Sunday, 14 July 2019

21st Century and Sikhs - Punjabi language - Part 6

.

ਮਾਂ-ਬੋਲੀ ਪੰਜਾਬੀ

ਹਰ ਇਕ ਕੌਮ ਦੀ ਤੇ ਸਭਿਆਚਾਰ ਦੀ ਆਪਣੀ ਇਕ ਵਿਲੱਖਣ ਬੋਲੀ ਹੁੰਦੀ ਹੈ । ਬੋਲੀਆਂ ਤਾਂ ਏਨੀਆਂ ਪੁਰਾਣੀਆਂ ਹਨ ਕਿ ਕੁਝ ਥਹੁ ਪਤਾ ਲਗਾਉਣਾ ਮੁਸ਼ਕਿਲ ਜਾਪਦਾ ਹੈ ਕਿਉਂਕਿ ਖੋਜ ਕਰਨ ਵਾਲੇ ਸਿਰਫ਼ ਉਨ੍ਹਾਂ ਬੋਲੀਆਂ ਬਾਰੇ ਹੀ ਦੱਸ ਸਕਦੇ ਨੇ ਜਿਨ੍ਹਾਂ ਦੇ ਸਬੂਤ ਉਨ੍ਹਾਂ ਦੇ ਹੱਥ ਲੱਗੇ ਹੋਣ । ਬਹੁਤ ਸਾਰੀਆਂ ਇਹੋ ਜਿਹੀਆਂ ਬੋਲੀਆਂ ਵੀ ਹਨ ਜਿਹੜੀਆਂ ਅਲੋਪ ਹੋ ਗਈਆਂ ਹੋਣਗੀਆਂ । ਕੁਝ ਸ਼ਾਇਦ ਇਹੋ ਜਿਹੀਆਂ ਵੀ ਹੋਣ ਜਿਸਨੂੰ ਬੋਲਣ ਵਾਲੇ ਕੁਝ ਚੁਨਿੰਦਾ ਲੋਕ ਹੀ ਹੋਣ । ਬਹੁਤ ਸਾਰੀਆਂ ਥਾਂਵਾਂ ਤੇ ਵਿਚਰ ਕੇ ਇਹ ਗੱਲ ਵੀ ਸੁਣੀ ਹੈ ਲੋਕਾਂ ਤੋਂ ਕਿ ਕੁਝ ਬੋਲੀਆਂ ਲਿਖੀਆਂ ਨਹੀਂ ਜਾ ਸਕਦੀਆਂ, ਸਿਰਫ਼ ਬੋਲੀਆਂ ਜਾ ਸਕਦੀਆਂ ਹਨ । ਜਦੋਂ ਮੈਂ ਪਹਿਲੀ ਵਾਰ ਇਹ ਸੁਣਿਆਂ ਸੀ ਤਾਂ ਮੈਂ ਹੈਰਾਨ ਹੋ ਗਿਆ ਸੀ ।
ਕਿੰਨੇ ਹੀ ਮਨੁੱਖ ਹੋ ਚੁੱਕੇ ਨੇ ਦੁਨੀਆਂ ਦੇ ਵਿਚ ਤੇ ਪਤਾ ਨਹੀਂ ਕਿੰਨੀਆਂ ਕੁ ਬੋਲੀਆਂ । ਬੋਲ ਚਾਲ ਦੇ ਲਈ ਲਫ਼ਜ਼ਾਂ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ । ਬਿਨਾਂ ਲਫ਼ਜ਼ਾਂ ਤੋਂ ਤਾਂ ਇਕ ਦੂਜੇ ਦੇ ਨਾਲ ਬੋਲਿਆ ਵੀ ਨਹੀਂ ਜਾ ਸਕਦਾ । ਸਮੇਂ ਦੇ ਨਾਲ-ਨਾਲ ਕਈ ਨਵੀਆਂ ਬੋਲੀਆਂ ਇਜ਼ਾਤ ਹੋਈਆਂ ਤੇ ਮਨੁੱਖਾਂ ਨੇ ਅਪਣਾਉਣੀਆਂ ਸ਼ੁਰੂ ਕਰ ਦਿੱਤੀਆਂ । ਪਰ ਸਮੇਂ ਕਰਕੇ ਹੀ ਬਹੁਤ ਸਾਰੀਆਂ ਬੋਲੀਆਂ ਅਲੋਪ ਹੋ ਗਈਆਂ ਜਾਂ ਕਿਸੇ ਕਾਰਣ ਕਰ ਦਿੱਤੀਆਂ ਗਈਆਂ ।
ਭਾਰਤ ਵਰਗੇ ਦੇਸ਼ ਦੇ ਵਿਚ ਭਿੰਨ-ਭਿੰਨ ਤਰ੍ਹਾਂ ਦੀਆਂ ਬੋਲੀਆਂ ਹਨ ਤੇ ਭਿੰਨ-ਭਿੰਨ ਸਭਿਆਚਾਰ ਵੀ । ਸ਼ਾਇਦ ਇਸੇ ਕਰਕੇ ਇਸਨੂੰ ਯੂਰਪ ਮਹਾਂਦੀਪ ਕਰਕੇ ਵੀ ਜਾਣਿਆ ਜਾਂਦਾ ਹੈ ਕਿਉਂਕਿ ਉਥੇ ਦੇਸ਼ਾਂ ਦੀਆਂ ਆਪਣੀਆਂ ਕਈ ਬੋਲੀਆਂ ਹਨ, ਇਸੇ ਤਰ੍ਹਾਂ ਹੀ ਭਾਰਤ ਵਿਚ ਵੀ । ਫਿਰ ਇਵੇਂ ਹੀ ਨਹੀਂ ਕਿ ਗੱਲ ਬੋਲੀਆਂ ਤੇ ਸੀਮਤ ਹੋ ਗਈ ਹੈ । ਨਹੀਂ । ਇਨ੍ਹਾਂ ਬੋਲੀਆਂ ਦੇ ਵਿਚੋਂ ਫਿਰ ਕਈ ਅਲੱਗ-ਅਲੱਗ ਤਰ੍ਹਾਂ ਦੀਆਂ ਹੋਰ ਬੋਲੀਆਂ ਨਿੱਕਲਦੀਆਂ ਹਨ ।
ਇਵੇਂ ਹੀ ਪੰਜਾਬੀਆਂ ਦੀ ਆਪਣੀ ਇਕ ਅਲੱਗ ਬੋਲੀ ਹੈ । ਪੰਜਾਬ ਇਕ ਬਹੁਤ ਵੱਡਾ ਦੇਸ਼ ਸੀ ਕਈ ਸਾਲ ਪਹਿਲਾਂ । ੧੯੪੭ ਤੇ ਫਿਰ ੧੯੬੬ ਦੇ ਵਿਚ ਕਈ ਹਿੱਸਿਆਂ ਦੇ ਵਿਚ ਇਹ ਵੰਡਿਆ ਗਿਆ । ਇਨ੍ਹਾਂ ਸਾਰੇ ਇਲਾਕਿਆਂ ਦੇ ਵਿਚ ਪੰਜਾਬੀ ਬੋਲੀ ਜਾਂਦੀ ਹੈ । ਹਜੇ ਵੀ ਕਈ ਇਲਾਕੇ ਹਰਿਆਣੇ ਵਿਚ ਇਹੋ ਜਿਹੇ ਹੋਣਗੇ ਜਿਥੇ ਪੰਜਾਬੀ ਬੋਲੀ ਜਾਂਦੀ ਹੈ, ਤੇ ਅਕਾਲੀ ਦਲ ਚੋਣਾਂ ਦੇ ਆਉਣ ਵੇਲੇ ਜਾਗ ਜਾਂਦਾ ਹੈ ਇਹ ਇਲਾਕੇ ਵਾਪਸ ਲੈਣ ਦੇ ਲਈ ।
ਪੰਜਾਬ ਵਿਚ ਰਹਿਣ ਵਾਲੇ ਲੋਕਾਂ ਦੀਆਂ ਆਪਣੀਆਂ ਕਈ ਬੋਲੀਆਂ ਹਨ । ਮਾਝੇ, ਮਾਲਵੇ, ਦੁਆਬੇ ਦੇ ਕਈ ਸ਼ਬਦ ਨਾਲ ਰਲਦੇ ਵੀ ਨਹੀਂ ਹਨ । ਇਨ੍ਹਾਂ ਸਾਰੀਆਂ ਬੋਲੀਆਂ ਦੀ ਆਦਿ ਪੰਜਾਬੀ ਹੈ, ਪਰ ਬੋਲਣ ਦਾ ਢੰਗ ਅਲੱਗ-ਅਲੱਗ ਹੈ ।
ਪੰਜਾਬੀ ਬੋਲੀ ਬਾਕੀ ਕੌਮਾਂ ਨਾਲੋਂ ਸਿੱਖਾਂ ਦੇ ਬਹੁਤ ਨਜ਼ਦੀਕ ਹੈ । ਗੁਰੂਆਂ ਵਲੋਂ ਲਿਖੀ ਗਈ ਗੁਰਬਾਣੀ ਲਈ ਗੁਰਮੁਖੀ ਲਫ਼ਜ਼ ਦਾ ਇਸਤੇਮਾਲ ਕੀਤਾ ਜਾਂਦਾ ਹੈ, ਆਮ ਭਾਸ਼ਾ ਦੇ ਵਿਚ ਜੇ ਕਹਿਣਾ ਹੋਵੇ ਤਾਂ ਪੰਜਾਬੀ ਤੇ ਗੁਰਮੁਖੀ ਦੇ ਵਿਚ ਕੋਈ ਬਹੁਤਾ ਫ਼ਰਕ ਨਹੀਂ ਹੈ । ਇਥੇ ਹੀ ਸੀਮਤ ਨਹੀਂ ਬਹੁਤ ਸਾਰਾ ਸਿੱਖਾਂ ਵਲੋਂ ਲਿਖਿਆ ਇਤਿਹਾਸ ਵੀ ਪੰਜਾਬੀ ਦੇ ਵਿਚ ਹੀ ਲਿਖਿਆ ਗਿਆ ਹੈ । ਚਾਹੇ ਓਂਦੇ ਸ਼ਬਦ ਕਿਸੇ ਹੋਰ ਭਾਸ਼ਾ ਦੇ ਹੋਣ ਪਰ ਉਹ ਲਿਖੇ ਪੰਜਾਬੀ ਵਿਚ ਹੀ ਜਾਂਦੇ ਨੇ । ਇਹ ਵੀ ਦੇਖਣ ਨੂੰ ਮਿਲਿਆ ਹੈ ਕਿ ਪੰਜਾਬੀ ਨੂੰ ਸਿੱਖਾਂ ਨਾਲ ਜੋੜ੍ਹ ਕੇ ਦੇਖਿਆ ਜਾਂਦਾ ਹੈ । ਲੋਕ ਇਹ ਕਹਿੰਦੇ ਸੁਣੇ ਜਾਂਦੇ ਨੇ ਕਿ ਪੰਜਾਬੀ ਸਿੱਖਾਂ ਦੀ ਜ਼ੁਬਾਨ ਹੈ, ਹਿੰਦੂਆਂ ਤੇ ਮੁਸਲਮਾਨਾਂ ਜਾਂ ਹੋਰ ਕੌਮਾਂ ਦੀ ਨਹੀਂ ।
ਹੋਰ ਕੌਮਾਂ ਜੋ ਪੰਜਾਬੀ ਜ਼ਬਾਨ ਨੂੰ ਪਸੰਦ ਨਹੀਂ ਕਰਦੀਆਂ ਉਹ ਇਸ ਲਈ ਬਹੁਤ ਅਪਮਾਨਜਨਕ ਗੱਲਾਂ ਵੀ ਕਰ ਦਿੰਦੇ ਹਨ । ਉਹ ਇਹ ਨਹੀਂ ਦੇਖਦੇ ਕਿ ਇੱਕ ਬੋਲੀ ਕੌਮਾਂ ਨਾਲ ਬਹੁਤ ਗੂੜ੍ਹੀ ਤਰ੍ਹਾਂ ਜੁੜੀ ਹੁੰਦੀ ਹੈ । ਉਹ ਇਸ ਵਿਚ ਆਪਣਾ ਆਪ ਦੇਖਦੇ ਹਨ । ਇਹ ਉਹ ਚੀਜ਼ ਹੈ ਜਿਸਨੂੰ ਮਾਂ-ਬੋਲੀ ਕਰਕੇ ਜਾਣਿਆਂ ਜਾਂਦਾ ਹੈ । ਇਹ ਉਹ ਹੈ ਜੋ ਇਕ ਇਨਸਾਨ ਆਪਣੀ ਮਾਂ ਦੀ ਗੋਦ ਵਿਚ ਪਿਆ-ਪਿਆ ਸਿੱਖਦਾ ਹੈ । ਹਰ ਇਕ ਛੋਟੇ ਤੋਂ ਛੋਟਾ ਲਫ਼ਜ਼ ਉਹ ਆਪਣੇ ਮਾਂ-ਬਾਪ ਤੋਂ ਲੈ ਕਰ ਵੱਡਾ ਹੁੰਦਾ ਹੈ । ਇਨ੍ਹਾਂ ਕਾਰਣਾਂ ਕਰਕੇ ਬਹੁਤ ਸਾਰੇ ਲੋਕਾਂ ਦੀਆਂ ਇਸ ਨਾਲ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ ।
ਇਕ ਮੁਸਲਮਾਨ ਤੋਂ ਵੀ ਇਹ ਕਹਾਣੀ ਸੁਣੀ ਗਈ ਕਿ ਕੁਝ ਉਸਦੇ ਸੱਜਣ-ਮਿੱਤਰ ਉਸਨੂੰ ਗਾਲ੍ਹਾਂ ਕੱਢਦੇ ਨੇ ਕਿ ਪੰਜਾਬੀ ਸਿੱਖਾਂ ਦੀ ਭਾਸ਼ਾ ਹੈ ਤੇ ਉਸਨੂੰ ਨਹੀਂ ਬੋਲਣੀ ਚਾਹੀਦੀ । ਉਹ ਮੁਸਲਮਾਨ ਭਾਈ ਪਾਕਿਸਤਾਨ ਦਾ ਸੀ ਤੇ ਓਥੋਂ ਦੀ ਕੌਮੀ ਬੋਲੀ ਉਰਦੂ ਹੈ । ਉਸਨੇ ਉਨ੍ਹਾਂ ਲੋਕਾਂ ਦੀ ਪਰਵਾਹ ਨਹੀਂ ਕੀਤੀ ਤੇ ਕਿਹਾ ਕਿ ਇਹ ਮੇਰੀ ਮਾਂ ਵਲੋਂ ਸਿਖਾਈ ਗਈ ਭਾਸ਼ਾ ਹੈ, ਇਹ ਉਸਦੀ ਨਿਸ਼ਾਨੀ ਹੈ ਜੋ ਮੇਰੇ ਕੋਲ ਹੈ । ਸੋ ਇਸ ਤਰ੍ਹਾਂ ਦੀਆਂ ਕਈ ਗੱਲਾਂ ਸਾਹਮਣੇ ਆਉਂਦੀਆਂ ਹਨ ਜਿਸ ਰਾਹੀਂ ਇਹ ਪ੍ਰਚਾਰਿਆ ਜਾਂਦਾ ਹੈ ਕਿ ਪੰਜਾਬੀ ਸਿੱਖਾਂ ਦੀ ਭਾਸ਼ਾ ਹੈ, ਦੂਜੀ ਕੌਮਾਂ ਦੀ ਨਹੀਂ । ਇਸੇ ਕਰਕੇ ਕਈ ਹਿੰਦੂ ਵੀ ਇਹ ਕਹਿੰਦੇ ਸੁਣੇ ਗਏ ਹਨ ਕਿ ਪੰਜਾਬੀ ਭਾਸ਼ਾ ਦੇ ਵਿਚ ਉਹ ਮਿਠਾਸ ਨਹੀਂ ਹੈ ਜੋ ਹਿੰਦੀ ਦੇ ਵਿਚ ਹੈ, ਤੇ ਕਈ ਵਾਰ ਇਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਪੰਜਾਬੀ ਗਵਾਰਾਂ ਦੀ ਭਾਸ਼ਾ ਹੈ । ਸਿੱਖਾਂ ਨੂੰ ਆਪਣੀ ਮਾਂ-ਬੋਲੀ ਪ੍ਰਤੀ ਹੀਣਤਾ ਦੀ ਭਾਵਨਾ ਪੈਦਾ ਕਰਨ ਦੇ ਕਈ ਯਤਨ ਕੀਤੇ ਜਾ ਚੁੱਕੇ ਹਨ ।
ਪਰ ਮੈਂ ਇਹ ਸਮਝਦਾ ਹਾਂ ਕਿ ਅੱਜ ਦੇ ਕਈ ਨੌਜਵਾਨ ਜੋ ਸਿੱਖ ਪਰਿਵਾਰਾਂ ਦੇ ਵਿਚ ਪੈਦਾ ਹੋਏ ਨੇ ਇਸ ਸਦੀ ਦੇ ਤੇਜ਼ ਵਹਿਣ ਦੇ ਵਿਚ ਨਹੀਂ ਵਹੇ, ਉਹ ਜਾਗਰੂਕ ਹਨ । ਚਾਹੇ ਉਨ੍ਹਾਂ ਨੇ ਆਪਣੇ ਕੇਸ ਕਟਾ ਲਏ ਹਨ, ਪਰ ਉਹ ਆਪਣੀ ਮਾਂ-ਬੋਲੀ ਜਾਂ ਫਿਰ ਧਰਮ ਬਾਰੇ ਕੁਝ ਵੀ ਊਲ-ਜਲੂਲ ਸੁਣਨਾ ਪਸੰਦ ਨਹੀਂ ਕਰਦੇ । ਇਹੋ ਜਿਹੇ ਵੀਰ ਤੇ ਭੈਣਾਂ ਨੂੰ ਪਰਮਾਤਮਾ ਹੋਰ ਲਿਖਣ ਦੀ ਸ਼ਕਤੀ ਬਖ਼ਸ਼ੇ ਤੇ ਸਿੱਖੀ ਵੱਲ ਨੂੰ ਮੋੜ ਦੇਵੇ । ਇਸ ਨੌਜਵਾਨ ਵਰਗ ਨੇ ਕਈ ਗਰੁੱਪ ਬਣਾ ਛੱਡੇ ਨੇ ਫੇਸਬੁੱਕ ਤੇ ਅਤੇ ਉਸ ਤੇ ਫਿਰ ਲੋਕਾਂ ਦੀਆਂ ਮੂਰਖ਼ ਭਰੀਆਂ ਦਲੀਲਾਂ ਦੇ ਉੱਤਰ ਦਿੰਦੇ ਨੇ, ਚਾਹੇ ਉਹ ਇਤਿਹਾਸ ਹੋਵੇ ਜਾਂ ਗੁਰਬਾਣੀ ਜਾਂ ਪੰਜਾਬੀ ਮਾਂ-ਬੋਲੀ । ਭਾਵਨਾਵਾਂ ਦੇ ਵਿਚ ਵਹਿਣ ਕਰਕੇ ਉਹ ਕਈ ਵਾਰ ਹਿੰਦੀ ਨੂੰ ਇਕ ਗ਼ਰੀਬ ਬੋਲੀ ਵੀ ਲਿੱਖ ਦਿੰਦੇ ਨੇ ਕਿਉਂਕਿ ਹਿੰਦੀ ਦੇ ਵਿਚ ਸਿਰਫ਼ 'ਕਾਟਨਾ' ਜ਼ਿਆਦਾ ਬੋਲਿਆ ਜਾਂਦਾ ਹੈ, ਪਰ ਪੰਜਾਬੀ ਦੇ ਵਿਚ 'ਕੱਟਣਾ', 'ਵੱਢਣਾ', 'ਚੀਰਨਾ', 'ਪਾੜਨਾ', ਆਦਿ ਬਹੁਤ ਲਫ਼ਜ਼ ਹਨ । ਪਰ ਮੈਂ ਇਸ ਨਾਲ ਸਹਿਮਤ ਨਹੀਂ ਹਾਂ ਕਿ ਕੋਈ ਇਨਸਾਨ ਦੂਸਰੇ ਲੋਕਾਂ ਦੀਆਂ ਭਾਸ਼ਾਵਾਂ ਨੂੰ ਗ਼ਲਤ ਬੋਲੇ ।
ਇਸ ਨੂੰ ਇਸ ਤਰ੍ਹਾਂ ਵੀ ਨਹੀਂ ਸਮਝਣਾ ਚਾਹੀਦਾ ਕਿ ਉਨ੍ਹਾਂ ਨੇ ਮਨ ਦੇ ਵਿਚ ਇਹ ਤਹਿ ਕੀਤਾ ਹੁੰਦਾ ਹੈ ਕਿ ਅਸੀਂ ਦੂਸਰੀਆਂ ਭਾਸ਼ਾਵਾਂ ਨੂੰ ਗ਼ਲਤ ਬੋਲਣਾ ਹੈ । ਇਸ ਸੁਤੇ-ਸਿੱਧ ਹੀ ਕਈ ਵਾਰ ਲਫ਼ਜ਼ਾਂ ਦੇ ਰੂਪ ਦੇ ਵਿਚ ਨਿੱਕਲ ਆਉਂਦਾ ਹੈ । ਇਸਦਾ ਕਾਰਣ ਦੂਸਰੇ ਲੋਕਾਂ ਵਲੋਂ ਪੰਜਾਬੀ ਬੋਲੀ ਪ੍ਰਤਿ ਬੋਲੀ ਭੱਦੀ ਸ਼ਬਦਾਵਲੀ ਹੋ ਸਕਦੀ ਹੈ । ਅਜੇ ਕੱਲ੍ਹ ਦੀ ਹੀ ਗੱਲ ਹੈ ਮੈਂ ਇਕ ਪੋਸਟ ਪੜ੍ਹ ਰਿਹਾ ਸੀ ਜਿਸ ਵਿਚ ਲਿਖਿਆ ਸੀ ਕਿ ਕੁਝ ਲੋਕ ਸਿੱਖੀ ਖ਼ਿਲਾਫ਼ ਬੋਲਣ ਵਾਲਿਆਂ ਲਈ ਗਾਲ੍ਹਾਂ ਦਾ ਵੀ ਇਸਤੇਮਾਲ ਕਰਦੇ ਹਨ, ਇਹ ਵੀ ਸ਼ਾਇਦ ਕਿਸੇ ਹੱਦ ਤੱਕ ਠੀਕ ਹੈ ਕਿਉਂਕਿ ਕਈ ਲੋਕ ਗਾਲ੍ਹਾਂ ਨਾਲ ਹੀ ਠੀਕ ਆਉਂਦੇ ਹਨ । ਬੜ੍ਹੀ ਸਿੱਧੀ ਜੀ ਗੱਲ ਹੈ, ਜੋ ਜਿਵੇਂ ਬੋਲਦਾ ਹੈ ਅਗਲਾ ਵੀ ਉਸਨੂੰ ਉਸ ਤਰੀਕੇ ਨਾਲ ਉੱਤਰ ਦਿੰਦਾ ਹੈ । ਜੇ ਕੋਈ ਸਿਰਫ਼ ਦਲੀਲਾਂ ਨਾਲ ਹੀ ਆਪਣਾ ਨੁੱਕਤਾ ਰੱਖੇ, ਫਿਰ ਦੂਸਰਾ ਵੀ ਆਪਣਾ ਨੁੱਕਤਾ ਸਹੀ ਤਰੀਕੇ ਨਾਲ ਰੱਖੇਗਾ ।
ਨਹਿਰੂ ਨੇ ਜਦ ਆਪਣੇ ਵਾਅਦੇ ਪੂਰੇ ਨਹੀਂ ਕੀਤੇ ਤਾਂ ਸਿੱਖਾਂ ਨੇ ਪੰਜਾਬੀ ਸੂਬਾ ਬਣਾਉਣ ਲਈ ਸੰਘਰਸ਼ ਸ਼ੁਰੂ ਕਰ ਦਿੱਤਾ । ਉਸ ਸਮੇਂ ਤੇ ਇਸਨੂੰ ਇਹ ਕਹਿਕੇ ਪ੍ਰਚਾਰਿਆ ਗਿਆ ਕਿ ਇਹ ਬੋਲੀ ਲਈ ਮੰਗ ਨਹੀਂ ਹੈ, ਇਹ ਸਿੱਖ ਆਪਣੇ ਧਾਰਮਿਕ ਮੁੱਦਿਆਂ ਬਾਰੇ ਬੋਲ ਰਹੇ ਨੇ । ਇਹ ਵੀ ਕਿਹਾ ਗਿਆ ਕਿ ਪੰਜਾਬੀ ਤੇ ਹਿੰਦੀ ਦੇ ਵਿਚ ਕੋਈ ਫ਼ਰਕ ਨਹੀਂ ਹੈ, ਸੋ ਭਾਸ਼ਾਈ ਲਕੀਰਾਂ ਨਹੀਂ ਖਿੱਚੀਆਂ ਜਾ ਸਕਦੀਆਂ । ਮਤਲਬ ਕੇ ਹਰ ਇੱਕ ਰਸਤਾ, ਹਰ ਇੱਕ ਦਲੀਲ, ਜੋ ਵੀ ਲੋਕਾਂ ਦੇ ਮਨਾਂ ਦੇ ਵਿਚ ਇਹ ਵਿਚਾਰ ਪੈਦਾ ਕਰਦੇ ਕਿ ਇਹ ਪੰਜਾਬੀ ਲੋਕਾਂ ਲਈ ਨਾ ਹੋ ਕਰ ਸਿੱਖਾਂ ਦੀਆਂ ਮੰਗਾਂ ਹਨ, ਉਹ ਸਾਰੀਆਂ ਵਰਤੀਆਂ ਗਈਆਂ । ਇਸ ਵਿਚ ਕਈ ਹਿੰਦੂ ਵੀ ਆਏ ਜਿਨ੍ਹਾਂ ਨੇ ਆਪਣੀ ਮਾਂ-ਬੋਲੀ ਛੱਡਕੇ ਹਿੰਦੀ ਨੂੰ ਪਹਿਲ ਦਿੱਤੀ । 'ਹਿੰਦੂਸ ਐਂਡ ਦ ਪੰਜਾਬੀ ਸਟੇਟ' ਦੇ ਵਿਚ ਓਮ ਪ੍ਰਕਾਸ਼ ਕਹੋਲ ਇਸ ਤਰ੍ਹਾਂ ਲਿਖਦੇ ਹਨ ।
ਪੰਜਾਬੀ ਹਿੰਦੂ, ਜੋ ਸਿਆਸਤਦਾਨਾਂ ਵਲੋਂ ਚਲਾਏ ਗਏ ਗ਼ਲਤ ਰਸਤੇ ਤੇ ਚੱਲ ਰਹੇ ਸੀ, ਉਨ੍ਹਾਂ ਨੇ ਇਕ ਰਸਤਾ ਅਖ਼ਤਿਆਰ ਕਰ ਲਿਆ ਜੋ ਨਾ ਕੇਵਲ ਸੋਝੀ ਤੋਂ ਬਿਨਾਂ, ਗ਼ਲਤ, ਘਟੀਆ ਤੇ ਦੇਸ਼-ਹਿੱਤ ਦੇ ਵਿਚ ਨਹੀਂ ਸੀ, ਪਰ ਆਉਣ ਵਾਲੀ ਸਿਆਸਤ ਦੇ ਵੀ ਖ਼ਿਲਾਫ਼ ਸੀ । ਉਨ੍ਹਾਂ ਨੇ ਪੰਜਾਬੀ ਗੁਰਮੁਖੀ ਅੱਖਰਾਂ ਦਾ ਅਦਾਲਤਾਂ ਦੇ ਵਿਚ ਉਪਯੋਗ ਕਰਨ ਦਾ ਵਿਰੋਧ ਕੀਤਾ । ਉਹ ਰਾਤੋਂ-ਰਾਤ ਦੇਵਨਾਗਰੀ ਦੇ ਵਿਚ ਲਿਖੀ ਜਾਣ ਵਾਲੀ ਹਿੰਦੀ ਬੋਲੀ ਦੇ ਪਿਆਰ ਦੇ ਵਿਚ ਪੈ ਗਏ, ਜਿਸ ਵਿਚ ਉਹ ਉਨ੍ਹਾਂ ਹੀ ਅਨਪੜ੍ਹ ਸੀ ਜਿੰਨਾ ਗੁਰਮੁਖੀ ਦੇ ਵਿਚ, ਸਿਰਫ਼ ਤੇ ਸਿਰਫ਼ ਸਿੱਖਾਂ ਦੇ ਖ਼ਿਲਾਫ਼ ਜਾਣ ਲਈ ਉਹ ਇਹ ਕਹਿਣ ਲੱਗੇ ਕਿ ਪੂਰਬੀ ਪੰਜਾਬ ਦੀਆਂ ਅਦਾਲਤਾਂ ਦੇ ਵਿਚ ਹਿੰਦੀ ਵਿਚ ਕੰਮ ਹੋਣ । ਪੈਸੇ ਅਧੀਨ ਚੱਲਣ ਵਾਲੇ ਹਿੰਦੂ, ਸੈਕੂਲਰ ਹਿੰਦੂ, ਮੁਸਲਮਾਨਾਂ ਵਾਲੇ ਰਸਤੇ ਤੇ ਚੱਲਣ ਵਾਲੇ ਹਿੰਦੂ, ਜਿਨ੍ਹਾਂ ਨੇ ਕਦੇ ਵੀ ਉਰਦੂ ਤੇ ਫ਼ਾਰਸੀ ਬੋਲੀ ਦੇ ਖ਼ਿਲਾਫ਼ ਪੰਜਾਬ ਵਿਚ ਸੰਘਰਸ਼ ਨਹੀਂ ਕੀਤਾ, ਜਿਨ੍ਹਾਂ ਨੇ ਆਪਣੀ ਧਾਰਮਿਕ ਪੁਸਤਕਾਂ ਦੀ ਬੋਲੀ ਸੰਸਕ੍ਰਿਤ ਦਾ ਇਕ ਲਫ਼ਜ਼ ਵੀ ਨਹੀਂ ਸਿੱਖਿਆ, ਉਸਨੇ ਆਪਣੀ ਮਾਂ-ਬੋਲੀ ਦੇ ਖ਼ਿਲਾਫ਼ ਪੂਰਾ ਜ਼ੋਰ ਲਗਾ ਦਿੱਤਾ । - ਪੰਨਾ ੧੧
ਹੁਣ ਦੇ ਸਮੇਂ ਦੇ ਵਿਚ ਕਾਫ਼ੀ ਹੱਦ ਤੱਕ ਹਿੰਦੂ ਇਹ ਗੱਲ ਮੰਨਦੇ ਹਨ ਕਿ ਇਹ ਗ਼ਲਤ ਸੀ । ਬਹੁਤੇ ਹਿੰਦੂ ਪੰਜਾਬੀ ਨੂੰ ਪਹਿਲ ਵੀ ਦਿੰਦੇ ਹਨ । ਮੈਂ ਇਕ 'ਕੋਰਾ' ਦੇ ਉੱਤਰ ਦੇ ਵਿਚ ਪੜ੍ਹਿਆ ਸੀ ਕਿ ਇਕ ਹਿੰਦੂ ਇਹ ਕਹਿ ਰਿਹਾ ਸੀ ਕਿ ਹਿੰਦੂਆਂ ਨੂੰ ਪੰਜਾਬੀ ਨਾਲ ਪ੍ਰੇਮ ਕਰਨਾ ਚਾਹੀਦਾ ਹੈ, ਇਸਨੂੰ ਇਕ ਪੇਂਡੂ ਬੋਲੀ ਨਹੀਂ ਜਾਨਣਾ ਚਾਹੀਦਾ । ਮੇਰੇ ਖ਼ੁਦ ਨਾਲ ਵਾਪਰੀ ਵੀ ਇਕ ਘਟਨਾ ਹੈ ਜਿਸ ਵਿਚ ਇਕ ਬਜ਼ੁਰਗ ਜੋੜ੍ਹੇ ਨੇ ਮੇਰੇ ਕੋਲ ਆ ਕਰ ਪੰਜਾਬੀ ਦੇ ਵਿਚ ਗੱਲ ਕੀਤੀ; ਇਹ ਪੰਜਾਬ ਤੋਂ ਬਾਹਰ ਦੀ ਘਟਨਾ ਹੈ । ਉਹ ਦਰਸਅਲ ਦੇ ਵਿਚ ਗੁਰਦੁਆਰਾ ਸਾਹਿਬ ਦਾ ਰਸਤਾ ਪੁੱਛ ਰਹੇ ਸੀ । ਮੇਰੇ ਮਨ ਦੇ ਵਿਚ ਬਹੁਤ ਸਤਿਕਾਰ ਆਇਆ ਉਸ ਜੋੜ੍ਹੇ ਲਈ ਜੋ ਪੰਜਾਬ ਤੋਂ ਦੂਰ ਰਹਿ ਕੇ ਵੀ ਆਪਣੀ ਬੋਲੀ ਨਹੀਂ ਭੁੱਲੇ ।
ਇਸ ਵਿਚ ਸਿਰਫ਼ ਹਿੰਦੂ ਤੇ ਮੁਸਲਮਾਨ ਨਹੀਂ ਆਉਂਦੇ । ਕਈ ਸਿੱਖ ਵੀ ਇਸ ਵਿਚ ਹਨ, ਜੋ ਆਪਣੇ ਨਵ-ਜਨਮੇ ਬੱਚਿਆਂ ਨੂੰ ਪੰਜਾਬੀ ਦੀ ਥਾਂ ਕੋਈ ਹੋਰ ਬੋਲੀ ਦਿੰਦੇ ਹਨ । ਕੁਝ ਕੁ ਖ਼ਬਰਾਂ ਦੇ ਵਿਚ ਇਹ ਵੀ ਦੇਖਣ ਦੇ ਵਿਚ ਆਇਆ ਹੈ ਕਿ ਪੰਜਾਬ ਦੇ ਸਕੂਲਾਂ ਦੇ ਵਿਚ ਪੰਜਾਬੀ ਦੀ ਥਾਂ ਕੋਈ ਹੋਰ ਬੋਲੀ ਬੋਲੀ ਜਾਂਦੀ ਹੈ । ਕਿੰਨੀ ਅਜੀਬ ਗੱਲ ਹੈ ਕਿ ਜਿਸ ਧਰਤੀ ਤੇ ਰਹਿ ਰਹੇ ਹੋ ਉਸ ਧਰਤੀ ਤੇ ਹੀ ਤੁਸੀਂ ਆਪਣੀ ਬੋਲੀ ਨਹੀਂ ਬੋਲ ਰਹੇ । ਇਕ ਖ਼ਬਰ ਪੜ੍ਹਦੇ ਇਹ ਪਤਾ ਲੱਗਿਆ ਕਿ ਜਲੰਧਰ ਦੀ ਏ.ਪੀ.ਜੇ ਦੀ ਮੁੱਖ-ਅਧਿਆਪਕ ਨੇ ਕਿਹਾ ਕਿ ਪੰਜਾਬੀ ਤਾਂ ਕੋਈ ਘਰ ਵਿਚ ਵੀ ਸਿੱਖ ਸਕਦਾ ਹੈ, ਇਸ ਲਈ ਸਕੂਲਾਂ ਦੇ ਵਿਚ ਦੂਜੀ ਬੋਲੀ ਨੂੰ ਪਹਿਲ ਦਿੱਤੀ ਜਾਂਦੀ ਹੈ । ਇਕ ਨੇ ਕਿਹਾ ਕਿ ਉਸ ਦੀਆਂ ਪੁੱਤਰੀਆਂ ਪੰਜਾਬੀ ਨੂੰ ਛੱਡ ਕੇ ਹਿੰਦੀ ਦੇ ਵਿਚ ਗੱਲ ਕਰਦੀਆਂ ਹਨ, ਚਾਹੇ ਉਹ ਉਨ੍ਹਾਂ ਨਾਲ ਪੰਜਾਬੀ ਦੇ ਵਿਚ ਗੱਲ ਕਰਨ । ਸੋ ਸਕੂਲਾਂ ਦੀ ਬਹੁਤ ਵੱਡੀ ਦੇਣ ਹੁੰਦੀ ਹੈ ਇਕ ਬੱਚੇ ਦੀ ਮਾਨਸਿਕਤਾ ਨੂੰ ਬਣਾਉਣ ਦੇ ਲਈ । ਇਹ ਠੀਕ ਹੈ ਕਿ ਪਹਿਲੀ ਅਧਿਆਪਕ ਬੱਚੇ ਦੇ ਲਈ ਉਸਦੀ ਮਾਂ ਹੁੰਦੀ ਹੈ, ਪਰ ਇਸ ਤੋਂ ਬਿਨਾਂ ਸਕੂਲ ਤੋਂ ਵੀ ਬੱਚੇ ਬਹੁਤ ਕੁਝ ਸਿੱਖਦੇ ਹਨ । ਜੇਕਰ ਉਸਨੂੰ ਉੱਥੇ ਹੀ ਪੰਜਾਬੀ ਤੋਂ ਵਾਂਝੇ ਕੀਤਾ ਜਾਂਦਾ ਹੈ, ਤਾਂ ਉਹ ਸ਼ਾਇਦ ਸਦੀਵੀਂ ਤੌਰ ਤੇ ਆਪਣੀ ਬੋਲੀ ਨੂੰ ਭੁੱਲ ਜਾਂਦਾ ਹੈ, ਜਾਂ ਫਿਰ ਘ੍ਰਿਣਾ ਦੀ ਨਜ਼ਰ ਨਾਲ ਦੇਖਣ ਲੱਗ ਪੈਂਦਾ ਹੈ ।
ਦੂਜੇ ਤੇ ਫਿਰ ਆਉਂਦੇ ਨੇ ਪ੍ਰਵਾਸੀ ਪੰਜਾਬੀ । ਇਹ ਇਕ ਸੱਚਾਈ ਹੋਵੇਗੀ ਜੇ ਇਹ ਕਿਹਾ ਜਾਵੇ ਕਿ ਬਾਹਰ ਰਹਿਣ ਵਾਲੇ ਪੰਜਾਬੀ, ਚਾਹੇ ਭਾਰਤ ਤੋਂ ਬਾਹਰ ਹੋਵੇ ਜਾਂ ਪੰਜਾਬ ਤੋਂ ਬਾਹਰ ਤੇ ਭਾਰਤ ਦੇ ਵਿਚ, ਆਪਣੀ ਤੀਜੀ ਪੀੜ੍ਹੀ ਤੱਕ ਵੀ ਪੰਜਾਬੀ ਨਹੀਂ ਸਾਂਭ ਸਕਦੇ । ਮੈਂ ਖ਼ੁਦ ਇਹ ਦੇਖਿਆ ਹੈ । ਲਿਖਣਾ ਤੇ ਬਹੁਤ ਦੂਰ, ਉਹ ਬੋਲ ਵੀ ਸਹੀ ਢੰਗ ਨਾਲ ਨਹੀਂ ਸਕਦੇ । ਹਾਂ ਜੋ ਸਿੱਖੀ ਵੱਲ ਪ੍ਰੇਰੇ ਜਾਂਦੇ ਹਨ, ਉਹ ਜ਼ਰੂਰ ਪੰਜਾਬੀ ਸਿੱਖ ਲੈਂਦੇ ਹਨ ਕਿਉਂਕਿ ਉਨ੍ਹਾਂ ਨੇ ਫਿਰ ਗੁਰਬਾਣੀ ਪੜ੍ਹਨੀ ਹੁੰਦੀ ਹੈ । ਸੋ ਸਿੱਖਾਂ ਲਈ ਤਾਂ ਇਹ ਲਾਜ਼ਮੀ ਹੈ ਕਿ ਉਹ ਪੰਜਾਬੀ ਪੜ੍ਹਨ ਤੇ ਲਿਖਣ ਦੇ ਵਿਚ ਕਾਬਿਲ ਹੋਣ, ਨਹੀਂ ਤਾਂ ਉਹ ਕਦੇ ਵੀ ਆਪਣਾ ਇਤਿਹਾਸ ਤੇ ਗੁਰਬਾਣੀ ਨਹੀਂ ਪੜ੍ਹ ਸਕਣਗੇ ।
ਪ੍ਰਵਾਸੀ ਸਿੱਖ ਪੰਜਾਬੀਆਂ ਦੇ ਲਈ ਸ਼ਾਇਦ ਇਹ ਗੱਲ ਮਾਇਨੇ ਜ਼ਿਆਦਾ ਰੱਖਦੀ ਹੋਵੇ ਕਿ ਅਸੀਂ ਆਪਣੇ ਬੱਚਿਆਂ ਨੂੰ ਆਜ਼ਾਦੀ ਦੇ ਰਹੇ ਹਾਂ, ਅਸੀਂ ਉਨ੍ਹਾਂ ਨੂੰ ਜ਼ੰਜੀਰਾਂ ਦੇ ਵਿਚ ਨਹੀਂ ਰੱਖਿਆ । ਮੇਰਾ ਇਹ ਮੰਨਣਾ ਹੈ ਕਿ ਇਹ ਸਰਾਸਰ ਗ਼ਲਤ ਤੇ ਮੱਕਾਰੀ ਵਾਲਾ ਰਸਤਾ ਹੈ । ਹਰ ਇਕ ਮਾਂ-ਬਾਪ ਦਾ ਇਹ ਫਰਜ਼ ਬਣਦਾ ਹੈ ਕਿ ਉਹ ਆਪਣੀ ਸੰਤਾਨ ਨੂੰ ਆਪਣੇ ਸਭਿਆਚਾਰ ਤੇ ਧਰਮ ਤੋਂ ਜਾਣੂ ਕਰਾਉਣ । ਜੇਕਰ ਹਰ ਇਕ ਮਾਂ-ਬਾਪ ਹੀ ਅਜਿਹਾ ਸੋਚਣ ਲੱਗ ਗਏ ਤਾਂ ਫਿਰ ਦੁਨੀਆਂ ਦੇ ਵਿਚ ਕੋਈ ਵੀ ਸਭਿਆਚਾਰ ਤੇ ਧਰਮ ਨਹੀਂ ਬਚੇਗਾ ਜੋ ਇਕ ਪੀੜ੍ਹੀ ਤੋਂ ਦੂਜੀ ਕੋਲ ਜਾਵੇ । ਸੋ ਮੇਰੀ ਸਭ ਮਾਂ-ਬਾਪ ਦੇ ਚਰਨਾਂ ਦੇ ਵਿਚ ਬੇਨਤੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖੀ ਵੱਲ ਤੇ ਪੰਜਾਬੀ ਬੋਲਣ ਵੱਲ ਪ੍ਰੇਰੋ ਤਾਂ ਜੋ ਇਹ ਖ਼ਜ਼ਾਨਾ ਇਸੇ ਤਰ੍ਹਾਂ ਹੀ ਸਾਂਭਿਆ ਜਾ ਸਕੇ ।
ਇਹ ਵੀ ਇੱਕ ਸੱਚਾਈ ਹੈ ਕਿ ਸਮੇਂ ਅਨੁਸਾਰ ਹਰ ਇਕ ਬੋਲੀ ਦੇ ਵਿਚ ਦੂਜੀਆਂ ਬੋਲੀਆਂ ਦੇ ਲਫ਼ਜ਼ ਮਿਲ ਜਾਂਦੇ ਨੇ । ਹੁਣ ਜਿਵੇਂ ਪੰਜਾਬੀ ਦੇ ਬਿੰਦੀ ਵਾਲੇ ਅੱਖਰ ਆਏ ਹੀ ਇਸ ਲਈ ਨੇ ਕਿਉਂਕਿ ਉਹ ਦੂਜੀਆਂ ਬੋਲੀਆਂ ਦੇ ਲਫ਼ਜ਼ ਲਿਖਣ ਲਈ ਵਰਤੇ ਜਾਂਦੇ ਹਨ । ਪੰਜਾਬੀ ਬੋਲੀ ਦੇ ਵਿਚ ਵੀ ਲਫ਼ਜ਼ ਹੋਰ ਬੋਲੀਆਂ ਤੋਂ ਆਏ ਨੇ, ਖ਼ਾਸ ਕਰ ਅਰਬੀ ਜਾਂ ਉਰਦੂ ਬੋਲੀ ਦੇ । ਪਰ ਕਈ ਵਾਰੀ ਬਹੁਤ ਸਾਰੇ ਸੁਹਿਰਦ ਪਾਠਕ ਅਜਿਹੇ ਹੁੰਦੇ ਨੇ ਜੋ ਝੱਟ ਪਹਿਚਾਣ ਜਾਂਦੇ ਹਨ ਕਿ ਕਿਤੇ ਇਹ ਸਾਡੀ ਬੋਲੀ ਦੇ ਵਿਚ ਜਾਣਬੁੱਝ ਕੇ ਤਾਂ ਨਹੀਂ ਕੀਤਾ ਜਾ ਰਿਹਾ ਤਾਂ ਜੋ ਪੰਜਾਬੀ ਦੇ ਬੋਲ ਘਟਾਏ ਜਾ ਸਕਣ ।
ਮੈਨੂੰ ਯਾਦ ਹੈ ਕਿ ਮੈਂ ਇਕ ਪੋਸਟ ਦੇ ਵਿਚ ਪੜ੍ਹ ਰਿਹਾ ਸੀ ਕਿ ਇਕ ਸੱਜਣ ਨੇ ਪੰਜਾਬੀ ਅਖ਼ਬਾਰ ਦੇ ਵਿਚ ਆਪਣਾ ਲੇਖ ਲਿਖਿਆ ਸੀ, ਜਿਸ ਬਾਰੇ ਇਕ ਫੇਸਬੁੱਕ ਪੇਜ ਨੇ ਸਵਾਲ ਕੀਤਾ ਕਿ ਜੋ ਲਫ਼ਜ਼ ਪੰਜਾਬੀ ਬੋਲੀ ਦੇ ਵਿਚ ਉਪਲੱਬਧ ਹਨ ਉਹ ਬਿਨਾਂ ਵਰਤੇ ਕੋਈ ਹੋਰ ਬੋਲੀ ਕਿਉਂ ਵਾੜ੍ਹੀ ਗਈ । ਮਿਸਾਲ ਦੇ ਤੌਰ ਤੇ ਉਸਨੇ ਕਿਹਾ ਕਿ 'ਸਪਤਾਹ' ਦੀ ਜਗ੍ਹਾ ਤੇ 'ਹਫ਼ਤਾ' ਵਰਤਿਆ ਜਾ ਸਕਦਾ ਸੀ । ਸ਼ਾਇਦ ਮੈਂ ਇੰਨੀ ਡੂੰਗਿਆਈ ਨਾਲ ਨਹੀਂ ਪੜ੍ਹਦਾ ਕੋਈ ਚੀਜ਼ । ਪਰ ਕੁਝ ਲੋਕ ਬਹੁਤੇ ਹੀ ਸਮਝਦਾਰ ਹੁੰਦੇ ਹਨ, ਝੱਟ ਫੜ੍ਹ ਲੈਂਦੇ ਨੇ ਇਹ ਗੱਲਾਂ । ਇਵੇਂ ਹੀ ਇਕ ਹੋਰ ਲੇਖ ਪੜ੍ਹਿਆ ਜਿਸ ਵਿਚ ਲਿਖਿਆ ਸੀ ਕਿ ਪੰਜਾਬੀ ਨਾਟਕਾਂ ਦੇ ਵਿਚ ਕਿਸ ਤਰੀਕੇ ਨਾਲ ਹੋਰ ਬੋਲੀਆਂ ਬੋਲੀਆਂ ਜਾ ਰਹੀਆਂ ਹਨ । ਸੋ ਕੀ ਇਹ ਸਭ ਕਿਸੇ ਸਾਜ਼ਿਸ਼ ਅਧੀਨ ਹੋ ਰਿਹਾ ਹੈ ਜਾਂ ਫਿਰ ਆਪਣੇ-ਆਪ ਸੁਤੇ-ਸਿੱਧ ਹੀ ਇਹ ਹੋ ਜਾਂਦਾ ਹੈ ? ਮੈਂ ਸ਼ਾਇਦ ਦੋਨੋਂ ਗੱਲਾਂ ਨਾਲ ਸਹਿਮਤ ਹਾਂ । ਕਈ ਵਾਰੀ ਸੁਤੇ-ਸਿੱਧ ਹੀ ਜਿਸ ਵਹਾਅ ਦੇ ਵਿਚ ਤੁਸੀਂ ਲਿਖ ਰਹੇ ਹੁੰਦੇ ਹੋ ਉਸ ਵਿਚ ਕਈ ਹੋਰ ਬੋਲਦੀਆਂ ਦੇ ਲਫ਼ਜ਼ ਵੀ ਆ ਜਾਂਦੇ ਹਨ । ਹਾਂ ਇਹ ਵੀ ਸੱਚਾਈ ਹੋ ਸਕਦੀ ਹੈ ਕਿ ਜਾਣਬੁੱਝ ਕੇ ਹੋਰ ਬੋਲੀਆਂ ਵਰਤੀਆਂ ਜਾ ਰਹੀਆਂ ਹਨ ਤਾਂ ਜੋ ਪੰਜਾਬੀ ਦੇ ਲਫ਼ਜ਼ ਹੀ ਭੁੱਲ ਜਾਣ ।
ਭਾਰਤ ਦੇਸ਼ ਦੇ ਤਾਮਲ ਨਾਡੂ ਰਾਜ ਦੇ ਵਿਚ ਜਿੰਨਾਂ ਵਿਰੋਧ ਹਿੰਦੀ ਬੋਲੀ ਦਾ ਹੋ ਰਿਹਾ ਹੈ ਸ਼ਾਇਦ ਹੀ ਕਿਸੇ ਹੋਰ ਰਾਜ ਦੇ ਵਿਚ ਹੋਵੇ । ਤਾਮਿਲ ਲੋਕ ਆਪਣੇ ਵਿਰਸੇ ਤੇ ਸਭਿਆਚਾਰ ਤੇ ਬਹੁਤ ਮਾਨ ਮਹਿਸੂਸ ਕਰਦੇ ਹਨ । ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਵਿਰਾਸਤ ਨਵੇਂ ਸਮੇਂ ਤੋਂ ਪ੍ਰਭਾਵਿਤ ਹੋ ਕਰ ਚਲੀ ਜਾਏ । ਉਹ ਤਾਂ ਇਥੋਂ ਤੱਕ ਕਹਿ ਰਹੇ ਨੇ ਕਿ ਏ.ਟੀ.ਐਮ ਤਾਮਿਲ ਦੇ ਵਿਚ ਹੋਵੇ ਜੋ ਉਨ੍ਹਾਂ ਦੇ ਰਾਜ ਦੇ ਵਿਚ ਹਨ, ਅਤੇ ਹਵਾਈ ਜਹਾਜ਼ ਦੇ ਵਿਚ ਵੀ ਤਾਮਿਲ ਦੇ ਵਿਚ ਬੋਲਿਆ ਜਾਵੇ ਕਿਉਂਕਿ ਜੇਕਰ ਕੋਈ ਜਹਾਜ਼ ਚਨੇਈ ਤੋਂ ਚਲਦਾ ਹੈ ਤਾਂ ਉਸ ਵਿਚ ਬਹੁਤ ਸ਼ਾਇਦ ਤਾਮਿਲ ਲੋਕ ਹੀ ਹੋਣ ਜੋ ਹਿੰਦੀ ਨਹੀਂ ਸਮਝਦੇ ਹੋਣਗੇ ।
ਪੰਜਾਬ ਦੇ ਵਿਚ ਵੀ ਹਿੰਦੀ ਦਾ ਵਿਰੋਧ ਦੇਖਣ ਨੂੰ ਮਿਲਿਆ, ਪਰ ਮੀਡੀਏ ਨੇ ਪੰਜਾਬੀ ਨੂੰ ਪਹਿਲ ਦੇਣ ਵਾਲੇ ਲੋਕਾਂ ਨੂੰ ਵੀ ਦਹਿਸ਼ਤਗਰਦ ਨਾਲ ਜੋੜ੍ਹ ਦਿੱਤਾ । ਹੁਣ ਦੀ ਨੌਜਵਾਨੀ ਨੂੰ ਸ਼ਾਇਦ ੮੦ ਜਾਂ ੯੦ ਦੇ ਦਹਾਕਿਆਂ ਦੇ ਵਿਚ ਵਾਪਰੀਆਂ ਘਟਨਾਵਾਂ ਬਾਰੇ ਨਾ ਪਤਾ ਹੋਵੇ, ਪਰ ਜਿਹੜੀਆਂ ਹੁਣ ਵਾਪਰ ਰਹੀਆਂ ਹਨ ਉਨ੍ਹਾਂ ਤੋਂ ਇਹ ਸਿੱਧ ਹੋ ਜਾਂਦਾ ਹੈ ਕਿ ਮੀਡੀਆ ਉਸ ਸਮੇਂ ਤੇ ਕਿੰਨਾ ਕੁ ਨਿਰਪੱਖ ਹੋਵੇਗਾ ।
ਚਾਹੀਦਾ ਤਾਂ ਇਹ ਹੈ ਕਿ ਕੋਈ ਵੀ ਧਾਰਮਿਕ ਜਾਂ ਫਿਰ ਸਭਿਆਚਾਰਕ ਬੰਦਾ ਆਪਣਾ ਧਰਮ ਜਾਂ ਫਿਰ ਆਪਣਾ ਸਭਿਆਚਾਰ ਕਿਸੇ ਤੇ ਨਾ ਥੋਪੇ । ਪਰ ਜਦੋਂ ਤਾਕਤ ਹੱਥ ਦੇ ਵਿਚ ਆ ਜਾਂਦੀ ਹੈ ਤਾਂ ਇਨਸਾਨ ਸਭ ਕੁਝ ਭੁੱਲ ਜਾਂਦਾ ਹੈ । ਉਹ ਆਪਣੀ ਤਾਕਤ ਦੀ ਦੁਰਵਰਤੋਂ ਕਰਨ ਤੋਂ ਵੀ ਸੰਕੋਚ ਨਹੀਂ ਕਰਦਾ । ਉਹ ਹੁਣ ਸਾਰਿਆਂ ਨੂੰ ਆਪਣੇ ਵਿਚਾਰਾਂ ਦੇ ਥੱਲੇ ਰੱਖਣਾ ਚਾਹੁੰਦਾ ਹੈ ਤਾਂ ਜੋ ਸਾਰੇ ਲੋਕ ਓਹੀ ਰੰਗਤ ਦੇ ਵਿਚ ਰੰਗੇ ਜਾਣ ਜਿਸ ਵਿਚ ਉਹ ਰੰਗਿਆ ਹੋਇਆ ਹੈ । ਮੁਗ਼ਲਾਂ ਤੇ ਦੁਰਾਨੀਆਂ ਦੇ ਹਮਲਿਆਂ ਤੇ ਰਾਜਾਂ ਤੋਂ ਇਹ ਸਬਕ ਸਹਿਜੇ ਹੀ ਸਿੱਖਿਆ ਜਾ ਸਕਦਾ ਹੈ ਕਿ ਇਹ ਤਰੀਕਾ ਕਿੰਨਾ ਘਾਤਕ ਹੁੰਦਾ ਹੈ । ਪਰ ਜੋ ਇਨਸਾਨ ਰਾਜ ਕਰ ਰਿਹਾ ਹੁੰਦਾ ਹੈ ਉਹ ਉਸ ਤਾਕਤ ਦੇ ਨਸ਼ੇ ਦੀ ਰੰਗਤ ਦੇ ਵਿਚ ਹੁੰਦਾ ਹੈ, ਉਸਨੂੰ ਕੁਝ ਵੀ ਗ਼ਲਤ ਨਹੀਂ ਲੱਗਦਾ । ਮੈਂ ਜਿਵੇਂ ਬਹੁਤੇ ਵਾਰੀ ਕਿਹਾ ਹੈ ਕਿ ਮੁਗ਼ਲ ਸਾਸ਼ਕ ਔਰੰਗਜ਼ੇਬ ਬਹੁਤ ਬੇਵਕੂਫ਼ ਸੀ । ਔਰੰਗਜ਼ੇਬ ਨੂੰ ਇਹ ਸਮਝ ਲੈਣਾ ਚਾਹੀਦਾ ਸੀ ਕਿ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਜਾਂ ਫਿਰ ਗੁਰੂ ਗੋਬਿੰਦ ਸਿੰਘ ਜੀ ਨਾਲ ਲੜਾਈਆਂ ਲੜ ਕੇ ਓਹੀ ਸਿੱਟਾ ਨਿਕਲੇਗਾ ਜੋ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਕੇ ਨਿਕਲਿਆ ਸੀ । ਪਰ ਔਰੰਗਜ਼ੇਬ ਇਸਨੂੰ ਨਹੀਂ ਸਮਝ ਸਕਿਆ, ਕਿਉਂਕਿ ਮੁਗ਼ਲਾਂ ਦੇ ਨਾਸ਼ ਲਈ ਇਹ ਵੀ ਜ਼ਰੂਰੀ ਸੀ ।
ਇਕ ਘਟਨਾ ਸਾਹਮਣੇ ਆਈ ਜਿਸ ਵਿਚ ਇਕ ਬਾਹਰਲੇ ਮੁਲਕ ਦੇ ਵਿਚ ਰਹਿ ਰਹੀ ਬੀਬੀ ਪੰਜਾਬੀ ਦੇ ਵਿਚ ਗੱਲ ਕਰ ਰਹੀ ਸੀ ਤੇ ਆਪਣੇ ਧਰਮ ਬਾਰੇ ਦੱਸ ਰਹੀ ਸੀ । ਜਾਂ ਫਿਰ ਸਿੱਖੀ ਸਰੂਪ ਦੇ ਵਿਚ ਕਈ ਸਿੱਖ ਜੋ ਈਸਾਈ ਬਣ ਗਏ ਨੇ ਪੰਜਾਬ ਦੇ ਵਿਚ ਉਹ ਈਸਾਈ ਧਰਮ ਦਾ ਪ੍ਰਚਾਰ ਕਰਨ ਲੱਗ ਗਏ ਨੇ । ਉਹ ਪਹਿਲਾਂ ਤੋਂ ਹੀ ਪੰਜਾਬੀ ਜਾਣਦੇ ਹਨ ਤੇ ਫਿਰ ਈਸਾਈ ਧਰਮ ਬਾਰੇ ਦੱਸਣ ਦੇ ਵਿਚ ਉਨ੍ਹਾਂ ਨੂੰ ਕੋਈ ਮੁਸ਼ਕਿਲ ਨਹੀਂ ਆਵੇਗੀ । ਮੇਰਾ ਇਹ ਵਿਚਾਰ ਨਹੀਂ ਕਿ ਈਸਾਈ ਆਪਣੇ ਧਰਮ ਦਾ ਪ੍ਰਚਾਰ ਕਿਉਂ ਕਰ ਰਹੇ ਨੇ ਪੰਜਾਬ ਦੇ ਵਿਚ, ਮੇਰਾ ਇਹ ਭਾਵ ਹੈ ਕਿ ਇਕ ਭਾਸ਼ਾ ਦੇ ਰਾਹੀ ਕੀ ਕੁਝ ਕੀਤਾ ਜਾ ਸਕਦਾ ਹੈ ਤੇ ਕਿੰਨੇ ਰਸਤੇ ਖੁਲ੍ਹ ਜਾਂਦੇ ਨੇ ਲੋਕਾਂ ਲਈ । ਹਾਂ, ਪਰ ਇਹ ਜ਼ਰੂਰ ਸੋਚਣ ਵਾਲੀ ਗੱਲ ਹੈ ਕਿ ਸਿੱਖੀ ਸਰੂਪ ਦੇ ਵਿਚ ਹੋ ਕਰ ਵੀ ਉਹ ਕਿਹੜੀ ਚੀਜ਼ ਹੈ ਜੋ ਉਹ ਸਮਝ ਨਹੀਂ ਪਾਏ ਸਿੱਖੀ ਬਾਰੇ ਤੇ ਦੂਜੇ ਧਰਮ ਦੇ ਵਿਚ ਚਲੇ ਗਏ । ਮੈਂ ਇਸ ਬਾਰੇ ਇਕ ਅਲੱਗ ਲੇਖ ਲਿਖਾਂਗਾ ।
ਪੰਜਾਬੀ ਨੂੰ ਸੁਰਜੀਤ ਰੱਖਣ ਦੇ ਲਈ ਆਪਾਂ ਸਾਰਿਆਂ ਨੂੰ ਉਪਰਾਲੇ ਕਰਨੇ ਚਾਹੀਦੇ ਹਨ । ਸਾਰੇ ਪੰਜਾਬੀਆਂ ਨੂੰ, ਚਾਹੇ ਉਹ ਕੋਈ ਵੀ ਧਰਮ ਨਾਲ ਸਬੰਧ ਰੱਖਦੇ ਹੋਣ, ਇਕੱਠੇ ਹੋ ਕਰ ਉਹ ਹਰ ਤਾਕਤ ਜੋ ਪੰਜਾਬੀ ਬੋਲੀ ਖ਼ਿਲਾਫ਼ ਵਰਤੀ ਜਾਵੇਗੀ ਉਸ ਵੱਲ ਧਿਆਨ ਦੇਣਾ ਚਾਹੀਦਾ ਹੈ । ਜਿਵੇਂ ਤਾਮਲ ਨਾਡੂ ਦੇ ਵਿਚ ਲੋਕ ਇਹ ਕਹਿੰਦੇ ਹਨ ਕਿ ਉਹ ਤਾਮਿਲ ਹਨ, ਜੇ ਤੁਸੀਂ ਕੋਈ ਇਕ ਵੱਲ ਵੀ ਉਂਗਲ ਕੀਤੀ ਤਾਂ ਤੁਸੀਂ ਸਾਡੇ ਸਾਰਿਆਂ ਵੱਲ ਕੀਤੀ, ਚਾਹੇ ਫਿਰ ਉਸ ਤਾਮਿਲ ਦਾ ਕੋਈ ਵੀ ਧਰਮ ਹੋਵੇ । ਇਸੇ ਤਰ੍ਹਾਂ ਹੀ ਆਪਾਂ ਸਾਰਿਆਂ ਨੂੰ ਰੱਲ ਕੇ ਚੱਲਣਾ ਪਵੇਗਾ । ਜੇ ਕਿਸੇ ਨੇ ਮਾਂ-ਬੋਲੀ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨਾ ਹੈ, ਉਹ ਫਿਰ ਉਸਦੀ ਆਪਣੀ ਮਰਜ਼ੀ ।
ਨਾਲੋ-ਨਾਲ ਆਪਾਂ ਨੂੰ ਪੰਜਾਬੀ ਦੇ ਪਰਸਾਰ ਦੇ ਲਈ ਵੀ ਯਤਨ ਕਰਨੇ ਚਾਹੀਦੇ ਹਨ । ਮੈਨੂੰ ਯਾਦ ਹੈ ਕਿ ਇਕ ਫੇਸਬੁੱਕ ਪੋਸਟ ਦੇ ਵਿਚ ਲਿਖਿਆ ਸੀ ਕਿ ਪੰਜਾਬੀ ਸਾਹਿਤ ਨੂੰ ਬਾਹਰਲੇ ਮੁਲਕਾਂ ਦੇ ਵਿਚ ਕੋਈ ਖ਼ਾਸ ਥਾਂ ਨਹੀਂ ਮਿਲੀ ਹੋਈ, ਜਦਕਿ ਜੇ ਤੁਸੀਂ ਅੰਗਰੇਜ਼ੀ, ਚੀਨੀ, ਜਪਾਨੀ, ਆਦਿ ਭਾਸ਼ਾਵਾਂ ਦੀ ਗੱਲ ਕਰੋ ਤਾਂ ਉਹ ਬਹੁਤ ਮੁਲਕਾਂ ਦੇ ਵਿਚ ਰਹਿਣ ਵਾਲੇ ਇਨਸਾਨ ਸਿੱਖਣਾ ਚਾਹੁੰਦੇ ਹਨ । ਤੇ ਇਸ ਦੇ ਲਈ ਉਨ੍ਹਾਂ ਨੇ ਬਹੁਤ ਯਤਨ ਵੀ ਕੀਤੇ ਹਨ । ਮਿਸਾਲ ਦੇ ਤੌਰ ਤੇ ਇਨ੍ਹਾਂ ਦੇਸ਼ਾਂ ਦੇ ਲੋਕਾਂ ਨੇ ਯੂ-ਟਿਊਬ ਰਾਹੀ ਜਾਂ ਹੋਰ ਤਰੀਕੇ ਨਾਲ ਆਪਣੀਆਂ ਭਾਸ਼ਾਵਾਂ ਦੂਸਰੇ ਦੇਸ਼ਾਂ ਦੇ ਲੋਕਾਂ ਤੱਕ ਪਹੁੰਚਾਈਆਂ ਹਨ । ਆਪਾਂ ਨੂੰ ਵੀ ਕੁਝ ਅਜਿਹਾ ਕਰਨਾ ਚਾਹੀਦਾ ਹੈ ।
ਯੂ-ਟਿਊਬ ਇਕ ਬਹੁਤ ਹੀ ਵਧੀਆ ਤਰੀਕਾ ਹੈ ਇਸ ਲਈ । ਜਿਨ੍ਹਾਂ ਨੂੰ ਥੋੜ੍ਹੀ-ਬਹੁਤ ਅੰਗਰੇਜ਼ੀ ਆਉਂਦੀ ਹੈ, ਉਹ ਜ਼ਰੂਰ ਕੁਝ ਸਮਾਂ ਕੱਢ ਕੇ ਲੋਕਾਂ ਨੂੰ ਪੰਜਾਬੀ ਲਿੱਪੀ, ਲਫ਼ਜ਼, ਤੇ ਬੋਲਣ ਦਾ ਤਰੀਕਾ ਸਿਖਾਏ । ਬਹੁਤ ਸਾਰੇ ਅਜਿਹੇ ਲੋਕ ਮੈਂ ਦੇਖੇ ਨੇ ਜੋ ਪੰਜਾਬੀ ਸਿੱਖਣਾ ਤਾਂ ਚਾਹੁੰਦੇ ਹਨ ਪਰ ਉਨ੍ਹਾਂ ਕੋਲ ਕੋਈ ਤਰੀਕਾ ਨਹੀਂ ਹੈ । ਕੁਝ ਕੁ ਹੈ ਚੈਨਲ ਯੂ-ਟਿਊਬ ਤੇ ਜੋ ਪੰਜਾਬੀ ਸਿਖਾਉਂਦੇ ਹਨ, ਪਰ ਉਹ ਬਹੁਤ ਘੱਟ ਹਨ, ਤੇ ਉਹ ਜ਼ੀਰੋ ਤੋਂ ਨਹੀਂ ਸ਼ੁਰੂ ਕਰਦੇ । ਸੋ ਆਉ, ਆਪਾਂ ਸਾਰੇ ਮਿਲਕੇ ਹੰਭਲਾ ਮਾਰੀਏ ਤੇ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਲਈ ਯਤਨ ਕਰੀਏ ।
,,
ਇਹ ਹੈ ਮੇਰੀ ਪੀੜ੍ਹੀ ।
, ,
ਨਾ ਕਰੋ ਕਿਸੇ ਨਾਲ ਥੱਕਾ ।
, ,
ਮਿਲ ਕੇ ਰਹਿਣਾ ਪੱਕਾ ।
, ,
ਮੈਂ ਹਾਂ ਗੁਰਮੁਖੀ ਦਾ ਬੱਚਾ ।
, ,
ਰਹੀਏ ਆਪਾਂ ਵਾਙੂ ਜੰਞਾਂ ।
, ,
ਨਾ ਮੈਂ ਪੰਜਾਬੀ ਨੂੰ ਭੰਡਾਂ ।
, ,
ਦੇਈਏ ਆਪਾਂ ਪੰਜਾਬੀ ਮੱਤਾਂ ।
, ,
ਨਾ ਪਾਈਏ ਵਿਚਾਲੇ ਕੰਧਾਂ ।
, ,
ਰਹੀਏ ਆਪਾਂ ਮਾਰਕੇ ਜੱਫਾ ।
, ,
ਨਾ ਵਿਸਾਰੀਏ ਬੋਲੀ-ਮਾਂ ।
, ,
ਕਰੀਏ ਮਿਲਕੇ ਕੋਈ ਹੀਲਾ ।
, , ਨਾਲ ਹੈ ਪੈਂਤੀ
'ਅਨਪੜ੍ਹ ਬਾਬੇ' ਕਰੇ ਬੇਂਤੀ ।

No comments:

Post a Comment

Please note there are couple of articles on different topics on this blog. There are very good chances that what you're going to bring in the comment section has already been discussed. And your comment will not be published if it has the same arguments/thoughts.

Kindly read this page for more information: https://sikhsandsikhi.blogspot.com/p/read-me.html

Or read the footer of any article: 'A request to the readers!'