Sunday, 17 October 2021

'Hum Hindu Hain' Da Khandan - Part 3

ਗੁਰ-ਮੂਰਤਿ

 

ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਗੁਰੂ ਦੀ ਪੂਜਾ ਜਾਂ ਫਿਰ ਗੁਰੂ ਸਾਹਿਬ ਦੇ ਪੈਰ ਜਾਂ ਮੂਰਤਿ ਦਾ ਕਾਫ਼ੀ ਵਾਰੀ ਜ਼ਿਕਰ ਆਇਆ ਹੈ । ਇਸ ਦਾ ਜ਼ਿਕਰ ਪਹਿਲਾਂ ਵੀ ਕਰ ਆਏ ਹਾਂ । ਜਦੋਂ ਗੁਰੂ ਸਾਹਿਬ ਮਨੁੱਖੀ ਦੇਹ ਦੇ ਵਿਚ ਸਨ ਤਾਂ ਓਦੋਂ ਉਨ੍ਹਾਂ ਦੇ ਹੱਥਾਂ-ਪੈਰਾਂ ਦੇ ਦਰਸ਼ਨ ਹੋ ਜਾਂਦੇ ਸਨ । ਪਰ ਹੁਣ ਦੇ ਸਮੇਂ ਦੇ ਵਿਚ ਜਦੋਂ ਸ਼ਬਦ ਹੀ ਗੁਰੂ ਹਾਂ, ਤਾਂ ਫਿਰ ਦਰਸ਼ਨ ਕਿਵੇਂ ਹੋਣ ?

ਆਪਾਂ ਇਸਨੂੰ ਸਮਝਣ ਦੇ ਲਈ ਇਕ ਉਦਾਹਰਣ ਦੇਖਦੇ ਹਾਂ ।

ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਪਰਮਾਤਮਾ ਦੀ ਜੋਤਿ ਦਾ ਬਹੁਤ ਵਾਰੀ ਜ਼ਿਕਰ ਹੋਇਆ ਹੈ । ਇਹ ਜੋਤਿ ਦੁਨੀਆਂ ਦੇ ਕਣ-ਕਣ ਵਿਚ ਸਮਾਈ ਹੋਈ ਹੈ । ਚਾਹੇ ਤੁਹਾਡਾ ਕੋਈ ਮਿੱਤਰ ਹੈ ਜਾਂ ਦੁਸ਼ਮਣ, ਇਹ ਸਭ ਵਿਚ ਹੈ ਅਤੇ ਸਾਰਿਆਂ ਵਿਚ ਇਕੋ-ਜਿਹੀ ਹੈ । ਜੋ ਚੋਰ ਵਿਚ ਹੈ ਉਹ ਰਾਜੇ ਵਿਚ ਹੈ, ਜੋ ਸੰਤ ਵਿਚ ਹੈ ਉਹੀ ਅਸੰਤ ਵਿਚ ਹੈ, ਜੋ ਇਨਸਾਨ ਦੇ ਵਿਚ ਹੈ ਉਹ ਜਾਨਵਰ ਦੇ ਵਿਚ ਵੀ ਹੈ । ਕੀ ਆਪਾਂ ਇਹ ਜੋਤਿ ਦੇਖੀ ਹੈ ? ਹਰ ਪਾਸੇ ਇਹ ਜੋਤਿ ਦਾ ਪਸਾਰਾ ਹੈ । ਗੁਰੂ ਗ੍ਰੰਥ ਸਾਹਿਬ ਇਸ ਜੋਤਿ ਨੂੰ ਦੇਖਣ ਦੀ ਗੱਲ ਕਰਦੇ ਨੇ, ਇਸ ਨੂੰ ਪਛਾਨਣ ਦੀ ਗੱਲ ਕਰਦੇ ਨੇ । ਕੀ ਨਿਰਾਲੇ ਤੇ ਇਸਦੇ ਵੱਗ ਨੇ ਇਹ ਜੋਤਿ ਦੇਖ ਲਈ ? ਜੇ ਨਹੀਂ ਦੇਖੀ ਤਾਂ ਫਿਰ ਕੀ ਇਹ ਕੋਈ ਬਲਬ ਜਗਾ ਕੇ ਹਿੱਕ ਤੇ ਲਈ ਫਿਰਦੇ ਆ ? ਕਿਉਂਕਿ ਗੁਰੂ ਸਾਹਿਬ ਨੇ ਇਸ ਜੋਤਿ ਦੀ ਗੱਲ ਕਰੀ ਹੈ ।

ਪਰ ਨਹੀਂ, ਇਸ ਵੱਲ ਇਨ੍ਹਾਂ ਦਾ ਧਿਆਨ ਨਹੀਂ ਗਿਆ । ਇਨ੍ਹਾਂ ਦਾ ਧਿਆਨ ਬਸ ਗੁਰੂਡੰਮਾਂ ਵੱਲ ਹੀ ਗਿਆ ਹੈ । ਜੇਕਰ ਇਨ੍ਹਾਂ ਨੂੰ ਗੁਰੂ ਦਾ ਰੂਪ ਜਾਂ ਚਰਨ ਨਹੀਂ ਦਿਖੇ ਤਾਂ ਇਹ ਅਲੱਗ ਗੁਰੂਡੰਮ ਬਣਾਉਣ ਦੀ ਗੱਲ ਕਰਦੇ ਨੇ । ਜੇ ਜੋਤਿ ਨਹੀਂ ਦਿਖੀ ਤਾਂ ਹਿੱਕ ਤੇ ਬਲਬ ਵੀ ਬਾਲ ਲੈਣਗੇ ?

ਜਿਵੇਂ ਆਪਾਂ ਪਹਿਲਾਂ ਵੀ ਵਿਚਾਰ ਕਰ ਆਏ ਹਾਂ ਕਿ ਗੁਰੂ ਦੇ ਦਰਸ਼ਨ ਕਰਨ ਦੇ ਲਈ ਤੁਹਾਨੂੰ ਭਗਤੀ ਕਰਨੀ ਪਵੇਗੀ । ਫਿਰ ਗੁਰੂ ਸਾਹਿਬ ਦੇ ਹੱਥ, ਪੈਰ, ਅਤੇ ਚਿਹਰਾ ਵੀ ਦਿਖਣ ਲੱਗ ਜਾਊਗਾ । ਪਰ ਇਸ ਲਈ ਭਗਤੀ ਦੀ ਜ਼ਰੂਰਤ ਹੈ । ਇਹ ਸਮਾਂ ਬਹੁਤ ਮੰਗਦੀ ਹੈ । ਮਨ ਟਿਕਾਉਣਾ ਕੋਈ ਸੌਖਾ ਕੰਮ ਨਹੀਂ ਹੈ । ਸੋ ਇਸਦੀ ਬਜਾਇ ਇਹ ਲੋਕ ਨਿਰਮੂਲ ਜਿਹੀਆਂ ਕਿਤਾਬਾਂ ਛਾਪ ਦਿੰਦੇ ਨੇ ਸੰਗਤਾਂ ਨੂੰ ਭਰਮਾਉਣ ਦੇ ਲਈ ।

ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਹੈ ਉਨ੍ਹਾਂ ਦੇ ਤਿੰਨ ਰੂਪ ਹਨ । ਇਕ ਸ਼ਬਦ ਵੀ ਹੈ । ਆਪਾਂ ਸ਼ਬਦ ਦਾ ਧਿਆਨ ਧਾਰ ਸਕਦੇ ਹਾਂ । ਕੀ ਪਤਾ ਗੁਰੂ ਸਾਹਿਬ ਸਾਡੇ ਤੇ ਖ਼ੁਸ਼ ਹੋ ਜਾਣ ਅਤੇ ਆਪਣਾ ਪੁਰਾਣਾ ਸਰੂਪ ਵੀ ਦਿਖਾ ਦੇਣ ।

ਨਿਰਾਲਾ ਜੀ ਸਵੇਰੇ ਸਵਾ ਪਹਿਰ ਰਹਿੰਦੇ ਉਠਿਆ ਕਰੋ ਤੇ ਸਿਮਰਨ ਕਰਿਆ ਕਰੋ । ਸਭ ਕੁਝ ਦਿਖ ਜਾਵੇਗਾ ਤੁਹਾਨੂੰ ਫਿਰ ਗੁਰੂਡੰਮਾਂ ਦੇ ਪਿੱਛੇ ਘੁੰਮਣ ਦੀ ਲੋੜ ਨਹੀਂ ਤੁਹਾਨੂੰ ।

ਕੁਝ ਕੁ ਨੁਕਤੇ ਹੇਠ ਲਿਖੇ ਹਨ ।

1.    ਇਹ ਲੋਕਾਂ ਦਾ ਤਕੀਆਕਲਾਮ ਹੀ ਬਣ ਗਿਆ ਹੈ ਕਿ ਕੁਝ ਲੱਭਣਾ ਹੋਵੇ ਤਾਂ ਦੂਜੇ ਧਰਮਾਂ ਦੀਆਂ ਕਿਤਾਬਾਂ ਦਾ ਜ਼ਿਕਰ ਕਰਦੇ ਨੇ । ਨਿਰਾਲੇ ਨੇ ਵੀ ਇਹੋ ਹੀ ਕੀਤਾ ਹੈ । ਹਾਲਾਂਕਿ ਇਹਨੇ ਮਹਾਨ ਕੋਸ਼ ਦਾ ਵੀ ਜ਼ਿਕਰ ਕੀਤਾ ਹੈ । ਮੈਂ ਇਹ ਨਹੀਂ ਕਹਿੰਦਾ ਕਿ ਦੂਜੇ ਧਰਮਾਂ ਦੀਆਂ ਕਿਤਾਬਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ । ਜੇਕਰ ਦੂਜੇ ਧਰਮਾਂ ਦੀਆਂ ਕਿਤਾਬਾਂ ਸਿੱਖੀ ਦੇ ਅਨੁਕੂਲ ਹਨ ਤਾਂ ਜੀ ਸਦਕੇ ਉਨ੍ਹਾਂ ਦਾ ਹਵਾਲਾ ਦਿਉ । ਜੇਕਰ ਉਹ ਸਿੱਖੀ ਸਿਧਾਂਤ ਦੇ ਉਲਟ ਹਨ ਤਾਂ ਉਨ੍ਹਾਂ ਦੇ ਪ੍ਰਮਾਣ ਨਹੀਂ ਦੇਣੇ ਚਾਹੀਦੇ । ਹੁਣ ਜੇਕਰ ਕੋਈ ਸਿੱਖ ਜਾਤੀ ਅਭਿਮਾਨ ਦੇ ਲਈ ਮੰਨੂ ਸਮ੍ਰਿਤੀ ਦੀ ਉਦਾਹਰਣ ਦੇਵੇ ਤਾਂ ਇਹ ਉਸਦੀ ਮੂਰਖ਼ਤਾ ਹੋਵੇਗੀ ।

ਨਿਰਾਲੇ ਦੀ ਮੂਰਖ਼ਤਾ ਇਥੋ ਦੇਖੀ ਜਾ ਸਕਦੀ ਹੈ ਕਿ ਇਹ ਆਪਣੀ ਗੱਲ ਰੱਖਣ ਦੇ ਲਈ ਯਜੁਰ ਵੇਦ ਅਤੇ ਉਪਨਿਸ਼ਧ ਦੇ ਵਿਚੋਂ ਉਦਾਹਰਣਾ ਦਿੰਦਾ ਹੈ । ਇਸਦਾ ਇਹ ਨੁੱਕਤਾ ਕਿਥੇ ਗਿਆ ਕਿ ਗੁਰੂ ਦੀ ਬਾਣੀ ਤੋਂ ਬਿਨਾ ਸਭ ਕੁਝ ਕੱਚਾ ਹੈ ? ਕੀ ਇਹ ਭੁੱਲ ਗਿਆ ਸੀ ? ਜਾਂ ਫਿਰ ਇਹ ਸਿਰਫ਼ ਦੂਜਿਆਂ ਤੇ ਤਰਕ ਕਰਨ ਨੂੰ ਹੀ ਰੱਖਿਆ ਹੈ? ਇਸੇ ਤਰ੍ਹਾਂ ਕੀ ਮਹਾਨ ਕੋਸ਼ ਗੁਰਬਾਣੀ ਹੈ ਜੋ ਇਸ ਦੀ ਮੱਦਦ ਲਿੱਤੀ ਗਈ ਹੈ ?

2.    ਲੋਕਾਂ ਨੇ ਕਈ ਵਾਰੀ ਆਪਣੀ ਗੱਲ ਸਿੱਧ ਕਰਨ ਦੇ ਲਈ ਇੰਨੀ ਘਟੀਆਂ ਪੱਧਰ ਦੇ ਸ਼ਬਦਾਂ ਦੀ ਚੋਣ ਕੀਤੀ ਹੈ ਕਿ ਸ਼ਰਮ ਆਉਂਦੀ ਹੈ । ਇਹ ਕੋਈ ਨਿਰਾਲੇ ਤੋਂ ਨਹੀਂ ਸ਼ੁਰੂ ਹੋਇਆ । ਇਹ ਤਾਂ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਿਆ ਸੀ ਅਤੇ ਹੁਣ ਤੱਕ ਚੱਲ ਰਿਹਾ ਹੈ । ਇੰਦੂਭੂਸ਼ਣ ਬੈਨਰਜ਼ੀ ਦੀ ਕਿਤਾਬ ਦਾ ਇਥੇ ਜ਼ਿਕਰ ਕਰਨਾ ਬਣਦਾ ਹੈ ।

ਉਹ ਕਹਿੰਦਾ ਹੈ[1] ਕਿ ਗੁਰੂ ਨਾਨਕ ਦੇਵ ਜੀ ਜਨੇਊ ਪਾਉਣ ਦੇ ਵਿਰੁਧ ਨਹੀਂ ਸਨ । ਬਲਕਿ ਉਨ੍ਹਾਂ ਦੇ ਵਿਰੁੱਧ ਸਨ ਜੋ ਜਨੇਊ ਪਾਉਣ ਨੂੰ ਹੀ ਬਹੁਤ ਵਧੀਆ ਧਰਮ ਸਮਝਦੇ ਸਨ । ਇਸ ਦੇ ਲਈ ਉਹ ਉਦਾਹਰਣ ਦਿੰਦਾ ਹੈ ਆਸਾ ਦੀ ਵਾਰ ਦੇ 17ਵੇਂ ਸਲੋਕ ਦੀ ਕਿ ਕੀ ਗੁਰੂ ਸਾਹਿਬ ਨਹਾਉਣ ਦੇ ਉਲਟ ਸਨ[2], ਭਾਵ ਇਹ ਕਿ ਪੁੱਠਾ ਅਰਥ ਕਰਕੇ ਦੱਸਣਾ । ਇਸ ਦੇ ਲਈ ਉਹ ਲੰਗਰ ਬਾਰੇ ਵੀ ਲਿਖਦਾ ਹੈ ਕਿ ਗੁਰੂ ਸਾਹਿਬ ਦਾ ਇਕ ਹੋਰ ਸਲੋਕ ਇਹ ਸਿੱਧ ਕਰਨ ਲਈ ਨਹੀਂ ਲਿਆ ਜਾ ਸਕਦਾ ਕਿ ਗੁਰੂ ਸਾਹਿਬ ਲੰਗਰ ਦੇ ਵਿਰੁੱਧ ਸਨ ।

ਕਾਰਣ ਇਸਦਾ ਇਹ ਹੈ ਕਿ ਜੇਕਰ ਇਹ ਨਹੀਂ ਕਹਿੰਦੇ ਕਿ ਗੁਰੂ ਸਾਹਿਬ ਨੇ ਜਨੇਊ ਪਾਉਣ ਲਈ ਮਨ੍ਹਾ ਕਰਤਾ ਸੀ ਤਾਂ ਇਹ ਸਿੱਧ ਕਰਨਾ ਔਖਾ ਹੋ ਜਾਵੇਗਾ ਕਿ ਗੁਰੂ ਹਿੰਦੂ ਸਨ । ਜਨੇਊ ਪਾਉਣਾ ਕੋਈ ਹਿੰਦੂ ਲਈ ਜ਼ਰੂਰੀ ਨਹੀਂ ਹੈ । ਉਹ ਇਹ ਵੀ ਕਹਿ ਸਕਦੇ ਨੇ ਕਿ ਜੇ ਜਨੇਊ ਨਹੀਂ ਪਾਇਆ ਤਾਂ ਵੀ ਉਹ ਹਿੰਦੂ ਸਨ ਹੋਰ ਕਾਰਨਾਂ ਕਰਕੇ । ਫਰ ਫਿਰ ਵੀ ਉਨ੍ਹਾਂ ਨੂੰ ਹਿੰਦੂ ਸਾਬਤ ਕਰਨ ਦੇ ਲਈ ਬਹੁਤੇ ਲਿਖਾਰੀ ਇਸ ਤਰ੍ਹਾਂ ਦੀ ਮੂਰਖ਼ਤਾ ਤੇ ਉਤਰ ਆਉਂਦੇ ਨੇ । ਇਹ ਬੇਹੱਦ ਜ਼ਰੂਰੀ ਹੈ ਇਨ੍ਹਾਂ ਲੋਕਾਂ ਦੇ ਲਈ । ਹਾਲਾਂਕਿ ਗੁਰਬਾਣੀ ਅਤੇ ਇਤਿਹਾਸ ਇਸਦੇ ਵਿਰੁੱਧ ਹਨ । ਇਕ ਨਵਾਂ ਦਾਅ-ਪੇਚ ਜੋ ਇਹ ਖੇਡਦੇ ਨੇ ਉਹ ਕਿ ਜੋ ਵੀ ਸ੍ਰੋਤ ਇਨ੍ਹਾਂ ਦੀ ਗੱਲਾਂ ਨੂੰ ਝੁਠਲਾਉਂਦਾ ਹੈ ਉਹ ਇਹ ਕਹਿ ਕੇ ਨਕਾਰ ਦਿੰਦੇ ਨੇ ਕਿ ਇਹ ਬਾਅਦ ਦੀ ਲਿਖਤ ਹੈ ।

ਇਥੇ ਭਾਈ ਗੁਰਦਾਸ ਜੀ ਦਾ ਜ਼ਿਕਰ ਕਰਨਾ ਬਣਦਾ ਹੈ । ਉਹ ਕਹਿੰਦੇ ਨੇ ਕਿ ਸਿੱਖ ਜਨੇਊ ਨੂੰ ਇਵੇਂ ਨਕਾਰਦੇ ਨੇ ਜਿਵੇਂ ਮਲ-ਮੂਤਰ ਨੂੰ । ਜੇਕਰ ਗੁਰੂ ਨਾਨਕ ਦੇਵ ਜੀ ਨੇ ਜਨੇਊ ਪਾਇਆ ਹੁੰਦਾ ਜਾਂ ਪਾਉਣ ਦੀ ਆਗਿਆ ਦਿੱਤੀ ਹੁੰਦੀ ਤਾਂ ਭਾਈ ਗੁਰਦਾਸ ਜੀ ਇਹ ਨਾ ਲਿਖਦੇ । ਭਾਈ ਗੁਰਦਾਸ ਜੀ ਉਹ ਸਿੱਖ ਨੇ ਜਿਨ੍ਹਾਂ ਨੇ ਸਿੱਖੀ ਨੂੰ ਬਹੁਤ ਨੇੜਿਉ ਤੱਕਿਆ ਹੈ । ਇਹ ਉਨ੍ਹਾਂ ਦੀਆਂ ਵਾਰਾਂ ਦੇ ਵਿਚ ਸਾਫ਼ ਝਲਕਦਾ ਹੈ ।

1.    ਘਰ ਬਾਰੀ ਗੁਰ ਸਿਖੁ ਹੋਇ ਸਿਖਾ ਸੂਤ੍ਰ ਮਲ ਮੂਤ੍ਰ ਵਿਡਾਣੈ । - ਭਾਈ ਗੁਰਦਾਸ ਜੀ, ਵਾਰ ੬, ਪਉੜੀ ੮

ਭਾਈ ਵੀਰ ਸਿੰਘ ਜੀ ਨੇ ਇਕ ਬਹੁਤ ਵਧੀਆ ਲਿਖਿਆ ਹੈ ਜਨੇਊ ਅਤੇ ਗੁਰੂ ਨਾਨਕ ਦੇਵ ਜੀ ਬਾਰੇ । ਸ਼ਾਇਦ ਇਸ ਤਰ੍ਹਾਂ ਦੇ ਲੋਕ ਪਹਿਲਾਂ ਵੀ ਹੁੰਦੇ ਸਨ । ਕਿ ਲੋਕਾਂ ਨੇ ਸ਼ੱਕ ਕਰਨਾ ਹੈ ਕਿ ਇਹ ਸ਼ਬਦ ਗੁਰੂ ਸਾਹਿਬ ਦੇ ਜੀਵਨ ਵਿਚ ਜਨੇਊ ਪਾਉਣ ਵਾਲੀ ਘਟਨਾ ਬਾਰੇ ਨਹੀਂ ਸੀ ਜਾਂ ਇਸ ਸ਼ਬਦ ਦਾ ਇਹ ਅਰਥ ਨਹੀਂ ਇਹ ਹੈ । ਅਜੇ ਤੱਕ ਲੋਕ ਭਾਈ ਸਾਹਿਬ ਦੀਆਂ ਲਿਖਤਾਂ ਨੂੰ ਗ਼ਲਤ ਕਰਨ ਤੇ ਤੁਲੇ ਹੋਏ ਨੇ । ਭਾਈ ਸਾਹਿਬ ਲਿਖਦੇ ਨੇ:

ਆਸਾ ਦੀ ਵਾਰ ਵਿਚ ਸਤਿਗੁਰ ਨੇ ਉਪਦੇਸ਼ ਦਿੱਤਾ ਹੈ ਕਿ ਤਾਗੇ ਦਾ ਜਨੇਊ ਮੁਕਤ ਨਹੀਂ ਕਰ ਸਕਦਾ, ਮੁਕਤ ਕਰਨੇ ਵਾਲਾ ਜਨੇਊ ਦਇਆ, ਸੰਤੋਖ, ਜਤ, ਸਤ, ਆਦਿ ਸ਼ੁਭ ਗੁਣਾਂ ਦਾ ਚਾਹੀਏ । ਹੈ ਤਾਂ ਇਹ ਸ਼ਲੋਕ ਉਪਦੇਸ਼ ਰੂਪ, ਇਸ ਵਿਚ ਇਕ ਤੁਕ ਹੈ – ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ; ਹੁਣ ਹਈ ਤੇ ਪਾਡੇ ਘਤੁ ਸਨਮੁਖ ਸੰਬੋਧਨ ਹੈ, ਕਿਸੇ ਨੂੰ ਕਹਿ ਰਹੇ ਹਨ ਕਿ ਜੇ ਜਨੇਊ ਹਈ ਤਾਂ ਲਿਆ ਪਾ, ਇਹ ਪਾਂਡੇ ਨਾਲ ਗੱਲਾਂ ਕਰ ਰਹੇ ਜਾਪਦੇ ਹਨ ।

ਸਤਿਗੁਰ ਏਕਾਂਤ ਵਾਸੀ ਬਚਪਨ ਤੋਂ ਸਨ, ਸੋ ਕਿਸੇ ਦੇ ਜਨੇਊ ਦੇ ਭੀੜ ਭੜੱਕੇ ਪਰ ਜਾਣਾ ਘੱਟ ਸੰਭਵ ਹੈ, ਆਪਣੇ ਬੱਚਿਆਂ ਲਈ ਪਾਂਡੇ ਨੂੰ ਸੱਦਣਾ ਸੰਭਵ ਹੀ ਨਹੀਂ, ਕਿਉਂਕਿ ਇਨ੍ਹਾਂ ਖਿਆਲਾਂ ਵਾਲੇ ਦਾ ਰਸਮ ਕਰਨ ਲਈ ਪਾਂਡੇ ਨੂੰ ਸੱਦਕੇ ਫੇਰ ਸਮਝੌਤੀ ਕਰਨੀ ਆਪਣੇ ਆਪ ਵਿਚ ਅਸੰਭਵ ਹੈ । ਬਾਕੀ ਇਹੋ ਗੱਲ ਸਪਸ਼ਟ ਹੈ ਕਿ ਆਪਣੇ ਜਨੇਊ ਪਹਿਰਨ ਵੇਲੇ ਪਾਂਡਾ ਆਇਆ ਹੈ ਤੇ ਉਸ ਨੂੰ ਮੱਤ ਦੇ ਰਹੇ ਹਨ ਤੇ ਸੱਚੇ ਜਨੇਊ ਦੀ ਜੋ ਮੁਕਤ ਕਰੇ ਵ੍ਯਾਖ੍ਯਾ ਕਹਿ ਰਹੇ ਹਨ । ਜੋ ਗੱਲ ਬਾਤ ਪੰਡਤ ਨਾਲ ਹੋਈ, ਜੋ ਈਸ਼੍ਵਰੀਯ ਗ੍ਯਾਨ ਉਸ ਨੂੰ ਦੱਸਿਆ, ਸੋ ਗੁਰੂ ਜੀ ਨੇ ਰਚ ਦਿੱਤਾ ।[3]

3.   ਸਿੱਖ-ਗੁਰੂ ਤੇ ਪਰਮਾਤਮਾ ਵੱਖ-ਵੱਖ ਨਹੀਂ ਹਨ । ਪਰਮਾਤਮਾ ਨੇ ਹੀ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰਨ ਕੀਤਾ ਸੀ ਤੇ ਫਿਰ ਆਪਣੀ ਜੋਤਿ ਬਾਕੀ ਗੁਰੂਆਂ ਦੇ ਵਿਚ ਰੱਖੀ । ਪਰਮਾਤਮਾ ਦਾ ਨਾਂਅ ਹੀ ਗੁਰੂ ਹੈ ਤੇ ਗੁਰੂ ਹੀ ਪਰਮਾਤਮਾ ਹੈ । ਕਈ ਸਿੱਖ ਅਜਿਹੇ ਹਨ ਜੋ ਸਿੱਖ ਗੁਰੂਆਂ ਦੇ ਨਾਵਾਂ ਦੀਆਂ ਮਾਲਾਵਾਂ ਫੇਰਦੇ ਨੇ । ਇਹ ਉਨ੍ਹਾਂ ਦੀ ਸਿਰਫ਼ ਆਸਥਾ ਜਾਂ ਸ਼ਰਧਾ ਨਹੀਂ ਪਰ ਦ੍ਰਿੜ੍ਹ ਵਿਸ਼ਵਾਸ਼ ਹੈ ਕਿ ਸਿੱਖ-ਗੁਰੂ ਹੀ ਪਰਮਾਤਮਾ ਹਨ ।

ਇਸ ਦੀ ਪ੍ਰੋੜਤਾ ਗੁਰਬਾਣੀ, ਭਾਈ ਗੁਰਦਾਸ ਜੀ ਦੀਆਂ ਵਾਰਾਂ, ਭਾਈ ਨੰਦ ਲਾਲ ਜੀ ਦੀਆਂ ਲਿਖਤਾ, ਅਤੇ ਇਤਿਹਾਸਿਕ ਸ੍ਰੋਤਾਂ ਤੋਂ ਵੀ ਹੁੰਦੀ ਹੈ । ਖ਼ਾਸ ਕਰ ਸਿੱਖ ਲਿਖਾਰੀਆਂ ਦੀ ਇਹ ਆਪਣੇ ਗੁਰੂ ਪ੍ਰਤੀ ਭਾਵਨਾ ਨਹੀਂ ਬਲਕਿ ਉਹ ਇਤਿਹਾਸਿਕ ਸੱਚਾਈ ਹੈ ਜੋ ਉਨ੍ਹਾਂ ਨੇ ਬਹੁਤ ਕੋਲੋਂ ਹੋ ਕੇ ਦੇਖੀ । ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਸਾਰੇ ਗੁਰੂ ਪੂਰਨ ਸਨ । ਜੇਕਰ ਕਿਸੇ ਨੇ ਗੁਰੂ ਨਾਨਕ ਦੇਵ ਜੀ ਨੂੰ ਕੁਝ ਦੱਸਿਆ ਤਾਂ ਉਨ੍ਹਾਂ ਦੇ ਗਿਆਨ ਵਿਚ ਕੋਈ ਵਾਧਾ ਨਹੀਂ ਹੋਇਆ ਕਿਉਂਕਿ ਉਹ ਪੂਰਨ ਸਨ, ਉਨ੍ਹਾਂ ਕੋਲ ਉਹ ਸਭ ਸੀ ਜੋ ਸਾਰੇ ਬ੍ਰਹਮੰਡਾਂ ਦੇ ਵਿਚ ਸੀ, ਉਹ ਵੀ ਜੋ ਸਿਰਫ਼ ਉਨ੍ਹਾਂ ਕੋਲ ਹੀ ਸੀ । ਜੇਕਰ ਕਿਸੇ ਨੇ ਉਨ੍ਹਾਂ ਨੂੰ ਕੁਝ ਨਹੀਂ ਦੱਸਿਆ ਤਾਂ ਕੋਈ ਘਾਟ ਨਹੀਂ ਹੋਈ ।

1.    ਪਾਰਬ੍ਰਹਮ ਪੂਰਣ ਬ੍ਰਹਮੁ ਗੁਰ ਨਾਨਕ ਦੇਉ ।[4]

2.   ਗੁਰੂ ਨਾਨਕ ਆਮਦ ਨਰਾਇਨ ਸਰੂਪ

3.   ਹਮਾਨਾ ਨਿਰੰਜਨ ਨਿਰੰਕਾਰ ਰੂਪ ।।1।।[5]

4.   ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ ।। - ਗੁਰੂ ਗ੍ਰੰਥ ਸਾਹਿਬ, ਅੰਗ 1395

ਇਸ ਤੋਂ ਇਲਾਵਾ ਨਿਰਾਲੇ ਨੇ ਮੂਲ ਮੰਤ੍ਰ, ਮਹਾਂ ਮੰਤ੍ਰ, ਬੀਜ ਮੰਤ੍ਰ, ਗੁਰ ਮੰਤ੍ਰ, ਤੇ ਪੰਜ ਕਕਾਰਾ ਬਾਰੇ ਬੇਲੋੜੇ ਪ੍ਰਸ਼ਨ ਖੜ੍ਹੇ ਕੀਤੇ ਨੇ, ਜਿਨ੍ਹਾਂ ’ਚੋਂ ਕਈ ਇਸਨੇ ਧਰਮ ਪ੍ਰਚਾਰ ਕਮੇਟੀ ਨੂੰ ਭੇਜੇ ਸਨ ਜਿਨ੍ਹਾਂ ਦੇ ਉੱਤਰ ਉਨ੍ਹਾਂ ਨੇ ਭੇਜ ਦਿੱਤੇ ਸਨ । ਪਰ ਇਸਨੇ ਫਿਰ ਆਪਣੀ ਬੁੱਧੀ ਦਾ ਪ੍ਰਯੋਗ ਕਰਕੇ ਪ੍ਰਸ਼ਨ ਕੀਤੇ, ਜਿਸਦੇ, ਇਹਦੇ ਮੁਤਾਬਕ, ਉੱਤਰ ਨਹੀਂ ਆਏ । ਆਉ ਇਸ ਵਾਲ ਝਾਤ ਮਾਰੀਏ ।

 

ਮੂਲ ਮੰਤ੍ਰ

ਮੂਲ ਮੰਤ੍ਰ ਨੂੰ ਲੈ ਕਰ ਸਿੱਖ ਧਰਮ ਦੇ ਵਿਚ ਦੋ ਧਾਰਾਵਾਂ ਹਨ । ਪਹਿਲੀ ਇਹ ਕਿ ਮੂਲ ਮੰਤ੍ਰ ‘ਗੁਰਪ੍ਰਸਾਦਿ’ ਤੱਕ ਹੈ । ਦੂਜੀ ਇਹ ਕਿ ‘ਨਾਨਕ ਹੋਸੀ ਭੀ ਸਚੁ’ ਤੱਕ । ਜਿਹੜੀਆਂ ਪੁਰਾਣੀਆਂ ਸੰਪਰਦਾਵਾਂ ਹਨ ਉਹ ਜਿੱਥੇ 1 ਲਿਖਿਆ ਹੈ ਓਥੋਂ ਤੱਕ ਮੂਲ ਮੰਤ੍ਰ ਮੰਨਦੀਆਂ ਹਨ । ਸ਼੍ਰੋਮਣੀ ਕਮੇਟੀ ਤੇ ਕਈ ਹੋਰ ਸੱਜਣ ‘ਗੁਰਪ੍ਰਸਾਦਿ’ ਤੱਕ ਮੰਨਦੇ ਨੇ ।

ਆਉ ਪਹਿਲਾਂ ਇਹ ਸਮਝੀਏੇ ਕਿ ਮੂਲ ਮੰਤ੍ਰ ਹੈ ਕੀ ।

ਮੂਲ ਮੰਤ੍ਰ’ ਉਹ ਹੈ ਜੋ ਕਿਸੇ ਗ੍ਰੰਥ ਦੇ ਸ਼ੁਰੂ ਹੋਣ ਤੇ ਲਿਖਿਆ ਜਾਵੇ । ਜੇਕਰ ‘ਗੁਰਪ੍ਰਸਾਦਿ’ ਤੱਕ ਮੂਲ ਮੰਤ੍ਰ ਮੰਨ ਲਿਆ ਜਾਵੇ ਤਾਂ ਇਹ ਲੱਗਭਗ ਹਰ ਇਕ ਰਾਗ ਦੇ ਸ਼ੁਰੂ ਦੇ ਵਿਚ ਲਿਖਿਆ ਮਿਲਦਾ ਹੈ, ਸਿਰਫ਼ ਮੁੱਢ ਤੇ ਨਹੀਂ । ਨਾਲੇ ਕੋਈ ਚੀਜ਼ ਓਦੋਂ ਖ਼ਤਮ ਹੁੰਦੀ ਹੈ ਜਦੋਂ ਇਸ ਦੇ ਪਿੱਛੇ ਕੋਈ ਅੰਕ ਲਿਖਿਆ ਜਾਵੇ । ‘ਗੁਰਪ੍ਰਸਾਦਿ’ ਤੋਂ ਬਾਅਦ ਕੋਈ ਵੀ ਅੰਕ ਲਿਖਿਆ ਨਹੀਂ ਮਿਲਦਾ, ਪਰ ‘ਨਾਨਕ ਹੋਸੀ ਭੀ ਸਚੁ’ ਤੋਂ ਬਾਅਦ 1 ਲਿਖਿਆ ਹੋਇਆ ਮਿਲਦਾ ਹੈ । ਇਸਨੂੰ ਸਿੱਧ ਕਰਨ ਦੇ ਲਈ ਗਿਆਨੀ ਹਰੀ ਸਿੰਘ ਰੰਧਾਵੇ ਵਾਲਿਆਂ ਨੇ ਕਈ ਪ੍ਰਮਾਣ ਦਿੱਤੇ ਹਨ ।

1.  ਗੁਰੂ ਨਾਨਕ ਦੇਵ ਜੀ ਦੇ ਸਾਹਿਬਜਾਦੇ ਸ੍ਰੀ ਚੰਦ ਜੀ ਦੀ ਸੰਪਰਦਾ, ਬਾਬਾ ਬੁੱਢਾ ਜੀ ਦੀ ਵੰਸ਼, ਭਾਈ ਬਿਧੀ ਚੰਦ ਜੀ ਦੀ ਵੰਸ਼, ਪੰਜਾਂ ਪਿਆਰਿਆਂ ਵਿਚੋਂ ਭਾਈ ਦਇਆ ਸਿੰਘ ਜੀ ਦੀ ਸੰਪਰਦਾ ਜੋ ‘ਹੋਤੀ ਮਰਦਾਨ’ ਸੰਪਰਦਾ ਕਹਾਈ, ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਤੋਂ ਸ਼ੁਰੂ ਹੋਈਆਂ ਸੰਪਰਦਾਵਾਂ, ਨਿਹੰਗ ਸਿੰਘ ਜਥੇਬੰਦੀਆਂ, ਤੇ ਕਈ ਹੋਰ ਸੰਪਰਦਾਵਾਂ ਮੂਲ ਮੰਤ੍ਰ ਜਿਥੇ 1 ਲਿਖਿਆ ਹੈ ਓਥੋਂ ਤੱਕ ਮੰਨਦੇ ਆਏ ਹਨ ।

2. ਬਾਬਾ ਦੀਪ ਸਿੰਘ ਜੀ ਦੇ ਸਿਰ ਤੇ ਸਜਾਉਣ ਵਾਲੇ ਚੱਕਰ ਤੇ ਵੀ ‘ਨਾਨਕ ਹੋਸੀ ਭੀ ਸਚੁ’ ਤੱਕ ਲਿਖਿਆ ਗਿਆ ਹੈ ।

3. ਸੰਤਘਾਟ ਗੁਰਦੁਆਰਿਆ ਸਾਹਿਬ ਦੀ ਪੁਰਾਣੀ ਇਮਾਰਤ ਤੇ ਵੀ ਪੂਰਨ ਰੂਪ ਦੇ ਵਿਚ ਲਿਖਿਆ ਹੋਇਆ ਮਿਲਦਾ ਹੈ, ਜੋ ਕਿ ਨਵੀਂ ਇਮਾਰਤ ਤੇ ਹੂ-ਬ-ਹੂ ਉਸੇ ਤਰ੍ਹਾਂ ਲਿਖਿਆ ਹੋਇਆ ਹੈ ।[6]

ਇਹ ਮੂਲ ਮੰਤ੍ਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਨਹੀਂ ਲਿਖਿਆ ਕਿ ਇਹ ਇਥੋਂ ਤੱਕ ਹੈ ਜਾਂ ਫਿਰ ਇਹ ਮੂਲ ਮੰਤ੍ਰ ਹੈ । ਇਹ ਇਤਿਹਾਸਕ ਪ੍ਰਮਾਣ ਹਨ ਜੋ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਹੀਂ ਹਨ । ਜਿਵੇਂ ਪਹਿਲਾਂ ਦੱਸਿਆ ਗਿਆ ਹੈ ਕਿ ਗੁਰਬਾਣੀ ਵਿਚ ਇਤਿਹਾਸਕ ਤੱਥ ਬਹੁਤ ਜ਼ਿਆਦਾ ਨਹੀਂ ਹਨ । ਇਸ ਕਰਕੇ ਦੂਜੇ ਸ੍ਰੋਤਾਂ ਵੱਲ ਦੇਖਣਾ ਹੀ ਪਵੇਗਾ ।

ਹੋਰ ਤਾਂ ਹੋਰ, ਸੰਤ ਹਰਨਾਮ ਸਿੰਘ ਜੀ ਖ਼ਾਲਸਾ ਦੇ ਜੀਵਨ ਨਾਲ ਸਬੰਧਤ ਇਕ ਘਟਨਾ ਮੂਲ ਮੰਤ੍ਰ ਬਾਰੇ ਹੈ । ਇਹ ਸੰਤ ਮਹਾਤਮਾ ਪੂਰਨ ਬ੍ਰਹਮ ਗਿਆਨੀ ਸਨ । ਜਦ ਗੁਰੂ ਸਾਹਿਬ ਦੇ ਦਰਸ਼ਨ ਹੋਏ ਤਾਂ ਇਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਸੀ ਕਿ ਮੂਲ ਮੰਤ੍ਰ ਕਿਥੋਂ ਤੱਕ ਹੈ । ਗੁਰੂ ਸਾਹਿਬ ਦਾ ਜਵਾਬ ਸੀ ਜਿਥੇ 1 ਲਿਖਿਆ ਹੈ, ਤੇ ਫਿਰ ਗੁਰੂ ਸਾਹਿਬ ਨੇ ਹੱਥ ਲਗਾਕੇ ਦੱਸਿਆ ਕਿ ਇਥੋਂ ਤੱਕ ਹੈ । ਹੁਣ ਜਦੋਂ ਗੁਰੂ ਸਾਹਿਬ ਨੇ ਆ ਕਰ ਖ਼ੁਦ ਹੀ ਦੱਸ ਦਿੱਤਾ ਕਿ ਕਿਥੋਂ ਤੱਕ ਹੈ ਤਾਂ ਫਿਰ ਰੌਲਾ ਕਿਹੜੀ ਗੱਲ ਦਾ? ਹਾਂ, ਨਿਰਾਲੇ ਵਰਗੇ ਸ਼ਾਇਦ ਇਸ ਨਾਲ ਸਹਿਮਤ ਨਾ ਹੋਣ ਕਿ ਗੁਰੂ ਸਾਹਿਬ ਕਿਵੇਂ ਆ ਗਏ, ਇਹ ਕਿੱਦਾਂ ਹੋ ਗਿਆ, ਵਗੈਰਾ ਵਗੈਰਾ । ਸੋ ਬੇਨਤੀ ਹੈ ਕਿ ਮੂਰਖ਼ਤਾ ਛੱਡਕੇ ਭਗਤੀ ਕਰੋ, ਜਦੋਂ ਅਵਸਥਾ ਬਣੇ ਤਾਂ ਫਿਰ ਖ਼ੁਦ ਗੁਰੂ ਸਾਹਿਬ ਨੂੰ ਪੁੱਛ ਲੈਣ ।

ਇਸ ਤੋਂ ਇਲਾਵਾ ਭਾਈ ਗੁਰਦਾਸ ਜੀ ਨੇ ਵੀ ਆਪਣੀ ਵਾਰ ਦੇ ਵਿਚ ਮੂਲ ਮੰਤ੍ਰ ਦਾ ਸਰੂਪ ਲਿਖਿਆ ਹੈ । ਉਨ੍ਹਾਂ ਨੇ ਇਹ ਨਹੀਂ ਲਿਖਿਆ ਕਿ ਇਹ ਮੂਲ ਮੰਤ੍ਰ ਹੈ, ਪਰ ਇਸਦੀ ਪੂਰਣਤਾ ਇਕ ਪਉੜੀ ਦੇ ਵਿਚ ਇਹ ਦਰਸਾਉਂਦੀ ਹੈ ਕਿ ਇਹ ਮੂਲ ਮੰਤ੍ਰ ਦੇ ਰੂਪ ਵਿਚ ਮੌਜੂਦ ਸੀ ।

1.  ਏਕੰਕਾਰੁ ਇਕਾਂਗ ਲਿਖਿ ਊੜਾ ਓਅੰਕਾਰੁ ਲਖਾਇਆ ।

ਸਤਿਨਾਮ ਕਰਤਾ ਪੁਰਖੁ ਨਿਰਭਉ ਹੁਇ ਨਿਰਵੈਰੁ ਸਦਾਇਆ ।

ਅਕਾਲ ਮੂਰਤਿ ਪਰਤਖਿ ਸੋਇ ਨਾਉ ਅਜੂਨੀ ਸੈਭੰ ਭਾਇਆ ।

ਘੁਰਪਰਸਾਦਿ ਸੁ ਆਦਿ ਸਚੁ ਜੁਗਹ ਜੁਗੰਤਰੁ ਹੋਂਦਾ ਆਇਆ ।

ਹੈਭੀ ਹੋਸੀ ਸਚੁ ਨਾਉ ਸਚੁ ਦਰਸਣ ਸਤਿਗੁਰੂ ਦਿਖਾਇਆ ।

ਸਬਦੁ ਸੁਰਤਿ ਲਿਵਲੀਣੁ ਹੋਇ ਗੁਰੁ ਚੇਲਾ ਪਰਚਾ ਪਰਚਾਇਆ ।

ਗੁਰੁ ਚੇਲਾ ਰਹਰਾਸਿ ਕਰਿ ਵੀਹ ਇਕੀਹ ਚੜ੍ਹਾਉ ਚੜ੍ਹਾਇਆ ।

ਗੁਰਮੁਖਿ ਸੁਖ ਫਲੁ ਅਲਖ ਲਖਾਇਆ ॥1॥ – ਭਾਈ ਗੁਰਦਾਸ ਜੀ, ਵਾਰ 39, ਪਉੜੀ 1

ਸੋ ਇਹ ਮੂਲ ਮੰਤ੍ਰ ਹੈ ।

ਇਸ ਵਿਚ ਪਰਮਾਤਮਾ ਹੈ ਕੌਣ ਉਸਦਾ ਬਹੁਤ ਵਧੀਆ ਤਰੀਕੇ ਨਾਲ ਵਿਸਥਾਰ ਕੀਤਾ ਹੋਇਆ ਹੈ । ਜੋ ਲੋਕ ਰਾਮਚੰਦਰ ਤੇ ਕ੍ਰਿਸ਼ਨ ਜੀ ਨੂੰ ਹੀ ਰੱਬ ਮੰਨਦੇ ਨੇ, ਇਹ ਮੂਲ ਮੰਤ੍ਰ ਉਨ੍ਹਾਂ ਦਾ ਇਹ ਮੰਨਣਾ ਗ਼ਲਤ ਕਰਦਾ ਹੈ ਕਿਉਂਕਿ ਪਰਮਾਤਮਾ ਆਪਣੇ ਆਪ ਤੋਂ ਹੈ, ਉਹ ਸੈਭੰ ਹੈ । ਪਰ ਗੁਰਬਾਣੀ ਵਿਸ਼ਨੂੰ, ਬ੍ਰਹਮਾ ਤੇ ਸ਼ਿਵਜੀ ਨੂੰ ਮਾਇਆ ਤੋਂ ਹੋਇਆ ਲਿਖਦੀ ਹੈ । ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਹੀਓ ਲਿਖਿਆ ਹੈ ਕਿ ਇਹ ਕਾਲ ਦੇ ਅੰਦਰ ਹੈ । ਇਹ ਮੰਤ੍ਰ ਮੁੱਢ ਹੈ ਇਹ ਜਾਨਣ ਦੇ ਲਈ ਕਿ ਪਰਮਾਤਮਾ ਦਾ ਸਰੂਪ ਕੀ ਹੈ ।

 

ਗੁਰਮੰਤ੍ਰ

ਗੁਰਮੰਤ੍ਰ ਉਹ ਹੁੰਦਾ ਹੈ ਜੋ ਗੁਰੂ ਦੁਆਰਾ ਦਿੱਤਾ ਜਾਂਦਾ ਹੈ ।

ਸਿੱਖਾਂ ਵਿਚ ਗੁਰਮੰਤ੍ਰ ਵਾਹਿਗੁਰੂ ਸ਼ਬਦ ਹੈ । ਜਦੋਂ ਅੰਮ੍ਰਿਤ ਛਕਿਆ ਜਾਂਦਾ ਹੈ ਓਦੋਂ ਵਾਹਿਗੁਰੂ ਗੁਰਮੰਤ੍ਰ ਪੰਜਾਂ ਪਿਆਰਿਆਂ ਵੱਲੋਂ ਦਿੱਤਾ ਜਾਂਦਾ ਹੈ । ਇਸਦਾ ਹੀ ਜਾਪ ਕਰਨ ਦਾ ਕਿਹਾ ਜਾਂਦਾ ਹੈ । ਸਵਾਸ ਸਵਾਸ ਇਸ ਨੂੰ ਹੀ ਜਪਿਆ ਜਾਂਦਾ ਹੈ । ਭਾਈ ਗੁਰਦਾਸ ਜੀ ਨੇ ਵਾਹਿਗੁਰੂ ਮੰਤ੍ਰ ਨੂੰ ਹੀ ਗੁਰਮੰਤ੍ਰ ਲਿਖਿਆ ਹੈ ।

1.  ਵਾਹਿਗੁਰੂ ਗੁਰ ਮੰਤ੍ਰ ਹੈ ਜਪਿ ਹਉਮੈ ਖੋਈ । - ਭਾਈ ਗੁਰਦਾਸ ਜੀ, ਵਾਰ 13, ਪਉੜੀ 2

ਹੁਣ ਜੇਕਰ ਨਿਰਾਲੇ ਵਾਲਾ ਦਿਮਾਗ਼ ਲਗਾਇਆ ਜਾਵੇ ਕਿ ਭਾਈ ਗੁਰਦਾਸ ਜੀ ਨੇ ਲਿਖਿਆ, ਗੁਰੂ ਸਾਹਿਬ ਨੇ ਇਹ ਕਿਥੇ ਲਿਖਿਆ ਤੇ ਕਿਵੇਂ ਮੰਨਿਆਂ ਜਾਵੇ ਕਿ ਇਹੀ ਗੁਰਮੰਤ੍ਰ ਹੈ । ਗਿਆਨੀ ਗੁਰਬਚਨ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੇ ਬਹੁਤ ਸਹੀ ਵਿਚਾਰ ਪੇਸ਼ ਕੀਤੇ ਸਨ । ਉਨ੍ਹਾਂ ਕਿਹਾ ਕਿ ਜੇਕਰ ਭਾਈ ਗੁਰਦਾਸ ਨੇ ਹੀ ਇਹ ਵਾਹਿਗੁਰੂ ਗੁਰਮੰਤ੍ਰ ਲਿਖਿਆ ਹੈ ਗੁਰੂ ਸਾਹਿਬ ਨੇ ਨਹੀਂ, ਤਾਂ ਬਾਬਾ ਬੁੱਢਾ ਜੀ ਉਸ ਵੇਲੇ ਮੌਜੂਦ ਸਨ, ਉਹ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਸਿੱਖ ਸਨ, ਜੇਕਰ ਉਨ੍ਹਾਂ ਨੂੰ ਕੋਈ ਹੋਰ ਗੁਰਮੰਤ੍ਰ ਮਿਲਿਆ ਹੁੰਦਾ ਗੁਰੂ ਨਾਨਕ ਦੇਵ ਜੀ ਵਲੋਂ ਤਾਂ ਉਹ ਭਾਈ ਗੁਰਦਾਸ ਜੀ ਨੂੰ ਦੱਸ ਦਿੰਦੇ ਕਿ ਵਾਹਿਗੁਰੂ ਗੁਰਮੰਤ੍ਰ ਨਹੀਂ ਦਿੱਤਾ ਗਿਆ ਸੀ ਗੁਰੂ ਸਾਹਿਬ ਵਲੋਂ ।[7] ਪਰ ਅਜਿਹਾ ਕੁਝ ਨਹੀਂ ਹੋਇਆ ।

ਕਈ ਮੂਰਖ਼ ਇਹ ਕਹਿੰਦੇ ਵੀ ਸੁਣੇ ਗਏ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿਸੇ ਗੁਰੂ ਵੱਲੋਂ ਵਾਹਿਗੁਰੂ ਨਹੀਂ ਲਿਖਿਆ ਗਿਆ, ਇਹ ਤਾਂ ਭੱਟਾਂ ਵਲੋਂ ਲਿਖਿਆ ਗਿਆ ਹੈ । ਕੀ ਇਹ ਹੋ ਸਕਦਾ ਹੈ ਕਿ ਭੱਟ ਜੋ ਗੁਰੂ ਅਰਜਨ ਦੇਵ ਜੀ ਕੋਲ ਆਏ ਸਨ ਉਹ ਕੁਝ ਅਜਿਹਾ ਲਿਖਦੇ ਜੋ ਗੁਰਮਤਿ ਦੇ ਅਨੁਕੂਲ ਨਾ ਹੋਵੇ ? ਉਨ੍ਹਾਂ ਵਲੋਂ ਲਿਖਿਆ ਵਾਹਿਗੁਰੂ ਸ਼ਬਦ ਦਾ ਇਹ ਮਤਲਬ ਨਹੀਂ ਕਿ ਇਹ ਉਨ੍ਹਾਂ ਦੇ ਮਨ ਦੀ ਉਪਜ ਹੈ । ਨਹੀਂ, ਗੁਰੂ ਸਾਹਿਬ ਨਾਲ ਰਹਿਕੇ ਉਨ੍ਹਾਂ ਨੇ ਇਹ ਲਫ਼ਜ਼ ਜ਼ਰੂਰ ਸੁਣਿਆ ਹੋਵੇਗਾ । ਤੇ ਇਸੇ ਤਰ੍ਹਾਂ ਉਨ੍ਹਾਂ ਨੇ ਫਿਰ ਲਿਖ ਦਿੱਤਾ । ਇੱਦਾਂ ਹੀ ਲਫ਼ਜ਼ ਹੈ ਲੰਗਰ । ਇਹ ਸ਼ਬਦ ਸੱਤੇ ਬਲਵੰਡੇ ਦੀ ਵਾਰ ਦੇ ਵਿਚ ਮਿਲਦਾ ਹੈ । ਕੀ ਇਹ ਕਹਿ ਦਿੱਤਾ ਜਾਵੇ ਕਿ ਇਹ ਸੱਤੇ ਬਲਵੰਡੇ ਦੀ ਦੇਣ ਹੈ ? ਨਹੀਂ । ਗੁਰੂਘਰ ਵਿਚ ਰਹਿਕੇ ਇਨ੍ਹਾਂ ਨੇ ਲੰਗਰ ਸ਼ਬਦ ਸੁਣਿਆ ਹੋਵੇਗਾ, ਲੰਗਰ ਛਕਿਆ ਵੀ ਹੋਵੇਗਾ, ਤੇ ਸਮਝ ਵੀ ਹੋਵੇਗੀ ਕਿ ਇਹ ਕਿਵੇਂ ਸ਼ੁਰੂ ਹੋਇਆ, ਇਸੇ ਲਈ ਉਨ੍ਹਾਂ ਨੇ ਲਿਖਿਆ ਸੀ ।

ਵਾਹਿਗੁਰੂ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਆਪ ਬਣਾਇਆ । ਇਸ ਦੀ ਉਦਾਹਰਣ ਆਪਾਂ ਨੂੰ ਗੁਰ ਨਾਨਕ ਪ੍ਰਕਾਸ਼ ਦੇ ਵਿਚ ਮਿਲਦੀ ਹੈ ।

2.   ਚੌਪਈ

ਨਿਰਗੁਨ ਨਾਮਨ ਤੇ ਵਧਿ ਐਸੇ । ਸੋ ਕਰਿ ਅਰਥ ਬਖਾਨੋਂ ਜੈਸੇ:-

ਵਾਹਿ’ ਨਾਮੁ ਅਚਰਜ ਕੋ ਹੋਈ । ਅਚਰਜ ਤੇ ਪਰਿ ਉਕਤਿ ਨ ਕੋਈ ॥62

ਗੋ’ ਤਮ ਨਾਮ ਅਗ੍ਯਾਨ ਅਨਿੱਤ । ‘ਰੋ’ ਪਰਕਾਸ਼ ਕਿਯੋ ਜਿਨ ਚਿੱਤੁ ।

ਇਉਂ ਸ਼੍ਰੀ ਨਾਨਕ ਨਾਮ ਬਨਾਯੋ । ਸੁਨਿ ਸ਼੍ਰੁਤਿ ਸੰਤਨ ਚਿਤ ਸੁਖ ਪਾਯੋ ॥63॥ – ਗੁਰ ਨਾਨਕ ਪ੍ਰਕਾਸ਼, ਪੂਰਬਾਰਧ, ਅਧਯਾਇ 1

ਦੋਨਾਂ ਤਰ੍ਹਾਂ ਦੇ ਪ੍ਰਸ਼ਨਾਂ ਦੇ ਉੱਤਰ ਮਿਲ ਗਏ । ਪਹਿਲਾ ਇਹ ਕਿ ਗੁਰਮੰਤ੍ਰ ਕਿਹੜਾ ਹੈ, ਤੇ ਦੂਸਰਾ ਇਹ ਕਿਸਨੇ ਬਣਾਇਆ ਹੈ ।

ਮੈਂ ਇਹ ਵੀ ਸਮਝਦਾ ਹਾਂ ਕਿ ਇਹ ਵੀ ਦੱਸ ਦਿੱਤਾ ਜਾਵੇ ਕਿ ਵਾਹਿਗੁਰੂ ਸ਼ਬਦ ਚਾਰ ਜੁੱਗਾਂ ਦੇ ਪਰਮਾਤਮਾ ਦੇ ਨਾਵਾਂ ਤੋਂ ਬਣਿਆ ਹੈ । ਵਾਸਦੇਵ, ਹਰਿ, ਗੋਬਿੰਦ ਅਤੇ ਰਾਮ । ਕਈ ਲੋਕ ਭਾਈ ਗੁਰਦਾਸ ਜੀ ਦੀ ਵਾਰ ਦਾ ਹਵਾਲਾ ਦੇ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਇਹ ਤਾਂ ਵਿਸ਼ਨੂੰ ਦੇ ਅਵਤਾਰਾਂ ਦੇ ਨਾਵਾਂ ਨਾਲ ਬਣਿਆ ਹੈ, ਜੋ ਕੇ ਸਰਾਸਰ ਗ਼ਲਤ ਹੈ । ਸਤਿਜੁਗ ਦੇ ਵਿਚ ਵਿਸ਼ਨੂੰ ਦਾ ਕੋਈ ਵਾਸਦੇਵ ਨਾਂ ਦਾ ਅਵਤਾਰ ਨਹੀਂ ਹੋਇਆ । ਤੇ ਨਾ ਹੀ ਕਲਜੁਗ ਦੇ ਵਿਚ ਗੋਬਿੰਦ ਨਾਂ ਦਾ ਅਵਤਾਰ ਹੋਇਆ ਹੈ । ਸੋ ਇਹ ਨਾਂ ਪਰਮਾਤਮਾ ਦੇ ਹੀ ਹਨ । ਨਾਲੇ ਇੱਦਾਂ ਹੋ ਸਕਦਾ ਹੈ ਕਿ ਅਵਤਾਰਾਂ ਦੇ ਨਾਵਾਂ ਨੂੰ ਜੋੜ੍ਹ ਕੇ ਗੁਰੂ ਸਾਹਿਬ ਕਹਿ ਦਿੰਦੇ ਕਿ ਭਾਈ ਇਹ ਹੁਣ ਰੱਬ ਦਾ ਨਾਂ ਬਣ ਗਿਆ ? ਸੋ ਇਨ੍ਹਾਂ ਧੋਖਿਆਂ ਤੋਂ ਜਿੰਨਾਂ ਬਚ ਸਕਦੇ ਹੋ ਬਚੋ । ਨਹੀਂ ਤਾਂ ਤੁਹਾਨੂੰ ਸਿੱਖੀ ਤੋਂ ਓਨਾਂ ਦੂਰ ਕਰ ਦਿੱਤਾ ਜਾਵੇਗਾ ਜਿੰਨਾਂ ਨਿਰਾਲਾ ਤੇ ਇਸਦੇ ਸੰਗੀ-ਸਾਥੀ ਹਨ । ਇਸ ਪੂਰੀ ਪਉੜੀ ਨੂੰ ਸਮਝਣ ਦੇ ਲਈ ਇਹ ਲੇਖ ਪੜ੍ਹੋ

ਅਖ਼ੀਰ ਤੇ ਗੱਲ ਕਰਦੇ ਹਾਂ ਬਾਕੀ ਨਾਵਾਂ ਦੀ । ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਪਰਮਾਤਮਾ ਦੇ ਬਹੁਤ ਨਾਂ ਹਨ । ਇਹ ਪ੍ਰਸ਼ਨ ਆਮ ਹੀ ਕੀਤਾ ਜਾਂਦਾ ਹੈ ਕਿ ਬਾਕੀ ਨਾਵਾਂ ਨੂੰ ਛੱਡ ਕੇ ਸਿੱਖ ਵਾਹਿਗੁਰੂ ਦਾ ਹੀ ਕਿਉਂ ਜਾਪ ਕਰਦੇ ਨੇ । ਕੀ ਬਾਕੀ ਨਾਂ ਮਾੜੇ ਨੇ ? ਨਹੀਂ । ਸਭ ਪਰਮਾਤਮਾ ਦੇ ਨਾਂ ਹੀ ਹਨ । ਇਹ ਸਾਰੇ ਨਾਂਅ ਪਰਮਾਤਮਾ ਦੇ ਕਰਮ ਜਾਂ ਕੀਰਤਮ ਨਾਮ ਹਨ । ਇਨ੍ਹਾਂ ਸਭਨਾਂ ਦਾ ਕੋਈ ਨਾ ਕੋਈ ਮਤਲਬ ਹੈ । ਜਿਵੇਂ ਰਾਮ ਦਾ ਮਤਲਬ ਰਮਿਆ ਹੋਇਆ । ਨਿਰੰਕਾਰ ਦਾ ਮਤਲਬ ਬਿਨਾਂ ਕਿਸੇ ਅਕਾਰ ਦੇ । ਫਿਰ ਸਿੱਖ ਵਾਹਿਗੁਰੂ ਨਾਂ ਹੀ ਕਿਉਂ ਜਪਦੇ ਹਨ ? ਇਸਦਾ ਕਾਰਣ ਇਹ ਹੈ ਕਿ ਇਹ ਨਾਂ ਗੁਰਮੰਤ੍ਰ ਦੇ ਤੌਰ ਤੇ ਗੁਰੂ ਸਾਹਿਬ ਵੱਲੋਂ ਦਿੱਤਾ ਗਿਆ ਸੀ । ਜੇ ਗੁਰੂ ਸਾਹਿਬ ਕਹਿੰਦੇ ਕਿ ਰਾਮ ਨਾਂ ਹੀ ਗੁਰਮੰਤ੍ਰ ਹੈ ਤਾਂ ਸਿੱਖ ਉਹ ਜ਼ਰੂਰ ਜਪਦੇ । ਨਾਲੇ ਵਾਹਿਗੁਰੂ ਕਹਿਣ ਨਾਲ ਚਾਰੇ ਜੁੱਗਾਂ ਦੇ ਨਾਂ ਜਪੇ ਜਾਂਦੇ ਨੇ ।

ਗੁਰੂ ਸਾਹਿਬ ਵੱਲੋਂ ਵਾਹਿਗੁਰੂ ਸ਼ਬਦ ਦਾ ਪੂਰਣ ਰੂਪ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਾ ਲਿਖਣ ਦਾ ਕਾਰਣ ਕਈ ਇਹ ਵੀ ਮੰਨਦੇ ਨੇ ਕਿ ਗੁਰੂ ਸਾਹਿਬ ਵੱਲੋਂ ਇਹ ਦਿੱਤਾ ਜਾਂਦਾ ਸੀ ਸਿੱਖਾਂ ਨੂੰ । ਤੇ ਹੁਣ ਵੀ ਇਹ ਪੰਜਾਂ ਪਿਆਰਿਆਂ ਦੇ ਰੂਪ ਦੇ ਵਿਚ ਗੁਰੂ ਸਾਹਿਬ ਸਿੱਖਾਂ ਨੂੰ ਦਿੰਦੇ ਹਨ । ਇਹ ਇੰਝ ਨਹੀਂ ਕਿ ਕੋਈ ਵੀ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਇਹ ਕਹਿ ਦੇਵੇ ਕਿ ਮੈਨੂੰ ਹੁਣ ਗੁਰਮੰਤ੍ਰ ਮਿਲ ਗਿਆ ਹੈ । ਹਾਂ, ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚ ਇਹ ਜ਼ਰੂਰ ਮਿਲਦਾ ਹੈ । ਕਿਉਂ ਇਹ ਖਾਲਸੇ ਦਾ ਗ੍ਰੰਥ ਹੈ ਤੇ ਖਾਲਸੇ ਨੂੰ ਤਾਂ ਗੁਰੂ ਸਾਹਿਬ ਨੇ ਪਹਿਲਾਂ ਹੀ ਗੁਰਮੰਤ੍ਰ ਦੇ ਦਿੱਤਾ ਹੈ । ਹੁਣ ਦੇ ਸਮੇਂ ਦੇ ਵਿਚ ਸ਼ਾਇਦ ਕੋਈ ਇਹ ਕਹਿ ਦੇਵੇ ਕਿ ਮੈਂ ਦਸਮ ਦੀ ਬਾਣੀ ਪੜ੍ਹੀ ਹੈ ਸੋ ਮੇਰੇ ਕੋਲ ਇਹ ਗੁਰਮੰਤ੍ਰ ਹੈ । ਇਹ ਇਸ ਤਰ੍ਹਾਂ ਨਹੀਂ ਹੈ । ਇਹ ਤਾਂ ਫਿਰ ਉਹ ਗੱਲ ਬਣ ਜਾਵੇਗੀ ਕਿ ਭਾਈ ਮੈਂ ਇਕੱਲਾ ਹੀ ਬਾਣੀਆਂ ਪੜ੍ਹ ਕੇ ਆਪਣੇ ਆਪ ਨੂੰ ਅੰਮ੍ਰਿਤ ਛਕਾ ਦੇਵਾਂ । ਇਹ ਗੁਰੂ ਸਾਹਿਬ ਹੀ ਦੇ ਸਕਦੇ ਨੇ, ਇਹ ਪੰਜ ਪਿਆਰੇ ਹੀ ਦੇ ਸਕਦੇ ਨੇ ।

 

ਬੀਜ ਮੰਤ੍ਰ

ਬੀਜ ਮੰਤ੍ਰ ਉਹ ਮੰਤ੍ਰ ਹੈ ਜੋ ਕਿਸੇ ਦਾ ਮੁੱਢ ਹੋਵੇ । ਹਰ ਇਕ ਚੀਜ਼ ਦਾ ਕੋਈ ਮੁੱਢ ਹੁੰਦਾ ਹੈ । ਉਵੇਂ ਹੀ ਜੇਕਰ ਗੁਰਬਾਣੀ ਦਾ ਮੁੱਢ ਦੇਖੀਏ ਤਾਂ ਉਹ ਹੈ । ਉਹ ਗੁਰਬਾਣੀ ਦੇ ਸ਼ੁਰੂ ਦੇ ਵਿਚ ਵੀ ਆਉਂਦਾ ਹੈ ਅਤੇ ਇਹ ਗੁਰਬਾਣੀ ਰੂਪ ਹੋਣ ਕਰਕੇ ਪਰਮਾਤਮਾ ਦਾ ਲਖਾਇਕ ਹੈ ਜੋ ਸਭ ਦਾ ਮੁੱਢ ਹੈ, ਸਿਰਫ਼ ਉਸਦਾ ਹੀ ਕੋਈ ਮੁੱਢ ਨਹੀਂ ਹੈ ।

ਭਾਈ ਸੰਤੋਖ ਸਿੰਘ ਹੋਣਾ ਨੇ ਵਾਹਿਗੁਰੂ ਮੰਤ੍ਰ ਨੂੰ ਬੀਜ ਮੰਤ੍ਰ ਕਰਕੇ ਲਿਖਿਆ ਹੈ ਕਿਉਂਕਿ ਉਹ ਵੀ ਅਲੱਗ-ਅਲੱਗ ਨਾਵਾਂ ਤੋਂ ਬਣਿਆ ਹੈ । ਇਸਨੂੰ ਹੋਰ ਡੂੰਗੇ ਤਰੀਕੇ ਨਾਲ ਸਮਝਣ ਦੇ ਲਈ ਭਾਈ ਵੀਰ ਸਿੰਘ ਹੋਣੀ ਲਿਖਦੇ ਹਨ:

ਬੀਜਮੰਤ੍ਰ=ਕਿਸੇ ਮੰਤ੍ਰ ਦਾ ਮੂਲ ਅਥਵਾ ਜ਼ਰੂਰੀ ਹਿੱਸਾ, ਜੋ ਕਦੇ ਕੋਈ ਪਦ ਹੁੰਦਾ ਹੈ, ਕਦੇ ਅੱਖਰ ਮਾਤ੍ਰ, ਜੋ ਅਕਸਰ ਗੁਹਜ ਭਾਈ (ਗੁੱਝੇ ਭਾਵ ਵਾਲਾ) ਹੁੰਦਾ ਹੈ । ਐਸਾ ਮੰਤ੍ਰ ਕਿਸੇ ਦੇਵਤਾ ਤੋਂ ਕਿਸੇ ਪ੍ਰਕਾਰ ਦੀ ਸਿੱਧੀ ਪ੍ਰਾਪਤੀ ਲਈ ਜਪਿਆ ਜਾਂਦਾ ਹੈ । ਪਰਮੇਸ਼ੁਰ ਦੇ ਭਗਤ ਲਈ ਨਾਮ ਜਪਦੇ ਅਪਣੇ ਐਸੇ ਨਾਮ ਨੂੰ ਬੀਜਮੰਤ੍ਰ ਕਹਿੰਦੇ ਹਨ ।

(ਅ) ਕੋਈ ਸੰਕੇਤ ਕੀਤਾ ਅੱਖਰ, ਪਦ ਯਾ ਸ਼ਬਦ ਜਿਸ ਵਿਚ ਕਈ ਅਰਥ ਆਪੇ ਰੱਖੇ ਜਾਣ – ਜੋ ਅਰਥ ਕਿ ਦੱਸੇ ਬਿਨਾਂ ਦੂਸਰੇ ਨੂੰ ਨਾ ਆ ਸੱਕਣ – ਅਰ ਜੋ ਜਪਣੇ ਲਈ ਹੋਵੇ ।

() ਕਿਸੇ ਮੰਤ੍ਰ ਯਾ ਜਪੇ ਜਾਣ ਵਾਲੇ ਵਾਕ੍ਯ ਦਾ ਆਦਿ ਤੇ ਮੂਲ ਅੱਖਰ ਯਾ ਪਦ ਜਿਸ ਤੋਂ ਕਿ ਮੰਤ੍ਰ ਆਰੰਭ ਹੋਵੇ ।

(ਸ) ਗੁਰਮਤ ਵਿਚ ਨੂੰ ਬੀਜ ਮੰਤ੍ਰ ਆਖਦੇ ਹਨ, ਵਾਹਿਗੁਰੂ ਸ਼ਬਦ ਗੁਰਮੰਤ੍ਰ ਕਹੀਦਾ ਹੈ । ਜਪੁਜੀ ਦਾ ਪਹਿਲਾ ਆਰੰਭਕ ਸਲੋਕ ਮੂਲਮੰਤ੍ਰ ਯਾ ਮਹਾਮੰਤ੍ਰ ਹੈ । ਕਵਿ ਜੀ ਨੇ ਇਥੇ ਵਾਹਿਗੁਰੂ ਮੰਤ੍ਰ ਵਿਚ ਬੀਜ ਮੰਤ੍ਰ ਰੂਪਤਾ ਦਿਖਾਈ ਹੈ, ਚਹੁਵਾਂ ਅੱਖਰਾਂ ਦੇ ਅਰਥ ਦਿਖਾਕੇ । - ਸ਼੍ਰੀ ਗੁਰ ਨਾਨਕ ਪ੍ਰਕਾਸ਼, ਪੂਰਬਾਰਧ ਅਧ੍ਯਾਯ 1, ਪੇਜ 107

 

ਪੰਜ ਕਕਾਰ

ਗੁਰੂ ਗੋਬਿੰਦ ਸਿੰਘ ਜੀ ਵਲੋਂ 1699 ਈਸਵੀ ਦੇ ਵਿਚ ਖਾਲਸਾ ਸਾਜਿਆ ਜਾਂਦਾ ਹੈ ਅਤੇ ਇਸ ਨਾਲ ਦਿੱਤੀ ਜਾਂਦੀ ਹੈ ਰਹਿਤ । ਇਹ ਰਹਿਤ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਚੱਲੀ ਆ ਰਹੀ ਹੈ । ਕਿਸੇ ਨਾ ਕਿਸੇ ਰੂਪ ਦੇ ਵਿਚ ਸਿੱਖਾਂ ਨੂੰ ਗੁਰੂ ਸਾਹਿਬਾਨਾਂ ਨੇ ਨਿੱਤ ਦੇ ਅਸੂਲ ਦਿੱਤੇ ਹਨ, ਕਈ ਇਨ੍ਹਾਂ ਦੇ ਵਿਚੋਂ ਗੁਰਬਾਣੀ ਦੇ ਵਿਚੋਂ ਮਿਲਦੇ ਹਨ ਅਤੇ ਕਈ ਇਤਿਹਾਸਿਕ ਗ੍ਰੰਥਾਂ ਦੇ ਵਿਚੋਂ । ਜੋ 1699 ਈਸਵੀ ਵਾਲੀ ਵਿਸਾਖੀ ਸੀ, ਜਾਂ ਕਹਿ ਲਵੋ ਕਿ ਖਾਲਸੇ ਦੀ ਰਹਿਤ, ਇਸਦੀ ਸਭ ਤੋਂ ਪਹਿਲੀ ਮਿਸਾਲ ਗੁਰ ਸੋਭਾ ਗ੍ਰੰਥ ਦੇ ਵਿਚ ਮਿਲਦੀ ਹੈ ਜੋ 1711 ਈਸਵੀ ਦੇ ਵਿਚ ਪੂਰਨ ਹੁੰਦਾ ਹੈ । ਕਈ ਵੱਧ ਪੜ੍ਹੇ-ਲਿਖਿਆਂ ਨੇ ਇਸਨੂੰ 19ਵੀਂ ਸਦੀ ਦੀ ਰਚਨਾ ਬਣਾਉਣ ਦਾ ਵੀ ਯਤਨ ਕੀਤਾ ਹੈ । ਕਾਰਣ ਇਸਦਾ ਇਹ ਹੈ ਕਿ ਇਹ ਜਿੰਨੀ ਦੂਰ ਹੋ ਸਕੇ 1699 ਤੋਂ ਓਨੀਂ ਹੀ ਵਧੀਆ ਹੈ ਇਨ੍ਹਾਂ ਲੋਕਾਂ ਲਈ ਤਾਂ ਜੋ ਇਹ ਜਨਮਸਾਖੀਆਂ ਦੀ ਤਰ੍ਹਾਂ ਨਕਾਰੀ ਜਾ ਸਕੇ ।

ਖ਼ੈਰ ਗੱਲ ਹੈ ਪੰਜ ਕਕਾਰਾ ਦੀ । ਕੀ ਇਹ ਪੰਜ ਕਕਾਰਾਂ ਦੀ ਰਹਿਣੀ ਗੁਰੂ ਗੋਬਿੰਦ ਸਿੰਘ ਜੀ ਨੇ ਬਖ਼ਸ਼ੀ ਸੀ ? ਜਾਂ ਇਹ ਸਿੰਘ ਸਭਾ ਲਹਿਰ ਦੇ ਪ੍ਰਭਾਵ ਹੇਠ ਆਏ ਹਨ ? ਸਿੱਖਾਂ ਦੀਆਂ ਬਹੁਤ ਸਾਰੀਆਂ ਮਰਯਾਦਾਵਾਂ ਸਿੰਘ ਸਭਾ ਲਹਿਰ ਤੱਕ ਸੀਮਤ ਕਰਨ ਦਾ ਯਤਨ ਕੀਤਾ ਗਿਆ ਸੀ ਅਤੇ ਕੀਤਾ ਜਾ ਰਿਹਾ ਹੈ । ਲੋਕਾਂ ਦਾ ਇਹ ਮੰਨਣਾ ਹੈ ਕਿ ਸਿੱਖ ਗੁਰੂਆਂ ਨੇ ਕੋਈ ਵੀ ਨਵਾਂ ਧਰਮ ਨਹੀਂ ਚਲਾਇਆ ਸੀ ਤੇ ਨਾ ਹੀ ਕੁਝ ਨਵਾਂ ਦਿੱਤਾ ਸੀ । ਤੇ ਜੋ ਵੀ ਇਹ ਮਰਯਾਦਾ ਹੈ ਇਹ ਸਿੰਘ ਸਭਾ ਲਹਿਰ ਦੇ ਸਮੇਂ ਤੇ ਸ਼ੁਰੂ ਹੋਈ ਸੀ । ਇਹ ਸਰਾਸਰ ਗ਼ਲਤ ਹੈ ਅਤੇ ਇਤਿਹਾਸ ਇਸਦੀ ਇਜ਼ਾਜਤ ਨਹੀਂ ਦਿੰਦਾ ।

ਕਈ ਇਤਿਹਾਸਿਕ ਗ੍ਰੰਥਾਂ[8] ਦੇ ਵਿਚ ਤ੍ਰੈ ਮੁਦ੍ਰਾ (ਕੱਛ, ਕ੍ਰਿਪਾਨ ਅਤੇ ਕੇਸ) ਦੀ ਗੱਲ ਕੀਤੀ ਹੋਈ ਹੈ । ਕੀ ਗੁਰੂ ਗੋਬਿੰਦ ਸਿੰਘ ਜੀ ਨੇ ਤ੍ਰੈ ਮੁਦ੍ਰਾ ਦਿੱਤੀਆਂ ਸਨ ਜਾਂ ਫਿਰ ਪੰਜ ਕਕਾਰ । ਕੀ ਕੰਘਾ ਅਤੇ ਕੜਾ ਕਕਾਰਾਂ ਦੇ ਵਿਚ ਨਹੀਂ ਸਨ ? ਆਉ ਇਸ ਵੱਲ ਝਾਤ ਮਾਰੀਏ ।

1.    ਗੁਰੂ ਕੀਆ ਸਾਖੀਆਂ, ਜੋ 1790 ਈਸਵੀ ਦੇ ਵਿਚ ਲਿਖੀ ਗਈ ਸੀ, ਇਸ ਦੇ ਵਿਚ ਜ਼ਿਕਰ ਆਉਂਦਾ ਹੈ:

ਤੁਮ੍ਹੇ ਪਾਹੁਲ ਦੇਨੇ ਸੇ ਪਹਿਲੇ – ਹਮੇਂ ਪਾਂਚ ਕਕਾਰ ਦੀਏ ਹੈਂ – ਇਨ੍ਹੇ ਭੂਲ ਕੇ ਬਦਨ ਸੇ ਜੁਦਾ ਨਹੀਂ ਕਰਨਾ । ਪ੍ਰਿਥਮੇ ਤੁਸਾਂ ਕੋ ਨੀਲੀ ਰਾਂਗ ਕੀ ਕੇਸਕੀ, ਕੰਘਾ, ਕ੍ਰਿਪਾਨ, ਸਰਬਲੋਹ ਕਾ ਕੜਾ ਤੇ ਸਫੈਦ ਰੰਗ ਕਾ ਕਛਹਿਰਾ ਦੀਆ ਹੈ ।[9]

2.    ਗੁਰੂ ਕੀਆਂ ਸਾਖੀਆਂ ਦੇ ਸ਼ੁਰੂਆਤ ਦੇ ਵਿਚ ਪਿਆਰਾ ਸਿੰਘ ਪਦਮ ਨੇ ਭੱਟ ਵਹੀ ਭਾਦਸੋਂ ਪਰਗਣਾ ਥਾਨੇਸਰ ਦਾ ਹਵਾਲਾ ਦਿੱਤਾ ਹੈ ਕਿ ਉਸ ਵਿਚ ਵੀ ਬਹੁਤ ਸਾਰੀਆਂ ਗੁਰੂ ਸਾਹਿਬ ਨਾਲ ਸੰਬੰਧਿਤ ਕਈ ਗੱਲਾਂ ਦਾ ਜ਼ਿਕਰ ਹੈ । ਉਸ ਵਿਚ ਵੀ ਪੰਜ ਕਕਾਰਾਂ ਦੀ ਗੱਲ ਹੈ ।

ਕੰਘਾ, ਕਰਦ, ਕੇਸਗੀ, ਕੜਾ, ਕਛਹਿਰਾ ਸਭ ਕੋ ਦੀਆ, ਸਭ ਕੇਸਾਧਾਰੀ ਕੀਏ ।[10]

3.    ਇਕ ਗੱਲ ਦਾ ਜ਼ਿਕਰ ਪਿਆਰਾ ਸਿੰਘ ਪਦਮ ਨੇ ਰਹਿਤਨਾਮੇ ਦੇ ਵਿਚ ਕੀਤਾ ਹੈ ਕਿ ਭਾਈ ਜੋਧ ਸਿੰਘ ਨੇ ਲਿਖਿਆ ਹੈ ਕਿ ਇਕ ਦਸਮ ਗ੍ਰੰਥ ਸਾਹਿਬ ਜੀ ਦੀ ਬੀੜ ਦੇ ਵਿਚ ਹੇਠ ਲਿਖੀਆਂ ਸਤਰਾਂ ਦਰਜ਼ ਨੇ[11]:

ਨਿਸ਼ਾਨਿ ਸਿਖੀ ਈਂ ਪੰਜ ਪਰਫਿ ਕਾਫ਼ । ਹਰਗਿਜ਼ ਨ ਬਾਸ਼ਦ ਈਂ ਪੰਜ ਮੁਆਫ਼

ਕੜਾ ਕਾਰਦੋ ਕੱਛ ਕੰਘਾ ਬਿਦਾਂ । ਬਿਲਾ ਕੇਸ ਹੇਚ ਅਸਤ ਜੁਮਲਾ ਨਿਸਾਂ ।

ਪਰ ਉਨ੍ਹਾਂ ਦਾ ਇਹ ਕਹਿਣਾ ਹੈ ਕਿ ਇਹ ਕਿਸੇ ਦਸਮ ਦੀ ਬੀੜ ਦੇ ਵਿਚ ਨਹੀਂ ਹੈ । ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਇਹੀ ਗੱਲ ਕਹੀ ਹੈ ਕਿ ਸੰਗਰੂਰ ਵਾਲੀ ਬੀੜ ਦੇ ਵਿਚ ਇਹ ਨਹੀਂ ਲਿਖਿਆ ਹੋਇਆ[12] ਪਰ ਪ੍ਰੇਮ ਸੁਮਾਰਗ ਗ੍ਰੰਥ ਦਾ ਸੰਪਾਦਨ ਕਰਦੇ ਹੋਏ ਰਣਧੀਰ ਸਿੰਘ ਹੋਣਾ ਨੇ ਲਿਖਿਆ ਹੈ ਕਿ ਇਹ ਡਾ ਗੰਡਾ ਸਿੰਘ ਨੂੰ ਇਕ ਸਰਬਲੋਹ ਗ੍ਰੰਥ ਦੀ ਬੀੜ ਦੇ ਇਕ ਲਿਖਤੀ ਨੁਸਖੇ ਵਿਚ ਮਿਲਿਆ ਸੀ ਤੇ ਉਨ੍ਹਾਂ ਨੇ ਇਹ ਮਾਖ਼ਜ਼ਿ ਤ੍ਵਾਰੀਖਿ ਸ਼ਿੱਖਾ ਦੇ ਵਿਚ ਲਿਖਿਆ ਹੈ[13]

ਖ਼ੈਰ ਆਪਾਂ ਇਹ ਦੇਖਣਾ ਹੈ ਕਿ ਪੰਜ ਕਕਾਰਾਂ ਦੀ ਰਹਿਤ ਦਾ ਜ਼ਿਕਰ ਇਤਿਹਾਸ ਦੇ ਵਿਚ ਆਇਆ ਹੈ ਜਾਂ ਨਹੀਂ । ਉਪਰ ਦਿੱਤੀਆਂ ਸਤਰਾਂ ਨੂੰ ਪਿਆਰਾ ਸਿੰਘ ਪਦਮ ਨੇ 19ਵੀਂ ਸਦੀ ਦੇ ਸ਼ੁਰੂ ਦਾ ਮੰਨਿਆ ਹੈ । ਭਾਈ ਕਾਨ੍ਹ ਸਿੰਘ ਨਾਭਾ ਪੰਜ ਕੱਕਿਆਂ ਨੂੰ ਬੁੱਢੇ ਦਲ ਦੇ ਵੇਲੇ ਜਿੰਨਾਂ ਪੁਰਾਣਾ ਮੰਨਦੇ ਨੇ । ਫਿਰ ਇਹ ਵੀ ਨਹੀਂ ਕਿ ਕੰਘਾ ਤੇ ਕੜਾ ਕਿਤੇ ਲਿਖਿਆ ਨਹੀਂ ਮਿਲਦਾ । ਇਸਦਾ ਪ੍ਰਯੋਗ ਪਹਿਲਾਂ ਹੁੰਦਾ ਸੀ ।

ਸੌ ਸਾਖੀ[14] ਅਤੇ ਸੂਰਜ ਪ੍ਰਕਾਸ਼[15] ਦੇ ਵਿਚ ਜ਼ਿਕਰ ਹੈ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਜੀ ਉਤੇ ਹਰਿਗੁਪਾਲ ਦੀ ਸ਼ਰਧਾ ਨਹੀਂ ਬੱਝਦੀ ਤੇ ਕਈ ਪ੍ਰਕਾਰ ਦੇ ਮਨ ਦੇ ਵਿਚ ਤਰਕ ਕਰਦਾ ਹੈ । ਕਈ ਦਿਨ ਆਨੰਦਪੁਰ ਸਾਹਿਬ ਰਹਿੰਦਾ ਹੈ ਅਤੇ ਫਿਰ ਜਾਣ ਲੱਗਦਾ ਹੈ ਤਾਂ ਗੁਰੂ ਸਾਹਿਬ ਉਸਨੂੰ ਸਰਬ ਲੋਹੇ ਦਾ ਕੜਾ ਦਿੰਦੇ ਹਨ । ਕੜਿਆਂ ਦਾ ਜ਼ਿਕਰ ਸੌ ਸਾਖੀ ਦੀ 58ਵੀਂ ਸਾਖੀ ਦੇ ਵਿਚ ਵੀ ਮਿਲਦਾ ਹੈ ।

ਦੂਜੇ ਪਾਸੇ ਕੰਘੇ ਦਾ ਵੀ ਜ਼ਿਕਰ ਤਨਖਾਹਨਾਮੇ ਦੇ ਵਿਚ ਆਉਂਦਾ ਹੈ ।

ਕੰਘਾ ਦੋਨਉਂ ਵਕਤ ਕਰ, ਪਾਗ ਚੁਨਹਿ ਕਰ ਬਾਂਧਈ[16]

4.    ਫਿਰ ਹੈ ਭਾਈ ਜੈਤਾ ਜੀ ਦੀ ਰਚਨਾ: ਸ੍ਰੀ ਗੁਰ ਕਥਾ ।

ਕ੍ਰਿਪਾਨ ਕੜਾ ਕਛ ਕੇਸ ਕੰਕਤ ਕਰ ਦੀਨਹਿੰ ਨਿਸਚੈ ਪਾਂਚ ਕਕਾਰੇ[17]

ਪੰਜ ਕਕਾਰਾਂ ਦਾ ਜ਼ਿਕਰ ਘੱਟ ਅਤੇ ਤ੍ਰੈ ਮੁਦ੍ਰਾ ਦਾ ਜ਼ਿਕਰ ਜ਼ਿਆਦਾ ਕਿਉਂ ਹੈ ? ਇਸਦਾ ਇਹ ਕਾਰਣ ਜਾਪਦਾ ਹੈ ਕਿ ਕੜੇ ਬਾਣੇ ਦੇ ਕੱਫ਼ ਦੇ ਵਿਚ ਲੁਕ ਜਾਂਦਾ ਹੈ ਅਤੇ ਕੰਘਾ ਦਸਤਾਰ ਥੱਲੇ । ਜੇਕਰ ਕਿਰਪਾਨ ਦੀ ਗੱਲ ਕਰੀਏ ਤਾਂ ਇਹ ਉਪਰੋਂ ਦਿੱਖਦੀ ਹੈ । ਦਸਤਾਰ ਕੇਸਾਂ ਕਰਕੇ ਬੰਨ੍ਹੀ ਜਾਂਦੀ ਹੈ, ਦਾੜ੍ਹੀ ਵੀ ਦਿੱਖਦੀ ਹੈ । ਬਾਣੇ ਵਿਚੋਂ ਕਛਹਿਰਾ ਵੀ ਸਾਫ਼ ਦਿੱਖਦਾ ਹੈ । ਸੋ ਉਪਰਲੇ ਕਕਾਰਾਂ ਦੀ ਝਲਕ ਕਰਕੇ ਤਿੰਨ ਕਕਾਰਾਂ ਦਾ ਵੇਰਵੇ ਜ਼ਿਆਦਾ ਹੋ ਸਕਦਾ ਹੈ । ਪਰ ਇਸਦਾ ਇਹ ਮਤਲਬ ਨਹੀਂ ਕਿ ਪੰਜ ਕਕਾਰਾਂ ਦਾ ਜ਼ਿਕਰ ਹੀ ਨਹੀਂ ਹੈ, ਜਿਵੇਂ ਕਿ ਆਪਾਂ ਨੂੰ ਗੁਰੂ ਕੀਆਂ ਸਾਖੀਆਂ, ਭੱਟ ਵਹੀ, ਅਤੇ ਇਕ ਫ਼ਾਰਸੀ ਦੇ ਸ਼ੇਅਰ ਦੇ ਵਿਚ ਮਿਲਦਾ ਹੈ ।

 

ਚਰਨਾਮ੍ਰਿਤ ਅਤੇ ਖੰਡੇ ਦਾ ਅੰਮ੍ਰਿਤ

ਨਿਰਾਲੇ ਦਾ ਇਹ ਮੰਨਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਖੰਡੇ ਦਾ ਅੰਮ੍ਰਿਤ ਤਿਆਰ ਨਹੀਂ ਕੀਤਾ । ਇਹ ਆਧੁਨਿਕ ਸਿੱਖ ਵਿਦਵਾਨਾਂ ਦਾ ਹੱਠ ਹੈ ਕਿ ਇੰਝ ਹੋਇਆ ਸੀ । ਇਸਨੂੰ ਇਕ ਬੇਵਕੂਫ਼ੀ ਤੋਂ ਬਿਨਾਂ ਹੋਰ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਨਿਰਾਲੇ ਨੇ ਖ਼ੁਦ 63-75 ਪੰਨਿਆਂ ਦੇ ਵਿਚ ਇਤਿਹਾਸਿਕ ਹਵਾਲੇ ਦਿੱਤੇ ਨੇ ਕਿ ਖੰਡੇ ਦਾ ਅੰਮ੍ਰਿਤ ਤਿਆਰ ਹੋਇਆ ਸੀ । ਇਨ੍ਹਾਂ ਸਫ਼ਿਆਂ ਦੇ ਵਿਚ 1711 ਦੇ ਗੁਰ ਸੋਭਾ ਗ੍ਰੰਥ ਤੋਂ ਲੈ ਕੇ 20ਵੀਂ ਸਦੀ ਤੱਕ ਦੀਆਂ ਕਿਤਾਬਾਂ ਦਾ ਹਵਾਲਾਂ ਦਿੱਤਾ ਹੈ ਕਿ ਕਿਸ ਤਰ੍ਹਾਂ ਕਿਸ ਕਵੀ ਨੇ ਖੰਡੇ ਦੇ ਅੰਮ੍ਰਿਤ ਦਾ ਜ਼ਿਕਰ ਕੀਤਾ ਹੈ । ਹੁਣ ਜੇਕਰ ਇਹ ਇਤਿਹਾਸ ਹੋਇਆ ਹੀ ਨਹੀਂ ਹੈ ਤਾਂ ਇੰਨੇ ਹਵਾਲੇ ਦੇਣ ਦਾ ਕੀ ਮਤਲਬ ? ਹਾਂ, ਨਿਰਾਲਾ ਇਹ ਜ਼ਰੂਰ ਕਹਿ ਸਕਦਾ ਸੀ ਕਿ ਅੰਮ੍ਰਿਤ ਤਿਆਰ ਕਰਨ ਵੇਲੇ ਕਿਹੜੀਆਂ ਬਾਣੀਆਂ ਪੜ੍ਹੀਆਂ ਗਈਆਂ ਇਸ ਬਾਰੇ ਮਤਭੇਦ ਹੈ । ਇਹ ਜ਼ਰੂਰ ਮੰਨਣਯੋਗ ਹੈ । ਪਰ ਖ਼ਾਲਸਾ ਤਿਆਰ ਹੀ ਨਹੀਂ ਹੋਇਆ, ਅੰਮ੍ਰਿਤ ਤਿਆਰ ਹੀ ਨਹੀਂ ਹੋਇਆ, ਇਹ ਮੰਨਣਾ ਸਿਰਫ਼ ਗੁਰੂਡੰਮਾਂ ਦੀ ਮੂਰਖ਼ਤਾ ਹੈ ।

ਆਉ ਹੁਣ ਇਸ ਬਾਰੇ ਵੀ ਜ਼ਿਕਰ ਕਰ ਲਿਆ ਜਾਵੇ ਕਿ ਸਿੱਖਾਂ ਨੂੰ ਚਰਨਾਮ੍ਰਿਤ ਚਾਹੀਦਾ ਹੈ ਜਾਂ ਖੰਡੇ ਦਾ ਅੰਮ੍ਰਿਤ ।

ਗੁਰੂ ਨਾਨਕ ਦੇਵ ਜ ਦੇ ਸਮੇਂ ਤੋਂ ਲੈ ਕੇ ਖਾਲਸਾ ਸਾਜਣ ਤੱਕ ਗੁਰੂ ਸਾਹਿਬਾਨ ਚਰਨਾਮ੍ਰਿਤ ਦਿੰਦੇ ਰਹੇ ਹਨ । ਕਈ ਅੱਜ ਦੇ ਜ਼ਿਆਦਾ ਪੜ੍ਹੇ-ਲਿਖੇ ਨੌਜਵਾਨ ਇਸ ਗੱਲ ਤੋਂ ਮੁਨਕਰ ਹੋ ਰਹੇ ਨੇ । ਸ਼ਾਇਦ ਉਹ ਇਸ ਲਈ ਕਰਦੇ ਨੇ ਕਿਉਂਕਿ ਉਹ ਇਹ ਸਮਝਦੇ ਨੇ ਕਿ ਇਹ ਇਕ ਅਜਿਹੀ ਕਿਰਿਆ ਹੈ ਜੋ ਉਹ ਖ਼ੁਦ ਨਹੀਂ ਕਰ ਸਕਣਗੇ, ਭਾਵ ਚਰਨਾਮ੍ਰਿਤ ਨਹੀਂ ਲੈ ਸਕਣਗੇ, ਸੋ ਉਹ ਨਕਾਰ ਦਿੰਦੇ ਨੇ । ਗੁਰੂਡੰਮ ਕਈ ਅਜਿਹੀਆਂ ਗੱਲਾਂ ਲੈ ਕੇ ਆਉਂਦੇ ਹਨ ਜੋ ਸਿੱਖੀ ਦੇ ਵਿਰੁਧ ਹਨ, ਅਤੇ ਗੁਰਬਾਣੀ ਅਤੇ ਇਤਿਹਾਸ ਜਿਸਦੀ ਇਜਾਜ਼ਤ ਨਹੀਂ ਦਿੰਦਾ । ਸੋ ਸਿੱਖੀ ਨੂੰ ਆਪਣੇ ਅਨੁਕੂਲ ਬਣਾਉਣ ਦੇ ਲਈ ਉਹ ਕਈ ਤਰ੍ਹਾਂ ਦੀਆਂ ਦਲੀਲਾਂ ਘੜਦੇ ਹਨ ਤਾਂਕਿ ਗੁਰੂ ਨੂੰ ਆਪਣੇ ਵਰਗਾ ਬਣਾਇਆ ਜਾ ਸਕੇ । ਜਿਹੜਾ ਬ੍ਰਾਹਮਣ ਸੀ, ਜੋ ਆਪਣੇ ਆਪ ਨੂੰ ਸਭ ਤੋਂ ਸ੍ਰੇਸ਼ਟ ਮੰਨਦਾ ਸੀ, ਜੋ ਕਿਸੇ ਦੇ ਅਧੀਨ ਨਹੀਂ ਸੀ, ਉਹ ਵੀ ਸਿੱਖ ਬਣਨ ਦੇ ਲਈ ਗੁਰੂ ਸਾਹਿਬਾਨ ਦਾ ਚਰਨਾਮ੍ਰਿਤ ਲੈਂਦਾ ਸੀ । ਪਰ ਉਹ ਇਹ ਨਹੀਂ ਸਮਝਦੇ ਕਿ ਇਹ ਜਾਤ-ਪਾਤ ਨੂੰ ਸੱਟ ਮਾਰਨ ਤੋਂ ਘੱਟ ਨਹੀਂ ਸੀ ।

ਚਰਨਾਮ੍ਰਿਤ ਤੋਂ ਇਹ ਖੰਡੇ ਦਾ ਅੰਮ੍ਰਿਤ ਗੁਰੂ ਸਾਹਿਬਾਨ ਦੀ ਉਸ ਸੋਚ ਦਾ ਨਤੀਜਾ ਸੀ ਜਿਸ ਵਿਚ ਉਨ੍ਹਾਂ ਨੂੰ ਪਤਾ ਸੀ ਕਿ ਆਉਣ ਵਾਲਾ ਸਮਾਂ ਕਿਸ ਤਰ੍ਹਾਂ ਦਾ ਹੋਵੇਗਾ, ਅਤੇ ਸ਼ਬਦ-ਗੁਰੂ ਦੇ ਲੜ ਸਿੱਖਾਂ ਨੂੰ ਲਗਾਉਣਾ ਹੈ ਤੇ ਚਰਨਾਮ੍ਰਿਤ ਨਹੀਂ ਮਿਲ ਸਕੇਗਾ । ਇਹ ਗੁਰੂ ਸਾਹਿਬ ਦੀ ਉਸ ਸ਼ਕਤੀ ਦਾ ਅਸਰ ਸੀ ਜਿਸ ਕਰਕੇ ਉਨ੍ਹਾਂ ਨੇ ਆਪਣੇ ਪਿਆਰੇ ਸਿੱਖਾਂ ਨੂੰ ਆਪਣੇ ਵਿਚ ਅਭੇਦ ਕਰਨਾ ਸੀ ਤਾਂ ਜੋ ਖਾਲਸਾ ਆਉਣ ਵਾਲੇ ਸਮੇਂ ਦੇ ਵਿਚ ਹੋਰ ਸਿੱਖ ਤਿਆਰ ਕਰ ਸਕੇ । ਇਹ ਨਿਰੀ ਕੋਈ ਫ਼ੌਜ ਨਹੀਂ ਸੀ, ਇਹ ਇਕ ਉਹ ਸੰਕਲਪ ਸੀ ਜਿਸ ਵਿਚ ਗੁਰੂ ਨੇ ਸਿੱਖਾਂ ਨੂੰ ਰੱਬ ਨਾਲ ਅਭੇਦ ਕਰਨਾ ਸੀ, ਜਿਸ ਵਿਚ ਉਨ੍ਹਾਂ ਨੇ ਇਕ ਅਜਿਹਾ ਮਨੁੱਖ ਸਿਰਜਣਾ ਸੀ ਜੋ ਪਰਮਾਤਮਾ ਵਰਗਾ ਹੋਵੇ ।

ਨਿਰਾਲੇ ਵਰਗੇ ਜਾਂ ਫਿਰ ਗੁਰੂਡੰਮਾਂ ਦੇ ਮਨਾਂ ਦੇ ਵਿਚ ਜੇਕਰ ਖੰਡੇ ਦਾ ਅੰਮ੍ਰਿਤ ਛਕਣ ਦੀ ਚਾਹ ਨਹੀਂ ਹੈ ਤਾਂ ਇਹ ਉਨ੍ਹਾਂ ਦਾ ਫ਼ੈਸਲਾ ਹੈ । ਕੋਈ ਉਨ੍ਹਾਂ ਨੂੰ ਘਰ ਜਾ ਕੇ ਮਜਬੂਰ ਨਹੀਂ ਕਰ ਰਿਹਾ ਕਿ ਤੁਸੀਂ ਅੰਮ੍ਰਿਤ ਛਕੋ । ਪਰ ਇਹੋ ਜਿਹੀਆਂ ਲਿਖਤਾਂ ਲਿਖਣਾ ਇਕ ਮੂਰਖ਼ਤਾ ਤੋਂ ਘੱਟ ਨਹੀਂ ਹੈ ਜਿਸ ਵਿਚ ਇਤਿਹਾਸ ਤੇ ਗੁਰੂ ਉਪਦੇਸ਼ ਨੂੰ ਨਕਾਰਿਆ ਗਿਆ ਹੈ ।

ਜੇਕਰ ਪੁਰਾਣੇ ਸਿੱਖਾਂ ਨੇ ਚਰਨਾਮ੍ਰਿਤ ਪੀਤਾ ਸੀ ਤਾਂ ਇਸਦਾ ਇਹ ਭਾਵ ਨਹੀਂ ਕਿ ਹੁਣ ਦੇ ਸਮੇਂ ਦੇ ਸਿੱਖ ਗੁਰੂਡੰਮਾਂ ਦੇ ਡੇਰਿਆਂ ਤੇ ਜਾ ਕੇ ਚਰਨ-ਪਾਹੁਲ ਲੈਂਦੇ ਰਹਿਣ । ਸਮੇਂ ਦੇ ਨਾਲ ਗੁਰੂ ਸਾਹਿਬਾਨ ਨੇ ਕਈ ਅਸੂਲ ਦਿੱਤੇ ਸਨ ਜੋ ਪਹਿਲਾਂ ਨਾਲੋਂ ਭਿੰਨ ਵੀ ਹੋ ਸਕਦੇ ਹਨ । ਜਿਵੇਂ ਪਹਿਲਾਂ ਮਨੁੱਖੀ ਸ਼ਰੀਰ ਦੇ ਵਿਚ ਵਿਚਰੀ ਜੋਤਿ ਨੂੰ ਗੁਰੂ ਕਿਹਾ ਗਿਆ, ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਗ੍ਰੰਥ ਜੀ ਨੂੰ ਗੁਰਤਾਗੱਦੀ ਦੇ ਦਿੱਤੀ । ਪਰ ਵਿਚਾਰਨ ਵਾਲੀ ਗੱਲ ਇਹ ਹੈ ਕਿ ਜੋਤਿ ਓਹੀ ਹੈ । ਜੋ ਜੋਤਿ ਗੁਰੂ ਸਾਹਿਬਾਨਾਂ ਦੇ ਵਿਚ ਵਿਚਰੀ, ਉਹੀ ਜੋਤਿ ਹੁਣ ਗੁਰਬਾਣੀ ਦੇ ਵਿਚ ਵਿਚਰ ਰਹੀ ਹੈ । ਜਿਵੇਂ-ਜਿਵੇਂ ਗੁਰੂ ਸਾਹਿਬਾਨ ਨੇ ਹੁਕਮ ਕੀਤਾ ਸਿੱਖ ਉਵੇਂ-ਉਵੇਂ ਕਰਨ ਲੱਗੇ । ਗੁਰਬਾਣੀ ਦੀਆਂ ਸਤਰਾਂ ਜਾਂ ਫਿਰ ਭਾਈ ਗੁਰਦਾਸ ਜੀ ਦੀ ਬਾਣੀ ਦਾ ਹਵਾਲਾ ਦੇ ਕੇ ਇਹ ਸਿੱਧ ਕਰਨਾ ਕਿ ਚਰਨਾਮ੍ਰਿਤ ਪ੍ਰਵਾਨ ਹੈ ਅਤੇ ਹੁਣ ਦੇ ਸਿੱਖਾਂ ਨੂੰ ਵੀ ਇਹੀਓ ਕਰਨਾ ਚਾਹੀਦਾ ਹੈ ਬਹੁਤ ਭਾਰੀ ਗ਼ਲਤੀ ਹੈ ।

 

ਪੰਜ ਬਾਣੀਆਂ

ਸਿੱਖ ਧਰਮ ਦੇ ਵਿਚ ਪੰਜ ਸ਼ਬਦ ਬਹੁਤ ਥਾਈਂ ਵਰਤਿਆ ਗਿਆ ਹੈ । ਜਿਵੇਂ ਕਈਆਂ ਨੇ ਪੰਜ ਕਕਾਰਾਂ ਦਾ ਬਹੁਤ ਰੌਲਾ ਪਾਇਆ ਸੀ, ਜਿਸ ਬਾਰੇ ਆਪਾਂ ਗੱਲ ਕਰ ਆਏ ਹਾਂ, ਉਵੇਂ ਹੀ ਕਈਆਂ ਨੇ ਪੰਜ ਬਾਣੀਆਂ ਦਾ ਬਹੁਤ ਰੌਲਾ ਪਾਇਆ ਹੈ । ਕਈ ਇਨ੍ਹਾਂ ਵਿਚੋਂ ਉਹ ਹਨ ਜੋ ਇਨ੍ਹਾਂ ਨੂੰ ਇਸ ਕਰਕੇ ਰੱਦ ਕਰਦੇ ਨੇ ਕਿਉਂਕਿ ਉਹ ਦਸਮੇਂ ਪਾਤਸ਼ਾਹ ਦੀ ਬਾਣੀ ਨੂੰ ਨਹੀਂ ਮੰਨਦੇ । ਉਨ੍ਹਾਂ ਦਾ ਦਰਅਸਲ ਦੇ ਵਿਚ ਇਹੀਓ ਮੁੱਦਾ ਹੈ ਕਿ ਸਿੱਖ ਮਰਯਾਦਾਵਾਂ ਤੇ ਸਿੱਖ ਧਰਮ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਖ਼ਤਮ ਕੀਤਾ ਜਾਵੇ । ਪੰਜ ਬਾਣੀਆਂ ਤਾਂ ਸਿਰਫ਼ ਇਕ ਉਲਝਾਉਣ ਦਾ ਤਰੀਕਾ ਹੈ । ਦੂਜੇ ਤੇ ਫਿਰ ਨਿਰਾਲੇ ਵਰਗੇ ਆਉਂਦੇ ਨੇ ਜਿਹੜੇ ਵਿਚਾਰੇ ਬਹੁਤਾ ਹੀ ਘੱਟ ਪੜ੍ਹੇ ਆ ਸਿੱਖੀ ਬਾਰੇ । ਜੋ ਸਿਰਫ਼ ਗੁਰੂਡੰਮਾਂ ਦੀ ਉਸਤਤ ਕਰਨ ਦੇ ਵਿਚ ਲੱਗੇ ਹੋਏ ਆ ਜਾਂ ਕਈ ਏਜੰਸੀਆਂ ਦੇ ਕਹਿ ਤੇ ਇਹ ਸਭ ਕਰਦੇ ਆ ।

ਇਹ ਜ਼ਰੂਰ ਇਕ ਇਤਿਹਾਸਕ ਸੱਚਾਈ ਹੈ ਕਿ ਇਤਿਹਾਸਕ ਗ੍ਰੰਥਾਂ ਦੇ ਵਿਚ ਅਲੱਗ-ਅਲੱਗ ਬਾਣੀਆਂ ਪੜ੍ਹੇ ਜਾਣ ਦਾ ਜ਼ਿਕਰ ਹੈ । ਪਰ ਆਪਾਂ ਇਹ ਦੇਖਣਾ ਹੈ ਕਿ ਕੋਈ ਅਜਿਹੀ ਲਿਖਤ ਵੀ ਹੈ ਜਿਸ ਵਿਚ ਹੁਣ ਦੇ ਸਮੇਂ ਦੇ ਵਿਚ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਦਾ ਜ਼ਿਕਰ ਆਇਆ ਹੈ । ਕਿਉਂਕਿ ਇਹ ਆਮ ਹੀ ਕਹਿ ਦਿੱਤਾ ਜਾਂਦਾ ਹੈ ਕਿ 1940 ਦੇ ਦਹਾਕੇ ਵਿਚ ਬਣੀ ਮਰਯਾਦਾ ਕਰਕੇ ਇਹ ਬਾਣੀਆਂ ਪੜ੍ਹੀਆਂ ਜਾਂਦੀਆਂ ਹਨ । ਤੇ ਜੇ ਇਹ ਮਰਯਾਦਾ ਉਦੋਂ ਬਣ ਸਕਦੀ ਹੈ ਤਾਂ ਹੁਣ ਕਿਉਂ ਨਹੀਂ । ਦੇਖੋ ਕਿੰਨੀ ਹਾਸੋਹੀਣੀ ਗੱਲ ਹੈ ਕਿ ਇਹ ਕਹਿ ਦਿੱਤਾ ਜਾਂਦਾ ਹੈ ਕਿ ਗੁਰੂ ਸਾਹਿਬਾਨ ਵੱਲੋਂ ਦਿੱਤੀ ਮਰਯਾਦਾ ਦਾ ਪਤਾ ਨਹੀਂ ਕਿ ਕੀ ਸੀ, ਪਰ 1940 ਦੇ ਦਹਾਕੇ ਦੇ ਵਿਚ ਸਿੱਖਾਂ ਨੇ ਆਪੇ ਮਰਯਾਦਾ ਬਣਾ ਦਿੱਤੀ । ਕੀ ਇੱਦਾਂ ਹੋ ਸਕਦਾ ਹੈ ਕਿ ਸਿੱਖ ਆਪਣੀ ਮਰਜ਼ੀ ਨਾਲ ਅੰਮ੍ਰਿਤ ਤਿਆਰ ਕਰਨ ਦੀ ਵਿਧੀ ਬਣਾ ਲੈਣ ਜੋ ਗੁਰੂ ਸਾਹਿਬਾਨ ਦੇ ਵੇਲੇ ਤੋਂ ਚਲੀ ਆ ਰਹੀ ਮਰਯਾਦਾ ਦੇ ਉਲਟ ਹੋਵੇ ? ਕਦੇ ਵੀ ਨਹੀਂ ।

1.  ਇਸ ਵਿਚ ਵੀ ਆਪਣੇ ਲਈ ਗੁਰੂ ਕੀਆਂ ਸਾਖੀਆਂ ਸਹਾਈ ਹੋਵੇਗੀ ਜਿਸ ਵਿਚ ਇਹ ਸਾਫ਼-ਸਾਫ਼ ਲਿਖਿਆ ਹੈ ਕਿ ਕਿਹੜੀਆਂ ਬਾਣੀਆਂ ਪੜ੍ਹੀਆਂ ਗਈਆਂ

ਅੰਤਰਯਾਮੀ ਸਤਿਗੁਰਾਂ ਇਨ ਕੀ ਤਰਫ ਨਹੀਂ ਦੇਖਾ, ਮਨ ਬਿਰਤੀ ਕੋ ਇਕਾਗਰ ਕਰੀ ਸ੍ਰੀ ਜਪੁ ਜਾ ਕਾ ਪਾਠ ਕਰੀ ਗਏ । ਉਪਰੰਤ ਜਾਪ, ਸਵੈਯੇ, ਚਉਪਈ ਕਾ ਉਚਾਰਣ ਕਰ ਸ੍ਰੀ ਅਨੰਦ ਸਾਹਿਬ ਕਾ ਪਾਠ ਕੀਆ[18]

2.  ਭਾਈ ਜੀਵਨ ਸਿੰਘ ਜੀ ਰਚਨਾ ਵਿਚ ਵੀ 5 ਬਾਣੀਆਂ ਦਾ ਜ਼ਿਕਰ ਮਿਲਦਾ ਹੈ ।

ਪਾਚਹੁੰ ਮਹਿ ਚਾਰ ਸੂ ਹੋਵਹਿਂ ਅਵਰ ਜੋਇ

ਪਾਤਰ ਊਪਰ ਹਾਛ ਰਖੀਜੈ ।

ਆਪਨ ਆਪਨ ਬਾਰ ਯੇ ਪਾਂਚਹੁੰ

ਪਾਂਚ ਹੀ ਬਾਣੀ ਕੋ ਪਾਠ ਪੜ੍ਹੀਜੈ ।

ਜਪੁ ਜਾਪ ਸਵੈਯੇ ਚੌਪਈ ਅਨੰਦ ਕੋ

ਪਾਠ ਸੋਂ ਪਾਹੁਲ ਤਿਆਰ ਕਰੀਜੈ ।

ਪਾਂਓ ਚੁਲੇ ਮੁਖ ਪਾਵਹਿ ਸੁ ਯਾਜਕ

ਏਤ ਹੀ ਨੇਤਰ ਕੇਸ ਪਵਜੈ ।।113।।[19]

ਨਿਰਾਲੇ ਨੇ ਗੁਰਬਾਣੀ ਪਾਠ ਦਰਪਣ ਦਾ ਹਵਾਲਾ ਦੇ ਕੇ ਇਹ ਗੱਲ ਸਿੱਧ ਕਰਨ ਦੀ ਗੱਲ ਕੀਤੀ ਹੈ ਕਿ ਭਿੰਡਰਾਂ ਵਿਖੇ ਜਾਂ ਕਹਿ ਲਵੋ ਟਕਸਾਲ ਦੇ ਵਿਚ 7 ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ । ਇਸਨੇ ਸ੍ਵੈਯਾ ਤੇ ਦੋਹਰਾ, ਜੋ ਕਿ ਚੌਪਈ ਸਾਹਿਬ ਦਾ ਹਿੱਸਾ ਹੈ, ਨੂੰ 2 ਅਲੱਗ-ਅਲੱਗ ਬਾਣੀਆਂ ਗਿਣਿਆ ਹੈ । ਇਹ ਸਹੀ ਹੈ ਕਿ ਇਹ ਰਾਮਾਵਤਾਰ ਵਿਚੋਂ ਹੈ, ਪਰ ਇਹ ਚੌਪਈ ਸਾਹਿਬ ਦੇ ਵਿਚ ਹੀ ਪੜ੍ਹਿਆ ਜਾਂਦਾ ਹੈ ।

ਨਿਰਾਲੇ ਨੇ ਬਹੁਤ ਸਾਰੀਆਂ ਲਿਖਤਾਂ ਦਾ ਜ਼ਿਕਰ ਕੀਤਾ ਹੈ ਕਿ ਕਿਤੇ ਕੋਈ ਬਾਣੀ ਪੜ੍ਹਦਾ ਹੈ ਅਤੇ ਕਿਤੇ ਕੋਈ, ਪਰ ਉਪਰਲੀਆਂ ਲਿਖਤਾਂ ਦਾ ਜ਼ਿਕਰ ਨਹੀਂ ਕਰਦਾ । ਉਹ ਤਾਂ ਇਹ ਮੰਨਦਾ ਹੈ ਕਿ ਗੁਰੂ ਸਾਹਿਬ ਨੇ ਕੋਈ ਅੰਮ੍ਰਿਤ ਤਿਆਰ ਹੀ ਨਹੀਂ ਕੀਤਾ । ਕਿਉਂ ਜੇ ਇਹ ਸਾਬਤ ਹੁੰਦਾ ਹੈ ਤਾਂ ਗੁਰੂਡੰਮਾਂ ਦੇ ਪੈਰ ਧੋ ਕੇ ਪੀਣ ਦਾ ਅਨੰਦ ਨਹੀਂ ਬਣਨਾ ਇਨ੍ਹਾਂ ਲੋਕਾਂ ਨੂੰ । ਜਿੰਨੇ ਵੀ ਹਵਾਲੇ ਦਿੱਤੇ ਨੇ ਇਸਨੇ ਸ੍ਰੀ ਗੁਰ ਸੋਭਾ ਤੋਂ ਲੈ ਕੇ ਖਾਲਸਾ ਧਰਮ ਸ਼ਾਸਤਰ ਦੀ ਪੂਰਬ ਮਿਮਾਂਸਾ ਤੱਕ ਉਨ੍ਹਾਂ ਸਾਰਿਆਂ ਦੇ ਵਿਚ ਪੰਥ ਚਲਾਉਣ ਦਾ ਜ਼ਿਕਰ ਮਿਲਦਾ ਹੈ, ਅਤੇ ਬਹੁਤਿਆਂ ਦੇ ਵਿਚ ਅੰਮ੍ਰਿਤ ਬਾਰੇ ਵੀ ਲਿਖਿਆ ਮਿਲਦਾ ਹੈ । ਫਿਰ ਕਿਸ ਅਧਾਰ ਤੇ ਇਹ ਕਹਿ ਰਿਹਾ ਹੈ ਕਿ ਗੁਰੂ ਸਾਹਿਬ ਨੇ ਅੰਮ੍ਰਿਤ ਨਹੀਂ ਤਿਆਰ ਕੀਤਾ ? ਇਹ ਤਾਂ ਉਹ ਗੱਲ ਹੋਈ ਕਿ ਜਿਵੇਂ ਇਕ ਬੰਦਾ ਕਹਿ ਰਿਹਾ ਸੀ ਕਿ ਅੰਮ੍ਰਿਤ ਨਹੀਂ ਹੁੰਦਾ ਬਲਕਿ ਖੰਡੇ ਦੀ ਪਾਹੁਲ ਹੁੰਦਾ ਹੈ, ਉਨ੍ਹਾਂ ਸ੍ਰੋਤਾਂ ਦੇ ਵਿਚ ਦੋਨੋਂ ਦੀ ਦਰਜ਼ ਸਨ, ਪਰ ਉਹ ਇਕ ਹੀ ਦੱਸ ਰਿਹਾ ਸੀ ।

ਜਿੰਨੀਆਂ ਵੀ ਮਰਯਾਦਾਵਾਂ ਨੇ ਉਹ ਕਾਫ਼ੀ ਪੁਰਾਣੀਆਂ ਨੇ । ਇਹ ਨਹੀਂ ਕਹਿ ਸਕਦੇ ਕਿ 1940 ਦੇ ਸਮੇਂ ਦੇ ਵਿਚ ਇਹ ਹੋਂਦ ਦੇ ਵਿਚ ਆਈਆਂ ਜਾਂ ਫਿਰ ਇਸਨੂੰ ਕਿਸੇ ਖ਼ਾਸ ਸੰਪਰਦਾ ਜਾਂ ਸਿੱਖ ਨੇ ਬਣਾ ਦਿੱਤਾ । ਕਈ ਅਜਿਹੇ ਸਿੱਖ ਨੇ ਜੋ ਸ੍ਰੋਤ ਵੀ ਨਹੀਂ ਦੇਖਦੇ, ਮੰਨ ਲੈਂਦੇ ਨੇ ਜੋ ਸੀਨੇ-ਬ-ਸੀਨੇ ਚੱਲਿਆ ਆਉਂਦਾ ਹੈ । ਕਈ ਇਤਿਹਾਸ ਦੇਖ ਕੇ ਵੀ ਮੁੱਕਰ ਜਾਂਦੇ ਨੇ । ਹੁਣ ਦਾ ਸਮਾਂ ਮਿਹਨਤ ਬਹੁਤ ਮੰਗਦਾ ਹੈ, ਜੋ ਅੱਜ ਦੇ ਸਿੱਖ ਕਰਨ ਨੂੰ ਤਿਆਰ ਨਹੀਂ ਹਨ । ਬਿਨਾਂ ਇਤਿਹਾਸ ਫਰੋਲੇ ਆਪਾਂ ਕੁਝ ਨਹੀਂ ਜਾਣ ਸਕਦੇ ।

 

 



[1] Evolution of the Khalsa, Vol 1, Indubhusan Banerjee, p 115-117, 1979

[2] ਹੇਠ ਲਿਖੇ ਸਲੋਕ ਦਾ ਉਹ ਜ਼ਿਕਰ ਕਰਦਾ ਹੈ

  ਸੂਚੇ ਏਹਿ ਆਖੀਅਹਿ ਬਹਨਿ ਜਿ ਪਿੰਡਾ ਧੋਇ ।।

  ਸੂਚੇ ਸੇਈ ਨਾਨਕਾ ਜਿਨ੍ ਮਨਿ ਵਸਿਆ ਸੋਇ ।।2।।

[3] ਸ੍ਰੀ ਗੁਰੂ ਨਾਨਕ ਚਮਤਕਾਰ ਉਤਰਾਰਧ, ਭਾਈ ਵੀਰ ਸਿੰਘ, ਪੰਨਾ 335, 2013

[4] ਭਾਈ ਗੁਰਦਾਸ ਵਾਰ 13ਵੀਂ, ਪਉੜੀ 25ਵੀਂ

[5] ਜੋਤਿ ਬਿਗਾਸ, ਭਾਈ ਨੰਦ ਲਾਲ

[6] ਗੁਰਬਾਣੀ ਅਰਥ-ਭੰਡਾਰ, ਪੋਥੀ ਪਹਿਲੀ, ਪੰਨਾ 46, 2016

[7] ਗੁਰਬਾਣੀ ਪਾਠ ਦਰਪਣ, ਪੰਨਾ 201, 2007

[8] ਸਰਬ ਲੋਹ ਗ੍ਰੰਥ, ਗੁਰਬਿਲਾਸ ਪਾਤਸ਼ਾਹੀ ਦਸਵੀਂ, ਸੂਰਜ ਪ੍ਰਕਾਸ਼ ਦੇ ਵਿਚ ਇਹ ਲਿਖਿਆ ਦੇਖਿਆ ਜਾ ਸਕਦਾ ਹੈ

[9] ਗੁਰੂ ਕੀਆਂ ਸਾਖੀਆਂ, ਕ੍ਰਿਤ ਸਰੂਪ ਸਿੰਘ ਕੌਸ਼ਿਸ, ਸੰਪਾਦਕ ਪਿਆਰਾ ਸਿੰਘ ਪਦਮ, ਪੰਨਾ 123

[10] ਗੁਰੂ ਕੀਆਂ ਸਾਖੀਆਂ, ਕ੍ਰਿਤ ਸਰੂਪ ਸਿੰਘ ਕੌਸ਼ਿਸ, ਸੰਪਾਦਕ ਪਿਆਰਾ ਸਿੰਘ ਪਦਮ, ਪੰਨਾ 16

[11] ਰਹਿਤਨਾਮੇ, ਸੰਪਾਦਕ ਪਿਆਰਾ ਸਿੰਘ ਪਦਮ, ਪੰਨਾ 34

[12] ਗੁਰਮਤਿ ਮਾਰਤੰਡ, ਭਾਈ ਕਾਨ੍ਹ ਸਿੰਘ ਨਾਭਾ, ਪੰਨਾ 565

[13] ਪ੍ਰੇਮ ਸੁਮਾਰਗ ਗ੍ਰੰਥ, ਸੰਪਾਦਕ ਰਣਧੀਰ ਸਿੰਘ, ਪੰਨਾ 30

[14] ਸੌ ਸਾਖੀ, ਸੰਪਾਦਕ ਪਿਆਰਾ ਸਿੰਘ ਪਦਮ, ਸਾਖੀ 72

[15] ਸੂਰਜ ਪ੍ਰਕਾਸ਼, ਭਾਈ ਸੰਤੋਖ ਸਿੰਘ, ਰੁਤ 5ਵੀਂ ਅਧਿਆਇ 13ਵਾਂ

[16] ਰਹਿਤਨਾਮੇ, ਸੰਪਾਦਕ ਪਿਆਰਾ ਸਿੰਘ ਪਦਮ, ਤਨਖਾਹਨਾਮਾ ਭਾਈ ਨੰਦ ਲਾਲ, ਪੰਨਾ 57

[17] ਭਾਈ ਜੈਤਾ ਜੀ: ਜੀਵਨ ਤੇ ਰਚਨਾ, ਗੁਰਮੁਖ ਸਿੰਘ, ਪੰਨਾ 77, 2003

[18] ਗੁਰੂ ਕੀਆਂ ਸਾਖੀਆਂ, ਕ੍ਰਿਤ ਸਰੂਪ ਸਿੰਘ ਕੌਸ਼ਿਸ, ਸੰਪਾਦਕ ਪਿਆਰਾ ਸਿੰਘ ਪਦਮ, ਪੰਨਾ 122

[19] ਭਾਈ ਜੈਤਾ ਜੀ: ਜੀਵਨ ਤੇ ਰਚਨਾ, ਗੁਰਮੁਖ ਸਿੰਘ, ਪੰਨਾ 78-79, 2003