Wednesday 17 April 2019

21st Century and Sikhs - Politics - Part 5


੫.
ਰਾਜਨੀਤੀ

ਰਾਜਨੀਤੀ ਲਫ਼ਜ਼ ਸੁਣ ਕੇ ਹੀ ਬਹੁਤ ਤਰ੍ਹਾਂ ਦੀਆਂ ਤਸਵੀਰਾਂ ਮਨ ਦੇ ਵਿਚ ਆਉਣੀਆਂ ਆਰੰਭ ਹੋ ਜਾਂਦੀਆਂ ਹਨ । ਖ਼ਾਸ ਕਰ ਜੋ ਲੋਕ ਭਾਰਤ ਦੇ ਵਿਚ ਰਹਿੰਦੇ ਨੇ ਉਨ੍ਹਾਂ ਦੇ ਅੱਗੇ ਕੁਝ ਕੁ ਚੁਨਿੰਦਾ ਪਾਰਟੀਆਂ ਦੇ ਆਗੂ ਮਨ ਦੀਆਂ ਅੱਖਾਂ ਵਿਚ ਆਉਣ ਲੱਗ ਜਾਂਦੇ ਨੇ । ਹਰ ਇਕ ਦੇਸ਼ ਦੇ ਲੋਕਾਂ ਦਾ ਭਵਿੱਖ ਰਾਜਨੀਤਿਕ ਲੋਕਾਂ ਦੇ ਹੱਥ ਵਿਚ ਹੁੰਦਾ ਹੈ । ਜੇ ਉਹ ਚਾਹੁੰਣ ਤਾਂ ਉਨ੍ਹਾਂ ਨੂੰ ਸਵਰਗ ਦੇ ਸਕਦੇ ਨੇ । ਪਰ ਨਰਕ ਦੇਣਾ ਵੀ ਉਨ੍ਹਾਂ ਦੇ ਹੱਥ ਦੇ ਵਿਚ ਹੈ । ਰਾਜਨੀਤੀ ਦਾ ਸਿੱਧਾ ਸੰਬੰਧ ਤਾਕਤ ਨਾਲ ਹੁੰਦਾ ਹੈ ।
ਰਾਜਨੀਤੀ ਸਿਰਫ਼ ਹੁਣ ਦੇ ਸਮੇਂ ਦੇ ਵਿਚ ਹੀ ਉਤਪੰਨ ਨਹੀਂ ਹੋਈ । ਪਹਿਲਾਂ ਜਦੋਂ ਰਾਜੇ ਮਹਾਰਾਜੇ ਹੁੰਦੇ ਸੀ ਰਾਜਨੀਤੀ ਓਦੋਂ ਵੀ ਹੁੰਦੀ ਸੀ । ਪਰ ਉਸ ਸਮੇਂ ਦੇ ਵਿਚ ਲੋਕਾਂ ਨੂੰ ਆਪਣਾ ਅਧਿਕਾਰੀ ਚੁਣਨ ਦਾ ਇੰਨਾ ਅਧਿਕਾਰ ਨਹੀਂ ਸੀ ਜਿੰਨਾ ਕੁਝ ਕੁ ਚੁਨਿੰਦਾ ਲੋਕਾਂ ਨੂੰ ਸੀ । ਉਹ ਵੀ ਆਪਣੇ ਰਾਜ ਦੀਆਂ ਬਹੁਤ ਸਾਰੀਆਂ ਗੱਲਾਂ ਨੂੰ ਮਨ ਦੇ ਵਿਚ ਰੱਖ ਕੇ ਫਿਰ ਆਪਣਾ ਆਗੂ ਚੁਣਦੇ ਸੀ । ਉਨ੍ਹਾਂ ਦੇ ਰਾਜ ਦਾ ਪ੍ਰਬੰਧ, ਦੁਸ਼ਮਣਾਂ ਦੀਆਂ ਵਿਉਂਤਾਂ, ਲੋਕਾਂ ਦੇ ਕੰਮ-ਕਾਜ, ਆਦਿ ਬਹੁਤ ਸਾਰੇ ਖੇਤਰਾਂ ਦੇ ਵਿਚ ਰਾਜਨੀਤੀ ਸਿੱਧੇ ਜਾਂ ਅਸਿੱਧੇ ਤੌਰ ਤੇ ਕੰਮ ਕਰਦੀ ਸੀ । ਸੋ ਇਹ ਰਾਜਨੀਤੀ ਬਹੁਤ ਹੀ ਪੁਰਾਣੀ ਚੀਜ਼ ਹੈ । ਹਾਂ ਇਹ ਜ਼ਰੂਰ ਹੈ ਕਿ ਪੁਰਾਣੇ ਸਮੇਂ ਦੇ ਲੋਕ ਇਸਨੂੰ ਇਕ ਅਲੱਗ ਨਜ਼ਰੀਏ ਨਾਲ ਦੇਖਦੇ ਸੀ ਪਰ ਮਨੋਰਥ ਇੱਕੋ-ਜਿੱਕਾ ਹੁੰਦਾ ਸੀ । ਰਾਜ ਕਰਨਾ ।
ਅੱਜ ਦੇ ਸਮੇਂ ਦੇ ਵਿਚ ਆਮ ਲੋਕਾਂ ਨੂੰ ਆਪਣਾ ਅਧਿਕਾਰੀ ਚੁਣਨ ਦਾ ਹੱਕ ਦਿੱਤਾ ਜਾਂਦਾ ਹੈ । ਇਸਨੂੰ ਸ਼ੁਰੂ ਹੋਇਆਂ ਕੋਈ ਬਹੁਤਾ ਸਮਾਂ ਨਹੀਂ ਹੋਇਆ । ਕੁਝ ਕੁ ਦੇਸ਼ ਹਜੇ ਵੀ ਇਸਨੂੰ ਨਹੀਂ ਅਪਣਾ ਸਕੇ । ਪਰ ਇਸ ਥੋੜ੍ਹੇ ਸਮੇਂ ਦੇ ਵਿਚ ਸ਼ੁਰੂ ਹੋਏ ਲੋਕਤੰਤਰ ਨੇ ਬਹੁਤ ਜ਼ਿਆਦਾ ਪ੍ਰਭਾਵ ਪਾਇਆ ਹੋਇਆ ਹੈ ਇਸ ਦੁਨੀਆਂ ਦੇ ਵਿਚ । ਕਈ ਸਦੀਆਂ ਤੋਂ ਚੱਲੀ ਆ ਰਹੀ 'ਲੜੋ ਤੇ ਮਰੋ' ਦੀ ਨੀਤੀ ਨੂੰ ਇਸ ਨੇ ਕਾਫ਼ੀ ਬਦਲ ਕੇ ਰੱਖ ਦਿੱਤਾ ਹੈ । ਇਹ ਕਿੰਨੇ ਸਮੇਂ ਦੇ ਲਈ ਇਸ ਦੁਨੀਆਂ ਦੇ ਵਿਚ ਰਹੇਗੀ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ।
ਰਾਜਨੀਤੀ ਧਰਮ ਜਾਂ ਸਭਿਆਚਾਰ ਤੇ ਆਧਾਰਿਤ ਹੁੰਦੀ ਹਨ । ਭਾਰਤ ਵਰਗੇ ਦੇਸ਼ ਦੇ ਵਿਚ ਬਹੁਤ ਸਾਰੀਆਂ ਪਾਰਟੀਆਂ ਇਨ੍ਹਾਂ ਦੋਨਾਂ ਦੇ ਵਿਚੋਂ ਹੀ ਉਪਜੀਆਂ ਹਨ । ਇਸਦਾ ਮੁੱਖ ਕਾਰਣ ਜੋ ਹੈ ਉਹ ਇਹ ਹੈ ਕਿ ਜਦ ਧਰਮ ਅਤੇ ਸਭਿਆਚਾਰ ਦੀ ਗੱਲ ਹੁੰਦੀ ਹੈ ਤਾਂ ਬਹੁਤ ਸਾਰੇ ਲੋਕ ਆਪਣੇ ਆਪਣੇ ਧਰਮਾਂ ਤੇ ਸਭਿਆਚਾਰਾਂ ਦੇ ਝੰਡੇ ਥੱਲੇ ਇਕੱਠੇ ਹੋ ਜਾਂਦੇ ਹਨ । ਜੇਕਰ ਇਹੀ ਚੀਜ਼ ਕਿਸੇ ਅਜਿਹੇ ਸਲੀਕੇ ਨਾਲ ਕੀਤੀ ਜਾਏ ਜਿਸ 'ਚ ਬਹੁਤ ਸਾਰੇ ਵਰਗ ਹੋਣ ਤਾਂ ਇਹ ਇਕ ਔਖਾ ਕੰਮ ਹੋ ਜਾਂਦਾ ਹੈ । ਇਸ ਲਈ ਹੀ ਇਨ੍ਹਾਂ ਦੋਨਾਂ ਨੂੰ ਚੁਣਿਆ ਜਾਂਦਾ ਹੈ ਇਕ ਰਾਜਨੀਤਿਕ ਪਾਰਟੀ ਬਣਾਉਣ ਲਈ ਜਾਂ ਵੋਟਾਂ ਮੰਗਣ ਲਈ ।
ਇਨ੍ਹਾਂ ਦੋਨਾਂ ਵਰਗਾਂ ਦੇ ਲੋਕ ਆਪਣੇ ਧਰਮ ਜਾਂ ਸਭਿਆਚਾਰ ਨਾਲ ਬਹੁਤ ਹੀ ਗੂੜ੍ਹੇ ਤਰੀਕੇ ਨਾਲ ਜੁੜੇ ਹੁੰਦੇ ਨੇ । ਇਹੀ ਚੀਜ਼ ਰਾਜਨੀਤਿਕ ਲੋਕ ਪਟਰੋਲ ਲਈ ਵਰਤਦੇ ਨੇ ਤਾਂ ਜੋ ਲੋਕਾਂ ਨੂੰ ਆਪਸ ਦੇ ਵਿਚ ਭਿੜਾ ਕੇ, ਅੱਗਾਂ ਲਾ ਕੇ, ਮਰਵਾ ਕੇ, ਵੋਟਾਂ ਬਟੋਰੀਆਂ ਜਾਣ । ਇਹ ਆਜ਼ਾਦੀ ਤੋਂ ਬਾਅਦ, ਤੇ ਖ਼ਾਸ ਕਰ ਸਿੱਖ ਨਸਲਕੁਸ਼ੀ ੧੯੮੪ ਦੇ ਵਿਚ, ਪਹਿਲੀ ਵਾਰ ਵੱਡੇ ਰੂਪ ਦੇ ਵਿਚ ਸਾਹਮਣੇ ਆਈ । ਇਹ ਤਕਨੀਕ ਬਹੁਤ ਹੀ ਸਿੱਧੀ ਸਾਧੀ ਹੈ । ਪੁਲਿਸ ਤੇ ਬਹੁਤ ਸਾਰੀਆਂ ਹੋਰ ਤਾਕਤਾਂ ਰਾਜ ਸਰਕਾਰਾਂ ਦੇ ਹੱਥ ਵਿਚ ਹੁੰਦੀਆਂ ਨੇ, ਜੋ ਉਹ ਜਦ ਚਾਹੁੰਣ ਤਦ ਇਸਤੇਮਾਲ ਕਰ ਸਕਦੇ ਹਨ । ਬਹੁਤ ਸਾਰੇ ਪੁਲਿਸ ਵਾਲੇ ਸਰਕਾਰਾਂ ਤੋਂ ਡਰਦੇ ਕੋਈ ਖ਼ਾਸ ਉੱਦਮ ਵੀ ਨਹੀਂ ਕਰਦੇ । ਇਹ ਵੀ ਸ਼ਾਸਕਾਂ ਦੇ ਪੱਖ ਪੂਰਨ ਵਾਲੀ ਗੱਲ ਸਾਬਤ ਹੁੰਦੀ ਹੈ ।
ਜਦ ਰਾਜਸੀ ਤਾਕਤ ਦੀ ਗੱਲ ਆਈ ਤਦ ਸਿੱਖਾਂ ਨੇ ਵੀ ਆਪਣੀ ਇਕ ਪਾਰਟੀ ਬਣਾਈ । ਸ਼੍ਰੋਮਣੀ ਅਕਾਲੀ ਦਲ । ਇਹ ਬਹੁਤ ਹੀ ਪੁਰਾਣੀ ਪਾਰਟੀ ਹੈ ਜਿਸਦਾ ਇਤਿਹਾਸ ਵੀ ਕਾਫ਼ੀ ਵਿਲੱਖਣ ਹੈ । ਇਸ ਪਾਰਟੀ ਦੇ ਕਈ ਵਰਕਰਾਂ ਨੇ ਪਤਾ ਨਹੀਂ ਕਿੰਨੀਆਂ ਸ਼ਹੀਦੀਆਂ ਦਿੱਤੀਆਂ ਕੌਮ ਲਈ । ਪਰ ਹੁਣ ਇਹ ਬਹੁਤ ਬਦਨਾਮ ਹੋ ਚੁੱਕੀ ਲੱਗਦੀ ਹੈ । ਬਾਦਲ ਪਰਿਵਾਰ ਦੇ ਹੱਥ ਜਦੋਂ ਤੋਂ ਇਸਦੀ ਵਾਗਡੋਰ ਆਈ ਤਦੋਂ ਤੋਂ ਲੈ ਕਰ ਹੁਣ ਤੱਕ ਬਹੁਤ ਸਾਰੀਆਂ ਗੱਲਾਂ ਜੋ ਪੰਥ ਵਿਰੋਧੀ ਹਨ ਸਾਹਮਣੇ ਆਈਆਂ ਹਨ । ਇਸ ਵਿਚ ਬਾਦਲ ਪਰਿਵਾਰ ਦਾ ਸਿੱਧਾ ਜਾਂ ਅਸਿੱਧਾ ਹੱਥ ਸਾਬਿਤ ਕਰਨ ਲਈ ਬਹੁਤ ਸਾਰੇ ਲੋਕ ਕਤਾਰਾਂ ਬਣਾ ਕੇ ਖੜ੍ਹੇ ਹਨ ।
ਇਹ ਵੀ ਸਿੱਖਾਂ ਲਈ ਇੱਕ ਨਵੀਂ ਚੀਜ਼ ਸੀ । ਖਾਲਸੇ ਨੇ ਹਥਿਆਰਾਂ ਨਾਲ ਜੰਗਾਂ ਜਿੱਤ ਕੇ ਰਾਜ ਤਾਂ ਕਰ ਲਿਆ ਸੀ, ਪਰ ੧੯੪੭ ਦੇ ਬਾਅਦ ਵਾਲਾ ਜਿਹੜਾ ਲੋਕਤੰਤਰ ਸੀ ਉਹ ਕੋਈ ਸੌਖਾ ਨਹੀਂ ਸੀ । ਇਸਦਾ ਸਿੱਧਾ ਸੰਬੰਧ ਲੋਕਾਂ ਨਾਲ ਹੁੰਦਾ ਹੈ । ਸ਼੍ਰੋਮਣੀ ਅਕਾਲੀ ਦਲ ਇੱਕ ਸਿੱਖ ਰਾਜਸੀ ਪਾਰਟੀ ਹੈ, ਤੇ ਜੇਕਰ ਸਿਰਫ਼ ਆਪਾਂ ਸਿੱਖਾਂ ਦੀ ਹੀ ਗੱਲ ਕਰੀਏ ਤਾਂ ਉਹ ਕੋਈ ਬਹੁਤੇ ਨਹੀਂ ਨੇ ਪੰਜਾਬ ਦੇ ਵਿਚ ਜਿਸ ਨਾਲ ਪਾਰਟੀ ਆਪਣੀ ਸਰਕਾਰ ਬਣਾ ਸਕੇ, ਕਿਉਂਕਿ ਅਜਿਹਾ ਨਹੀਂ ਹੁੰਦਾ ਕਿ ਸਾਰੇ ਸਿੱਖ ਸਿਰਫ਼ ਅਕਾਲੀ ਦਲ ਨੂੰ ਹੀ ਆਪਣਾ ਵੋਟ ਦੇਣ । ਸੋ ਇਕ ਸਿੱਖ ਰਾਜਸੀ ਪਾਰਟੀ ਹੋਣ ਦੇ ਨਾਲ ਨਾਲ ਜੋ ਇਕ ਬਹੁਤ ਹੀ ਜ਼ਰੂਰੀ ਗੱਲ ਚਾਹੀਦੀ ਸੀ ਉਹ ਸੀ ਸਰਬੱਤ ਦੇ ਭਲੇ ਦੀ ਗੱਲ ਕਰਨੀ । ਸਿਰਫ਼ ਇਹ ਨਹੀਂ ਕਿ ਜੇਕਰ ਇਹ ਇੱਕ ਸਿੱਖਾਂ ਦੀ ਪਾਰਟੀ ਹੈ ਤਾਂ ਸਿਰਫ਼ ਸਿੱਖਾਂ ਬਾਰੇ ਹੀ ਸੋਚੇ । ਪਾਰਟੀ ਨੂੰ ਪੰਜਾਬ ਦੇ ਵਿਚ ਰਹਿ ਰਹੇ ਹਰ ਇੱਕ ਧਰਮ ਦੇ ਲੋਕਾਂ ਬਾਰੇ ਸੋਚਣਾ ਪਵੇਗਾ । ਤੇ ਇਹ ਪਾਰਟੀ ਨੇ ਕਰਕੇ ਵੀ ਦਿਖਾਇਆਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਕਾਫ਼ੀ ਵਾਰ ਸਰਕਾਰ ਆਈ ਪੰਜਾਬ ਦੇ ਵਿਚ, ਚਾਹੇ ਓਹੋ ਦੂਜੀਆਂ ਪਾਰਟੀਆਂ ਦੇ ਸਹਿਯੋਗ ਨਾਲ ਸੀ ।
ਜੇਕਰ ੧੯੯੦ ਦੇ ਦਹਾਕਿਆਂ ਤੋਂ ਬਾਅਦ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਕੋਈ ਕਾਰਜ ਅਜਿਹਾ ਨਹੀਂ ਕੀਤਾ ਹੋਵੇਗਾ ਜਿਸ ਵਿਚ ਝੂਠੇ ਪੁਲਿਸ ਮੁਕਾਬਲੇ ਦੇ ਵਿਚ ਮਾਰੇ ਗਏ ਸਿੱਖਾਂ ਦੀ ਇੱਕ ਸੂਚੀ ਤਿਆਰ ਕੀਤੀ ਜਾਵੇ ਜਿਸ ਵਿਚ ਇਹ ਵੀ ਦਰਸਾਇਆ ਜਾਵੇ ਕਿ ਕਿਵੇਂ ਤੇ ਕਿਸਨੇ ਇਹ ਸਭ ਕਾਰਾ ਕੀਤਾ ਸੀ । ਇਹ ਇੱਕ ਬਹੁਤ ਹੀ ਵੱਡੀ ਗੱਲ ਹੋ ਨਿਬੜਦੀ । ਪਰ ਅਫ਼ਸੋਸ ਏਦਾਂ ਦਾ ਕੁਝ ਵੀ ਨਹੀਂ ਹੋਇਆ । ਸਿਰਫ਼ ਰਾਜਸੀ ਪਾਰਟੀ ਬਣ ਕੇ ਹੀ ਰਹਿ ਗਈ ਸ਼੍ਰੋਮਣੀ ਅਕਾਲੀ ਦਲ, ਤੇ ਆਪਣਾ ਮੂਲ ਸਿਧਾਂਤ ਭੁੱਲ ਗਈ, ਉਹ ਸੀ ਗੁਰੂਆਂ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਤੇ ਚੱਲਣਾ ।
ਇਸਨੂੰ ਛੱਡ ਕੇ ਇਕ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਕਰਕੇ ਵੀ ਨਵੀਂ ਪਾਰਟੀ ਆਈ ਹੈ । ਇਹ ਉਹ ਧੜਾ ਹੈ ਜੋ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨਾਲ ਹੁੰਦਾ ਸੀ ਪਰ ਬਰਗਾੜੀ ਕਾਂਢ ਤੋਂ ਬਾਅਦ ਤੇ ਸਰਸੇ ਵਾਲੀ ਦੀ ਮੁਆਫ਼ੀ ਤੋਂ ਪਿਛੋਂ ਇਨ੍ਹਾਂ ਨੇ ਆਪਣਾ ਅਲੱਗ ਰਸਤਾ ਅਖਤਿਆਰ ਕਰ ਲਿਆ । ਇਹ ਨਵੀਂ ਪਾਰਟੀ ਸਿੱਖਾਂ ਤੇ ਪੰਜਾਬੀਆਂ ਲਈ ਕਿੰਨੀ ਕੁ ਲਾਹੇਵੰਦ ਹੁੰਦੀ ਹੈ ਇਹ ਤਾਂ ਸਮਾਂ ਹੀ ਦੱਸੇਗਾ । ਇਕ ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਜੋ ਵਾਅਦੇ ਸ਼੍ਰੋਮਣੀ ਅਕਾਲੀ ਦਲ ਦੀ ਲਿਸਟ ਤੇ ਸੀ ਓਹੀ ਟਕਸਾਲੀ ਪਾਰਟੀ ਦੀ ਲਿਸਟ ਤੇ ਹੈ । ਚੰਗਾ ਤਾਂ ਇਹ ਹੁੰਦਾ ਜੇਕਰ ਬਾਦਲ ਖ਼ੁਦ ਪਾਰਟੀ ਛੱਡ ਕੇ ਘਰ ਬੈਠਦਾ ਤੇ ਹੋਰ ਆਗੂਆਂ ਨੂੰ ਅੱਗੇ ਲੈ ਕਰ ਆਉਂਦਾ । ਇਹ ਰਾਜ ਦੀ ਚੌਧਰ ਬੰਦੇ ਨੂੰ ਕਾਣਾ ਤੇ ਅਸਮਰਥ ਬਣਾ ਦੇਂਦੀ ਹੈ । ਆਪਣੇ ਆਪ ਨੂੰ ਵੱਡਾ ਕਹਿਣਾ ਤੇ ਆਪ ਹੀ ਚੌਧਰ ਬਣ ਕੇ ਰਹਿਣਾ ਸਿੱਖਾਂ ਦੀ ਪਾਰਟੀ ਦੇ ਅਸੂਲ ਨਹੀਂ ਹੋ ਸਕਦੇ । ਇਥੇ ਤਾਂ ਆਪਣਾ ਆਪ ਭੁੱਲ ਕੇ ਪੰਥ ਦੇ ਲਈ ਤੇ ਸਰਬੱਤ ਦੇ ਭਲੇ ਲਈ ਕੰਮ ਹੋਣਾ ਚਾਹੀਦਾ ਹੈ ।
ਪਰ ਰਾਜਸੀ ਧਿਰਾਂ ਇਹ ਨਹੀਂ ਦੇਖਦੀਆਂ । ਉਨ੍ਹਾਂ ਲਈ ਆਪਣੀ ਕੁਰਸੀ ਹੀ ਸਭ ਤੋਂ ਵੱਧ ਜ਼ਰੂਰੀ ਹੁੰਦੀ ਹੈ ਤੇ ਉਸਦੇ ਲਈ ਉਹ ਕਿਸੇ ਵੀ ਕੀਮਤ ਤੇ ਵਿਕ ਸਕਦੇ ਨੇ ਜਾਂ ਫਿਰ ਡਿੱਗ ਸਕਦੇ ਨੇ । ਜੋ ਚੀਜ਼ ਮਨ ਨੂੰ ਚੁਭਨ ਵਾਲੀ ਹੈ ਉਹ ਇਹ ਕਿ ਸਿਖਾਂ ਦੀ ਧਿਰ ਅਖਵਾਉਣ ਵਾਲੀ ਪਾਰਟੀ ਵੀ ਇਸ ਤੋਂ ਬਚ ਨਾ ਸਕੀ । ਸੱਤਾ ਦੇ ਵਿਚ ਆ ਕਰ ਸਿੱਖੀ ਦਾ ਸਿਧਾਂਤ ਹੀ ਭੁੱਲ ਜਾਣਾ ਬਹੁਤ ਹੀ ਸ਼ਰਮਨਾਕ ਗੱਲ ਹੈ । ਜਿਸ ਦੀ ਪ੍ਰਾਪਤੀ ਨੇ ਇਹ ਦੱਸਣਾ ਸੀ ਕਿ ਸਹੀ ਗ਼ਲਤ 'ਚ ਫਰਕ ਕੀ ਹੈ ਉਸਨੂੰ ਹੀ ਭੁੱਲ ਜਾਣਾ ਇਕ ਬਹੁਤ ਹੀ ਨਮੋਸ਼ੀ ਭਰੀ ਜ਼ਿੰਦਗੀ ਜਿਉਣ ਦੇ ਬਰਾਬਰ ਹੈ । ਇਹ ਰਸਤਾ ਨਾਸਤਿਕਤਾ ਦੀ ਤਰਫ਼ ਜਾਂਦਾ ਹੈ । ਨਾਸਤਿਕਵਾਦੀਆਂ ਨੇ ਬਹੁਤ ਤਰ੍ਹਾਂ ਦੇ ਤਰੀਕੇ ਅਪਣਾ ਕੇ ਇਹ ਵੀ ਸਿੱਧ ਕਰਨਾ ਚਾਹਿਆ ਹੈ ਕਿ ਨਾਸਤਿਕ ਲੋਕਾਂ ਵਲੋਂ ਚਲਾਇਆ ਸ਼ਾਸਨ ਬਹੁਤ ਹੀ ਸ਼ਾਨਦਾਰ ਹੁੰਦਾ ਹੈ । ਉਹ ਧਾਰਮਿਕ ਲੋਕਾਂ ਵਲੋਂ ਕੀਤੀਆਂ ਗ਼ਲਤ ਗੱਲਾਂ ਨੂੰ ਨਾ ਦੁਹਰਾਉਣ ਲਈ ਵਚਨਬੱਧ ਹੁੰਦੇ ਹਨ । ਜਦ ਇਕ ਇਨਸਾਨ ਦਾ ਧਰਮ ਨਾਲੋਂ ਹੀ ਰਿਸ਼ਤਾ ਟੁੱਟ ਗਿਆ ਤਾਂ ਉਸ ਲਈ ਫਿਰ ਸਭ ਕੁਝ ਸਹੀ ਹੈ । ਜਿਦਾਂ ਅੱਜ ਦੇ ਸਮੇਂ ਦੇ ਵਿਚ ਲੋਕਾਂ ਦੀ ਇਹ ਵਿਚਾਰਧਾਰਾ ਬਣਦੀ ਜਾ ਰਹੀ ਹੈ ਕਿ ਜੇ ਤੁਸੀਂ ਕਿਸੇ ਨੂੰ ਸ਼ਰੀਰਕ ਤੌਰ ਤੇ ਦੁੱਖ ਨਹੀਂ ਦਿੰਦੇ ਤਾਂ ਤੁਸੀਂ ਸਹੀ ਹੋ । ਏਸ ਵਿਚਾਰਧਾਰਾ ਦੇ ਨਾਮ ਉੱਤੇ ਕੁਝ ਵੀ ਸਹੀ ਕੀਤਾ ਜਾ ਸਕਦਾ ਹੈ । ਇਸ ਲਈ ਧਰਮ ਦਾ ਸ਼ਾਸਨ ਦੇ ਵਿਚ ਹੋਣਾ ਬਹੁਤ ਜ਼ਰੂਰੀ ਹੈ । ਜੇਕਰ ਧਰਮ ਹੈ ਤਾਂ ਸਾਰੇ ਲੋਕਾਂ ਦਾ ਭਲਾ ਹੋ ਸਕਦਾ ਹੈ ।
ਜੇਕਰ ਆਪਾਂ ਭਾਰਤ ਦਾ ਹਾਲ ੧੯੪੭ ਤੋਂ ਬਾਅਦ ਦਾ ਦੇਖੀਏ ਤਾਂ ਬਹੁਤ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ । ਭਾਰਤ ਨੇ ਬਹੁਤ ਹੀ ਘੱਟ ਸਮੇਂ ਦੇ ਵਿਚ ਬਹੁਤ ਕੁਝ ਕਰਕੇ ਦਿਖਾ ਦਿੱਤਾ ਹੈ । ਪਰ ਇਸ ਦੇਸ਼ ਦੇ ਸ਼ਾਸਕ ਮੌਲਿਕ ਸਿਧਾਂਤਾਂ ਨੂੰ ਭੁੱਲ ਗਏ ਨੇ । ੧੯੮੪ ਤੇ ੨੦੦੨ ਦੇ ਸਮੇਂ ਤੇ ਹੋਇਆ ਅੰਨ੍ਹੇਵਾਹ ਕਤਲੇਆਮ ਕਿਸ ਨੂੰ ਭੁੱਲ ਸਕਦਾ ਹੈ । ਕਿਸੇ ਖ਼ਾਸ ਧਰਮ ਦੇ ਖ਼ਿਲਾਫ਼ ਪੂਰੀ ਤਾਕਤ ਹੀ ਲਗਾ ਦੇਣੀ ਇਸ ਗੱਲ ਦਾ ਸਬੂਤ ਹੈ ਕਿ ਮੁਗ਼ਲ ਤੇ ਅੰਗਰੇਜ਼ ਤਾਂ ਭਾਵੇਂ ਚਲੇ ਗਏ ਨੇ ਦੇਸ਼ ਵਿਚੋਂ ਪਰ ਉਨ੍ਹਾਂ ਦੀਆਂ ਅਪਣਾਈਆਂ ਹੋਈਆਂ ਜ਼ਿਆਦਤੀਆਂ ਨਹੀਂ ਗਈਆਂ । ਜਿਥੇ ਸਾਰੇ ਲੋਕਾਂ ਨੇ ਮਿੱਲ-ਜੁਲ ਕੇ ਰਹਿਣਾ ਸੀ ਉਹੀਓ ਦੇਸ਼ ਧਾਰਮਿਕ ਕੱਟਣਵਾਦਤਾ ਦੇ ਵਿਚ ਫੱਸ ਕੇ ਰਹਿ ਗਿਆ । ਪਤਾ ਨਹੀਂ ਕੀ ਸੋਚਿਆ ਹੋਣਾ ਦੇਸ਼ ਭਗਤਾਂ ਨੇ ਦੇਸ਼ ਲਈ, ਪਰ ਇਹ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜੇਕਰ ਉਹ ਲੋਕ ਹੁਣ ਤੱਕ ਦੀਆਂ ਘਟਨਾਵਾਂ ਨੂੰ ਦੇਖਣਗੇ ਤਾਂ ਜ਼ਰੂਰ ਅਫ਼ਸੋਸ ਜ਼ਾਹਰ ਕਰਨਗੇ ਕਿ ਕੀ ਸੋਚਿਆ ਸੀ ਤੇ ਕੀ ਹੋ ਗਿਆ ।
ਇਕ ਰਾਜਨੀਤਿਕ ਇਨਸਾਨ ਨੂੰ ਇਹ ਚਾਹੀਦਾ ਹੈ ਕਿ ਉਹ ਬਿਨਾਂ ਕਿਸੇ ਪੱਖਪਾਤ ਕੀਤੇ ਸਾਰਿਆਂ ਲਈ ਸੋਚੇ । ਪਰ ਕਈ ਵਾਰੀ ਹੁੰਦਾ ਇਸ ਤੋਂ ਉਲਟ ਹੈ । ਜਿੰਨਾਂ ਲੋਕਾਂ ਦੇ ਦਿੱਲ ਹੀ ਪੱਥਰ ਦੇ ਬਣ ਗਏ ਹੋਣ ਉਨ੍ਹਾਂ ਲਈ ਕੁਝ ਖ਼ਾਸ ਧਰਮ ਦੇ ਬੰਦਿਆਂ ਦਾ ਮਰ ਜਾਣਾ ਕੋਈ ਜ਼ਿਆਦਾ ਪਛਤਾਵੇ ਵਾਲੀ ਗੱਲ ਨਹੀਂ ਹੁੰਦੀ । ਬਸ ਉਨ੍ਹਾਂ ਦੀ ਤਾਕਤ ਬਰਕਰਾਰ ਰਹੇ, ਬਾਕੀ ਚਾਹੇ ਸਾਰੀ ਦੁਨੀਆਂ ਹੀ ਮਰ ਕਿਉਂ ਨਾ ਜਾਵੇ, ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ।
ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹ ਸੋਚਣਾ ਪਵੇਗਾ ਕਿ ਉਹ ਕਿਸ ਤਰ੍ਹਾਂ ਦਾ ਮਾਹੌਲ ਸਿਰਜਣਾ ਚਾਹੁੰਦੇ ਹਨ । ਕੀ ਉਹ ਵੀ ਬੀਤ ਚੁੱਕੇ ਸਮੇਂ ਦੇ ਵਾਂਙ ਆਪਣੀ ਕੁਰਸੀ ਨੂੰ ਹੀ ਪਿਆਰ ਕਰਨਗੇ ਜਾਂ ਫਿਰ ਸਭ ਦੇ ਹਿੱਤ ਲਈ ਸੋਚਣਗੇ ? ਇਹ ਸਿੱਖਾਂ ਲਈ ਬਹੁਤ ਹੀ ਜ਼ਰੂਰੀ ਹੈ ਕਿ ਉਹ ਆਪਣੇ ਵਿਚ ਇਹੋ ਜਿਹਾ ਮਾਹੌਲ ਪੈਦਾ ਕਰਨ ਕਿ ਉਹ ਸਦਾ ਹੀ ਸਭ ਦਾ ਚੰਗਾ ਸੋਚਣ । ਕਿਤੇ ਨਾ ਕਿਤੇ ਇਸਦੀ ਘਾਟ ਮੈਨੂੰ ਸਿੱਖ ਰਾਜਨੀਤਿਕ ਲੋਕਾਂ ਦੇ ਵਿਚ ਦਿਸਦੀ ਹੈ । ਚਾਹੇ ਉਹ ਇੰਨੇ ਗੰਦੇ ਨਾ ਹੋਣ ਜਿੰਨੇ ਬਾਕੀ ਨੇ, ਪਰ ਸੱਚ ਨੂੰ ਲੁਕਾਉਣ ਤੇ ਪੁਲਸੀਆਂ ਵਲੋਂ ਕੀਤੀਆਂ ਜ਼ਿਆਦਤੀਆਂ ਬਾਰੇ ਉਹ ਬਿਲਕੁਲ ਚੁੱਪ ਵੱਟੀ ਫਿਰਦੇ ਨੇ । ਤੇ ਇਸ ਵਿਚ ਉਹ ਸ਼ਾਇਦ ਬਾਕੀ ਦੇ ਹੋਰ ਲੋਕਾਂ ਨਾਲੋਂ ਬਹੁਤ ਹੀ ਅੱਗੇ ਨਿਕਲ ਗਏ ਨੇ । ਜਦੋਂ ਧਾਰਮਿਕ ਰਹੁ-ਰੀਤੀਆਂ ਹੀ ਤਿਆਗ 'ਤੀਆ, ਫਿਰ ਤਾਂ ਖੂਹ ਦੇ ਵਿਚ ਛਾਲ ਮਾਰਨ ਦੇ ਹੀ ਬਰਾਬਰ ਹੈ ।
ਰਾਜਨੀਤੀ ਦੇ ਵਿਚ ਸਿੱਖਾਂ ਨੂੰ ਆਪਣੀ ਹੋਂਦ ਬਰਕਰਾਰ ਰੱਖਣੀ ਪਵੇਗੀ । ਅਕਾਲੀ ਦਲ ਸ਼ਾਇਦ ਓਨਾਂ ਤਾਕਤਵਰ ਨਾ ਰਹੇ ਜਿੰਨਾਂ ਪਹਿਲਾਂ ਹੁੰਦਾ ਸੀ । ਇਸਦਾ ਸਭ ਨੂੰ ਸੋਚਣਾ ਚਾਹੀਦਾ ਹੈ । ਜਾਂ ਤਾਂ ਅਕਾਲੀ ਦਲ ਦੀ ਲੀਡਰਸ਼ਿਪ ਬਦਲਣੀ ਪਵੇਗੀ, ਜਾਂ ਫਿਰ ਨਵੀਆਂ ਪਾਰਟੀਆਂ ਖੜ੍ਹੀਆਂ ਕਰਨੀਆਂ ਪੈਣੀਆਂ ਵਾ ਕਿਉਂਕਿ ਜੇਕਰ ਸਿੱਖਾਂ ਨੇ ਰਾਜਨੀਤਿਕ ਤਾਕਤ ਗਵਾਤੀ ਤਾਂ ਉਹ ਆਪਣੀ ਗੱਲ ਕਦੇ ਵੀ ਨਹੀਂ ਰੱਖ ਪਾਉਣਗੇ । ਉਨ੍ਹਾਂ ਨਾਲ ਹੋਈਆਂ ਜ਼ਿਆਦਤੀਆਂ ਤੇ ਧੱਕੇਸ਼ਾਹੀਆਂ ਬਸ ਕਿਤਾਬਾਂ ਦਾ ਹੀ ਇਕ ਅੰਗ ਬਣਕੇ ਰਹਿ ਜਾਣਗੀਆਂ । ਇਨ੍ਹਾਂ ਦਾ ਜਗ ਜਾਹਰ ਹੋਣਾ ਬਹੁਤ ਜ਼ਰੂਰੀ ਹੈ । ਭਾਰਤ ਤੋਂ ਬਾਹਰ ਵਸਦੇ ਸਿੱਖਾਂ ਨੇ ਕਾਫ਼ੀ ਹੱਦ ਤੱਕ ਇਹ ਦੁਨੀਆਂ ਦੇ ਵਿਚ ਰੱਖਿਆ ਹੈ । ਇਸਦੇ ਨਾਲ ਨਾਲ ਭਾਰਤ ਦੇ ਵਿਚ ਰਹਿ ਰਹੇ ਸਿੱਖ ਰਾਜਨੀਤਿਕ ਲੋਕਾਂ ਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਉਹ ਕੀ ਕਰ ਰਹੇ ਨੇ ਆਪਣੀ ਗੱਲ ਆਮ ਲੋਕਾਂ ਦੇ ਵਿਚ ਰੱਖਣ ਲਈ । ਧਰਮ ਯੁੱਧ ਮੋਰਚੇ ਦੀ ਹੀ ਗੱਲ ਕਰ ਲੈਂਨੇ ਆ ।
ਇਹ ਮੋਰਚਾ ਸਿਰਫ਼ ਸਿੱਖਾਂ ਲਈ ਨਹੀਂ ਬਲਕਿ ਪੰਜਾਬੀਆਂ ਲਈ ਵੀ ਸੀ । ਅਕਾਲੀ ਦਲ ਨੇ ਬਹੁਤ ਵੱਧ ਚੜ੍ਹ ਕੇ ਹਿੱਸਾ ਲਿੱਤਾ । ਹੁਣ ਦੇ ਸਮੇਂ ਦੇ ਵਿਚ ਕਿਸੇ ਇਕ ਲੀਡਰ ਦੀ ਵੀ ਜ਼ਬਾਨ ਨਹੀ ਖੁੱਲਦੀ ਜਿਵੇਂ ਕਿ ਕੋਈ ਸੱਪ ਸੁੰਘ ਗਿਆ ਹੋਵੇ । ਬਸ ਲੋਕਾਂ ਨੂੰ ਭਰਮਾਉਣ ਲਈ ਇਹ ਲੋਕ ਸਿੱਖਾਂ ਦੀ ਜ਼ਮਾਤ ਦੇ ਵਿਚ ਆ ਜਾਂਦੇ ਨੇ ਕਿ ਅਸੀਂ ਵੀ ਸਿੱਖ ਹਾਂ ਤੇ ਕੁਝ ਵੀ ਕਰਨ ਨੂੰ ਤਿਆਰ ਹਾਂ । ਪਰ ਇਨ੍ਹਾਂ ਦੇ ਵਿਚ ਕੌਮ ਲਈ ਮਰਨ ਦਾ ਹੌਂਸਲਾ ਤੇ ਜਜ਼ਬਾ ਨਹੀਂ ਹੁੰਦਾ । ਇਹ ਬਸ ਮੌਕੇ ਦੀ ਤਲਾਸ਼ ਦੇ ਵਿਚ ਘੁੰਮ ਰਹੇ ਹੁੰਦੇ ਨੇ । ਜਦੋਂ ਮੌਕਾ ਮਿਲ ਗਿਆ ਉੱਥੇ ਹੀ ਖਲੋਜੋ । ਫੇਰ ਮੌਕਾ ਸੰਭਾਲ ਕੇ ਖਿਸਕਣ ਵਿਚ ਇਹ ਆਪਣੀ ਭਲਾਈ ਸਮਝਦੇ ਨੇ ਤਾਂਕਿ ਆਉਣ ਵਾਲੇ ਸਮੇਂ ਦੇ ਵਿਚ ਇਹ ਸਾਬਿਤ ਕਰ ਸਕਣ ਕਿ ਜਦੋਂ ਵੱਡੇ-ਵੱਡੇ ਮੋਰਚੇ ਪੰਥ ਨੇ ਲਗਾਏ ਤਾਂ ਅਸੀਂ ਵੀ ਪੰਥ ਦੇ ਨਾਲ ਸੀ । ਕਿੰਨੇ ਵਾਰੀ ਹੀ ਅਕਾਲੀ ਦਲ ਨੇ ਵੋਟਾਂ ਸਿੱਖਾਂ ਦੇ ਨਾਂ ਤੇ ਮੰਗੀਆਂ, ਪਰ ਸਮਾਂ ਆਉਣ ਤੇ ਕੋਈ ਵੱਡਾ ਕੰਮ ਨਹੀਂ ਕਰ ਸਕੇ ਜਿਸਦਾ ਸੰਬੰਧ ਸਿੱਧੇ ਤੌਰ ਤੇ ਘੱਲੂਘਾਰੇ ਨਾਲ ਹੋਵੇ ।
ਇਸਦੇ ਨਾਲ ਨਾਲ ਇਹ ਵੀ ਇਕ ਸੋਚਣ ਵਾਲੀ ਗੱਲ ਹੈ ਕਿ ਜੋ ਨਵੀਆਂ ਪਾਰਟੀਆਂ ਉੱਭਰ ਕੇ ਆ ਰਹੀਆਂ ਨੇ ਪੰਜਾਬ ਦੇ ਵਿਚ ਇਹ ਕਿਤੇ ਇਸ ਕਰਕੇ ਤਾਂ ਨਹੀਂ ਤਾਂਕਿ ਸਿੱਖਾਂ ਦੀਆਂ ਵੋਟਾਂ ਵੰਡੀਆਂ ਜਾ ਸਕਣ ਤਾਂ ਜੋ ਸਿਖ ਆਪਣੀ ਸਰਕਾਰ ਨਾ ਬਣਾ ਸਕਣ ? ਇਹ ਇਕ ਬਹੁਤ ਵੱਡੇ ਖ਼ਤਰੇ ਦੀ ਗੱਲ ਹੋਵੇਗੀ । ਤੁਹਾਨੂੰ ਪੰਜਾਬ ਦੇ ਵਿਚ ਰਹਿ ਰਹੇ ਨੌਜਵਾਨਾਂ ਨੂੰ ਇਹ ਸੋਚਣਾ ਪਵੇਗਾ । ਕੁਝ ਲੋਕ ਜੋ ਬਾਦਲਾਂ ਨਾਲ ਨਫ਼ਰਤ ਕਰਦੇ ਨੇ ਉਨ੍ਹਾਂ ਨੇ ਤਾਂ ਆਪਣਾ ਨਵਾਂ ਲੀਡਰ ਚੁਣ ਲਿੱਤਾ ਹੈ । ਉਹ ਹੁਣ ਉਸਦੀ ਹੀ ਬੱਲੇ-ਬੱਲੇ ਕਰਨ ਦੇ ਵਿਚ ਲੱਗੇ ਹੋਏ ਨੇ ਬਿਨਾਂ ਇਹ ਸੋਚੇ ਕਿ ਕਿਤੇ ਇਹ ਸਾਨੂੰ ਹੀ ਤਾਂ ਨਹੀਂ ਖਾਈ ਦੇ ਵਿਚ ਸੁੱਟ ਰਿਹਾ । ਜਾਗੋ ਨੌਜਵਾਨ ਵੀਰੋ । ਤੁਹਾਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ ਅਜੇ । ਇਸ ਰੰਗ ਬਰੰਗੀ ਦੁਨੀਆਂ ਦੇ ਵਿਚ ਬਹੁਤ ਕੁਝ ਅਜਿਹਾ ਹੈ ਜੋ ਦਿੱਖਦਾ ਕੁਝ ਹੋਰ ਹੈ ਤੇ ਹੁੰਦਾ ਕੁਝ ਹੋਰ । ਤੇ ਨੌਜਵਾਨ ਪੀੜ੍ਹੀ, ਜੋ ਹੋਸ਼ ਤੋਂ ਘੱਟ ਤੇ ਜੋਸ਼ ਤੋਂ ਜ਼ਿਆਦਾ ਕੰਮ ਲੈਂਦੀ ਹੈ, ਇਹ ਸਭ ਕੁਝ ਨਹੀਂ ਜਾਣਦੀ ਅਤੇ ਜਿਸ ਤਰ੍ਹਾਂ ਦਾ ਜੋ ਵੀ ਪਰੋਸਿਆ ਜਾ ਰਿਹਾ ਹੈ ਉਹ ਬਸ ਖਾਈ ਜਾਂਦੀ ਹੈ ।
ਰਾਜਨੀਤੀ ਵਿਚ ਵੋਟਾਂ ਲੈਣ ਦੇ ਤਿੰਨ ਤਰੀਕੇ ਹਨ । ਪਹਿਲਾਂ ਹੈ ਝੂਠ । ਅੱਜ ਦੇ ਜ਼ਮਾਨੇ ਦੇ ਵਿਚ ਝੂਠ ਨਾਲ ਹੀ ਬਹੁਤ ਲੋਕ ਕੰਮ ਚਲਾ ਰਹੇ ਨੇ । ਝੂਠ ਬੋਲਣਾ ਬਹੁਤ ਆਸਾਨ ਹੁੰਦਾ ਹੈ । ਤੇ ਭਾਰਤ ਦੇ ਵਿਚ ਲੋਕਾਂ ਕੋਲ ਇੰਨਾ ਝੂਠ ਬੋਲਿਆ ਜਾ ਚੁੱਕਾ ਹੈ ਕਿ ਉਹ ਉਸ ਝੂਠ ਨੂੰ ਹੀ ਸੱਚ ਸਮਝ ਕੇ ਬੈਠੇ ਹਨ । ਮਿਸਾਲ ਦੇ ਤੌਰ ਤੇ ਭਾਜਪਾ ਦੇ ਕਈ ਬੰਦਿਆਂ ਦੇ ਏਨੇ ਝੂਠ ਬੋਲੇ ਨੇ ਕਿ ਹੱਦ ਹੀ ਮੁੱਕੀ ਪਈ ਹੈ, ਸਣੇ ਪ੍ਰਧਾਨ ਮੰਤਰੀ ਮੋਦੀ ਦੇ । ਇਨ੍ਹਾਂ ਝੂਠਕਾਰੀਆਂ ਨੂੰ ਸਾਜਿਸ਼ਕਰਤਾ ਕਹਿਣਾ ਕੋਈ ਗ਼ਲਤ ਗੱਲ ਨਹੀਂ ਹੋਵੇਗਾ । ਇਸ ਝੂਠ ਦੇ ਵਿਚ ਕੁਝ ਵੀ ਹੋ ਸਕਦਾ ਹੈ । ਅੱਜ ਦੇ ਸਮੇਂ ਦੇ ਵਿਚ ਜਦੋਂ ਇੰਟਰਨੈੱਟ ਦੀ ਦੁਨੀਆਂ ਬਹੁਤ ਵਿਲੱਖਣ ਹੈ ਤਦ ਵੀ ਕਈ ਲੋਕ ਝੂਠ ਵਿਚ ਹੀ ਫੱਸ ਕੇ ਰਹਿ ਜਾਂਦੇ ਨੇ । ਨਿਰ੍ਹਾਂ ਸੱਚ ਹੀ ਨਹੀਂ, ਇੰਟਰਨੈੱਟ ਤੇ ਬਹੁਤ ਝੂਠ ਵੀ ਪਿਆ ਹੈ । ਕੋਈ ਇਕ ਇਨਸਾਨ ਵਲੋਂ ਲਿਖਿਆ ਝੂਠ ਹਜ਼ਾਰਾਂ ਲੋਕਾਂ ਵਲੋਂ ਪੜ੍ਹ ਕੇ ਸੱਚ ਬਣ ਜਾਂਦਾ ਹੈ । ਉਹ ਉਸਦੀ ਖੋਜ ਵੀ ਨਹੀਂ ਕਰਦੇ । ਬਸ ਜੋ ਪਰੋਸਿਆ ਖਾ ਲਿਆ ।
ਜਿੰਨੀਆਂ ਵੀ ਸਿਆਸੀ ਪਾਰਟੀਆਂ ਹੋਈਆਂ ਨੇ ਭਾਰਤ ਦੇ ਵਿਚ ਕਿਸੇ ਇਕ ਨੇ ਵੀ ਝੂਠ ਨਾ ਬੋਲਿਆ ਹੋਵੇ ਏਦਾਂ ਨਹੀਂ ਹੋ ਸਕਦਾ । ਇਨ੍ਹਾਂ ਦੇ ਚੋਣ ਪੱਤਰ ਦੇ ਵਿਚ ਹੀ ਕਈ ਇਹੋ ਜਿਹੀਆਂ ਗੱਲਾਂ ਜਾਂ ਵਾਅਦੇ ਹੁੰਦੇ ਨੇ ਜੋ ਪੰਜ ਸਾਲ ਦੀ ਸਰਕਾਰ ਹੋਣ ਕਰਕੇ ਵੀ ਪੂਰੇ ਨਹੀਂ ਹੁੰਦੇ । ਇਹ ਝੂਠ ਹੀ ਆਮ ਲੋਕਾਂ ਨੂੰ ਸੁਪਨੇ ਦਿਖਾਉਂਦੇ ਹਨ, ਜਿਸ ਕਾਰਨ ਫੇਰ ਲੀਡਰਾਂ ਨੂੰ ਵੋਟਾਂ ਮਿਲਦੀਆਂ ਹਨ । ਜਿੰਨਾ ਝੂਠ ਉਹਨੀਆਂ ਵੋਟਾਂ । ਸਿੱਧਾ ਸੰਬੰਧ ਹੈ ਝੂਠ ਦਾ ਤੇ ਵੋਟਾਂ ਦਾ । ਇਸ ਝੂਠ ਦੇ ਵਿਚ ਜੋ ਬਹੁਤ ਸਾਥ ਮਿਲਦਾ ਹੈ ਪਾਰਟੀਆਂ ਨੂੰ ਉਹ ਹੈ ਮੀਡੀਆ ਦਾ ।
ਤਕਰੀਬਨ ਹਰ ਇੱਕ ਪਾਰਟੀ ਦੇ ਖ਼ਰੀਦੇ ਹੋਏ ਪੱਤਰਕਾਰ ਨੇ ਜੋ ਸਰਕਾਰਾਂ ਦੀਆਂ ਹੀ ਸਿਫ਼ਤਾਂ ਦੇ ਵਿਚ ਲੱਗੇ ਹੋਏ ਨੇ । ਇਹ ਮੀਡੀਆ ਬਹੁਤ ਹੀ ਸਹੀ ਸਾਬਿਤ ਹੁੰਦਾ ਹੈ ਝੂਠ ਦੇ ਪ੍ਰਸਾਰ ਦੇ ਲਈ । ਇਸ ਰਾਹੀ ਹਰ ਰੋਜ ਪਤਾ ਨਹੀਂ ਕਿੰਨੇ ਲੋਕਾਂ ਦੇ ਦਿਮਾਗ਼ਾਂ ਦੇ ਵਿਚ ਝੂਠ ਵਾੜਿਆ ਜਾ ਰਿਹਾ ਹੈ । ਇਹ ਲੋਕਾਂ ਦੇ ਵਿਚ ਜ਼ਰ੍ਹਾ ਜਿੰਨੀ ਵੀ ਨਿਡਰਤਾ ਨਹੀਂ ਹੁੰਦੀ ਕਿ ਇਹ ਲੋਕ ਸਰਕਾਰ ਤੋਂ ਪ੍ਰਸ਼ਨ ਪੁੱਛ ਸਕਣ । ਇਨ੍ਹਾਂ ਦੀ ਰੋਜ਼ੀ-ਰੋਟੀ ਇਨ੍ਹਾਂ ਲੀਡਰਾਂ ਕਰਕੇ ਹੀ ਚੱਲਦੀ ਹੈ । ਜਿਨ੍ਹਾਂ ਲੋਕਾਂ ਕੋਲ ਤਾਕਤ ਹੁੰਦੀ ਹੈ ਉਨ੍ਹਾਂ ਦੇ ਖ਼ਿਲਾਫ਼ ਖੜ੍ਹਨ ਲਈ ਸਮੁੰਦਰ ਜਿੰਨੀ ਨਿਡਰਤਾ ਚਾਹੀਦੀ ਹੁੰਦੀ ਹੈ । ਪਰ ਇਹ ਚੀਜ਼ ਬਹੁਤੇ ਪੱਤਰਕਾਰਾਂ ਕੋਲ ਨਹੀਂ ਹੁੰਦੀ । ਉਹ ਬਸ ਇਕ ਡਰ ਦੇ ਮਾਹੌਲ ਦੇ ਵਿਚ ਜਿਉਂਦੇ ਨੇ, ਜਾਂ ਫਿਰ ਪੈਸੇ ਕਰਕੇ ਆਪਣਾ ਜ਼ਮੀਰ ਵੇਚ ਦਿੰਦੇ ਨੇ ।
ਅਖ਼ਬਾਰ ਵੀ ਕਈ ਹੱਦ ਤੱਕ ਰਾਜਨੀਤਿਕ ਪਾਰਟੀਆਂ ਦੇ ਨਾਲ ਮਿਲੇ ਹੁੰਦੇ ਨੇ । ਕੋਬਰਾਪੋਸਟ ਨਾਮੀ ਇਕ ਸੰਸਥਾ ਨੇ ਬਹੁਤ ਲੋਕਾਂ ਨੂੰ ਪੈਸੇ ਖਾਤਰ ਆਪਣਾ ਜ਼ਮੀਰ ਵੇਚਦੇ ਦਿਖਾਇਆ । ਐਹੋ ਜਿਹੀਆਂ ਸੰਸਥਾਵਾਂ ਦੀ ਬਹੁਤ ਜ਼ਿਆਦਾ ਲੋੜ ਹੈ ਸਮਾਜ ਦੇ ਵਿਚ ਤਾਂਕਿ ਲੋਕਾਂ ਸਾਹਮਣੇ ਸੱਚਾਈ ਰੱਖੀ ਜਾ ਸਕੇ । ਸੋ ਇਹ ਸਿੱਖਾਂ ਨੂੰ ਬਹੁਤ ਸੋਚ ਸਮਝ ਕੇ ਦੇਖਣਾ ਪਵੇਗਾ ਕਿ ਕਿਹੜੀ ਚੀਜ਼ ਸੱਚ ਹੈ ਤੇ ਕਿਹੜੀ ਝੂਠ । ਰਾਜਨੀਤੀ ਤਾਂ ਬਹੁਤ ਡੂੰਗੀ ਖਾਈ ਹੈ, ਇਕ ਵਾਰ ਇਸ ਦੇ ਵਿਚ ਡਿਗ ਗਏ ਤਾਂ ਫਿਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ ।
ਹਰ ਇਕ ਰਾਜਨੀਤਿਕ ਪਾਰਟੀ ਦਾ ਆਪਣਾ ਇਕ ਨੌਜਵਾਨ ਵਿੰਗ ਵੀ ਹੁੰਦਾ ਹੈ, ਜਿਸਦਾ ਮੁੱਖ ਮਕਸਦ ਝੂਠ ਦਾ ਪਸਾਰ ਕਰਨਾ ਹੈ । ਉਹ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਬਹੁਤ ਵਧਾ-ਚੜ੍ਹਾ ਕੇ ਦਰਸਾਉਣਗੇ, ਤੇ ਬਾਕੀ ਦੇ ਲੀਡਰਾਂ ਨੂੰ ਛੋਟਾ, ਚਾਹੇ ਸੱਚਾਈ ਇਸਦੇ ਉਲਟ ਹੀ ਕਿਉਂ ਨਾ ਹੋਵੇ । ਇਨ੍ਹਾਂ ਨੌਜਵਾਨਾਂ ਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ । ਇਹ ਦੇਸ਼ ਦਾ ਭਵਿੱਖ ਨੇ, ਪਰ ਕਿਸੇ ਕਾਰਣ ਇਹ ਬਸ ਰਾਜਨੀਤਿਕ ਲੋਕਾਂ ਦੇ ਪਾਲਤੂ ਬਣ ਕੇ ਰਹਿ ਗਏ ਨੇ । ਜੇਕਰ ਰਾਜਨੀਤਿਕ ਪਾਰਟੀਆਂ ਚਾਹੁੰਣ ਤਾਂ ਇਨ੍ਹਾਂ ਲੋਕਾਂ ਰਾਹੀ ਆਮ ਜੰਤਾ ਦੀਆਂ ਸਮੱਸਿਆਵਾਂ ਲੈ ਕਰ ਆ ਸਕਦੇ ਨੇ, ਤੇ ਇਨ੍ਹਾਂ ਲੋਕਾਂ ਦੀਆਂ ਰਾਇਆਂ ਤੇ ਹੱਲ ਉਨ੍ਹਾਂ ਸਮੱਸਿਆਵਾਂ ਬਾਰੇ ਕੀ ਹਨ ਬਾਰੇ ਵੀ ਸੋਚਿਆ ਜਾ ਸਕਦਾ ਹੈ । ਪੰਜਾਬ ਦਾ ਨੌਜਵਾਨ ਵਿੰਗ ਬਹੁਤ ਕੁਝ ਕਰ ਸਕਦਾ ਹੈ । ਬਸ ਉਹ ਕਿਸੇ ਤਰੀਕੇ ਨਾਲ ਇਸਨੂੰ ਪਹਿਚਾਣ ਜਾਣ ।
ਦੂਜਾ ਹੈ ਸੱਚ । ਸੱਚ ਬੋਲ ਕੇ ਵੀ ਕਈ ਵਾਰ ਵੋਟਾਂ ਲਈਆਂ ਜਾ ਸਕਦੀਆਂ ਹਨ, ਪਰ ਇਹ ਬਹੁਤ ਹੀ ਘੱਟ ਲੋਕ ਅਪਣਾਉਂਦੇ ਹਨ । ਕਿਉਂਕਿ ਸੱਚ ਲੋਕਾਂ ਨੂੰ ਭਾਸਦਾ ਨਹੀਂ ਹੈ । ਸੱਚ ਇਕ ਕੱਚ ਦੀ ਤਰ੍ਹਾਂ ਹੁੰਦਾ ਹੈ, ਜੋ ਚੁੱਭਦਾ ਜ਼ਰੂਰ ਹੈ । ਰਾਜਨੀਤੀ ਦੇ ਵਿਚ ਸੱਚ ਬੋਲਣ ਵਾਲੇ ਬਹੁਤਾ ਅੱਗੇ ਨਹੀਂ ਜਾ ਸਕਦੇ । ਉਨ੍ਹਾਂ ਦੇ ਪੈਰ ਸੱਚ ਦੀਆਂ ਜ਼ੰਜੀਰਾਂ ਨਾਲ ਬੰਨ੍ਹੇ ਹੁੰਦੇ ਨੇ । ਇਹ ਸੱਚ ਉਨ੍ਹਾਂ ਲੋਕਾਂ ਲਈ ਇਕ ਘੇਰੇ ਦੀ ਤਰ੍ਹਾਂ ਹੁੰਦਾ ਹੈ, ਜੋ ਉਹ ਪਾਰ ਨਹੀਂ ਕਰਨਾ ਚਾਹੁੰਦੇ ।
ਬਹੁਤੇ ਵਾਰੀ ਸੱਚ ਇਕ ਰਾਜਨੀਤਿਕ ਬੰਦੇ ਨੂੰ ਰਾਜਨੀਤੀ ਤੋਂ ਬਾਹਰ ਕਰਨ ਦੇ ਵਿਚ ਵੀ ਸਹਾਈ ਹੁੰਦਾ ਹੈ । ਇਕ ਸੱਚ ਕਈ ਰਾਜਨੀਤਿਕ ਪਾਰਟੀਆਂ ਦੇ ਭੇਦ ਖੋਲ੍ਹ ਕੇ ਰੱਖ ਦਿੰਦਾ ਹੈ । ਪਰ ਮੈਂ ਇਹ ਸਮਝਦਾ ਹਾਂ ਕਿ ਇਸ ਦੁਨੀਆਂ ਦੇ ਵਿਚ ਸੱਚ ਬੋਲਣ ਵਾਲੇ ਲੋਕਾਂ ਦੀ ਬਹੁਤ ਜ਼ਰੂਰਤ ਹੈ । ਜਦ ਹੁਣ ਝੂਠ ਦਾ ਹੀ ਪਸਾਰਾ ਹੋ ਗਿਆ ਹੈ ਤਾਂ ਸੱਚ ਇਕ ਸੂਰਜ ਦੀ ਤਰ੍ਹਾਂ ਹੋ ਨਿਬੜੇਗਾ ਜੋ ਰਾਤਾਂ ਨੂੰ ਸਾੜ ਕੇ ਰੱਖ ਦੇਵੇਗਾ । ਪਰ ਇਸ ਤਰ੍ਹਾਂ ਨਹੀਂ ਹੁੰਦਾ । ਹਰ ਇਕ ਰਾਜਨੀਤਿਕ ਪਾਰਟੀ ਆਪਣੇ ਆਪ ਨੂੰ ਪਾਵਰ ਦੇ ਵਿਚ ਰੱਖਣਾ ਚਾਹੁੰਦੀ ਹੈ । ਤੇ ਪਾਵਰ ਦੇ ਵਿਚ ਰਹਿਣ ਲਈ, ਖ਼ਾਸ ਕਰ ਇਕ ਲੋਕਤੰਤਰ ਦੇ ਵਿਚ, ਝੂਠ ਬੋਲਣਾ ਹੀ ਪੈਂਦਾ ਹੈ । ਕਿਤੇ ਨਾ ਕਿਤੇ ਇਹੋ ਜਿਹੇ ਲੋਕ ਜ਼ਰੂਰ ਮਿਲ ਜਾਂਦੇ ਨੇ ਜੋ ਸੱਚ ਬੋਲ ਕੇ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਲੋਕਾਂ ਦੇ ਵਿਚ ਪਹੁੰਚਾ ਦਿੰਦੇ ਨੇ । ਇਹ ਸੱਚ ਕਈ ਵਾਰ ਉਨ੍ਹਾਂ ਦੀ ਜਾਨ ਵੀ ਲੈ ਲੈਂਦਾ ਹੈ ।
ਇਸ ਦੁਨੀਆਂ ਦੇ ਵਿਚ ਸੱਚ ਤੇ ਝੂਠ ਬੋਲਣ ਵਾਲੇ ਲੋਕਾਂ ਦੇ ਕਈ ਵਾਰ ਕਤਲ ਹੋ ਚੁੱਕੇ ਨੇ । ਜੋ ਇਕ ਪਾਰਟੀ ਲਈ ਸੱਚ ਹੋਵੇਗਾ, ਸ਼ਾਇਦ ਉਹ ਦੂਸਰੀ ਲਈ ਝੂਠ ਹੋਵੇ; ਜਾਂ ਫਿਰ ਇਕ ਲਈ ਝੂਠ ਤੇ ਦੂਸਰੀ ਲਈ ਸੱਚ । ਇਹ ਸੱਚ ਝੂਠ ਦੀ ਲੜਾਈ ਕੋਈ ਅੱਜ ਦੀ ਲੜਾਈ ਨਹੀਂ ਹੈ । ਜਦ ਤੋਂ ਮਨੁੱਖ ਨੇ ਰਾਜ ਕਰਨਾ ਸਿੱਖਿਆ ਹੈ ਤਦ ਤੋਂ ਹੀ ਇਹ ਕਹਾਣੀ ਚੱਲੀ ਆ ਰਹੀ ਹੈ । ਇਸ ਜਦੋ-ਜਹਿਦ ਦੇ ਵਿਚ ਕਈ ਸਿੱਖ ਲੀਡਰਾਂ ਨੇ ਵੀ ਇਸ ਸੱਚ ਦਾ ਸਹਾਰਾ ਲੈਣਾ ਛੱਡ ਦਿੱਤਾ ਹੈ । ਝੂਠ ਬੋਲਣਾ ਬਹੁਤ ਅਸਾਨ ਹੁੰਦਾ ਹੈ, ਸੋ ਉਸਨੂੰ ਭੱਜ ਕੇ ਜੱਫੀ ਦੇ ਵਿਚ ਲਿਆ ਜਾਂਦਾ ਹੈ ।
ਹੁੰਦਾ ਕੀ ਹੈ ਕਿ ਇਕ ਇਨਸਾਨ ਜੋ ਇਕ ਰਾਜਨੀਤਿਕ ਨੇਤਾ ਹੈ ਉਸ ਹੱਥੋਂ ਕਈ ਵਾਰ ਕੁਝ ਗ਼ਲਤ ਵੀ ਹੋ ਜਾਂਦਾ ਹੈ । ਤੇ ਉਸ ਗ਼ਲਤੀ ਨੂੰ ਲੁਕੋਣ ਲਈ ਉਹ ਹੁਣ ਦੂਸਰੇ ਨੇਤਾ ਤੇ ਪਾਰਟੀਆਂ ਦੇ ਹੱਥ ਦੇ ਵਿਚ ਖੇਡਦਾ ਹੈ । ਤੁਸੀਂ ਕਈ ਵਾਰ ਦੇਖਿਆ ਹੋਵੇਗਾ ਕਿ ਇਕ ਪਾਰਟੀ ਦੂਜੀ ਪਾਰਟੀ ਦੇ ਖ਼ਿਲਾਫ਼ ਕਿੰਨਾ ਕੁਝ ਬੋਲਦੀ ਹੈ ਚੋਣਾਂ ਤੋਂ ਪਹਿਲਾਂ । ਇਥੋਂ ਤੱਕ ਕੇ ਉਹ ਕਈ ਨੇਤਾਵਾਂ ਨੂੰ ਭ੍ਰਿਸ਼ਟਾਚਾਰ ਕਰਨ ਵਾਲਾ ਵੀ ਕਹਿ ਦਿੰਦੀ ਹੈ । ਪਰ ਜਦੋਂ ਸਰਕਾਰ ਬਣਦੀ ਹੈ ਤਾਂ ਉਸ ਤੇ ਕੋਈ ਵੀ ਮੁਕੱਦਮਾ ਨਹੀਂ ਚਲਾਇਆ ਜਾਂਦਾ । ਕਿਉਂ ? ਇਸਦਾ ਸਿੱਧਾ ਕਾਰਣ ਇਹ ਹੈ ਕਿ ਇਹ ਲੋਕ ਬਸ ਬੋਲਣ ਤੱਕ ਹੀ ਸੀਮਤ ਨੇ । ਜੇਕਰ ਇਨ੍ਹਾਂ ਨੇ ਕਿਸੇ ਦੂਸਰੀ ਪਾਰਟੀ ਦੇ ਵਿਰੁੱਧ ਕੋਈ ਕੰਮ ਕੀਤਾ, ਤਾਂ ਉਸ ਪਾਰਟੀ ਕੋਲ ਵੀ ਪਹਿਲੀ ਪਾਰਟੀ ਦੇ ਖ਼ਿਲਾਫ਼ ਕੁਝ ਹੋਵੇਗਾ । ਬਸ ਇਸ ਕਾਰਣ ਦੇ ਵੱਸ ਹੋ ਕਰ ਉਹ ਬੇਬਸ ਹੋ ਜਾਂਦੇ ਨੇ । ਹਾਲਾਂਕਿ ਇਹ ਹਮੇਸ਼ਾ ਨਹੀਂ ਹੁੰਦਾ, ਪਰ ਹੁੰਦਾ ਜ਼ਰੂਰ ਹੈ ।
ਬਹੁਤ ਸਾਰੇ ਨੇਤਾਵਾਂ ਦਾ ਚਿੱਠਾ ਹੁੰਦਾ ਹੈ ਪੁਲਿਸ ਕੋਲ । ਉਹ ਚਾਹੁੰਣ ਤਾਂ ਕੁਝ ਵੀ ਕਰ ਸਕਦੇ ਨੇ । ਹੁਣ ਜਿਵੇਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਨੇ ਆਪਣੇ ਤੇ ਹੀ ਚੱਲ ਰਹੇ ਮੁਕੱਦਮੇ ਬੰਦ ਕਰ ਦਿੱਤੇ । ਕਿੰਨੀ ਹਾਸੋ-ਹੀਣੀ ਗੱਲ ਹੈ ਇਹ । ਇਕ ਬੰਦਾ ਜਿਸਨੇ ਜੁਰਮ ਕੀਤਾ ਹੈ ਉਹ ਮੁੱਖ ਮੰਤਰੀ ਬਣਕੇ ਆਪ ਹੀ ਆਪਣੇ ਆਪ ਨੂੰ ਕਲੀਨ ਚਿੱਟ ਦੇ ਰਿਹਾ ਹੈ । ਕੁਝ ਸੱਚ ਨੂੰ ਪਿਆਰ ਕਰਨ ਵਾਲਿਆਂ ਨੇ ਇਸ ਬਾਰੇ ਖੁੱਲ ਕੇ ਗੱਲ ਵੀ ਕੀਤੀ । ਪਰ ਇਸਦਾ ਕੋਈ ਅਸਰ ਨਹੀਂ ਹੋਇਆ । ਤੇ ਪੁਲਿਸ ਬੱਸ ਫਿਰ ਤੋਂ ਹੱਥ ਤੇ ਹੱਥ ਧਰ ਕੇ ਬੈਠ ਗਈ ਹੈ ।
ਅਖ਼ੀਰ ਦੇ ਵਿਚ ਆਉਂਦੀ ਹੈ ਭਾਵੁਕਤਾ । ਇਸ ਭਾਵੁਕਤਾ ਦੇ ਕਈ ਰੂਪ ਹਨ । ਇਹ ਧਰਮ ਦੇ ਵਿਚ ਵੀ ਹੈ ਤੇ ਜਾਤ ਦੇ ਵਿਚ ਵੀ । ਇਹ ਸਭਿਆਚਾਰ ਦੇ ਵਿਚ ਵੀ ਹੈ ਤੇ ਦੇਸ਼-ਭਗਤੀ ਦੇ ਵਿਚ ਵੀ । ਇਹ ਰਾਜਨੀਤਿਕ ਪਾਰਟੀਆਂ ਦੇ ਵਿਚ ਵੀ ਹੈ ਤੇ ਦੋਸਤੀ ਵਿਚ ਵੀ । ਕਿੰਨੇ ਹੀ ਰੂਪ ਇਸਦੇ ਹਨ । ਜਿਸ ਵਿਚ ਵੀ ਇਕ ਰਿਸ਼ਤੇ ਦੀ ਝਲਕ ਹੋਵੇ, ਉਹ ਇਸ ਭਾਵੁਕਤਾ ਦੀ ਜ਼ੰਜੀਰ ਦੇ ਵਿਚ ਆ ਜਾਂਦਾ ਹੈ । ਭਾਰਤ ਦੇ ਵਿਚ ਭਾਵੁਕਤਾ ਦੇ ਵੱਸ ਹੋ ਕਰਕੇ ਲੋਕ ਆਪਣੀਆਂ ਵੋਟਾਂ ਦਿੰਦੇ ਹਨ । ਸੱਚ ਤੇ ਝੂਠ ਬੋਲਣ ਵਾਲਿਆਂ ਦਾ ਲਿੰਕ ਰਾਜਨੀਤਿਕ ਲੋਕਾਂ ਨਾਲ ਹੁੰਦਾ ਹੈ, ਅਤੇ ਵੋਟਰਾਂ ਦਾ ਲਿੰਕ ਭਾਵੁਕਤਾ ਨਾਲ । ਦੇਸ਼ ਦੀਆਂ ਪਾਰਟੀਆਂ ਨੂੰ ਪਤਾ ਹੈ ਕਿ ਇਕ ਸ਼ਹਿਰ ਜਾਂ ਪਿੰਡ ਦੇ ਵਿਚ ਰਹਿਣ ਵਾਲੇ ਲੋਕ ਕਿਵੇਂ ਭਾਵੁਕ ਹੁੰਦੇ ਨੇ । ਕੀ ਉਨ੍ਹਾਂ ਲਈ ਦੇਸ਼-ਭਗਤੀ ਕੰਮ ਆਏਗੀ ਜਾਂ ਧਰਮ, ਜਾਂ ਫਿਰ ਸਭਿਆਚਾਰ ਜਾਂ ਜਾਤ । ਇਹ ਉਹ ਸਮੂਹ ਹਨ ਜਿਨ੍ਹਾਂ ਵਿਚ ਭਾਰਤ ਦੇਸ਼ ਵੰਡਿਆ ਹੋਇਆ ਹੈ ।
ਪਿਛਲੇ ਕੁਝ ਸਾਲਾਂ ਤੋਂ ਮੋਦੀ ਦੀ ਪਾਰਟੀ ਦਾ ਜ਼ੋਰ ਆਮ ਜਨਤਾ ਦਾ ਧਿਆਨ ਦੇਸ਼-ਭਗਤੀ ਵੱਲ ਖਿੱਚ ਕੇ ਵੋਟਾਂ ਬਟੋਰਨ ਦੇ ਵਿਚ ਲੱਗਾ ਹੋਇਆ ਹੈ । ਅਗਰ ਇਹ ਦੇਖਿਆ ਜਾਵੇ ਤਾਂ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਹੀ ਉਹ 'ਲਾਲ ਅੱਖ ਦਿਖਾਉਣ' ਤੇ 'ਇਕ ਦੇ ਬਦਲੇ ਦੱਸ ਸਿਰ ਲਿਆਉਣ' ਦੀਆਂ ਗੱਲਾਂ ਕਰਦਾ ਸੀ । ਇਹ ਬਹੁਤ ਸਮਾਂ ਪਹਿਲਾਂ ਤੋਂ ਸ਼ੁਰੂ ਹੋ ਗਈ ਸੀ । ਕਿਸੇ ਵੀ ਦੇਸ਼ ਦੇ ਲੋਕਾਂ ਦਾ ਫ਼ੌਜੀਆਂ ਨਾਲ ਸੰਬੰਧ ਬਹੁਤ ਗਹਿਰਾ ਹੋਇਆ ਮਲੂਮ ਹੁੰਦਾ ਹੈ । ਉਹ ਉਨ੍ਹਾਂ ਦੀ ਇਸ ਕਰਕੇ ਕਦਰ ਕਰਦੇ ਨੇ ਕਿ ਉਹ ਦੇਸ਼ ਦੇ ਲਈ ਆਪਣੀ ਜਾਣ ਦੇਣ ਲਈ ਤਿਆਰ ਖੜ੍ਹੇ ਨੇ । ਇਹ ਵੀ ਕਿਹਾ ਜਾਂਦਾ ਹੈ ਕਿ ਇਕ ਫ਼ੌਜੀ ਫ਼ੌਜ ਦੇ ਵਿਚ ਭਰਤੀ ਹੋਣ ਤੋਂ ਪਹਿਲਾਂ ਆਪਣਾ ਮਨ ਬਣਾ ਲੈਂਦਾ ਹੈ ਕਿ ਉਸਨੇ ਦੇਸ਼ ਲਈ ਮਰਨਾ ਹੈ । ਸੋ ਇਨ੍ਹਾਂ ਕਾਰਣਾ ਕਰਕੇ ਹੀ ਲੋਕ ਭਾਵੁਕਤਾ ਦੀਆਂ ਨਦੀਆਂ ਦੇ ਵਿਚ ਬਹਿ ਜਾਂਦੇ ਨੇ ਜਦੋਂ ਦੇਸ਼-ਭਗਤੀ ਤੇ ਫ਼ੌਜ ਦੀ ਗੱਲ ਚਲਦੀ ਹੈ ।
ਕਾਂਗਰਸ ਵਲੋਂ ਵੀ ਇਸਦਾ ਬਹੁਤ ਇਸਤੇਮਾਲ ਕੀਤਾ ਹੈ । ੧੯੮੪ ਦੇ ਵਿਚ ਘੱਲੂਘਾਰਾ, ਤੇ ਫਿਰ ਸਿੱਖ ਕਤਲੇਆਮ, ਤੇ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਭਾਰਤ ਦੇਸ਼ ਦੇ ਵਿਚ ਇਹ ਪ੍ਰਚਾਰ ਕੀਤਾ ਗਿਆ ਕਿ ਇੰਦਰਾ ਗਾਂਧੀ ਦੇਸ਼ ਲਈ ਆਪਣਾ ਆਪ ਕੁਰਬਾਨ ਕਰ ਗਈ । ਜੋ ਲੋਕ ਇਹ ਕਹਿੰਦੇ ਨਹੀਂ ਥੱਕਦੇ ਕਿ ਸਿੱਖ ਕਤਲੇਆਮ ਦੇ ਵਿਚ ਹਿੰਦੂਆਂ ਦਾ ਨਹੀਂ ਬਲਕਿ ਕਾਂਗਰਸ ਦਾ ਹੱਥ ਸੀ, ਓਨ੍ਹਾਂ ਲੋਕਾਂ ਵਲੋਂ ਫਿਰ ੧੯੮੪ ਦੇ ਵਿਚ ਕਾਂਗਰਸ ਨੂੰ ਏਨੀਆਂ ਵੋਟਾਂ ਪਾ ਕਰ ਕਿਉਂ ਜਿਤਾਇਆ ਗਿਆ ? ਕਿੰਨੀ ਹਾਸੋ-ਹੀਣੀ ਗੱਲ ਕਰ ਰਹੇ ਨੇ ਲੋਕ । ਮੈਂ ਇਹ ਕਹਿਣ ਦਾ ਇਛੁੱਕ ਨਹੀਂ ਹਾਂ ਕਿ ਸਾਰੇ ਹੀ ਹਿੰਦੂ ਇਸ ਲਈ ਜ਼ਿੰਮੇਵਾਰ ਹਨ । ਪਰ ਹਿੰਦੂਆਂ ਦਾ ਓਨਾਂ ਵੱਡਾ ਹੀ ਹੱਥ ਰਿਹਾ ਹੈ ਕਤਲੇਆਮ ਦੇ ਵਿਚ ਜਿੰਨਾ ਕਾਂਗਰਸ ਦਾ । ਨਾਲੇ ਇਹ ਕਿਸ ਕਾਰਣ ਇਹ ਕਹਿ ਰਹੇ ਨੇ ਕਿ ਉਹ ਹਿੰਦੂ ਨਹੀਂ ਕਾਂਗਰਸੀ ਸੀ ? ਇਥੇ ਧਰਮ ਕਿਉਂ ਨਹੀਂ ਦੇਖਿਆ ਜਾ ਰਿਹਾ ? ਜਦੋਂ ਸਿੱਖ ਇਹ ਕਹਿ ਰਹੇ ਹੁੰਦੇ ਨੇ ਕਿ ਹਿੰਦੂਆਂ ਨੂੰ ਮਾਰਨ ਦੀਆਂ ਘਟਨਾਵਾਂ ਨਾਲ ਸਿੱਖ ਖਾੜਕੂਆਂ ਦਾ ਕੋਈ ਵੀ ਸੰਬੰਧ ਨਹੀਂ ਸੀ, ਉਹ ਸਰਕਾਰਾਂ ਕਰਾ ਰਹੀਆਂ ਸਨ, ਤਾਂ ਉਸ ਵਿਚ ਉਨ੍ਹਾਂ ਨੂੰ ਸਰਕਾਰਾਂ ਨਹੀਂ ਬਲਕਿ ਸਿੱਖ ਦਿੱਖਦੇ ਹਨ । ਮਤਲਬ ਕਿ ਸਾਡਾ ਕੁੱਤਾ ਕੁੱਤਾ, ਥੋਡਾ ਕੁੱਤਾ ਟੋਮੀ !
ਅਕਾਲੀ ਦਲ ਵੀ ਇਸ ਵਿਚ ਪਿਛੇ ਨਹੀਂ ਹਟੀ । ਸ਼ਹੀਦਾਂ ਦੀਆਂ ਯਾਦਗਾਰਾਂ ਬਣਾਉਣ ਤੋਂ ਬਾਅਦ ਸਿੱਖਾਂ ਨੇ ਦੂਜੀ ਵਾਰ ਸਰਕਾਰ ਬਣਾਉਣ ਦੇ ਵਿਚ ਬਹੁਤ ਯੋਗਦਾਨ ਦਿੱਤਾ । ਹੁਣ ਵੀ ਤੁਸੀਂ ਦੇਖ ਸਕਦੇ ਹੋ ਕਿ ਕਾਂਗਰਸ ਨੂੰ ਘੜੀਸ ਕੇ ਕਿਵੇਂ ਸਿੱਖਾਂ ਦੇ ਹੱਕਾਂ ਦੀ ਗੱਲ ਕੀਤੀ ਜਾ ਰਹੀ ਹੈ । ਮੇਰਾ ਇਹ ਮਤਲਬ ਨਹੀਂ ਕਿ ਜੇਕਰ ਕੋਈ ਸਿੱਖਾਂ ਜਾਂ ਫਿਰ ਪੰਜਾਬੀਆਂ ਦੇ ਹੱਕਾਂ ਦੀ ਗੱਲ ਕਰੇ ਤਾਂ ਉਹ ਗ਼ਲਤ ਹੈ । ਮੈਂ ਤੁਹਾਨੂੰ ਇਥੇ ਅਲੱਗ ਅਲੱਗ ਤਰ੍ਹਾਂ ਦੇ ਵੋਟਰਾਂ ਦੇ ਦ੍ਰਿਸ਼ ਪੇਸ਼ ਕਰ ਰਿਹਾ ਹੈ ।
ਸੋ ਇਨ੍ਹਾਂ ਕਾਰਣਾ ਕਰਕੇ ਇਕ ਵੋਟਰ ਆਪਣੀ ਕੀਮਤੀ ਵੋਟ ਪਾਉਣ ਦੇ ਲਈ ਰਾਜ਼ੀ ਹੋ ਜਾਂਦਾ ਹੈ ।
ਭਾਰਤ ਦੇ ਇਕ ਲੋਕਤੰਤਰ ਦੇਸ਼ ਬਣਨ ਤੋਂ ਆਉਣ ਵਾਲੇ ਕਈ ਸਾਲਾਂ ਤੱਕ ਇਹ ਤਿੰਨ ਤਰੀਕਿਆਂ ਨਾਲ ਹੀ ਕਿਸੇ ਦਾ ਮਨ ਆਪਣੇ ਵੱਲ ਕੀਤਾ ਜਾਵੇਗਾ । ਹੋਰ ਕੋਈ ਵੀ ਕਾਰਣ ਨਹੀਂ ਹੈ ਜੋ ਇਕ ਭਾਰਤ ਦੇ ਵਿਚ ਰਹਿਣ ਵਾਲੇ ਇਨਸਾਨ ਨੂੰ ਪ੍ਰਭਾਵਿਤ ਕਰ ਸਕਦਾ ਹੈ ।
ਮੈਨੂੰ ਯਾਦ ਹੈ ਕਿ ਇਕ ਵਾਰੀ ਮੈਂ ਇਹ ਪੜ੍ਹਿਆ ਸੀ ਕਿ ਕੋਈ ਇਨਸਾਨ ਇਹ ਪੁੱਛਦਾ ਪਿਆ ਸੀ ਕਿ ਪੰਜਾਬ ਦੇ ਵਿਚ ਕਦੋਂ ਹਿੰਦੂ ਇਕ ਬਹੁ-ਗਿਣਤੀ ਬਣੇਗੀ । ਇਹ ਸੁਣਕੇ ਮਨ ਨੂੰ ਬਹੁਤ ਠੇਸ ਪਹੁੰਚੀ । ਭਾਰਤ ਦੇ ਕੁਝ ਹੀ ਅਜਿਹੇ ਰਾਜ ਨੇ ਜਿਥੇ ਹਿੰਦੂ ਬਹੁ-ਗਿਣਤੀ ਨਹੀਂ ਹੈ । ਪੰਜਾਬ ਦੇ ਵਿਚ ਬਹੁ-ਵਸੋਂ ਵਾਲੇ ਸਿੱਖ ਹੀ ਹਨ, ਪਰ ਫਿਰ ਵੀ ਇਹ ਕਦੇ ਨਹੀਂ ਕਿਹਾ ਕਿ ਸਾਡੀ ਕੌਮ ਕਦੋਂ ਕੋਈ ਖ਼ਾਸ ਰਾਜ ਜਾਂ ਫਿਰ ਦੇਸ਼ ਦੇ ਵਿਚ ਬਹੁ-ਗਿਣਤੀ ਵਾਲੀ ਹੋਵੇਗੀ । ਹਾਂ ਜਦੋਂ ਭਾਸ਼ਾਵਾਂ ਦੇ ਅਧਾਰ ਤੇ ਲਕੀਰਾਂ ਖਿੱਚੀਆਂ ਗਈਆਂ ਤਦੋਂ ਇਕ ਵੱਧ ਵਸੋਂ ਵਾਲਾ ਸਿੱਖ ਸੂਬਾ ਨਿੱਕਲ ਕੇ ਸਾਹਮਣੇ ਆਇਆ । ਪਰ ਇਹ ਕਹਿਣਾ ਕੇ ਦਿੱਲੀ ਜਾਂ ਫਿਰ ਉੱਤਰ ਪ੍ਰਦੇਸ਼ ਕਦੋਂ ਸਿੱਖ ਅਬਾਦੀ ਵਾਲਾ ਸੂਬਾ ਬਣੇਗਾ, ਇਹ ਕਦੇ ਨਹੀਂ ਹੋਇਆ । ਚੱਲੋ ਮਨ ਵੀ ਲੈਂਨੇ ਆ ਕਿ ਪੰਜਾਬ ਇਕ ਹਿੰਦੂ ਸੂਬਾ ਬਣ ਗਿਆ, ਫਿਰ ਕੀ ? ਕੀ ਫਿਰ ਸਿੱਖਾਂ ਦੇ ਨਾਲ ਜਿਹੜੀਆਂ ਵਧੀਕੀਆਂ ਹੋਈਆਂ ਸੀ ਉਹ ਅੱਗੇ ਤੋਂ ਨਹੀਂ ਹੋਣਗੀਆਂ ? ਕੀ ਫਿਰ ਸਿੱਖਾਂ ਤੇ ਅੱਤਿਆਚਾਰ ਹੋਣੇ ਬੰਦ ਹੋ ਜਾਣਗੇ ? ਕੀ ਫਿਰ ਜੇਲ੍ਹਾਂ ਦੇ ਵਿਚ ਆਪਣੀ ਸਜ਼ਾ ਪੂਰੀ ਕਰ ਚੁੱਕੇ ਸਿੱਖ ਅਜ਼ਾਦ ਹੋ ਜਾਣਗੇ ? ਯਾਂ ਫਿਰ ਇਸਦਾ ਕਾਰਣ ਇਹ ਹੈ ਕਿ ਕਿਤੇ ਵੀ ਸਿੱਖ ਆਪਣੀ ਸਰਕਾਰ ਨਾ ਬਣਾ ਸਕਣ ?
ਸਿੱਖਾਂ ਦੀਆਂ ਰਾਜਨੀਤਿਕ ਜਥੇਬੰਦੀਆਂ ਦੇ ਵਿਚ ਇਕ ਬਹੁਤ ਵੱਡੇ ਸੁਧਾਰ ਦੀ ਲੋੜ ਹੈ । ਸਿੱਖ ਰਾਜਨੀਤਿਕ ਲੋਕਾਂ ਨੂੰ ਧਰਮ ਨਾਲ ਜੁੜਨ ਦੇ ਲਈ ਉਪਰਾਲੇ ਕਰਨੇ ਚਾਹੀਦੇ ਹਨ । ਹੁਣ ਬਹੁਤ ਸਾਰੇ ਸਿੱਖ ਰਾਜਨੀਤਿਕ ਲੋਕ ਭਾੜੇ ਦੇ ਟੱਟੂ ਬਣ ਕੇ ਰਹਿ ਗਏ ਨੇ । ਇਹ ਬਸ ਦੂਸਰੀਆਂ ਪਾਰਟੀਆਂ ਜਾਂ ਫਿਰ ਏਜੰਸੀਆਂ ਦੇ ਹੱਥ ਦੇ ਵਿਚ ਖੇਡ ਰਹੇ ਹਨ । ਇਨ੍ਹਾਂ ਨੂੰ ਆਪਣੀਆਂ ਕੁਰਸੀਆਂ ਤੇ ਜਾਨਾਂ ਪਿਆਰੀਆਂ ਨੇ । ਕਿਤੇ ਕੋਈ ਅਜਿਹੀ ਗ਼ਲਤੀ ਜੋ ਇਨ੍ਹਾਂ ਨੇ ਕੀਤੀ ਹੋਵੇ, ਉਹ ਜਗ-ਜਾਹਰ ਨਾ ਹੋ ਜਾਵੇ, ਜਾਂ ਫਿਰ ਉਨ੍ਹਾਂ ਗ਼ਲਤੀਆਂ ਕਰਕੇ ਕਿਤੇ ਜੇਲ੍ਹ ਦੀ ਹਵਾ ਨਾ ਖਾਣੀ ਪੈ ਜਵੇ, ਬਸ ਇਨ੍ਹਾਂ ਗੱਲਾਂ ਕਰਕੇ ਉਹ ਨਿਰਭੈ ਹੋ ਕਰ ਆਪਣੀ ਗੱਲ ਨਹੀਂ ਕਰਦੇ ਤੇ ਜੋ ਕੋਈ ਉੱਚ ਨੇਤਾ ਜਾਂ ਏਜੰਸੀਆਂ ਕਹਿੰਦੀਆਂ ਹਨ ਉਹ ਕਰਦੇ ਨੇ ।
ਪੰਜਾਬ ਦੀ ਰਾਜਨੀਤੀ ਆਮ ਕਰਕੇ ਸਿੱਖਾਂ ਦੇ ਸਿਰ ਤੇ ਹੁੰਦੀ ਹੈ । ਹੁਣ ਹਿੰਦੂ ਵੋਟਰਾਂ ਨੂੰ ਲੁਭਾਉਣ ਦੇ ਲਈ ਕਈ ਕਹਾਣੀਆਂ ਬਣਾਈਆਂ ਜਾ ਰਹੀਆਂ ਹਨ । ਮਿਸਾਲ ਦੇ ਤੌਰ ਤੇ ਸਿੱਖਾਂ ਤੇ ਕੀਤੇ ਅੰਨ੍ਹੇ ਤਸ਼ੱਦਦ ਨੂੰ ਭੁਲਾਉਣ ਲਈ ਇਹ ਕਿਹਾ ਜਾ ਰਿਹਾ ਹੈ ਕਿ ਖਾੜਕੂਵਾਦ ਦੇ ਸਮੇਂ ਤੇ ਖਾੜਕੂਆਂ ਨੇ ੫੦,੦੦੦ ਦੇ ਕਰੀਬ ਹਿੰਦੂ ਮਾਰੇ । ਇੰਨੀਆਂ ਬੇ-ਤੁਕੀਆਂ ਤੇ ਤੱਥਹੀਣ ਗੱਲਾਂ ਕੀਤੀਆਂ ਜਾ ਰਹੀਆਂ ਹਨ ਇਟਰਨੈੱਟ ਤੇ । 'ਕੋਰਾ' ਤਾਂ ਇਸ ਪਾਗ਼ਲਪ ਨਾਲ ਭਰਿਆ ਪਿਆ ਹੈ । ਆਉਣ ਵਾਲੇ ਸਮੇਂ ਦੇ ਵਿਚ ਸਰਕਾਰਾਂ ਵੀ ਇਸਦੀ ਗੱਲ ਕਰ ਸਕਦੀਆਂ ਨੇ ਤਾਂਕਿ ਹਿੰਦੂ ਵੋਟਰਾਂ ਨੂੰ ਇਹ ਅਹਿਸਾਸ ਕਰਾਇਆ ਜਾ ਸਕੇ ਕਿ ਸਿੱਖ ਪਾਰਟੀਆਂ ਜੋ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਾਂ ਧਰਮ ਯੁੱਧ ਮੋਰਚੇ ਦੀ ਗੱਲ ਕਰਦੇ ਨੇ ਉਨ੍ਹਾਂ ਨੂੰ ਵੋਟ ਨਾ ਪਾਈ ਜਾ ਸਕੇ । ਕੁਝ ਸਾਲ ਪਹਿਲਾਂ ਬੀਬੀ ਭੱਠਲ ਨੇ ਤਾਂ ਇਕ ਸਮਾਗਮ ਦੇ ਵਿਚ ਇਸ ਤਰ੍ਹਾਂ ਦਾ ਭਾਸ਼ਣ ਦੇ ਹੀ ਦਿੱਤਾ ਸੀ । ਬਾਮਣੀ ਸੋਚ ਦੇ ਹਿੰਦੂਆਂ ਨੂੰ ਕੁਝ ਦੋ ਤਿੰਨ ਸੌ ਸਾਲ ਦੇ ਦਵੋ ਤੇ ਇਨ੍ਹਾਂ ਨੇ ਇਹ ਵੀ ਕਹਿ ਛੱਡਣਾ ਹੈ ਕਿ ਉਸ ਸਮੇਂ ਤਾਂ ਕੋਈ ਹਿੰਦੂ ਬਾਕੀ ਰਹਿਆ ਹੀ ਨਹੀਂ ਸੀ ; ਸਾਰੇ ਪੰਜਾਬ ਛੱਡ ਕੇ ਭੱਜ ਗਏ ਸਨ ।
ਸਿਰਫ਼ ਇੰਨੀ ਜੀ ਹੀ ਗੱਲ ਹੈ ਕਿ ਸਿਖਾਂ ਨੂੰ ਹਰ ਇੱਕ ਖੇਤਰ ਦੇ ਵਿਚ ਪਛਾੜਿਆ ਜਾ ਸਕੇ ਤਾਂ ਜੋ ਇਹ ਆਪਣੀ ਗੱਲ ਨਾ ਕਰ ਸਕਣ । ਹਰ ਇਕ ਦੇਸ਼ ਦੇ ਵਿਚ ਸਿੱਖਾਂ ਨੂੰ ਰਾਜਨੀਤੀ, ਪੱਤਰਕਾਰਤਾ ਤੇ ਵਕਾਲਤ ਦੇ ਵਿਚ ਅੱਗੇ ਹੋਣਾ ਪਵੇਗਾ । ਇਹ ਤਿੰਨ ਹਿੱਸੇ ਬਹੁਤ ਹੀ ਮਹੱਤਵਪੂਰਨ ਨੇ । ਇਨ੍ਹਾਂ ਤਿੰਨਾਂ ਕਰਕੇ ਕਈ ਦੂਰ ਤੱਕ ਆਪਣੀ ਗੱਲ ਪਹੁੰਚਾਈ ਜਾ ਸਕਦੀ ਹੈ ।
ਨਵਜੋਤ ਸਿੰਘ ਸਿੱਧੂ ਭਵਾ ਹੁਣ ਕਾਂਗਰਸ ਦੇ ਵਿਚ ਸ਼ਾਮਿਲ ਹੋ ਗਿਆ ਹੈ, ਪਰ ਫਿਰ ਵੀ ਉਸਨੇ ਉਹ ਕਰ ਦਿੱਤਾ ਜੋ ਹੋਰ ਕੋਈ ਸਿੱਖ ਰਾਜਨੀਤਿਕ ਨੇਤਾ ਨਹੀਂ ਕਰ ਸਕਿਆ । ਭਾਰਤ-ਭਗਤੀ ਦੇ ਵਿਚ ਲੱਗੀ ਭਾਜਪਾ ਦੇ ਪਿੱਛੇ ਚਲਦੇ ਹੋਏ ਕਈ ਪ੍ਰਮੁੱਖ ਅਕਾਲੀਆਂ ਦੇ ਵੀ ਇਹ ਬਿਆਨ ਆਏ ਕਿ ਸਿੱਧੂ ਨੇ ਪਾਕਿਸਤਾਨ ਜਾ ਕੇ ਕਰਤਾਰਪੁਰ ਸਾਹਿਬ ਦੀ ਗੱਲ ਕਰਕੇ ਸਹੀ ਨਹੀਂ ਕੀਤਾ । ਇਸ ਕਾਰਣ ਸਿੱਧੂ ਤੇ ਬਹੁਤ ਭਾਸ਼ਾਈ ਹਮਲੇ ਵੀ ਹੋਏ । ਹੁਣ ਦੇਖਣਾ ਇਹ ਹੋਵੇਗਾ ਕਿ ਕੀ ਸਿੱਧੂ ਸਿੱਖਾਂ ਦੀਆਂ ਗੱਲਾਂ ਕਰਦਾ ਰਹੇਗਾ ਜਾਂ ਫਿਰ ਇਸ ਪਿੱਛੇ ਵੀ ਕੋਈ ਵੱਡੀ ਚਾਲ ਸੀ ।
ਪੰਜਾਬੀ ਸੂਬਾ ਬਣਨ ਤੋਂ ਬਾਅਦ ਹਮੇਸ਼ਾ ਪੰਜਾਬ ਦਾ ਮੁੱਖ ਮੰਤਰੀ ਇੱਕ ਸਿਖ-ਸੂਰਤ ਵਾਲਾ ਹੀ ਬਣਿਆ ਹੈ । ਇਸਨੂੰ ਬਹੁਤ ਸਮਝਣ ਦੀ ਲੋੜ ਹੈ । ਕੀ ਪੰਜਾਬ ਦੇ ਵਿਚ ਕੋਈ ਹੋਰ ਧਰਮ ਨਹੀਂ ਜਿਸਦਾ ਮੈਂਬਰ ਚੁਣਿਆ ਜਾ ਸਕੇ ? ਪੰਜਾਬ ਦੇ ਵਿਚ ਕਈ ਧਰਮ ਹਨ । ਬਾਕੀ ਸੂਬਿਆਂ ਨਾਲੋਂ ਪੰਜਾਬ ਦੇ ਲੋਕਾਂ ਵਿਚ ਬਹੁਤ ਪ੍ਰੇਮ-ਪਿਆਰ ਹੈ । ਰਲ ਮਿੱਲ ਕੇ ਰਹਿਣ ਦੀ ਪੰਜਾਬੀਆਂ ਦੀ ਬਹੁਤ ਪੁਰਾਣੀ ਆਦਤ ਹੈ । ਪਰ ਫਿਰ ਅਜਿਹਾ ਕਿਉਂ ਹੁੰਦਾ ਹੈ ਕਿ ਕੋਈ ਦੂਸਰੇ ਧਰਮ ਦਾ ਮੁੱਖ ਮੰਤਰੀ ਨਹੀਂ ਬਣਾਇਆ ਜਾਂਦਾ ? ਅਕਾਲੀ ਦਲ ਦਾ ਤਾ ਚੱਲ ਮੰਨ ਲੈਂਨੇ ਆ ਕਿ ਸਿੱਖਾਂ ਦੀ ਪਾਰਟੀ ਹੈ, ਪਰ ਦੂਸਰੀਆਂ ਪਾਰਟੀਆਂ ਨੇ ਕਿਸੇ ਅਸਿੱਖ ਨੇਤਾ ਨੂੰ ਪਹਿਲ ਕਿਉਂ ਨਹੀਂ ਦਿੱਤੀ ? ਏਦਾਂ ਸਿੱਧਾ ਜਾ ਕਾਰਣ ਇਹ ਹੈ ਕਿ ਇਕ ਸਿੱਖ ਨੂੰ ਪਿਛੇ ਲਗਾਉਣ ਦੇ ਲਈ ਇਕ ਸਿੱਖ ਹੀ ਅੱਗੇ ਰੱਖਿਆ ਜਾਵੇਗਾ ।
ਇਹ ਸਿਰਫ਼ ਪੰਜਾਬ ਤੇ ਲਾਗੂ ਨਹੀਂ ਹੁੰਦਾ । ਭਾਰਤ ਦੇ ਵਿਚ ਬਹੁਤ ਸਾਰੇ ਸਭਿਆਚਾਰ ਹਨ, ਜਿਨ੍ਹਾਂ ਦੀ ਆਪਣੀ ਬੋਲੀ ਤੇ ਰਹਿਣ ਸਹਿਣ ਹੈ । ਕੋਈ ਵੀ ਭਾਰਤ ਦੇ ਰਾਜ ਦੇ ਵਿਚ ਇਕ ਉਸ ਰਾਜ ਦਾ ਹੀ ਮੁੱਖ ਮੰਤਰੀ ਚੁਣਿਆ ਜਾਵੇਗਾ । ਮੈਨੂੰ ਭਾਰਤ ਦੇ ਸੰਵਿਧਾਨ ਦਾ ਬਹੁਤਾ ਨਹੀਂ ਪਤਾ ਕਿ ਕਿਤੇ ਇਹ ਲਿਖਿਆ ਹੈ ਕਿ ਨਹੀਂ ਕਿ ਇਕ ਰਾਜ ਦੇ ਵਿਚ ਰਹਿਣ ਵਾਲਾ ਹੀ ਉਸਦਾ ਮੁੱਖ ਮੰਤਰੀ ਬਣਨਾ ਚਾਹੀਦਾ ਹੈ । ਪਰ ਜੇਕਰ ਇਹ ਸੰਵਿਧਾਨ ਦੇ ਵਿਚ ਨਹੀਂ ਵੀ ਲਿਖਿਆ ਤਾਂ ਵੀ ਕੋਈ ਰਾਜਸੀ ਪਾਰਟੀ ਅਜਿਹਾ ਨੇਤਾ ਖੜ੍ਹਾ ਨਹੀਂ ਕਰੇਗੀ ਜੋ ਉਸ ਰਾਜ ਦਾ ਨਾ ਹੋਵੇ ਜਿਥੇ ਮੁੱਖ ਮੰਤਰੀ ਬਣਾਉਣ ਦੀ ਗੱਲ ਚੱਲ ਰਹੀ ਹੈ ।
ਪੰਜਾਬ ਇਕ ਬਹੁ-ਹਿੰਦੂ ਗਿਣਤੀ ਵਾਲਾ ਸੂਬਾ ਜੇ ਬਣ ਵੀ ਗਿਆ ਤਾਂ ਵੀ ਕੋਈ ਹਿੰਦੂ ਨੇਤਾ ਮੁੱਖ ਮੰਤਰੀ ਲਈ ਨਹੀਂ ਲਿਆਇਆ ਜਾਵੇਗਾ । ਇਹ ਇਕ ਅਚੰਭੇ ਵਾਲੀ ਗੱਲ ਹੋ ਜਾਵੇਗੀ ਜੇ ਅਜਿਹਾ ਹੋਇਆ । ਹੋਰਨਾ ਸੂਬਿਆਂ ਨਾਲੋਂ ਪੰਜਾਬ ਵਿਚ ਸਿੱਖਾਂ ਦੀ ਵਸੋਂ ਹਮੇਸ਼ਾ ਜ਼ਿਆਦਾ ਰਹੀ ਹੈ ਤੇ ਹਮੇਸ਼ਾ ਰਹੇਗੀ ਵੀ । ਇੰਨੇ ਸਿੱਖਾਂ ਨੂੰ ਇਕ ਸਿੱਖ ਪਿੱਛੇ ਹੀ ਲਗਾਇਆ ਜਾਵੇਗਾ । ਕੁਝ ਕੁ ਹਾਲਾਤ ਅਜਿਹੇ ਬਣ ਗਏ ਨੇ ਆਜ਼ਾਦੀ ਤੋਂ ਪਿਛੋਂ ਕਿ ਕਾਂਗਰਸੀ ਹਾਈ ਕਮਾਂਡ ਤੋਂ ਸਿੱਖਾਂ ਦਾ ਪੂਰਾ ਭਰੋਸਾ ਉੱਠ ਗਿਆ ਹੈ । ਪਰ ਜੋ ਸਿੱਖ ਕਾਂਗਰਸੀ ਲੀਡਰ ਇਸ ਪਾਰਟੀ ਨਾਲ ਜੁੜ੍ਹੇ ਹੋਏ ਨੇ ਉਹ ਸਿਰਫ਼ ਆਪਣੇ ਰਾਜਨੀਤਿਕ ਲਾਭ ਲਈ ਹੀ ਜੁੜ੍ਹੇ ਹੋਏ ਨੇ । ਸੋ ਕਾਂਗਰਸ ਕੋਲ ਜੋ ਇੱਕੋ-ਇਕ ਮੌਕਾ ਹੈ ਸਿੱਖਾਂ ਵਿਚ ਆਪਣਾ ਵਜੂਦ ਬਣਾਈ ਰੱਖਣ ਦਾ ਉਹ ਹੈ ਕਿ ਇਕ ਸਿੱਖ ਰਾਜਨੀਤਿਕ ਨੇਤਾ ਅੱਗੇ ਲਿਆਂਦਾ ਜਾਵੇ । ਚਾਹੇ ਉਹ ਸਿੱਖੀ ਤੋਂ ਲੱਖਾਂ ਮੀਲ ਦੂਰ ਹੋਵੇ, ਪਰ ਫਿਰ ਵੀ ਉਹ ਸਿੱਖ ਵੋਟ ਲੈਣ ਲਈ ਖ਼ਰਾ ਉਤਰੇਗਾ ।
ਸਿੱਖ ਰਾਜਨੀਤਿਕ ਪਾਰਟੀਆਂ ਨੂੰ ਸਭ ਬੁਰੇ ਕੰਮ ਛੱਡਣੇ ਪੈਣਗੇ । ਬਿਆਨਬਾਜ਼ੀ ਰਾਹੀ ਹੀ ਜੇਕਰ ਸਾਰੇ ਮਸਲੇ ਹੱਲ ਹੋ ਜਾਂਦੇ ਤਾਂ ਪੰਜਾਬ ਨੰਬਰ ਇੱਕ ਸੂਬਾ ਬਣ ਜਾਣਾ ਸੀ । ਮਿਸਾਲ ਦੇ ਤੌਰ ਤੇ ੧੯੧੯ ਵਿਚ ਹੋਏ ਜਲ੍ਹਿਆਂਵਾਲੇ ਬਾਗ਼ ਦੇ ਖ਼ੂਨੀ ਸਾਕੇ ਦੇ ੧੦੦ ਸਾਲ ਹੋਣ ਤੇ ਅਕਾਲੀਆਂ ਵਲੋਂ ਇਹ ਬਿਆਨ ਆਏ ਕਿ ਕਾਂਗਰਸੀ ਲੀਡਰ ਕਿਵੇਂ ਰਾਹੁਲ ਗਾਂਧੀ ਨੂੰ ਅਕਾਲ ਤਖ਼ਤ ਤੇ ਲਜਾ ਸਕਦੇ ਨੇ, ਜੋ ਅੰਮ੍ਰਿਤਸਰ ਵਿਖੇ ਆਇਆ ਹੋਇਆ ਸੀ ਖ਼ੂਨੀ ਸਾਕੇ ਦੀ ਸ਼ਤਾਬਦੀ ਕਰਕੇ, ਜਦੋਂ ਕਿ ਇਸਦੀ ਦਾਦੀ ਨੇ ਤਹਿਸ-ਨਹਿਸ ਕਰਤਾ ਸੀ ਇਸ ਅਸਥਾਨ ਨੂੰ । ਇਸਦਾ ਜਵਾਬ ਕੈਪਟਨ ਵਲੋਂ ਇਹ ਦਿੱਤਾ ਗਿਆ ਕਿ ਮਜੀਠੀਆ ਦੇ ਪੁਰਖਾਂ ਨੇ ਕੀ ਕੁਝ ਨਹੀਂ ਕੀਤਾ ਅੰਗਰੇਜ਼ਾਂ ਨਾਲ ਮਿਲਕੇ ।
ਸੱਚ ਤਾਂ ਇਹ ਹੈ ਕਿ ਅਕਾਲੀ ਤੇ ਕਾਂਗਰਸ ਦੋਹਾਂ ਨੇ ਪੰਜਾਬ ਦਾ ਬੇੜਾ ਗਰਕ ਕਰਨ ਦਾ ਠੇਕਾ ਲਿੱਤਾ ਹੋਇਆ ਹੈ । ਕੋਈ ਵੀ ਇਨ੍ਹਾਂ 'ਚੋਂ ਸਿੱਖਾਂ ਤੇ ਕੀਤੇ ਅੱਤਿਆਚਾਰਾਂ ਬਾਰੇ ਨਹੀਂ ਬੋਲਦਾ । ਬਸ ਇਹ ਕਹਿ ਕਿ ਗੱਲ ਖ਼ਤਮ ਕਰ ਦਿੱਤੀ ਜਾਂਦੀ ਹੈ ਕਿ ਪੁਰਾਣੇ ਸਮੇਂ ਨੂੰ ਭੁਲਾ ਦਿੱਤਾ ਜਾਵੇ, ਖ਼ਾਸ ਕਰ ੧੯੮੪ ਦਾ ਜੂਨ ਦਾ ਹਮਲਾ । ਸਿੱਖਾਂ ਤੇ ਹੋਏ ਅੱਤਿਆਚਾਰਾਂ ਨੂੰ ਇਹ ਭੁਲਾ ਦੇਣ ਦੀ ਗੱਲ ਕਰਦੇ ਨੇ, ਪਰ ਰਾਵਣ ਨੂੰ ਇੰਨੇ ਸਾਲ ਬਾਅਦ ਵੀ ਅੱਗ ਲਾਈ ਜਾਂਦੀ ਹੈ ਤੇ ਰਾਹੁਲ ਦੀ ਮਰੀ ਹੋਈ ਦਾਦੀ ਨੂੰ ਅਜੇ ਵੀ ਸ਼ਰਧਾਂਜਲੀਆਂ ਦਿੱਤੀਆਂ ਜਾਂਦੀਆਂ ਹਨ । ਫਿਰ ਇਹ ਭੁੱਲਣ ਦੀ ਗੱਲ ਸਿਰਫ਼ ਸਿਖਾਂ ਤੇ ਹੀ ਕਿਉਂ ਹੈ ? ਜਦੋਂ ਇਹ ਮੁੱਦਾ ਉੱਠ ਜਾਂਦਾ ਹੈ ਓਦੋਂ ਅਕਾਲੀ ਦਲ ਸੁੱਤੀ ਪਈ ਉੱਠ ਕੇ ਕਾਂਗਰਸ ਵੱਲ ਉਂਗਲਾਂ ਕਰਨ ਲੱਗ ਜਾਂਦੀ ਹੈ । ਉਹ ਭੜੂਓ, ਤੁਹਾਡੀ ਐਨੇ ਸਾਲ ਸਰਕਾਰ ਰਹੀ ਹੈ, ਤੁਸੀਂ ਕੀ ਕੀਤਾ ਸੱਚ ਸਾਹਮਣੇ ਲਿਆਉਣ ਲਈ ?
'ਆਪ' ਵਰਗੀਆਂ ਹੋਰ ਪਾਰਟੀਆਂ ਵੀ ਪੰਜਾਬ ਵਿਚ ਆ ਸਕਦੀਆਂ ਨੇ । ਪੰਜਾਬੀਆਂ ਨੂੰ ਇਹ ਸੋਚਣਾ ਪਵੇਗਾ ਕਿ ਕੀ ਇਹ ਬਦਲ ਪੰਜਾਬ ਦਾ ਕੁਝ ਸਵਾਰੇਗਾ ਜਾਂ ਨਹੀਂ । ਏਦਾਂ ਨਹੀਂ ਹੋਣਾ ਚਾਹੀਦਾ ਕਿ ਕਿਸੇ ਇਕ ਪਾਰਟੀ ਤੋਂ ਅੱਕ ਕੇ ਆਪਾਂ ਦੂਸਰੀਆਂ ਪਾਰਟੀਆਂ ਨੂੰ ਵੋਟ ਦੇਵਾਂਗੇ । ਇੰਨਾ ਧਿਆਨ ਦੇ ਵਿਚ ਰਹੇ ਕਿ ਜੋ ਨਵੀਆਂ ਪਾਰਟੀਆਂ ਪੰਜਾਬ ਵਿਚ ਉਭਰਨ ਦੀ ਕੋਸ਼ਿਸ਼ ਦੇ ਵਿਚ ਲੱਗੀਆਂ ਹੋਈਆਂ ਨੇ ਉਹ ਬਹੁਤ ਤਰ੍ਹਾਂ ਦੇ ਸੁਪਨੇ ਲਾਜ਼ਮੀ ਦਿਖਾਉਣਗੀਆਂ ਤਾਂ ਜੋ ਪੰਜਾਬੀਆਂ ਦਾ ਧਿਆਨ ਖਿੱਚਿਆ ਜਾ ਸਕੇ । ਜ਼ਰਾ ਸੋਚ ਸਮਝ ਕੇ ਕਦਮ ਚੁੱਕਣ ਦੀ ਲੋੜ ਹੈ ਆਪਾਂ ਨੂੰ ਹੁਣ ।
ਹੇਠ ਲਿਖੇ ਕੁਝ ਨੁਕਤੇ ਮੈਂ ਦੱਸਣਾ ਚਾਹੁੰਦਾ ਹਾਂ ਜੋ ਸਿੱਖ ਪਾਰਟੀਆਂ ਵਲੋਂ ਅਪਣਾਏ ਜਾਣੇ ਚਾਹੀਦੇ ਹਨ ।
੧.     ਪੰਜਾਬ ਦੇ ਵਿਚ ਤੇ ਭਾਰਤ ਦੇ ਦੂਜੇ ਸੂਬਿਆਂ ਦੇ ਵਿਚ ਸਿੱਖ ਪਾਰਟੀਆਂ ਬਣਾਈਆਂ ਜਾਣ । ਸਿਰਫ਼ ਪੰਜਾਬ ਦੇ ਵਿਚ ਹੀ ਆਪਣੀ ਪਾਰਟੀ ਬਣਾਉਣ ਨਾਲ ਕੁਝ ਨਹੀਂ ਹੋਣਾ । ਪੂਰੇ ਭਾਰਤ ਦੇ ਵਿਚ ਰਹਿ ਰਹੇ ਲੋਕਾਂ ਨੂੰ ਆਪਣਾ ਸਮਝ ਕੇ ਆਪਾਂ ਸਾਰਿਆਂ ਨੂੰ ਕੰਮ ਕਰਨਾ ਪਵੇਗਾ । ਕਾਂਗਰਸੀ, ਭਾਜਪਾ ਤੇ ਹੋਰ ਪਾਰਟੀਆਂ ਨੇ ਜੋ ਕੁਝ ਵੀ ਕੀਤਾ ਹੈ ਉਹ ਸਭ ਨੂੰ ਪਤਾ ਹੈ । ਹੁਣ ਸਮਾਂ ਹੈ ਸਾਰਿਆਂ ਨੂੰ ਬਰਾਬਰ ਦੇ ਹੱਕ ਦੇਣ ਦਾ । ਹੁਣ ਸਮਾਂ ਹੈ ਗੁਰੂਆਂ ਦੀਆਂ ਸਿੱਖਿਆਵਾਂ ਤੇ ਚੱਲ ਕੇ, ਸਭ ਨੂੰ ਨਾਲ ਰਲਾ ਕੇ, ਅੱਗੇ ਵਧਣ ਦਾ ।
੨.     ਸਿੱਖ ਪਾਰਟੀਆਂ ਦੇ ਲੋਕ ਸਿੱਖੀ ਨਾਲ ਬਹੁਤ ਗੂੜ੍ਹੇ ਤਰੀਕੇ ਨਾਲ ਜੁੜੇ ਹੋਣ । ਇਸ ਨਾਲ ਇਕ ਤਾਂ ਉਨ੍ਹਾਂ ਵਿਚ ਨਿਰਭੈਤਾ ਰਹੇਗੀ ਤੇ ਉਹ ਬੁਰੇ ਕੰਮ ਕਰਨ ਤੋਂ ਵੀ ਰੋਕਣਗੇ ਆਪਣੇ ਆਪ ਨੂੰ । ਜੇਕਰ ਆਪਣੇ ਅਸੂਲ ਹੀ ਭੁੱਲ ਗਏ ਤਾਂ ਫਿਰ ਸਿੱਖ ਪਾਰਟੀ ਹੋਣ ਦਾ ਹੱਕ ਆਪਣੇ ਕੋਲੋਂ ਖੁੱਸ ਜਾਏਗਾ ।
੩.     ਪਾਰਟੀਆਂ ਦੀ ਵਾਗਡੋਰ ਕਿਸੇ ਇਕ ਪਰਿਵਾਰ ਦੇ ਹੱਥ ਵਿਚ ਨਹੀਂ ਹੋਣੀ ਚਾਹੀਦੀ । ਬਾਦਲ ਪਰਿਵਾਰ ਦੇ ਹੱਥ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਕਮਾਨ ਦੇ ਕਰ ਇਕ ਬਹੁਤ ਵੱਡੀ ਗ਼ਲਤੀ ਕੀਤੀ । ਇਹ ਰਾਜਨੀਤਿਕ ਪਾਰਟੀਆਂ ਪੰਥ ਦੀਆਂ ਪਾਰਟੀਆਂ ਹਨ, ਤੇ ਪੂਰਾ ਪੰਥ ਇਸ ਵਿਚ ਸ਼ਾਮਿਲ ਹੋਵੇ । ਹਾਂ, ਕਈ ਸਿੱਖ ਸ਼ਾਇਦ ਇਸ ਵਿਚ ਆਉਣਾ ਨਾ ਕਬੂਲਣ, ਪਰ ਜਿੰਨੇ ਹੋ ਸਕਣ ਓਨੇ ਲੋਕ ਪਾਰਟੀ ਦੇ ਵਿਚ ਆਉਣ ਤੇ ਫ਼ੈਸਲਾ ਕਰਨ ਤੇ ਆਉਣ ਵਾਲੇ ਸਮੇਂ ਦੇ ਲਈ ਵਿਉਂਤਾਂ ਦੱਸਣ ।
੪.     ਕੋਈ ਵੀ ਸਿੱਖ ਨੇਤਾ ਜੋ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਵਿਚ ਫਸਿਆ ਹੈ ਜਾਂ ਜਿਸਨੇ ਸਿੱਖ ਅਸੂਲਾਂ ਦੇ ਵਿਰੁੱਧ ਗੱਲ ਕੀਤੀ ਹੈ ਉਸਨੂੰ ਤੁਰੰਤ ਪਾਰਟੀ ਦੇ ਵਿਚੋਂ ਕੱਢਿਆ ਜਾਏ । ਤੇ ਪੂਰੀ ਜੰਤਾ ਦੇ ਸਾਹਮਣੇ ਉਸਦੇ ਕੀਤੇ ਕਾਰਨਾਮਿਆਂ ਨੂੰ ਨੰਗਾ ਕੀਤਾ ਜਾਏ ।
੫.     ਨੌਜਵਾਨ ਸਿੱਖਾਂ ਨੂੰ ਪਾਰਟੀ ਦੇ ਵਿਚ ਭਰਤੀ ਕੀਤਾ ਜਾਏ ਤਾਂ ਜੋ ਨਵੀਂ ਪੀੜ੍ਹੀ ਦੇ ਵਿਚ ਰਹਿ ਰਹੇ ਲੋਕ ਵੀ ਨਵੀਆਂ ਤਕਨੀਕਾਂ ਤੇ ਕੰਮਾਂ ਰਾਹੀ ਲੋਕਾਂ ਲਈ ਕੰਮ ਕਰਨ ।
੬.     ਸ਼੍ਰੋਮਣੀ ਕਮੇਟੀ ਜਾਂ ਹੋਰ ਗੁਰਦੁਆਰਿਆਂ ਦਾ ਪੈਸਾ ਕੋਈ ਵੀ ਰਾਜਨੀਤਿਕ ਕੰਮ ਲਈ ਨਾ ਵਰਤਿਆ ਜਾਏ ।
੭.     ਪੀੜ੍ਹੀ ਦਰ ਪੀੜ੍ਹੀ ਹੀ ਰਾਜਸੀ ਪਾਰਟੀਆਂ ਦੇ ਵਿਚ ਆਏ, ਅਜਿਹਾ ਨਹੀਂ ਹੋਣਾ ਚਾਹੀਦਾ । ਜੇਕਰ ਮੈਂ ਇਕ ਰਾਜਸੀ ਬੰਦਾ ਹਾਂ ਤਾਂ ਮੇਰਾ ਪੁੱਤ ਰਾਜਸੀ ਨੇਤਾ ਨਹੀਂ ਬਣ ਸਕਦਾ । ਕੁਝ ਅਜਿਹੇ ਅਸੂਲ ਆਪਾਂ ਨੂੰ ਅਪਣਾਉਣੇ ਪੈਣਗੇ ਕਿਉਂਕਿ ਜੇਕਰ ਪੀੜ੍ਹੀ ਦਰ ਪੀੜ੍ਹੀ ਹੀ ਲੋਕ ਰਾਜਨੀਤੀ ਦੇ ਵਿਚ ਆਉਂਦੇ ਰਹੇ ਤਾਂ ਪਾਰਟੀਆਂ ਦੀ ਵਾਗਡੋਰ ਪਰਿਵਾਰਾਂ ਦੇ ਹੱਥ ਵਿਚ ਚਲੀ ਜਾਵੇਗੀ । ਮਿਸਾਲ ਦੇ ਤੌਰ ਤੇ ਆਪਾਂ ਬਾਦਲਕਿਆ ਨੂੰ ਦੇਖ ਲੈਂਨੇ ਆ । ਪਹਿਲਾਂ ਵੱਡਾ ਬਾਦਲ ਰਿਹਾ ਪ੍ਰਧਾਨ, ਫਿਰ ਹੁਣ ਜਦੋਂ ਉਹ ਮੌਤ ਦੇ ਕੰਢੇ ਪਿਆ ਤਾਂ ਪੁੱਤ ਬਣਾਤਾ । ਆਉਣ ਵਾਲੇ ਸਮੇਂ ਦੇ ਵਿਚ ਸ਼ਾਇਦ ਵੱਡੇ ਬਾਦਲ ਦਾ ਪੋਤਾ ਬਣਜੇ ਪ੍ਰਧਾਨ । ਇਹ ਗ਼ਲਤੀ ਇਕ ਵਾਰੀ ਆਪਾਂ ਕਰ ਚੁੱਕੇ ਹਾਂ, ਹੁਣ ਦੁਹਰਾਉਣੀ ਨਹੀਂ । ਜੇਕਰ ਭਾਰਤ ਦੇਸ਼ ਦੀ ਰਾਜਨੀਤੀ ਵੱਲ ਆਪਣਾ ਥੋੜ੍ਹਾ ਵੀ ਧਿਆਨ ਗਿਆ ਹੁੰਦਾ ਤਾਂ ਆਪਾਂ ਕਾਂਗਰਸ ਤੋਂ ਇਹ ਸਬਕ ਸਿੱਖ ਲਿਆ ਹੁੰਦਾ । ਚੱਲੋ ਦੇਰ ਆਏ ਦਰੁਸਤ ਆਏ ।
੮.     ਚੋਣ ਪੱਤਰ ਦੇ ਵਿਚ ਸਿਰਫ਼ ਉਹੀ ਗੱਲਾਂ ਕੀਤੀਆਂ ਜਾਣ ਜੋ ਨਿਭਾਈਆਂ ਜਾ ਸਕਣ ।
੯.     ਰਾਜਸੀ ਤਾਕਤ ਲੈਣ ਲਈ ਕੋਈ ਅਜਿਹਾ ਕੰਮ ਨਾ ਕੀਤਾ ਜਾਏ ਜੋ ਸਿੱਖੀ ਅਸੂਲਾਂ ਦੇ ਖ਼ਿਲਾਫ਼ ਹੋ ।
੧੦.   ਅਣਮਨੁੱਖੀ ਤਸ਼ੱਦਦ ਤੇ ਪੰਜਾਬ ਦੇ ਪਾਣੀਆਂ ਵਰਗੇ ਮੁੱਦੇ ਚੁੱਕੇ ਜਾਣ ਜਦੋਂ ਪੰਜਾਬ ਵਿਚ ਸਰਕਾਰ ਬਣੇ ।
੧੧.   ਪੰਜਾਬ ਦੇ ਵਿਚ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣ । ਜਿਵੇਂ ਸੁਨਣ ਦੇ ਵਿਚ ਆਇਆ ਸੀ ਕਿ ਜਦੋਂ ਵੀ ਕੋਈ ਕੰਪਨੀ ਆਪਣਾ ਪਲਾਂਟ ਲਗਾਉਣਾ ਚਾਹੁੰਦੀ ਹੈ ਪੰਜਾਬ ਦੇ ਵਿਚ ਤਾਂ ਬਾਦਲਕੇ ਆਪਣਾ ਹਿੱਸਾ ਮੰਗ ਲੈਂਦੇ ਨੇ । ਮੈਨੂੰ ਨੀ ਪਤਾ ਕਿ ਇਹ ਸੱਚ ਹੈ ਜਾਂ ਨਹੀਂ , ਪਰ ਅਜਿਹੀਆਂ ਕੋਝੀਆਂ ਹਰਕਤਾਂ ਤੋਂ ਬਾਜ ਆਉਣਾ ਚਾਹੀਦਾ ਹੈ । ਭਾਰਤ ਦੇ ਵਿਚ ਬੰਗਲੋਰ, ਮੁੰਬਈ ਤੇ ਚੇਨੱਈ ਵਰਗੇ ਕੁਝ ਸ਼ਹਿਰ ਨੇ ਜਿਨ੍ਹਾਂ ਨੇ ਬਹੁਤ ਵਿਕਾਸ ਕੀਤਾ ਹੈ । ਪੰਜਾਬ ਦੇ ਵਿਚ ਵੀ ਅਜਿਹੇ ਮੌਕੇ ਉਭਰਨੇ ਚਾਹੀਦੇ ਨੇ ਤਾਂ ਜੋ ਪੰਜਾਬ ਦੇ ਵਿਚ ਰਹਿ ਰਹੇ ਲੋਕਾਂ ਨੂੰ ਆਪਣੇ ਰਾਜ ਦੇ ਵਿਚ ਹੀ ਕੰਮ ਕਰਨ ਦਾ ਮੌਕਾ ਮਿਲ ਸਕੇ । ਇਸ ਨਾਲ ਟੈਕਸ ਦੇ ਬਹਾਨੇ ਸਰਕਾਰ ਦੀ ਆਮਦਨ ਵੀ ਵਧੇਗੀ ਜੋ ਕਾਫ਼ੀ ਚੰਗੇ ਕਾਰਜਾਂ ਦੇ ਵਿਚ ਵਰਤੀ ਜਾ ਸਕਦੀ ਹੈ ।
੧੨.   ਕਿਸਾਨਾਂ ਨੂੰ ਜਿੰਨਾਂ ਹੋ ਸਕੇ ਓਨਾ ਫਸਲ ਦਾ ਵਧੀਆ ਮੁੱਲ ਦੇਣਾ ਚਾਹਏ । ਭਾਰਤ ਵਿਚ ਪਿਛਲੇ ਕੁਝ ਸਮੇਂ ਦੇ ਵਿਚ ਬਹੁਤ ਸਾਰੇ ਵਿਖਾਵੇ ਹੋ ਚੁੱਕੇ ਨੇ ਆਪਣੀਆਂ ਮੰਗਾਂ ਨੂੰ ਲੈ ਕਰ । ਸਰਕਾਰ ਸਿਰਫ਼ ਆਪਣੇ ਹੀ ਲਾਭ ਦਾ ਨਾ ਸੋਚੇ ਫਸਲਾਂ ਦੇ ਮੁੱਲ ਵੇਲੇ ।
੧੩.   ਸਿੱਖਾਂ ਦੀਆਂ ਪਾਰਟੀਆਂ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੋ-ਜਿਕਾ ਸਮਝ ਕੇ ਇੰਨਸਾਫ਼ ਕਰਨ ।
੧੪.   ਪਾਰਟੀਆਂ ਪੰਥ ਵਿਰੋਧੀ ਸੰਸਥਾਵਾਂ ਨਾਲ ਕੋਈ ਵੀ ਲਿੰਕ ਨਾ ਰੱਖਣ । ਹਾਂ, ਦੇਸ਼ ਦੇ ਨਾਗਰਿਕ ਸਮਝ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਜ਼ਰੂਰ ਕਰਨਾ ਚਾਹੀਏ । ਪਰ ਉਨ੍ਹਾਂ ਨਾਲ ਹੱਥ ਮਿਲਾ ਕੇ ਸਿੱਖੀ ਤੋਂ ਬੇ-ਮੁੱਖ ਨਹੀਂ ਹੋਣਾ ।

ਰਾਜਨੀਤੀ ਦੇ ਵਿਚ ਬਹੁਤ ਫ਼ਰਕ ਪੈ ਗਿਆ
ਨਿੱਜੀ ਹਿੱਤਾਂ ਲਈ ਇਥੇ ਸਾਰੇ ਕੰਮ ਹੁੰਦੇ ।
ਕੌਣ ਕਰੇਗਾ ਆ ਕੇ ਹੁਣ ਮਨੁੱਖਤਾ ਦੀ ਗੱਲ
ਸਭ ਹੁਣ ਆਪਣਾ ਆਪਣਾ ਲਾਭ ਚਾਹੁੰਦੇ ।
ਮਾਰ ਕੇ ਤੇ ਲੜਾ ਕੇ ਲੋਕਾਂ ਨੂੰ ਨੇਤਾ ਹੁਣ
ਆਪਣੇ ਆਪ ਨੂੰ ਦੇਸ਼-ਭਗਤ ਕਹਾਉਂਦੇ ।
ਸੰਕਲਪ ਦੇਸ਼-ਭਗਤਾਂ ਦਾ ਭੁੱਲ ਗਏ ਲੋਕ
ਆਮ ਲੋਕਾਂ ਨੂੰ ਬਸ ਹੁਣ ਨੇਤਾ ਉਲਝਾਉਂਦੇ ।
ਕੀ ਕੁਝ ਸੋਚਿਆ ਸੀ ਤੇ ਕੀ ਹੋ ਗਿਆ
ਦੇਸ਼ ਦੀਆਂ ਨੀਹਾਂ 'ਚੋਂ ਹੁਣ ਲਹੂ ਚੋਂਦਾ ।
ਇਹ ਤੇ ਅਜੇ ਸ਼ੁਰੂਆਤ ਹੈ ਡਾਕੂਆਂ ਦੀ
ਦੇਖੀ ਜਾਇਓ ਕਿਵੇਂ ਸਭ ਕੁਝ ਖੋਂਦਾ ।
ਬੁੱਢੇ ਹੁਣ ਦੇਸ਼ ਚਲਾਉਣਾ ਚਾਹੁੰਦੇ ਨੇ
ਧੱਕ ਕੇ ਸਭ ਨੂੰ ਖਾਈ 'ਚ ਹੈ ਸੁਟਣਾ ।
ਕੀ ਫ਼ਰਕ ਪੈਂਦਾ ਜੇ ਮਰ ਗਏ ਕਈ ਲੋਕ
ਇਨ੍ਹਾਂ ਕਾਰਣਾ ਕਰਕੇ ਹੀ ਇਨ੍ਹਾਂ ਖੱਟਣਾ ।
ਦੇਸ਼ ਨੂੰ ਹੈ ਬਣਾਉਣਾ ਸ਼ਾਂਤਮਈ ਅਸਾਂ
ਪੈਦਾ ਕਰਕੇ ਮੌਕੇ ਹਥਿਆਰ ਚੁੱਕਣ ਦੇ ।
ਫਿਰ ਕਹਿਣਾ ਕਿਉਂ ਵਿਗੜਦੇ ਨੌਜਵਾਨ
ਅਖੇ ਭੁੱਲਣ ਨੇ ਜੋ ਇਹ ਸਭ ਕਰਦੇ ।
ਨਾ ਮਾਣ, ਨਾ ਦੀਨ, ਨਾ ਧਰਮ ਲੀਡਰਾਂ ਦਾ
'ਅਨਪੜ੍ਹ ਬਾਬੇ' ਨੇ ਦੇਖੇ ਇਹ ਖਾਲੀ ਹੱਥ ਮਰਦੇ ।

No comments:

Post a Comment

Please note there are couple of articles on different topics on this blog. There are very good chances that what you're going to bring in the comment section has already been discussed. And your comment will not be published if it has the same arguments/thoughts.

Kindly read this page for more information: https://sikhsandsikhi.blogspot.com/p/read-me.html

Or read the footer of any article: 'A request to the readers!'