ਸਮਾਂ ਤਾਂ ਅਜਿਹਾ ਚਲ ਰਿਹਾ ਹੈ ਕਿ ਆਪਾਂ ਦੁਬਿਧਾਵਾਂ ਦੇ ਬਹੁਤ ਨੇੜੇ ਜਾ ਖੜੇ ਹੋਏ ਹਾਂ । ਸਿੱਖਾਂ ਵਿਚ ਸ਼ਾਇਦ ਹੀ ਅਜਿਹਾ ਸਮਾਂ ਆਇਆ ਹੋਵੇ ਜਦੋਂ ਉਨ੍ਹਾਂ ਦੇ ਮਨਾਂ ਦੇ ਵਿਚ ਇੰਨੇ ਜ਼ਿਆਦਾ ਸਵਾਲ ਖੜੇ ਹੋਏ ਹੋਣ । ਹੁਣ ਤਾਂ ਬਹੁਤ ਹੀ ਜਲਦੀ ਆਪਣੀ ਗੱਲ ਦੂਜੇ ਕੋਨੇ ਤੱਕ ਪਹੁੰਚਾਈ ਜਾ ਸਕਦੀ ਹੈ । ਤੇ ਦੂਜੇ ਕੋਨੇ ਤੇ ਬਹੁਤ ਵਾਰੀ ਅਸਿੱਖ ਗੱਲਾਂ ਹੀ ਜਾਂਦੀਆਂ ਨੇ ਜਿਨ੍ਹਾਂ ਦਾ ਦੂਰ-ਦੂਰ ਤੱਕ ਸਿੱਖੀ ਨਾਲ ਕੋਈ ਵਾਸਤਾ ਨਹੀਂ ਹੁੰਦਾ ।
ਇਸਦੇ ਕਈ ਕਾਰਨ ਹਨ । ਪਰ ਇਸਦਾ ਉੱਤਰ ਸਿਰਫ਼ ਇਸ ਗੱਲ ਨਾਲ ਦਿੱਤਾ ਜਾ ਸਕਦਾ ਹੈ ਕਿ ਇਹ ਕਲਜੁਗ ਦਾ ਸਮਾਂ ਹੈ ਤੇ ਨਰਕਾਂ ਨੂੰ ਭਰਨ ਦੀ ਜ਼ਿੰਮੇਵਾਰੀ ਕਲਜੁਗ ਨੇ ਲੈ ਲਈ ਹੈ । ਹੁਣ ਇਸ ਪੰਕਤੀ ਨੂੰ ਲੈ ਕੇ ਹੀ ਕਈਆਂ ਨੇ ਰੌਲਾ ਪਾ ਦੇਣਾ ਕਿ ਨਰਕ ਤਾਂ ਹੁੰਦਾ ਹੀ ਨੀ, ਸਭ ਕੁਝ ਇਥੇ ਹੀ ਆ, ਕਲਜੁਗ ਤਾਂ ਜੀ ਹਿੰਦੂਆਂ ਦਾ ਹੈ । ਸਭ ਤੋਂ ਵੱਧ ਨੁਕਸਾਨ ਸੋਸ਼ਲ ਮੀਡੀਏ ਰਾਹੀਂ ਹੋ ਰਿਹਾ ਹੈ ।
ਤੁਸੀਂ ਚਾਹੇ ਹਰਨੇਕ ਸਿੰਘ ਨੇਕੀ ਦੀ ਗੱਲ ਕਰ ਲਵੋ ਜਾਂ ਫਿਰ ਢੱਡਰੀ ਦੀ, ਧੁੰਦੇ ਦੀ, ਜਾਂ ਹੋਰ ਵੀ ਜੋ ਪ੍ਰਚਾਰਕ ਨੇ ਜਿਨ੍ਹਾਂ ਨੇ ਗੁਰਬਾਣੀ ਦੀ ਕਥਾ ਤਾਂ ਕੀ ਕਰਨੀ ਸੀ ਹੋਰ ਹੀ ਗਲੀਆਂ-ਸੜੀਆਂ ਗੱਲਾਂ ਨੂੰ ਹੀ ਸਿੱਖੀ ਦਾ ਪ੍ਰਚਾਰ ਸਮਝ ਲਿਆ ਹੈ । ਇਕ ਨੇ ਤਾਂ ਇਵੇਂ ਵੀ ਕਹਿ ਦਿੱਤਾ ਸੀ ਕਿ ਮੈਨੂੰ ਨੀ ਪਤਾ ਕਿ ਕੀ ਹੁੰਦਾ ਮਰਨ ਤੋਂ ਬਾਅਦ ਕਿਉਂਕਿ ਮੈਂ ਕਿਹੜਾ ਮਰਿਆ ਹਾਂ । ਉਹ ਸਮਾਂ ਦੂਰ ਨਹੀ ਜਦੋਂ ਇਹ ਵੀ ਕਹਿ ਦਿੱਤਾ ਜਾਵੇਗਾ ਮੈਂ ਕਿਹੜਾ ਰੱਬ ਦੇਖਿਆ, ਫਿਰ ਕਿਵੇਂ ਮੰਨ ਲਵਾਂ ਕਿ ਉਹ ਹੈ ।
ਇਵੇਂ ਹੀ ਸੋਸ਼ਲ ਮੀਡੀਆ ਹੈ ਜਿਥੇ ਹਰ ਕੋਈ ਆਪਣੇ ਆਪ ਨੂੰ ਪ੍ਰਚਾਰਕ ਸਮਝ ਕੇ ਕੁਝ ਵੀ ਲਿਖਦਾ ਰਹਿੰਦਾ ਹੈ । ਮੈਂ ਕੁਝ ਦਿਨਾਂ ਤੋਂ ਬਾਬਾ ਸ਼੍ਰੀ ਚੰਦ ਜੀ ਨਾਲ ਸੰਬੰਧਤ ਇਕ ਪੇਜ ਦੇਖਿਆ ਸੀ ਫੇਸਬੁਕ ਤੇ ਜਿਸ ਵਿਚ ਹਰ ਰੋਜ਼ ਇਸ ਗੱਲ ਦਾ ਹੀ ਜ਼ਿਕਰ ਹੁੰਦਾ ਕਿ ਸਿੱਖ ਦੇਵੀ-ਦੇਵਤਿਆਂ ਦੇ ਵਿਚ ਵਿਸ਼ਵਾਸ ਕਰਦੇ ਨੇ ਅਤੇ ਗੁਰੂਆਂ ਨੇ ਵੀ ਇਹ ਲਿਖਿਆ ਹੈ, ਪਰ ਸਿੰਘ ਸਭਾ ਨੇ ਸਿੱਖੀ ਵਿਰੁੱਧ ਪ੍ਰਚਾਰ ਕਰਕੇ ਇਹ ਸਭ ਵਿਗਾੜ ਦਿੱਤਾ । ਇਸ ਦੇ ਲਈ ਫਿਰ ਉਹ 4-5 ਸ਼ਬਦਾਂ ਦੇ ਵਿਚੋਂ ਸਤਰਾਂ ਲੈ ਕੇ ਆਪਣੀ ਗੱਲ ਰੱਖਦੇ ਨੇ, ਜਿਸ ਬਾਰੇ ਆਪਾਂ ਹੁਣ ਤੱਕ ਕਾਫੀ ਜ਼ਿਕਰ ਕਰ ਚੁੱਕੇ ਹਾਂ ।
ਅੱਜ ਦੇ ਸਮੇਂ ਦੇ ਵਿਚ ਕਈ ਸਿੱਖ ਉਹ ਨੇ ਜੋ ਕਿਤਾਬਾਂ ਪੜ੍ਹ ਕੇ ਜਾਂ ਫਿਰ ਕੁਝ ਅਖੌਤੀ ਪ੍ਰਚਾਰਕਾਂ ਨੂੰ ਸੁਣ ਕੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਨੇ । ਕਿਤਾਬਾਂ ਪੜ੍ਹਨੀਆਂ ਕੋਈ ਗ਼ਲਤ ਗੱਲ ਨਹੀਂ, ਪਰ ਇਹ ਜ਼ਰੂਰ ਦੇਖਣਾ ਚਾਹੀਦਾ ਕਿ ਕੀ ਉਹ ਕਿਤਾਬਾਂ ਗੁਰਮਤਿ ਦੇ ਅਨੁਕੂਲ ਹਨ ਜੇ ਉਨ੍ਹਾਂ ਦਾ ਸਾਡੇ ਤੇ ਪ੍ਰਭਾਵ ਹੈ । ਬਹੁਤੇ ਸਿੱਖ ਗੁਰਬਾਣੀ ਬਹੁਤ ਹੀ ਘੱਟ ਪੜ੍ਹਦੇ ਨੇ ਜਾਂ ਫਿਰ ਬਿਲਕੁਲ ਵੀ ਨੀ ਪੜ੍ਹਦੇ । ਇਹ ਅੰਮ੍ਰਿਤਧਾਰੀਆਂ ਤੇ ਵੀ ਲਾਗੂ ਹੈ । ਕੰਮਾਂ-ਕਾਰਾਂ ਦੇ ਵਿਚ ਹੀ ਇੰਨਾਂ ਜ਼ਿਆਦਾ ਫਸ ਗਏ ਆ ਕਿ ਗੁਰਬਾਣੀ ਪੜ੍ਹਨ ਨੂੰ ਸਮਾਂ ਹੀ ਨੀ ਮਿਲਦਾ । ਜਿਵੇਂ ਇਕ ਸਿੰਘ ਨੇ ਕਥਾ ਕਰਦੇ ਹੋਏ ਕਿਹਾ ਸੀ ਕਿ ਪਹਿਲਾਂ ਬਾਣੀ ਜ਼ਰੂਰੀ ਸੀ, ਫਿਰ ਰੋਟੀ-ਪਾਣੀ ਜੋਗਾ ਕੰਮ ਕਰ ਲਵੇ । ਪਰ ਹੁਣ ਤਾਂ ਬਹੁਤ ਉਲਟ ਹੋ ਰਿਹਾ ਹੈ । ਸਾਰਾ ਸਮਾਂ ਹੀ ਕੰਮ ਵਿਚ ਨਿਕਲ ਜਾਂਦਾ ਤੇ ਬਾਣੀ ਪੜ੍ਹੀ ਨੀ ਜਾਂਦੀ । ਸਾਰੇ ਸਿੱਖਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ।
ਢੱਡਰੀ, ਧੁੰਦੇ, ਅਤੇ ਨੇਕੀ ਨੂੰ ਸੁਣਨ ਵਾਲੀ ਭੀੜ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਸਿੱਖ ਕਿੰਨੇ ਜ਼ਿਆਦਾ ਸਿੱਖੀ ਤੋਂ ਦੂਰ ਹੋ ਗਏ ਨੇ । ਮੈਂ ਭੀੜ ਇਸ ਕਰਕੇ ਕਿਹਾ ਕਿਉਂਕਿ ਜੇ ਸੰਗਤ ਹੁੰਦੀ ਤਾਂ ਉਨ੍ਹਾਂ ਦੀਆਂ ਬੇਤੁਕੀਆਂ ਠੰਢੀਆਂ ਦਲੀਲਾਂ ਨਾ ਸੁਣਦੀ । ਬਸ ਕੰਨਾਂ ਨੂੰ ਨਿੰਦਾ ਸੁਣਨੀ ਪਸੰਦ ਹੈ ਇਸ ਕਰਕੇ ਕਈ ਨੌਜਵਾਨ ਇੰਨਾਂ ਨੂੰ ਸੁਣ ਲੈਂਦੇ ਨੇ । ਇਨ੍ਹਾਂ ਤੋਂ ਇਲਾਵਾ ਸੱਚ ਖੋਜ ਅਕੈਡਮੀ ਵਾਲਾ ਧਰਮ ਸਿੰਘ ਵੀ ਹੈ ਜੋ ਨੌਜਵਾਨਾਂ ਨੂੰ ਪੁੱਠੇ-ਸਿੱਧੇ ਅਰਥ ਕਰਕੇ ਸਿੱਖੀ ਤੋਂ ਦੂਰ ਕਰ ਰਿਹਾ ਹੈ । ਇਨ੍ਹਾਂ ਸਾਰਿਆਂ ਨੂੰ ਸੁਨਣ ਵਾਲੇ, ਜਿਨ੍ਹਾਂ ਦਾ ਆਪਣਾ ਕੋਈ ਜੀਵਨ ਨਹੀਂ ਹੈ, ਉਹ ਸੋਸ਼ਲ ਮੀਡੀਏ ਤੇ ਆ ਕੇ ਲੋਕਾਂ ਨਾਲ ਬਹਿਸਣ ਲੱਗ ਜਾਂਦੇ ਨੇ ।
ਸਵਰਗ-ਨਰਕ, ਦੇਵਤਿਆਂ ਦੀ ਪੂਜਾ, ਪਿਛਲਾ ਜਨਮ, ਧਰਮਰਾਜਾ, 84 ਲੱਖ ਜੂਨ, ਸਿਮਰਨ, ਭਾਵਨਾ, ਸ਼ਰਧਾ, ਪਿਆਰ, ਗੁਰੂ ਤੇ ਪਰਮਾਤਮਾ ਦਾ ਇਕ ਹੋਣਾ, ਗੁਰੂ ਦਾ ਪੂਰਨ ਹੋਣਾ, ਗੁਰੂ ਤੋਂ ਗਿਆਨ ਮਿਲਣਾ, ਗੁਰੂ ਦੀ ਕਿਰਪਾ ਹੋਣੀ, ਭਗਤਾਂ ਦੀ ਬਾਣੀ ਵਿਚ ਨਿਰਾਕਾਰ ਦਾ ਸਰੂਪ, ਪੁਰਾਣੇ ਸਮਿਆਂ ਦੇ ਵਿਚ ਹੋਏ ਲੋਕਾਂ ਬਾਰੇ, ਇਤਿਆਦਿ ਬਹੁਤ ਸਾਰੀਆਂ ਗੱਲਾਂ ਦਾ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਕਰਕੇ ਗਿਆਨ ਹੋ ਜਾਂਦਾ ਹੈ । ਢੱਡਰੀ ਤੇ ਧਰਮ ਸਿੰਘ ਵਰਗੇ ਜੋ ਗਿਆਨ ਨੂੰ ਹੀ ਗੁਰੂ ਮੰਨੀ ਬੈਠੇ ਨੇ ਅਤੇ ਉਹ ਲੋਕ ਜੋ ਇਨ੍ਹਾਂ ਦੀਆਂ ਗੱਲਾਂ ਨੂੰ ਸੱਚ ਮੰਨਦੇ ਨੇ ਉਹ ਸਭ ਸਹਿਜ ਪਾਠ ਕਰਨ ਤੋਂ ਕੋਹਾਂ ਦੂਰ ਨੇ । ਜੇਕਰ ਹਰ ਰੋਜ਼ ਬਾਣੀ ਪੜ੍ਹਦੇ, ਸਮਝਦੇ, ਅਤੇ ਮਨ ਦੇ ਵਿਚ ਵਸਾਉਂਦੇ ਤਾਂ ਇਨ੍ਹਾਂ ਲੋਕਾਂ ਦੇ ਜਾਲ ਦੇ ਵਿਚ ਨਾ ਫਸਦੇ ।
ਹਰ ਇਕ ਸਿੱਖ ਨੂੰ ਆਪਣੇ ਨਿਤਨੇਮ ਤੋਂ ਇਲਾਵਾ ਸਹਿਜ ਪਾਠ ਜ਼ਰੂਰ ਕਰਨਾ ਚਾਹੀਦਾ ਹੈ । ਚਾਹੇ ਉਹ ਮਹੀਨੇ ਦੇ ਵਿਚ ਪੂਰਾ ਹੋਵੇ ਜਾਂ ਫਿਰ ਦੋ ਵਿਚ ਜਾਂ ਜ਼ਿਆਦਾ ਸਮਾਂ ਵੀ ਲੱਗਦਾ ਹੋਵੇ, ਪਰ ਕਰੇ ਜ਼ਰੂਰ । ਜਦੋਂ ਇਕ ਸਹਿਜ ਪਾਠ ਖਤਮ ਹੋ ਜਾਵੇ, ਫਿਰ ਦੂਜਾ ਸ਼ੁਰੂ ਕਰ ਲਵੇ । ਇਸ ਨਾਲ ਇਕ ਤਾਂ ਗੁਰੂ ਨਾਲ ਗੱਲ ਹੋ ਜਾਂਦੀ ਹੈ, ਦੂਜਾ ਗੁਰੂ ਸਾਹਿਬ ਦੱਸ ਕੀ ਰਹੇ ਨੇ ਉਸ ਬਾਰੇ ਪਤਾ ਲੱਗ ਜਾਂਦਾ ਹੈ । ਆਪਾਂ ਕਿੰਨੇ ਕੁ ਅਜਿਹੇ ਸਿੱਖ ਹੋਵਾਂਗੇ ਜੋ ਗੁਰੂ ਨੂੰ ਛੱਡ ਕੇ ਮਨੁੱਖ ਦੀ ਕੀਤੀ ਹੋਈ ਗੱਲ ਮੰਨਦੇ ਹਾਂ ? ਕੀ ਜੋ ਪ੍ਰਚਾਰਕ ਗੁਰਬਾਣੀ ਦੀ ਕਥਾ ਨਹੀਂ ਕਰਦੇ ਉਹ ਲੋਕਾਂ ਨੂੰ ਸਿੱਖੀ ਤੋਂ ਦੂਰ ਨਹੀਂ ਲੈ ਕੇ ਜਾ ਰਹੇ ? ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਤੇ ਗੱਲਾਂ ਇਧਰ-ਉਧਰ ਦੀਆਂ ਮਾਰੀ ਜਾਣੀਆਂ, ਕੀ ਇਹ ਸਿਆਣਪ ਹੈ ? ਕੀ ਇਹ ਸਿੱਖੀ ਅਸੂਲਾਂ ਦੇ ਅਨੁਸਾਰ ਹੈ ? ਕਿੱਥੇ ਸ਼ਬਦ ਦੀ ਕਥਾ ਸੁਨਣੀ ਸੀ ਸਿੱਖ ਨੇ, ਤੇ ਕਿਥੇ ਊਲ-ਜਲੂਲ ਸੁਣ ਕੇ ਆਪਣੇ ਆਪ ਨੂੰ ਸਿੱਖ ਕਹਾਉਂਦੇ ਨੇ ।
ਸ਼ਾਇਦ ਕੁਝ ਕੁ ਲੋਕੀ ਸੋਚਣ ਕਿ ਧਰਮ ਸਿੰਘ ਤਾਂ ਸ਼ਬਦ ਦੀ ਕਥਾ ਕਰਦਾ, ਫਿਰ ਉਹ ਗ਼ਲਤ ਕਿਵੇਂ । ਗ਼ਲਤ ਉਸਦੇ ਅਰਥ ਨੇ । ਜੋ ਵੀ ਉਹ ਗੱਲ ਕਰਦਾ ਸਿੱਖ ਅਸੂਲਾਂ ਵਿਰੁਧ, ਉਸਦਾ ਤੁਹਾਨੂੰ ਖ਼ੁਦ ਬਾਣੀ ਦੀਆਂ ਪੰਕਤੀਆਂ ਪੜ੍ਹ ਕੇ ਪਤਾ ਲੱਗ ਜਾਵੇਗਾ । ਜਿਵੇਂ ਕਿ ਉਹ ਗਿਆਨ ਨੂੰ ਗੁਰੂ ਮੰਨਦਾ, ਢੱਡਰੀ ਦਾ ਵੀ ਇਹੋ ਹਾਲ ਹੈ, ਸ਼ਾਇਦ ਇਕੋ ਥਾਂ ਤੋਂ ਇਨ੍ਹਾਂ ਦੀਆਂ ਤਾਰਾਂ ਖਿੱਚੀਆਂ ਜਾ ਰਹੀਆਂ ਨੇ, ਪਰ ਗੁਰੂ ਸਾਹਿਬਾਨਾਂ ਨੂੰ ਨਹੀ । ਪਰ ਗਿਆਨ ਹੈ ਕੀ ਇਹ ਨੀ ਦੱਸਦੇ । ਨਾਲੇ ਗਿਆਨ ਤਾਂ ਹੋਰ ਧਾਰਮਿਕ ਕਿਤਾਬਾਂ ਦੇ ਵਿਚ ਵੀ ਹੈ, ਫਿਰ ਉਨ੍ਹਾਂ ਨੂੰ ਕਿਉਂ ਨੀ ਮੰਨਦੇ ? ਜੇਕਰ ਕਹਿਣ ਕਿ ਉਹ ਹਮੇਸ਼ਾ ਰੱਬ ਦੀ ਗੱਲ ਨੀ ਕਰਦੇ ਗ੍ਰੰਥ ਇਸ ਕਰਕੇ, ਤਾਂ ਇਹ ਕਿਸਨੇ ਕਿਹਾ ਕਿ ਰੱਬ ਦੀ ਗੱਲ ਕਰਨ ਵਾਲੇ ਗ੍ਰੰਥ ਵਿਚਲਾ ਗਿਆਨ ਹੀ ਗੁਰੂ ਹੈ ? ਜੇਕਰ ਗੁਰੂ ਸਾਹਿਬਾਨਾਂ ਦੀ ਗੱਲ ਕਰਨੀ ਹੈ ਕਿ ਉਨ੍ਹਾਂ ਨੇ ਦੱਸਿਆ ਇਹ ਸਭ ਤਾਂ ਫਿਰ ਉਨ੍ਹਾਂ ਨੂੰ ਤਾਂ ਤੁਸੀਂ ਪਹਿਲਾਂ ਹੀ ਆਮ ਇਨਸਾਨ ਬਣਾ ਲਿਆ ਹੈ । ਹਾਲਾਂਕਿ ਕਈ ਥਾਈਂ ਗੁਰੂ ਸਾਹਿਬਾਨ ਦੇ ਨਾਂ ਨਾਲ ਗੁਰੂ ਲੱਗਿਆ ਹੈ । ਕਈ ਫਿਰ ਗੁਰ, ਗੁਰੂ, ਗੁਰੁ ਨੂੰ ਕਈ ਚੀਜ਼ਾਂ ਦੇ ਵਿਚ ਵੰਡ ਦਿੰਦੇ ਨੇ, ਬਿਨਾਂ ਅਰਥ ਸਮਝੇ । ਜੇਕਰ ਉਹ ਕੁਝ ਹੋਰ ਅਰਥ ਵੀ ਕਰਨ ਤਾਂ ਵੀ ਵਿਆਕਰਣ ਉਨ੍ਹਾਂ ਨੂੰ ਗ਼ਲਤ ਕਰ ਦੇਵੇਗੀ, ਜਿਵੇਂ ਕਈ ਸੰਪਰਦਾਈ ਅਰਥਾਂ ਨੂੰ ਨਹੀਂ ਮੰਨਦੇ ।
ਬਾਣੀ ਦੇ ਵਿਚ ਬਹੁਤ ਕੁਝ ਹੈ । ਲੋੜ ਹੈ ਤਾਂ ਸਮਾਂ ਕੱਢਣ ਦੀ ਤਾਂ ਜੋ ਆਪਾਂ ਸਮਝ ਸਕੀਏ ਕਿ ਸਿੱਖੀ ਹੈ ਕੀ । ਜੇਕਰ ਆਪਾਂ ਬਾਣੀ ਨਹੀਂ ਪੜ੍ਹਾਂਗੇ ਤਾਂ ਫਿਰ ਆਪਾਂ ਓਨੇਂ ਹੀ ਸਿੱਖੀ ਤੋਂ ਦੂਰ ਹੋ ਜਾਵਾਂਗੇ ਜਿੰਨੇ ਅਜਕਲ੍ਹ ਦੇ ਪ੍ਰਚਾਰਕ ਨੇ । ਸਭ ਤੋਂ ਹੈਰਾਨੀ ਵਾਲੀ ਗੱਲ ਤਾਂ ਇਹ ਹੀ ਹੈ ਕਿ ਕਈ ਸਿੱਖਾਂ ਨੂੰ ਪਤਾ ਹੀ ਨਹੀਂ ਕਿ ਸਿੱਖੀ ਕੀ ਹੈ । ਪਹਿਲੇ ਵੀ ਮੈਂ ਇਹ ਲਿਖਿਆ ਸੀ ਕਿ 18ਵੀਂ ਸਦੀ ਦੇ ਵਿਚ ਕਈ ਸਿੱਖਾਂ ਨੇ ਆਪਣੇ ਗ੍ਰੰਥਾਂ ਦੇ ਵਿਚ ਗੁਰਮਤਿ ਦੇ ਅਨੁਕੂਲ ਗੱਲਾਂ ਨਹੀਂ ਲਿਖੀਆਂ । ਕੀ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਇਹ ਗ਼ਲਤ ਨੇ ? ਸ਼ਾਇਦ ਨਹੀਂ ਪਤਾ ਹੋਵੇਗਾ, ਕਿਉਂਕਿ ਜੇ ਪਤਾ ਹੁੰਦਾ ਤਾਂ ਉਹ ਉਹ ਨਾ ਲਿਖਦੇ । ਆਪਾਂ ਹੁਣ ਦੇ ਹਾਲਾਤਾਂ ਬਾਰੇ ਹੀ ਦੇਖ ਸਕਦੇ ਹਾਂ । ਕੀ ਜੋ ਲੋਕ ਅਸਿੱਖ ਗੱਲਾਂ ਕਰਨ ਵਾਲਿਆਂ ਨਾਲ ਜੁੜੇ ਨੇ ਉਨ੍ਹਾਂ ਨੂੰ ਨਹੀਂ ਪਤਾ ਕਿ ਉਸ ਨਿੰਦਾ ਹੀ ਸੁਣ ਰਹੇ ਨੇ ? ਇਹ ਬਿਲਕੁਲ ਉਵੇਂ ਹੀ ਹੈ ਜਿਵੇਂ ਪਹਿਲਾਂ ਦੇ ਸਮੇਂ ਵਿਚ ਹੋਇਆ । ਅੱਜ ਤੋਂ ਸ਼ਾਇਦ ਕੁਝ ਸਮਾਂ ਬਾਅਦ ਸਿੱਖ ਕਹਿਣ ਕਿ 21ਵੀਂ ਸਦੀ ਦੇ ਸ਼ੁਰੂਆਤ ਦੇ ਵਿਚ ਸਿੱਖ ਅਸਿੱਖ ਕਿਵੇਂ ਬਣ ਗਏ ਸਨ । ਇਹ ਸਭ ਸਮੇਂ ਦਾ ਪ੍ਰਭਾਵ ਹੈ ।
ਜੇਕਰ ਤੁਸੀਂ ਸਿੱਖਾਂ ਦੇ ਵਿਚ ਪਏ ਭਰਮ-ਭੁਲੇਖੇ ਸਮਝਣੇ ਨੇ ਤਾਂ ਤੁਹਾਨੂੰ ਇਤਿਹਾਸ ਵਿਚ ਜਾ ਕੇ ਦੇਖਣਾ ਪਵੇਗਾ ਕਿਉਂਕਿ ਇਤਿਹਾਸ ਆਪਾਂ ਨੂੰ ਬਹੁਤ ਕੁਝ ਸਿਖਾਉਂਦਾ । ਇਹ ਇੰਨਾਂ ਕੁ ਅਸਰਦਾਰ ਹੁੰਦਾ ਹੈ ਕਿ ਜੋ ਵੀ ਅਸਿੱਖ ਪ੍ਰਚਾਰਕ ਨੇ, ਮਤਲਬ ਸਿੱਖੀ ਤੋਂ ਦੂਰ ਦੀਆਂ ਗੱਲਾਂ ਕਰਨ ਵਾਲੇ, ਚਾਹੇ ਦਾਹੜੀਆਂ ਦਸਤਾਰਾਂ ਵਾਲੇ ਹੀ ਹੋਣ, ਉਹ ਇਤਿਹਾਸ ਤੋਂ ਮੁਨਕਰ ਨੇ ਅਤੇ ਇਤਿਹਾਸ ਦੇ ਖ਼ਿਲਾਫ਼ ਬੋਲਦੇ ਨੇ । ਕਿੰਨਿਆਂ ਕੁ ਨੂੰ ਸੁਣ ਲਿਆ ਤੁਸੀਂ ਇਨ੍ਹਾਂ ਵਿਚੋਂ ਸੂਰਜ ਪ੍ਰਕਾਸ਼ ਜਾਂ ਹੋਰ ਗ੍ਰੰਥਾਂ ਦੀ ਕਥਾ ਕਰਦੇ ? ਇਹ ਸਿਰਫ਼ ਗੁਰਮਤਿ ਦੇ ਉਲਟ ਗੱਲਾਂ ਹੀ ਕਿਉਂ ਕੱਢਦੇ ਨੇ ਇਨ੍ਹਾਂ ਗ੍ਰੰਥਾਂ ਵਿਚੋਂ ? ਖ਼ੁਦ ਸੋਚੋ ਕਿੰਨਾ ਅਸਰਦਾਰ ਹੋਵੇਗਾ ਇਤਿਹਾਸ ਆਪਣਾ ਕਿ ਇਹ ਲੋਕ ਤੁਹਾਨੂੰ ਤੋੜਨਾ ਚਾਹੁੰਦੇ ਨੇ ਇਸ ਤੋਂ ।
ਚਲੋ ਸੂਰਜ ਪ੍ਰਕਾਸ਼ ਨੂੰ ਛੱਡ ਦੇਵੋ, ਕਿੰਨਿਆਂ ਕੁ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਕਥਾ ਕਰ ਦਿੱਤੀ । ਤੁਹਾਨੂੰ ਨਹੀਂ ਪਸੰਦ ਸੰਪਰਦਾਵਾਂ, ਉਨ੍ਹਾਂ ਦੇ ਅਰਥ, ਉਨ੍ਹਾਂ ਦੇ ਲੋਕ, ਠੀਕ ਹੈ । ਚਲੋ ਤੁਸੀਂ ਕਥਾ ਸ਼ੁਰੂ ਕਰੋ ਫਿਰ । ਸਾਨੂੰ ਜੇਕਰ ਸੰਪਰਦਾਵਾਂ ਨੇ ਗੁਮਰਾਹ ਹੀ ਕੀਤਾ ਹੈ ਤਾਂ ਤੁਸੀਂ ਸਾਨੂੰ ਅਸਲ ਅਰਥ ਦੱਸੋ । ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਨ੍ਹਾਂ ਨੇ ਇਹ ਵੀ ਨੀ ਕਰਨੇ, ਜੇਕਰ ਅਜਿਹਾ ਕੀਤਾ ਤਾਂ ਸਾਰਾ ਦਿਨ ਜਿਸਦਾ ਅਲਾਪ ਕਰਦੇ ਰਹਿੰਦੇ ਨੇ ਉਸ ਤੋਂ ਝੂਠੇ ਪੈ ਜਾਣਗੇ ਕਿਉਂਕਿ ਗੁਰਬਾਣੀ ਨੇ ਸਭ ਕੁਝ ਦੱਸਣਾ ਹੈ । ਸਿਮਰਨ ਕੁਝ ਨਹੀਂ ? ਸੁਖਮਨੀ ਸਾਹਿਬ ਦੀ ਕਥਾ ਕਰਕੇ ਦੱਸੋ ਸਾਨੂੰ । ਮਰਨ ਤੋਂ ਬਾਅਦ ਕੁਝ ਨਹੀਂ ? ਅਲਾਹਣੀਆ ਦੇ ਅਰਥ ਦੱਸੋ ਸਾਨੂੰ ਫਿਰ । ਬਹੁਤ ਬਾਣੀਆਂ ਨੇ । ਜੇਕਰ ਆਪਾਂ ਪੜ੍ਹਾਂਗੇ ਤਾਂ ਹੀ ਸਮਝ ਲੱਗੇਗੀ ਗੱਲ । ਕਿਉਂਕਿ ਇਸ ਨਿੰਦਕ ਟੋਲੇ ਨੇ ਕਦੇ ਕਥਾ ਨਹੀਂ ਕਰਨੀ ।
ਅਤੇ ਆਉਣ ਵਾਲੇ ਸਿੱਖਾਂ ਲਈ ਆਪਾਂ ਕੀ ਦੇ ਕੇ ਜਾਣਾ ਇਹ ਆਪਣੇ ਅੱਜ ਤੇ ਨਿਰਭਰ ਕਰਦਾ । ਜੇ ਆਪਾਂ ਜੱਭਲੀਆਂ ਹੀ ਮਾਰਨੀਆਂ ਤਾਂ ਆਉਣ ਵਾਲੇ ਸਿੱਖ ਵੀ ਉਹੀ ਕਰਨਗੇ । ਜੇਕਰ ਆਪਾਂ ਗੁਰਬਾਣੀ ਨਾਲ ਅਤੇ ਗੁਰ-ਇਤਿਹਾਸ ਨਾਲ ਜੁੜੇ ਰਹੇ ਤਾਂ ਆਉਣ ਵਾਲੇ ਸਿੱਖ ਵੀ ਜੁੜੇ ਰਹਿਣਗੇ । ਸਮਾਂ ਹੈ ਸਮਝਣ ਅਤੇ ਪਰਖਣ ਦਾ । ਐਵੇਂ ਹੀ ਕਿਸੇ ਦੀਆਂ ਗੱਲਾਂ ਦੇ ਵਿਚ ਆ ਕੇ ਸਿੱਖੀ ਤੋਂ ਦੂਰ ਨਾ ਹੋ ਜਾਇਆ ਕਰੋ । ਗੁਰੂ ਤੇ ਭਰੋਸਾ ਰੱਖੋ । ਗੁਰਬਾਣੀ ਪੜ੍ਹੋ । ਫਿਰ ਇਹ ਅਸਿੱਖ ਪ੍ਰਚਾਰਕ ਇਸ ਤਰ੍ਹਾਂ ਰੁੜ ਜਾਣੇ ਆ ਜਿਵੇਂ ਸਮੁੰਦਰ ਦੇ ਨੇੜੇ ਬਣਿਆ ਰੇਤਾ ਦਾ ਛੋਟਾ ਜਾ ਘਰ ਜੋ ਸਮੁੰਦਰ ਦੀ ਛਲ ਨਾਲ ਰੁੜ ਜਾਂਦਾ ।
Dhadrianwale gets so many views on social media and so many people come to listen to him. I don't know how or why this is happening but I don't think the near future looks so bright for us.
ReplyDelete