Friday, 8 October 2021

ਸੂਚਕ ਪ੍ਰਸੰਗ ਗੁਰੂ ਕਾ

ਸੂਚਕ ਪ੍ਰਸੰਗ ਗੁਰੂ ਕਾ ਭਾਈ ਬਹਿਲੋ ਜੀ ਦੀ ਰਚਨਾ ਹੈ ਜੋ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੇ ਹੋਏ ਸਨ । ਇਹ ਰਚਨਾ ਆਪਣੇ ਆਪ ਵਿਚ ਇਕ ਜਨਮਸਾਖੀ ਹੈ ਜੋ ਗੁਰੂ ਨਾਨਕ ਦੇਵ ਜੀ ਦੇ ਜੀਵਨ ਤੇ ਝਾਤ ਪਾਉਂਦੀ ਹੈ । ਇਹ ਰਚਨਾ ਪੰਜਾਬੀ ਯੂਨਿਵਰਸਿਟੀ ਦੇ ਇਕ ਰਸਾਲੇ/ਪੱਤ੍ਰਕਾ ਦੇ ਵਿਚ ਡਾ ਗੰਡਾ ਸਿੰਘ ਵੱਲੋਂ ਛਾਪੀ ਗਈ ਸੀ । ਇਸ ਰਸਾਲੇ/ਪੱਤ੍ਰਕਾ ਵਿਚ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਸੋਮੇ ਅਤੇ ਸਿੱਖਿਆਵਾਂ ਹਨ[1] । ਮੈਂ ਪਹਿਲੀ ਵਾਰ ਇਸ ਸੋਮੇ ਬਾਰੇ ਡਾ ਤ੍ਰਿਲੋਚਨ ਸਿੰਘ ਹੋਣਾ ਦੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਬਾਰੇ ਲਿਖੀ ਕਿਤਾਬ ਦੇ ਵਿਚ ਪੜ੍ਹਿਆ ਸੀ । ਇੰਟਰਨੈੱਟ ਉੱਤੇ ਸੂਚਕ ਪ੍ਰਸੰਗ ਗੁਰੂ ਕਾ ਉਪਲਬਧ ਨਹੀਂ ਹੈ, ਸੋ ਸੋਚਿਆ ਕਿ ਇਸਨੂੰ ਇੰਨ-ਬਿੰਨ ਲਿਖ ਦਿੱਤਾ ਜਾਵੇ ਤਾਂ ਜੋ ਹੋਰ ਵੀ ਇਸਨੂੰ ਪੜ੍ਹ ਸਕਣ । ਇਸਦੇ ਸ਼ੁਰੂ ਦੇ ਵਿਚ ਇਕ ਨੋਟ ਲਿਖਿਆ ਗਿਆ ਹੈ ਜੋ ਇਸ ਪ੍ਰਕਾਰ ਹੈ:

ਭਾਈ ਬਹਿਲੋ ਦੀ ਰਚਨਾ ਵਾਲੀ ਇਕ ਪੁਰਾਤਨ ਪੋਥੀ ਵਿਚੋਂ । ਭਾਈ ਬਹਿਲੋ, ਫਫੜੇ ਭਾਈ ਕੇ ਵਾਲੇ ਗੁਰੂ ਅਰਜਨ ਸਾਹਿਬ ਦੇ ਸਮਕਾਲੀ ਸਨ । ਉਨ੍ਹਾਂ ਦਾ ਦੇਹਾਂਤ ਚੇਤ ਸੁਦੀ ਨੌਵੀ ਸੰਮਤ 1660 ਬਿ., 24 ਮਾਰਚ, 1604 ਈ. ਨੂੰ ਹੋਇਆ ਸੀ ।

ਇਸ ਵਿਚ ਭਾਈ ਬਾਲੇ ਦਾ ਜ਼ਿਕਰ ਹੋਇਆ ਮਿਲਦਾ ਹੈ । ਜੋ ਲੋਕ ਭਾਈ ਬਾਲੇ ਦੀ ਹੋਂਦ ਨੂੰ ਨਹੀਂ ਮੰਨਦੇ ਕਿ ਹੋਰਾਂ ਲਿਖਤਾਂ ਦੇ ਵਿਚ ਇਸਦਾ ਜ਼ਿਕਰ ਨਹੀਂ ਹੈ, ਹਾਲਾਂਕਿ ਭਾਈ ਮਨੀ ਸਿੰਘ ਵਾਲੀ ਜਨਮਸਾਖੀ ਦੇ ਵਿਚ ਭਾਈ ਬਾਲਾ ਹੈ ਅਤੇ ਮਹਿਮਾ ਪ੍ਰਕਾਸ਼ ਅਤੇ ਹੋਰ ਕਈ ਲਿਖਤਾਂ ਵਿਚ ਵੀ, ਉਨ੍ਹਾਂ ਨੂੰ ਇਸ ਰਚਨਾ ਵੱਲ ਵੀ ਦੇਖਣਾ ਚਾਹੀਦਾ ਹੈ ।

ਸੁਰਿੰਦਰ ਸਿੰਘ ਕੋਹਲੀ ਅਤੇ ਜਗਜੀਤ ਸਿੰਘ ਵੱਲੋਂ ਸੰਪਾਦਕ ਕੀਤੀ ਗਈ ਜਨਮਸਾਖੀ ਭਾਈ ਬਾਲਾ ਦੇ ਵਿਚ ਸੂਚਕ ਪ੍ਰਸੰਗ ਗੁਰੂ ਕਾ ਨੂੰ ਪੰਜਾਬ ਸਿੰਘ ਦਾ ਲਿਖਿਆ ਮੰਨਿਆ ਗਿਆ ਹੈ । ਅਤੇ ਇਸਦਾ ਰਚਨਾ ਕਾਲ 1850 ਈਸਵੀ । ਇਸ ਦੇ ਲਈ ਉਹ ਇਕ ਲਿਖਤ ਦਾ ਜ਼ਿਕਰ ਕਰਦੇ ਨੇ ਜੋ ਡਾ ਗੰਡਾ ਸਿੰਘ ਕੋਲ ਸੀ । ਸੁਰਿੰਦਰ ਸਿੰਘ ਕੋਹਲੀ ਅਨੁਸਾਰ ਪੰਜਾਬ ਕੱਟ ਕੇ ਬਹਿਲੋਂ ਲਿਖਿਆ ਗਿਆ ਹੈ ਅੰਤਲੀਆਂ ਸਤਰਾਂ ਦੇ ਵਿਚ । ਪਰ ਇਸ ਬਾਰੇ ਡਾ ਗੰਡਾ ਸਿੰਘ ਨੇ ਕੁਝ ਨਹੀਂ ਲਿਖਿਆ ਅਤੇ ਨਾਲ ਹੀ ਉਹ ਭਾਈ ਬਹਿਲੋ ਵਾਲੀ ਪੁਰਾਤਨ ਪੋਥੀ ਦੀ ਗੱਲ ਕਰਦੇ ਨੇ । ਇਹ ਹੋ ਸਕਦਾ ਹੈ ਕਿ ਪੰਜਾਬ ਸਿੰਘ ਨੇ ਉਸਦਾ ਉਤਾਰਾ ਕੀਤਾ ਹੋਵੇ । ਦੋਨਾਂ ਦੀਆਂ ਲਿਖੀਆਂ ਹੋਈਆਂ ਸਤਰਾਂ ਵੀ ਫ਼ਰਕ ਨਾਲ ਹਨ, ਇਸ ਤੋਂ ਇਹ ਹੀ ਸਿੱਧ ਕੀਤਾ ਜਾ ਸਕਦਾ ਹੈ ਕਿ ਇਹ ਦੋ ਅਲੱਗ-ਅਲੱਗ ਪੁਸਤਕਾਂ ਦੇ ਵਿਚੋਂ ਆਈਆਂ ਹਨ, ਜਾਂ ਫਿਰ ਇਹ ਛਾਪਣ ਵਾਲੇ ਦੀ ਲਾਪਰਵਾਹੀ ਹੈ ।

1.    ਗੁਰੂ ਮੂਰਤ ਬਾਲਾ ਕਰ ਮਾਨਾ । ਪਰਮ ਜੋਤ ਕੇ ਮਾਹੂ ਸਮਾਨਾ ।

ਸਰਧਾ ਪੂਰਨ ਭਵ ਭਵ ਹਰਣੀ ਜਨ ਬਹਲੋ ਇਹੁ ਸੂਚਕ ਬਰਣੀ ।। - The Panjab Past and Present, Vol 3, page 28, 1969

2.    ਗੁਰੁ ਮੂਰਤ ਬਾਲਾ ਕਰ ਮਾਨਾ । ਪ੍ਰਮ ਜੋਤ ਕੇ ਮਾਹ ਸਮਾਨਾ ।।

ਸ਼ਰਧਾ ਪੂਰਨ ਅਰ ਭਵ ਹਰਣੀ । ਜਨ ਪੰਜਾਬ ਇਹ ਸੂਚਕ ਬਰਣੀ ।। - ਜਨਮਸਾਖੀ ਭਾਈ ਬਾਲਾ, ਸੰਪਾਦਕ ਸੁਰਿੰਦਰ ਸਿੰਘ ਕੋਹਲੀ ਜਗਜੀਤ ਸਿੰਘ, ਪੰਨਾ 27, 2010

 

ਸਤਿਗੁਰ ਪ੍ਰਸਾਦਿ

ਸੂਚਕ ਪ੍ਰਸੰਗ ਗੁਰੂ ਕਾ

ਭਾਈ ਬਹਿਲੋ ਜੀ

ਗੁਰ ਅੰਗਦ ਪਹ ਬਾਲਾ ਆਇਆ । ਜਨਮ ਪ੍ਰਸੰਗੁ ਸੁ ਭਾਖ ਸੁਨਾਇਆ ।

ਬਾਲ ਖੇਲ ਪੁਨ ਕਥਾ ਸੁਨਾਈ । ਬਿਦਯਾ ਪੜ੍ਹਨ ਕਥਾ ਪੁਨ ਗਾਈ ।। 1 ।।

ਰਾਇ ਬੁਲਾਰੈ ਪਰਚਾ ਪਾਯੋ । ਤਰ ਛਾਯਾ ਮਾਹਿ ਪੁਨ ਫਨ ਛਾਯੋ ।

ਖੇਤ ਚਰਾ ਗਊ ਫੇਰ ਜਮਾਯਾ । ਬੀਸ ਰੁਪੈਯੇ ਸੌਦੇ ਧਾਯਾ ।। 2 ।।

ਸੰਤ ਰੇਨ ਬਨ ਮਹਿ ਤਬ ਪਾਏ । ਬਾਲੇ ਤੇ ਲੈ ਬੀਸ ਖੁਲਾਏ ।

ਕਾਲੂ ਪਿਤਾ ਬੈਦੁ ਲੈ ਆਇਆ । ਜੈ ਰਾਮੁ ਨਾਨਕੀ ਸੇ ਪ੍ਰਨਾਇਆ ।। 3 ।।

ਗਡਵਾ ਛਾਪ ਸਾਧ ਕੋ ਦਈ । ਗੋਨੇ ਫਿਰ ਬੇਬੇ ਜੀ ਗਈ ।

ਸੁਲਤਾਨਪੁਰ ਨਾਨਕ ਨਿਰੰਕਾਰੀ । ਮੋਦੀ ਖਾਨਾ ਲੀਯੋ ਸੰਭਾਰੀ ।। 4 ।।

ਫੇਰ ਨਾਨਕ ਕੀ ਕੁੜਮਾਈ ਹੋਈ । ਚੜ੍ਹੀ ਜੰਞ ਪ੍ਰਨਾਏ ਸੋਈ ।

ਦੂਲੋ ਦੁਲਹਨ ਦੋਨੋ ਆਏ । ਪੁਰ ਸੁਲਤਾਨੇ ਮਾਹਿ ਰਹਾਏ ।। 5 ।।

ਬੇਈਂ ਮਹਿ ਅਠ ਬਾਸਰ ਰਹੇ । ਖੋਜੇ ਖਾਨ ਸੋ ਪਾਏ ਨਹੇ ।

ਬਹੁਰੋ ਬੈਠੇ ਦੇਖੇ ਨਾਥ । ਅਬਗਤ ਜਾਨ ਨਿਵਾਯੋ ਮਾਥ ।। 6 ।।

ਲੇਖਾ ਕੀਨਾ ਦੇਨਾ ਆਇਆ । ਦੌਲਤ ਖਾਨ ਖੁਦਾਇ ਠਹਰਾਇਆ ।

ਪੰਡਤ ਸੇਤੀ ਚਰਚਾ ਕਰੀ । ਸਾ ਮੇ ਜਾਨਯੋ ਪੂਰਨ ਹਰੀ ।। 7 ।।

ਮੁਲਾਂ ਕੋ ਭੀ ਪਰਚਾ ਦੀਆ । ਮੈਂ ਪਰਮੇਸਰ ਭੂਤ ਨਾ ਬੀਆ ।

ਕਾਜੀ ਖਾਨ ਨਿਮਾਜ ਪਢਾਈ । ਘੋੜੀ ਘੋੜੇ ਤਾਂਹ ਲਖਾਈ ।। 8 ।।

ਤਜ ਗ੍ਰਿਹੁ ਫੇਰ ਭਏ ਨਿਰਬਾਣ । ਮੂਲੇ ਕੀਨੀ ਚਰਚਾ ਆਣ ।

ਮਰਦਾਨਾ ਕਾਲੂ ਪਠਿਓ ਸੁਧਿ ਲੇਨ । ਫਿਰੰਦੇ ਤੇ ਰਬਾਬ ਲਿਯੋ ਸੁਖਦੇਨ ।। 9 ।।

ਚਲਾ ਮਰਦਾਨਾ ਹੋਇ ਉਦਾਸਾ । ਜੈ ਰਾਮਹ ਰਾਖਾ ਦੇਇ ਦਿਲਾਸਾ ।

ਲਾਲੋ ਕੇ ਰਹੇ ਏਮਨਾਬਾਦ । ਭਾਗੂ ਕੋ ਲੀਯੋ ਪ੍ਰਸਾਦ ।। 10 ।।

ਤਾਂ ਕੀ ਲੂਚੀ ਲੋਹੂ ਚੋਆ । ਲਾਲੋ ਰੋਟੀ ਦੁਧ ਬਿਲੋਆ ।

ਤਿਲਵੰਡੀ ਬਾਬਾ ਮਰਦਾਨਾ ਗਏ । ਰਾਇ ਬੁਲਾਰ ਅਤੇ ਪ੍ਰੀਤਮ ਭਏ ।। 11 ।।

ਲਾਲੋ ਤੇ ਹੋ ਬਿਦਾ ਸਿਧਾਯਾ । ਸਿਧੋਂ ਕੀ ਬਸਤੀ ਮਹਿ ਆਯਾ ।

ਮਰਦਾਨਾ ਪੋਟ ਬਾਂਧ ਲੈ ਆਯੋ । ਸਜਣੁ ਠਗੁ ਪੁਨ ਆਨ ਤ੍ਰਾਯੋ । 12

ਇਬਰਾਹੀਮ ਸੋਂ ਚਰਚਾ ਭਈ । ਪਠਾਨ ਕੀ ਪੁਨ ਬੰਦਤ ਪਈ ।

ਪੁਨ ਕਰੋੜੀ ਖਾਂ ਪੈਰੀ ਪਾਇਆ । ਕਰਤਾਰ ਪੁਰ ਆਇਆ ਦਇਆ ।। 13 ।।

ਪੁਨ ਬਨਜਾਰਾ ਬਨ ਮਹਿ ਮਿਲਿਆ । ਸਿਰੀ ਰਾਗ ਕਾ ਸਬਦੁ ਉਚਰਿਆ ।

ਸੁਲਤਾਨ ਭਇਆ ਹੋਲਾਂ ਦੇ ਪੀਰੁ । ਬਿਖੀ ਸਾਧ ਦੋਨੋ ਪਈ ਧੀਰੁ ।। 14 ।।

ਠੱਗੂ ਬਨ ਮੈ ਕੀਯੋ ਨਿਹਾਲ । ਸਿੱਧਮਤਾ ਨਾਨਕ ਮਤਾ ਕੀਯੋ ਦ੍ਯਾਲ ।

ਕਲ੍ਹੀ ਭਲੀ ਭਾਤ ਸਮਝਾਏ । ਭਲੇ ਬੁਰੇ ਉਜਾੜ ਬਸਾਏ ।। 15 ।।

ਸੇਖ ਫਰੀਦ ਦੇ ਪੱਟਣ ਆਯੇ । ਮਰਦਾਨੇ ਕੋ ਬਿਖ ਫਲ ਸੁਧਾ ਖਾਵਾਯੇ ।

ਦੇਸੁ ਕਾਵਰੂ ਜੀਤਾ ਭਾਰੀ । ਕੀਟ ਰਾਜ ਕੀ ਕਥਾ ਉਚਾਰੀ ।। 16 ।।

ਰਾਜੇ ਸਿਵਨਾਭੈ ਪੂਰਨੁ ਪਾਯਾ । ਕੌਡਾ ਰਾਖਸ਼ੁ ਆਨ ਤ੍ਰਾਯਾ ।

ਸਾਲਸ ਰਾਇ ਅਧ੍ਰਕਾ ਤਾਰਾ । ਬਹੁਰੋ ਸਤਿਗੁਰ ਮੱਛੁ ਉਬਾਰਾ ।। 17 ।।

ਕਲ ਬਲਾਇ ਨਾਰਦ ਪੁਨ ਮੇਲਾ । ਪਾਖਰਜ ਝੰਡਾ ਕੀਆ ਸੁਹੇਲਾ ।

ਮਧਰ ਬੈਨ ਰਾਜਾ ਸਿਖੁ ਕੀਆ । ਜਲਚਰ ਕੋ ਪੁਨ ਦਰਸਨੁ ਦੀਆ ।। 18 ।।

ਦੇਵਲੂਤ ਕੋ ਦੀਨਾ ਪਰਚਾ । ਪੁਨ ਬਨਮਾਣੂ ਪਾਯੋ ਦਰਸਾ ।

ਖੁਸੀ ਫੇਰ ਮਰਦਾਨਾ ਕੀਨਾ । ਤਾਹਿ ਦਿਖਾਯੋ ਮੱਕਾ ਮਦੀਨਾ ।। 19 ।।

ਬੇਬੇ ਕੋ ਦਰਸਨੁ ਪੁਨ ਦੀਯੋ । ਏਕ ਪਲਕ ਮੈਂ ਬਿਲਮ ਨ ਕੀਯੋ ।

ਕਮਲ ਨੈਨ ਕੇ ਦੇਸ ਸਿਧਾਏ । ਤਾਂ ਤੇ ਬਹੁ ਸੁਮੇਰ ਚਢਾਏ ।। 20 ।।

ਸਿੱਧਾਂ ਸਿਉ ਤਹਿਂ ਕੀਨੀ ਚਰਟਾ । ਬਹੁਤ ਭਾਂਤ ਦੀਨੀ ਤਹਿ ਪਰਚਾ ।

ਪ੍ਰਹਾਲਦ ਧੰਰੂਹ ਸਚ ਖੰਡਹ ਗਏ । ਦਰਸਨ ਕਰ ਫਿਰ ਆਵਤ ਭਏ ।। 21 ।।

ਸੀਲ ਸੈਨ ਕੋ ਦਰਸਨ ਦੀਨਾ । ਸੁਖ ਚੈਨ ਰਿਖੀ ਆਛਾ ਪੁਨ ਚੀਨਾ ।

ਮ੍ਰਤ ਲੋਕ ਆਇਆ ਗੁਰੁ ਭਾਰਾ । ਮਰਦਾਨੇ ਕਾ ਪੁਨ ਕੀਓ ਉਧਾਰਾ ।। 22 ।।

ਸੇਤ ਬੰਧ ਰਮੇਸਰ ਗਏ । ਗੋਰਖ ਸਿੱਧ ਸਣ ਮਿਲਤੇ ਭਏ ।

ਫੇਰ ਸਜਾਦਾ ਖੁਰਮੇ ਮਾਹੀ । ਗੱਦੀ ਪਤ ਕੀਨੋ ਗੁਰ ਤਾਂਹੀ ।। 23 ।।

ਅਲੀ ਯਾਰ ਨੂੰ ਬਲੀ ਬਨਾਯਾ । ਬਿਮਲ ਜੋਤ ਨੂੰ ਸੁਧੁ ਕਰਾਯਾ ।।

ਮਾਣਕ ਚੰਦ ਕਾਬਲ ਬਿਚ ਤਾਰਾ । ਬਾਲ ਗੁਦਾਂਈ ਟਿੱਲੇ ਬਾਰਾ ।। 24 ।।

ਤਾਂ ਕੇ ਸੰਗ ਚਰਚਾ ਗੁਰ ਕਰੀ । ਤਾ ਨੇ ਜਾਨਾ ਨਾਨਕ ਹਰੀ ।

ਰੰਧਾਵੇ ਗਾਮ ਗੁਰੂ ਦੀ ਆਯਾ । ਮੂਲਾ ਬਸਤ੍ਰ ਲੈ ਕਰ ਧਾਯਾ ।। 25 ।।

ਤਹਾ ਅਜਿੱਤੇ ਜੋਗੁ ਕਮਾਯਾ । ਅਸਟ ਅੰਗ ਕਾ ਭੇਦ ਸੁ ਪਾਯਾ ।

ਸਤਿਗੁਰ ਫੇਰ ਗਏ ਕੁਰਖੇਤ੍ਰ । ਮਾਸ ਪ੍ਰਥਾਇ ਕਰੇ ਪ੍ਰਸਨੋਤਰ ।। 26 ।।

ਬ੍ਰਹਮ ਖਾਂਨ ਲੋਧੀ ਥੀ ਬਾਦਸਾਹੁ । ਤਾਂ ਪਰ ਬਾਬਰੁ ਕਾਨੇ ਸਾਹੁ ।

ਸੇਖੁ ਮਾਲੋ ਤਾਲਬੁ ਕਹਾਵੈ । ਲੈ ਪ੍ਰਚਾ ਸੋ ਲਾਗਾ ਪਾਵੈ ।। 27 ।।

ਉਮਰਾ ਖਾਨੁ ਭੀ ਦਾਸੁ ਬਨਾਯਾ । ਸੈਦ ਜਲਾਲੈ ਪਰਚਾ ਪਾਯਾ ।

ਗੁਰਮੁਖ ਮਨਮੁਖ ਦੋਨੋ ਜਾਨੈ । ਦਸ ਜਹਾਜ ਮੀਹੇ ਤੇ ਮਾਨੈ । 28

ਤਿਲਵੰਡੀ ਲਾਲੂ ਪਹ ਆਏ । ਬਾਲਾ ਗੁਰ ਅੰਗਦ ਪ੍ਰਤ ਗਾਏ ।

ਅਚਲ ਬਟਾਲੇ ਚਰਚਾ ਭਈ । ਸਿਧਨ ਕੀ ਸਕਤੀ ਹਰ ਲਈ ।। 29 ।।

ਐਸਾ ਸਾਹਬੁ ਦੀਨ ਦਯਾਲ । ਗਰਬ ਪ੍ਰਹਾਰੀ ਜਨ ਪ੍ਰਤਪਾਲ ।

ਤੈਨੇ ਕੈਸੇ ਲਯੋ ਰੀਝਾਇ । ਬਾਲਾ ਕਹ, ਗੁਰ ਮੋ ਕੋ ਗਾਇ ।। 30 ।।

ਮਹਾਰਾਜ ਅੰਗਦ ਗੁਰ ਪੂਰਾ । ਬੋਲਤ ਭਯੋ ਜਨਕ ਭਵ ਚੂਰਾ ।

ਘਾਸ ਕੀ ਸਾਖ ਪ੍ਰਿਥਮੈ ਗਾਈ । ਚੂਹੀ ਸਾਖੀ ਬਹੁਰ ਸੁਨਾਈ । 31

ਕਿੱਕਰ ਝੂਣੀ ਮੁਰਦਹ ਕਥਾ । ਕੀਚ ਕਟੋਰੇ ਕੀ ਕਹੀ ਤਥਾ ।

ਸੁਨ ਬਾਲਾ ਮਨ ਭਯੋ ਅਨੰਦ । ਔਰ ਸੁਨੋ ਸਸ ਭਾਨਹ ਨੰਦ ।। 32 ।।

ਰੈਨ ਅਰਧ ਬਾਸਰੁ ਕਰ ਮਾਨਾ । ਧੋਏ ਬਸਨ ਸੁਕਾਏ ਨਾਨਾ ।

ਸ੍ਰੀ ਗੁਰ ਮਹਾਰਾਜਾ ਤਨ ਜਬ ਹੀ । ਮੋ ਪੈ ਖੁਸੀ ਭਈ ਅਤ ਤਬ ਹੀ ।। 33 ।।

ਪੈਸੇ ਪੰਜ ਅਰੁ ਏਕ ਨਲੈਰ । ਧਰ ਸਿਰ ਨਾਯੋ ਮੇਰੇ ਪੈਰ ।

ਅਪਨਾ ਰੂਪ ਮੋਹ ਕੋ ਕੀਨਾ । ਸੁਨ ਭਾਈ ਬਾਲਾ ਪ੍ਰਬੀਨਾ ।। 34 ।।

ਸੁਨ ਕਰ ਬਾਬਾ ਭਯੋ ਪ੍ਰਸੰਨੰ । ਸੀਸ ਨਿਮਾਯੋ ਕਹ ਮੁਖ ਧੰਨੰ ।

ਮਰਦਾਨੇ ਕੋ ਗੁਰ ਦੀਨੋ ਦਾਗ । ਤੈਸੇ ਭੀ ਮੁਝ ਕਰ ਬਡ ਭਾਗ ।। 35 ।।

ਕੋਈ ਦਿਨ ਹੈ ਤੇਰੀ ਔਧ । ਗੁਰੂ ਬਤਾਏ ਅੰਤਰ ਸੋਧ ।

ਬਾਲੇ ਤਜਾ ਕਲੇਵਰ ਤਹਾਂ । ਪੁਰੀ ਖਡੂਰਹ ਪਾਵਨ ਮਹਾਂ ।। 36 ।।

ਭਲੀ ਮਰਜਾਦਾ ਅੰਗਦ ਨਾਥ । ਬਾਲੇ ਕੇ ਕ੍ਰਮ ਕਾਨੇ ਹਾਥ ।

ਸਬਦ ਕਥਾ ਚਰਚਾ ਹਰਿ ਜਨ ਕੀ । ਕਰੀ ਸੁ ਸੇਵ ਬਹੁਤ ਜਲ ਅੰਨ ਕੀ ।। 37 ।।

ਗੁਰੂ ਮੂਰਤ ਬਾਲਾ ਕਰ ਮਾਨਾ । ਪਰਮ ਜੋਤ ਕੇ ਮਾਹੂ ਸਮਾਨਾ ।

ਸਰਧਾ ਪੂਰਨ ਭਵ ਭਵ ਹਰਣੀ । ਜਨ ਬਹਲੋ ਇਹੁ ਸੂਚਕ ਬਰਣੀ ।। 38 ।।



[1] The Panjab Past and Present, Vol 3, 1969

No comments:

Post a Comment

Please note there are couple of articles on different topics on this blog. There are very good chances that what you're going to bring in the comment section has already been discussed. And your comment will not be published if it has the same arguments/thoughts.

Kindly read this page for more information: https://sikhsandsikhi.blogspot.com/p/read-me.html

Or read the footer of any article: 'A request to the readers!'