਵਾਰੀ ਕਰੀ ਜਾਵਾਂਗੇ, ਮੈਂ ਤੁਸੀ ਕਿਹੜਾ ਮੇਰੀ ਗੱਲ ਮੰਨਣੀ … ਦੇਖੋ … ਸੁਣੋ ਗੱਲ …
ਸਿੰਘ: ਮੈਂ ਮੰਨਾਂਗਾ, ਮੈਂ ਵਾਦਾ ਕਰਦਾ ਤੁਹਾਡੇ ਨਾਲ ਤੁਸੀਂ ਮੈਨੂੰ ਸੈਟਿਸਫਾਈ ਕਰੋ ਮੈਂ ਤੁਹਾਡੀ ਗੱਲ ਕਿਉਂ ਨੀ ਮੰਨਾਂਗਾ । ਮੈਂ ਵੀ ਚਾਉਣਾ ਕਿ ਮੇਰੀ ਜ਼ਿੰਦਗੀ 'ਚ ਕੋਈ ਪਲਟਾ ਆਵੇ । ਮੈਨੂੰ ਵੀ ਕੋਈ ਪ੍ਰਾਪਤੀ ਹੋਜੇ । ਸ਼ਾਇਦ ਮੈਂ ਹਨੇਰੇ ਵਿੱਚ ਹੋਵਾ ।
ਨੇਕੀ: ਇਕ ਗੱਲ ਦਾ ਜਵਾਬ ਦਿਉ ।
ਸਿੰਘ: ਹਾਂ ਜੀ ।
ਨੇਕੀ: ਤੁਸੀਂ ਇੰਗਲੈਂਡ ਵਿੱਚ ਆ ।
ਸਿੰਘ: ਹਾਂ ਜੀ ।
ਨੇਕੀ: ਇੰਗਲੈਂਡ ਵਿੱਚ ਜਿਹੜੀ ਸਿੱਖੀ ਆ … ਗੁਰਮਤਿ ਆ … ਮੈਨੂੰ ਤਾਂ ਇਹ ਵੀ ਨੀ ਪਤਾ ਸਾਡੇ ਵਿੱਚ ਕਿਥੇ ਆ ਗਈ ਆ ਘਾਟ । ਜੇਕਰ ਅਸੀਂ ਮੰਨ ਲਈਏ ਕਿ ਅਸੀਂ ਗੁਰੂ ਦੇ ਸਿੱਖ ਆ ।
ਸਿੰਘ: ਹਾਂ ਜੀ ।
ਨੇਕੀ: ਸਾਨੂੰ ਛੇਵੇਂ ਪਾਤਸ਼ਾਹ ਨੇ ਹਥਿਆਰ ਰੱਖਣ ਦੀ ਆਗਿਆ ਦੇਤੀ ।
ਸਿੰਘ: ਹਾਂ ਜੀ ।
ਨੇਕੀ: ਤੇ ਸਾਨੂੰ ਹੋਰ ਕਿਸੇ ਤੋਂ ਲਸੰਸ ਲੈਣ ਦੀ ਲੋੜ ਨੀ ।
ਸਿੰਘ: ਹਾਂ ਜੀ ।
ਨੇਕੀ: ਏਦਾਂ ਇੰਗਲੈਂਡ 'ਚ ਅਸੀਂ ਸਿੱਖ, ਨਿਊਜ਼ੀਲੈਂਡ ', ਅਮੈਰੀਕਾ, ਕਨੇਡਾ, ਅਸੀਂ ਕਹੀਏ ਕਿ ਸਾਨੂੰ ਦੁਨੀਆਂ 'ਚ ਕਿਸੇ ਤੋਂ ਲਸੰਸ ਲੈਣ ਦੀ ਲੋੜ ਨੀ ।
ਸਿੰਘ: ਹਾਂ ਜੀ ।
ਨੇਕੀ: ਅਸੀਂ ਤਾਂ ਹੁਣ ਹਰ ਤਰ੍ਹਾਂ ਦੇ ਲਸੰਸ ਰੱਖਣੇ ਆ ।
ਸਿੰਘ: ਹਾਂ ਜੀ ।
ਨੇਕੀ: ਏਦਾਂ ਰੱਖ ਸਕਦੇ ਆ ਅਸੀਂ ?
ਸਿੰਘ: ਏਸ ਗੱਲ ਤੇ ਜਿਹੜੀ ਮੈਂ ਸਵਾਲ ਕੀਤਾ ਓਦੇ ਵਿੱਚ ਆਪਸ ਵਿਚ … ਜਿਸ ਦਿਨ ਲਸੰਸ ਦੀ ਗੱਲ ਹੋਏਗੀ, ਲਸੰਸ ਦਾ ਮੁੱਦਾ ਆਵੇਗਾ ਤਾਂ ਉਸ ਟੋਪਿਕ ਤੇ ਗੱਲ ਕਰ ਲਵਾਂਗੇ ।
ਨੇਕੀ: ਤੁਸੀਂ ਚਾਲੀ ਪੰਜਾਹ ਸਵਾਲ ਮੈਨੂੰ 'ਕੱਠੇ ਕਰ ਦਿੱਤੇ ।
ਸਿੰਘ: ਨਾ ਨਾ ਨਾ, ਮੈਂ ਤਾਂ ਇਕੋ ਹੀ ਸਵਾਲ ਕੀਤਾ । ਮੈਂ ਸਾਰੀਆਂ ਗੱਲਾਂ ਪਹਿਲਾਂ ਕੀਤੀਆਂ ਵੀਡੀਉ ਬਾਰੇ । ਬਾਅਦ ਵਿੱਚ ਮੇਰਾ ਸਵਾਲ ਇੱਕ ਸੀ ਕਿ ਤੁਸੀਂ ਪਰਮਾਤਮਾ ਦੀ ਹੋਂਦ ਨੂੰ ਮੰਨਦੇ ਹੋ । ਤੁਸੀਂ ਕਿਹਾ ਕਿ ਉਹ ਕੁਦਰਤ ਆ, ਫਿਰ ਤੁਸੀਂ ਕਿਹਾ ਕਿ ਉਹ ਕੁਦਰਤ ਦਾ ਪ੍ਰਤੱਖ ਰੂਪ ਆ । ਮੈਂ ਕੈਂਨਾ ਕਿ ਤੁਹਾਡੀ ਨਜ਼ਰਾਂ 'ਚ ਉਹ ਕੁਦਰਤ ਆ ਜਾ ਕੋਈ ਹੋਰ ਕੋਈ ਅਦ੍ਰਿਸ਼ ਤਾਕਤ ਵੀ ਹੈ ।
ਨੇਕੀ: ਨਹੀਂ ਨਹੀਂ … ਸਾਡੇ … ਅਸੀਂ … ਮੈਨੂੰ ਨੀ ਪਤਾ ਓਦੇ ਬਾਰੇ । ਮੈਂ ਕਿਹੜਾ ਦੇਖੀ … ਮੈਂ ਕਿੱਦਾਂ ਮੰਨ ਲਵਾ ।
ਸਿੰਘ: ਮੈਂ ਕੈਂਨਾ ਬਈ …
ਨੇਕੀ: ਐਂਵੀ ਬਕਵਾਸ … ਜਿਹੜੇ ਪੁਜਾਰੀਆਂ ਦਾ ਬਕਵਾਸ ਐਂਵੀ ਸੁਣੀ ਜਾਵਾ ਮੈਂ …
ਸਿੰਘ: ਮੈਂ ਵੀ ਤੇ ਓਹੀ ਗੱਲ ਕਹਿ ਰਿਹਾ … ਹੋ ਸਕਦਾ ਕਿ ਮੈਂ ਵੀ ਹੁਣ ਤੱਕ ਓਹੀ ਗੱਲਾਂ ਸੁਣੀਆਂ ਹੋਣ ਜੋ ਤੁਹਾਨੂੰ ਚੰਗੀਆਂ ਨਹੀਂ ਲੱਗ ਰਹੀਆਂ । ਮੈਂ ਵੀ ਤੁਹਾਡੇ ਤੋਂ ਕੁਝ ਗਿਆਨ ਲੈ ਲਵਾਂਗਾ । ਮੇਰੀ ਵੀ ਬੁੱਧੀ 'ਚ … ਮੇਰੇ ਵੀ ਗਿਆਨ 'ਚ ਵਾਧਾ ਹੋ ਜੇਗਾ । ਜੋ ਤੁਹਾਨੂੰ ਮਹਿਸੂਸ ਹੋਇਆ … ਤੁਸੀਂ ਅੱਠ ਸਾਲਾ ਦੀ ਮੇਕ ਨਾਲ ਗੱਲ ਕਰ ਰਹੇ ਸੀ …
ਨੇਕੀ: ਦੇਖ ਨਾ … ਹਰੇਕ ਗੱਲ ਤੇ ਤੁਸੀਂ ਸਵਾਲ … ਪਹਿਲਾਂ ਗੱਲ ਕਰਦੇ ਔਂ ਤਾ ਕਰਲੋ ਯਾਰ ।
ਸਿੰਘ: ਕਰੋ ਕਰੋ ।
ਨੇਕੀ: ਜੇ ਸਿਖਣਾ … ਜੇ ਤੁਸੀਂ ਕੁਝ ਸਿਖਣਾ … ਜੇ ਤੁਸੀਂ ਕੁਝ ਪੁੱਛਣਾ ਹੁੰਦਾ ਨਾ ਤਾਂ ਮੇਰੇ ਤੇ ਅਲਜਾਮ ਨਾ ਲੌਂਦੇ ।
ਸਿੰਘ: ਅਲਜਾਮ ਕਿਹੜਾ ਲਾਇਆ ? ਭਾਈ ਸਾਹਿਬ … ਦੱਸੋ ਮੈਂ ਕਿਹੜਾ ਅਲਜਾਮ ਲਗਾ ਤਾ ਤੁਹਾਡੇ ਤੇ ? ਮੈਂ ਤੁਹਾਨੂੰ ਮਾੜਾ ਨੀ ਕਿਹਾ … ਮੈਂ ਤੁਹਾਡੀ ਗੱਲ ਨੂੰ ਗ਼ਲਤ ਨੀ … ਹਾਂ ਜੀ?
ਨੇਕੀ: ਬਾਬਾ ਦੀਪ ਸਿੰਘ ਬਾਰੇ ਤੁਸੀਂ ਗੱਲ ਕੀਤੀ ਆ …
ਸਿੰਘ: ਮੈਂ ਕਿਹਾ ਕਿ ਤੁਹਾਡੇ ਵਿਚਾਰ ਨੇ … ਤੁਹਾਡੀ ਵੀਡੀਉ ਸੁਣੀ ਆ ਮੈਂ …
ਨੇਕੀ: ਬਾਬਾ ਦੀਪ ਸਿੰਘ ਬਾਰੇ ਤੁਸੀਂ ਗੱਲ ਕੀਤੀ … ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦਿਉ ਕਿ ਦਸਾਂ ਪਾਤਸ਼ਾਹੀਆਂ ਦੇ ਜੀਵਨ ਦੌਰਾਨ …
ਸਿੰਘ: ਹਾਂ ਜੀ …
ਨੇਕੀ: ਕੀ ਕੋਈ ਐਸੀ ਗਵਾਹੀ ਇਤਿਹਾਸ 'ਚ ਮਿਲਦੀ ਆ ਕਿ ਉਨ੍ਹਾਂ ਨੇ ਸਿੱਖਾਂ ਨੂੰ 'ਕੱਠੇ ਕਰਕੇ …
ਸਿੰਘ: ਹਾਂ ਜੀ …
ਨੇਕੀ: ਕਿਸੇ ਗੁਰ ਅਸਥਾਨ ਨੂੰ ਆਜ਼ਾਦ ਕਰੌਣ ਦੇ ਲਈ ਲੜਾਈ ਲੜੀ ਹੋਵੇ ?
ਸਿੰਘ: ਗੁਰੂ ਸਾਹਿਬ ਨੇ ਖਾਲਸਾ ਪੰਥ ਸਾਜਿਆ ਹੀ ਇਸ ਵਾਸਤੇ ਸੀ ਕਿ ਗ਼ੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜਿਆ ਜਾਏ । ਹਿੰਦੋਸਤਾਨ ਦੇ ਵਿੱਚ …
ਨੇਕੀ: ਵੀਰੇ ਓਦਾ … ਦਵਾਰਾ ਸਵਾਲ ਮੇਰਾ … ਕਰਤਾਰਪੁਰ, ਖਡੂਰ, ਗੋਇੰਦਵਾਲ, ਅੰਮ੍ਰਿਤਸਰ …
ਸਿੰਘ: ਹਾਂ ਜੀ …
ਨੇਕੀ: ਕਿਸੇ ਵੀ ਗੁਰੂ ਪਾਤਸ਼ਾਹ ਨੇ ਆਪਣੇ ਜੀਵਨ ਕਾਲ ਦੌਰਾਨ …
ਸਿੰਘ: ਹਾਂ ਜੀ …
ਨੇਕੀ: ਸਿਖਾਂ ਨੂੰ ਕਿਹਾ ਹੋਵੇ ਚੱਲੋ ਆਪਾਂ 'ਕੱਠੇ ਹੋ ਕੇ ਇਹ ਗੁਰ ਅਸਥਾਨ ਆਜ਼ਾਦ ਕਰੌਣਾ ?
ਸਿੰਘ: ਕਿਸੇ ਵੀ ਗੁਰ ਅਸਥਾਨ ਦੀ ਗੁਰੂ ਕਾਲ ਦੇ ਦੌਰਾਨ ਜੇ ਇਸ ਤਰ੍ਹਾਂ ਦੀ ਨਿਰਾਦਰੀ ਹੋਈ ਹੋਵੇ ਜਿਵੇਂ ਅਹਿਮਦ ਸ਼ਾਹ ਅਬਦਾਲੀ ਨੇ ਕੀਤੀ ਤਾਂ ਤੁਸੀਂ ਦੱਸ ਦਿਉ ? ਗੋਇੰਦਵਾਲ, ਖਡੂਰ ਸਾਹਿਬ, ਤਰਨਤਾਰਨ, ਕਿਸੇ ਵੀ ਇਮਾਰਤ ਨੂੰ ਸਰੋਵਰ ਨੂੰ ਨੁਕਸਾਨ ਪਹੁੰਚਾਇਆ ਗਿਆ ਹੋਵੇ, ਤੇ ਤੁਸੀਂ ਦੱਸ ਦਿਉ …
ਨੇਕੀ: ਤੁਹਾਡਾ ਇਹ ਮੰਨਣਾ ਵਾ ਕਿ ਜਿਹੜਾ ਕਰਤਾਰਪੁਰ ਸੀ ਨਾ …
ਸਿੰਘ: ਹਾਂ ਜੀ …
ਨੇਕੀ: ਉਹ ਗੁਰ ਅਸਥਾਨ ਨੀ ਰਿਹਾ ?
ਸਿੰਘ: ਹੂੰ?
ਨੇਕੀ: ਉਹ ਗੁਰ ਅਸਥਾਨ ਨਹੀਂ ਰਿਹਾ ।
ਸਿੰਘ: ਨਹੀਂ ਮੈਂ ਤੇ ਤੁਹਾਨੂੰ ਇਹ ਸਵਾਲ ਕੀਤਾ ਐ ਕਿ ਗੁਰੂ ਕਾਲ ਦੌਰਾਨ ਕਿਸੇ ਗੁਰੂ ਘਰ ਦੀ ਨਿਰਾਦਰੀ ਹੋਈ ਹੋਵੇ ਤੇ ਤੁਸੀਂ ਦੱਸੋ ?
ਨੇਕੀ: ਸ੍ਰੀ ਚੰਦ ਨੇ ਜੋ ਕੁਝ ਕੀਤਾ ਕਰਤਾਰਪੁਰ … ਉਹ … ਉਹ ਗੁਰ ਅਸਥਾਨ ਰਿਹਾ ਕਰਤਾਰਪੁਰ ?
ਸਿੰਘ: ਸ੍ਰੀ ਚੰਦ ਨੇ ਕਰਤਾਰਪੁਰ ਸਾਹਿਬ ਕੀ ਕੀਤਾ ਏ … ਕਿਉਂਕਿ ਸ੍ਰੀ ਚੰਦ ਇਥੇ ਮੁਗ਼ਲ ਨਹੀਂ ਹੈਗਾ । ਸ੍ਰੀ ਚੰਦ ਨੇ ਕਿਸੇ ਤੇ ਜ਼ੁਲਮ ਨਹੀਂ ਕੀਤਾ । ਸ੍ਰੀ ਚੰਦ ਨੇ ਕਿਸੇ ਕਰਤਾਰਪੁਰ ਦੇ ਵਿੱਚ ਕੰਜਰੀਆਂ ਨਹੀਂ ਨਚਾਈਆਂ ।
ਨੇਕੀ: ਬਕਵਾਸ ਐ … ਇਹ ਬਕਵਾਸ ਏ … ਜਿਹੜਾ ਨਾ ਬ੍ਰਾਹਮਣਾਂ ਨੇ ਸਿੱਖਾਂ ਨੂੰ ਜ਼ੁਰਾਇਮ ਪੇਸ਼ਾ ਬਣਾਉਣਾ ਸੀ ਉਹ ਸਾਰੀ ਪੱਕੀ ਟਕਸਾਲ ਨੂੰ ਪੜ੍ਹਾਈ ਗਈ ਆ … ਉਹ ਸਾਰਾ ਗੰਦ ਕੌਮ … ਟਕਸਾਲ ਮਰਦੀ ਆ ਜਾਂ ਮਾਰਦੀ ਆ ।
ਸਿੰਘ: ਟਕਸਾਲ ਕਿਥੋਂ …
ਨੇਕੀ: ਸੁਣੋ ਮੇਰੀ ਗੱਲ …
ਸਿੰਘ: ਹਾਂ ਜੀ …
ਨੇਕੀ: ਮੇਰੀ ਗੱਲ ਸੁਣਲੋ …
ਸਿੰਘ: ਸੁਣਾਉ …
ਨੇਕੀ: ਗੁੰਡਾਗਰਦੀ ਨਾ ਹਰਾਮਜ਼ਾਦਗੀ ਜਿਹੜੀ ਟਕਸਾਲ ਦੇ ਸਿਰ ਮੜ ਕੇ ਸਿੱਖ ਕੌਮ ਦੇ ਗੱਲ ਮੜ ਦਿੱਤੀ ਭਿੰਡਰਾਂਵਾਲੇ ਤੋਂ ਲੈ ਕੇ …
ਸਿੰਘ: ਗੱਲ ਤੇ ਬਾਬਾ ਦੀਪ ਸਿੰਘ ਦੀ ਚੱਲ ਰਹੀ ਐ … ਭਿੰਡਰਾਂਵਾਲੇ ਕਿਥੋਂ ਆ ਗਏ ਵਿੱਚ … ਟਕਸਾਲ ਕਿਥੋਂ ਆ ਗਈ ਵਿੱਚ ? ਗੱਲ ਤੇ ਬਾਬਾ ਦੀਪ ਸਿੰਘ ਦੀ ਚੱਲ ਰਹੀ ਐ, ਭਿੰਡਰਾਂਵਾਲੇ ਕਿਥੋਂ ਆ ਗਏ ਵਿਚ ? ਤੇ ਟਕਸਾਲ ਕਿਥੋਂ ਆ ਗਈ ਵਿਚ ?
ਨੇਕੀ: ਬਾਬਾ ਦੀਪ ਸਿੰਘ ਦਾ ਕੋਈ ਲੈਣਾ ਦੇਣਾ ਨੀ ਟਕਸਾਲ ਨਾਲ । ਗੁੰਡਿਆਂ ਨੇ ਆਪਣਾ ਨਾਂ ਜੋੜ ਲਿਆ ਏ ।
ਸਿੰਘ: ਮੈਂ ਤੇ ਤੁਹਾਡੇ ਤੋਂ ਬਾਬਾ ਦੀਪ ਸਿੰਘ ਜੀ ਦੀ ਉਸ ਕੁਰਬਾਨੀ ਦੇ ਬਾਰੇ ਪੁਛ ਰਿਹੈ ਜੋ ਉਨ੍ਹਾਂ ਨੇ ਦਰਬਾਰ ਸਾਹਿਬ ਵਾਸਤੇ ਕੀਤੀ । ਤੁਸੀਂ ਮੈਨੂੰ ਇਹ ਗੱਲ ਕਹੀ … ਮੇਰੀ ਗੱਲ ਸੁਣਲੋ … ਤੁਸੀਂ ਮੈਨੂੰ ਇਹ ਗੱਲ ਕਹੀ ਕਿ ਗੁਰੂ ਸਾਹਿਬ ਜੀ ਨੇ ਕੋਈ ਗੁਰੂ ਘਰ ਆਜ਼ਾਦ ਕਰਵਾਇਆ । ਮੈਂ ਤੁਹਾਨੂੰ ਇਹ ਗੱਲ ਪੁਛੀ ਕੇ ਗੁਰੂ ਘਰ ਮੁਗ਼ਲਾਂ ਦੇ ਦੁਆਰਾ ਗ਼ੁਲਾਮ ਕੀਤਾ ਸੀ ਉਸ ਸਮੇਂ … ਕਬਜ਼ਾ ਕੀਤਾ ਸੀ ਜੀਨੂ ਗੁਰੂ ਸਾਹਿਬ ਆਜ਼ਾਦ ਕਰੌਂਦੇ । ਤੁਸੀਂ ਵਿੱਚ ਬਾਬਾ ਸ੍ਰੀ ਚੰਦ ਜੀ ਨੂੰ ਲੈ ਆਏ ।
ਨੇਕੀ: ਉਹ … ਉਹ … ਉਹ … ਜਿਹੜਾ ਤੁਸੀਂ ਕੈਂਨੇ ਆ ਨਾ ਜੰਗ ਲੜਾਈਆਂ ਕੀਤੀਆਂ । ਲੜਾਈ ਆਨੰਦਪੁਰ ਵੀ ਹੋਈ ਐ, ਗੁਰੂ ਸਾਹਿਬ ਛੱਡ ਕੇ ਚਲ ਗਏ ਆ । ਆਨੰਦਪੁਰ ਦੀ ਗੁਰਮਤੀ ਨਾਲ ਹੋਈ ਹਉਗੀ ਜਦ ਦਸਮੇਂ ਪਾਤਸ਼ਾਹ ਆਨੰਦਪੁਰ ਛੱਡ ਕੇ ਗਏ ਆ ।
ਸਿੰਘ: ਗੁਰੂ ਸਾਹਿਬ ਦੀ … ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹੋ ਨਾ ? ਤੁਸੀਂ ਇਹ ਗੱਲ ਤਾਂ ਮੰਨਦੇ ਹੋ । ਮੰਨਦੇ ਹੋ ਕਿ ਨਹੀਂ ?
ਨੇਕੀ: ਏ ਕੀ ਸਵਾਲ ਹੋਇਆ !
ਸਿੰਘ: ਇਹ ਸਵਾਲ ਤੁਹਾਡੀ ਗੱਲ ਦਾ ਜੁਆਬ ਐ ਕਿ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਕਿਉਂ ਛੱਡਿਆ ।
ਨੇਕੀ: ਕਿਉਂ ਛੱਡਿਆ ?
ਸਿੰਘ: ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਦਾ ਫੁਰਮਾਣ ਐ 'ਗੁਰਿ ਕਹਿਆ ਸਾ ਕਾਰ ਕਮਾਵਹੁ ॥ ਗੁਰ ਕੀ ਕਰਣੀ ਕਾਹੇ ਧਾਵਹੁ ॥' ਤੁਸੀਂ ਤਾਂ ਗੁਰੂ ਦੀ ਕਰਣੀ ਬਾਬਾ ਦੀਪ ਸਿੰਘ ਨਾਲ ਜੋੜ ਦਿੱਤਾ । ਕੇ ਗੁਰੂ ਸਾਹਿਬ ਨੇ ਛੱਡਿਆ, ਬਾਬਾ ਦੀਪ ਸਿੰਘ ਨੇ ਕਿਉਂ ਨੀ ਛੱਡਿਆ ।
ਨੇਕੀ: ਪਹਿਲੀ ਗੱਲ ਤਾਂ ਤੁਸੀਂ ਇਕ ਝੂਠ ਬੋਲ ਰਹੇ ਓ ਕਿ ਤੁਸੀਂ ਪ੍ਰਚਾਰਕ ਨੀ ਹੈਗੇ ।
ਸਿੰਘ: ਨਹੀਂ ਮੈਂ ਤਾਂ ਪ੍ਰਚਾਰਕ ਹੈ ਈ ਨੀ । ਮੈਂ ਤਾਂ ਇਕ ਸਿੱਧਾ ਸਾਧਾ ਸਾਧਾਰਨ ਜਿਹਾ ਇਨਸਾਨ ਐ । ਜਿੰਨੀ ਕੁ ਸੁਣਦਾ ਸੋਸ਼ਲ ਮੀਡੀਏ ਤੋਂ ਬਾਣੀ … ਜਿੰਨੀ ਕੁ ਪੜ੍ਹਦਾ ਓਨੀ ਕੁ ਮੈਨੂੰ ਸਮਝ ਐ ।
ਨੇਕੀ: ਤੁਸੀਂ ਬੇਤਰ ਇਹ ਰਹੂਗਾ ਕਿਉਂਕਿ ਏਦਾਂ ਸਾਡੀ ਗੱਲ ਕੋਨਸੰਨਟਰੇਸ਼ਨ ਨੀ ਹੋਣੀ । ਤੁਸੀਂ ਇਕ ਗੱਲ ਦੀ ਲੱਤ ਫੜਲੀ, ਇਕ ਦੀ ਬਾਹ ਫੜਲੀ … ਇਹ ਰੇਡੀਓ ਤੇ ਗੱਲ ਕਰੋ ਫਿਰ ਗੱਲ ਬਣੂੰਗੀ ।
ਸਿੰਘ: ਮੈਂ ਤਾਂ ਕਿਸੇ ਦੀ ਲੱਤ ਬਾਹ ਨੀ ਫੜੀ, ਮੈਂ ਤਾਂ ਤੁਹਾਡੀ ਗੱਲ ਦੀ ਗੱਲ ਤੇ ਗੱਲ ਕਰ ਰਿਹਾ ਕਿ ਤੁਸੀਂ ਕੈਂਦੇ ਕੇ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਤਾ । ਮੈਂ ਥੌਨੂੰ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਕੈਂਦੇ ਕੇ ਗੁਰੂ ਦੀ ਕਰਨੀ ਦੇ ਉੱਤੇ ਨਾ ਆਵੋ, ਗੁਰੂ ਦੀ ਕਹਿਣੀ ਦੇ ਉੱਤੇ ਆਓ ।
ਨੇਕੀ: ਓ ਭਰਾਵੋ … ਜਿੱਦਾ ਨਾ ਤੁਸੀਂ ਆਪਣੀਆਂ ਮਨੌਤਾਂ ਸਾਡੇ ਤੇ ਨਾ ਥੋਪੋ । ਸਾਨੂੰ ਨੂੰ … ਅਸੀਂ ਨੀ ਮੰਨਦੇ ਕਿ …
ਸਿੰਘ: ਭਾਈ ਸਾਹਿਬ ਮੈਂ ਆਪਣੀ ਕਿਹੜੀ ਮਨੌਤ ਮੰਨਣ ਨੂੰ ਕਹਿ ਰਿਹਾ । ਮੈਂ ਤਾਂ ਕਹਿ ਹੀ ਨੀ ਰਿਹਾ ਕਿ ਤੁਸੀਂ ਆ ਗੱਲ ਮੰਨੋ । ਮੈਂ ਤਾਂ ਤੁਹਾਡੀ ਗੱਲ ਦੀ ਕਲੈਰੀਫਿਕੇਸ਼ਨ ਚਾਹੁੰਣਾ ਤੁਹਾਡੇ ਤੋਂ ।
ਨੇਕੀ: ਜਿਹੜੀ ਗੁਰਬਾਣੀ ਦੀ ਪੰਕਤੀ ਮੇਰੇ ਤੇ ਥੋਪ ਰਹੇ ਆ ਨਾ 'ਗੁਰ ਕੀ ਕਰਣੀ ਕਾਹੇ ਧਾਵਹੁ ॥' …
ਸਿੰਘ: ਹਾਂ ਜੀ ।
ਨੇਕੀ: ਮੈਂ ਨੀ ਮੰਨਦਾ ਗੁਰੂ ਸਾਹਿਬ ਨੇ ਗੁਰਬਾਣੀ ਏਦਾਂ ਲਿਖੀ ਆ ਕਿ ਦੋ ਦੋ ਪੰਕਤੀਆਂ ਚੱਕ ਕੇ ਆਪਣੀ ਮਰਜ਼ੀ ਨਾਲ ਥੋਪੀ ਚੱਲੋ ਲੋਕਾਂ ਦੇ ਉੱਤੇ ।
ਸਿੰਘ: ਸਾਰਾ ਸ਼ਬਦ ਪੜ੍ਹ ਲੋ । ਸਾਰਾ ਸ਼ਬਦ ਪੜ੍ਹ ਲੋ ਆਪਾਂ ਏਥੇ ਦੇਖ ਲੈਂਨੇ ਆ ਮੈਂ ਵੀ ਪੋਥੀ ਲੈ ਔਂਨਾ । ਸਾਰਾ ਸ਼ਬਦ ਪੜ੍ਹ ਕੇ ਵੇਖ ਲੈਂਨੇ ਆ ਕਿ ਕੀ ਨਿੱਕਲਦਾ ਸਾਰ ਓਨਦੇ 'ਚੋਂ ।
ਨੇਕੀ: ਮੇਰਾ ਨੀ ਮੰਨਣਾ ਕੇ ਗੁਰੂ ਸਾਹਿਬ ਨੇ ਏਦਾਂ ਸ਼ਬਦ ਲਿਖੇ ਆ ਕਿ ਜਿਹੜਾ ਵੀ ਮਰਾਸੀ, ਭੰਡ, ਭਾਖੜਾ ਉੱਠਿਆ ਕਰ ਕਰ ਕੇ ਦੂਜੇ ਤੇ ਥੋਪੀ ਜਾਵੇ ਕਿ ਏਦੇ ਅਰਥ ਕਰ ਏਦੇ ਅਰਥ ਕਰ । ਗੁਰੂ ਸਾਹਿਬ ਨੂੰ ਸਮਝਣੈ ਵਾ ਤੇ ਕੋਮਨ ਸੈਨਸ ਨਾਲ ਜ਼ਿੰਦਗੀ ਜਿਉਣੀ ਆ ।
ਸਿੰਘ: ਏਥੇ ਕੋਮਨ ਸੈਨਸ ਨਾਲ ਜ਼ਿੰਦਗੀ ਜਿਉਣ ਦੀ ਗੱਲ ਨਹੀਂ ਹੋ ਰਹੀ । ਇਥੇ ਕੁਝ ਸਾਡੇ ਹੋ ਚੁੱਕੇ ਜ਼ਰਨੈਲਾਂ ਦੀ ਗੱਲ ਚੱਲ ਰਹੀ ਹੈ । ਕੁਝ ਇਤਿਹਾਸਿਕ ਤੱਥਾਂ ਦੀ ਗੱਲ ਚੱਲ ਰਹੀ ਹੈ ਅਸੀਂ ਓਨੂੰ ਕਲੈਰੀਫਾਈ ਕਰ ਰਹੇ ਆ ਨਾ ਕੇ ਪਰਪਸ ਆਫ ਲਾਇਫ ਅਸੀਂ ਡਿਸਕਸ ਕਰ ਰਹੇ ਆ ।
ਨੇਕੀ: ਅਸੀਂ ਨਹੀਂ ਮੰਨਦੇ ਇਤਿਹਾਸ ਨੂੰ … ਟਕਸਾਲ ਨੇ ਪਾਇਆ ਗੰਦ … ਆਪਣੀ ਮਰਜ਼ੀ ਨਾਲ ਆਪਣੇ …
ਸਿੰਘ: ਟਕਸਾਲ ਵਿਚ ਕਿਥੋਂ ਆ ਗਈ । ਬਾਬਾ ਦੀਪ ਸਿੰਘ 'ਕੱਲੇ ਟਕਸਾਲ ਦੇ ਨੀ ਹੈਗੇ ਉਹ ਤਾਂ ਸਾਰੇ ਪੰਥ ਦੇ ਨੇ ।
ਨੇਕੀ: ਗੱਲ ਤਾਂ ਸੁਣਿਆ ਕਰ ਪਹਿਲਾਂ ਤੂੰ … ਗਲ ਕਾਤੇ ਪੈਂਨਾ …
ਸਿੰਘ: ਗੱਲ ਥੋੜ੍ਹੀ ਪੈਂਨਾ, ਮੈਂ ਤਾ ਗੱਲ ਕਰਦਾ ।
(ਪੂਰੀ ਆਡੀਉ ਸੁਣਨ ਲਈ ਇਥੇ ਕਲਿਕ ਕਰੋ)
ਹੁਣ ਤੁਸੀਂ ਖ਼ੁਦ ਹੀ ਪੜ੍ਹ ਲਿਆ ਹੈ ਕਿ ਕਿਸ ਤਰੀਕੇ ਨਾਲ ਕਿਸੇ ਗੱਲ ਨੂੰ ਗੋਲ ਮੋਲ ਕਰਕੇ ਹੋਰ ਹੀ ਗੱਲਾਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ । ਜੋ ਇਕ ਖ਼ਾਸ ਗੱਲ ਸਾਹਮਣੇ ਆਈ ਹੈ ਉਹ ਇਹ ਹੈ ਕਿ ਇਨ੍ਹਾਂ ਨੂੰ ਗੁਰਬਾਣੀ ਦਾ ਕੁਝ ਵੀ ਪਤਾ ਨਹੀਂ ਹੁੰਦਾ, ਬੱਸ ਹੱਥ ਪੈਰ ਮਾਰਕੇ ਕੁਝ ਨ ਕੁਝ ਕੱਢਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹੁੰਦੇ ਨੇ । ਕੋਈ ਸਿਆਣਾ ਬੰਦਾ ਪਹਿਲਾਂ ਇੱਕ ਗੱਲ ਤੇ ਆਪਣੀ ਸਹਿਮਤੀ ਜਾਂ ਅਸਹਿਮਤੀ ਪ੍ਰਗਟ ਕਰਕੇ ਫਿਰ ਅੱਗੇ ਚੱਲਦਾ ਹੈ । ਪਰ ਨੇਕੀ ਤੇ ਇਨ੍ਹਾਂ ਦੀ ਮੂਰਖ਼ ਟੋਲੀ ਇਹ ਨਹੀਂ ਕਰਦੀ । ਇਨ੍ਹਾਂ ਨੂੰ ਪਤਾ ਹੈ ਕਿ ਆਮ ਸੰਗਤ ਜੋ ਗੁਰਬਾਣੀ ਬਾਰੇ ਬਹੁਤਾ ਨਹੀਂ ਜਾਣਦੀ ਉਨ੍ਹਾਂ ਨੂੰ ਕਿਸ ਤਰੀਕੇ ਨਾਲ ਆਪਣੀ ਲਪੇਟ ਵਿਚ ਲੈ ਕਰ ਆਉਣਾ ਹੈ । ਹੈ ਕੋਈ ਇਨ੍ਹਾਂ ਪ੍ਰਚਾਰਕਾਂ ਜਾਂ ਫਿਰ ਪ੍ਰੋਪੈਗੰਡਾ ਕਰਨ ਵਾਲਿਆਂ 'ਚੋਂ ਜਿਸਨੇ ਕਿਸੇ ਇੱਕ ਗੁਰੂ ਦੇ ਸਿੱਖ ਨੂੰ ਆਪਣੀ ਗੱਲ ਵਿਚ ਲਿਆਂਦਾ ਹੋਵੇ ? ਗੁਰੂ ਦਾ ਸਿੱਖ ਕਿਥੇ ਆ ਜੂਗਾ ਇਨ੍ਹਾਂ ਦੀਆਂ ਗੱਲਾਂ 'ਚ ।
ਗੁਰਬਾਣੀ ਬਾਰੇ ਪਹਿਲਾਂ ਬਹੁਤ ਇਸ ਤਰ੍ਹਾਂ ਦਾ ਪ੍ਰਚਾਰ ਕੀਤਾ ਗਿਆ ਕਈ ਹਿੰਦੂਆਂ ਵੱਲੋਂ ਕਿ ਇਸ ਵਿਚ ਤਾਂ ਸਾਡੇ ਦੇਵੀ ਦੇਵਤਿਆਂ ਦੀ ਹੀ ਉਸਤਤ ਹੈ । ਸਿੱਖਾਂ ਨੇ ਬੜਾ ਸਮਝਾਇਆ ਇਨ੍ਹਾਂ ਨੂੰ, ਪਰ ਮੂਰਖ਼ ਕਿਥੇ ਸਮਝਦੇ ਨੇ ਇਹ ਸਭ ਕੁਝ । ਕਈ ਸਾਲ ਇਨ੍ਹਾਂ ਨੇ ਇਹ ਪ੍ਰਚਾਰ ਕੀਤਾ । ਹੁਣ ਜਦੋਂ ਬਹੁਤੇ ਸਿੱਖਾਂ ਨੇ ਇਨ੍ਹਾਂ ਨੂੰ ਸਾਫ਼ ਹੀ ਮਨਾ ਕਰਤਾ ਇਨ੍ਹਾਂ ਦੇ ਅਰਥਾਂ ਬਾਰੇ ਤਾਂ ਇਨ੍ਹਾਂ ਨੇ ਹੁਣ ਕੁਝ ਨਵੇਂ ਤਰੀਕੇ ਨਾਲ ਸਿੱਖੀ ਤੇ ਹਮਲਾ ਕਰਨ ਦਾ ਸੋਚਿਆ ।
ਗੁਰੂ ਸਾਹਿਬਾਨਾਂ ਦੀ ਬਾਣੀ ਸਿਰਫ਼ ਵਾਹਿਗੁਰੂ ਨੂੰ ਮੰਨਣ ਦਾ ਉਪਦੇਸ਼ ਦਿੰਦੀ ਹੈ । ਪਰ ਕਦੇ ਕਦੇ ਉਸ ਪਰਮਾਤਮਾ ਦੀ ਜੋਤਿ ਜੋ ਪੂਰੇ ਸੰਸਾਰ ਵਿਚ ਪਸਰੀ ਹੋਈ ਹੈ ਉਸਦੀ ਗੱਲ ਵੀ ਹੋਈ ਹੈ, ਜੋ ਪਰਮਾਤਮਾ ਤੋਂ ਭਿੰਨ ਨਹੀਂ ਹੈ । ਪਰਮਾਤਮਾ ਤੋਂ ਬਿਨਾਂ ਦੁਨੀਆਂ ਵਿਚ ਕੁਝ ਵੀ ਨਹੀਂ ਹੈ, ਜੋ ਲੱਗਦਾ ਹੈ ਉਹ ਮਾਇਆ ਦਾ ਅਸਰ ਹੈ । ਇਹੀਓ ਚੀਜ਼ ਹੁਣ ਕੁਝ ਮੂਰਖ਼ ਹਿੰਦੂਆਂ ਨੇ ਚੁੱਕ ਲਈ ਹੈ । ਮੈਨੂੰ ਯਾਦ ਹੈ ਕਿ ਕਿਸੇ ਪ੍ਰਵੱਕਤਾ ਨੇ ਗੱਲ ਕਰਦੇ ਹੋਏ ਇਹ ਕਿਹਾ ਸੀ ਕਿ ਬ੍ਰਾਹਮਣਵਾਦ ਇਕ ਇਹੋ ਜੀ ਚੀਜ਼ ਹੈ ਜਿਸਨੂੰ ਚਲਾਉਣ ਲਈ ਕੋਈ ਮਸ਼ੀਨਰੀ ਦੀ ਜ਼ਰੂਰਤ ਨਹੀਂ ਪੈਂਦੀ । ਇਹ ਕਈ ਸਦੀਆਂ ਤੋਂ ਆਪਣੇ ਆਪ ਹੀ ਚੱਲੀ ਆ ਰਹੀ ਹੈ, ਤੇ ਇਸਨੇ ਕਈ ਧਰਮ ਤੇ ਕਈ ਕਿਰਿਆਵਾਂ ਆਪਣੀ ਲਪੇਟ ਵਿਚ ਲੈ ਲਈਆਂ ਨੇ । ਉਸਦੀ ਇਹ ਗੱਲ ਸਹੀ ਲੱਗ ਰਹੀ ਹੈ ਇਸ ਸਮੇਂ ਦੇ ਵਿਚ ।
ਜਦੋਂ ਪ੍ਰਤੱਖ ਲਫ਼ਜ਼ਾਂ ਦੇ ਵਿਚ ਇਹ ਕਹਿ ਦਿੱਤਾ ਗੁਰੂ ਸਾਹਿਬਾਨ ਨੇ ਕਿ ਕੋਈ ਵਿਸ਼ਨੂੰ ਵੁਸ਼ਨੂੰ ਨੂੰ ਨਹੀਂ ਮੰਨਦੇ ਅਸੀਂ, ਤਾਂ ਚਲਾਕ ਬਾਮਣਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਅੱਜ ਦੇ ਸਮੇਂ ਦੇ ਵਿਚ ਕਿ ਅਸੀਂ ਵੀ ਵਿਸ਼ਨੂੰ ਨੂੰ ਨਹੀਂ ਮੰਨਦੇ । ਅਸੀਂ ਤਾਂ ਪਰਮਾਤਮਾ ਦੀ ਉਸ ਜੋਤਿ ਦੀ ਗੱਲ ਕਰ ਰਹੇ ਹਾਂ ਜੋ ਵਿਸ਼ਨੂੰ ਦੇ ਵਿਚ ਵਿਦਮਾਨ ਹੈ । ਇਸ ਤੋਂ ਬਾਅਦ ਉਹ ਗੁਰਬਾਣੀ ਦੀਆਂ ਤੁਕਾਂ ਲੈ ਕੇ ਆਪਣੀ ਗੱਲ ਸਿੱਧ ਕਰਨ ਦੀ ਗੱਲ ਕਰਦੇ ਨੇ । ਇਹ ਓਹੀ ਬਾਮਣ ਨੇ ਜਿਨ੍ਹਾਂ ਨੇ ਪਹਿਲਾਂ ਰੌਲਾ ਪਾਇਆ ਹੋਇਆ ਸੀ ਕਿ ਸਾਡੇ ਦੇਵੀ ਦੇਵਤਿਆਂ ਦੀ ਉਸਤਤ ਕੀਤੀ ਗਈ ਹੈ ਗੁਰਬਾਣੀ ਦੇ ਵਿਚ । ਪਰ ਜਦੋਂ ਹੁਣ ਕੋਈ ਵਸ ਨਹੀਂ ਰਿਹਾ ਇਨ੍ਹਾਂ ਦਾ ਸਿੱਖਾਂ ਦੇ ਉਪਰ ਤਾਂ ਇਹ ਨਵੀਂ ਵਿਉਂਤ ਲੈ ਕਰ ਆਏ ਨੇ ਸਿੱਖਾਂ ਨੂੰ ਆਪਣੇ ਨਾਲ ਰਲਾਉਣ ਲਈ । ਇਹ ਵੀ ਇਨ੍ਹਾਂ ਦੀ ਕੁਝ ਕੁ ਦਿਨ ਦੀ ਪ੍ਰਾਉਣੀ ਹੈ ਉਸ ਤੋਂ ਬਾਅਦ ਇਨ੍ਹਾਂ ਨੇ ਨਵਾਂ ਕੋਈ ਤਰੀਕਾ ਵਰਤਨਾ ਹੈ । ਇਨ੍ਹਾਂ ਦੀ ਮੂਰਖ਼ਤਾ ਤੇ ਨਾ ਸਮਝ ਸਕਣ ਦੀ ਸ਼ਕਤੀ ਦਾ ਇਥੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਹਨਾਂ ਨੂੰ ਕਿੰਨੀ ਵਾਰ ਆਪਣੀ 'ਨਰੇਸ਼ਨ' ਬਦਲਣੀ ਪੈਂਦੀ ਹੈ ਆਪਣੀ ਗੱਲ ਸਿੱਧ ਕਰਨ ਦੇ ਲਈ । ਹੁਣ ਭਲਾ ਜੇ ਕੋਈ ਪੁੱਛੇ ਕਿ ਜੇ ਤੁਸੀਂ ਲੋਕ ਉਸ ਜੋਤਿ ਦੀ ਗੱਲ ਕਰ ਰਹੇ ਸੀ ਤਾਂ ਇੰਨੇ ਸਾਲਾਂ ਤੋਂ ਰੌਲਾ ਕਿਉਂ ਪਾਇਆ ਹੋਇਆ ਸੀ ?
ਗੱਲ ਏਥੇ ਬਿਲਕੁਲ ਸਾਫ਼ ਹੈ । ਜੋ ਸੱਜਣਾਂ ਨੇ ਕਿੰਨੀਆਂ ਕਿਤਾਬਾਂ ਲਿਖ ਕੇ ਆਪਾਂ ਨੂੰ ਸੌ ਸਾਲ ਪਹਿਲਾਂ ਸਮਝਾਤਾ ਸੀ ਉਹ ਗੱਲ ਹੁਣ ਪੱਲੇ ਪੈ ਰਹੀ ਹੈ । ਬਹੁਤੇ ਅਜੇ ਵੀ ਇਨ੍ਹਾਂ ਚਲਾਕ ਲੋਕਾਂ ਦੀ ਰਮਜ਼ਾਂ ਨੂੰ ਸਮਝ ਨਹੀਂ ਸਕੇ । ਹਜੇ ਦੋ ਤਿੰਨ ਦਿਨਾਂ ਦੀ ਹੀ ਗੱਲ ਹੈ ਜਦੋਂ ਕਿਸੇ ਨੇ ਸਾਡੇ ਯੂ ਟਿਊਬ ਚੈਨਲ ਤੇ ਆ ਕਰ ਇਹ ਕਿਹਾ ਕਿ ਅਸੀਂ ਸਿੱਖਾਂ ਤੇ ਹਿੰਦੂਆਂ ਵਿੱਚ ਪੁਆੜਾ ਪਾ ਰਹੇ ਹਾਂ । ਕਿੰਨੀ ਕਮਾਲ ਦੀ ਗੱਲ ਹੈ ਕਿ ਜੋ ਲੋਕ ਸਾਡੇ ਧਾਰਮਿਕ ਗ੍ਰੰਥਾਂ ਦੇ ਅਰਥ ਗ਼ਲਤ ਕਰ ਰਹੇ ਨੇ, ਜੋ ਕਈ ਸਾਲਾਂ ਤੋਂ ਸਾਨੂੰ ਆਪਣੇ ਨਾਲ ਰਲਾਉਣ ਦੀਆਂ ਚਾਲਾ ਚੱਲ ਰਹੇ ਨੇ, ਜੋ ਸਾਡੇ ਇਤਿਹਾਸ ਨੂੰ ਝੂਠਾ ਕਰਨ ਤੇ ਤੁਲੇ ਹੋਏ ਨੇ, ਜੋ ਆਪਣੇ ਅੰਧ ਵਿਸ਼ਵਾਸ ਸਿੱਖਾਂ ਤੇ ਥੋਪਣ ਲੱਗੇ ਹੋਏ ਨੇ, ਜਿਨ੍ਹਾਂ ਨੇ ਆਪ ਗ਼ਲਤੀਆਂ ਕਰਕੇ ਸਿੱਖਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਕੋਸ਼ਿਸ਼ ਕੀਤੀ, ਉਹ ਲੋਕ ਸਾਨੂੰ ਕਹਿ ਰਹੇ ਨੇ ਕਿ ਅਸੀਂ ਪੁਆੜਾ ਪਾਉਣ ਦਾ ਯਤਨ ਕਰ ਰਹੇ ਹਾਂ । ਕੁਝ ਕੁ ਇਨ੍ਹਾਂ ਵਿਚੋਂ ਹੀ ਮੂਰਖ਼ ਨੇ ਜੋ ਇਹ ਵੀ ਕਹਿ ਰਹੇ ਨੇ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦਾ ਹਿੰਦੂਆਂ ਨਾਲ ਕੋਈ ਲੈਣਾ ਦੇਣਾ ਨਹੀਂ, ਭਾਵ ਕਿ ਗੁਰੂ ਸਾਹਿਬ ਆਪਣੇ ਤਿਲਕ ਤੇ ਜੰਞੂ ਲਈ ਸ਼ਹੀਦ ਹੋਏ । ਕਮਾਲ ਹੀ ਹੋ ਗਈ ਹੈ ਲੋਕਾਂ ਦੀ ਤਾ ।
ਫਿਰ ਆਉਂਦਾ ਹੈ ਅਪਗ੍ਰੇਡ ਮਹਿਕਮਾ ।
ਅਪਗ੍ਰੇਡ ਲੋਕਾਂ ਨੇ ਇਨ੍ਹਾਂ ਹਿੰਦੂਆਂ ਤੋਂ ਅੱਗੇ ਵੱਧ ਕੇ ਆਪਣੀ ਘੱਟ ਬੁੱਧੀ ਦਾ ਸਬੂਤ ਦਿੱਤਾ ਹੈ । ਜੋ ਠੇਸ ਪਹੁੰਚਾਉਂਦੀ ਗੱਲ ਹੈ ਉਹ ਇਹ ਹੈ ਕਿ ਇਹ ਲੋਕ ਸਿੱਖਾਂ ਦੇ ਘਰੇ ਜੰਮ ਕੇ ਸਿੱਖਾਂ ਦੇ ਖ਼ਿਲਾਫ਼ ਹੀ ਲਿਖ ਰਹੇ ਨੇ । ਪਤਾ ਨਹੀਂ ਕਿੰਨੇ ਲੋਕਾਂ ਨੇ ਆਪਣੀ ਜ਼ਮੀਰ ਵੇਚਤੀ ਪੈਸੇ ਕਰਕੇ । ਕੀ ਇਹ ਸਾਰਾ ਕੁਝ ਬਿਨਾਂ ਪੈਸਿਆਂ ਦੇ ਵੀ ਹੋ ਸਕਦਾ ਹੈ ? ਮੈਨੂੰ ਇਸਦੀ ਕੋਈ ਸੰਭਾਵਨਾ ਨਹੀਂ ਜਾਪਦੀ । ਕਿਉਂ ਕੋਈ ਆਪਣਾ ਸਾਰਾ ਸਮਾਂ ਗੁਰਬਾਣੀ ਦੇ ਗ਼ਲਤ ਅਰਥ ਕਰਨ ਤੇ ਬਤੀਤ ਕਰੇਗਾ ? ਜੇਕਰ ਇਸ ਤੋਂ ਕੁਝ ਮਿਲਦਾ ਹੀ ਨਹੀਂ ਤਾਂ ਫਿਰ ਕਿਉਂ ਸੰਗਤ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ? ਤੇ ਇਨ੍ਹਾਂ ਲੋਕਾਂ ਦੇ ਵਿਚ ਫਿਰ ਕੋਈ ਹੌਂਸਲਾ ਵੀ ਨਹੀਂ ਹੁੰਦਾ ਕਿ ਇਹ ਸਾਰੀਆਂ ਦਲੀਲਾਂ ਬੈਠ ਕੇ ਵਿਚਾਰੀਆਂ ਜਾਣ । ਹਾਂ ਜੇਕਰ ਕਿਸੇ ਨੇ ਬੈਠ ਕੇ ਵਿਚਾਰੀਆਂ ਵੀ ਨੇ ਤਾਂ ਵੀ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ । ਤਿਆਰ ਬਰ ਤਿਆਰ ਸਿੰਘਾਂ ਦੇ ਸਾਹਮਣੇ ਇਹ ਵਿਕੇ ਹੋਏ ਲੋਕ ਕੀ ਕਰ ਸਕਦੇ ਨੇ । ਆਪਣੀ ਅਕਲ ਦਾ ਹੀ ਸਬੂਤ ਦਿੰਦੇ ਨੇ । ਜਿਵੇਂ ਕਹਿੰਦੇ ਹੁੰਦੇ ਆ ਕੇ ਖਾਲੀ ਭਾਂਡਾ ਜ਼ਿਆਦਾ ਖੜਕ ਦਾ ਹੁੰਦਾ ਹੈ ।
ਕੁਝ ਵਿਚਾਰਕਾਂ ਦਾ ਇਹ ਵੀ ਮੰਨਣਾ ਹੈ ਕਿ ਜੋ ਇਹ ਲੋਕ ਗੁਰਬਾਣੀ ਦੇ ਗ਼ਲਤ ਅਰਥ ਕਰ ਰਹੇ ਨੇ ਜਾਂ ਫਿਰ ਗੁਰੂ ਸਾਹਿਬਾਨਾਂ ਦੀ ਕਲਾ ਨੂੰ ਨਿਕਾਰ ਰਹੇ ਨੇ ਇਸ ਦਾ ਕਾਰਣ ਉਨ੍ਹਾਂ ਕਿਰਿਆਵਾਂ ਨੂੰ ਨਾ ਸਮਝ ਸਕਣਾ ਹੈ । ਹੁਣ ਤਾਂ ਸਮਾਂ ਏਨਾ ਭਿਆਨਕ ਆ ਗਿਆ ਹੈ ਕਿ ਵਿਕ ਚੁੱਕੇ ਪ੍ਰਚਾਰਕਾਂ ਨੇ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਗੁਰਬਾਣੀ ਪੜ੍ਹਨ ਨਾਲ ਕੁਝ ਨਹੀਂ ਹੁੰਦਾ । ਇਹ ਤਾਂ ਬਸ ਮਨ ਸਮਝਾਉਣ ਲਈ ਹੈ । ਕੋਈ ਮੁਸੀਬਤ ਇਸ ਨਾਲ ਟਾਲੀ ਨਹੀਂ ਜਾ ਸਕਦੀ । ਮੈਂ ਸੋਚਦਾ ਪੁਰਾਤਨ ਸਿੰਘਾਂ ਨੇ ਫਿਰ ਐਵੇ ਹੀ ਆਪਣਾ ਸਮਾਂ ਗਵਾਇਆ ਗੁਰਬਾਣੀ ਮਨ ਦੇ ਵਿਚ ਵਸਾਉਣ ਲਈ ? ਐਵੇ ਹੀ ਏਨੇ ਸਾਲਾਂ ਦੀਆਂ ਮਿਹਨਤਾਂ ਮੁਸ਼ੱਕਤਾਂ ਕੀਤੀਆਂ ?
ਜੋ ਵੀ ਹੋਵੇ, ਪੁਰਾਣੇ ਸਮੇਂ ਦੇ ਵਿਚ, ਜਿਵੇਂ ਕੇ ਅਕਸਰ ਕਿਹਾ ਜਾਂਦਾ ਹੈ, ਸਿੱਖਾਂ ਦੇ ਘਰ ਕੱਚੇ ਹੁੰਦੇ ਸੀ ਤੇ ਸਿੱਖੀ ਦੇ ਪੱਕੇ ਹੁੰਦੇ ਸੀ । ਹੁਣ ਸਿੱਖਾਂ ਦੇ ਘਰ ਪੱਕੇ ਨੇ ਤੇ ਸਿੱਖੀ ਦੇ ਵਿਚ ਕੱਚੇ ਨੇ ।
ਇਹ ਗਿਰਾਵਟ ਦਾ ਕਾਰਣ ਗੁਰੂ ਤੇ ਵਿਸ਼ਵਾਸ ਨਾ ਹੋਣਾ ਤੇ ਆਸਥਾ ਤੋਂ ਖਾਲੀ ਹੋਣਾ ਹੈ । ਜੋ ਵੀ ਸਿੱਖ ਗੁਰੂ ਤੇ ਵਿਸ਼ਵਾਸ ਰੱਖਦਾ ਹੈ, ਆਸਥਾ ਰੱਖਦਾ ਹੈ, ਉਹ ਕਦੇ ਵੀ ਏਨਾ ਨਹੀਂ ਗਿਰ ਸਕਦਾ । ਏਦਾਂ ਜ਼ਰੂਰ ਹੋ ਸਕਦਾ ਹੈ ਕਿ ਉਸਨੂੰ ਕੁਝ ਸ਼ੰਕੇ ਹੋਣ ਕਿਸੇ ਚੀਜ਼ ਬਾਬਤ, ਪਰ ਗੁਰੂ ਤੇ ਭਰੋਸਾ ਉਹ ਸ਼ੰਕੇ ਵੀ ਕੱਢ ਦਿੰਦਾ ਹੈ । ਮੇਰੇ ਜੀਵਨ ਕਾਲ ਦੇ ਵਿਚ ਬਹੁਤ ਸਾਰੇ ਸ਼ੰਕੇ ਉਪਜੇ, ਪਰ ਉਨ੍ਹਾਂ ਦੀ ਨਵਿਰਤੀ ਲਈ ਸਿੰਘ ਹਮੇਸ਼ਾ ਹੀ ਹੁੰਦੇ ਸਨ । ਤੇ ਹੁਣ ਵੀ ਜਦ ਕੋਈ ਉਲਝਣ ਹੁੰਦੀ ਹੈ ਤਾਂ ਸਿੰਘ ਆਸ ਪਾਸ ਹੀ ਹੁੰਦੇ ਨੇ ਉਸਨੂੰ ਸੁਲਝਾਉਣ ਲਈ ।
ਪਿਛਲੇ ਸਮੇਂ ਦੌਰਾਨ ਬਹੁਤ ਲੋਕਾਂ ਨੇ ਸਾਡੇ ਯੂ ਟਿਊਬ ਚੈਨਲ ਅਤੇ ਕੋਰਾ ਦੇ ਅਕਾਊਂਟ ਤੇ ਆ ਕਰ ਆਪਣੀਆਂ ਦਲੀਲਾਂ ਨਾਲ ਗੁਰਬਾਣੀ ਦੇ ਅਰਥਾਂ ਦੇ ਅਨਰਥ ਕੀਤੇ । ਇਕ ਬੰਦਾ ਜਿਸਦਾ ਨਾਂ ਸਿੱਖਾਂ ਵਾਲਾ ਸੀ ਆ ਕਰ ਕਹਿੰਦਾ ਕਿ ਵਾਹਿਗੁਰੂ ਵਾਹਿਗੁਰੂ ਕਰਨਾ ਨਹੀਂ ਚਾਹੀਦਾ, ਇਹ ਤਾਂ ਸਿਰਫ਼ ਉਸ ਪਰਮਾਤਮਾ ਦੇ ਬਾਰੇ ਦੱਸਦਾ ਹੈ ਨਾ ਕਿ ਬਾਰ ਬਾਰ ਕਰਨ ਦਾ ਇਸਦਾ ਕੋਈ ਲਾਭ ਹੁੰਦਾ ਹੈ । ਇਸੇ ਤਰ੍ਹਾਂ ਇਕ ਹੋਰ ਆਇਆ ਜਿਸਨੇ ਕਿਹਾ ਕੇ ਗੁਰੂ ਸਾਹਿਬਾਨ ਨੇ ਗੁਰਬਾਣੀ ਦੀਆਂ ਆਖ਼ਰੀ ਲਫ਼ਜ਼ਾਂ ਨੂੰ ਸਿਰਫ਼ ਰਾਈਮ ਕਰਨ ਲਈ ਲਿਖਿਆ ਹੈ, ਤੇ ਬਹੁਤੇ ਸ਼ਬਦਾਂ ਦਾ ਵਿਆਕਰਣ ਨਾਲ ਕੋਈ ਸੰਬੰਧ ਨਹੀਂ । ਜਦ ਮੈਂ ਸੰਸਕ੍ਰਿਤ ਦੀ ਗੱਲ ਕੀਤੀ ਤਾਂ ਉਸਨੇ ਕਈ ਕਿਤਾਬਾਂ ਬਾਰੇ ਦੱਸਿਆ ਜਿਸ ਵਿਚ ਵਿਆਕਰਣ ਦਾ ਜ਼ਿਕਰ ਹੈ । ਮਤਲਬ ਕੇ ਗੁਰਬਾਣੀ ਉਂਝ ਹੀ ਲਿਖਤੀ ਗੁਰੂ ਸਾਹਿਬਾਨ ਨੇ ਤੇ ਵੇਦ ਸ਼ਾਸਤਰ ਪੂਰੇ ਵਿਆਕਰਣ ਦੇ ਨਿਯਮਾਂ ਨੂੰ ਘੋਖ ਕੇ ਲਿਖੇ ਗਏ ਨੇ । ਵਾਹ ! ਮੈਂ ਜ਼ਿਆਦਾ ਵਿਆਕਰਣ ਸੰਬੰਧੀ ਨਹੀਂ ਗੱਲ ਕਰਦਾ ਗੁਰਬਾਣੀ ਬਾਰੇ ਕਿਉਂਕਿ ਗੁਰਬਾਣੀ ਅੰਮ੍ਰਿਤ ਰਸ ਲੈਣ ਲਈ ਹੈ ਨਾ ਕਿ ਸਾਰਾ ਸਮਾਂ ਵਿਆਕਰਣ ਬਾਰੇ ਪੜ੍ਹਨ ਲਈ । ਮੈਂ ਇਹ ਨਹੀਂ ਕਹਿੰਦਾ ਕਿ ਗੁਰਬਾਣੀ ਦੇ ਨਿਯਮ ਨਹੀਂ ਪੜ੍ਹਨੇ ਚਾਹੀਦੇ, ਬਲਕਿ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਗੁਰਬਾਣੀ ਦੇ ਵੀ ਕਈ ਨਿਯਮ ਨੇ, ਜਿਨ੍ਹਾਂ ਨੂੰ ਰਫਾ ਦਫਾ ਕਰਕੇ ਕੁਝ ਕੁ ਲੋਕ ਅਰਥਾਂ ਦੇ ਅਨਰਥ ਕਰ ਰਹੇ ਨੇ ।
ਜਿਵੇਂ ਕਿ ਪਹਿਲਾਂ ਜ਼ਿਕਰ ਕਰ ਦਿੱਤਾ ਗਿਆ ਹੈ ਕਿ ਗੁਰਬਾਣੀ ਨਾਲ ਹੀ ਆਪਾਂ ਇਤਿਹਾਸ ਦੀਆਂ ਕਈ ਗੱਲਾਂ ਨੂੰ ਸਹੀ ਜਾਂ ਗ਼ਲਤ ਸਿੱਧ ਕਰ ਸਕਦੇ ਹਾਂ, ਇਸ ਕਰਕੇ ਹੀ ਕਈ ਅਰਥ ਬਦਲਣ ਦੀ ਤਾਕ ਵਿਚ ਨੇ । ਵਿਦਵਾਨਾਂ ਨੇ ਇਸਦਾ ਜ਼ਿਕਰ ਕਰ ਦਿੱਤਾ ਸੀ ਕਿ ਇਹ ਸਾਰਾ ਰੌਲਾ ਜੋ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਾਰੇ ਪਾਇਆ ਜਾ ਰਿਹਾ ਹੈ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵੀ ਨਾਲ ਲੈ ਕਰ ਜਾਊਗਾ । ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਗ਼ਲਤ ਅਰਥ ਕਰਨ ਤੋਂ ਬਾਅਦ – ਚਾਹੇ ਉਹ ਭਗਉਤੀ ਬਾਰੇ ਹੋਵੇ ਜਾਂ ਸ਼ਿਵਾ ਬਾਰੇ ਜਾਂ ਮਹਾਕਾਲ ਬਾਰੇ ਜਾਂ ਕਾਲ ਬਾਰੇ – ਇਨ੍ਹਾਂ ਨੇ ਆਪਣਾ ਰੁਖ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਤਰਫ਼ ਮੋੜਿਆ ਹੈ । ਚਾਹੀਦਾ ਸਿੱਖਾਂ ਨੂੰ ਇਹ ਹੈ ਕਿ ਗੁਰਬਾਣੀ ਅਤੇ ਸਿਮਰਨ ਵੱਧ ਤੋਂ ਵੱਧ ਕਰਨ ਤੇ ਇਨ੍ਹਾਂ ਲੋਕਾਂ ਦੀਆਂ ਗੱਲਾਂ ਵੱਲ ਧਿਆਨ ਨਾ ਦੇਣ ਕਿਉਂਕਿ ਇਹ ਲੋਕ ਸਮੇਂ ਦੀ ਉਪਜ ਨੇ, ਤੇ ਇਹ ਹਰ ਸਮੇਂ ਹੀ ਹੋਏ ਨੇ । ਗੁਰੂ ਕਾਲ ਦੇ ਸਮੇਂ ਤੋਂ ਲੈ ਕਰ ਹੁਣ ਤੱਕ ਕਈ ਲੋਕਾਂ ਨੇ ਆਪਣੀ ਮੂਰਖ਼ਤਾ ਦੇ ਨਾਲ ਗੁਰਬਾਣੀ ਨੂੰ ਵਾਚਿਆ ਤੇ ਗ਼ਲਤ ਰਾਹ ਨੇ ਚੱਲੇ । ਪਰ ਇਹ ਸਿੰਘਾਂ ਦਾ ਕੁਝ ਵੀ ਵਿਗਾੜ ਨਹੀਂ ਸਕੇ । ਪਰ ਜੋ ਆਮ ਸੰਗਤ ਹੁੰਦੀ ਹੈ, ਜੋ ਜ਼ਿਆਦਾ ਅਧਿਐਨ ਕਰਨ ਵਾਲੀ ਨਹੀਂ ਹੁੰਦੀ, ਉਨ੍ਹਾਂ ਤੇ ਅਸਰ ਪਾਉਣ ਲਈ ਇਹ ਲੋਕ ਬਹੁਤ ਕਾਹਲੇ ਹੁੰਦੇ ਨੇ । ਅਤੇ ਕੁਝ ਕੁ ਹੱਦ ਤੱਕ ਇਹ ਕਾਮਯਾਬ ਵੀ ਹੋ ਜਾਂਦੇ ਨੇ । ਇਹੀ ਹੌਂਸਲਾ ਇਨ੍ਹਾਂ ਦੀ ਪ੍ਰੇਰਨਾ ਬਣਦੀ ਹੈ ਕਿ ਅਸੀਂ ਹੁਣ ਸਿੱਖਾਂ ਨੂੰ ਭਰਮਾ ਸਕਦੇ ਹਾਂ । ਪਰ ਇਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹ ਕਿਥੋਂ ਭਰਮਾ ਲੈਣਗੇ ਸਿੱਖਾਂ ਨੂੰ, ਇਨ੍ਹਾਂ ਵਿਚ ਚੋਟੀ ਦੇ ਵਿਦਵਾਨ ਬੈਠੇ ਨੇ ਜੋ ਇਨ੍ਹਾਂ ਦੀ ਮੂਰਖ਼ਤਾ ਨੂੰ ਭਲੀ ਭਾਂਤੀ ਜਾਣਦੇ ਨੇ ਤੇ ਸੰਗਤਾਂ ਨੂੰ ਕਹਿੰਦੇ ਵੀ ਨੇ ਕਿ ਇਨ੍ਹਾਂ ਤੋਂ ਬਚ ਕੇ ਰਹੋ ।
'ਅਪਗ੍ਰੇਡ ਮਹਿਕਮੇ' ਵੱਲੋਂ ਨਾ ਕੇਵਲ ਗੁਰਬਾਣੀ ਦੇ ਅਰਥ ਵਿਗਾੜ ਕੇ ਪੇਸ਼ ਕੀਤੇ ਜਾ ਰਹੇ ਨੇ ਬਲਕਿ ਸਿੱਖ ਨੌਜਵਾਨ ਪੀੜ੍ਹੀ ਨੂੰ ਨਾਸਤਿਕਤਾ ਵੱਲ ਵੀ ਪ੍ਰੇਰਿਆ ਜਾ ਰਿਹਾ ਹੈ । ਇਥੇ ਦੋ ਹੀ ਰਸਤੇ ਦਿੱਖਦੇ ਨੇ । ਪਹਿਲਾਂ ਰਸਤਾ ਕੁਝ ਕੁ ਹਿੰਦੂਆਂ ਵੱਲੋਂ ਆਪਣੇ ਨਾਲ ਰਲਾਉਣ ਦੀਆਂ ਚਾਲਾ ਬਾਰੇ ਹੈ । ਅਤੇ ਦੂਜਾ ਸੰਕੇਤ ਜੋ ਉਭਰ ਕੇ ਸਾਹਮਣੇ ਆ ਰਿਹਾ ਹੈ ਉਹ ਇਹ ਕੇ ਗੁਰਬਾਣੀ ਦੇ ਗ਼ਲਤ ਅਰਥ ਕਰਕੇ ਪਰਮਾਤਮਾ ਦੀ ਹੋਂਦ ਤੋਂ ਮੁਨਕਰ ਹੋਣਾ । ਜਿਵੇਂ ਇਕ 'ਹਿਸਟਰੀ ਚੈਨਲ' ਤੇ ਚੱਲੀ ਕਹਾਣੀ ਦੇ ਵਿਚ ਦੱਸਿਆ ਗਿਆ ਸੀ ਕਿ ਦੁਨੀਆਂ ਦੀਆਂ ਕਾਫ਼ੀ ਕਿਤਾਬਾਂ ਪਰਮਾਤਮਾ ਦੀ ਗੱਲ ਨਾ ਕਰਦੇ ਹੋਏ ਦੂਸਰੀ ਦੁਨੀਆਂ ਵਿੱਚੋਂ ਆਏ ਲੋਕਾਂ ਦੀਆਂ ਗੱਲਾਂ ਕਰ ਰਹੀਆਂ ਨੇ ਜੋ ਕੇ ਉਸ ਸਮੇਂ ਦੇ ਲੋਕਾਂ ਦੀ ਸਮਝ ਦੇ ਵਿਚ ਨਹੀਂ ਆਈਆਂ । ਇਸੇ ਤਰ੍ਹਾਂ ਅਪਗ੍ਰੇਡ ਮਹਿਕਦੇ 'ਚ ਭਰਤੀ ਹੋਏ ਢੱਡਰੀ ਨੇ ਪਰਮਾਤਮਾ ਦੇ ਅਰਥ ਕੁਦਰਤ ਹੀ ਕਰ ਦਿੱਤੇ ਨੇ ਤੇ ਇਹ ਕਿਹਾ ਕਿ 'ਪੁਜਾਰੀਆਂ' ਨੇ ਗ਼ਲਤ ਅਰਥ ਕੀਤੇ ਹੋਏ ਨੇ । ਇਹ ਨਵੇ ਹੀ ਲਫ਼ਜ਼ਾਂ ਨੂੰ ਇਜ਼ਾਤ ਕਰਨ ਦੇ ਵਿਚ ਲੱਗਿਆ ਹੋਇਆ ਹੈ । ਇਸਦੀ ਜੋ ਭਾਰੀ ਸੱਟ ਵੱਜਦੀ ਹੈ ਉਹ ਆਉਣ ਵਾਲੀ ਪੀੜ੍ਹੀ ਤੇ ਬਹੁਤ ਬੁਰਾ ਅਸਰ ਕਰ ਸਕਦੀ ਹੈ । ਪਰ ਇਹਦੇ ਵਿਚ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਬਹੁਤ ਸਾਰੇ ਸਿੱਖਾਂ ਨੇ ਢੱਡਰੀ ਨੂੰ ਜਵਾਬ ਦੇ ਕਰ ਕਈ ਨੌਜਵਾਨਾਂ ਨੂੰ ਕੁਰਾਹੇ ਪੈਣ ਤੋਂ ਬਚਾ ਲਿਆ ।
ਜਿੰਨੇ ਵੀ ਹਮਲੇ ਗੁਰਬਾਣੀ ਦੇ ਉੱਤੇ ਹੁੰਦੇ ਨੇ ਉਹ ਕਈ ਵਾਰੀ ਨਵੇਂ ਤੇ ਕਈ ਪੁਰਾਣੇ ਹੁੰਦੇ ਨੇ । ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਉੱਤੇ ਹਮਲੇ ਤੇ ਕਈ ਹਿੰਦੂਆਂ ਦੇ ਅਰਥ ਤਾਂ ਬਹੁਤੇ ਹੀ ਪੁਰਾਣੀਆਂ ਦਲੀਲਾਂ ਦੇ ਵਿਚੋਂ ਆਉਂਦੇ ਹਨ । ਪਰ ਇਸਦੇ ਨਾਲ ਨਾਲ ਜੋ ਨਵੀਂ ਪੇਸ਼ਕਸ਼ ਕੀਤੀ ਜਾ ਰਹੀ ਹੈ ਹਮਲਿਆਂ ਦੀ ਉਨ੍ਹਾਂ ਦੇ ਵਿਚ ਸਾਕਾਰ ਰੂਪ ਵਿਚ ਨਾਸਤਿਕਤਾ ਦੀ ਝਲਕ ਪੈਂਦੀ ਹੈ । ਪਹਿਲੇ ਸਮਿਆਂ ਦੇ ਵਿਚ ਕਈ ਮਤਭੇਦ ਹੋ ਸਕਦੇ ਨੇ ਪਰ ਕਿਸੇ ਨੇ ਵੱਡੇ ਪੱਧਰ ਤੇ ਨਾਸਤਿਕਤਾ ਵੱਲ ਆਪਣਾ ਰੁਖ ਕਰਕੇ ਪ੍ਰਚਾਰ ਨਹੀਂ ਕੀਤਾ । ਇਹ ਇਕ ਚੋਟੀ ਦੀ ਚੋਟ ਹੈ ਜੋ ਸਿੱਖ ਧਰਮ ਤੇ ਹੋ ਸਕਦੀ ਹੈ, ਕਿਉਂਕਿ ਜਦ ਪਰਮਾਤਮਾ ਦੀ ਹੋਂਦ ਤੋਂ ਹੀ ਇਨਕਾਰ ਕਰਤਾ ਤਾਂ ਫਿਰ ਗੁਰਬਾਣੀ ਤੇ ਇਤਿਹਾਸ ਦੀ ਕੋਈ ਮਹੱਤਤਾ ਨਹੀਂ ਰਹਿ ਜਾਂਦੀ । ਇਸ ਵਿਚ ਕਈ ਪ੍ਰਕਾਰ ਦੇ ਲੋਕ ਹੁੰਦੇ ਨੇ ਜਿਸ ਬਾਰੇ ਇਸੇ ਲੜੀ ਵਿਚ 'ਨਾਸਤਿਕਦਾ' ਦੇ ਸਿਰਲੇਖ ਹੇਠ ਲਿਖੇ ਜਾਣਗੇ । ਪਰ ਇਥੇ ਇਸ਼ਾਰਾ ਮਾਤਰ ਹੀ ਕੀਤਾ ਜਾ ਰਿਹਾ ਹੈ ਕਿ ਗੁਰਬਾਣੀ ਜੋ ਪਰਮਾਤਮਾ ਦੀ ਹੀ ਗੱਲ ਕਰਦੀ ਹੈ, ਉਸਨੂੰ ਗ਼ਲਤ ਅਰਥਾਂ ਦੇ ਵਿਚ ਲੈ ਕੇ 'ਕੋਮਨ ਸੈਨਸ', 'ਬੁੱਧੀ ਦੇ ਅਨੁਸਾਰ', 'ਲੌਜਿਕਲ' ਆਦਿ ਸ਼ਬਦਾਂ ਰਾਹੀ ਪ੍ਰਚਾਰ ਕੀਤਾ ਜਾ ਰਿਹਾ ਹੈ । ਗੁਰਬਾਣੀ ਜੋ ਡੂੰਗੀ ਚੀਜ਼ ਤੋਂ ਵੀ ਡੂੰਗੀ ਹੈ, ਜਿਸਦਾ ਮਨ ਬੁੱਧੀ ਕਰਕੇ ਕਦੇ ਵੀ ਅੰਤ ਨਹੀਂ ਪਾਇਆ ਜਾ ਸਕਦਾ, ਉਸਨੂੰ ਤਰਕ ਦੇ ਆਧਾਰ ਤੇ ਸਿੱਧ ਕਰਨ ਦੀਆਂ ਗੱਲਾਂ ਮੂਰਖ਼ਤਾ ਦੀ ਨਿਸ਼ਾਨੀ ਹੈ ।
ਪਹਿਲੇ ਤਿੰਨ ਚੈਪਟਰਾਂ ਦੇ ਵਿਚ ਗੁਰਬਾਣੀ, ਇਤਿਹਾਸ ਤੇ ਮਰਯਾਦਾ ਬਾਰੇ ਗੱਲ ਕੀਤੀ ਗਈ ਹੈ । ਇਸਦਾ ਕਾਰਨ ਜੋ ਹੈ ਉਹ ਇਹ ਹੈ ਕਿ ਇਨ੍ਹਾਂ ਤਿੰਨਾਂ ਰਾਹੀ ਸਿੱਖੀ ਦੀ ਪਰਿਭਾਸ਼ਾ ਤੇ ਸਿੱਖੀ ਦਾ ਮਾਰਗ ਨਿਕਲ ਕੇ ਸਾਹਮਣੇ ਆਉਂਦਾ ਹੈ । ਤੇ ਇਹ ਤਿੰਨਾਂ ਤੇ ਹੀ ਹਮਲਾ ਹੋਣਾ ਹੈ ਜਦ ਵੀ ਸਿੱਖੀ ਤੇ ਹਮਲਾ ਹੋਣਾ ਹੈ । ਜਦੋਂ ਇਕ ਸਿੱਖ ਇਨ੍ਹਾਂ ਤੋਂ ਟੁੱਟ ਗਿਆ, ਫਿਰ ਉਸਨੂੰ ਕਿਸੇ ਵੀ ਪਾਸੇ ਤੋਰਿਆ ਜਾ ਸਕਦਾ ਹੈ । ਆਉ ਆਪਾਂ ਸਾਰੇ ਰਲ ਕੇ ਹੰਭਲਾ ਮਾਰੀਏ ਤੇ ਜੋ ਸਿੱਖੀ ਤੋਂ ਦੂਰ ਚਲੇ ਗਏ ਨੇ ਉਨ੍ਹਾਂ ਨੂੰ ਵਾਪਿਸ ਸਿੱਖੀ ਵੱਲ ਪ੍ਰੇਰਿਏ । ਤੇ ਜੋ ਵੀ ਵਰਤਾਰਾ ਚੱਲ ਰਿਹਾ ਹੈ ਸਿੱਖੀ ਤੇ ਹਮਲਿਆਂ ਦਾ, ਉਸਦਾ ਡੱਟ ਕੇ ਮੁਕਾਬਲਾ ਕਰੀਏ ।

4 comments:

  1. Excellent veer,ese Tarah panth dii seva karde ravo ate kuj mainu v dasso kehdian kitaban padiye

    ReplyDelete
    Replies
    1. Sat Shri Akaal, Harpreet Singh,

      Saadi post aa Quora te isde baare, tusi us vich likhia kitaba parr sakde ho te hor v jinnia guru itehass nal sabandat ne ov v jaroor pado. Saade YouTube Channel te asi Book Reading Club v shuru kitta hoea va, oh v dekh sakde ho.

      https://www.quora.com/What-texts-should-I-read-to-better-understand-Sikh-religion/answer/Sikhs-Sikhi

      https://www.youtube.com/watch?v=R1OkPKHqeMc&list=PL-yYG37umT_UibIAtVMvbVt8gLbrY-R59

      Delete
  2. Veer clitch argument aaa nu punjabi vich v translate krdo

    ReplyDelete
    Replies
    1. ਭਾਜੀ ਉਹ ਜਾਣ ਕੇ ਅੰਗਰੇਜ਼ੀ ਦੇ ਵਿਚ ਲਿਖਿਆ ਗਿਆ ਹੈ । ਉਸ ਨਾਲ ਦੇ ਹੋਰ ਕਈ ਪੰਜਾਬੀ ਦੇ ਵਿਚ ਵੀ ਹੈ ਗੇ ਆ ਲੇਖ । ਜਾਂ ਗੂਗਲ ਦਾ translator ਵਰਤ ਕੇ ਤੁਸੀਂ ਪੰਜਾਬੀ ਦੇ ਵਿਚ ਬਦਲ ਸਕਦੇ ਹੋ ।

      Delete

Please note there are couple of articles on different topics on this blog. There are very good chances that what you're going to bring in the comment section has already been discussed. And your comment will not be published if it has the same arguments/thoughts.

Kindly read this page for more information: https://sikhsandsikhi.blogspot.com/p/read-me.html

Or read the footer of any article: 'A request to the readers!'